ਗੁਰੂ ਅਰਜਨ ਦੇਵ ਜੀ: ਇਕ ਲਾਸਾਨੀ ਜੀਵਨ ਗਾਥਾ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਉਹ ਅਜਿਹੇ ਪਹਿਲੇ ਸਿੱਖ ਗੁਰੂ ਸਨ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਆਪਣਾ ਜੀਵਨ ਬਲੀਦਾਨ ਦਿੱਤਾ। ਸਿੱਖ ਜਗਤ ਦੁਆਰਾ ਹਰ ਸਾਲ ਜੂਨ ਮਹੀਨੇ ਦੌਰਾਨ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਮਨਾਈ ਜਾਂਦੀ ਹੈ। ਸਿੱਖ ਧਰਮ ਦੇ ਸਥਾਪਨ ਤੇ ਵਿਕਾਸ ਵਿਚ ਉਨ੍ਹਾਂ ਦਾ ਯੋਗਦਾਨ ਅਹਿਮ ਰਿਹਾ ਹੈ। ਉਨ੍ਹਾਂ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਦੇ ਪਹਿਲੇ ਸਰੂਪ ‘ਆਦਿ ਗ੍ਰੰਥ’ ਦਾ ਸੰਪਾਦਨ ਕੀਤਾ। ਜੋ ਸਮੇਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਿੱਖਾਂ ਦੇ ਗਿਆਰਵੇਂ ਗੁਰੂ ਵਜੋਂ ਸਥਾਪਿਤ ਹੋਇਆ। ਉਨ੍ਹਾਂ ਨੇ ਰਾਮਦਾਸਪੁਰ (ਹੁਣ ਅੰਮ੍ਰਿਤਸਰ) ਵਿਖੇ ਹਰਿਮੰਦਿਰ ਸਾਹਿਬ ਦੀ ਸਥਾਪਨਾ ਕੀਤੀ ਅਤੇ ਤਰਨ ਤਾਰਨ ਸਾਹਿਬ ਤੇ ਕਰਤਾਰਪੁਰ (ਜਲੰਧਰ) ਨਗਰਾਂ ਦੀ ਸਥਾਪਨਾ ਵਿਚ ਵੀ ਮੋਢੀ ਰੋਲ ਨਿਭਾਇਆ।

ਪੰਚਮ ਪਾਤਸ਼ਾਹ ਦਾ ਜਨਮ ਭਾਈ ਜੇਠਾ ਜੀ ਅਤੇ ਬੀਬੀ ਭਾਨੀ ਜੀ ਦੇ ਪਰਿਵਾਰ ਵਿਚ, ਗੋਇੰਦਵਾਲ ਸਾਹਿਬ ਵਿਖੇ 15 ਅਪਰੈਲ 1563 ਈਸਵੀ ਨੂੰ ਹੋਇਆ। ਭਾਈ ਜੇਠਾ ਜੀ ਨੂੰ ਸੰਨ 1574 ਵਿਚ ਗੁਰਗੱਦੀ ਹੋਈ, ਜਿਸ ਉਪਰੰਤ ਉਹ ਗੁਰੂ ਰਾਮਦਾਸ ਦੇ ਨਾਮ ਨਾਲ ਸਿੱਖਾਂ ਦੇ ਚੌਥੇ ਗੁਰੂ ਵਜੋਂ ਪ੍ਰਸਿੱਧ ਹੋਏ। ਬੀਬੀ ਭਾਨੀ ਜੀ ਤੀਸਰੇ ਸਿੱਖ ਗੁਰੂ, ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਬਾਲਕ ਅਰਜਨ ਦੇ ਦੋ ਵੱਡੇ ਵੀਰ-ਪ੍ਰਿਥੀ ਚੰਦ ਤੇ ਮਹਾਂਦੇਵ ਸਨ। ਬਾਬਾ ਬੁੱਢਾ ਜੀ ਤੋਂ ਉਨ੍ਹਾਂ ਨੇ ਗੁਰਮੁਖੀ ਲਿਪੀ ਅਤੇ ਗੁਰਬਾਣੀ ਅਧਿਐਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਾਰਸੀ, ਹਿੰਦੀ ਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਵੀ ਹਾਸਿਲ ਕੀਤਾ। ਬਾਲਕ ਅਰਜਨ ਦਾ ਸੁਭਾਅ ਮਿੱਠਾ, ਹਲੀਮੀ ਭਰਪੂਰ ਤੇ ਭਗਤੀ ਰਸ ਭਿੰਨਾ ਸੀ। ਉਨ੍ਹਾਂ ਨੂੰ ਗੁਰਬਾਣੀ ਗਾਇਨ ਕਰਨਾ ਬਹੁਤ ਪਸੰਦ ਸੀ। ਉਹ ਅਜੇ 18 ਕੁ ਸਾਲਾਂ ਦੇ ਹੀ ਸਨ, ਜਦੋਂ ਸੰਨ 1581 ਵਿਚ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਪੰਜਵੇਂ ਸਿੱਖ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਜੂਨ 1589 ਦੌਰਾਨ ਉਨ੍ਹਾਂ ਦਾ ਵਿਆਹ ਬੀਬੀ ਗੰਗਾ ਜੀ ਨਾਲ ਹੋਇਆ। ਬੀਬੀ ਗੰਗਾ ਜੀ, ਫਿਲੌਰ (ਪੰਜਾਬ) ਨਗਰ ਤੋਂ 10 ਕਿਲੋਮੀਟਰ ਪੱਛਮ ਵੱਲ ਸਥਿਤ, ਪਿੰਡ ਮੌ ਦੇ ਭਾਈ ਕ੍ਰਿਸ਼ਨ ਚੰਦ ਦੀ ਸਪੁੱਤਰੀ ਸਨ। ਸਮੇਂ ਨਾਲ ਆਪ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਜੋ ਅੱਗੇ ਚਲ ਕੇ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਵਜੋਂ ਮਸ਼ਹੂਰ ਹੋਏ।
ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਅਤੇ ਰਾਮਦਾਸਪੁਰਾ (ਅੰਮ੍ਰਿਤਸਰ) ਵਿਖੇ ਦੋ ਪਵਿੱਤਰ ਸਰੋਵਰਾਂ ਦਾ ਕੰਮ ਅਰੰਭ ਕਰਵਾਇਆ। ਪ੍ਰਚਲਿਤ ਕਥਾ ਅਨੁਸਾਰ ਉਨ੍ਹਾਂ ਨੇ ਦਸੰਬਰ 1588 ਦੌਰਾਨ ਲਾਹੌਰ ਦੇ ਸੂਫੀ ਸੰਤ ਹਜ਼ਰਤ ਮੀਆਂ ਮੀਰ ਜੀ ਦੇ ਕਰ-ਕਮਲਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਸੰਪੂਰਨ ਹੋਣ ਉਪਰੰਤ ਉਨ੍ਹਾਂ ਸੰਤੋਖਸਰ ਦੀ ਉਸਾਰੀ ਵੀ ਮੁਕੰਮਲ ਕਰ ਲਈ ਅਤੇ ਗੋਇੰਦਵਾਲ ਸਾਹਿਬ ਦੇ ਨੇੜੇ ਹੀ ਤਰਨ ਤਾਰਨ ਨਗਰ ਦੀ ਸਥਾਪਨਾ ਕਰਵਾਈ। ਇਥੇ ਉਨ੍ਹਾਂ ਨੇ ਇਕ ਵਿਸ਼ਾਲ ਸਰੋਵਰ ਅਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਕੁਸ਼ਟ ਰੋਗੀਆਂ ਲਈ ਆਸ਼ਰਮ ਵੀ ਬਣਵਾਇਆ। ਜਲੰਧਰ ਸ਼ਹਿਰ ਦੇ ਨੇੜੇ, ਕਰਤਾਰਪੁਰ ਕਸਬੇ ਦਾ ਨੀਂਹ ਪੱਥਰ ਵੀ ਰੱਖਿਆ। ਲਾਹੌਰ ਦੇ ਡੱਬੀ ਬਾਜ਼ਾਰ ਵਿਖੇ ਇਕ ਬਾਉਲੀ ਵੀ ਬਣਵਾਈ। ਬਿਆਸ ਦਰਿਆ ਦੇ ਕਿਨਾਰੇ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਵੀ ਕਰਵਾਈ। ਰਾਮਦਾਸਪੁਰ (ਅੰਮ੍ਰਿਤਸਰ) ਤੋਂ ਕੁਝ ਕੁ ਮੀਲ ਦੀ ਦੂਰੀ ਵਿਖੇ ਸਥਿਤ ਛੇਹਰਟਾ ਨਗਰ ਵਿਖੇ ਸਿੰਜਾਈ ਕਾਰਜਾਂ ਲਈ ਇਕ ਵੱਡੇ ਖੂਹ ਦਾ ਨਿਰਮਾਣ ਵੀ ਕਰਵਾਇਆ।
ਗੁਰੂ ਅਰਜਨ ਸਾਹਿਬ ਬਹੁਤ ਹੀ ਉੱਦਮੀ ਤੇ ਪ੍ਰੇਰਨਾਦਾਇਕ ਸ਼ਖਸੀਅਤ ਦੇ ਮਾਲਕ ਸਨ। ਸਿੱਖ ਧਰਮ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਅਨੇਕ ਕਾਰਜ ਕੀਤੇ। ਉਹ ਕੁਝ ਸਮੇਂ ਲਈ ਅੰਮ੍ਰਿਤਸਰ ਨੇੜੇ ਵਡਾਲੀ ਪਿੰਡ ਵਿਖੇ ਵੀ ਠਹਿਰੇ (ਹੁਣ ਇਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ)। ਸਿੱਖ ਧਰਮ ਦੀ ਨਿੱਗਰ ਸਥਾਪਤੀ ਤੇ ਵਿਕਾਸ ਲਈ ਗੁਰੂ ਅਰਜਨ ਦੇਵ ਨੇ ਬਹੁਤ ਹੀ ਵਿਲੱਖਣ ਤੇ ਮਹੱਤਵਪੂਰਨ ਕਾਰਜ ਕੀਤੇ। ਉਨ੍ਹਾਂ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਕਈ ਹੋਰ ਹਿੰਦੂ ਤੇ ਮੁਸਲਮਾਨ ਸੰਤਾਂ ਦੀ ਬਾਣੀ ਇਕੱਤਰ ਕਰਨ ਤੋਂ ਬਾਅਦ ਆਦਿ ਗ੍ਰੰਥ ਦੀ ਰਚਨਾ ਦਾ ਕਾਰਜ ਕੀਤਾ। ਇਸ ਆਦਿ ਗ੍ਰੰਥ ਦੀ ਲਿਖਾਈ ਦਾ ਕਾਰਜ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ। ਆਦਿ ਗ੍ਰੰਥ ਦੀ ਸੰਪੂਰਨਤਾ ਪਿੱਛੋਂ ਇਸ ਪਾਵਨ ਗ੍ਰੰਥ ਦਾ ਪ੍ਰਕਾਸ਼ ਅਗਸਤ/ਸਤੰਬਰ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦਾ ਕਾਰਜ ਭਾਰ ਸੌਂਪਿਆ ਗਿਆ। ਆਦਿ ਗ੍ਰੰਥ ਦੀ ਰਚਨਾ ਸਿੱਖ ਕੌਮ ਦੇ ਇਤਿਹਾਸ ਵਿਚ ਇਕ ਅਹਿਮ ਪ੍ਰਾਪਤੀ ਸਾਬਤ ਹੋਈ। ਇਹ ਸਿੱਖਾਂ ਲਈ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਧਾਰਮਿਕ ਵਖਰੇਵੇਂ ਦਾ ਸੂਚਕ ਸਿੱਧ ਹੋਇਆ। ਤਦ ਸਿੱਖ ਧਰਮ ਇਕ ਵੱਖਰੇ ਧਰਮ ਵਜੋਂ ਵਿਕਸਿਤ ਹੋਣ ਲੱਗਾ।
ਇਕ ਵਾਰ ਗੁਰੂ ਘਰ ਦੇ ਦੋਖੀਆਂ ਵਲੋਂ ਆਦਿ ਗ੍ਰੰਥ ਦੀ ਵਿਸ਼ਾ-ਵਸਤੂ ਬਾਰੇ ਮੁਗਲ ਬਾਦਸ਼ਾਹ ਅਕਬਰ ਨੂੰ ਗੁੰਮਰਾਹਕੁਨ ਰਿਪੋਰਟ ਭੇਜੀ ਗਈ ਤਾਂ ਬਾਦਸ਼ਾਹ ਅਕਬਰ ਨੇ ਇਸ ਗ੍ਰੰਥ ਦੀ ਪੜਤਾਲ ਕਰਵਾਈ। ਪੜਤਾਲ ਦੌਰਾਨ ਇਸ ਗ੍ਰੰਥ ਵਿਚ ਕੁਝ ਵੀ ਇਤਰਾਜ਼ਯੋਗ ਨਾ ਪਾਏ ਜਾਣ ਉੱਤੇ, ਬਾਦਸ਼ਾਹ ਅਕਬਰ ਨੇ ਆਦਿ ਗ੍ਰੰਥ ਨੂੰ ਸਰਬ-ਸਾਂਝੀਵਾਲਤਾ ਦੇ ਸੁਨੇਹੇ ਭਰਪੂਰ ਸਤਿਕਾਰਯੋਗ ਮਹਾਨ ਗ੍ਰੰਥ ਦਾ ਦਰਜਾ ਦਿੱਤਾ। ਗੁਰੂ ਜੀ ਨੇ ਦਸਵੰਧ ਅਤੇ ਮਸੰਦ ਪ੍ਰਣਾਲੀ ਦੀ ਪਰੰਪਰਾ ਵੀ ਸੰਸਥਾਗਤ ਕੀਤੀ। ਇਸ ਸੰਸਥਾ ਨੇ ਸਿੱਖ ਧਰਮ ਨੂੰ ਪੰਜਾਬ ਤੋਂ ਬਹੁਤ ਦੂਰ ਦੇ ਪ੍ਰਾਂਤਾਂ ਵਿਚ ਵੀ ਫੈਲਾਇਆ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਸਿੱਖ ਵਿਚਾਰਧਾਰਾ ਨਾਲ ਜੋੜਿਆ। ਗੁਰੂ ਅਰਜਨ ਦੇਵ ਜੀ ਦੇ ਸਮੇਂ ਦੌਰਾਨ ਅੰਮ੍ਰਿਤਸਰ ਸ਼ਹਿਰ ਸਿੱਖੀ ਦਾ ਕੇਂਦਰੀ ਧੁਰਾ ਬਣ ਗਿਆ, ਜਿਥੇ ਹਰ ਸਾਲ ਵਿਸਾਖੀ ਦੇ ਮੌਕੇ ਹਜ਼ਾਰਾਂ ਸਿੱਖ ਇਕੱਠੇ ਹੁੰਦੇ ਅਤੇ ਮਸੰਦ, ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਤਰ ਕੀਤੀਆਂ ਭੇਟਾਵਾਂ ਨੂੰ ਗੁਰੂ ਸਾਹਿਬ ਨੂੰ ਭੇਟ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ।
ਸਮੇਂ ਨਾਲ ਸਿੱਖ ਗੁਰੂ ਅਰਜਨ ਸਾਹਿਬ ਨੂੰ ‘ਸੱਚਾ ਪਾਤਸ਼ਾਹ’ ਕਹਿਣ ਲੱਗ ਪਏ। ਸਿੱਖਾਂ ਦੀ ਗਿਣਤੀ ਦਿਨੋਂ-ਦਿਨ ਵਧਣ ਲੱਗੀ ਅਤੇ ਇਸ ਨਾਲ ਪਰੰਪਰਾਵਾਦੀ ਹਿੰਦੂ ਤੇ ਕੱਟੜਪੰਥੀ ਮੁਸਲਮਾਨ ਗੁਰੂ ਘਰ ਪ੍ਰਤੀ ਬਹੁਤ ਵਧੇਰੇ ਈਰਖਾ ਕਰਨ ਲੱਗ ਪਏ। ਗੁਰੂ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ (ਜੋ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਜੀ ਨਾਲ ਈਰਖਾ ਕਰਦਾ ਸੀ) ਨੇ ਇੱਕ ਮੁਗਲ ਮਾਲ ਅਧਿਕਾਰੀ ਸੁਲਹੀ ਖਾਨ ਨਾਲ ਗਠਜੋੜ ਕਰ ਕੇ ਗੁਰੂ ਸਾਹਿਬ ਨੂੰ ਪ੍ਰੇਸ਼ਾਨ ਕਰਨ ਅਤੇ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾ ਲਈ, ਪਰ ਸੁਲਹੀ ਖਾਨ ਦੀ ਅਚਾਨਕ ਇਕ ਭਖ ਰਹੇ ਇੱਟਾਂ ਦੇ ਭੱਠੇ ਵਿਚ ਡਿੱਗਣ ਨਾਲ ਮੌਤ ਹੋ ਗਈ। ਜਨੂੰਨੀ ਹਿੰਦੂ (ਬੀਰਬਲ ਤੇ ਚੰਦੂ ਆਦਿ) ਅਤੇ ਕੱਟੜਪੰਥੀ ਮੁਸਲਮਾਨ (ਸ਼ੇਖ ਅਹਿਮਦ ਸਰਹਿੰਦੀ ਆਦਿ) ਸਿੱਖ ਕੌਮ ਤੇ ਗੁਰੂ ਅਰਜਨ ਜੀ ਨਾਲ ਬਹੁਤ ਈਰਖਾ ਕਰਦੇ ਸਨ। ਸੰਨ 1605 ਵਿਚ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਕੱਟੜਪੰਥੀ ਹਿੰਦੂ ਅਤੇ ਮੁਸਲਿਮ-ਦੋਵੇਂ ਧਿਰਾਂ ਹੀ ਨਵੇਂ ਬਣੇ ਬਾਦਸ਼ਾਹ ਜਹਾਂਗੀਰ ਕੋਲ ਗੁਰੂ ਜੀ ਵਿਰੁੱਧ ਸਿ਼ਕਾਇਤ ਲੈ ਕੇ ਪੁੱਜੇ। ਇਸਲਾਮ ਦਾ ਧਾਰਨੀ ਜਹਾਂਗੀਰ ਖੁਦ ਵੀ ਗੁਰੂ ਜੀ ਦੇ ਸਿੱਖ ਧਰਮ ਦੇ ਪ੍ਰਚਾਰ ਕਾਰਜਾਂ ਪ੍ਰਤੀ ਈਰਖਾ ਰੱਖਦਾ ਸੀ। ਗੁਰੂ ਜੀ ਦੇ ਵਿਰੋਧੀਆਂ ਵਲੋਂ ਉਨ੍ਹਾਂ ਉੱਤੇ ਬਹੁਤ ਸਾਰੇ ਨਿਰਾਧਾਰ ਦੋਸ਼ ਲਾਏ ਗਏ ਸਨ। ਇਨ੍ਹਾਂ ਵਿਚੋਂ ਇੱਕ ਦੋਸ਼ ਰਾਜ ਦੇ ਬਾਗੀ ਮੁਗਲ ਸ਼ਹਿਜ਼ਾਦੇ ਖੁਸਰੋ ਦੀ ਮਦਦ ਕਰਨ ਦਾ ਵੀ ਸੀ। ਇਨ੍ਹਾਂ ਦੋਸ਼ਾਂ ਤਹਿਤ ਬਾਦਸ਼ਾਹ ਨੇ ਗੁਰੂ ਜੀ ਦੀ ਤੁਰੰਤ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਲਿਆਂਦਾ ਗਿਆ। ਬਾਦਸ਼ਾਹ ਨੇ ਲਾਹੌਰ ਦੇ ਗਵਰਨਰ ਨੂੰ ਗੁਰੂ ਜੀ ਵਿਰੁੱਧ ਲਾਏ ਗਏ (ਝੂਠੇ) ਦੋਸ਼ਾਂ ਦਾ ਨਿਰਣਾ ਕਰਦਿਆਂ ਸਖਤ ਕਾਰਵਾਈ ਕਰਨ ਦਾ ਹੁਕਮ ਦਿੱਤਾ। ਲਾਹੌਰ ਦਾ ਗਵਰਨਰ, ਜੋ ਕੱਟੜਪੰਥੀਆਂ ਦਾ ਹੱਥ-ਠੋਕਾ ਸੀ, ਨੇ ਗੁਰੂ ਜੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਸ ਨੇ ਇਸ ਸਜ਼ਾ ਦੀ ਪਾਲਣਾ ਦਾ ਹੁਕਮ ਲਾਹੌਰ ਸ਼ਹਿਰ ਦੇ ਇੱਕ ਕੱਟੜਪੰਥੀ ਹਿੰਦੂ ਚੰਦੂ (ਜੋ ਇਕ ਸਾਧਾਰਨ ਕਾਰੋਬਾਰੀ ਵਿਅਕਤੀ ਸੀ) ਨੂੰ ਦਿੱਤਾ। ਚੰਦੂ ਨੇ ਗੁਰੂ ਜੀ ਉਪਰ ਲਗਭਗ ਤਿੰਨ ਦਿਨ ਅੰਨ੍ਹਾ ਤਸ਼ੱਦਦ ਕੀਤਾ, ਜਿਸ ਦੀ ਮਿਸਾਲ ਮਨੁੱਖੀ ਇਤਿਹਾਸ ਵਿਚ ਹੋਰ ਕਿਧਰੇ ਵੀ ਨਜ਼ਰ ਨਹੀਂ ਪੈਂਦੀ। ਪ੍ਰਚਲਿਤ ਗਾਥਾ ਅਨੁਸਾਰ ਕਿਹਾ ਜਾਂਦਾ ਹੈ ਕਿ ਸੰਤ ਹਜ਼ਰਤ ਮੀਆਂ ਮੀਰ (ਜੋ ਮੁਸਲਮਾਨ ਸੂਫੀ ਸੰਤ ਸਨ ਅਤੇ ਗੁਰੂ ਜੀ ਦੇ ਹਿਤੈਸ਼ੀ ਵੀ ਸਨ) ਨੇ ਗੁਰੂ ਜੀ ਦੇ ਪੱਖ ਵਿਚ ਬਾਦਸ਼ਾਹ ਤਕ ਪਹੁੰਚ ਕਰਨ ਲਈ ਗੁਰੂ ਜੀ ਤੋਂ ਇਜਾਜ਼ਤ ਮੰਗੀ, ਪਰ ਗੁਰੂ ਜੀ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਗੁਰੂ ਜੀ ਨੂੰ ਤਸੀਹੇ ਦੇਣ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਉਨ੍ਹਾਂ ਦੇ ਨੰਗੇ ਸਰੀਰ ਉੱਤੇ ਗਰਮ ਰੇਤ ਪਾਈ ਗਈ। ਜਦੋਂ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਭਰ ਗਿਆ ਤਾਂ ਉਨ੍ਹਾਂ ਨੂੰ ਜੰਜ਼ੀਰਾਂ ਨਾਲ ਬੰਨ ਕੇ ਰਾਵੀ ਦਰਿਆ ਵਿਚ ਸੁੱਟ ਦਿੱਤਾ ਗਿਆ। ਇਸ ਤਰ੍ਹਾਂ ਗੁਰੂ ਜੀ ਨੇ 30 ਮਈ 1606 ਨੂੰ ਸ਼ਹਾਦਤ ਪ੍ਰਾਪਤ ਕੀਤੀ। ਬਾਦਸ਼ਾਹ ਜਹਾਂਗੀਰ ਨੇ ਆਪਣੀ ਸਵੈ-ਜੀਵਨੀ ਵਿਚ ਵਰਣਨ ਕੀਤਾ ਹੈ ਕਿ ਉਸ ਨੇ ਖੁਦ ਗੁਰੂ ਅਰਜਨ ਦੇਵ ਜੀ ਨੂੰ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਸੀ। ਗੁਰੂ ਜੀ ਦੀ ਸ਼ਹੀਦੀ ਨੇ ਸਿੱਖ ਜਗਤ ਵਿਚ ਵੱਡੀ ਤਬਦੀਲੀ ਲਿਆਂਦੀ। ਸੁਭਾਵਿਕ ਹੀ ਸੀ ਕਿ ਸਿੱਖ ਜਗਤ ਨੇ ਇਸ ਘਟਨਾ ਨੂੰ ਕੱਟੜਵਾਦੀ ਮੁਸਲਿਮ ਰਾਜ ਅਤੇ ਪਰੰਪਰਾਵਾਦੀ ਹਿੰਦੂਆਂ ਦੁਆਰਾ ਨਵੇਂ ਜਨਮੇ ਪਰ ਸ਼ਾਂਤੀ ਪਸੰਦ ਸਿੱਖ ਧਰਮ ਪ੍ਰਤੀ ਕੱਟੜਤਾ ਅਤੇ ਬੇਰਹਿਮੀ ਦਾ ਪ੍ਰਗਟਾ ਹੀ ਮੰਨਿਆ।
ਗੁਰੂ ਅਰਜਨ ਦੇਵ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ। ਜਿਸ ਸਥਾਨ ਵਿਖੇ ਜ਼ਾਲਮ ਹਾਕਮਾਂ ਵਲੋਂ ਗੁਰੂ ਜੀ ਦੀ ਪਾਵਨ ਦੇਹ ਨੂੰ ਰਾਵੀ ਦਰਿਆ ਵਿਚ ਸੁਟਿਆ ਗਿਆ, ਉੱਥੇ ਉਨ੍ਹਾਂ ਦੀ ਯਾਦ ਵਿਚ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ (ਹੁਣ ਪਾਕਿਸਤਾਨ ਵਿਚ) ਮੌਜੂਦ ਹੈ। ਗੁਰੂ ਅਰਜਨ ਦੇਵ ਜੀ ਨੂੰ ਉਨ੍ਹਾਂ ਦੀ ਨਿਮਰਤਾ ਲਈ ਯਾਦ ਕੀਤਾ ਜਾਂਦਾ ਹੈ। ਉਹ ਬਹੁਤ ਸ਼ਾਂਤ-ਸੁਭਾਅ ਵਾਲੇ ਸੰਤ-ਰੂਪ ਵਿਅਕਤੀ ਸਨ। ਗੁਰੂ ਅਰਜਨ ਦੇਵ ਜੀ ਇਕ ਉੱਤਮ ਕਵੀ ਸਨ। ਉਨ੍ਹਾਂ ਨੇ ਲਗਭਗ 2,218 ਸ਼ਬਦਾਂ (ਹੇਮਨਸ) ਦੀ ਰਚਨਾ ਕੀਤੀ। ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕੀਤੀ ਗਈ ਬਾਣੀ ਦਾ ਵੱਡਾ ਹਿੱਸਾ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਆ ਗਿਆ ਹੈ।