ਕਿਸਾਨ ਲਹਿਰ ਦਾ ਸ਼ਾਨਦਾਰ ਸਿਪਾਹੀ

ਡਾ. ਦਰਸ਼ਨ ਪਾਲ
ਫੋਨ: 91- 94172-69294
ਪਟਿਆਲਾ ਨੇੜਲੇ ਪਿੰਡ ਝੰਡੀ ਦਾ ਮੇਜਰ ਖਾਨ (15 ਮਾਰਚ 1974-17 ਮਈ 2021) ਕਿਸਾਨ ਲਹਿਰ ਦਾ ਸ਼ਾਨਦਾਰ ਸਿਪਾਹੀ ਸੀ। ਕਿਸਾਨ ਸੰਘਰਸ਼ ਦੇ ਆਰੰਭ ਤੋਂ ਹੀ ਉਹ ਦਿੱਲੀ ਦੇ ਸਿੰਘੂ/ਕੁੰਡਲੀ ਬਾਰਡਰ ਤੇ ਡਟਿਆ ਹੋਇਆ ਸੀ। 26 ਨਵੰਬਰ 2020 ਨੂੰ ਉਹ ਪੰਜਾਬ-ਹਰਿਆਣਾ ਦੇ ਧਰਮੇੜੀ-ਚੀਕਾ ਬਾਰਡਰ ਤੋਂ ਕਿਸਾਨਾਂ ਦੇ ਕਾਫ਼ਲੇ ਨਾਲ ਦਿੱਲੀ ਗਿਆ ਸੀ ਤੇ ਉਸ ਤੋਂ ਬਾਅਦ ਕਦੇ ਵੀ ਘਰ ਵਾਪਸ ਨਹੀਂ ਆਇਆ। ਟਰਾਲੀ ਨੂੰ ਹੀ ਆਪਣਾ ਘਰ ਬਣਾ ਲਿਆ ਸੀ। ਮੇਜਰ ਖਾਨ ਉਨ੍ਹਾਂ ਬਹਾਦਰ ਅੰਦੋਲਨਕਾਰੀਆਂ ਵਿਚੋਂ ਸੀ ਜਿਨ੍ਹਾਂ ਨੇ ਅਹਿਦ ਕੀਤਾ ਹੋਇਆ ਸੀ ਕਿ ਘੋਲ ਜਿੱਤ ਕੇ ਹੀ ਘਰਾਂ ਨੂੰ ਵਾਪਸ ਮੁੜਨਾ ਹੈ। ਉਸ ਨੇ ਆਪਣੀ ਜਿੰਦ-ਜਾਨ ਤੱਕ ਅੰਦੋਲਨ ਨੂੰ ਹੀ ਸਮਰਪਿਤ ਕੀਤੀ ਹੋਈ ਸੀ।

ਮੇਜਰ ਖਾਨ ਸਾਧਾਰਨ ਆਰਥਿਕ ਮਿਆਰ ਵਾਲੇ ਪਰਿਵਾਰ ਵਿਚੋਂ ਸੀ ਜਿਸ ਨੇ 23 ਸਾਲ ਫੌਜ ਵਿਚ ਨੌਕਰੀ ਕੀਤੀ। ਮੇਜਰ ਖਾਨ ਦਾ ਸੁਭਾਅ ਲੋਕ ਸੇਵਾ ਵਾਲਾ ਹੋਣ ਕਰ ਕੇ ਉਸ ਦਾ ਕਿਸਾਨ ਲਹਿਰ ਵੱਲ ਖਿੱਚਿਆ ਜਾਣਾ ਸੁਭਾਵਿਕ ਹੀ ਸੀ। ਮੇਜਰ ਖਾਨ ਦਾ ਮਾਮਾ ਕਿਸ਼ੋਰੀ ਜੋ ਨੇਤਰਹੀਣ ਸੀ ਅਤੇ ਬੜੀ ਡੂੰਘੀ ਸੂਝ ਤੇ ਅਗਾਂਹਵਧੂ ਵਿਚਾਰਧਾਰਾ ਦਾ ਮਾਲਕ ਸੀ, ਰਾਸ਼ਟਰੀ ਨੇਤਰਹੀਣ ਸੰਘਰਸ਼ ਸਮਿਤੀ ਦਾ ਪ੍ਰਧਾਨ ਸੀ। ਉਸ ਨੇ ਨੇਤਰਹੀਣਾਂ ਦੀ ਸਮਾਜਿਕ ਬਿਹਤਰੀ ਲਈ ਬਹੁਤ ਸਾਰੇ ਸੰਘਰਸ਼ਾਂ ਦੀ ਅਗਵਾਈ ਕੀਤੀ ਸੀ ਅਤੇ ਜੇਲ੍ਹਾਂ ਵੀ ਕੱਟੀਆਂ ਸਨ। ਮੇਜਰ ਖਾਨ ਨੇ ਆਪਣੇ ਉਸ ਮਾਮੇ ਤੋਂ ਬਹੁਤ ਕੁਝ ਗ੍ਰਹਿਣ ਕੀਤਾ ਹੋਇਆ ਸੀ। ਸੋ, ਸਮਾਜਿਕ ਸਰੋਕਾਰਾਂ ਬਾਰੇ ਮੇਜਰ ਖਾਨ ਵਿਚ ਅਚੇਤ ਹੀ ਚੇਤਨਾ ਵਿਕਸਿਤ ਹੋ ਗਈ ਅਤੇ ਉਹ ਕਿਸਾਨਾਂ-ਮਜ਼ਦੂਰਾਂ ਦੀ ਲੋਕ ਫੌਜ ਦਾ ਸੈਨਿਕ ਬਣ ਗਿਆ।
