ਮੇਰੀ ਕਲਮ ਦੀਆਂ ਖੇਡ-ਉਡਾਰੀਆਂ ਦੇ ਰੰਗ

ਇਕਬਾਲ ਸਿੰਘ ਜੱਬੋਵਾਲੀਆ
ਵਿਛੜੇ ਹੋਏ ਦਿਲਾਂ ਨੂੰ
ਮਿਲਾ ਦਿੰਦੀਆਂ ਨੇ ਕਲਮਾਂ।
ਸਰਹੱਦਾਂ ਦੀ ਨਫਰਤ ਨੂੰ
ਮਿਟਾ ਦਿੰਦੀਆਂ ਨੇ ਕਲਮਾਂ।
ਆਪਣੀ ਆਈ ‘ਤੇ ਆ ਜਾਣ
ਜੇ ਜ਼ਮੀਰਾਂ ‘ਇਕਬਾਲ ਸਿੰਹਾਂ’,
ਫਿਰ ਤਖਤੋ ਤਾਜ
ਹਿਲਾ ਦਿੰਦੀਆਂ ਨੇ ਕਲਮਾਂ।

1976-77 ਐਸ. ਐਨ. ਕਾਲਜ ਬੰਗਾ ਤੋਂ ਲਿਖਣਾ ਸ਼ੁਰੂ ਕੀਤਾ ਸੀ। ਨਿਰੰਤਰ ਲਿਖਦਾ ਆ ਰਿਹਾਂ। ਪ੍ਰੈਪ ‘ਚ ਪੜ੍ਹਦਾ ਸਾਂ। ਪੰਜਾਬੀ ਪੜ੍ਹਾਉਂਦੇ ਪੋ੍ਰ. ਸ਼ਮਸ਼ੇਰ ਸਿੰਘ ਸੰਧੂ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਕਲਮ ਚਲਾਉਣੀ ਸ਼ੁਰੂ ਕੀਤੀ। ਮੇਰਾ ਕਲਾਸ-ਮੇਟ ਸ. ਸਤਨਾਮ ਬਾਲੋਂ ਉਸ ਵੇਲੇ ਕਹਾਣੀਆਂ ਤੇ ਗੀਤ ਲਿਖਣ ਦਾ ਸ਼ੌਕੀਨ ਹੁੰਦਾ ਸੀ। ਪੰਤਾਲੀ ਸਾਲਾਂ ਬਾਅਦ ਵੀ ਸਤਨਾਮ ਬਾਲੋਂ ਗੀਤ ਲਿਖ ਰਿਹਾ ਹੈ ਤੇ ਖੁਦ ਗਾ ਵੀ ਵਧੀਆ ਲੈਂਦੈ। ਦੋਸਤ ਦਾ ਵੀ ਅਸਰ ਹੋਇਆ। ਪੋ੍ਰ. ਸ਼ਮਸ਼ੇਰ ਸੰਧੂ ਤੋਂ ਇਲਾਵਾ ਸ. ਅਜੀਤ ਸਿੰਘ ਸਿੱਕਾ, ਸ. ਗੁਰਚਰਨ ਸਿੰਘ ਸਾਕੀ ਤੇ ਪੰਜਾਬੀ ਵਿਭਾਗ ਦੇ ਮੁਖੀ ਮੈਡਮ ਜਸਵੰਤ ਕੌਰ ਹੁੰਦੇ ਸਨ। ਖੇਡਾਂ ਦੇ ਨਾਲ ਨਾਲ ਪੰਜਾਬੀ ਸਾਹਿਤ ਵਿਚ ਮੇਰੀ ਦਿਲਚਸਪੀ ਕਰਕੇ ਕਾਲਜ ਦੇ ਸਾਲਾਨਾ ਮੈਗਜ਼ੀਨ ਵਿਚ ਮੇਰੀ ਕੋਈ ਨਾ ਕੋਈ ਇਨਕਲਾਬੀ ਕਹਾਣੀ ਜਾਂ ਵਿਅੰਗ ਛਪ ਜਾਂਦਾ।
ਮੇਰੇ ਪਿਤਾ ਜੀ ਨੂੰ ਪਹਿਲਵਾਨੀ ਦਾ ਸ਼ੌਕ ਸੀ। ਮੇਰੇ ਪਿੰਡ ਦੇ ਪਹਿਲਵਾਨਾਂ ਸ. ਦਰਸ਼ਨ ਸਿੰਘ ਤੇ ਸ. ਬਲਵੀਰ ਸਿੰਘ ਫੌਜੀ ਕੋਲ ਵੱਡੇ ਮੱਲਾਂ ਦਾ ਆਉਣਾ-ਜਾਣਾ ਸੀ। ਸਾਡੇ ਘਰ ਵੀ ਰਾਮਾ ਖੇਲਾ ਵਾਲਾ ਸਰਬਣ ਧੋਬੀ ਪਹਿਲਵਾਨ ਅਤੇ ਸੋਢੀਆਂ ਵਾਲਾ ਰਾਣਾ ਪਹਿਲਵਾਨ ਕਦੇ-ਕਦਾਈਂ ਆ ਜਾਂਦੇ। ਮੈਂ ਉਦੋਂ ਛੋਟਾ ਹੁੰਦਾ ਸਾਂ। ਪਹਿਲਵਾਨਾਂ ਦੀਆਂ ਗੱਲਾਂ ਸੁਣਨ ਲਈ ਮੈਂ ਵੀ ਉਨ੍ਹਾਂ ਕੋਲ ਜਾ ਬਹਿੰਦਾ। ਵੱਡਾ ਭਾਈ ਹੈਡਮਾਸਟਰ ਗਿਆਨ ਸਿੰਘ ਉਸ ਵੇਲੇ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਅਤੇ ਯੂਨੀਵਰਸਿਟੀ ਦਾ ਅਥਲੀਟ ਤੇ ਫੁੱਟਬਾਲ ਖਿਡਾਰੀ ਹੁੰਦਾ ਸੀ। ਘਰ ਦੇ ਅਜਿਹੇ ਮਾਹੌਲ ਕਰਕੇ ਖੇਡਾਂ ਵੱਲ ਪ੍ਰੇਰਿਤ ਹੋਣਾ ਮੇਰਾ ਕੁਦਰਤੀ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗਰਾਊਂਡ ਮੈਨੂੰ ਮੁਆਫਿਕ ਨਹੀਂ ਸੀ। ਜਦੋਂ ਵੀ ਗਰਾਊਂਡ ਜਾਂਦਾ, ਮੇਰੇ ਸੱਟ ਲੱਗ ਜਾਣੀ। ਪਰਮਾਤਮਾ ਜਿਥੇ ਰੱਖੇ, ਉਥੇ ਰਹਿਣਾ ਪੈਂਦਾ। ਇਹ ਮੈਂ ਖੁਦ ਜਿ਼ੰਦਗੀ ਦਾ ਅਨੁਭਵ ਕੀਤਾ। ਬੰਗਾ ਕਾਲਜ ਪੜ੍ਹਦੇ ਦੋ ਵਾਰ ਗਰਾਊਂਡ ਵਿਚ ਵੀ ਸੱਟ ਲੱਗੀ। ਖੇਡ ਵਿਭਾਗ ਵਿਚ ਫਰਾਲੇ ਵਾਲੇ ਸ. ਸਲਵਿੰਦਰਪਾਲ ਸਿੰਘ ਡੀ. ਪੀ. ਈ. ਅਤੇ ਸ. ਸਤਵੀਰ ਸਿੰਘ ਬੈਂਸ ਅਥਲੈਟਿਕਸ ਦੇ ਕੋਚ ਹੁੰਦੇ ਸਨ। ਜੋ ਕੁਝ ਮੈਂ ਨਹੀਂ ਕਰ ਸਕਿਆ, ਉਹ ਹੁਣ ਮੈਂ ਕਲਮ ਨਾਲ ਕਰ ਰਿਹਾਂ। ਮੇਰਾ ਵੱਡਾ ਭਾਈ ਤੇ ਪਿਤਾ ਮੈਨੂੰ ਇਕ ਤਕੜੇ ਸਪੋਰਟਸਮੈਨ/ਪਹਿਲਵਾਨ ਦੇ ਰੂਪ ਵਿਚ ਵੇਖਣਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਖਾਹਿਸ਼ ਪੂਰੀ ਨਾ ਕਰ ਸਕਿਆ। ਹੁਣ ਮੇਰੀਆਂ ਨਜ਼ਰਾਂ ਕਿਸੇ ਗਰੀਬ ਦੇ ਹੋਣਹਾਰ ਪੁੱਤ ਨੂੰ ਤਕੜਾ ਖਿਡਾਰੀ ਬਣਾ ਕੇ ਮਨ ਦੀਆਂ ਰੀਝਾਂ ਪੂਰੀਆਂ ਕਰਨ ਵੱਲ ਹਨ, ਕਿਉਂਕਿ ਜਿ਼ਆਦਾਤਰ ਖਿਡਾਰੀ ਗਰੀਬ ਪਰਿਵਾਰਾਂ ‘ਚੋਂ ਹੀ ਉਠਦੇ ਹਨ।
ਮੈਂ 1984 ‘ਚ ਅਮਰੀਕਾ ਆ ਪਹੁੰਚਿਆ। ਇਹ ਉਹੀ ਦਿਨ ਸਨ, ਜਦੋਂ ਭਾਰਤੀ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਸੀ। ਅਮਰੀਕਾ ਪਹੁੰਚ ਕੇ ਵੀ ਮੇਰਾ ਲਿਖਣ ਦਾ ਸ਼ੌਕ ਨਾ ਰੁਕਿਆ। ਪਹਿਲਵਾਨਾਂ, ਖਿਡਾਰੀਆਂ, ਗੀਤਕਾਰਾਂ, ਕਲਾਕਾਰਾਂ ਬਾਰੇ ਖੂਬ ਲਿਖਿਆ। ਕਹਾਣੀਆਂ, ਸਮਾਜਿਕ ਤਰੁਟੀਆਂ ਤੇ ਅੱਖਾਂ ਮੂਹਰੇ ਵਾਪਰੇ ਵਰਤਾਰੇ ਪੇਸ਼ ਕੀਤੇ। ਕੰਮ ਦੇ ਨਾਲ ਨਾਲ ਲਿਖਦਾ ਵੀ ਰਿਹਾ। ਫਿਰ ਜਿ਼ਆਦਾ ਝੁਕਾਅ ਖਿਡਾਰੀਆਂ, ਪਹਿਲਵਾਨਾਂ ਵੱਲ ਹੋ ਗਿਆ, ਜਿਸ ਨੂੰ ਖੇਡ ਪ੍ਰੇਮੀਆਂ ਨੇ ਵੱਡਾ ਹੁੰਗਾਰਾ ਦਿੱਤਾ। ਫਿਰ ਤਾਂ ਚੱਲ ਸੋ ਚੱਲ ਹੁੰਦੀ ਗਈ। ਪਿੰਡਾਂ ਦੇ ਖੇਡ ਮੇਲਿਆਂ ਤੋਂ ਓਲੰਪਿਕਸ ਤੱਕ ਦੇ ਖਿਡਾਰੀਆਂ, ਪਹਿਲਵਾਨਾਂ ਦੇ ਜੀਵਨ ਬਾਰੇ ਲਿਖਿਆ। ਸੱਚ ਪਰੋਸਦਿਆਂ ਕਈ ਤਰ੍ਹਾਂ ਦੇ ਕੌੜੇ-ਮਿੱਠੇ ਤਜ਼ਰਬੇ ਵੀ ਹੋਏ। ਕਈ ਵਾਰ ਨਾਰਾਜ਼ਗੀ ਵੀ ਝੱਲਣੀ ਪਈ। ਮੈਂ ਖੁਦ ਨੂੰ ਭਾਗਾਂ ਵਾਲਾ ਸਮਝਦਾਂ ਕਿ ਭਾਰਤ ਦੇ ਵੱਡੇ ਵੱਡੇ ਮੱਲਾਂ, ਕਬੱਡੀ ਦੇ ਧਨੰਤਰ ਖਿਡਾਰੀਆਂ, ਵੇਟ-ਲਿਫਟਰਾਂ, ਪਾਵਰ-ਲਿਫਟਰਾਂ, ਫੁੱਟਬਾਲ ਖਿਡਾਰੀਆਂ, ਹਾਕੀ ਖਿਡਾਰੀਆਂ, ਅਥਲੀਟਾਂ ਤੇ ਹੋਰ ਖਿਡਾਰੀਆਂ ਨਾਲ ਵਧੀਆ ਰਿਸ਼ਤੇ-ਨਾਤੇ ਬਣੇ। ਵਿਸ਼ਾਲ ਦਾਇਰੇ ‘ਚ ਅਜ਼ੀਜ਼ ਮਿੱਤਰ ਬਣੇ; ਜ਼ਰੀਆ ਕਲਮ ਹੈ।
ਸੱਤ ਸਾਲਾਂ ਬਾਅਦ ਯਾਨਿ 1991 ’ਚ ਅਮਰੀਕਾ ਤੋਂ ਪੰਜਾਬ ਗਿਆ ਸਾਂ। ਪੰਜਾਬ ਦੇ ਹਾਲਾਤ ਚੰਗੇ ਨਹੀਂ ਸਨ। ਕਾਲੇ ਦਿਨਾਂ ਦਾ ਦੌਰ ਹੋਣ ਦੇ ਬਾਵਜੂਦ ਆਪਣੇ ਪੰਜਾਬ ‘ਚ ਘੁੰਮਣ ਦਾ ਨਜ਼ਾਰਾ ਵੱਖਰਾ ਸੀ। ਮਾਹਿਲ-ਗਹਿਲਾਂ ਦੇ ਹਾਈ ਸਕੂਲ ਦੇ ਮੇਰੇ ਅਧਿਆਪਕ ਅਤੇ ਵੱਡੇ ਭਾਅ ਜੀ ਦੇ ਨਿੱਘੇ ਮਿੱਤਰ ਮਾਸਟਰ ਮੋਹਣ ਸਿੰਘ ਨੂੰ ਰਾਏਪੁਰ ਡੱਬੇ ਮਿਲਣ ਜਾ ਰਹੇ ਸਾਂ। ਪਿੰਡ ਵੜਦਿਆਂ ਨੂੰ ਮੂਹਰਿਓਂ ਪਹਿਲਵਾਨ ਦਾਰਾ ਸਿੰਘ ਦੇ ਉਸਤਾਦ ਪਹਿਲਵਾਨ ਹਰਬੰਸ ਸਿੰਘ ਸਫਾਰੀ-ਸੂਟ ਪਾਈ ਫਹੁੜੀਆਂ ਦੇ ਸਹਾਰੇ ਤੁਰੇ ਆਉਂਦੇ ਬੋਹੜ ਕੋਲ ਮਿਲੇ। ਪਹਿਲਵਾਨ ਜੀ ਦੇ ਦੂਜੀ ਵਾਰ ਦਰਸ਼ਨ ਹੋਏ ਸਨ। ਪਹਿਲੀ ਵਾਰ 1980-81 ‘ਚ ਮਜ਼ਾਰਾ ਰਾਜਾ ਸਾਹਿਬ ਕੁਸ਼ਤੀਆਂ ‘ਚ ਅਤੇ ਦੂਜੀ ਵਾਰ 1990-91 ‘ਚ ਗਿਆਰਾਂ ਸਾਲਾਂ ਬਾਅਦ।
ਸਕੂਟਰ ਤੋਂ ਉਤਰ ਕੇ ਗੋਡੀ ਹੱਥ ਲਾਇਆ। “ਪਹਿਲਵਾਨ ਜੀ ਇਹ ਮੇਰਾ ਛੋਟਾ ਭਾਈ ਅਮਰੀਕਾ ਤੋਂ ਆਇਐ। ਪਹਿਲਵਾਨਾਂ, ਖਿਡਾਰੀਆਂ ਬਾਰੇ ਲਿਖਦੈ,” ਭਾਜੀ ਨੇ ਦੱਸਿਆ।
ਪਹਿਲਵਾਨ ਜੀ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਿਆ ਤੇ ਥਾਪੜਾ ਦੇ ਕੇ ਕਹਿਣ ਲੱਗੇ, “ਸ਼ਾਬਾਸ਼! ਜੁਆਨਾ ਲਿਖੀ ਚੱਲ! ਬਹੁਤ ਵਧੀਆ ਕਰ ਰਿਹੈਂ। ਇਸ ਪਾਸੇ ਬੜਾ ਘੱਟ ਲਿਖਦੇ ਨੇ, ਮਿਹਨਤ ਦਾ ਕੰਮ ਐ। ਸੱਚ ਲਿਖੀਂ, ਸੱਚ ਲਿਖਦੇ ਕਈ ਵਾਰ ਉਚੀਆਂ-ਨੀਵੀਆਂ ਗੱਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ, ਪ੍ਰਵਾਹ ਨ੍ਹੀਂ ਕਰੀਦੀ।” ਇਹ ਕਹਿੰਦੇ ਪਹਿਲਵਾਨ ਜੀ ਨੇ ਜੋਸ਼ ਨਾਲ ਥਾਪੜਾ ਦਿੰਦਿਆਂ ਮੈਨੂੰ ਪੈਰੋਂ ਹਿਲਾ ਦਿੱਤਾ। ਸੋਚਿਆ, ਪਹਿਲਵਾਨ ਜੀ ਦਾ ਬੁਢਾਪੇ ਦਾ ਥਾਪੜਾ ਵੀ ਮੇਰੇ ਵਰਗੇ ਜਵਾਨਾਂ ਨੂੰ ਹਿਲਾ ਰਿਹੈ, ਜਵਾਨੀ ਦਾ ਥਾਪੜਾ ਕਿਵੇਂ ਦਾ ਹੋਵੇਗਾ, ਇਹ ਤਾਂ ਉਸ ਵੇਲੇ ਦੇ ਪਹਿਲਵਾਨ ਹੀ ਦੱਸ ਸਕਦੇ ਨੇ! ਪਹਿਲਵਾਨ ਜੀ ਨਾਲ ਗੱਲਾਂ-ਬਾਤਾਂ ਤੇ ਆਸ਼ੀਰਵਾਦ ਤੋਂ ਬਾਅਦ ਉਥੋਂ ਤੁਰ ਪਏ। ਉਨ੍ਹਾਂ ਦੀ ਉਹੀ ਗੱਲ ਲੜ ਬੰਨ੍ਹ ਕੇ ਅੱਜ ਤੱਕ ਲਿਖਦਾ ਆ ਰਿਹਾਂ। ਉਨ੍ਹਾਂ ਦੇ ਪਹਿਲਵਾਨ ਬੇਟੇ ਪ੍ਰਿੰਸੀਪਲ ਕਸ਼ਮੀਰਾ ਸਿੰਘ, ਆਇਆ ਪ੍ਰੀਤਾ ਗਿਆ ਪ੍ਰੀਤਾ, ਪਹਿਲਵਾਨ ਬੁੱਧ ਸਿੰਘ, ਪੀ. ਆਰ. ਸੋਂਧੀ ਕੁਸ਼ਤੀ ਕੋਚ, ਸ਼ੰਕਰੀਆ ਪਾਲਾ, ਸ਼ਿਵਦੇਵ ਸਿੰਘ, ਪੱਤੜੀਆ ਬੋਲਾ, ਮੋਹਣਾ ਕਾਲਾ ਸੰਘਿਆਂ ਹਮੇਸ਼ਾ ਥਾਪੜਾ ਦਿੰਦੇ ਰਹਿੰਦੇ ਨੇ। ਭਾਰਤ ਦੇ ਤਕੜੇ ਮੱਲ ਬੁੱਧ ਸਿੰਘ ਨੇ ਆਪਣੇ ਲੇਖ ਵਿਚ ਕਹਿ ਕੇ ਲਿਖਾਇਆ ਕਿ ਕਿਸ ਭਲਵਾਨ ਕੋਲੋਂ ਹਾਰਿਆ, ਕਿਸ ਨਾਲ ਬਰਾਬਰ ਰਿਹਾ ਤੇ ਕਿਸ ਨੂੰ ਢਾਹਿਆ। ਕੋਈ ਛੁਪ ਛਪਾ ਨਾ ਰੱਖਿਆ। ਇਸੇ ਕਰਕੇ ਮੈਂ ਉਹਦੀ ਇੱਜ਼ਤ ਕਰਦਾਂ। ਕਿੱਕਰ ਸਿੰਘ ਤੇ ਗਾਮੇ ਵਰਗੇ ਮੱਲ ਢਹਿੰਦੇ, ਢਾਹੁੰਦੇ ਤੇ ਬਰਾਬਰ ਰਹਿੰਦੇ ਆਏ ਨੇ, ਪਰ ਤਕੜੇ ਖਿਡਾਰੀਆਂ ਜਾਂ ਮੱਲਾਂ ਵਿਚ ਜਿੱਤ-ਹਾਰ ਨੂੰ ਬਰਦਾਸ਼ਤ ਕਰਕੇ ਸੱਦਣਾ ਵੀ ਵਡੱਪਣ ਹੁੰਦੈ। ਖੇਡ ਇਤਿਹਾਸ ਪੜ੍ਹਨ ਨਾਲ ਬੜਾ ਕੁਝ ਹਾਸਲ ਹੁੰਦੈ। ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਦੀਆਂ ਲਿਖਤਾਂ ਤੋਂ ਬੜਾ ਕੁਝ ਸਿਖਿਆ। ਖੇਡ ਲੇਖਣੀ ਦੇ ਉਹ ਮੇਰੇ ਉਸਤਾਦ ਹਨ।
ਅਮਰੀਕਾ ਆਉਣ ਤੋਂ ਪਹਿਲਾਂ ਮੈਂ ਪੰਜਾਬ ਪੁਲਿਸ ਵਿਚ ਭਰਤੀ ਹੁੰਦਾ ਹੁੰਦਾ ਰਹਿ ਗਿਆ। ਵੱਡੇ ਭਾਈ ਨਾਲ ਘੁੰਮਦੇ ਇਕ ਵਾਰ ਇਲਾਕਾ ਨਵਾਂਸ਼ਹਿਰ ਦੇ ਮਰਹੂਮ ਕਾਂਗਰਸੀ ਥੰਮ੍ਹ ਨੇਤਾ ਤੇ ਖੇਤੀਬਾੜੀ ਮੰਤਰੀ ਸ. ਦਿਲਬਾਗ ਸਿੰਘ ਨਵਾਂਸ਼ਹਿਰ ਮਿਲੇ। ਭਾਅ ਜੀ ਨੂੰ ਕਹਿਣ ਲੱਗੇ, “ਗਿਆਨ ਸਿੰਹਾਂ ਏਹਨੂੰ ਪੁਲਿਸ ਵਿਚ ਭਰਤੀ ਕਰਾਓ। ਏਹਦਾ ਕੱਦ-ਕਾਠ ਠਾਕ ਐ, ਭਰਤੀ ਦੇ ਯੋਗ ਐ। ਕੋਈ ਦਿਕਤ ਆਵੇ ਤਾਂ ਮੈਨੂੰ ਮਿਲ ਲੈਣਾ।” ਗੱਲ ਉਹੀ ਹੋਈ, ਸਿਫਾਰਸ਼ ਦੀ ਲੋੜ ਪੈ ਗਈ। ਸ. ਦਿਲਬਾਗ ਸਿੰਘ ਨੂੰ ਜਾ ਮਿਲੇ। ਕੁਝ ਅਫਸਰਾਂ ਦੇ ਨਾਂ ਦਿੱਤੇ ਤੇ ਦੱਸੇ ਹੋਏ ਅਫਸਰਾਂ ਨੂੰ ਜਲੰਧਰ ਜਾ ਮਿਲੇ। ਮੈਨੂੰ ਵੇਖਦੇ ਸਾਰ ਹੀ ਉਨ੍ਹਾਂ ਅਫਸਰਾਂ ਨੇ ਜਹਾਨ-ਖੇਲਾਂ ਸੱਦ ਲਿਆ। ਫਿਰ ਉਦੋਂ ਕੁ ਹੀ ਮੇਰੇ ਦੋਸਤਾਂ ਨੇ ਮੈਨੂੰ ਅਮਰੀਕਾ ਸੱਦ ਲਿਆ। ਮਨ ਵਿਚ ਕਈ ਵਾਰ ਆਉਂਦੈ ਕਿ ਜੇ ਮੈਂ ਪੰਜਾਬ ਹੁੰਦਾ ਤਾਂ ਪੰਜਾਬ ਪੁਲਿਸ ਵਿਚੋਂ ਏ. ਐਸ. ਆਈ. ਜਾਂ ਸਬ-ਇੰਸਪੈਕਟਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਜਾਂਦਾ। ਨਾ ਕੋਈ ਬਹੁਤਾ ਜਾਣਦਾ ਹੁੰਦਾ, ਨਾ ਪਛਾਣਦਾ। ਦੇਸ਼-ਵਿਦੇਸ਼ ਵਿਚ ਐਨੇ ਮਿੱਤਰ-ਬੇਲੀ ਨਾ ਹੁੰਦੇ ਤੇ ਨਾ ਹੀ ਐਨੇ ਪਾਠਕ ਹੁੰਦੇ।
ਖੇਡ-ਲਿਖਤਾਂ ਕਰਕੇ ਰਾਮਗੜ੍ਹੀਆ ਕਾਲਜ ਫਗਵਾੜਾ, 2009 `ਚ ਮਾਹਿਲ-ਗਹਿਲਾਂ ਕਬੱਡੀ ਟੂਰਨਾਮੈਂਟ ਅਤੇ 2010 `ਚ ਪੋਜ਼ੇਵਾਲ ਕਬੱਡੀ ਮੇਲੇ ‘ਤੇ ਮਾਣ-ਤਾਣ ਹੋਇਐ। ਐਮ. ਪੀ. ਰਵਨੀਤ ਸਿੰਘ ਬਿੱਟੂ, ਵਿਧਾਇਕ ਚੌਧਰੀ ਨੰਦ ਲਾਲ, ਧਨੰਤਰ ਕਬੱਡੀ ਖਿਡਾਰੀ ਦੇਵੀ ਦਿਆਲ ਤੇ ਬਲਵਿੰਦਰ ਫਿੱਡੂ ਹੋਰਾਂ ਸਟੇਜ ‘ਤੇ ਮਾਣ ਬਖਸ਼ਿਆ। 2018 ਦੇ ਮੰਨਣਹਾਨੇ ਦੰਗਲਾਂ ਵਿਚ ਵੀ ਸ਼ੰਕਰੀਆ ਪਾਲਾ ਤੇ ਪੀ. ਆਰ. ਸੋਂਧੀ ਹੋਰਾਂ ਨੇ ਮਾਣ-ਸਨਮਾਨ ਬਖਸ਼ਿਆ ਸੀ। ਸਭ ਤੋਂ ਵੱਡਾ ਇਨਾਮ, ਮਾਣ-ਸਨਮਾਨ ਮੇਰੀਆਂ ਲਿਖਤਾਂ ਨੂੰ ਪਸੰਦ ਕਰਨ ਵਾਲੇ ਸੱਚੇ-ਸੁੱਚੇ ਪਾਠਕ ਹਨ। ਸਮੇਂ ਸਮੇਂ ‘ਤੇ ਜੋ ਹੱਲਾਸ਼ੇਰੀ ਦੇ ਕੇ ਲਿਖਣ ਲਈ ਹੋਰ ਪ੍ਰੇਰਦੇ ਹਨ।
ਨਿਊ ਯਾਰਕ ਵਿਚ ਪੰਜਾਬੀ ਵਿਰਸਾ ਸਪੋਰਟਸ ਕਲੱਬ ਵਾਲੇ ਮਹਿੰਦਰ ਸਿੰਘ ਸਿੱਧੂ, ਕਪੂਰਥਲਾ ਸਪੋਰਟਸ ਕਲੱਬ, ਸੰਤ ਬਾਬਾ ਨਿਧਾਨ ਸਿੰਘ ਸਪੋਰਟਸ ਕਲੱਬ, ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ, ਦੋਆਬਾ ਸਿੱਖ ਐਸੋਸੀਏਸ਼ਨ ਨਿਊ ਯਾਰਕ ਤੇ ਨਿਊ ਜਰਸੀ ਦੇ ਕਾਰਟਰੇਟ ਸਪੋਰਟਸ ਕਲੱਬ ਅਤੇ ਬਰਲਿੰਗਟਨ ਸਪੋਰਟਸ ਕਲੱਬਾਂ ‘ਚ ਫੁੱਟਬਾਲ ਮੈਚ ਤੇ ਬੱਚਿਆਂ ਦੀਆਂ ਖੇਡਾਂ ਵਿਚ ਮਾਣ-ਸਨਮਾਨ ਮਿਲਿਆ। ਸਿੱਖ ਕਲਚਰਲ ਸੁਸਾਇਟੀ ਆਫ ਰਿਚਮੰਡ ਹਿੱਲ (ਨਿਊ ਯਾਰਕ) ਵਲੋਂ ਕਰਵਾਏ ਗਏ ਕਬੱਡੀ ਮੈਚਾਂ ਦੌਰਾਨ ਅਤੇ ਸ਼ਹੀਦ ਭਾਈ ਮਨੀ ਸਿੰਘ ਸੁਸਾਇਟੀ ਵਲੋਂ ਵੀ ਮਾਣ-ਸਨਮਾਨ ਕੀਤਾ ਗਿਆ। ਸਟੇਜਾਂ ‘ਤੇ ਮਾਈਕ ਦੀ ਸੇਵਾ ਸੰਭਾਲਣ ਦੇ ਮੌਕੇ ਦਿੱਤੇ ਜਾਂਦੇ ਹਨ। ਕੈਲੀਫੋਰਨੀਆ ਰਹਿੰਦੇ ਗਾਖਲ ਭਰਾਵਾਂ ਨੇ 2017 ਵਿਚ ਯੂਨਾਈਟਿਡ ਸਪੋਰਟਸ ਕਲੱਬ ਵਲੋਂ ਕਬੱਡੀ ਕੱਪ ‘ਤੇ ਸੱਦ ਕੇ ਮਾਣ ਦਿੱਤਾ। ਕੈਲੀਫੋਰਨੀਆ ਰਹਿੰਦਾ ਆਪਣੇ ਸਮੇਂ ਦਾ ਤਕੜਾ ਪਹਿਲਵਾਨ, ਕਬੱਡੀ ਖਿਡਾਰੀ, ਬਾਕਸਰ ਅਤੇ ਰੱਸਾਕਸ਼ੀ ਖਿਡਾਰੀ ਸ਼ੰਕਰੀਆ ਪਾਲਾ ਤੇ ਉਹਦਾ ਬੇਟਾ ਤਿੰਨ ਘੰਟੇ ਦੀ ਡਰਾਈਵ ਕਰਕੇ ਗਾਖਲ ਭਰਾਵਾਂ ਦੇ ਟੂਰਨਾਮੈਂਟ ਵਿਚ ਮਿਲਣ ਆਏ। ਸਿਨਸਿਨੈਟੀ ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਮਾਣ ਦਿੱਤਾ।
ਅਣਗੌਲੇ ਹੀਰੇ ਖਿਡਾਰੀਆਂ ਨੂੰ ਖੇਡ ਪ੍ਰੇਮੀਆਂ ਦੀਆਂ ਸੱਥਾਂ ਵਿਚ ਲੈ ਕੇ ਜਾਣਾ ਮੇਰਾ ਸ਼ੌਕ ਹੈ। ਮਨ ਨੂੰ ਸਕੂਨ ਮਿਲਦੈ। ਖਿਡਾਰੀਆਂ, ਪਹਿਲਵਾਨਾਂ ਬਾਰੇ ਲਿਖਦਾ ਵੀ ਰਿਹਾ ਤੇ ਘਰ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਲਈ ਤੀਹ ਸਾਲ ਟੈਕਸੀ ਚਲਾਈ। ਮੇਰੇ ਨਾਲ ਮੇਰਾ ਦੋਸਤ ਗੁਰਨਾਮ ਸਿੰਘ ਰਸੂਲਪੁਰ ਵੀ ਹਮੇਸ਼ਾ ਨਾਲ ਰਿਹੈ। ਸਤੰਬਰ 2001 ਦੇ ਘਟਨਾਕ੍ਰਮ 9/11 ਦੀ ਪਹਿਲੀ ਰਾਤ ਨੂੰ ਵੀ ਵਰਲਡ ਟਰੇਡ ਸੈਂਟਰ ਦੇ ਮੂਹਰਿਓਂ ਸਵਾਰੀਆਂ ਚੁੱਕੀਆਂ ਸਨ। ਸੱਤ-ਅੱਠ ਘੰਟਿਆਂ ਬਾਅਦ ਇਹ ਭਾਣਾ ਵਾਪਰ ਗਿਆ ਸੀ।
ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿੰਮ ਕੀਤਾ। ਤੀਹ ਸਾਲਾਂ ਤੋਂ ਪਹਿਨਣ ਵਾਲੇ ਕੱਪੜਿਆਂ ਦਾ ਉਹੀ ਮੇਚਾ ਤੇ ਮੇਰਾ ਭਾਰ ਵੀ ਉਨਾ ਕੁ ਹੀ ਹੈ। ਬੜਾ ਖੁਸ਼ ਹਾਂ, ਅਮਰੀਕਾ ਦੀ ਧਰਤੀ ‘ਤੇ। ਪਰਮਾਤਮਾ ਨੇ ਸਬਰ ਬੜਾ ਦਿੱਤੈ। ਲਿਖਣਾ ਮੇਰੇ ਰੂਹ ਦੀ ਖੁਰਾਕ ਹੈ। ਇਸ ਖੁਰਾਕ ਨੂੰ ਆਖਰੀ ਸਵਾਸਾਂ ਤੱਕ ਪੂਰਦਾ ਰਹਾਂਗਾ। ਘਰੇਲੂ ਜਿ਼ੰਮੇਵਾਰੀਆਂ ਦੇ ਬਾਵਜੂਦ ਲਿਖਣ ਨੂੰ ਸਮਾਂ ਜਰੂਰ ਦਿੰਦਾ ਹਾਂ। ਕਈ ਵਾਰ ਸੋਚਦਾਂ, ਜੇ ਮੇਰਾ ਕਾਰੋਬਾਰ ਹੁੰਦਾ, ਕਈ ਕਈ ਘਰਾਂ ਦਾ ਮਾਲਕ ਹੁੰਦਾ, ਬੱਲੇ ਬੱਲੇ ਹੁੰਦੀ, ਵਾਹਵਾ ਪੈਸਾ ਹੁੰਦਾ; ਪਰ ਫਿਰ ਲਿਖਣ ਲਈ ਸਮਾਂ ਕਿਵੇਂ ਕੱਢਦਾ? ਦੂਰ ਦੂਰ ਤੱਕ ਕੋਈ ਜਾਣਦਾ-ਪਛਾਣਦਾ ਨਾ ਹੁੰਦਾ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਹੋਰ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ‘ਚ ਮੇਰੀਆਂ ਲਿਖਤਾਂ ਦੇ ਕਦਰਦਾਨ ਬੈਠੇ ਹਨ। ਸੱਚੇ ਪਾਤਸ਼ਾਹ ਨੇ ਸਾਰਾ ਕੁਝ ਦਿੱਤਾ ਹੋਇਐ। ਬੜਾ ਵਧੀਆ ਪਰਿਵਾਰ ਐ, ਘਰ ਐ, ਕਈ ਕਾਰਾਂ ਨੇ। ਹੋਰ ਕੀ ਚਾਹੀਦੈ। ਬੇਫਿਕਰਾ ਮਜ਼ੇ ਦੀ ਜਿ਼ੰਦਗੀ ਜੀਅ ਰਿਹਾਂ।
ਸ਼ਿਕਾਗੋ ਤੋਂ ਨਿਕਲਦੇ ਹਫਤਾਵਾਰੀ ਪੰਜਾਬੀ ਅਖਬਾਰ ‘ਪੰਜਾਬ ਟਾਈਮਜ਼’ ਨਾਲ ਜੁੜਿਆਂ ਕੋਈ ਤੇਰਾਂ ਸਾਲ ਹੋ ਗਏ। ਅਸ਼ੋਕ ਭੌਰਾ ਜ਼ਰੀਏ ਇਸ ਅਖਬਾਰ ਨਾਲ ਜੁੜਿਆ ਸਾਂ। ਖੇਡ ਲਿਖਤਾਂ ਨੂੰ ਵੱਡਾ ਹੁੰਗਾਰਾ ਮਿਲਿਆ। ਮੇਰੀ ਕਲਮ ਹੋਰ ਤੇਜ਼ ਤੋਂ ਤੇਜ਼ ਹੁੰਦੀ ਗਈ। ਬਿਹਤਰੀਨ ਅਖਬਾਰ ਹੋਣ ਕਰਕੇ ਪਾਠਕਾਂ, ਸਨੇਹੀਆਂ ਨੇ ਲਿਖਣ ਦੀ ਹੋਰ ਤਾਕਤ ਬਖਸ਼ੀ। ਭਾਅ ਜੀ ਅਮੋਲਕ ਸਿੰਘ ਨੇ ਵੱਡੇ ਭਰਾਵਾਂ ਵਾਂਗ ਗਾਈਡ ਕੀਤਾ। ਜਦੋਂ ਵੀ ਕਦੇ ਹਾਲ-ਚਾਲ ਪੁੱਛਣਾ, ਬੜੇ ਠਰੰਮੇ ਨਾਲ ‘ਚੜ੍ਹਦੀ-ਕਲਾ’ ਕਹਿਣਾ। ਆਵਾਜ਼ ਵਿਚ ਕਦੇ ਕੋਈ ਫਰਕ ਨਹੀਂ ਸੀ ਆਇਆ। ਹਾਲਾਂ ਕਿ ਉਹ ਵ੍ਹੀਲ-ਚੇਅਰ ‘ਤੇ ਹੁੰਦੇ ਸਨ। ਉਸ ਤੋਂ ਅਗਲੇ ਸਾਲ ਫਿਰ ‘ਪੰਜਾਬ ਟਾਈਮਜ਼’ ਦੇ ਸਾਲਾਨਾ ਪ੍ਰੋਗਰਾਮ ‘ਤੇ ਜਾਣ ਦਾ ਮੌਕਾ ਮਿਲਿਆ। ਪਹਿਲਵਾਨ ਬੁੱਧ ਸਿੰਘ ਨੂੰ ਮੈਂ ਉਥੇ ਆਉਣ ਦਾ ਸੱਦਾ ਦੇ ਦਿੱਤਾ। ਸਿਨਸਿਨੈਟੀ ਤੋਂ ਉਹ ਵੀ ਆਪਣੇ ਪਹਿਲਵਾਨ ਤੇ ਕਬੱਡੀ ਖਿਡਾਰੀ ਬੇਟੇ ਕਾਲੇ ਨਾਲ ਉਥੇ ਪਹੁੰਚ ਗਿਆ। ਸ਼ਾਮ ਜਿਹੀ ਨੂੰ ਬੁੱਧ ਸਿੰਘ ਨੂੰ ਕਿਹਾ, ਚਲੋ! ਭਾਅ ਜੀ (ਅਮੋਲਕ ਸਿੰਘ) ਨੂੰ ਮਿਲ ਆਈਏ। ਬੁੱਧ ਸਿੰਘ ਵੀ ਅਕਸਰ ਉਨ੍ਹਾਂ ਨਾਲ ਫੋਨ `ਤੇ ਗੱਲ ਕਰਦਾ ਹੁੰਦਾ ਸੀ, ਕਦੇ ਮਿਲਿਆ ਨਹੀਂ ਸੀ। ਪਹਿਲੀ ਵਾਰ ਮਿਲਣਾ ਸੀ। ਅੰਦਰ ਕਮਰੇ ‘ਚ ਅਮੋਲਕ ਸਿੰਘ ਜੰਮੂ ਨੂੰ ਮਿਲਣ ਚਲੇ ਗਏ। ਬੈਡ ‘ਤੇ ਪਏ ਅਮੋਲਕ ਸਿੰਘ ਨਾਲ ਅਸੀਂ ਕੋਈ ਅੱਧਾ ਘੰਟਾ ਗੱਲਾਂ ਕਰਦੇ ਰਹੇ।
