ਸਾਕਾ ਨੀਲਾ ਤਾਰਾ: ਕੀ ਸਿੱਖ ਅੰਤਰ ਝਾਤ ਮਾਰਨਗੇ?

ਸਾਕਾ ਨੀਲਾ ਤਾਰਾ ਬਾਰੇ ਹੁਣ ਤੱਕ ਬੜਾ ਕੁਝ ਕਿਹਾ ਸੁਣਿਆ ਜਾ ਚੁੱਕਾ ਹੈ। ਵੱਖ ਵੱਖ ਧਿਰਾਂ ਨੇ ਇਸ ਸਾਕੇ ਬਾਰੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ ਹਨ ਪਰ ਇਸ ਸਾਕੇ ਦੇ ਕਈ ਪੱਖਾਂ ਬਾਰੇ ਨਿੱਠ ਕੇ ਚਰਚਾ ਅਜੇ ਤੱਕ ਨਹੀਂ ਹੋ ਸਕੀ ਹੈ। ਹਰਚਰਨ ਸਿੰਘ ਪਰਹਾਰ ਨੇ ਇਸ ਲੇਖ ਵਿਚ ਸਾਕੇ ਦੇ ਵੱਖ-ਵੱਖ ਪੱਖਾਂ ‘ਤੇ ਰੌਸ਼ਨੀ ਪਾਉਂਦਿਆਂ ਸਿੱਖ ਆਗੂਆਂ ਅਤੇ ਵਿਦਵਾਨਾਂ ਲਈ ਬੜੇ ਅਹਿਮ ਸਵਾਲ ਛੱਡੇ ਹਨ।

ਹਰਚਰਨ ਸਿੰਘ ਪ੍ਰਹਾਰ
ਫੋਨ: 403-681-8689

ਜੂਨ, 1984 ਵਿਚ ਵਾਪਰੇ ਇਤਿਹਾਸਕ ਦੁਖਾਂਤ ਬਾਰੇ ਪਿਛਲੇ 37 ਸਾਲਾਂ ਵਿਚ ਸਿੱਖਾਂ ਅਤੇ ਗੈਰ ਸਿੱਖਾਂ ਨੇ ਬਹੁਤ ਕੁਝ ਕਿਹਾ ਅਤੇ ਲਿਖਿਆ ਹੈ। ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪੋ-ਆਪਣੇ ਪੱਖ ਤੋਂ ਵ੍ਹਾਈਟ ਪੇਪਰ ਵੀ ਜਾਰੀ ਕੀਤੇ ਪਰ ਇਸ ਲਿਖਤ ਵਿਚ ਅਸੀਂ ਨਾਮਵਰ ਸਿੱਖ ਵਿਦਵਾਨਾਂ ਦੀਆਂ ਕਿਤਾਬਾਂ ਵਿਚੋਂ ਕੁਝ ਹਵਾਲਿਆਂ ਰਾਹੀਂ ਸਮਝਣ ਦਾ ਯਤਨ ਕਰਾਂਗੇ ਕਿ ਸਿੱਖਾਂ ਦੇ ਲੀਡਰਾਂ ਜਾਂ ਵਿਦਵਾਨਾਂ ਨੇ ਇਸ ਵੱਡੇ ਕੌਮੀ ਦੁਖਾਂਤ ਨੂੰ ਸਹੀ ਪ੍ਰਸੰਗ ਵਿਚ ਸਮਝ ਕੇ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਕੌਮ ਅੱਗੇ ਵਧ ਸਕੇ? ਕੀ ਉਨ੍ਹਾਂ ਇਸ ਕਹੇ ਜਾਂਦੇ ਤੀਜੇ ਘੱਲੂਘਾਰੇ ਤੋਂ ਕੋਈ ਸਬਕ ਸਿੱਖਿਆ ਹੈ? ਬੁੱਧੀਜੀਵੀਆਂ ਅਤੇ ਲੀਡਰਾਂ ਦਾ ਕੰਮ ਇਹੀ ਨਹੀਂ ਹੁੰਦਾ ਕਿ ਉਹ ਅਜਿਹੇ ਘੱਲੂਘਾਰਿਆ ਤੋਂ ਬਾਅਦ ਹਮੇਸ਼ਾਂ ਲਈ ਪੀੜਤ ਧਿਰ ਬਣ ਕੇ ਆਪਣੀ ਸਿਆਸਤ ਕਰਨ ਸਗੋਂ ਉਨ੍ਹਾਂ ਦਾ ਕੰਮ ਹੁੰਦਾ ਹੈ ਕਿ ਅਜਿਹੇ ਘੱਲੂਘਾਰਿਆਂ ਤੋਂ ਸਬਕ ਲੈ ਕੇ ਅੱਗੇ ਵਧਣ, ਅਜਿਹੇ ਯਤਨ ਕਰਨ ਕਿ ਮੁੜ ਅਜਿਹਾ ਕੁਝ ਨਾ ਵਾਪਰੇ। ਇਸ ਲਿਖਤ ਵਿਚ ਸਿੱਖਾਂ ਦੇ ਕੁਝ ਅਜਿਹੇ ਵੱਡੇ-ਵੱਡੇ ਸਤਿਕਾਰਤ ਵਿਦਵਾਨਾਂ ਦੀਆਂ ਲਿਖਤਾਂ ਵਿਚੋਂ ਉਨ੍ਹਾਂ ਦੀ ਮਾਨਿਸਕਤਾ ਅਤੇ ਦੂਰ-ਅੰਦੇਸ਼ੀ ਨੂੰ ਸਮਝਣ ਦਾ ਯਤਨ ਕਰਾਂਗੇ। ਪਾਠਕਾਂ ਨੂੰ ਵੀ ਕਹਾਂਗਾ ਕਿ ਉਹ ਆਪੋ-ਆਪਣੇ ਪਲੈਟਫਾਰਮ ਅਤੇ ਨਜ਼ਰੀਏ ਤੋਂ ਆਪੋ-ਆਪਣੇ ਢੰਗ ਨਾਲ ਸੋਚਣ, ਸਮਝਣ ਤੇ ਕੁਝ ਕਰਨ ਦਾ ਯਤਨ ਕਰਨ?
ਇਸ ਪ੍ਰਸੰਗ ਵਿਚ ਆਪਣੀ ਗੱਲ ਡਾ. ਗੁਰਭਗਤ ਸਿੰਘ ਦੇ ਲੇਖਾਂ ‘ਤੇ ਆਧਾਰਿਤ ਅਜਮੇਰ ਸਿੰਘ ਦੀ ਸੰਪਾਦਤ ਕਿਤਾਬ ‘ਸਿੱਖ ਦ੍ਰਿਸ਼ਟੀ ਦਾ ਗੌਰਵ` ਨਾਲ ਸ਼ੁਰੂ ਕਰਾਂਗੇ ਜਿਨ੍ਹਾਂ ਬਾਰੇ ਅਜਮੇਰ ਸਿੰਘ ਲਿਖਦੇ ਹਨ ਕਿ ਡਾ. ਗੁਰਭਗਤ ਸਿੰਘ ਪ੍ਰਬੁੱਧ ਅਤੇ ਮੌਲਿਕ ਵਿਦਵਾਨ ਸਨ ਜਿਸ ਵਿਚ ਹਰ ਮੁੱਦੇ ਦੀ ਗਹਿਰਾਈ ਵੀ ਹੈ ਤੇ ਮੁੱਦੇ ਦੇ ਹਰ ਨੁਕਤੇ ਤੱਕ ਰਸਾਈ ਵੀ ਹੈ। ਇਸ ਕਿਤਾਬ ਵਿਚ ਡਾ. ਗੁਰਭਗਤ ਸਿੰਘ ਜੂਨ 84 ਦੇ ਘੱਲੂਘਾਰੇ ਬਾਰੇ ਆਪਣੇ ਲੇਖ ‘ਜ਼ਖਮ ਨੂੰ ਸੂਰਜ ਬਣਨ ਦਿਉ` (ਪੰਨਾ 89) ਵਿਚ ਲਿਖਦੇ ਹਨ: ‘ਜੂਨ 84 ਦਾ ਬਲੂ ਸਟਾਰ ਉਪਰੇਸ਼ਨ ਵੱਡਾ ਘੱਲੂਘਾਰਾ ਸੀ। ਇਹ ਅਜਿਹਾ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਨਹੀਂ ਜਾ ਸਕਦਾ। ਇਹ ਪੀੜ ਹੈ, ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਹਟ ਨਹੀਂ ਸਕਦੀ ਪਰ ਜਿਨ੍ਹਾਂ ਕੌਮਾਂ ਦੀ ਸਿਰਜਣਾ ਪਰਮ ਨੈਤਿਕਤਾ ਉਤੇ ਹੋਈ ਹੋਵੇ, … ਉਨ੍ਹਾਂ ਨੂੰ ਵੱਡੇ ਘਾਉ ਸਹਿਣੇ ਪੈਂਦੇ ਹਨ।` ਇਸੇ ਕਿਤਾਬ ਵਿਚ ਇੱਕ ਹੋਰ ਲੇਖ ‘ਜ਼ਖਮ ਨੂੰ ਚੇਤੰਨਤਾ ਬਣਾਉਣ ਦੀ ਲੋੜ` (ਪੰਨਾ 93) ਵਿਚ ਲਿਖਦੇ ਹਨ: ‘ਸਾਡੇ ਸਮਕਾਲੀ ਇਤਿਹਿਾਸ ਵਿਚ ਸਭ ਤੋਂ ਵੱਡਾ ਕੌਮੀ ਜ਼ਖਮ ਹਿਟਲਰ ਵਲੋਂ ਯਹੂਦੀਆਂ ਦਾ ਯੋਜਨਾਬੱਧ ਢੰਗ ਨਾਲ ਕੀਤਾ ਮਹਾਂਨਾਸ਼ ਸੀ ਜਿਸ ਨੂੰ ਉਹ ‘ਹੋਲੋਕੌਸਟ` ਕਹਿੰਦੇ ਹਨ … ਵੀਹਵੀਂ ਸਦੀ ਦੇ ਪਹਿਲੇ ਵੱਡੇ ‘ਮਹਾਂਨਾਸ` ਪਿੱਛੋਂ ਦੂਜਾ ਵੱਡਾ ‘ਮਹਾਂਨਾਸ` ਵੱਡਾ ਕੌਮੀ ਜ਼ਖਮ ‘ਬਲੂ ਸਟਾਰ` ਸੀ। ਇਤਿਹਾਸ ਵਿਚ ਕੋਈ ਵੱਡੀ ਘਟਨਾ ਬਿਨਾਂ ਤਰਕ ਨਹੀਂ ਵਾਪਰਦੀ, ਜੂਨ 84 ਦਾ ਘੱਲੂਘਾਰਾ ਵੀ ਬਿਨਾਂ ਤਰਕ ਤੋਂ ਵਾਪਰਿਆ ‘ਮਹਾਂਨਾਸ` ਨਹੀਂ।` ਇਸੇ ਤਰ੍ਹਾਂ ਡਾ. ਗੁਰਭਗਤ ਸਿੰਘ ਆਪਣੇ ਇੱਕ ਹੋਰ ਲੇਖ ‘ਬਲੂ ਸਟਾਰ ਉਪਰੇਸ਼ਨ ਸਿਰਜਨਾਤਮਿਕ ਸ਼ੋਅਲਾ ਬਣਾਉਣ ਦੀ ਲੋੜ` (ਪੰਨਾ 96) ਵਿਚ ਲਿਖਦੇ ਹਨ: ‘ਬਲੂ ਸਟਾਰ ਉਪਰੇਸ਼ਨ ਨਿਸ਼ੇਧਾਤਮਿਕ ਸਾਕਾ ਸੀ ਜੋ ਵਾਪਰਨਾ ਨਹੀਂ ਚਾਹੀਦਾ ਸੀ ਪਰ ਵਾਪਰ ਗਿਆ। ਇਸ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਇਤਿਹਾਸ ਵਿਚ ਇਸ ਦੀ ਤੁਲਨਾ ‘ਮਹਾਂਨਾਸਾਂ` ਜਾਂ ‘ਹੋਲੋਕੌਸਟ` ਨਾਲ ਹੀ ਕੀਤੀ ਜਾ ਸਕਦੀ ਹੈ।`
ਡਾ. ਗੁਰਭਗਤ ਸਿੰਘ ਵੱਡੇ ਵਿਦਵਾਨ ਸਨ ਤੇ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਤੇ ਉਨ੍ਹਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਬਲੂ ਸਟਾਰ ਉਪਰੇਸ਼ਨ ਨਹੀਂ ਵਾਪਰਨਾ ਚਾਹੀਦਾ ਸੀ ਪਰ ਸੁਆਲ ਤਾਂ ਇਹ ਹੈ ਕਿ ਵਾਪਰਿਆ ਕਿਉਂ? ਉਹ ਆਪ ਹੀ ਕਹਿੰਦੇ ਹਨ ਕਿ ਕੋਈ ਵੀ ‘ਮਹਾਂਨਾਸ` ਤਰਕ ਤੋਂ ਬਿਨਾਂ ਨਹੀਂ ਵਾਪਰਦਾ ਜਦਕਿ ਬਲੂ ਸਟਾਰ ਬਾਰੇ ਅਗਲੇ ਸਫਿਆਂ ‘ਤੇ ਕਹਿੰਦੇ ਹਨ ਕਿ ਇੰਦਰਾ (ਗਾਂਧੀ) ਨੇ ਬਿਨਾਂ ਕਿਸੇ ਕਾਰਨ (ਤਰਕ) ਫੌਜਾਂ ਹਰਿਮੰਦਰ ‘ਤੇ ਚਾੜ੍ਹ ਦਿੱਤੀਆਂ। ਉਹ ਇਸ ਦੁਖਾਂਤ ਦੀ ਤੁਲਨਾ ਹਿਟਲਰ ਦੇ ਯਹੂਦੀਆਂ ਦੇ ਕੀਤੇ ਮਹਾਂਨਾਸ ਨਾਲ ਕਰਦੇ ਹਨ ਪਰ ਕੀ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਨਾ ਸਿਰਫ ਹਿਟਲਰ ਨੇ ਸਿਰਫ 2-3 ਸਾਲਾਂ ਵਿਚ ਬਿਨਾਂ ਕਿਸੇ ਭੜਕਾਹਟ ਦੇ 60 ਲੱਖ ਯਹੂਦੀ ਮਾਰੇ ਸਨ ਸਗੋਂ ਯਹੂਦੀਆਂ ਦਾ ‘ਕਤਲੇਆਮ` ਤਾਂ 2 ਹਜ਼ਾਰ ਸਾਲ ਤੋਂ ਹੋ ਰਿਹਾ ਸੀ ਤੇ ਉਨ੍ਹਾਂ ਨੂੰ ਸਾਰੀ ਦੁਨੀਆ ਵਿਚ ਕਿਤੇ ਢੋਈ ਨਹੀਂ ਸੀ। ਕੀ ਸਾਕਾ ਨੀਲਾ ਤਾਰਾ ਦੀ ਕਿਸੇ ਵੀ ਢੰਗ ਨਾਲ ਯਹੂਦੀਆਂ ਦੇ ਹੋਲੋਕੌਸਟ ਨਾਲ ਤੁਲਨਾ ਕਰਨੀ ਜਾਇਜ਼ ਹੈ?
ਅਜਮੇਰ ਸਿੰਘ ਨੇ ਆਪਣੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ` (ਪੰਨਾ 432) ਵਿਚ ਇਸ ਘਟਨਾ ਬਾਰੇ ‘ਸਿਟੀਜ਼ਨਸ ਫਾਰ ਡੈਮੋਕਰੇਸੀ` ਵਲੋਂ ਜਾਰੀ ਜੂਨ 84 ਬਾਰੇ ‘ਰਿਪੋਰਟ ਟੂ ਨੇਸ਼ਨ: ਉਪਰੇਸ਼ਨ ਇੰਨ ਪੰਜਾਬ` ਕਿਤਾਬਚੇ ਦੇ ਹਵਾਲੇ ਨਾਲ ਇਵੇਂ ਲਿਖਿਆ ਹੈ: ‘ਬਿਨਾਂ ਕਿਸੇ ਭੜਕਾਹਟ ਦੇ ਉਨ੍ਹਾਂ ਨਾਲ ਅਜਿਹਾ ਵਾਪਰਿਆ, ਇਹ ਆਜ਼ਾਦ ਭਾਰਤ ਦਾ ਜੱਲਿਆਂਵਾਲਾ ਬਾਗ ਸੀ ਜੋ ਮੌਤਾਂ ਦੀ ਗਿਣਤੀ ਤੇ ਮਾਰਨ ਦੇ ਢੰਗ ਤਰੀਕਿਆਂ ਪੱਖੋਂ ਅੰਗਰੇਜ਼ਾਂ ਵੇਲੇ ਹੋਏ ਜੱਲਿਆਂਵਾਲਾ ਕਾਂਡ ਨੂੰ ਕਿਤੇ ਪਿਛੇ ਛੱਡ ਗਿਆ।` ਇਸੇ ਤਰ੍ਹਾਂ ਆਪਣੀ ਇੱਕ ਹੋਰ ਕਿਤਾਬ ‘1984: ਅਣਚਿਤਵਿਆ ਕਹਿਰ; ਨਾ ਮੰਨਣਯੋਗ, ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ` (ਮੁਢਲੇ ਸ਼ਬਦ, ਪੰਨਾ ਯੀੀ) ਵਿਚ ਅਜਮੇਰ ਸਿੰਘ ਲਿਖਦੇ ਹਨ: ‘1984 ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁਭਿਆ ਹੋਇਆ ਹੈ। ਸਿੱਖਾਂ ਦਾ ਅਤੀਤ, ਵਰਤਨਮਾਨ ਤੇ ਭਵਿੱਖ, ਸਾਰੇ ‘1984` ਵਿਚ ਸਿਮਟ ਗਏ ਹਨ। ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ, ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ।` ਸ. ਅਜਮੇਰ ਸਿੰਘ ਸਾਡੇ ਨਾਲੋਂ ਬਹੁਤ ਸੀਨੀਅਰ ਹਨ, ਉਨ੍ਹਾਂ ਕੋਲ ਸਿਰਫ ਸਿੱਖ ਲਹਿਰ ਦਾ ਹੀ ਨਹੀਂ, ਭਾਰਤ ਦੀ ਆਜ਼ਾਦੀ ਲਹਿਰ, ਮਾਰਕਸਵਾਦ ਤੇ ਨਕਸਲਵਾੜੀ ਲਹਿਰ ਦਾ ਵੀ ਗੂੜ੍ਹ ਗਿਆਨ ਹੈ। ਸਮਝ ਨਹੀਂ ਲੱਗੀ ਕਿ ਉਹ ਕਿਸ ਆਧਾਰ ‘ਤੇ ਜੂਨ 84 ਦੇ ਦੁਖਾਂਤ ਨੂੰ ਜੱਲ੍ਹਿਆਂਵਾਲਾ ਕਾਂਡ ਨਾਲ ਜੋੜ ਸਕਦੇ ਹਨ? ਜੱਲ੍ਹਿਆਂਵਾਲਾ ਬਾਗ ਵਿਚ ਤਾਂ ਸ਼ਾਂਤਮਈ ਢੰਗ ਨਾਲ ਨਿਹੱਥੇ ਬੈਠੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ ਜਦਕਿ ਦਰਬਾਰ ਸਾਹਿਬ ਅੰਦਰ ਭਾਰਤੀ ਫੌਜ ਦੇ ਜਨਰਲ ਸ਼ੁਬੇਗ ਸਿੰਘ ਦੀ ਕਮਾਂਡ ਅਤੇ 20ਵੀਂ ਸਦੀ ਮਹਾਂਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ (ਅਜਮੇਰ ਸਿੰਘ ਅਨੁਸਾਰ) ਦੀ ਅਗਵਾਈ ਵਿਚ ਵੱਡੇ-ਵੱਡੇ ਹਥਿਆਰਾਂ ਨਾਲ ਲੈਸ ਮਰਜੀਵੜੇ ਭਾਰਤੀ ਫੌਜ ਨਾਲ ਲੜਨ ਲਈ ਕਈ ਮਹੀਨਿਆਂ ਤੋਂ ਮੋਰਚਾਬੰਦੀ ਕਰੀ ਬੈਠੇ ਸਨ। ਉਹ ਮਰਜੀਵੜੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਦਾ ਸ਼ਰੇਆਮ ਦਰਬਾਰ ਸਾਹਿਬ ਅੰਦਰ 25 ਅਪਰੈਲ, 1983 ਨੂੰ ਕਤਲ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਆਪਣੇ ਇੱਕ ਡੀਆਈਜੀ ਦੀ ਲਾਸ਼ ਤਿੰਨ ਘੰਟੇ ਚੁੱਕਣ ਦੀ ਹਿੰਮਤ ਨਹੀਂ ਪਈ ਸੀ। ਜਿਥੇ ਅਕਾਲੀ ਲੀਡਰ ਮਲਿਕ ਸਿੰਘ ਭਾਟੀਆ ਦਾ ਦਰਬਾਰ ਸਾਹਿਬ ਦੇ ਅੰਦਰ ਖਾੜਕੂਆਂ ਨੇ 16 ਅਪਰੈਲ, 1984 ਨੂੰ ਕਤਲ ਕਰ ਦਿੱਤਾ ਸੀ। ‘ਇੰਡੀਆ ਟੁਡੇ` ਦੀ 14 ਜਨਵਰੀ, 1984 ਦੀ ਗੋਬਿੰਦ ਠੁਕਰਾਲ ਦੀ ਰਿਪੋਰਟ ‘ਬੱਬਰ ਖਾਲਸਾ ਲੀਡਰ ਨੇ 35 ਨਿਰੰਕਾਰੀਆਂ ਨੂੰ ਮਾਰਨ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ` ਅਨੁਸਾਰ ਖਾੜਕੂ ਜਥੇਬੰਦੀ ਬੱਬਰ ਖਾਲਸਾ ਦੇ ਮੁਖੀ ਸੁਖਦੇਵ ਸਿੰਘ ਬੱਬਰ ਅਤੇ ਅਨੋਖ ਸਿੰਘ ਬੱਬਰ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਕੁਝ ਮਹੀਨਿਆਂ ਵਿਚ 35 ਨਿਰੰਕਾਰੀਆਂ ਨੂੰ ਮਾਰਨ ਦਾ ਸਿਹਰਾ ਸਾਡੀ ਜਥੇਬੰਦੀ ਨੂੰ ਜਾਂਦਾ ਹੈ ਅਤੇ ਭਿੰਡਰਾਂਵਾਲਾ ਦਰਬਾਰ ਸਾਹਿਬ ਬੈਠਾ ਐਵੇਂ ਹੀਰੋ ਬਣ ਰਿਹਾ ਹੈ। ਅਜਮੇਰ ਸਿੰਘ ਹੋਰਾਂ ਦੀ ਅਗਲੀ ਗੱਲ ਨਾਲ ਵੀ ਅਸੀਂ ਸਹਿਮਤ ਹਾਂ ਕਿ ਜੂਨ 84 ਦਾ ਘੱਲੂਘਾਰਾ ਬਹੁਤ ਵੱਡੀ ਦੁਖਾਂਤਕ ਇਤਿਹਾਸਕ ਘਟਨਾ ਸੀ ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਸਾਡੇ ਇਹ ਮਹਾਂ ਵਿਦਵਾਨ ਇਸ ਦੇ ਕਾਰਨਾਂ ਨੂੰ ਕਿਉਂ ਨਹੀਂ ਵਿਚਾਰਦੇ? ਉਹ ਲੋਕਾਂ ਨੂੰ ਸਿਰਫ ਇੱਕਪਾਸੜ ਸੱਚ ਹੀ ਕਿਉਂ ਦੱਸਦੇ ਹਨ? ਕੀ ਕਦੇ ਇਤਿਹਾਸ ਦੀ ਕਿਸੇ ਮਹਾਨ ਦੁਰਘਟਨਾ ਦਾ ਸਿਰਫ ਇੱਕ ਪਹਿਲੂ ਹੋ ਸਕਦਾ ਹੈ? ਉਹ ਕਿਸ ਆਧਾਰ ‘ਤੇ ਕਹਿੰਦੇ ਹਨ ਕਿ ਬਿਨਾਂ ਭੜਕਾਹਟ ਦੇ ਲੋਕਾਂ ਦਾ ਕਤਲੇਆਮ ਹੋਇਆ?
ਇਸ ਸਬੰਧੀ ਇੱਕ ਹੋਰ ਸਿੱਖ ਵਿਦਵਾਨ ਡਾ. ਸੰਗਤ ਸਿੰਘ ਆਪਣੀ ਕਿਤਾਬ ‘ਇਤਿਹਾਸ ਵਿਚ ਸਿੱਖ` (ਪੰਨਾ 432) ਵਿਚ ਲਿਖਦੇ ਹਨ: ਹੁਣ ਤੱਕ ਸਥਿਤੀ ਤੀਜੀ ਏਜੰਸੀ ਦੇ ਪੂਰੇ ਕੰਟਰੋਲ ਵਿਚ ਆ ਚੁੱਕੀ ਸੀ। ਉਹ ਅਜਿਹੀ ਸਥਿਤੀ ਪੈਦਾ ਕਰ ਰਹੀ ਸੀ ਜਿਸ ਵਿਚ ਬਾਹਰੀ ਕੇਂਦਰੀ ਕਾਰਵਾਈਆਂ ਨਿਆਂ-ਪੂਰਵਕ ਲੱਗਣ। ਉਹ ਟਕਰਾਅ ਪੈਦਾ ਕਰਨ ਲਈ ਕਾਰਸੇਵਾ ਦੇ ਟਰੱਕਾਂ ਰਾਹੀਂ ਲਿਆਂਦੇ ਹਥਿਆਰ ਹਰਿਮੰਦਰ ਸਾਹਿਬ ਵਿਚ ਜਮ੍ਹਾਂ ਕਰ ਰਹੀ ਸੀ (ਉਘੇ ਸਿੱਖ ਵਿਦਵਾਨ ਗੁਰਤੇਜ ਸਿੰਘ ਵੀ ਮੰਨਦੇ ਹਨ ਕਿ ਜਨਰਲ ਜਸਵੰਤ ਸਿੰਘ ਭੁੱਲਰ ਤੇ ਇੱਕ ਹੋਰ ਅਫਸਰ ਉਨ੍ਹਾਂ ਕੋਲ ਆਏ ਸਨ ਕਿ ਸਾਡੇ ਕੋਲ ਹਥਿਆਰਾਂ ਦਾ ਭਰਿਆ ਟਰੱਕ ਹੈ ਤੇ ਸੰਤ ਭਿੰਡਰਾਂਵਾਲੇ ਕੌਮ ਦੀ ਲੜਾਈ ਲੜ ਰਹੇ ਹਨ, ਤੁਸੀਂ ਉਨ੍ਹਾਂ ਦੇ ਖਾਸ ਸਲਾਹਕਾਰ ਹੋ, ਉਹ ਹਥਿਆਰ, ਉਨ੍ਹਾਂ ਤੱਕ ਦਰਬਾਰ ਸਾਹਿਬ ਪਹੁੰਚਾਉ ਤਾਂ ਕਿ ਉਹ ਆਪਣੀ ਲੜਾਈ ਕਾਰਗਰ ਢੰਗ ਨਾਲ ਲੜ ਸਕਣ ਪਰ ਗੁਰਤੇਜ ਸਿੰਘ ਅਨੁਸਾਰ, ਮੈਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿਚ ਲੰਗਰ ਵਾਲੇ ਟਰੱਕਾਂ ਰਾਹੀਂ ਉਹ ਹਥਿਆਰ ਦਰਬਾਰ ਸਾਹਿਬ ਪਹੁੰਚੇ ਸਨ (ਦੇਖੋ ਗੁਰਤੇਜ ਸਿੰਘ ਦੀ ਕਿਤਾਬ: ਵੈਬ ਆਫ ਇੰਡੀਅਨ ਸੈਕੂਲਰਿਜ਼ਿਮ-ਚੱਕਰਵਿਊ, ਪੰਨਾ 49-50)। 