ਹਰਜਿੰਦਰ ਕੰਗ: ਲੋਕਾਂ ਦਾ ਕਵੀ

ਡਾ. ਗੁਰੂਮੇਲ ਸਿੱਧੂ
ਕਵੀ ਇਕ ਅਜਿਹਾ ਵਿਅਕਤੀ ਹੈ, ਜਿਸ ਪਾਸ ਕਲਪਨਾ ਅਤੇ ਸੰਵੇਦਨ-ਸ਼ਕਤੀ ਹੁੰਦੀ ਹੈ। ਦੇਖਣ-ਪਾਖਣ ਨੂੰ ਆਮ ਬੰਦੇ ਜਿਹਾ, ਪਰ ਅੰਦਰੋਂ ਸੂਖਮ ਤੇ ਤਰਲ ਜਿਹੇ ਹਾਵਾਂ-ਭਾਵਾਂ ਦੀਆਂ ਪਰਤਾਂ ਦਾ ਮੁਜੱਸਮਾ। ਉਸ ਦੀ ਸੋਚ ਤੇ ਸਲੀਕਾ, ਬੋਲ-ਚਾਲ ਤੇ ਵਰਤਾਰਾ ਆਮ ਆਦਮੀ ਨਾਲੋਂ ਵੱਖਰੇ ਅਤੇ ਅਨੋਖੇ ਹੁੰਦੇ ਹਨ। ਦੋਵੇਂ ਜਣੇ-ਬੰਦਾ ਅਤੇ ਕਵੀ, ਗੱਲ ਸਮਝਾਉਣ ਲਈ ਸ਼ਬਦਾਂ ਦੀ ਵਰਤੋਂ ਕਰਦੇ ਹਨ। ਆਮ ਆਦਮੀ ਦੀ ਗੱਲ ਸਮੇਂ ਦੀ ਧੂੜ ਵਿਚ ਗੁੰਮ-ਗੁਆਚ ਜਾਂਦੀ ਹੈ, ਕਵੀ ਦੀ ਗੁਬਾਰ ਨੂੰ ਛੰਡ ਕੇ ਸੁਲਫੇ ਦੀ ਲਾਟ ਵਾਂਗ ਉਦੈ ਹੋ ਜਾਂਦੀ ਹੈ। ਗੱਲਬਾਤ ਦੇ ਵਿਸ਼ੇ ਦੋਹਾਂ ਦੇ ਇਕੋ ਜਿਹੇ ਹੁੰਦੇ ਹਨ, ਪਰ ਕਵੀ ਵਿਸ਼ੇ ਨੂੰ ਸੁਰਜੀਤ ਕਰ ਦਿੰਦਾ ਹੈ। ਕਾਰਨ ਕੀ ਹੈ?

ਸਾਦਾ ਜਿਹਾ ਉਤਰ ਹੈ ਕਿ ਕਵੀ ਆਪਣੇ ਅਨੁਭਵ ਨੂੰ ਢੱਕਵੇਂ ਤੇ ਭਾਵਪੂਰਤ ਸ਼ਬਦਾਂ ਵਿਚ, ਤੋਲ-ਤੁਕਾਂਤ ਦੀਆਂ ਜੁਗਤਾਂ ਰਾਹੀਂ, ਸੁਰਬੱਧ ਕਰਕੇ ਪੇਸ਼ ਕਰਨ ਦੀ ਕਲਾ ਰੱਖਦਾ ਹੈ। ਅਜਿਹੀ ਰਚਨਾ ਸਬੱਬੀ ਕਰਮ ਹੁੰਦੀ ਹੈ, ਜਿਸ ਨੂੰ ਕਾਵਿਕ ਭਾਸ਼ਾ ਵਿਚ ਆਮਦ ਹੋਣਾ ਕਹਿੰਦੇ ਹਨ। ਅਜਿਹੀ ਕਿਰਤ ਲੋਕਾਂ ਦੀ ਜ਼ੁਬਾਨ ‘ਤੇ ਸਹਿਜੇ ਤੇ ਸਹਿਬਨ ਹੀ ਚੜ੍ਹ ਜਾਂਦੀ ਹੈ ਅਤੇ ਸਮੇਂ ਨਾਲ ਲੋਕ ਗੀਤ ਦੀ ਪਦਵੀ ਤਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ। ਇਸ ਸਥਾਨ ‘ਤੇ ਪਹੁੰਚ ਕੇ ਕਵੀ ਅਤੇ ਰਚਨਾ, ਇਕ ਦੂਜੇ ਵਿਚ ਅਭੇਦ ਹੋ ਜਾਂਦੇ ਹਨ ਤੇ ਕਿਸੇ ਲੋਕ ਗੀਤ ਦਾ ਜਨਮ ਹੁੰਦਾ ਹੈ। ਸੁਹਾਗ ਅਤੇ ਘੋੜੀਆਂ, ਸਿੱਠਣੀਆਂ ਅਤੇ ਸੋਹਲੇ ਆਦਿ ਇਸੇ ਸੰਜੋਗ ਦੇ ਪ੍ਰਤੀਫਲ ਹਨ।