ਗੱਲਾਂ-ਬਾਤਾਂ ਕਰਕੇ ਅਸੀਂ ਬਾਹਰ ਆ ਗਏ। ਬਾਹਰ ਆ ਕੇ ਬੁੱਧ ਸਿੰਘ ਮੈਨੂੰ ਪੁੱਛਣ ਲੱਗਾ, “ਭਾਅ ਜੀ, ਇਹ ਕੌਣ ਸੀ?” “ਇਹ ਭਾਅ ਜੀ ਅਮੋਲਕ ਸਿੰਘ ਸਨ, ਪਛਾਣਿਆ ਨ੍ਹੀਂ?” ਮੈਂ ਹੈਰਾਨੀ ਨਾਲ ਜਵਾਬ ਦਿੱਤਾ। ਬੁੱਧ ਸਿੰਘ ਨੂੰ ਜਿਵੇਂ ਵੱਡਾ ਝਟਕਾ ਲੱਗਾ ਹੋਵੇ। ਫੋਨ ‘ਤੇ ਤਾਂ ਅਮੋਲਕ ਸਿੰਘ ਤੰਦਰੁਸਤਾਂ ਵਾਂਗ ਬੜੇ ਦਮ ਨਾਲ ਗੱਲਾਂ ਕਰਦੇ ਸੁਣੀਂਦੇ ਸੀ, ਪਰ ਇਹ ਹਾਲਤ ਵੇਖ ਕੇ ਬੁੱਧ ਸਿੰਘ ਸੰੁਨ ਹੋ ਗਿਆ ਸੀ।
ਹੁਣ ਅਮੋਲਕ ਸਿੰਘ ਜੰਮੂ ਦੀ ਆਵਾਜ਼ ਕਦੇ ਸੁਣਾਈ ਨਹੀਂ ਦੇਵੇਗੀ। ਉਹ 20 ਅਪਰੈਲ 2021 ਨੂੰ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸਾਡੇ ਕੋਲੋਂ ਵਿਛੜ ਜਰੂਰ ਗਏ, ਪਰ ਸਾਡੇ ਦਿਲਾਂ ‘ਚੋਂ ਨਹੀਂ ਵਿੱਸਰੇ। ਉਨ੍ਹਾਂ ਦੇ ਅਖਬਾਰ ਨਾਲ ਆਖਰੀ ਸਾਹਾਂ ਤੱਕ ਜੁੜੇ ਰਹਾਂਗੇ। ਉਨ੍ਹਾਂ ਦੇ ਪ੍ਰਸ਼ੰਸਕ, ਮਿੱਤਰ-ਪਿਆਰਿਆਂ ਵਲੋਂ ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿਣਾ ਹੀ ਭਾਅ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਜੇ ਮੈਨੂੰ ਕੋਈ ਪੁੱਛੇ, ਕੀ ਖੱਟਿਆ ਲਿਖਣ ‘ਚੋਂ? ਬੜੇ ਮਾਣ ਨਾਲ ਕਹਾਂਗਾ, ਬੜਾ ਕੁਛ ਖੱਟਿਐ। ਬੜਾ ਕੁਛ ਪਾਇਐ। ਅਮੀਰ ਘਰਾਂ, ਮਹਿਲ-ਮਾੜੀਆਂ ‘ਚ ਤਾਂ ਭਾਵੇਂ ਜਨਮ ਨਹੀਂ ਲਿਆ, ਪਰ ਮੇਰੇ ਦਿਲ ਦੀ ਅਮੀਰੀ, ਬਾਦਸ਼ਾਹੀ ਨੇ ਬੜੇ ਬੜੇ ਅਮੀਰ, ਦਿਲਾਂ ਦੇ ਦਲੇਰ ਬਾਦਸ਼ਾਹ ਸੱਜਣ ਮਿਲਾਏ:
ਜ਼ਮੀਨ ਅੱਛੀ ਹੈ, ਆਸਮਾਨ ਅੱਛਾ ਹੈ,
ਹਮ ਅੱਛੇ ਤੋ ਸਾਰਾ ਜਹਾਨ ਅੱਛਾ ਹੈ।
ਬੜੇ ਸਕੂਨ ਸੇ ਨੀਂਦ ਮੁਝ ਕੋ ਆਤੀ ਹੈ,
ਤੇਰੀ ਹਵੇਲੀ ਸੇ ਮੇਰਾ ਮਕਾਨ ਅੱਛਾ ਹੈ।
ਕਲਮ ਨੂੰ ਪਿਆਰ ਕਰਨ ਵਾਲੀਆਂ ਸੱਚੀਆਂ ਸੁੱਚੀਆਂ ਰੂਹਾਂ ਮਿਲੀਆਂ। ਢਿੱਡੋਂ ਪਿਆਰ ਕਰਨ ਵਾਲੇ ਰੰਗਲੇ ਇਨਸਾਨ ਮਿਲੇ। ਉਨ੍ਹਾਂ ਦੀ ਲੰਬੀ ਉਮਰ ਦੀ ਹਮੇਸ਼ਾ ਕਾਮਨਾ ਕਰਦਾ ਹਾਂ, ਕਰਦਾ ਰਹਾਂਗਾ। ਇਸ ਤੋਂ ਵੱਡੀ ਹੋਰ ਪ੍ਰਾਪਤੀ ਕੀ ਹੋ ਸਕਦੀ ਐ!
ਪੰਤਾਲੀ ਸਾਲਾਂ ਤੋਂ ਕਦਰਦਾਨਾਂ ਦਾ
ਕਲਮ ਨੂੰ ਬੜਾ ਪਿਆਰ ਮਿਲਿਆ।
ਪਹਿਲਵਾਨਾਂ, ਕਬੱਡੀ ਖਿਡਾਰੀਆਂ ਦਾ
ਪਲ ਪਲ ਰੱਜਵਾਂ ਸਤਿਕਾਰ ਮਿਲਿਆ।
ਰੱਬ ਵਰਗੇ ਪਾਠਕਾਂ ਦਾ
ਕਰਜ਼ ਚੁਕਾਵਾਂਗਾ ਕਿਵੇਂ?
ਖੇਡ-ਲੇਖਣੀ ਦਾ ‘ਇਕਬਾਲ ਸਿੰਹੁ’
ਯਾਰ ਦਿਲਦਾਰ ਮਿਲਿਆ।