15 ਅਪਰੈਲ, 1984 ਨੂੰ ਵਿਉਂਤੇ ਢੰਗ ਨਾਲ 38 ਰੇਲਵੇ ਸਟੇਸ਼ਨਾਂ ਦਾ ਸਾੜਿਆ ਜਾਣਾ ਇਸੇ ਏਜੰਸੀ ਦਾ ਕੰਮ ਸੀ। ਇਸੇ ਤਰ੍ਹਾਂ ਬਹੁਤ ਪ੍ਰਚਾਰੇ ਗਏ ਕਤਲਾਂ ਵਿਚੋਂ ਵੀ ਬਹੁਤ ਸਾਰੇ ਇਸੇ ਸੰਸਥਾ ਦੇ ਕੰਮ ਸਨ। ਵੱਖੋ-ਵੱਖਰੀਆਂ ਜਥੇਬੰਦੀਆਂ ਵਿਚਕਾਰ ਪਰਸਪਰ ਵਿਨਾਸ਼ਕਾਰੀ ਲੜਾਈ, ਭਿੰਡਰਾਂਵਾਲ਼ੇ ਦੇ ਨਜ਼ਦੀਕੀ ਤੇ ਵਿਸ਼ਵਾਸੀ ਸੁਰਿੰਦਰ ਸਿੰਘ ਸੋਢੀ ਦੀ ਜਾਨ ਵੀ ਇਸੇ ਏਜੰਸੀ ਦੀ ਸਾਜ਼ਿਸ਼ ਦਾ ਸਿੱਟਾ ਸੀ।
ਡਾ. ਸੰਗਤ ਸਿੰਘ ਬੜੇ ਉਚ ਕੋਟੀ ਦੇ ਸਿੱਖ ਵਿਦਵਾਨ ਅਤੇ ਭਾਰਤ ਸਰਕਾਰ ਦੀ ਫੌਰਨ ਸਰਵਿਸ ਵਿਚ ਸਾਰੀ ਉਮਰ ਨਹਿਰੂ ਤੋਂ ਇੰਦਰਾ ਤੱਕ ਉਚ ਅਹੁਦਿਆਂ ਤੇ ਰਹੇ। ਉਨ੍ਹਾਂ ਦੀ ਇਸ ਕਿਤਾਬ ਦਾ ਨਿਚੋੜ ਇਹ ਬਣਦਾ ਹੈ ਕਿ ਭਿੰਡਰਾਂਵਾਲਾ, ਦਲ ਖਾਲਸਾ, ਬੱਬਰ ਖਾਲਸਾ ਆਦਿ ਸਭ ਖਾੜਕੂ ਜਥੇਬੰਦੀਆਂ ਅਤੇ ਅਕਾਲੀ ਲੀਡਰ ‘ਥਰਡ ਏਜੰਸੀ` ਦੇ ਮੋਹਰੇ ਸਨ। ਜੇ ਡਾ. ਸੰਗਤ ਸਿੰਘ ਦੀ ਗੱਲ ਠੀਕ ਮੰਨ ਲਈ ਜਾਵੇ ਤਾਂ ਫਿਰ ਅਜਮੇਰ ਸਿੰਘ, ਗੁਰਤੇਜ ਸਿੰਘ, ਪੱਤਰਕਾਰ ਕਰਮਜੀਤ ਸਿੰਘ ਆਦਿ ਵਰਗੇ ਸਿੱਖ ਵਿਦਵਾਨ ਕਿਸ ਆਧਾਰ ‘ਤੇ ਖਾੜਕੂਆਂ ਨੂੰ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਮਹਾਨ ਯੋਧੇ ਮੰਨਦੇ ਹਨ? ਡਾ. ਸੰਗਤ ਸਿੰਘ ਵਲੋਂ ਆਪਣੀ ਇਸ ਕਿਤਾਬ ਵਿਚ ਉਠਾਏ ਸਵਾਲ ਕਿ ਦਰਬਾਰ ਸਾਹਿਬ ਵਿਚ ਹਥਿਆਰ ਸਰਕਾਰ ਦੀ ਥਰਡ ਏਜੰਸੀ ਵਲੋਂ ਸਾਜ਼ਿਸ਼ ਤਹਿਤ ਲੰਗਰ ਦੇ ਟਰੱਕਾਂ ਰਾਹੀਂ ਪਹੁੰਚਾਏ ਗਏ ਤਾਂ ਕਿ ਸਿੱਖਾਂ ਨੂੰ ਜੂਨ 84 ਦੇ ਹਮਲੇ ਰਾਹੀਂ ਸਬਕ ਸਿਖਾਇਆ ਜਾ ਸਕੇ, ? ਜੇ ਉਨ੍ਹਾਂ ਵਰਗੇ ਖੋਜੀ ਇਤਿਹਾਸਕਾਰ ਦੀ ਗੱਲ ਠੀਕ ਮੰਨੀਏ ਤਾਂ ਕੀ ਜਨਰਲ ਸ਼ੁਬੇਗ ਸਿੰਘ ਜਾਂ ਸੰਤ ਭਿੰਡਰਾਂਵਾਲੇ ਸਰਕਾਰ ਦੀ ਇਸ ‘ਥਰਡ ਏਜੰਸੀ` ਦੀ ਸਾਜ਼ਿਸ਼ ਵਿਚ ਸ਼ਾਮਿਲ ਸਨ? ਜਦੋਂ ਅਜਮੇਰ ਸਿੰਘ, ਡਾ. ਅਮਰਜੀਤ ਸਿੰਘ ਵਰਗੇ ਉਚ ਕੋਟੀ ਦੇ ਸਿੱਖ ਵਿਦਵਾਨ ਸੰਤ ਜਰਨੈਲ ਸਿੰਘ ਨੂੰ ਸਿੱਖ ਕੌਮ ਦਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਭ ਤੋਂ ਵੱਡਾ ਮਹਾਂ-ਮਾਨਵ ਮੰਨਦੇ ਹਨ ਜਿਸ ਨੂੰ ਸਿੱਖ ਕੌਮ ਅਜੇ ਤੱਕ ਪਛਾਣ ਨਹੀਂ ਸਕੀ। ਅਜਮੇਰ ਸਿੰਘ ਆਪਣੀ ਇੱਕ ਤਕਰੀਰ ਵਿਚ ਇਥੇ ਤੱਕ ਕਹਿੰਦੇ ਹਨ ਕਿ ਸੰਤ ਜਰਨੈਲ ਸਿੰਘ ਵਰਗੀਆਂ ਇਲਾਹੀ ਰੂਹਾਂ ਨੂੰ ਸਮਝਣ ਲਈ ਕਈ ਸਦੀਆਂ ਲੱਗ ਜਾਂਦੀਆਂ ਹਨ। ਅਜਿਹੀਆਂ ਲਿਖਤਾਂ ਬਾਰੇ ਸਪਸ਼ਟੀਕਰਨ ਤੋਂ ਬਿਨਾਂ ਅਜਮੇਰ ਸਿੰਘ ਵਰਗੇ ਸਿੱਖ ਵਿਦਵਾਨਾਂ ਦਾ ਇੱਕਪਾਸੜ ਦਾਅਵਾ ਕਿ ਸੰਤ ਭਿੰਡਰਾਂਵਾਲਾ, ਬਾਬਾ ਬਹਾਦਰ ਸਿੰਘ ਤੋਂ ਵੀ ਵੱਡਾ ਮਹਾਂਨਾਇਕ ਸੀ, ਕਿਤਨਾ ਕੁ ਜ਼ਾਇਜ ਹੈ? ਫਿਰ ਜੇ ਡਾ. ਸੰਗਤ ਸਿੰਘ ਨੇ ਗਲਤ ਬਿਆਨੀ ਕੀਤੀ ਸੀ ਤਾਂ ਸਿੱਖ ਵਿਦਵਾਨਾਂ ਨੇ ਉਸ ਨੂੰ ਕਿਤਾਬ ਛਪਣ ਤੋਂ ਬਾਅਦ ਸਵਾਲ ਕਿਉਂ ਨਹੀਂ ਕੀਤੇ? ਉਹ ਕਿਤਾਬ ਛਪਣ ਤੋਂ ਬਾਅਦ ਕਈ ਸਾਲ ਜਿਊਂਦਾ ਰਿਹਾ ਅਤੇ ਕਿਤਾਬ ਅਜੇ ਵੀ ਛਪ ਰਹੀ ਹੈ। ਜੇ ਸਰਕਾਰ ਹਮਲੇ ਨੂੰ ਅੰਜਾਮ ਦੇਣ ਲਈ ਹਥਿਆਰ ਭੇਜਦੀ ਸੀ ਤਾਂ ਕੀ ਇਹ ਵਿਦਵਾਨ ਸੰਤਾਂ ਦਾ ਕੋਈ ਅਜਿਹਾ ਬਿਆਨ ਦਿਖਾ ਸਕਦੇ ਹਨ ਜਿਥੇ ਉਨ੍ਹਾਂ ਕਿਹਾ ਹੋਵੇ ਕਿ ਸਾਡੀ ਮਰਜ਼ੀ ਤੋਂ ਬਿਨਾਂ ਸਰਕਾਰ ਅਕਾਲ ਤਖਤ ‘ਤੇ ਹਥਿਆਰ ਪਹੁੰਚਾ ਕੇ ਮੋਰਚਾਬੰਦੀ ਕਰ ਰਹੀ ਹੈ, ਸਰਕਾਰ ਹਮਲਾ ਕਰਨ ਲਈ ਸਾਡੇ ਖਿਲਾਫ ਸਾਜ਼ਿਸ਼ ਕਰ ਰਹੀ ਹੈ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਰ ਕੇ ਹਰਿਮੰਦਰ ਸਾਹਿਬ ਵਿਚ ਖੂਨ-ਖਰਾਬਾ ਹੋਵੇ, ਅਸੀਂ ਦਰਬਾਰ ਵਿਚੋਂ ਬਾਹਰ ਜਾ ਰਹੇ ਹਾਂ।