ਪੰਜਾਬ ਵਿਚ ਜਦੋਂ ਪਿਛਲੇ ਸਾਲ ਤਿੰਨ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਇਆ ਤਾਂ ਮੇਜਰ ਖਾਨ ਇਸ ਸੰਘਰਸ਼ ਵਿਚ ਦਿਨ ਰਾਤ ਇਕ ਕਰ ਕੇ ਜੁੜ ਗਿਆ। ਉਨ੍ਹਾਂ ਹੀ ਦਿਨਾਂ ਵਿਚ ਉਸ ਨੇ ਮੇਰੇ ਨਾਲ ਆਪਣੀ ਨੇੜਤਾ ਹੋਰ ਵਧਾ ਲਈ ਅਤੇ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿਚ ਬਾਕਾਇਦਾ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। ਫੌਜ ਵਿਚ ਰਿਹਾ ਹੋਣ ਕਰ ਕੇ ਬਾ-ਜ਼ਾਬਤਾ ਕੰਮ ਕਰਨ ਵਿਚ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਬੈਠਾ ਉਹ ਹਮੇਸ਼ਾ ਆਪਣੇ ਘਰਦਿਆਂ/ਰਿਸ਼ਤੇਦਾਰਾਂ ਨੂੰ ਕਹਿੰਦਾ, “ਮੈਂ ਉਦੋਂ ਹੀ ਘਰ ਵਾਪਸ ਆਵਾਂਗਾ ਜਦੋਂ ਕਿਸਾਨਾਂ ਦੀ ਮੁਕੰਮਲ ਜਿੱਤ ਹੋ ਜਾਵੇਗੀ।” ਮੈਨੂੰ ਯਾਦ ਹੈ, ਘਰ ਵਿਚੋਂ ਉਸ ਦੇ ਚਾਚੇ ਦੀ ਪੋਤੀ (ਖਾਨ ਦੀ ਭਤੀਜੀ) ਦਾ ਵਿਆਹ ਸੀ, ਉਸ ਨੇ ਕਿਹਾ, “ਜਦੋਂ ਮੈਂ ਫੌਜ ਵਿਚ ਸੀ, ਉਦੋਂ ਵੀ ਤਾਂ ਘਰ ਦੇ ਬਹੁਤ ਸਾਰੇ ਕਾਰ-ਵਿਹਾਰ ਮੈਥੋਂ ਬਿਨਾਂ ਹੋ ਜਾਂਦੇ ਸਨ।”
ਮੇਜਰ ਖਾਨ ਆਪਣੇ ਸੁਭਾਅ ਅਤੇ ਸਾਫ਼ ਚਰਿੱਤਰ ਕਰ ਕੇ ਥੋੜ੍ਹੇ ਸਮੇਂ ਵਿਚ ਹੀ ਆਪਣੇ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਬਜ਼ੁਰਗਾਂ, ਨੌਜਵਾਨਾਂ, ਔਰਤਾਂ, ਬੱਚਿਆਂ ਵਿਚ ਹਰਮਨ ਪਿਆਰਾ ਹੋ ਗਿਆ। ਦਿੱਲੀ ਬੈਠਿਆਂ ਉਹ ਮੋਰਚੇ ਵਿਚ ਜਥਿਆਂ ਦੇ ਪਹੁੰਚਣ ਦੀ ਗਰੰਟੀ ਕਰਦਾ। ਬਿਮਾਰ ਹੋਣ ਤੋਂ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਪਿੰਡੋਂ 15-16 ਔਰਤਾਂ ਦਾ ਜਥਾ ਸਿੰਘੂ ਬਾਰਡਰ ਮੰਗਵਾਇਆ। ਇਸ ਜਥੇ ਵਿਚ ਉਸ ਦੀ ਆਪਣੀ ਮਾਤਾ ਗੌਰਾਂ ਵੀ ਸੀ। ਇਹ ਜਥਾ ਦਸ ਦਿਨ ਮੋਰਚੇ ਵਿਚ ਰਿਹਾ। ਇਕ ਘਟਨਾ ਯਾਦ ਹੈ ਕਿ ਉਸ ਨੇ ਫੰਡਾਂ ਦਾ ਵਿਸ਼ੇਸ਼ ਪ੍ਰਬੰਧ ਕਰ ਕੇ ਝੰਡੀ ਪਿੰਡ ਵਿਚ ਸਮਾਗਮ ਕਰ ਕੇ ਸਾਰੀਆਂ ਬੀਬੀਆਂ ਦਾ ਹਰੇ ਰੰਗ ਦੇ ਪਟਕੇ ਪਵਾ ਕੇ ਸਨਮਾਨ ਸਮਾਰੋਹ ਕੀਤਾ।
ਮੇਰੇ ਨਾਲ ਮੇਜਰ ਖਾਨ ਦਾ ਭਾਵੁਕ ਰਿਸ਼ਤਾ ਵੀ ਸੀ। ਮੇਰੇ ਅਤੇ ਮੇਜਰ ਖਾਨ ਦੇ ਨਾਨਕੇ ਇਕੋ ਪਿੰਡ ਹੋਣ ਕਾਰਨ ਉਹ ਮੇਰੇ ਨਾਲ ਬੜੀ ਜਜ਼ਬਾਤੀ ਜਿਹੀ ਸਾਂਝ ਰੱਖਦਾ। ਮੈਨੂੰ ਤੇ ਮੇਰੇ ਹਰ ਜਾਣ-ਪਛਾਣ ਵਾਲੇ ਨੂੰ ਉਹ ਮਾਮਾ ਹੀ ਆਖਦਾ। ਮੇਜਰ ਖਾਨ ਸੁਭਾਅ ਪੱਖੋਂ ਅੰਤਾਂ ਦਾ ਮਿੱਠਬੋਲੜਾ, ਖੁਸ਼ ਤਬੀਅਤ ਅਤੇ ਮਦਦਗਾਰ ਸੀ। ਇਹੋ ਵਜ੍ਹਾ ਹੈ ਕਿ ਉਹ ਥੋੜ੍ਹੇ ਜਿਹੇ ਸਮੇਂ ਵਿਚ ਹੀ ਆਪਣੇ ਭਾਈਚਾਰੇ, ਇਲਾਕੇ ਅਤੇ ਹੁਣ ਸਿੰਘੂ ਬਾਰਡਰ ‘ਤੇ ਤਾਇਨਾਤ ਆਪਣੇ ਸਾਥੀ ਨੇਤਾਵਾਂ ਅਤੇ ਮੀਡੀਆ ਕਰਮੀਆਂ ਵਿਚ ਵੀ ਬਹੁਤ ਹਰਮਨ ਪਿਆਰਾ ਹੋ ਗਿਆ ਸੀ। ਉਹ ਆਪਣੇ ਸਾਥੀਆਂ ਦੀ ਹਰ ਲੋੜ ਦਾ ਪੂਰਾ ਧਿਆਨ ਰੱਖਦਾ ਤੇ ਨਿਰਸੁਆਰਥ ਦੂਜਿਆਂ ਦੀ ਮਦਦ ਕਰਦਾ।
ਉਸ ਦੇ ਤੁਰ ਜਾਣ ਨਾਲ ਕਿਸਾਨ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਸੰਯੁਕਤ ਪਰਿਵਾਰ ਵਿਚ ਉਹ ਇਕੱਲਾ ਅਗਵਾਈ ਕਰਨ ਵਾਲਾ ਜ਼ਿੰਮੇਵਾਰ ਸ਼ਖ਼ਸ ਸੀ। ਦੋ ਬੱਚੇ (ਪੁੱਤਰ ਤੇ ਪੁੱਤਰੀ) ਅਜੇ ਕਾਲਜ ਦੀ ਪੜ੍ਹਾਈ ਕਰ ਰਹੇ ਹਨ। ਇਕ ਵਿਧਵਾ ਭੈਣ ਦੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਮੇਜਰ ਖਾਨ ਦੇ ਸਿਰ ਸੀ। ਪਿਤਾ ਜੈਮਲ ਖਾਨ ਦੀ ਅਣਹੋਂਦ ਕਾਰਨ ਮਾਤਾ ਗੌਰਾਂ ਦੀ ਜ਼ਿੰਮੇਵਾਰੀ ਵੀ ਮੇਜਰ ਖਾਨ ਉਪਰ ਹੀ ਸੀ। ਇਨ੍ਹਾਂ ਸਾਰੀਆਂ ਮਜਬੂਰੀਆਂ ਦੇ ਬਾਵਜੂਦ ਮੇਜਰ ਖਾਨ ਕਿਸਾਨ ਅੰਦੋਲਨ ਵਿਚ ਕੁੱਦਿਆ ਅਤੇ ਜਾਨ ਦੀ ਆਹੂਤੀ ਦੇ ਗਿਆ।
ਉਹ ਰੋਜ਼ਾਨਾ ਖੂਬਸੂਰਤ ਹਰੀ ਪੱਗ ਬੰਨ੍ਹ ਕੇ, ਗਲ ਵਿਚ ਹਰਾ ਪਟਕਾ ਪਾ ਕੇ ਪੂਰੇ ਮੋਰਚੇ ਦਾ ਗੇੜਾ ਲਾਉਂਦਾ ਤੇ ਕਿਸਾਨਾਂ ਵਿਚ ਚਲ ਰਹੀ ਬਹਿਸ/ਚਰਚਾ ਵਿਚ ਭਾਗ ਲੈਂਦਾ, ਸਾਡੇ ਨਾਲ ਵੀ ਸੰਵਾਦ ਰਚਾਉਂਦਾ; ਇਥੋਂ ਤੱਕ ਕਿ ਟਰਾਲੀਆਂ, ਟੈਂਟਾਂ, ਝੁੱਗੀਆਂ ਅੰਦਰ ਰਹਿ ਰਹੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦਾ ਅਤੇ ਹੱਲ ਕਰਨ ਦੀ ਹਰ ਵਾਹ ਲਾਉਂਦਾ।
ਸਾਨੂੰ ਨਹੀਂ ਸੀ ਪਤਾ ਕਿ ਜੋਸ਼, ਉਤਸ਼ਾਹ, ਹੁਲਾਸ ਅਤੇ ਉਮਾਹ ਨਾਲ ਭਰਿਆ ਇਹ ਇਨਸਾਨ ਸਾਡੇ ਕੋਲੋਂ ਛੇਤੀ ਹੀ ਵਿਛੜਨ ਵਾਲਾ ਹੈ। ਮਈ ਦਾ ਮਹੀਨਾ ਚੜ੍ਹਦਿਆਂ ਹੀ ਉਹਨੂੰ ਥੋੜ੍ਹਾ ਬੁਖ਼ਾਰ ਹੋਇਆ, ਟੈਸਟਾਂ ਦੌਰਾਨ ਟਾਈਫਾਈਡ ਆਇਆ ਅਤੇ 7 ਮਈ ਨੂੰ ਐਂਬੂਲੈਂਸ ਰਾਹੀਂ ਪਟਿਆਲਾ ਦੇ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਹਰ ਸੰਭਵ ਕੋਸ਼ਿਸ਼ ਤੋਂ ਬਾਅਦ 17 ਮਈ ਨੂੰ ਉਹ ਸਦਾ ਲਈ ਵਿਛੜ ਗਿਆ। ਮੇਜਰ ਖਾਨ ਸਾਡੇ 475 ਸ਼ਹੀਦ ਕਿਸਾਨਾਂ ਦੀ ਸ਼ਾਨਾਮੱਤੀ ਲੜੀ ਦਾ ਹਿੱਸਾ ਬਣ ਗਿਆ ਜੋ ਕਿਸਾਨ ਮੋਰਚੇ ਵਿਚ ਸ਼ਹੀਦ ਹੋਏ ਹਨ।