ਆਮ ਆਦਮੀ ਅਤੇ ਕਵੀ ਗੱਲ ਸਮਝਾਉਣ ਲਈ ਸਤਰਾਂ ਦੀ ਵਰਤੋਂ ਕਰਦਾ ਹੈ। ਆਮ ਆਦਮੀ ਦੀ ਸਤਰ ਚੇਤੇ ‘ਚੋਂ ਕਿਰ ਜਾਂਦੀ ਹੈ ਤੇ ਕਵੀ ਦੀ ਦਿਲ ਵਿਚ ਬਹਿ ਜਾਂਦੀ ਹੈ। ਅਜਿਹਾ ਕਿਉਂ ਹੈ? ਕਵੀ ਗੱਲ ਨੂੰ ਖਾਸ ਬਣਾਉਣ ਲਈ ਸਤਰ ਨੂੰ ਵਾਕੰਸ਼ਾਂ, ਅਲੰਕਾਰਾਂ, ਸਿਮਲੀਆਂ, ਬਿੰਬਾਂ ਅਤੇ ਚਿੰਨ੍ਹਾਂ ਨਾਲ ਸਜਾ ਕੇ ਪੇਸ਼ ਕਰਦਾ ਹੈ। ਇਨ੍ਹਾਂ ਜੁਗਤਾਂ ਦਾ ਪ੍ਰਯੋਗ ਤਾਂ ਸਾਰੇ ਕਵੀ ਕਰਦੇ ਹਨ, ਕੁਝ ਦੀ ਕਵਿਤਾ ਪਾਠਕ ਨੂੰ ਝੰਜੋੜਦੀ ਹੈ ਅਤੇ ਹੋਰਨਾਂ ਦੀ ਪੱਥਰ ਤੋਂ ਪਾਣੀ ਵਾਂਗ ਤਿਲ੍ਹਕ ਜਾਂਦੀ ਹੈ। ਕਾਰਨ ਇਹ ਹੈ ਕਿ ਇਹ ਅਨੁਭਵੀ ਕਵੀ ਢੁਕਵੇਂ ਸ਼ਬਦਾਂ ਨੂੰ ਆਮ ਲੋਕਾਂ ਦੀ ਬੋਲੀ ਦੇ ਮੇਚ ਕਰਕੇ ਪੇਸ਼ ਕਰਦਾ ਹੈ। ਹਰਜਿੰਦਰ ਕੰਗ ਦੀ ਕਵਿਤਾ ਵਿਚ ਉਪਰੋਕਤ ਗੁਣ ਹਾਜ਼ਰ-ਨਾਜ਼ਰ ਰਹਿੰਦੇ ਹਨ, ਇਸੇ ਲਈ ਉਸ ਨੂੰ ‘ਲੋਕਾਂ ਦਾ ਕਵੀ’ ਕਿਹਾ ਹੈ। ਪ੍ਰਮਾਣ ਵਜੋਂ ਉਸ ਦੇ ਗੀਤਾਂ ਦੀ ਸੂਚੀ ਹਾਜ਼ਰ ਹੈ, ਜਿਨ੍ਹਾਂ ‘ਚੋਂ ਕਈ ਲੋਕ ਗੀਤਾਂ ਦਾ ਰੁਤਬਾ ਅਖਤਿਆਰ ਕਰ ਗਏ ਹਨ:
ਸਾਲ ਗੀਤ ਗਾਇਕ ਸੰਗੀਤਕਾਰ ਕੈਸੇਟ ਕੰਪਨੀ
1992 ਵੇ ਵਣਜਾਰਿਆ ਸਾਬਰ ਕੋਟੀ ਸੁਰਿੰਦਰ ਬਚਨ ਵੇ ਵਣਜਾਰਿਆਂ ਏ. ਐਮ. ਸੀ.
1997 ਵਿਸਾਖੀ ਵਾਲੇ ਮੇਲੇ ਸਾਬਰ ਕੋਟੀ ਸੁਰਿੰਦਰ ਬਚਨ ਮੰਗੀ ਗਈ ਟੀ. ਸੀਰੀਜ਼
1997 ਸੱਤ ਸਮੁੰਦਰ ਦੂਰ ਜਸਵਿੰਦਰ ਬਿੱਲਾ ਰਮੇਸ਼ ਬਟਾਲਵੀ ਮੁੰਡਿਆਂ ਦੇ ਦਿਲ ਬੱਬਰ ਕੈਸੇਟ
1999 ਆਪਾਂ ਦੋਵੇਂ ਰੁੱਸ ਬੈਠੇ ਹੰਸ ਰਾਜ ਹੰਸ ਸੁਰਿੰਦਰ ਸੋਢੀ ਝਾਂਜਰ ਟਿਪਸ
1999 ਅੱਜ ਵੀ ਨਈਂ ਨੱਚਣਾ ਸਾਬਰ ਕੋਟੀ ਚਰਨਜੀਤ ਆਹੂਜਾ ਗੁਲਾਬੋ ਐਚ. ਐਮ. ਵੀ.
2001 ਝੁਮਕੇ ਜਸਵਿੰਦਰ ਬਿੱਲਾ ਅਤੁਲ ਸ਼ਰਮਾ ਝੁਮਕੇ ਟੀ. ਸੀਰੀਜ਼
2001 ਨਿੱਘੀ ਨਿੱਘੀ ਯਾਦ ਗਿੱਲ ਹਰਦੀਪ ਸੁਖਪਾਲ ਸੁੱਖ ਜੱਟ ਰਿਸਕੀ ਰਾਜਾ ਇਟਰ.
2001 ਮੁੱਖੜਾ ਤੁਹਾਡਾ ਹੰਸ ਰਾਜ ਹੰਸ ਅਨੰਦ ਰਾਜ ਅਨੰਦ ਸਭ ਤੋਂ ਸੋਹਣੀ ਟੀ. ਸੀਰੀਜ਼
2002 ਰੁੜ੍ਹ ਗਏ ਅੱਖਰ ਸਾਰੇ ਗਿੱਲ ਹਰਦੀਪ ਸੁਖਪਾਲ ਸੁੱਖ ਜੱਟ ਮਾਰਦੇ… ਰਾਜਾ ਇਟਰ.
2002 ਫੁਲਕਾਰੀ ਹੰਸ ਰਾਜ ਹੰਸ ਅਤੁਲ ਸ਼ਰਮਾ ਹਾਏ ਸੋਹਣੀਏ ਟੀ. ਸੀਰੀਜ਼
2004 ਛਮ ਛਮ ਰੋਣ ਅੱਖੀਆਂ ਹੰਸ ਰਾਜ ਹੰਸ ਅਤੁਲ ਸ਼ਰਮਾ ਛਮ ਛਮ ਰੋਣ ਅੱਖੀਆਂ ਟੀ. ਸੀਰੀਜ਼
2006 ਚਿਹਰਿਆਂ ਸਾਬਰ ਕੋਟੀ ਗੁਰਮੀਤ ਸਿੰਘ ਸੱਧਰਾਂ ਆਡੀਓ ਟੱਚ
2007 ਜ਼ਿੰਦਗੀ ਚੰਦਨ ਜੱਸੀ ਬ੍ਰਦਰਜ਼ ਜ਼ਿੰਦਗੀ ਗਰਾਇੰਡ ਮਿਊਜ਼ਿਕ
2007 ਪੰਜਾਬੀਓ ਗਿੱਲ ਹਰਦੀਪ ਵਿਨੇ ਵਿਨਾਇਕ ਗੜਬੜ ਲਗਦੀ ਸੁਰਸੰਗਮ ਐਟਰਟੇਨਮੈਂਟ
2008 ਸਾਡੀਆਂ ਨਿਸ਼ਾਨੀਆਂ ਸਾਬਰ ਕੋਟੀ ਸੁਨੀਲ ਕਲਿਆਣ ਲੈਜੰਡਰੀ ਸੈਕੰਡ. ਮੂਵੀ ਬੌਕਸ ਇੰਗ.
2010 ਤਸਵੀਰਾਂ ਪੰਜਾਬ ਦੀਆਂ ਗਿੱਲ ਹਰਦੀਪ ਤੇਜਵੰਤ ਕਿੱਟੂ ਜਸਟ ਪੰਜਾਬੀ ਗੋਇਲ ਮਿਊਜ਼ਿਕ
2013 ਧੀਆਂ (ਟੱਪੇ) ਗਿੱਲ ਹਰਦੀਪ ਤੇਜਵੰਤ ਕਿੱਟੂ ਲਵ ਫਾਰ ਲਵ ਗੋਇਲ ਮਿਊਜ਼ਿਕ
2014 ਕੁੜੀਆਂ ਚਿੜੀਆਂ ਹੰਸ ਰਾਜ ਹੰਸ ਹੰਸ ਰਾਜ ਹੰਸ ਦੂਰਦਰਸ਼ਨ ਪ੍ਰੋਡਕਸ਼ਨ
2018 ਇਸ ਵਾਰੀ ਜਦ ਪਿੰਡੋਂ… ਚੰਦਨ ਸਿੰਘ ਚੰਦਨ ਸਿੰਘ ਰੋ ਕੇ ਗੋਇਲ ਮਿਊਜ਼ਿਕ
2019 ਧੁਨੀਆਂ ੴ ਦੀਆਂ ਅਮਰਜੀਤ ਲਾਲੀ ਚੰਦਨ ਸਿੰਘ … ਗੋਇਲ ਮਿਊਜ਼ਿਕ
ਕਲਾਕਾਰ ਦੀ ਕੋਈ ਨਾ ਕੋਈ ਰਚਨਾ ਅਜਿਹੀ ਹੋ ਨਿਬੜਦੀ ਹੈ, ਜੋ ਉਸ ਦਾ ਪਛਾਣ-ਚਿੰਨ੍ਹ ਬਣ ਜਾਂਦੀ ਹੈ। ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਕੁਝ ਪ੍ਰਮੁੱਖ ਗੀਤਕਾਰ ਹਨ, ਜਿਨ੍ਹਾਂ ਦੀਆਂ ਕਿਰਤਾਂ ਲੋਕ ਗੀਤਾਂ ਦੀ ਪਦਵੀ ਪਾ ਚੁਕੀਆਂ ਹਨ। ਮਿਸਾਲ ਵਜੋਂ ਨੰਦ ਲਾਲ ਨੂਰਪੁਰੀ ਦੇ ਗੀਤ ‘ਚੰਨ ਵੇ ਕਿ ਸ਼ੌਕਣ ਮੇਲੇ ਦੀ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ’ ਅਤੇ ‘ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ।’ ਸ਼ਿਵ ਕੁਮਾਰ ਬਟਾਲਵੀ ਦੇ ਗੀਤ- ‘ਮਾਏਂ ਨੀ ਮਾਏਂ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ’, ‘ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਓਂ ਵਿਛੜੇ ਨੀਰਾਂ ਦਾ’, ‘ਇਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ’ ਅਤੇ ‘ਇਕ ਕੁੜੀ ਜੀਹਦਾ ਨਾਂ ਮੁਹੱਬਤ।’ ਬਾਬੂ ਸਿੰਘ ਮਾਨ ਮਰਾੜਾਂਵਾਲਾ ਦੇ ‘ਚਿੱਟੀਆਂ ਕਪਾਹ ਦੀਆਂ ਫੁੱਟੀਆਂ’, ‘ਮੇਰਾ ਲੌਂਗ ਗੁਆਚਾ, ਨਿਗਾਹ ਮਾਰਦਾ ਆਈਂ ਵੇ’ ਅਤੇ ‘ਆ ਗਿਆ ਵਣਜਾਰਾ।’ ਦੇਵ ਥਰੀਕੇਵਾਲਾ ਦੇ ‘ਨੀ ਉਠ ਦੇਖ ਨਣਾਨੇ ਕੌਣ ਪ੍ਰਾਹੁਣਾ ਆਇਆ’, ‘ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ’ ਅਤੇ ‘ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲ ਲੱਗਦਾ।’ ਗੁਰਦੇਵ ਸਿੰਘ ਮਾਨ ਦੇ ‘ਮਿੱਤਰਾਂ ਦੀ ਲੂਣ ਦੀ ਡਲੀ’, ‘ਊੜਾ ਐੜਾ ਈੜੀ’ ਅਤੇ ‘ਮੇਲੇ ਮੁਕਤਸਰ ਦੇ ਲੈ ਜਾ ਨਣਦ ਦਿਆ ਵੀਰਾ।’ ਇੰਦਰਜੀਤ ਹਸਨਪੁਰੀ ਦੇ ‘ਗੜਵਾ ਲੈ ਦੇ ਚਾਂਦੀ ਦਾ’, ‘ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ’ ਅਤੇ ‘ਢਾਈ ਦਿਨ ਨਾ ਜੁਆਨੀ ਨਾਲ ਚਲਦੀ।’ ਦੀਪਕ ਜੈਤੋਈ ਦੇ ‘ਆਹ ਲੈ ਮਾੲਂੇ ਸਾਂਭ ਕੁੰਜੀਆਂ’ ਅਤੇ ‘ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ।’ ਲਾਲ ਚੰਦ ਝਮਲਾ ਜੱਟ ਦੇ ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’, ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ’ ਅਤੇ ‘ਚਿੱਟਾ ਹੋ ਗਿਆ ਲਹੂ।’ ਚਰਨ ਸਿੰਘ ਸਫਰੀ ਦੇ ‘ਚੰਨ ਮਾਤਾ ਗੁਜਰੀ ਦਾ’, ‘ਦੋ ਬੜੀਆਂ ਕੀਮਤੀ ਜਿੰਦਾਂ’ ਅਤੇ ‘ਦੱਧ ਨੂੰ ਮਧਾਣੀ ਪੁੱਛਦੀ।’ ਪ੍ਰਕਾਸ਼ ਸਾਥੀ ਦੇ ‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ’, ‘ਮੈਂ ਦੂਰ ਚਲਾ ਜਾਵਾਂਗਾਂ’ ਅਤੇ ‘ਕਿੰਨੀ ਖੁਸ਼ੀ ਸੀ ਤੇਰੇ ਮਿਲਣ ਦੀ।’ ਕਰਨੈਲ ਸਿੰਘ ਪਾਰਸ ਦੇ ‘ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ’, ‘ਭਗਤ ਸਿੰਘ ਦੀ ਘੋੜੀ’ ਅਤੇ ‘ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ’ ਆਦਿ।
ਪੰਜਾਬੀ ਦੇ ਕਈ ਗੀਤ ਅਜਿਹੇ ਹਨ, ਜੋ ਲੋਕ ਗੀਤ ਦਾ ਰੁਤਬਾ ਪਾ ਗਏ ਹਨ, ਪਰ ਉਨ੍ਹਾਂ ਦੇ ਰਚਨਹਾਰਿਆਂ ਬਾਰੇ ਲੋਕ ਘੱਟ ਹੀ ਜਾਣਦੇ ਹਨ ਜਿਵੇਂ, ਸਾਜਨ ਰਾਏਕੋਟੀ ਦੇ ‘ਨੈਣ ਪ੍ਰੀਤੋ ਦੇ ਬਹਿ ਜਾ ਬਹਿ ਜਾ ਕਰਦੇ’, ‘ਘੁੰਢ ਵਿਚ ਨਹੀਂ ਲੁਕਦੇ ਸੱਜਣਾਂ ਵੇ ਨੈਣ ਕੁਆਰੇ।’ ਚੰਨ ਜੰਡਿਆਲਵੀ ਦੇ ਗੀਤ ‘ਮਧਾਣੀਆਂ, ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ’ ਅਤੇ ‘ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ।’ ਗਿਆਨ ਚੰਦ ਧਵਨ ਦੇ ‘ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ’, ‘ਕਾਲਾ ਡੋਰੀਆ ਕੁੰਡੇ ਨਾਲ ਅੜਿਆ ਏ’ ਅਤੇ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ।’ ਇਵੇਂ ਹੀ ਹਰਜਿੰਦਰ ਕੰਗ ਦੇ ਗੀਤ, ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ’, ‘ਮੇਰੇ ਨਾਂ ਦਾ ਫੁੱਲ ਨਾ ਪਾਈਂ ਤੂੰ ਆਪਣੀ ਫੁਲਕਾਰੀ ‘ਤੇ’, ‘ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ’ ਅਤੇ ‘ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ, ਪਰ੍ਹ ਨਹੀਂ ਹੁੰਦੇ ਕੁੜੀਆਂ ਦੇ’ ਲੋਕ ਗੀਤਾਂ ਦੀ ਸਫ ਵਿਚ ਸ਼ਾਮਿਲ ਹੋ ਗਏ ਹਨ।
ਆਪਾਂ ਦੋਵੇਂ ਰੁੱਸ ਬੈਠੇ…
ਸਭ ਤੋਂ ਪਹਿਲਾਂ ਇਹ ਗੀਤ ਹੰਸ ਰਾਜ ਹੰਸ ਨੇ ਗਾਇਆ ਸੀ। ਇਸ ਦੀ ਐਨੀ ਧਾਕ ਪਈ ਤੇ ਡੰਕਾ ਵੱਜਿਆ ਕਿ ਦੁਨੀਆਂ ਭਰ ਦੇ ਪੰਜਾਬੀ ਗਾਇਕਾਂ ਨੇ ਪੂਰੀ ਸ਼ਿੱਦਤ ਨਾਲ ਗਾਇਆ। ਜਿਵੇਂ ਸ਼ਿਵ ਕੁਮਾਰ ਦੇ ਗੀਤ ‘ਮਾਏਂ ਨੀ ਮਾਏਂ ਮੇਰੇ ਗੀਤਾਂ ਦਿਆਂ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ’ ਨੂੰ ਜਗਜੀਤ ਸਿੰਘ, ਨੁਸਰਤ ਫਤਹਿ ਅਲੀ ਖਾਨ ਅਤੇ ਗੁਲਾਮ ਅਲੀ ਵਰਗੇ ਗਾਇਕਾਂ ਨੇ ਸੁਰ ਬਖਸ਼ਿਆ, ਉਸੇ ਤਰ੍ਹਾ ਕੰਗ ਦੇ ਇਸ ਗੀਤ ਨੂੰ ਵੀ ਪਾਕਿਸਤਾਨ ਦੇ ਗਾਇਕਾਂ ਜਿਵੇਂ ਨਸੀਬੋ ਲਾਲ, ਮਰਾਤਬ ਅਲੀ, ਫਰਾਹ ਲਾਲ ਅਤੇ ਹੁਮੈਰਾ ਚੰਨਾ ਨੇ ਬੜੇ ਚਾਅ ਨਾਲ ਗਾਇਆ। ਇਸੇ ਗੀਤ ਨੂੰ ਹਿੰਦੋਸਤਾਨ ਵਿਚ ਬਹੁਤ ਸਾਰੇ ਗਾਇਕਾਂ ਨੇ ਗਾ ਕੇ ਨਾਮਣਾ ਖੱਟਿਆ। ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਦੀ ਵਿਆਹੇ/ਕੁਆਰੇ ਜੋੜਿਆਂ ਨੇ ਵੀਡੀਓ ਬਣਾ ਬਣਾ ਕੇ ਯੂ. ਟਿਊਬ ‘ਤੇ ਪਾਈਆਂ। ਕੁਝ ਗਾਇਕਾਂ ਨੇ ਇਸ ਦੇ ਮੁੱਖੜੇ ਜਾਂ ਅੰਤਰਿਆਂ ਨੂੰ ਆਪਣੇ ਗੀਤਾਂ ਵਿਚ ਸਮੋ ਕੇ ਗਾਇਕੀ ਨੂੰ ਚਮਕਾਇਆ। ਕਈ ਆਸ਼ਿਕਾਂ ਨੇ ਪਿਆਰ ਨੂੰ ਦਰਸਾਉਣ ਲਈ, ਇਸ ਗੀਤ ‘ਤੇ ਆਧਾਰਤ ਵੀਡੀਓ ਬਣਾਈਆਂ। ਇਥੋਂ ਤਕ ਕੇ ਇਸ ਨੂੰ ਕਾਰਟੂਨਾਂ ਦੀ ਸ਼ਕਲ ਵਿਚ ਵੀ ਵਰਤਿਆ ਗਿਆ।
ਬੋਲੀ ਨਾ ਰਹੀ…
ਹਰਜਿੰਦਰ ਦੀ ਗੀਤਨੁਮਾ ਕਵਿਤਾ ‘ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਂਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣੀਆਂ’ ਵੀ ਆਮ ਲੋਕਾਂ ਦੀ ਅਮਾਨਤ ਬਣ ਚੁਕਿਆ ਹੈ। ਇਸ ਗੀਤ ਨੂੰ ਪੰਜਾਬੀ ਬੋਲੀ ਨਾਲ ਸਬੰਧਤ ਸਮਾਗਮਾਂ, ਮੇਲਿਆਂ, ਟੀ. ਵੀ. ਦੇ ਪ੍ਰੋਗਰਾਮਾਂ ਅਤੇ ਪੰਜਾਬੀ ਦੀਆਂ ਸਾਹਿਤਕ ਤੇ ਸਭਿਆਚਾਰਕ ਮਹਿਫਿਲਾਂ ਵਿਚ ਸਮੇਂ ਸਮੇਂ ਵਰਤਿਆ ਜਾਂਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਗੀਤ ਪੰਜਾਬ ਦੇ ਸਕੂਲਾਂ ਵਿਚ ਕਹਾਵਤ ਬਣ ਗਿਆ ਹੈ ਅਤੇ ਕੰਧਾਂ ਉਤੇ ਉਕਰਿਆ ਹੋਇਆ ਮਿਲਦਾ ਹੈ।
ਧੀਆਂ ਬਾਰੇ ਗੀਤ
ਸਾਡੇ ਸਮਾਜ ਵਿਚ ਧੀਆਂ ਨੂੰ ਧਿਆਣੀਆਂ ਵੀ ਕਿਹਾ ਗਿਆ ਹੈ ਅਤੇ ਕਰਮਾਂ-ਸੜੀਆਂ ਵਰਗੇ ਭੱਦੇ ਸ਼ਬਦਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੂੰ ਬਾਬਾ ਨਾਨਕ ਨੇ ਰਾਜਿਆਂ ਦੀਆਂ ਜਣਨੀਆਂ ਕਿਹਾ ਹੈ, ਉਸੇ ਸਮਾਜ ਵਿਚ ਧੀਆਂ ਨੂੰ ਕੁੱਖਾਂ ਵਿਚ ਮਾਰਨ ਦੀ ਅਲਾਮਤ ਵੀ ਸ਼ੁਮਾਰ ਹੈ। ਹਰਜਿੰਦਰ ਨੇ ਕੁਝ ਗੀਤ ਧੀਆਂ ਬਾਰੇ ਵੀ ਲਿਖੇ ਹਨ, ਜਿਨ੍ਹਾਂ ਵਿਚ ਕੁੜੀਆਂ ਨੂੰ ਰਿਸ਼ਤਿਆਂ ਦੇ ਤਾਣੇ-ਬਾਣੇ ਦੀ ਤੰਦ, ਜ਼ਿੰਦਗੀ ਦੀ ਕਿਤਾਬ ਦਾ ਮੁੱਖ ਬੰਦ ਅਤੇ ਫੁੱਲਾਂ ਦੀ ਸੁਗੰਧ ਵਰਗੇ ਅਲੰਕਾਰਾਂ ਨਾਲ ਨਿਵਾਜਿਆ ਹੈ। ਦੂਜੇ ਪਾਸੇ ਧੀਆਂ ਨੂੰ ‘ਪਰਾਇਆ ਧਨ’ ਅਤੇ ‘ਚਾਰ ਦਿਨ ਦੀ ਪ੍ਰਾਹੁਣੀ’ ਵਰਗੇ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਗਿਆ ਹੈ। ਹਰਜਿੰਦਰ ਨੇ ਇਨ੍ਹਾਂ ਦੋਹਾਂ ਸਥਿਤੀਆਂ ਨੂੰ ਗੀਤਾਂ ਦੇ ਬੰਦਾਂ ਵਿਚ ਬਾਖੂਬੀ ਚਿਤਰਿਆ ਹੈ।
ਦੁਨੀਆਂ ਰਿਸ਼ਤਿਆਂ ਦਾ ਇਕ ਤਾਣਾ
ਹਰ ਰਿਸ਼ਤੇ ਦੀ ਤੰਦ ਨੇ ਧੀਆਂ,
ਹਰ ਵਿਹੜਾ ਫੁਲਕਾਰੀ ਵਰਗਾ
ਹਰ ਫੁੱਲ ਵਿਚ ਸੁਗੰਧ ਨੇ ਧੀਆਂ।
ਜਾਂ ਕੋਈ ਅਨਮੋਲ ਧਨ ਨੇ
ਮੋਹ, ਮਮਤਾ, ਆਸ਼ੀਰਵਾਦ ਨੇ,
ਜ਼ਿੰਦਗੀ ਇਕ ਕਿਤਾਬ ਜਿਹੀ ਏ
ਜ਼ਿੰਦਗੀ ਦਾ ਮੁੱਖ ਬੰਦ ਨੇ ਧੀਆਂ।
ਜਾਂ
ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ
ਪਰ੍ਹ ਨਹੀਂ ਹੁੰਦੇ ਕੁੜੀਆਂ ਦੇ,
ਪੇਕੇ ਸੁਹਰੇ ਹੁੰਦੇ ਨੇ
ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ!
ਇਹ ਦੋਵੇਂ ਬੰਦ ਧੀਆਂ ਦੇ ਸਮਾਜਿਕ ਤੇ ਪਰਿਵਾਰਕ ਨਾਤੇ ਦੇ ਤਾਣੇ-ਬਾਣੇ ਨੂੰ ਦਰਸਾਉਂਦੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਮੱਥੇ ‘ਤੇ ਖੁਣੇ ਹੋਏ ਕਾਲੇ ਲੇਖਾਂ ਦੀ ਤਰਜਮਾਨੀ ਕਰਦੇ ਹਨ। ਇਕ ਪਾਸੇ ਧੀਆਂ ਨੂੰ ਜ਼ਿੰਦਗੀ ਦੀ ਕਿਤਾਬ ਦਾ ਮੁੱਖ ਬੰਦ ਤੇ ਫੁਲਕਾਰੀ ਦੇ ਫੁੱਲਾਂ ਦੀ ਸੁਗੰਧ ਨਾਲ ਤਸ਼ਵੀਹ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀ ਬੇਘਰੇ ਹੋਣ ਦੀ ਹੋਣੀ ਤੇ ਭਾਵੀ ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਬੰਦਾਂ ਨੂੰ ਲੋਕਾਂ ਨੇ ਵੱਖ ਵੱਖ ਪਿਛੋਕੜ/ਪ੍ਰਸੰਗ ਵਿਚ ਰੱਖ ਕੇ ਵਰਤਿਆ ਹੈ, ਜਿਸ ਦਾ ਪ੍ਰਮਾਣ ਸੋਸ਼ਲ ਮੀਡੀਏ ਵਿਚੋਂ ਭਲੀਭਾਂਤ ਮਿਲਦਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਗੀਤਾਂ ਦਾ ਆਮ ਲੋਕਾਂ ਦੇ ਜੀਵਨ ਨਾਲ ਕਿੱਡਾ ਵੱਡਾ ਨਾਤਾ ਜੁੜ ਗਿਆ ਹੈ। ਜੇ ਇਹ ਕਿਹਾ ਜਾਵੇ ਕਿ ਇਹ ਬੰਦ ਲੋਕਾਂ ਦੀਆਂ ਉਲਝੀਆਂ ਜੀਵਨ-ਪਿੜੀਆਂ ਵਿਚ ਬੁਣੇ ਗਏ ਹਨ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।
ਜਿਵੇਂ ਕਿ ਉਤੇ ਲਿਖਿਆ ਹੈ ਕਿ ਆਮ ਲੋਕ ਆਪਣੀ ਗੱਲ ਸਮਝਾਉਣ ਲਈ ਸਾਦੇ ਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ, ਕਵੀ ਉਨ੍ਹਾਂ ਸ਼ਬਦਾਂ ਨੂੰ ਸੁਰਬੱਧ ਕਰਕੇ ਕਵਿਤਾ ਰਾਹੀਂ ਦਰਸਾਉਂਦਾ ਹੈ। ਮਿਸਾਲ ਵਜੋਂ ‘ਕੁੜੀਆਂ ਚਿੜੀਆਂ ਵਾਲੇ ਬੰਦ’ ਨੂੰ ਲੋਕਾਂ ਨੇ ਆਪਣੇ ਸ਼ਬਦਾਂ ਵਿਚ ਇਉਂ ਲਿਖਿਆ ਹੈ:
ਕੁੜੀਆਂ ਚਿੜੀਆਂ ਹੁੰਦੀਆਂ ਨੇ
ਪਰ ਖੰਭ ਨਹੀਂ ਹੁੰਦੇ ਕੁੜੀਆਂ ਦੇ,
ਪੇਕੇ ਵੀ ਹੁੰਦੇ ਨੇ ਤੇ ਸਹੁਰੇ ਵੀ ਹੁੰਦੇ ਨੇ
ਪਰ ਘਰ ਨਹੀਂ ਹੁੰਦੇ ਕੁੜੀਆਂ ਦੇ।
ਜਾਂ
ਕੁੜੀਆਂ ਚਿੜੀਆਂ ਹੁੰਦੀਆਂ ਨੇ
ਪਰ ਪੱਰ ਨਹੀਂ ਹੁੰਦੇ ਕੁੜੀਆਂ ਦੇ,
ਪੇਕੇ ਹੁੰਦੇ ਨੇ ਸਹੁਰੇ ਹੁੰਦੇ ਨੇ
ਪਰ ਘਰ ਨੀ ਹੁੰਦੇ ਕੁੜੀਆਂ ਦੇ।
ਜਾਂ
ਕੁੜੀਆਂ ਚਿੜੀਆਂ ਹੁੰਦੀਆਂ
ਪਰ ਕੁੜੀਆਂ ਦੇ ਪਰ ਨਹੀਂ ਹੁੰਦੇ,
ਕੁੜੀਆਂ ਦੇ ਸਹੁਰੇ ਹੁੰਦੇ ਤੇ ਪੇਕੇ ਹੁੰਦੇ ਨੇ
ਪਰ ਕੁੜੀਆਂ ਦੇ ਘਰ ਨਹੀਂ ਹੁੰਦੇ।
ਹਰਜਿੰਦਰ ਦੀਆਂ ਕੁਝ ਕਾਵਿ-ਟੁਕੜੀਆਂ ਹਿੰਦੀ/ਉਰਦੂ ਵਿਚ ਲਿਪੀਅੰਤਰ ਕਰਕੇ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ, ਜਿਵੇਂ:
ਉਹ ਰੋਇਆ ਤਾਂ ਬਹੁਤ
ਮੈਥੋਂ ਮਗਰ ਮੁੱਖ ਮੋੜ ਕੇ ਰੋਇਆ।
ਬੜਾ ਮਜਬੂਰ ਹੋਵੇਗਾ
ਉਹ ਜੋ ਦਿਲ ਤੋੜ ਕੇ ਰੋਇਆ।
ਮੇਰੇ ਸਾਹਵੇਂ ਤਾਂ ਟੁਕੜੇ
ਕਰ ਗਿਆ ਤਸਵੀਰ ਮੇਰੀ ਦੇ,
ਪਤਾ ਲੱਗਾ ਉਹੀ ਟੁਕੜੇ
ਉਹ ਮਗਰੋਂ ਜੋੜ ਕੇ ਰੋਇਆ।
ਜਾਂ
ਸਾਹ ਰੋਕਿਆਂ ਵੀ ਰਹੇ ਦਿਲ ਵੱਜਦਾ,
ਫੁੱਲ ਟਾਹਣੀਆਂ ਤੋਂ ਟੁੱਟ ਕੇ ਵੀ ਮਹਿਕਦੇ।
ਤੂੰ ਕੀ ਜਾਣਦੈਂ ਪਰਿੰਦਿਆਂ ਦੀ ਮੌਜ ਨੂੰ,
ਉਹ ਤਾਂ ਸਿਵਿਆਂ ਦੇ ਰੁੱਖ ‘ਤੇ ਵੀ ਚਹਿਕਦੇ।
ਹਰਜਿੰਦਰ ਕੰਗ ਵਲੋਂ ਲਿਖੇ ‘ਸਾਕਾ ਨਨਕਾਣਾ ਸਾਹਿਬ’ ਫਿਲਮ ਦੇ ਗੀਤ ਵੀ ਬੜੇ ਮਸ਼ਹੂਰ ਹੋਏ, ਜਿਨ੍ਹਾਂ ਵਿਚੋਂ ਇਕ ਗੀਤ ‘ਸਾਹਾਂ ਨੂੰ ਸਰੂਰ’ ਬੇਹੱਦ ਮਕਬੂਲ ਹੋਇਆ। ਇਸ ਤੋਂ ਇਲਾਵਾ ਉਸ ਨੇ ਇਕ ਹਿੰਦੀ ਫਿਲਮ ਅਤੇ ਹਿੰਦੀ ਐਲਬਮ ਲਈ ਵੀ ਗੀਤ ਲਿਖੇ ਹਨ।
ਹਰਜਿੰਦਰ ਕੰਗ ਨੂੰ ਕਵਿਤਾ ਦੀਆਂ ਦੋਹਾਂ ਵਿਧਾਂ-ਗਜ਼ਲ ਅਤੇ ਗੀਤ ਵਿਚ ਮੁਹਾਰਤ ਹੈ। ਇਹ ਦੋਵੇਂ ਵਿਧਾਂ ਗਾਈਆਂ ਜਾਂਦੀਆਂ ਹਨ। ਸੰਗੀਤ ਦੀਆਂ ਸੁਰਾਂ (ਸਾ, ਰੇ, ਗਾ, ਮਾ) ਅਤੇ ਛੰਦ ਦੀਆਂ ਮਾਤਰਾਵਾਂ ਦੀ ਸਮਾਨਤਾ, ਸੁਰ+ਤਾਲ (ਠੋਨੲ+ਭੲਅਟ) ਨੂੰ ਜਨਮ ਦਿੰਦੀ ਹੈ। ਇਹੀ ਕਾਰਨ ਹੈ ਕਿ ਇਹ ਦੋਵੇਂ ਸਿਨਫਾਂ ਸੌਖ ਨਾਲ ਗਾਈਆਂ ਜਾਂਦੀਆਂ ਹਨ। ਛੰਦਾਬੰਦੀ ਦੀ ਪਾਬੰਦ ਹੋਣ ਦੇ ਨਾਤੇ ਇਨ੍ਹਾਂ ਦਾ ਇਕ-ਦੂਜੇ ਵਿਚ ਅਭੇਦ ਹੋ ਜਾਣਾ ਬੜਾ ਸੁਭਾਵਿਕ ਹੈ। ਪ੍ਰਮਾਣ ਵਜੋਂ ਹਰਜਿੰਦਰ ਦੇ ਕਈ ਗੀਤਾਂ ਦੇ ਅੰਤਰੇ ਗਜ਼ਲ ਦੇ ਸਿ਼ਅਰਾਂ ਵਰਗੇ ਹਨ, ਅਰਥਾਤ ਇਨ੍ਹਾਂ ਦਾ ਤਖੱਲਸ ਗਜ਼ਲ ਦੇ ਸ਼ਿਅਰਾਂ ਵਰਗਾ ਹੈ, ਜਿਵੇਂ ਫੁਲਕਾਰੀ ਵਾਲੇ ਗੀਤ ਵਿਚ:
ਇੰਜ ਵੀ ਹੁੰਦੈ ਸੁਪਨੇ ਸਾਰੇ
ਖੁਦ ਦਫਨਾਉਣੇ ਪੈ ਜਾਂਦੇ ਨੇ,
ਕਦੇ ਕਦੇ ਜਿਉਂ ਅੰਗ ਨਕਾਰੇ
ਆਪ ਕਟਾਉਣੇ ਪੈ ਜਾਂਦੇ ਨੇ।

ਆਪਾਂ ਦੋਵੇਂ ਰੁੱਸ ਬੈਠੇ ਗੀਤ ਵਿਚ:
ਰੋਸਿਆਂ’‘ਚ ਲੰਘੇ ਪਲ ਹੰਝੂਆਂ ਦੇ ਤੁਪਕੇ,
ਚੰਨਾ ਇਹ ਉਹ ਤਾਰੇ ਨੇ ਜੋ ਚੜ੍ਹਦੇ ਨਾ ਛੁਪ ਕੇ।
ਸਾਬਰਕੋਟੀ ਦੇ ਗਾਏ ‘ਚਿਹਰਿਆਂ’ ਅਤੇ ‘ਸਾਡੀਆਂ ਨਿਸ਼ਾਨੀਆਂ’ ਗੀਤਾਂ ਵਿਚ:
ਤੇਰਾ ਸੁਪਨਾ ਵੀ ਅੱਖੀਆਂ ’ਚ
ਡੱਕਿਆ ਨਈਂ ਜਾਣਾ,
ਮੋਤੀ ਹੰਝੂਆਂ ਦਾ ਸਾਬਤਾ
ਕੋਈ ਰੱਖਿਆ ਨਈਂ ਜਾਣਾ।

ਲੋਕ ਗੀਤਾਂ ਦਾ ਮੁਹਾਂਦਰਾ
ਲੋਕ ਗੀਤ ਸਭਿਆਚਾਰ ਦਾ ਇਨਸਾਇਕਲੋਪੀਡਿਆ ਹਨ। ਇਨ੍ਹਾਂ ‘ਚੋਂ ਸਮਾਜ ਦਾ ਮੂੰਹ-ਮੱਥਾ ਦਿਸਦਾ ਹੈ। ਅਹਿਮ ਗੱਲ ਇਹ ਕਿ ਲੋਕ ਗੀਤ ਸਮਾਜਕ ਕਦਰਾਂ-ਕੀਮਤਾਂ ਦਾ ਦਸਤਾਵੇਜ਼ ਹੁੰਦੇ ਹਨ। ਜੇ ਕਿਸੇ ਸਭਿਆਚਾਰ ਨੂੰ ਦੂਜੇ ਸਭਿਆਚਾਰ ਤੋਂ ਵਖਰਿਆਉਣਾ ਹੋਵੇ ਤਾਂ ਲੋਕ ਗੀਤਾਂ ਦਾ ਸਹਾਰਾ ਲਿਆ ਜਾ ਸਕਦਾ ਹੈ। ਇਨ੍ਹਾਂ ਵਿਚ ਤਿਓਹਾਰਾਂ, ਰੁੱਤਾਂ ਅਤੇ ਲੋਕ ਕਥਾਵਾਂ ਨੂੰ ਸਾਂਭਿਆ ਗਿਆ ਹੈ। ਪੰਜਾਬੀ ਸਮਾਜ ਨੂੰ ਜੇ ਦੇਖਣਾ ਹੋਵੇ ਤਾਂ ਲੋਕ ਗੀਤਾਂ ਦੀਆਂ ਅੱਖਾਂ ਥਾਣੀਂ ਦੇਖਿਆ ਜਾ ਸਕਦਾ ਹੈ। ਇਹ ਸਮੇਂ ਦੀ ਸਾਣ ‘ਤੇ ਚੜ੍ਹ ਕੇ ਲੋਕਾਂ ਤਕ ਪੁੱਜਦੇ ਹਨ, ਇਸ ਲਈ ਪੀੜ੍ਹੀਆਂ ਦਾ ਸਰਮਾਇਆ ਬਣ ਜਾਂਦੇ ਹਨ। ਘੋੜੀਆਂ, ਸੁਹਾਗ, ਅਲਾਹੁਣੀਆਂ, ਬੋਲੀਆਂ, ਕਲੀਆਂ, ਟੱਪੇ, ਮਾਹੀਆ ਆਦਿ ਪੰਜਾਬੀ ਸਭਿਆਚਾਰ ਦੀ ਅਦੁਤੀ ਪਛਾਣ ਹਨ। ਤਿਉਹਾਰ (ਲੋਹੜੀ, ਵਿਸਾਖੀ, ਦੀਵਾਲੀ, ਹੋਲੀ) ਕਥਾ-ਕਹਾਣੀਆਂ (ਬਾਹਲੋ-ਮਾਹੀਆ, ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਦੁੱਲਾ ਭੱਟੀ) ਨੂੰ ਲੋਕ ਗੀਤਾਂ ਦੇ ਸ਼ੀਸ਼ੇ ਵਿਚੋਂ ਨਿਹਾਰਿਆ ਜਾ ਸਕਦਾ ਹੈ। ਹਰਜਿੰਦਰ ਕੰਗ ਦੇ ਗੀਤਾਂ ਵਿਚ ਪੰਜਾਬ ਦੀ ਮਿੱਟੀ ਦੀ ਮਹਿਕ ਹੈ, ਇਨ੍ਹਾਂ ਦਾ ਲੋਕ ਗੀਤਾਂ ਵਿਚ ਸ਼ਾਮਿਲ ਹੋ ਜਾਣਾ ਬੜਾ ਸੁਭਾਵਿਕ ਹੈ। ਹਰਜਿੰਦਰ ਦੇ ਗੀਤ ਥੋੜ੍ਹੇ ਰਿਕਾਰਡ ਹੋਏ ਹਨ, ਪਰ ਉਸ ਦੇ ਗੀਤਾਂ ਨੇ ਰਿਕਾਰਡ ਵੱਡੇ ਬਣਾਏ ਹਨ। ਗੀਤ ਦਾ ਰਿਕਾਰਡ ਹੋ ਜਾਣਾ ਕੋਈ ਬਹੁਤਾ ਮਾਅਨੇ ਨਹੀਂ ਰੱਖਦਾ, ਜੇ ਉਹ ਲੋਕਾਂ ਦੇ ਚੇਤਿਆਂ ਵਿਚ ਰਚ-ਮਿਚ ਨਹੀਂ ਜਾਂਦਾ।