ਹੁਣ ਸਿੱਖ ਸੰਗਤ ਡਾ. ਸੰਗਤ ਸਿੰਘ ਅਤੇ ਗੁਰਤੇਜ ਸਿੰਘ ਦੀਆਂ ਲਿਖਤਾਂ ਨੂੰ ਸਹੀ ਮੰਨੇ ਜਾਂ ਸੰਤ ਭਿੰਡਰਾਂਵਾਲੇ ਦੀ ਸੋਚ ਦੇ ਵਾਰਿਸਾਂ ਦੀਆਂ ਲਿਖਤਾਂ ਨੂੰ? ਕੀ ਅਸੀਂ ਸੰਗਤ ਸਿੰਘ ਜਾਂ ਗੁਰਤੇਜ ਦੀ ਮੰਨੀਏ ਜਾਂ ਭਾਰਤੀ ਖੁਫੀਆ ਏਜੰਸੀ ਆਈ.ਬੀ. ਅਤੇ ‘ਰਾਅ’ ਦੇ ਦੇਸ਼-ਵਿਦੇਸ਼ ਵਿਚ ਰਹੇ ਚੋਟੀ ਦੇ ਅਫਸਰ ਤੇ ਸਿੱਖ ਹਿਤੈਸ਼ੀ ਜੀ.ਬੀ.ਐਸ. ਸਿੱਧੂ ਦੀ ਮੰਨੀਏ ਜੋ ਕੁਝ ਮਹੀਨੇ ਪਹਿਲਾਂ ਪ੍ਰਕਾਸ਼ਤ ਆਪਣੀ ਨਵੀਂ ਕਿਤਾਬ ‘ਦਿ ਖਾਲਿਸਤਾਨ ਕਾਂਸਪੀਰੇਸੀ` ਵਿਚ ਆਪਣੀ ਨੌਕਰੀ ਦੌਰਾਨ ਅੰਦਰੂਨੀ ਜਾਣਕਾਰੀ ਦੇ ਦਾਅਵਿਆਂ ਦੇ ਆਧਾਰ ‘ਤੇ ਸੰਤ ਭਿੰਡਰਾਂਵਾਲੇ ਨੂੰ 1 ਸਫਦਰਜੰਗ ਰੋਡ ਦਿੱਲੀ (ਪ੍ਰਧਾਨ ਮੰਤਰੀ ਨਿਵਾਸ) ਵਿਚ ਬੈਠੀ ਅਰੁਨ ਨਹਿਰੂ ਜੁੰਡਲੀ ਦੀ ਪੈਦਾਇਸ਼ ਮੰਨਦਾ ਹੈ। ਹੁਣ ਲੋਕ ਅਜਮੇਰ ਸਿੰਘ, ਹਰਿੰਦਰ ਸਿੰਘ ਮਹਿਬੂਬ ਆਦਿ ਦੀ ਮੰਨਣ ਜੋ ਕਹਿ ਰਹੇ ਹਨ ਕਿ ਸਾਕਾ ਨੀਲਾ ਤਾਰਾ ਬ੍ਰਾਹਮਣਾਂ ਦੀ ਸਿੱਖਾਂ ਨਾਲ 5 ਸਦੀਆਂ ਦੇ ਵੈਰ ਦਾ ਨਤੀਜਾ ਸੀ ਜਿਸ ਨੂੰ ਉਨ੍ਹਾਂ ਸੰਤ ਭਿੰਡਰਾਂਵਾਲਿਆਂ ਰਾਹੀਂ ਅੰਜਾਮ ਦਿੱਤਾ ਜਾਂ ਉਨ੍ਹਾਂ ਧਿਰਾਂ ਦਾ ਵੀ ਕੋਈ ਕਸੂਰ ਹੈ ਜਿਨ੍ਹਾਂ ਨੇ ਇਹ ਸਾਜ਼ਿਸ਼ ਸਿਰੇ ਚੜ੍ਹਨ ਦਿੱਤੀ?
ਪੰਜਾਬ ਦੇ ਨਾਮਵਰ ਲੇਖਕ ਜਸਵੰਤ ਸਿੰਘ ਕੰਵਲ ਦੀ ਸਵਾਲਾਂ-ਜਵਾਬਾਂ ‘ਤੇ ਆਧਾਰਿਤ ਕਿਤਾਬ ‘ਪੰਜਾਬ ਦਾ ਹੱਕ ਸੱਚ` (ਪੰਨਾ 199-201) ਦਾ ਇਥੇ ਜ਼ਿਕਰ ਕਰਨਾ ਵਾਜਿਬ ਬਣਦਾ ਹੈ। ਉਹ ਲੋਕਾਂ ਦੇ ਸਵਾਲ ਕਿ ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ ਆਦਿ ਜੂਨ 84 ਤੋਂ ਪਹਿਲਾਂ ਅਕਾਲ ਤਖਤ ਨੂੰ ਬਚਾਉਣ ਲਈ ਅੱਗੇ ਕਿਉਂ ਨਾ ਆਏ ਤਾਂ ਕੰਵਲ ਜਵਾਬ ਦਿੰਦੇ ਹਨ: ‘ਸੰਤ ਭਿੰਡਰਾਂਵਾਲਿਆਂ ਦੀ ਚੜ੍ਹਤ ਨੇ ਇਨ੍ਹਾਂ ਜਥੇਦਾਰਾਂ ਦੀ ਅਣਖ ਤੇ ਹੋਸ਼ ਨੂੰ ਸਹਿਮ ਦੀ ਬਿਮਾਰੀ ਲਗਾ ਦਿੱਤੀ ਸੀ।` ਇੱਕ ਹੋਰ ਸਵਾਲ ਕਿ ਜੇ ਭਿੰਡਰਾਂਵਾਲਾ ਗਲਤ ਸੀ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਉਸ ਖਿਲਾਫ ਹੁਕਮਨਾਮਾ ਕਿਉਂ ਨਾ ਜਾਰੀ ਕੀਤਾ, ਦੇ ਜਵਾਬ ਵਿਚ ਉਹ ਲਿਖਦੇ ਹਨ: ‘ਅਕਾਲ ਤਖਤ ਦੇ ਜਥੇਦਾਰ ਵਿਚ ਭਿੰਡਰਾਂਵਾਲੇ ਅੱਗੇ ਖੜ੍ਹਨ ਦੀ ਜੁਰਅਤ ਨਹੀਂ ਸੀ। ਉਸ ਅੱਗੇ ਸਾਰੀਆਂ ਧਿਰਾਂ ਨਿਸਲੀਆਂ ਹੋ ਚੁੱਕੀਆਂ ਸਨ।` ਸਾਡੇ ਵਿਚ ਇਤਨੀ ਜੁਰਅਤ ਨਹੀਂ ਕਿ ਅਸੀਂ ਕੰਵਲ ਵਰਗੇ ਮਹਾਨ ਲੇਖਕ ਨੂੰ ਕੁਝ ਕਹਿ ਸਕੀਏ, ਗੁਸਤਾਖੀ ਮੁਆਫ, ਕੁਝ ਸਵਾਲ ਤਾਂ ਉਨ੍ਹਾਂ ਨੂੰ ਪੁੱਛਣੇ ਬਣਦੇ ਹਨ: ਕੀ ਕੰਵਲ ਨੂੰ ਪਤਾ ਨਹੀਂ ਸੀ ਕਿ ਜਦੋਂ ਅਕਾਲ ਤਖਤ ਦੇ ਇੱਕ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਨੇ ਭਿੰਡਰਾਂਵਾਲਿਆਂ ਦੇ ਅਕਾਲ ਤਖਤ ‘ਤੇ ਕਾਬਜ਼ ਹੋਣ ਅਤੇ ਹਥਿਆਰ ਜਮ੍ਹਾਂ ਕਰਨ ਦਾ ਜਥੇਦਾਰ ਟੌਹੜਾ ਕੋਲੋਂ ਇਤਰਾਜ਼ ਜਤਾਇਆ ਸੀ ਤਾਂ ਕੁਝ ਦਿਨਾਂ ਬਾਅਦ ਹੀ ਉਸ ਦੀ 10 ਮਈ 1984 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਰ ਤਾਂ ਕੋਈ ਰੂਹਾਨੀ ਸ਼ਕਤੀ ਦਾ ਮਾਲਕ ਹੀ ਸੰਤ ਜੀ ਨੂੰ ਸਵਾਲ ਕਰਦਾ?
ਜਿਥੇ ਅਜਮੇਰ ਸਿੰਘ, ਪੱਤਰਕਾਰ ਕਰਮਜੀਤ ਸਿੰਘ, ਹਰਿੰਦਰ ਸਿੰਘ ਮਹਿਬੂਬ ਵਰਗੇ ਮਹਾਨ ਸਿੱਖ ਚਿੰਤਕ ਸੰਤ ਭਿੰਡਰਾਂਵਾਲਿਆਂ ਨੂੰ ਸਰਬ ਕਲਾ ਸੰਪੂਰਨ ਮਹਾਂ ਨਾਇਕ ਮੰਨਦੇ ਹਨ, ਉਥੇ ਜਸਵੰਤ ਸਿੰਘ ਕੰਵਲ ਆਪਣੀ ਇਸ ਕਿਤਾਬ ਵਿਚ ਲਿਖਦੇ ਹਨ: ‘ਸੰਤ ਸਿੱਖਾਂ ਦੇ ਹਰ ਪੱਖੋਂ ਧਰਮੱਘ (ਵੱਡੇ ਧਰਮੀ) ਸਨ ਪਰ ਰਾਜਸੀ ਸੂਝ ਪੱਖੋਂ ਉਹ ਕੋਰੇ ਸਨ ਜਿਸ ਕਾਰਨ ਸਿੱਖਾਂ ਨੂੰ ਦੋਹਰਾ ਸੰਤਾਪ ਝੱਲਣਾ ਪਿਆ।` ਪਾਠਕ ਆਪ ਹੀ ਸਿਆਣੇ ਹਨ, ਹੁਣ ਇਨ੍ਹਾਂ ਖੋਜੀ ਵਿਦਵਾਨਾਂ ਨੂੰ ਕੀ-ਕੀ ਸਵਾਲ ਕਰੀਏ?
ਪਿਛਲੇ 37 ਸਾਲਾਂ ਵਿਚ ਦੇਸ਼-ਵਿਦੇਸ਼ ਅੰਦਰ ਅਜਿਹਾ ਪ੍ਰਚਾਰ ਤਾਂ ਖੂਬ ਕੀਤਾ ਗਿਆ ਹੈ ਕਿ ਜੂਨ 84 ਦੀਆਂ ਘਟਨਾਵਾਂ ਕਿਵੇਂ ਵਾਪਰੀਆਂ। ਉਨ੍ਹਾਂ ਵਿਚ ਇਨ੍ਹਾਂ ਅਨੁਸਾਰ ਸਿੱਖਾਂ ਦਾ ਕਿਤਨਾ ਨੁਕਸਾਨ ਹੋਇਆ। ਦਰਬਾਰ ਸਾਹਿਬ ਵਿਚ ਬੈਠੇ ਖਾੜਕੂਆਂ ਨੇ ਕਿਵੇਂ ਬਹਾਦਰੀ ਨਾਲ ਲੜਦਿਆਂ ਭਾਰਤੀ ਫੌਜ ਦੇ ਆਹੂ ਲਾਹ ਦਿੱਤੇ। ਕਿਵੇਂ ਫੌਜ ਦੇ ਟੈਂਕ ਪਰਿਕਰਮਾ ਵਿਚ ਹੀ ਨਕਾਰਾ ਕਰ ਦਿੱਤੇ ਗਏ। ਪਰ ਉਹ ਇਹ ਕਦੇ ਨਹੀਂ ਦੱਸਦੇ ਕਿ ਉਸ ਸਮੇਂ ਦੀ ਸਰਕਾਰ ਨੇ ਇਤਨਾ ਵੱਡਾ ਕਦਮ ਕਿਉਂ ਚੁੱਕਿਆ? ਜਦਕਿ ਸਰਕਾਰ ਨੂੰ ਪਤਾ ਸੀ ਕਿ ਫੌਜ ਤੇ ਹੋਰ ਫੋਰਸਾਂ ਵਿਚ ਸਿੱਖਾਂ ਦੀ ਭਾਰੀ ਗਿਣਤੀ ਹੈ? ਸਾਰਾ ਭਾਰਤ ਸਿੱਖਾਂ ਦੀਆਂ ਦੇਸ਼ ਨੂੰ ਆਜ਼ਾਦ ਕਰਾਉਣ ਦੀਆਂ ਕੁਰਬਾਨੀਆਂ ਦਾ ਹੀ ਕਾਇਲ ਨਹੀਂ ਸੀ ਸਗੋਂ ਉਨ੍ਹਾਂ ਦੇ ਮਨਾਂ ਵਿਚ 1965 ਅਤੇ 1971 ਦੀਆਂ ਲੜਾਈਆਂ ਵਿਚ ਸਿੱਖਾਂ ਦੀ ਬਹਾਦਰੀ ਦੀ ਵੀ ਵੱਡੀ ਛਾਪ ਸੀ। ਉਸ ਸਮੇਂ ਦੀ ਸਰਕਾਰ ਵਿਚ ਰਾਸ਼ਟਰਪਤੀ, ਗ੍ਰਹਿ ਮੰਤਰੀ, ਪੰਜਾਬ ਦਾ ਮੁੱਖ ਮੰਤਰੀ, ਫੌਜਾਂ ਦੇ ਜਨਰਲ, ਸੂਬਿਆਂ ਦੇ ਗਵਰਨਰ, ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਸਿੱਖ ਸਨ ਤਾਂ ਸਰਕਾਰ ਦੀ ਅਜਿਹੀ ਕੀ ਮਜਬੂਰੀ ਬਣ ਗਈ ਸੀ ਕਿ ਉਸ ਨੂੰ ਇੱਕ ਛੋਟੀ ਜਿਹੀ ਘੱਟ-ਗਿਣਤੀ ਖਿਲਾਫ ਇਤਨਾ ਮਨਹੂਸ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ? ਇਥੇ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਮੱਕਾ ‘ਤੇ 20 ਨਵਬੰਰ, 1979 ਤੋਂ 4 ਦਸੰਬਰ, 1979 ਤੱਕ ਮੁਸਲਮਾਨਾਂ ਦੇ ਕੱਟੜ ਧਾਰਮਿਕ ਗਰੁੱਪ ‘ਅਲ-ਕਤਾਬੀ ਮੂਵਮੈਂਟ` ਦੇ ਲੀਡਰ ਮੁਹੰਮਦ ਅਬਦੁੱਲਾ ਅਲ-ਖਤਾਨੀ ਵਲੋਂ ਆਪਣੇ 500 ਦੇ ਕਰੀਬ ਹਥਿਆਰਬੰਦ ਸਾਥੀਆਂ ਨਾਲ ਕਬਜ਼ਾ ਕਰਨ ਅਤੇ 50 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੂੰ ਬੰਦੀ ਬਣਾ ਲੈਣ ਦੀ ਘਟਨਾ ਦਾ ਜ਼ਿਕਰ ਕਰਨਾ ਵਾਜਿਬ ਰਹੇਗਾ। ਯਾਦ ਰਹੇ, ਮੁਸਲਮਾਨਾਂ ਦੀ ਧਾਰਮਿਕ ਰਵਾਇਤ ਮੁਤਬਿਕ ਮੱਕੇ ਦੀ ਇਮਾਰਤ ਅੰਦਰ ‘ਖੂਨ ਦਾ ਤੁਬਕਾ ਵੀ ਡਿਗਣਾ` ਅਤੇ ਕਿਸੇ ਗੈਰ ਮੁਸਲਮਾਨ ਦਾ ਮਸਜਿਦ ਅੰਦਰ ਆਉਣਾ ਕੁਫਰ ਮੰਨਿਆ ਜਾਂਦਾ ਹੈ ਪਰ ਮੱਕੇ ਦਾ ਕਬਜ਼ਾ ਅਤੇ ਬੰਦੀ ਲੋਕਾਂ ਨੂੰ ਛੁਡਾਉਣ ਲਈ ਸਾਊਦੀ ਅਰਬ ਦੀ ਮੁਸਲਿਮ ਸਰਕਾਰ ਨੇ ਦੋਹਾਂ ਪਰੰਪਰਾਵਾਂ ਦੀ ਉਲੰਘਣਾ ਕਰ ਕੇ ਨਾ ਸਿਰਫ ਫਰਾਂਸ ਦੇ ਗੋਰੇ ਕਮਾਂਡੋਆਂ ਰਾਹੀਂ ਮੱਕੇ ਦਾ ਕਬਜ਼ਾ ਛੁਡਾਇਆ ਸਗੋਂ ਮੱਕੇ ਅੰਦਰ ਸੈਂਕੜੇ ਸ਼ਰਧਾਲੂਆਂ ਦਾ ਖੂਨ ਵੀ ਡੁੱਲ੍ਹਾ। ਹੁਣ ਉਥੇ ਤਾਂ ਸਾਰੇ ਮਰਨ-ਮਾਰਨ ਵਾਲੇ ਅਤੇ ਸਾਊਦੀ ਸਰਕਾਰ ਵੀ ਮੁਸਲਮਾਨਾਂ ਦੀ ਸੀ, ਫਿਰ ਵੀ ਸਰਕਾਰ ਨੂੰ ਅਜਿਹਾ ਕਦਮ ਚੁੱਕਣਾ ਪਿਆ। ਕੀ ਸਾਡੇ ਵਿਦਵਾਨ ਕਦੇ 84 ਦੀਆਂ ਘਟਨਾਵਾਂ ਨੂੰ ਅਜਿਹੇ ਪੱਖ ਤੋਂ ਵੀ ਕਦੇ ਵਿਚਾਰਨਗੇ?
ਜਦੋਂ ਲੋਕ ਸਿੱਖ ਲੀਡਰਾਂ ਅਤੇ ਵਿਦਵਾਨਾਂ ਨੂੰ ਸਵਾਲ ਕਰਦੇ ਹਨ ਕਿ ਸਰਕਾਰ ਨੇ ਦਰਬਾਰ ‘ਤੇ ਹਮਲਾ ਕਿਉਂ ਕੀਤਾ, ਉਸ ਦੇ ਕੁਝ ਤਾਂ ਕਾਰਨ ਹੋਣਗੇ, ਤਾਂ ਕਿਸੇ ਅਜਿਹੇ ਸਵਾਲਾਂ ਦੇ ਜਵਾਬ ਵਿਚ ਅਜਮੇਰ ਸਿੰਘ ਨੇ ਇੱਕ ਲਾਈਨ ਵਿਚ ਗੱਲ ਮੁਕਾ ਦਿੱਤੀ ਕਿ ‘ਹਿੰਦੂ ਸਰਕਾਰ ਨੇ ਸਿੱਖਾਂ ਨਾਲ 5 ਸਦੀਆਂ ਦਾ ਵੈਰ ਕਮਾਇਆ ਹੈ।` ਇਸੇ ਤਰ੍ਹਾਂ ਸਿੱਖ ਵਿਦਵਾਨ ਹਰਿੰਦਰ ਸਿੰਘ ਮਹਿਬੂਬ ਦੇ ਮਹਾਂ-ਕਾਵਿ ‘ਝਨਾਂ ਦੀ ਰਾਤ` ਵਿਚ ਵੀ ਇਸੇ ਸੋਚ ਦੀ ਤਰਜਮਾਨੀ ਕਰਦੀ ਕਵਿਤਾ ਦੀਆਂ ਚਾਰ ਲਾਈਨਾਂ ਦਰਜ ਹਨ: ਅੱਜ ਤਪਦੀ ਭੱਠੀ ਬਣ ਗਿਆ, ਮੇਰਾ ਸਗਲੇ ਵਾਲਾ ਪੈਰ। ਅੱਜ ਵੈਰੀਆਂ ਕੱਢ ਵਖਾਲਿਆ, ਹਾਇ! ਪੰਜ ਸਦੀਆਂ ਦਾ ਵੈਰ। ਜੇ ਇੰਦਰਾ ਗਾਂਧੀ ਸਰਕਾਰ ਨੇ ਇਹ ਸਭ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਸੀ ਤਾਂ ਕਿ ਸਿੱਖ ਸਦੀਆਂ ਤੱਕ ਇਸ ਮਾਰ ਨੂੰ ਯਾਦ ਰੱਖਣ ਤਾਂ ਫਿਰ ਇੰਦਰਾ ਨੂੰ ਕੀ ਮਜਬੂਰੀ ਸੀ ਕਿ ਉਸ ਨੇ ਇਸ ਹਮਲੇ ਵਿਚ ਅਕਾਲ ਤਖਤ ਅਤੇ ਹੋਰ ਨੁਕਸਾਨੀਆਂ ਇਮਾਰਤਾਂ ਨੂੰ ਕੁਝ ਦਿਨਾਂ ਵਿਚ ਨਵਾਂ ਬਣਾ ਦਿੱਤਾ ਸੀ ਤਾਂ ਕਿ ਸਿੱਖ, ਉਸ ਫੌਜੀ ਹਮਲੇ ਵਿਚ ਹੋਏ ਨੁਕਸਾਨ ਨੂੰ ਦੇਖ ਨਾ ਸਕਣ? ਫਿਰ ਤਾਂ ਉਸ ਨੂੰ ਢੱਠੇ ਹੋਏ ਅਕਾਲ ਤਖਤ ਜਾਂ ਹੋਰ ਗੁਰਦੁਆਰਿਆਂ ਨੂੰ ਸ਼ੀਸ਼ਿਆਂ ਵਿਚ ਮੜ੍ਹਾ ਕੇ ਰੱਖਣਾ ਚਾਹੀਦਾ ਸੀ ਤਾਂ ਕਿ ਸਿੱਖ ਯਾਦ ਰੱਖਣ ਕਿ ਜੇ ਉਨ੍ਹਾਂ ਮੁੜ ਅਜਿਹਾ ਕਾਰਾ ਕੀਤਾ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ? ਕੀ ਸਾਡੇ ਇਹ ਮਹਾਂ ਵਿਦਵਾਨ ਕੁਝ ਕਹਿਣ ਤੋਂ ਪਹਿਲਾਂ ਸੋਚਦੇ ਨਹੀਂ ਕਿ ਤੁਹਾਡੀਆਂ ਕਿਤਾਬਾਂ ਪੜ੍ਹ ਕੇ ਲੋਕ ਤੁਹਾਨੂੰ ਸਵਾਲ ਕਰਨਗੇ? ਤੁਹਾਡੇ ਕੋਲ ਉਸ ਦਾ ਕੀ ਜਵਾਬ ਹੋਵੇਗਾ? ਜੇ ਹਿੰਦੂਆਂ ਦਾ ਸਿੱਖਾਂ ਨਾਲ ਇਤਨਾ ਹੀ ਵੈਰ ਹੁੰਦਾ ਤਾਂ ਹਿੰਦੂਆਂ ਦੇ ਦੇਸ਼ (ਇਨ੍ਹਾਂ ਅਨੁਸਾਰ) ਵਿਚ ਸਿੱਖ ਹੋਰ ਸਾਰੇ ਫਿਰਕਿਆਂ ਨਾਲੋਂ ਵੱਧ ਤਰੱਕੀ ਕਿਵੇਂ ਕਰਦੇ?
ਕੀ ਸਾਡੇ ਵਿਦਵਾਨਾਂ ਨੂੰ ਨਿਰਪੱਖ ਹੋ ਕੇ ਇਸ ਵੱਡੇ ਦੁਖਦਾਈ ਘੱਲੂਘਾਰੇ ਬਾਰੇ ਲੋਕਾਂ ਨੂੰ ਸਾਰੇ ਪੱਖਾਂ ਤੋਂ ਨਹੀਂ ਦੱਸਣਾ ਚਾਹੀਦਾ ਤਾਂ ਕਿ ਭਵਿੱਖ ਵਿਚ ਸਾਨੂੰ ਅਜਿਹੇ ਘੱਲੂਘਾਰਿਆਂ ਦਾ ਦੁਬਾਰਾ ਸਾਹਮਣਾ ਨਾ ਕਰਨਾ ਪਵੇ? ਕੀ ਅਸੀਂ ਕਦੇ ਇਹ ਵਿਚਾਰ ਕਰਾਂਗੇ ਕਿ ਉਸ ਵਕਤ ਅਸੀਂ ਵੀ ਕਿਤੇ ਗਲਤ ਸੀ ਜਾਂ ਸਾਰਾ ਦੋਸ਼ ਵਿਰੋਧੀਆਂ ਤੇ ਸੁੱਟ ਕੇ ਸੁਰਖੁਰੂ ਹੋ ਜਾਵਾਂਗੇ? ਜੂਨ 84 ਤੋਂ ਕੁਝ ਮਹੀਨੇ ਪਹਿਲਾਂ ਬੱਸਾਂ, ਟਰੇਨਾਂ ਵਿਚੋਂ ਲਾਹ ਕੇ ਬੇਗੁਨਾਹ ਲੋਕ ਮਾਰੇ ਜਾ ਰਹੇ ਸਨ, ਪੱਤਰਕਾਰ ਸੁਮੀਤ ਸਿੰਘ ਪ੍ਰੀਤਲੜੀ ਨੂੰ 22 ਫਰਵਰੀ 1984, ਐਮ.ਪੀ. ਵਿਸ਼ਵਨਾਥ ਤਿਵਾੜੀ ਨੂੰ 3 ਮਾਰਚ 1984, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਮਨਚੰਦਾ ਨੂੰ 28 ਮਾਰਚ 1984, ਐਮ.ਐਲ.ਏ. ਹਰਬੰਸ ਲਾਲ ਖੰਨਾ ਨੂੰ 2 ਅਪਰੈਲ 1984, ਪੱਤਰਕਾਰ ਰਮੇਸ਼ ਚੰਦਰ ਨੂੰ 12 ਮਈ 1984, ਆਦਿ ਅਨੇਕਾਂ ਮੁੱਖ ਵਿਅਕਤੀ ਕਤਲ ਹੋ ਰਹੇ ਸਨ। ਇਹ ਸਾਰੇ ਕਤਲ ਉਦੋਂ ਸ਼ੁਰੂ ਹੋਏ ਸਨ, ਜਦੋਂ ਸਰਕਾਰ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਬੈਨ ਕਰ ਦਿੱਤਾ ਸੀ ਤਾਂ ਕੈਨੇਡਾ ਦੀ ਅਖਬਾਰ ‘ਗਲੋਬ ਐਂਡ ਮੇਲ` ਦੀ 5 ਅਪਰੈਲ 1984 ਦੀ ਰਿਪੋਰਟ ‘ਸਿੱਖ ਅੱਤਵਾਦ ਦੇ ਚੱਲਦਿਆਂ ਰਾਜਨੀਤਕ ਲੀਡਰਾਂ ਨੂੰ ਚਿਤਾਵਨੀ` ਅਨੁਸਾਰ ਫੈਡਰੇਸ਼ਨ ਦੇ ਲੀਡਰਾਂ ਹਰਮਿੰਦਰ ਸੰਧੂ, ਵਿਰਸਾ ਵਲਟੋਹਾ ਆਦਿ ਨੇ ਧਮਕੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ ਫੈਡਰੇਸ਼ਨ ‘ਤੇ ਪਾਬੰਦੀ ਨਹੀਂ ਹਟਾਉਂਦੀ, ਉਹ ਰੋਜ਼ਾਨਾ ਇੱਕ ਨਾਮਵਰ ਲੀਡਰ ਮਾਰਨਗੇ। ਉਸ ਸਮੇਂ ਸਭ ਨੂੰ ਸਭ ਕੁਝ ਸਪਸ਼ਟ ਸੀ। ਇਹ ਵਿਦਵਾਨ ਪਤਾ ਨਹੀਂ ਕਿਸ ਆਧਾਰ ‘ਤੇ ਕਹਿ ਰਹੇ ਹਨ ਕਿ ਸਰਕਾਰੀ ਏਜੰਸੀਆਂ ਸਭ ਕੁਝ ਕਰਾ ਰਹੀਆਂ ਸਨ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਰਗੇ ਅਣ-ਵਿਕਸਤ ਦੇਸ਼ ਵਿਚ ਸਿੱਖਾਂ ਸਮੇਤ ਸਭ ਦੀਆਂ ਅਨੇਕਾਂ ਸਮੱਸਿਆਵਾਂ ਹਨ। ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਨਾ ਵੀ ਸਭ ਦਾ ਲੋਕਤੰਤਰੀ ਹੱਕ ਹੈ ਪਰ ਕਿਸੇ ਸਪਸ਼ਟ ਯੁੱਧਨੀਤੀ ਨੂੰ ਧਿਆਨ ਵਿਚ ਰੱਖ ਕੇ ਅਤੇ ਉਸ ਦੇ ਨਿਕਲਣ ਵਾਲੇ ਦੂਰ-ਰਸ ਸਿੱਟਿਆਂ ਦੇ ਲੜਾਈ ਲੜਨੀ ਜਾਂ ਅਕਾਲ ਤਖਤ ਦੀ ਮੋਰਚਾਬੰਦੀ ਕਰਨੀ ਜਾਂ ਆਮ ਲੋਕਾਂ ਦੇ ਅੰਨ੍ਹੇਵਾਹ ਕਤਲ ਕਰ ਕੇ ਭੜਕਾਹਟ ਪੈਦਾ ਕਰਨੀ ਕਿਤਨੀ ਕੁ ਜ਼ਾਇਜ ਸੀ? ਫਿਰ ਜਦੋਂ ਸਰਕਾਰਾਂ ਸੰਘਰਸ਼ਕਾਰੀਆਂ ਦੀ ਹਿੰਸਾ ਨੂੰ ਅੱਤਵਾਦ ਦਾ ਨਾਮ ਦੇ ਕੇ ਜਬਰ ਕਰਦੀਆਂ ਹਨ ਤਾਂ ਸਾਡਾ ਰੌਲਾ ਪਾਉਣਾ ਕਿਤਨਾ ਕੁ ਉਚਿਤ ਰਹਿ ਜਾਂਦਾ ਹੈ? ਜਦੋਂ ਸਿੱਖ ਲੀਡਰਾਂ ਨੇ 1947 ਵਿਚ ਭਾਰਤ ਨਾਲ ਕਿਸਮਤ ਜੋੜਨ ਦਾ ਫੈਸਲਾ ਕਰ ਹੀ ਲਿਆ ਸੀ ਤਾਂ ਕੀ ਉਨ੍ਹਾਂ ਨੂੰ ਜੋ ਕੁਝ ਉਹ ਬਾਅਦ ਵਿਚ ਕਰ ਰਹੇ ਸਨ, ਉਸ ਬਾਰੇ ਪਹਿਲਾਂ ਨਹੀਂ ਸੋਚਣਾ ਚਾਹੀਦਾ ਸੀ? ਸਿੱਖ ਲੀਡਰਾਂ ਦੀ ਮਾਨਸਿਕਤਾ ਬਾਰੇ ਇਥੇ ਇੱਕ ਉਦਾਹਰਨ ਦੇਣੀ ਵਾਜਿਬ ਰਹੇਗੀ। ਇਸ ਬਾਰੇ ਡਾ. ਗੋਪਾਲ ਸਿੰਘ ਦੀ ਕਿਤਾਬ ‘ਏ ਹਿਸਟਰੀ ਆਫ ਸਿੱਖ ਪੀਪਲ` ਵਿਚੋਂ ਹਵਾਲਾ ਦੇਣਾ ਚਾਹੁੰਦਾ ਹਾਂ ਕਿ ਲੇਖਕ ਨੂੰ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ 1947 ਤੋਂ ਕੁਝ ਸਾਲ ਬਾਅਦ ਆਪਣੀ ਰਾਜਨੀਤਕ ਸੋਚ ਦਾ ਇੰਕਸ਼ਾਫ ਇਵੇਂ ਕੀਤਾ ਸੀ: ਜਿੰਨੀ ਦੇਰ ਤੱਕ ਮੈਂ ਆਪਣੇ ਖਾੜਕੂ (ਗਰਮ ਖਿਆਲੀ) ਪੈਰੋਕਾਰਾਂ ਨੂੰ ਕਿਸੇ ਨਾ ਕਿਸੇ ਅੰਦੋਲਨ ਵਿਚ ਨਾ ਉਲਝਾਈ ਰੱਖਾਂ, ਓਨੀ ਦੇਰ ਤੱਕ ਉਹ ਜਾਂ ਤਾਂ ਖਿੰਡ-ਪੁੰਡ ਕੇ ਆਪਸ ਵਿਚ ਲੜਨ ਲੱਗ ਜਾਣਗੇ ਅਤੇ ਜਾਂ ਫਿਰ ਲੀਡਰਸ਼ਿਪ ਦੀ ਕੁਰਸੀ ਖਿੱਚਣ ਲੱਗਣਗੇ। ਸਿੱਖਾਂ ਨੂੰ ਆਪਣੇ ਕੰਟਰੋਲ ਵਿਚ ਰੱਖਣ ਲਈ ‘ਅਫਗਾਨਿਸਤਾਨ ਦੇ ਤਖਤ ਉਤੇ ਬੈਠਣ ਜਿਤਨਾ ਖਤਰਾ ਮੁੱਲ ਲੈਣਾ ਪੈਂਦਾ ਹੈ।
ਜੇ ਮਾਸਟਰ ਤਾਰਾ ਸਿੰਘ ਦੀ ਇਮਾਨਦਾਰੀ ‘ਤੇ ਸ਼ੱਕ ਨਾ ਵੀ ਕਰੀਏ ਤਾਂ ਉਨ੍ਹਾਂ ਦੀਆਂ ਆਪਣੀਆਂ ਲਿਖਤਾਂ ਅਨੁਸਾਰ ਉਹ ਬਾਹਰੋਂ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੇ ਨਾਮ ‘ਤੇ ਮੋਰਚਾ ਲਗਾ ਕੇ ਅੰਦਰੋਂ (ਦਿਲੋਂ) ਸਿੱਖ ਸੂਬਾ ਬਣਾਉਣਾ ਚਾਹੁੰਦੇ ਸਨ ਤਾਂ ਕਿ ਗਰਮ ਖਿਆਲੀ ਸਿੱਖਾਂ ਨੂੰ ਸ਼ਾਂਤ ਕੀਤਾ ਜਾ ਸਕੇ ਪਰ ਉਹ ਕਦੇ ਵੀ ਸਿੱਖ ਸੂਬੇ ਦੇ ਹੱਕ ਵਿਚ ਸਪਸ਼ਟ ਸਟੈਂਡ ਨਹੀਂ ਲੈ ਸਕੇ ਜਿਸ ਕਾਰਨ ਨਾ ਢੰਗ ਦਾ ਪੰਜਾਬੀ ਭਾਸ਼ਾ ਸੂਬਾ ਬਣ ਸਕਿਆ, ਸਿੱਖ ਸੂਬਾ ਤਾਂ ਕੀ ਬਣਨਾ ਸੀ। ਹੁਣ ਦੇ ਲੀਡਰਾਂ ਅਤੇ ਵਿਦਵਾਨਾਂ ਦੀ ਵੀ ਇਹੀ ਸਮੱਸਿਆ ਹੈ ਕਿ ਉਹ ਕਿਸੇ ਵੀ ਪੱਖ ਤੋਂ ਸਪਸ਼ਟ ਨਹੀਂ ਹਨ। ਜਦੋਂ ਦਰਿਆਈ ਪਾਣੀਆਂ ਦੇ ਮਸਲਿਆਂ ਦੇ ਮਾਹਰ ਸ. ਪ੍ਰੀਤਮ ਸਿੰਘ ਕੁਮੇਦਾਨ ਵਰਗੇ ਉਘੇ ਚਿੰਤਕ ਆਪਣੀਆਂ ਲਿਖਤਾਂ ਵਿਚ ਸਵਾਲ ਕਰਦੇ ਹਨ ਕਿ ਸਾਨੂੰ ਦੱਸ ਤਾਂ ਦਿਉ ਤੁਹਾਡਾ ਖਾਲਿਸਤਾਨ ਕਿਥੇ, ਕਿਹੋ ਜਿਹਾ ਹੋਵੇਗਾ ਤਾਂ ਕੋਈ ਜਵਾਬ ਨਹੀਂ ਦਿੰਦਾ। ਸ. ਕੁਮੇਦਾਨ ਅਨੁਸਾਰ ਕੀ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲਿਆਂ ਨੇ ਸੋਚਿਆ ਹੈ ਕਿ ਜੇ ਵਸੋਂ ਦਾ ਤਬਾਦਲਾ ਹੋਇਆ ਤਾਂ ਮੌਜੂਦਾ ਪੰਜਾਬ ਦੇ ਪੱਲੇ ਕੀ ਰਹੇਗਾ? ਸਾਡੇ ਤਾਂ ਤਿੰਨੇ ਦਰਿਆ ਵੀ ਉਨ੍ਹਾਂ ਇਲਾਕਿਆਂ ਵਿਚੋਂ ਹੀ ਲੰਘਦੇ ਹਨ ਜੋ ਭਾਰੀ ਹਿੰਦੂ ਵਸੋਂ ਵਾਲੇ ਹਨ। ਪਰ ਸਾਡੇ ਲੀਡਰ ਅਤੇ ਵਿਦਵਾਨ ਸਿਰਫ ਨਾਅਰੇਬਾਜ਼ੀ ਤੇ ਮਾਅਰਕੇਬਾਜ਼ੀ ਦੀ ਜਜ਼ਬਾਤੀ ਸਿਆਸਤ ਹੀ ਕਰਦੇ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਜੂਨ 1984 ਦੀ ਫੌਜੀ ਕਾਰਵਾਈ ਸਰਕਾਰ ਦੀ ਬੱਜਰ ਗਲਤੀ ਸੀ, ਉਸ ਕੋਲ ਹੋਰ ਵੀ ਰਾਹ ਸਨ, ਫੌਜ ਭੇਜਣ ਵਰਗੀ ਗਲਤੀ ਨਹੀਂ ਕਰਨੀ ਚਾਹੀਦੀ ਸੀ ਪਰ ਕੀ ਉਸ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚਾਉਣ ਵਾਲੀ ਇਸ ਗਲਤੀ ਲਈ ਸਿਰਫ ਸਰਕਾਰ ਹੀ ਜ਼ਿੰਮੇਵਾਰ ਸੀ? ਹੁਣ ਜਦੋਂ ਅਸੀਂ ਜੂਨ 84 ਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਾਨੂੰ ਇਹ ਦੇਖਣ ਦੀ ਥਾਂ ਕਿ ਇਹ ਕਿਵੇਂ ਵਾਪਰੀਆਂ, ਇਹ ਦੇਖਣ ਦੀ ਵੱਧ ਲੋੜ ਹੈ ਕਿ ਕਿਉਂ ਵਾਪਰੀਆਂ ਤਾਂ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕੀਆਂ ਜਾ ਸਕਣ? ਕੀ ਸਿੱਖ ਕੌਮ ਦੇ ਇਹ ਸਿਰਮੌਰ ਵਿਦਵਾਨ ਕਦੇ ਕੌਮ ਨੂੰ ਜਵਾਬਦੇਹ ਹੋਣਗੇ?
ਤੂ ਇਧਰ ਉਧਰ ਕੀ ਬਾਤ ਨਾ ਕਰ ਯੇ ਬਤਾ ਕਿ ਕਾਫਿਲਾ ਕਿਉਂ ਲੁਟਾ,
ਮੁਝੇ ਰਾਹਜਨੋਂ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ।