ਬੈਚ ਫੁੱਲ ਹਾਰਨਬੀਮ: ਚੁਸਤੀ ਟਾਨਿਕ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਹਾਰਨਬੀਮ (੍ਹੋਰਨਬੲਅਮ) ਉਨ੍ਹਾਂ ਕੁਝ ਬੈਚ ਫੁੱਲ ਦਵਾਈਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਇਕ-ਦੋ ਕੂੰਜੀਵਤ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਆਲਸ ਕਹੋ ਤਾਂ ਇਸ ਦਾ ਮਰੀਜ਼ ਆਲਸ ਕਰ ਕੇ ਢਿੱਲ੍ਹਾ ਮੱਠਾ ਨਹੀਂ ਹੁੰਦਾ, ਭਾਵੇਂ ਉਹ ਕੰਮ ਨੂੰ ਦੇਰੀ ਨਾਲ ਹੱਥ ਪਾਉਂਦਾ ਹੈ। ਸੁਸਤੀ ਆਖੋ ਤਾਂ ਉਹ ਸੁਸਤ ਵੀ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਕੰਮ ਪ੍ਰਤੀ ਸੁਚੇਤ ਹੁੰਦਾ ਹੈ। ਉਸ ਨੂੰ ਥੱਕਿਆ ਆਖੋ ਤਾਂ ਵੀ ਠੀਕ ਨਹੀਂ, ਕਿਉਂਕਿ ਉਹ ਥਕਾਵਟ ਨਾ ਹੁੰਦਿਆਂ ਵੀ ਭਾਰੀ ਕੰਮ ਤੋਂ ਪਾਸਾ ਵੱਟਦਾ ਹੈ। ਕੰਮ ਤੋਂ ਡਰਨ ਵਾਲਾ ਵੀ ਉਹ ਨਹੀਂ ਹੁੰਦਾ, ਕਿਉਂਕਿ ਕੰਮ ਉਸ ਨੂੰ ਆਉਂਦਾ ਹੁੰਦਾ ਹੈ ਤੇ ਉਹ ਆਪਣੇ ਕੰਮ ਨੂੰ ਕਰਨ ਦੇ ਸਮਰੱਥ ਹੁੰਦਾ ਹੈ। ਡਾ. ਦਰਸ਼ਨ ਸਿੰਘ ਵੋਹਰਾ ਨੇ ਇਸ ਦਵਾ ਦੀ ਦਸ਼ਾ ਦੱਸਣ ਲਈ ‘ਮਾਨਸਿਕ ਤੇ ਸਰੀਰਕ ਥਕਾਵਟ’ ਸ਼ਬਦ ਵਰਤੇ ਹਨ, ਜੋ ਵੀ ਡੰਗ ਟਪਾਊ ਜਾਪਦੇ ਹਨ। ਇਸ ਦੀਆਂ ਅਲਾਮਤਾਂ ਦੁਨੀਆਂ ਦੇ ਨੱਬੇ ਪ੍ਰਤੀਸ਼ਤ ਲੋਕਾਂ ਵਿਚ ਪਾਈਆਂ ਜਾਂਦੀਆਂ ਹਨ। ਇਸ ਲਈ ਭਾਵੇਂ ਕਿਸੇ ਨਾਂ ਨਾਲ ਪੁਕਾਰਿਆ ਜਾਵੇ, ਇਸ ਦੀ ਪੂਰੀ ਤਸਵੀਰ ਨੂੰ ਸਮਝਣਾ ਜਰੂਰੀ ਹੈ।

ਦਰਅਸਲ ਹਾਰਨਬੀਮ ਦਾ ਮਰੀਜ਼ ਅਚਨਚੇਤ ਭਾਰੀ ਜਾਂ ਖਿਲਾਰੇ ਵਾਲੇ ਕੰਮ ਨੂੰ ਦੇਖ ਕੇ ਘਬਰਾ ਜਾਂਦਾ ਹੈ। ਉਸ ਨੂੰ ਲਗਦਾ ਹੈ ਕਿ ਉਹ ਉਸ ਨੂੰ ਕਰ ਨਹੀਂ ਸਕੇਗਾ। ਭਾਵੇਂ ਉਸ ਨੂੰ ਉਹ ਕੰਮ ਕਰਨਾ ਆਉਂਦਾ ਹੁੰਦਾ ਹੈ, ਪਰ ਉਹ ਉਸ ਨੂੰ ਕਰਨ ਤੇ ਸੰਭਾਲਣ ਵਿਚ ਔਖਿਆਈ ਮਹਿਸੂਸ ਕਰਦਾ ਹੈ। ਮੌਕੇ ਦੇ ਮੌਕੇ ਉਹ ਡਰ ਜਾਂਦਾ ਹੈ ਕਿ ਇਸ ਭਾਰੀ ਜਾਂ ਔਖੇ ਜਾਂ ਬਿਖਰੇਵੇਂ ਜਾਂ ਟੇਢੇ-ਮੇਢੇ ਕੰਮ ਨੂੰ ਉਹ ਕਿਵੇਂ ਕਰੇਗਾ। ਉਸ ਦਾ ਮਨ ਉਸ ਨੂੰ ਇਕ ਵੇਲੇ ਤਾਂ ਜਵਾਬ ਦੇ ਦਿੰਦਾ ਹੈ। ਜੇ ਉਹ ਉਸ ਨੂੰ ਕਰਨਾ ਚਾਹੇ ਤਾਂ ਕਰ ਸਕਦਾ ਹੈ, ਪਰ ਉਸ ਵਿਚ ਇੰਨਾ ਉਤਸ਼ਾਹ ਹੀ ਨਹੀਂ ਹੁੰਦਾ ਕਿ ਇਸ ਨੂੰ ਹੱਥ ਪਾਵੇ। ਜਦੋਂ ਮਜ਼ਬੂਰੀ ਵਸ ਮਨ ਨੂੰ ਮਾਰ ਕੇ ਉਸ ਨੂੰ ਸ਼ੁਰੂ ਕਰ ਦਿੰਦਾ ਹੈ ਤਾਂ ਸਹੀ ਸਲਾਮਤ ਖਤਮ ਕਰ ਦਿੰਦਾ ਹੈ। ਇਸ ਨੂੰ ਡਰ ਕਹੋ, ਘਬਰਾਹਟ ਕਹੋ, ਆਲਸ ਕਹੋ, ਸੁਸਤੀ ਕਹੋ, ਝਿਜਕ ਕਹੋ, ਕੰਮ ਚੋਰੀ ਕਹੋ, ਕੰਡੇ `ਤੇ ਨਾ ਹੋਣਾ ਕਹੋ ਜਾਂ ਉਤਸ਼ਾਹ ਦੀ ਘਾਟ ਕਹੋ-ਇਹ ਸਭ ਕੁਝ ਹੈ, ਪਰ ਇਨ੍ਹਾਂ ਵਿਚੋਂ ਸੌ ਪ੍ਰਤੀਸ਼ਤ ਸਹੀ ਕੁਝ ਵੀ ਨਹੀਂ ਹੈ। ਹਾਂ, ਇਹ ਨਪੀੜਨ ਵਾਲੀ ਸਥਿਤੀ ਹੈ, ਜਿਸ ਦਾ ਦਰਦ ਉਹੀ ਸਮਝ ਸਕਦਾ ਹੈ, ਜੋ ਇਸ ਵਿਚ ਫਸਿਆ ਹੋਵੇ।
ਡਾ. ਵੋਹਰਾ ਨੇ ਹਾਰਨਬੀਮ ਦੀ ਦਸ਼ਾ ਨੂੰ ਇਕ ਮਿਸਾਲ ਰਾਹੀਂ ਸਮਝਾਇਆ ਹੈ। ਉਹ ਲਿਖਦੇ ਹਨ, “ਮਿਸਾਲ ਲਵੋ, ਇਕ ਘਰ-ਗ੍ਰਹਿਣੀ ਦੇ ਘਰ ਇਕਾ-ਇਕ ਸਵੇਰੇ ਸਵੇਰੇ 4-5 ਪ੍ਰਾਹੁਣੇ ਆ ਜਾਂਦੇ ਹਨ। ਘਰ ਵਿਚ ਨੌਕਰ ਨਹੀਂ, ਸਵੇਰੇ ਸਵੇਰੇ ਬੱਚਿਆਂ ਨੂੰ ਤਿਆਰ ਕਰਕੇ ਨਾਸ਼ਤਾ ਦੇ ਕੇ ਸਕੂਲ ਭੇਜਣਾ ਹੈ। ਆਪਣੇ ਆਪ ਨੂੰ ਭੁੱਲ ਵੀ ਜਾਵੇ ਤਾਂ ਇਨ੍ਹਾਂ ਪ੍ਰਾਹੁਣਿਆਂ ਦੀ ਦੇਖ-ਭਾਲ, ਚਾਹ-ਪਾਣੀ ਦਾ ਇੰਤਜ਼ਾਮ, ਨਹਾਉਣ ਲਈ ਗਰਮ ਪਾਣੀ, ਫਿਰ ਇਨ੍ਹਾਂ ਦੀ ਰੋਟੀ-ਪਾਣੀ ਤੇ ਨਾਲ ਹੀ ਇਨ੍ਹਾਂ ਨੂੰ ਦੁਪਹਿਰ ਦੀ ਗੱਡੀ ਵਾਪਸ ਵੀ ਭੇਜਣਾ ਹੈ। ਇਹ ਸਾਰੇ ਕੰਮ ਇਕੱਲੀ ਜਾਨ ਕਿਵੇਂ ਕਰ ਸਕੇਗੀ? ਇਸ ਚਿੰਤਾ ਨਾਲ ਉਹ ਪ੍ਰੇਸ਼ਾਨ ਹੋ ਜਾਂਦੀ ਹੈ ਤੇ ਇਕ ਮਾਨਸਿਕ ਅਤੇ ਸਰੀਰਕ ਥਕਾਵਟ ਮਹਿਸੂਸ ਕਰਨ ਲੱਗ ਪੈਂਦੀ ਹੈ। ਇਹੋ ਜਿਹੀ ਸਥਿਤੀ ਵਿਚ ਉਸ ਨੂੰ ਹਾਰਨਬੀਮ ਦਵਾਈ ਮਿਲ ਜਾਵੇ ਤਾਂ ਉਸ ਦਾ ਮਾਨਸਿਕ ਸੰਤੁਲਨ ਠੀਕ ਹੋ ਜਾਂਦਾ ਹੈ।”
ਯਾਦ ਰਹੇ, ਹਾਰਨਬੀਮ ਆਪ ਪ੍ਰਗਟ ਹੋ ਕੇ ਉਸ ਸਵਾਣੀ ਦੇ ਕੰਮ ਨਹੀਂ ਕਰੇਗੀ। ਕੰਮ ਤਾਂ ਸਾਰੇ ਉਸ ਨੂੰ ਆਪ ਹੀ ਕਰਨੇ ਪੈਣਗੇ, ਪਰ ਇਸ ਦੇ ਲੈਣ ਨਾਲ ਉਸ ਨੂੰ ਉਨ੍ਹਾਂ ਨੂੰ ਕਰਨ ਦਾ ਹੌਸਲਾ ਤੇ ਤਰਤੀਬ ਪ੍ਰਾਪਤ ਹੋ ਜਾਣਗੇ। ਡਾ. ਵੋਹਰਾ ਦੱਸਦੇ ਹਨ ਕਿ ਬੱਚਿਆਂ ਨੂੰ ਤਿਆਰ ਕਰਦੇ ਕਰਦੇ ਉਹ ਦੂਜੇ ਚੁੱਲ੍ਹੇ `ਤੇ ਮਹਿਮਾਨਾਂ ਦੇ ਨਹਾਉਣ ਦਾ ਪਾਣੀ ਗਰਮ ਹੋਣਾ ਰੱਖ ਦੇਵੇਗੀ। ਬੱਚੇ ਸਕੂਲ ਜਾਣ ਉਪਰੰਤ ਉਹ ਉਨ੍ਹਾਂ ਨੂੰ ਨਹਾਉਣ ਦੇ ਆਹਰ ਲਾ ਕੇ ਨਾਸ਼ਤਾ-ਪਾਣੀ ਤਿਆਰ ਕਰ ਲਵੇਗੀ ਤੇ ਦੁਪਹਿਰ ਦੀ ਗੱਡੀ ਲਈ ਸਟੇਸ਼ਨ ਰਵਾਨਾ ਕਰ ਦੇਵੇਗੀ। ਇਸ ਦੇ ਲੈਣ ਨਾਲ ਕੰਮ ਦਾ ਜੋ ਪਹਾੜ ਉਸ `ਤੇ ਟੁੱਟ ਪਿਆ ਸੀ, ਉਹ ਸਹਿਜੇ ਹੀ ਸਾਫ ਹੋ ਜਾਵੇਗਾ।
ਕੰਮ ਦੇ ਭਾਰ ਹੇਠ ਥੱਕਿਆ ਟੁੱਟਿਆ ਮਹਿਸੂਸ ਕਰਨਾ ਜਾਂ ਦਿਲ ਛੱਡ ਕੇ ਬੈਠ ਜਾਣਾ ਆਮ ਸਮੱਸਿਆ ਹੈ। ਬੈਚ ਫੁੱਲ ਦਵਾਈਆਂ ਵਿਚ ਇਹ ਅਲਾਮਤ ਐਲਮ, ਜੈਂਸ਼ੀਅਨ, ਗਾਰਸ ਤੇ ਆਲਿਵ ਵਿਚ ਵੀ ਪਾਈ ਜਾਂਦੀ ਹੈ; ਪਰ ਹਰ ਇਕ ਵਿਚ ਇਸ ਦੀ ਅਲਾਮਤ ਵੱਖ ਵੱਖ ਢੰਗ ਦੀ ਤੇ ਵੱਖ ਵੱਖ ਕਾਰਨਾਂ ਕਰ ਕੇ ਹੁੰਦੀ ਹੈ। ਇਸ ਲਈ ਇਨ੍ਹਾਂ ਵਿਚੋਂ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ ਇਸ ਪੱਖ ਦਾ ਡੂੰਘਾਈ ਵਿਚ ਅਧਿਐਨ ਕਰ ਲੈਣਾ ਬਣਦਾ ਹੈ। ਹਾਰਨਬੀਮ ਦੀ ਸੁਸਤੀ ਜਾਂ ਥਕਾਵਟ ਕਿਸੇ ਕਾਰਜ ਦੇ ਕਰਨ ਤੋਂ ਪਹਿਲਾਂ ਹੀ ਆਉਂਦੀ ਹੈ। ਉਸ ਨੂੰ ਆਲਿਵ ਵਾਂਗ ਕਾਰਜ ਕਰ ਕੇ ਸੱਚੀ ਮੁੱਚੀ ਥੱਕਣਾ ਨਹੀਂ ਪੈਂਦਾ। ਉਹ ਤਾਂ ਉਸ ਬਾਰੇ ਸੋਚ ਕੇ ਹੀ ਥੱਕ ਜਾਂਦਾ ਹੈ। ਕਦੇ ਉਹ ਸੋਚਦਾ ਹੈ ਕਿ ਉਹ ਉਸ ਕੰਮ ਨੂੰ ਕਰਨ ਦੇ ਕਾਬਲ ਨਹੀਂ ਹੈ। ਕਦੇ ਇਹ ਵੀ ਸੋਚਦਾ ਹੈ ਕਿ ਇੰਨਾ ਪਸਰਿਆ ਤੇ ਟੇਢਾ ਮੇਢਾ ਕੰਮ ਨਿਪਟਾਉਣ ਵਿਚ ਉਸ ਦੀ ਇੰਨੀ ਸ਼ਕਤੀ ਨਿਕਲ ਜਾਵੇਗੀ ਕਿ ਉਹ ਕੁਝ ਕਰਨ ਦੇ ਸਮਰੱਥ ਹੀ ਨਹੀਂ ਰਹੇਗਾ। ਉਹ ਸਰੀਰਕ ਥਕਾਵਟ ਨਾਲੋਂ ਮਾਨਸਿਕ ਥਕਾਵਟ ਬਾਰੇ ਵੱਧ ਚਿੰਤਿਤ ਹੁੰਦਾ ਹੈ। ਉਸ ਨੂੰ ਇਹ ਵੀ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਜੇ ਪੂਰੀ ਸ਼ਕਤੀ ਨਿਚੋੜ ਕੇ ਉਸ ਨੇ ਉਹ ਕਾਰਜ ਸਿਰੇ ਲਾ ਵੀ ਦਿੱਤਾ ਤੇ ਇਸ ਵਿਚ ਕੋਈ ਛੋਟੀ ਮੋਟੀ ਊਣਤਾਈ ਰਹਿ ਗਈ ਤਾਂ ਕੀ ਬਣੇਗਾ? ਡਰ ਕੇ ਉਹ ਉਸ ਪਾਸੇ ਵਧਣ ਤੋਂ ਝਿਜਕਦਾ ਹੈ। ਉਸ ਦੀ ਥਾਂ ਉਹ ਕੋਈ ਆਸਾਨ ਕੰਮ ਕਰਨਾ ਪਸੰਦ ਕਰਦਾ ਹੈ, ਜਿਸ ਵਿਚ ਵਧੇਰੇ ਦਿਮਾਗ ਨਾ ਲਾਉਣਾ ਪਵੇ ਤੇ ਗਲਤੀ ਹੋਣ ਦਾ ਡਰ ਨਾ ਰਹੇ।
ਪੰਜਾਹ ਸਾਲ ਪਹਿਲਾਂ ਜਿਸ ਸਰਕਾਰੀ ਕਾਲਜ ਵਿਚ ਮੈਂ ਪੜ੍ਹਾਉਂਦਾ ਸਾਂ, ਉੱਥੇ ਮੇਰਾ ਇਕ ਸੀਨੀਅਰ ਸਹਿਕਰਮੀ ਹੁੰਦਾ ਸੀ। ਉਹ ਹੈ ਤਾਂ ਬੜਾ ਲਾਇਕ ਸੀ, ਪਰ ਕਲਾਸਾਂ ਵਿਚ ਜਾ ਕੇ ਪੜ੍ਹਾਉਣ ਤੋਂ ਟਲਦਾ ਸੀ। ਇਕ ਦਿਨ ਪੜ੍ਹਾ ਕੇ ਕਈ ਕਈ ਦਿਨ ਨਾਗੇ ਪਾਉਂਦਾ ਰਹਿੰਦਾ ਸੀ। ਘੰਟੀ ਵੱਜਣ ਵੇਲੇ ਕਿਸੇ ਨਾ ਕਿਸੇ ਪੀੜ ਦਾ ਬਹਾਨਾ ਲਾ ਕੇ ਇੱਧਰ ਉੱਧਰ ਛਿਪ ਕੇ ਬੈਠ ਜਾਂਦਾ ਤੇ ਵਿਦਿਆਰਥੀਆਂ ਦੇ ਤਿੱਤਰ ਬਿੱਤਰ ਹੋਣ ਤੋਂ ਬਾਹਰ ਨਿਕਲ ਆਉਂਦਾ। ਉਸ ਦੀ ਇਸ ਕਮਜ਼ੋਰੀ ਦਾ ਵਿਭਾਗ ਦੇ ਮੁਖੀ ਨੂੰ ਪਤਾ ਸੀ ਤੇ ਉਹ ਉਸ ਨੂੰ ਲੱਭ ਲੱਭ ਕੇ ਕਲਾਸ ਵਿਚ ਛੱਡ ਕੇ ਆਉਂਦਾ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚ ਖਹਿਬਾਜੀ ਚਲਦੀ ਰਹਿੰਦੀ ਤੇ ਉਹ ਮੁਖੀ ਬਾਰੇ ਚੰਗਾ-ਮਾੜਾ ਬੋਲਦਾ ਰਹਿੰਦਾ। ਪੜ੍ਹਾਉਣ ਦੀ ਥਾਂ ਉਹ ਪ੍ਰਿੰਸੀਪਲ ਦੀ ਪੂਰੀ ਚਾਪਲੂਸੀ ਕਰਦਾ ਤੇ ਮੇਰੇ ਜਿਹੇ ਨਵੇਂ ਅਧਿਆਪਕਾਂ ਨਾਲ ਬਣਾ ਕੇ ਰੱਖਦਾ। ਇਕ ਦਿਨ ਮੁਖੀ ਉਸ ਦੀ ਕਲਾਸ ਵਿਚ ਲੈ ਕੇ ਜਾਣ ਦੀ ਥਾਂ ਪ੍ਰਿੰਸੀਪਲ ਨੂੰ ਉਸ ਦੀ ਛੁਪਣਗਾਹ ਵਿਚ ਲੈ ਗਿਆ ਤਾਂ ਜੋ ਉਸ ਦੀ ਕੁਤਾਹੀ ਸਬੂਤਾਂ ਸਹਿਤ ਉਸ ਦੇ ਧਿਆਨ ਵਿਚ ਆ ਜਾਵੇ। ਪ੍ਰਿੰਸੀਪਲ ਦੇ ਗੁੱਸੇ ਹੋਣ `ਤੇ ਉਸ ਨੇ ਬਹਾਨਾ ਲਾਇਆ ਕਿ ਉਸ ਦੀ ਜਾੜ੍ਹ ਵਿਚ ਭਿਆਨਕ ਦਰਦ ਹੋ ਰਿਹਾ ਸੀ ਤੇ ਉਹ ਇਸ ਨੂੰ ਕਢਾਉਣ ਲਈ ਡਾਕਟਰ ਕੋਲ ਜਾਣ ਦੀ ਸੋਚ ਰਿਹਾ ਸੀ। ਪ੍ਰਿੰਸੀਪਲ ਹਾਲੇ ਸੁਣ ਹੀ ਰਿਹਾ ਸੀ ਕਿ ਮੁਖੀ ਤੈਸ਼ ਵਿਚ ਬੋਲਿਆ, “ਸਰ, ਤਿੰਨ ਦਿਨ ਹੋ ਗਏ ਹਨ ਇਸ ਨੂੰ ਇਹੀ ਬਹਾਨਾ ਲਾਉਂਦੇ ਨੂੰ। ਕਲਾਸ ਵਿਚ ਜਾਵੇ, ਜਾੜ੍ਹਾਂ ਤਾਂ ਇਸ ਦੀਆਂ ਸਟੂਡੈਂਟਸ ਹੀ ਕੱਢ ਦੇਣਗੇ।”
ਗੱਲ ਚੁਟਕਲਾ ਬਣ ਗਈ। ਮੈਂ ਉਸ ਨੂੰ ਪੁੱਛਿਆ, “ਤੂੰ ਇੰਨਾ ਮਾਹਰ ਅਧਿਆਪਕ ਹੈਂ, ਬੇਇਜ਼ਤੀ ਕਰਵਾਉਣ ਨਾਲੋਂ ਤਾਂ ਪੀਰੀਅਡ ਹੀ ਲੈ ਲਿਆ ਕਰ।” ਕਹਿਣ ਲੱਗਾ, “ਯਾਰ ਲਾਸਕੀ ਪੜ੍ਹਾਉਣਾ ਸੀ। ਉਸ ਦੀ ਬੇ-ਸਿਰ ਪੈਰ ਫਿਲਾਸਫੀ ਬੋਰ ਕਰਦੀ ਹੈ। ਉਸ ਦੇ ਲੋਕਤੰਤਰ, ਸਮਾਨਤਾ, ਸੁਤੰਤਰਤਾ ਤੇ ਸਮਾਜਿਕ ਨਿਆਂ ਦੀਆਂ ਘਣਤਰਾਂ ਦਿਮਾਗ ਵਿਚ ਇਧਰੋਂ ਪਾਉਂਨਾਂ ਹਾਂ, ਉਧਰੋਂ ਨਿਕਲ ਜਾਂਦੀਆਂ ਹਨ। ਪਤੰਦਰ ਨੇ ਨਿਰਾ ਹੀ ਨਿਬੰਧ ਟਾਈਪ ਲਿਖਿਆ ਹੈ, ਜਿਸ ਨੂੰ ਸੋਚਦੇ ਹੀ ਬੁਖਾਰ ਚੜ੍ਹ ਜਾਂਦਾ ਹੈ। ਮੈਂ ਸੋਚਿਆ ਇਮਤਿਹਾਨ ਵਿਚ ਤਾਂ ਇਹ ਥਿੰਕਰ (ਠਹਨਿਕੲਰ) ਕਦੇ ਆਇਆ ਨਹੀਂ, ਮੁੰਡੇ ਆਪੇ ਈ ਪੜ੍ਹ ਪੁੜ੍ਹ ਲੈਣਗੇ। ਮੈਨੂੰ ਕੀ ਪਤਾ ਸੀ ਇਹ ਕੰਜਰ ਬਾਪ ਨੂੰ ਸੱਦ ਕੇ ਮੇਰੇ ਸਿਰ `ਤੇ ਹੀ ਖੜ੍ਹਾ ਕਰ ਦੇਵੇਗਾ।” ਹੁਣ ਯਾਦ ਆਉਂਦਾ ਹੈ ਕਿ ਉਹ ਹਾਰਨਬੀਮ ਦਾ ਆਦਰਸ਼ਕ ਮਰੀਜ਼ ਸੀ। ਉਸ ਵੇਲੇ ਪਤਾ ਹੁੰਦਾ ਦੇ ਹੀ ਦਿੰਦੇ, ਉਸ ਦੇ ਜੀਵਨ ਦਾ ਕਸ਼ਟ ਕੱਟਿਆ ਜਾਂਦਾ!
ਡਾ. ਬੈਚ ਨੇ ਇਸ ਦਵਾ ਦੇ ਸੰਕੇਤਾਂ ਬਾਰੇ ਬੜੇ ਭਾਵਪੂਰਨ ਸ਼ਬਦਾਂ ਵਿਚ ਜਾਣਕਾਰੀ ਦਿੱਤੀ ਹੈ। ਉਸ ਅਨੁਸਾਰ, “ਇਹ ਉਨ੍ਹਾਂ ਲਈ ਹੈ, ਜੋ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਵਿਚ ਆਪਣੀ ਜਿ਼ੰਦਗੀ ਦਾ ਭਾਰ ਚੁੱਕਣ ਦੀ ਸਰੀਰਕ ਜਾਂ ਮਾਨਸਿਕ ਸ਼ਕਤੀ ਨਹੀਂ ਹੈ; ਜਿਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਧੰਦੇ ਮੁਕਾਉਣੇ ਪਹਾੜ ਵਾਂਗ ਲੱਗਦੇ ਹਨ, ਭਾਵੇਂ ਜੇ ਉਹ ਉਨ੍ਹਾਂ ਨੂੰ ਕਰਨ `ਤੇ ਆਉਣ ਤਾਂ ਕਰ ਲੈਂਦੇ ਹਨ। ਆਮ ਤੌਰ `ਤੇ ਉਹ ਸਮਝਦੇ ਹਨ ਕਿ ਉਨ੍ਹਾਂ ਵਿਚ ਕੋਈ ਮਾਨਸਿਕ ਜਾਂ ਸਰੀਰਕ ਕਮਜ਼ੋਰੀ ਹੈ, ਜਿਸ ਨੂੰ ਤਾਕਤ ਮਿਲਣ `ਤੇ ਉਹ ਆਪਣਾ ਕੰਮ ਆਸਾਨੀ ਨਾਲ ਕਰ ਸਕਣ।” ਸੰਖੇਪ ਵਿਚ ਜਦੋਂ ਸਰੀਰ ਵਿਚ ਕੋਈ ਥਕਾਵਟ, ਕਮਜ਼ੋਰੀ ਜਾਂ ਢਹਿੰਦੇ-ਮਨੋਵੇਗ (ਧੲਪਰੲਸਸੋਿਨ) ਕਾਰਨ ਆਪਣਾ ਰੋਜ਼ਾਨਾ ਦਾ ਕੰਮ ਬੋਝ ਲੱਗਣ ਲੱਗੇ ਅਤੇ ਕਿਸੇ ਤਾਕਤ ਜਾਂ ਸਹਾਰੇ ਦੀ ਲੋੜ ਪਵੇ ਤਾਂ ਅਜਿਹਾ ਰੋਗੀ ਹਾਰਨਬੀਮ ਲੈਣ ਨਾਲ ਠੀਕ ਹੁੰਦਾ ਹੈ।
ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਉਹੀ ਰੋਗੀ ਹੈ, ਜੋ ਪਹਿਲਾਂ ਆਪਣੇ ਕੰਮ ਕਰ ਲੈਂਦਾ ਹੁੰਦਾ ਸੀ। ਜੇ ਹੁਣ ਕਰਨਾ ਚਾਹੇ ਤਾਂ ਵੀ ਸਫਲਤਾਪੂਰਵਕ ਕਰ ਸਕਦਾ ਹੈ, ਪਰ ਹੁਣ ਉਹ ਜਾਂ ਤਾਂ ਸਰੀਰਕ ਤੌਰ `ਤੇ ਥੱਕ ਗਿਆ ਹੈ ਜਾਂ ਉਸੇ ਕੰਮ ਨੂੰ ਕਰਦਾ ਕਰਦਾ ਅੱਕ ਗਿਆ ਹੈ। ਹੁਣ ਉਸ ਨੂੰ ਉਹ ਕੰਮ ਇੰਨਾ ਭਾਰਾ ਜਾਂ ਮੁਸ਼ਕਿਲ ਲਗਦਾ ਹੈ ਕਿ ਉਸ ਬਾਰੇ ਸੋਚ ਕੇ ਹੀ ਕਾਂਬ ਜਾਂਦਾ ਹੈ। ਉਹ ਸੋਚਦਾ ਹੈ ਕਿ ਉਹ ਇੰਨੇ ਲੰਮੇ ਜਾਂ ਭਾਰੇ ਜਾਂ ਮੁਸ਼ਕਿਲ ਕੰਮ ਨੂੰ ਕਿਵੇਂ ਮੁਕਾਵੇਗਾ? ਇਸ ਨੂੰ ਕਰਦਿਆਂ ਤਾਂ ਉਸ ਨੂੰ ਇੰਨੀ ਮਗਜ਼ਪਚੀ ਕਰਨੀ ਪਵੇਗੀ ਕਿ ਉਸ ਦੀ ਜਿੰਦ ਕੋਹੀ ਜਾਵੇਗੀ ਤੇ ਉਹ ਲੜਖੜਾ ਕੇ ਡਿੱਗ ਜਾਵੇਗਾ। ਬੇਤਾਕਤ ਹੋ ਕੇ ਉਸ ਨੂੰ ਨੀਂਦ ਆਉਣ ਲੱਗੇਗੀ ਅਤੇ ਇਹ ਕੰਮ ਪੂਰਾ ਨਹੀਂ ਹੋ ਸਕੇਗਾ। ਇਹ ਕੰਮ ਇੰਨਾ ਲੰਮਾ ਹੈ ਕਿ ਇਸ ਨੂੰ ਕਰਦਿਆਂ ਕਈ ਹੋਰ ਕੰਮ ਰਹਿ ਜਾਣਗੇ। ਕਈ ਵਾਰ ਉਸ ਦਾ ਕੰਮ ਨਵਾਂ ਹੁੰਦਾ ਹੈ ਜਾਂ ਇਸ ਦੇ ਕਰਨ ਦਾ ਢੰਗ ਨਵਾਂ ਹੁੰਦਾ ਹੈ ਤੇ ਉਸ ਨੂੰ ਇਸ ਦੀ ਵਿਉਂਤਬੰਦੀ ਕਰਨੀ ਔਖੀ ਲਗਦੀ ਹੈ। ਇਸ ਔਖਿਆਈ ਕਾਰਨ ਉਸ ਦਾ ਦਿਮਾਗ ਬੰਦ ਹੋ ਜਾਂਦਾ ਹੈ ਤੇ ਕੰਮ ਨੂੰ ਛੱਡ ਦਿੰਦਾ ਹੈ। ਫਿਰ ਥੋੜ੍ਹਾ ਆਰਾਮ ਕਰ ਕੇ ਜਾਂ ਚਾਹ ਦਾ ਪਿਆਲਾ ਪੀ ਕੇ ਜਦੋਂ ਉਪਰਾਲਾ ਕਰਦਾ ਹੈ ਤਾਂ ਸਫਲ ਹੋ ਜਾਂਦਾ ਹੈ। ਅਜਿਹੇ ਲੋਕ ਹਾਰਨਬੀਮ ਲੈ ਕੇ ਕੰਡੇ `ਤੇ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਜਾਂ ਇਉਂ ਕਹੋ ਕਿ ਮਹਿਸੂਸ ਹੋਣੀ ਬੰਦ ਹੋ ਜਾਂਦੀ ਹੈ।
ਕੰਮ ਪ੍ਰਤੀ ਲਗਭਗ ਇਸੇ ਕਿਸਮ ਦੀ ਭਾਵਨਾ ਐਲਮ ਤੇ ਜੈਂਸ਼ੀਅਨ ਵਿਚ ਵੀ ਆਉਂਦੀ ਹੈ, ਪਰ ਉਨ੍ਹਾਂ ਵਿਚ ਇਹ ਕੰਮ ਸ਼ੁਰੂ ਕਰਨ ਤੋਂ ਬਾਅਦ ਆਉਂਦੀ ਹੈ। ਹਾਰਨਬੀਮ ਵਿਚ ਇਹ ਕੰਮ ਅਰੰਭ ਕਰਨ ਤੋਂ ਪਹਿਲਾਂ ਹੀ ਆ ਜਾਂਦੀ ਹੈ। ਹਾਰਨਬੀਮ ਦਾ ਮਰੀਜ਼ ਜੇ ਕੰਮ ਸ਼ੁਰੂ ਕਰ ਦੇਵੇ ਤਾਂ ਉਹ ਕੰਮ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ। ਕੰਮ ਕਰਨ ਨਾਲ ਉਸ ਦੀ ਆਲਸ, ਸੁਸਤੀ, ਬੋਰੀਅਤ ਤੇ ਕਮਜ਼ੋਰੀ ਘਟਦੀ ਹੈ। ਇਸੇ ਲਈ ਇਸ ਦਵਾਈ ਦਾ ਅਸਰ ਸਵੇਰੇ ਸਵੇਰੇ ਵਧੇਰੇ ਦੇਖਣ ਨੂੰ ਮਿਲਦਾ ਹੈ, ਜਦੋਂ ਕਿ ਨਾ ਕੰਮ ਸ਼ੁਰੂ ਕੀਤਾ ਹੁੰਦਾ ਹੈ ਤੇ ਨਾ ਥਕਾਵਟ ਹੋਈ ਹੁੰਦੀ ਹੈ। ਰਾਤ ਨੂੰ ਜਦੋਂ ਇਸ ਦਾ ਰੋਗੀ ਭਾਵੇਂ ਦਿਨ ਦੇ ਕੰਮ ਕਾਰਨ ਥੱਕਿਆ ਵੀ ਹੋਵੇ, ਉਹ ਚੜ੍ਹਦੀ ਕਲਾ ਵਿਚ ਹੁੰਦਾ ਹੈ, ਕਿਉਂਕਿ ਇਸ ਦੀਆਂ ਅਲਾਮਤਾਂ ਕੰਮ ਅਰੰਭ ਕਰਨ ਤੋਂ ਪਹਿਲਾਂ ਭਾਵ ਸਵੇਰ ਵੇਲੇ ਵਧੇਰੇ ਪ੍ਰਬਲ ਹੁੰਦੀਆਂ ਹਨ। ਇਸ ਲਈ ਇਸ ਨੂੰ ਸੋਮਵਾਰ ਸਵੇਰ ਦੀ ਦਵਾਈ ਕਰਕੇ ਵੀ ਜਾਣਿਆ ਜਾਂਦਾ ਹੈ। ਸਾਰੇ ਸਨਅਤੀ ਮੁਲਕਾਂ ਵਿਚ ਜਿੱਥੇ ਹਫਤੇ ਵਿਚ ਆਉਣ ਵਾਲੀਆਂ ਦੋ ਛੁੱਟੀਆਂ ਮਾਣਨ ਤੋਂ ਬਾਅਦ ਵਿਅਕਤੀ ਨੂੰ ਸੋਮਵਾਰ ਦੀ ਸਵੇਰ ਮੁੜ ਕੰਮ `ਤੇ ਜਾਣਾ ਹੁੰਦਾ ਹੈ ਤਾਂ ਉਸ ਦਾ ਰੋਮ ਰੋਮ ਪੁਕਾਰਦਾ ਹੁੰਦਾ ਹੈ ਕਿ ਉਸ ਨੂੰ ਜਾਣ ਤੋਂ ਬਿਨਾ ਹੀ ਸਰ ਜਾਵੇ। ਉਹ ਆਲਸ ਨਾਲ ਮੰਜੇ ਵਿਚ ਪਿਆ ਪਾਸੇ ਬਦਲਦਾ ਰਹਿੰਦਾ ਹੈ ਤੇ ਪਲ ਪਲ ਕਰਕੇ ਉੱਠਣ ਤੋਂ ਲੇਟ ਹੋਈ ਜਾਂਦਾ ਹੈ। ਇਹ ਉਸ ਦਿਨ ਅਚਨਚੇਤ ਕੰਮ ਦੇ ਭਾਰ ਦੇ ਅਹਿਸਾਸ ਕਰ ਕੇ ਹੁੰਦਾ ਹੈ, ਜੋ ਹਾਰਨਬੀਮ ਦੇਣ ਨਾਲ ਨੇੜੇ ਨਹੀਂ ਆਉਂਦਾ। ਅਸੂਲਨ ਜਿਸ ਵਿਅਕਤੀ ਨੂੰ ਕਿਸੇ ਕੰਮ ਲਈ ਇਕ ਤੋਂ ਵੱਧ ਵਾਰ ਕਹਿਣਾ ਪਵੇ, ਅਰਥਾਤ ਜੋ ਪਹਿਲੇ ਅਲਾਰਮ ਤੋਂ ਉੱਠ ਕੇ ਬੈਠਾ ਨਾ ਹੋਵੇ, ਉਸ ਨੂੰ ਹਾਰਨਬੀਮ ਦੀ ਲੋੜ ਹੈ!
ਹਾਰਨਬੀਮ ਦੇ ਮਰੀਜ਼ਾਂ ਵਿਚ ਆਤਮ-ਜੋਸ਼ ਦੀ ਘਾਟ ਹੁੰਦੀ ਹੈ ਤੇ ਉਹ ਆਦਤਨ ਕੰਮ ਤੋਂ ਕੰਨੀ ਕਤਰਾਉਂਦੇ ਹਨ। ਜਦੋਂ ਉਹ ਠੀਕ ਹੁੰਦੇ ਹਨ, ਉਦੋਂ ਵੀ ਉਹ ਕੰਮਚੋਰੀ ਤੋਂ ਬਾਜ ਨਹੀਂ ਆਉਂਦੇ, ਕਿਉਂਕਿ ਕੰਮ ਦਾ ਧਿਆਨ ਆਉਂਦੇ ਹੀ ਉਨ੍ਹਾਂ ਦਾ ਹੌਸਲਾ ਡਿੱਗ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਬੇਤਾਕਤੇ ਮਹਿਸੂਸ ਕਰਨ ਲੱਗਦੇ ਹਨ। ਅਜਿਹੇ ਲੋਕ ਡਾਕਟਰ ਕੋਲ ਜਾ ਕੇ ਸਭ ਤੋਂ ਪਹਿਲਾਂ ਤਾਕਤ ਦੀ ਦਵਾਈ ਜਾਂ ਚੁਸਤੀ ਦਾ ਟਾਨਿਕ ਮੰਗਦੇ ਹਨ। ਉਹ ਤਰ੍ਹਾਂ ਤਰ੍ਹਾਂ ਦੇ ਵਿਟਾਮਿਨ ਤੇ ਸ਼ਕਤੀਵਰਧਕ ਦਵਾਈਆਂ ਵਰਤਦੇ ਰਹਿੰਦੇ ਹਨ ਤੇ ਦੂਜਿਆਂ ਨੂੰ ਸੁਝਾਉਂਦੇ ਰਹਿੰਦੇ ਹਨ। ਕਈ ਕਸਰਤ ਜਾਂ ਯੋਗਾ ਕਰਦੇ ਹਨ ਤੇ ਕਈ ਮੈਡੀਟੇਸ਼ਨ। ਕਈ ਹੋਰ ਸ਼ਰਾਬ, ਡੋਡੇ ਜਾਂ ਭੁੱਕੀ ਆਦਿ ਦੇ ਨਸ਼ਿਆਂ ਵਿਚੋਂ ਸ਼ਕਤੀ ਭਾਲਦੇ ਹਨ। ਅਫੀਮ ਨੂੰ ਤਾਂ ਕਈ ਕਹਿੰਦੇ ਹੀ “ਕੰਡਾ” ਹਨ। ਜਦੋਂ ਕੋਈ ਵਿਅਕਤੀ ਅਲਕੋਹਲ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਟਾਨਿਕ ਵਜੋਂ ਕਰੇ, ਸਮਝੋ ਉਹ ਹਾਰਨਬੀਮ ਦਾ ਮਰੀਜ਼ ਹੈ। ਹਾਰਨਬੀਮ ਉਸ ਦੀ ਮਾਨਸਿਕ ਤੇ ਸਰੀਰਕ ਕਮਜ਼ੋਰੀ ਦੂਰ ਕਰੇਗੀ ਤੇ ਨਾਲੇ ਉਸ ਦਾ ਨਸ਼ਾ ਵੀ ਛੁਡਾ ਦੇਵੇਗੀ।
ਕਿਸੇ ਵੀ ਡਾਕਟਰ ਦੀ ਪ੍ਰੈਕਟਿਸ ਵਿਚ ਬਹੁਤ ਸਾਰੇ ਅਜਿਹੇ ਰੋਗੀ ਆਉਂਦੇ ਹਨ, ਜਿਹੜੇ ਲਿੰਗ ਸਬੰਧੀ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਵਿਚੋਂ ਬਹੁਤੀਆਂ ਕਿਸੇ ਨਾ ਕਿਸੇ ਪ੍ਰਕਾਰ ਦੀ ਨਾਮਰਦੀ (ੀਮਪੋਟੲਨਚੲ) ਨਾਲ ਜੁੜੀਆਂ ਹੁੰਦੀਆਂ ਹਨ। ਜਿਹੜੇ ਵਿਅਕਤੀ ਇਹ ਕਹਿਣ ਕਿ ਉਨ੍ਹਾਂ ਵਿਚ ਸੈਕਸ ਦੀ ਇੱਛਾ ਤਾਂ ਬੜੀ ਪ੍ਰਬਲ ਹੈ, ਪਰ ਉਹ ਸਰੀਰਕ ਤੌਰ `ਤੇ ਕਮਜ਼ੋਰ ਹਨ, ਭਾਵ ਇਸ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ, ਉਨ੍ਹਾਂ ਨੂੰ ਹਾਰਨਬੀਮ ਦਿੱਤੀ ਜਾਂਦੀ ਹੈ। ਇਹੀ ਦਵਾਈ ਉਨ੍ਹਾਂ ਨੂੰ ਵੀ ਦਿੱਤੀ ਜਾਂਦੀ ਹੈ, ਜੋ ਕਹਿੰਦੇ ਹਨ ਕਿ ਉਹ ਅੱਗੇ-ਪਿੱਛੇ ਠੀਕ ਮਹਿਸੂਸ ਕਰਦੇ ਹਨ, ਪਰ ਸੇਜ ਤੇ ਜਾਂਦਿਆਂ ਹੀ ਢਹਿ ਢੇਰੀ ਹੋ ਜਾਂਦੇ ਹਨ। ਜਿਹੜੀਆਂ ਔਰਤਾਂ ਲਿੰਗਕ ਅਹਿਸਾਸ ਦੀ ਘਾਟ ਕਾਰਨ ਬਾਂਝ (ਭਅਰਰੲਨ) ਬਣ ਜਾਂਦੀਆਂ ਹਨ ਅਰਥਾਤ ਬੱਚੇ ਪੈਦਾ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਵੀ ਹਾਰਨਬੀਮ ਹੀ ਠੀਕ ਕਰਦੀ ਹੈ। ਪਰਿਵਾਰਾਂ ਨੂੰ ਏਕੇ ਵਿਚ ਬੰਨ੍ਹ ਕੇ ਰੱਖਣ ਵਿਚ ਹਾਰਨਬੀਮ ਵਿਸ਼ੇਸ਼ ਭੂਮਿਕਾ ਨਿਭਾਅ ਸਕਦੀ ਹੈ। ਇਸੇ ਲਈ ਇਸ ਨੂੰ ਪਰਿਵਾਰ ਦੀ ਫੈਵੀਕਾਲ ਵੀ ਕਿਹਾ ਜਾ ਸਕਦਾ ਹੈ।
ਪ੍ਰੀ-ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਪੀ. ਈ. ਟੀ. ਦੀ ਪ੍ਰੀਖਿਆ ਦੀ ਤਿਆਰੀ ਕਰਦੇ ਇਕ ਵਿਦਿਆਰਥੀ ਨੂੰ ਉਸ ਦੇ ਮਾਪੇ ਦਵਾ ਦਿਵਾਉਣ ਲਈ ਲੈ ਕੇ ਆਏ। ਕਹਿਣ ਲੱਗੇ, “ਜੀ ਇੰਨਾ ਮਹੱਤਵਪੂਰਨ ਸਬਜੈਕਟ ਹੈ, ਪਰ ਇਹ ਲੜਕਾ ਆਪਣੇ ਕੰਮ ਵਲ ਪੂਰਾ ਧਿਆਨ ਹੀ ਨਹੀਂ ਦਿੰਦਾ। ਇਸ ਦੇ ਨਾਲ ਦੇ ਸਾਰਾ ਦਿਨ ਪੜ੍ਹਦੇ ਰਹਿੰਦੇ ਹਨ, ਪਰ ਇਹ ਇੰਨਾ ਢਿੱਲ੍ਹਾ ਹੈ ਕਿ ਉੱਠਦਾ ਹੀ ਬੜੀ ਮੁਸ਼ਕਿਲ ਨਾਲ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਟੈਸਟਾਂ ਵਿਚੋਂ ਨਿਕਲ ਜਾਵੇ ਤੇ ਕਿਸੇ ਕੰਮ ਲੱਗੇ। ਇਸ ਲਈ ਇਸ ਨੂੰ ਪੜ੍ਹਾਈ ਲਿਖਾਈ ਵਿਚ ਤੇਜ ਕਰਨ ਦੀ ਕੋਈ ਦਵਾਈ ਦਿਉ।”
ਲੜਕੇ ਤੋਂ ਪੁੱਛਿਆ ਗਿਆ ਕਿ ਕਾਕਾ ਤੈਨੂੰ ਮਿਹਨਤ ਕਰਨ ਵਿਚ ਕੀ ਔਖਿਆਈ ਆਉਂਦੀ ਹੈ? ਉਸ ਨੇ ਉੱਤਰ ਦਿੱਤਾ, “ਸਰ ਜੀ, ਮੈਨੂੰ ਆਉਂਦਾ ਤਾਂ ਸਭ ਕੁਝ ਹੈ, ਪਰ ਸਿਲੇਬਸ ਹੀ ਇੰਨਾ ਜਿ਼ਆਦਾ ਹੈ ਕਿ ਸਮਝ ਵਿਚ ਨਹੀਂ ਆਉਂਦਾ ਕਿ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ! ਇਕ ਪਾਸੇ ਬੋਰਡ ਦੀਆਂ ਸਰਕਾਰੀ ਕਿਤਾਬਾਂ ਹਨ, ਦੂਜੇ ਪਾਸੇ ਕਾਲਜ ਦੇ ਅਧਿਆਪਕਾਂ ਵਲੋਂ ਲਵਾਈਆਂ ਕਿਤਾਬਾਂ ਅਤੇ ਤੀਜੇ ਪਾਸੇ ਕੰਪੀਟੀਸ਼ਨ ਅਕੈਡਮੀਆਂ ਦੀਆਂ ਪੁਸਤਕਾਂ ਤੇ ਉਪਰੋਂ ਟੈਸਟ ਪੇਪਰ। ਸਵੇਰੇ ਉੱਠ ਕੇ ਫ੍ਰੈਸ਼ ਉੱਠਣ ਦੀ ਕੋਸਿਸ਼ ਕਰਦਾ ਹਾਂ, ਪਰ ਮੇਜ਼ `ਤੇ ਪੁਸਤਕਾਂ ਦੀਆਂ ਢੇਰੀਆਂ ਦੇਖ ਕੇ ਤ੍ਰੇਲੀਆਂ ਆ ਜਾਂਦੀਆਂ ਹਨ। ਪੜ੍ਹਨ ਲੱਗਦਾ ਹਾਂ ਤਾਂ ‘ਅੱਗਾ ਦੌੜ, ਪਿੱਛਾ ਚੌੜ’ ਹੋਣ ਲਗਦਾ ਹੈ। ਜਿੰਨਾ ਕੰਮ ਕਰਦਾ ਹਾਂ, ਮਨ ਮਾਰ ਕੇ ਕਰਦਾ ਹਾਂ। ਮੰਮੀ-ਡੈਡੀ ਗੱਲ ਸਮਝਣ ਦੀ ਥਾਂ ਗੁੱਸੇ ਹੋਣ ਲਗਦੇ ਹਨ। ਇਨ੍ਹਾਂ ਦੀ ਡਾਂਟ-ਫਿਟਕਾਰ ਨਾਲ ਹੌਸਲਾ ਉੱਕਾ ਹੀ ਢਹਿ ਜਾਂਦਾ ਹੈ। ਮੈਨੂੰ ਦਵਾਈ ਦੀ ਨਹੀਂ, ਸ਼ਕਤੀ ਦੀ ਲੋੜ ਹੈ।”
ਮੁੰਡੇ ਦੀ ਗੱਲ ਵਿਚ ਤਰਕ ਸੀ। ਉਹ ਆਪਣੇ ਵਿਸ਼ੇ ਦੀ ਪੜ੍ਹਾਈ ਵਿਚ ਕਮਜ਼ੋਰ ਨਹੀਂ ਸੀ, ਸਗੋਂ ਪੜ੍ਹਾਈ ਦੇ ਭਾਰ ਕਾਰਨ ਪ੍ਰੇਸ਼ਾਨ ਸੀ। ਉਸ ਦਾ ਦਿਮਾਗ ਉਸ ਦੇ ਕੰਮ ਨੂੰ ਆਪਣੇ ਕਲਾਵੇ ਵਿਚ ਨਹੀਂ ਸੀ ਲੈ ਰਿਹਾ ਤੇ ਉਹ ਉਸ ਤੋਂ ਡਰ ਕੇ ਦਬਕਿਆ ਹੋਇਆ ਸੀ। ਉਸ ਨੇ ਸਾਇੰਸ, ਮੈਥ ਦੇ ਵਿਸ਼ਿਆਂ ਨੂੰ ਨਾ ਸਮਝਣ ਦੀ ਸ਼ਿਕਾਇਤ ਨਹੀਂ ਸੀ ਕੀਤੀ, ਕਿਤਾਬਾਂ ਦੀ ਗਿਣਤੀ ਨੂੰ ਭਾਰੀ ਦੱਸਿਆ ਸੀ। ਉਹ ਇਨ੍ਹਾਂ ਨੂੰ ਪੜ੍ਹੇ ਬਿਨਾ ਹੀ ਉਡਣਾ ਚਾਹੁੰਦਾ ਸੀ, ਜੋ ਸੰਭਵ ਨਹੀਂ ਸੀ। ਉਸ ਨੂੰ ਸਵੇਰੇ ਸਵੇਰੇ ਹਾਰਨਬੀਮ ਦੀਆਂ ਚਾਰ ਬੂੰਦਾਂ ਪਾਣੀ ਵਿਚ ਪਾ ਕੇ ਪ੍ਰੀਖਿਆ ਤੀਕ ਲਗਾਤਾਰ ਪੀਣ ਲਈ ਕਿਹਾ ਗਿਆ। ਹਫਤੇ ਵਿਚ ਹੀ ਲੜਕੇ ਨੇ ਆਪਣੇ ਕੰਮ `ਤੇ ਕਾਬੂ ਪਾ ਲਿਆ। ਉਹ ਇਸ ਵਿਚ ਇੰਨਾ ਰੁੱਝ ਗਿਆ ਕਿ ਕਿਸੇ ਨਾਲ ਗੱਲ ਨਾ ਕਰਦਾ। ਸਭ ਪ੍ਰੀਖਿਆਵਾਂ ਪਾਸ ਕਰ ਕੇ ਅੱਜ ਕੱਲ੍ਹ ਉਹ ਬਿਜਲੀ ਮਹਿਕਮੇ ਵਿਚ ਇੰਜੀਨੀਅਰ ਹੈ।
ਹਾਰਨਬੀਮ ਦਾ ਮਰੀਜ਼ ਔਖੇ ਕੰਮ ਤੋਂ ਭੱਜਦਾ ਹੈ ਤੇ ਸੌਖੇ ਕੰਮ ਵਲ ਖੁਸ਼ ਹੋ ਕੇ ਜਾਂਦਾ ਹੈ। ਜਿਨ੍ਹਾਂ ਕੰਮਾਂ ਦਾ ਕੋਈ ਸਿਰ-ਮੂੰਹ ਨਾ ਹੋਵੇ ਭਾਵ ਜਿਹੜੇ ਉਸ ਦੀ ਸੋਚ ਸਮਝ ਤੋਂ ਬਾਹਰ ਹੋਣ, ਉਨ੍ਹਾਂ ਵਲ ਤਾਂ ਉਹ ਬਿਲਕੁਲ ਨਹੀਂ ਜਾਂਦਾ। ਇਸ ਲਈ ਇਹ ਉਨ੍ਹਾਂ ਵਿਦਿਆਰਥੀਆਂ ਲਈ ਬੜੀ ਲਾਭਦਾਇਕ ਹੈ, ਜੋ ਖੋਜ ਕਾਰਜਾਂ ਵਿਚ ਲੱਗੇ ਹੁੰਦੇ ਹਨ। ਉਨ੍ਹਾਂ ਨੂੰ ਅਜਿਹੇ ਉਦੇਸ਼ ਲਈ ਮਿਹਨਤ ਕਰਨੀ ਪੈਂਦੀ ਹੈ, ਜਿਸ ਦਾ ਸ਼ੁਰੂ ਵਿਚ ਕੋਈ ਪਤਾ ਨਹੀਂ ਹੁੰਦਾ। ਉਨ੍ਹਾਂ ਦੀ ਖੋਜ ਦਾ ਸਿੱਟਾ ਖੋਜ ਪ੍ਰਣਾਲੀ ਦੇ ਅੰਤ ਤੇ ਪ੍ਰਗਟ ਹੋਣਾ ਹੁੰਦਾ ਹੈ, ਇਸ ਲਈ ਉਦੋਂ ਤੀਕ ਉਹ ਕਿਸੇ ਉਤੇਜਨਾ ਬਿਨਾ ਹੀ ਕੰਮ ਕਰਦੇ ਰਹਿੰਦੇ ਹਨ। ਹਾਰਨਬੀਮ ਇਨ੍ਹਾਂ ਖੋਜ ਵਿਦਿਆਰਥੀਆਂ ਨੂੰ ਉਤਸ਼ਾਹ ਤੇ ਗਿਆਨ ਦੇ ਕੇ ਸਫਲ ਬਣਾਉਂਦਾ ਹੈ। ਇਹ ਉਨ੍ਹਾਂ ਨੂੰ ਆਪਣੇ ਵਿਸ਼ੇ `ਤੇ ਉਕਾਬ ਦੀ ਤਰ੍ਹਾਂ ਮੰਡਰਾਉਣਾ ਸਿਖਾਉਂਦਾ ਹੈ, ਜਿੱਥੋਂ ਉਹ ਇਸ ਦੀਆਂ ਦੂਰ ਦੁਰਾਡੀਆਂ ਗੁੰਝਲਾਂ ਵੀ ਸਮਝ ਸਕਦੇ ਹਨ।
ਹਾਰਨਬੀਮ ਦੇ ਮਰੀਜ਼ ਆਪ ਕੰਮ ਕਰਨ ਦੇ ਆਦੀ ਨਹੀਂ ਹੁੰਦੇ। ਉਨ੍ਹਾਂ ਨੂੰ ਹੱਥੀਂ ਕੰਮ ਕਰਨ ਦੀ ਪ੍ਰਕਿਰਿਆ ਵਿਚ ਪੈਣਾ ਤੇ ਇਸ ਦੀਆਂ ਗੁੰਝਲਾਂ ਵਿਚੋਂ ਦੀ ਲੰਘਣਾ ਅਕੇਵੇਂ ਭਰਿਆ ਲਗਦਾ ਹੈ। ਅਜਿਹੇ ਕੰਮਾਂ ਨੂੰ ਉਹ ਦੂਜਿਆਂ ਤੋਂ ਕਰਵਾਉਂਦੇ ਹਨ, ਆਪ ਨਹੀਂ ਕਰਦੇ। ਉਹ ਨਹੀਂ ਚਾਹੁੰਦੇ ਕਿ ਉਹ ਇਕੋ ਕੰਮ ਨੂੰ ਵਾਰ ਵਾਰ ਕਰਨ ਦੀ ਰਟ ਵਿਚ ਫਸਣ। ਕਾਰ ਦੇ ਇੰਜਣ ਨੂੰ ਠੀਕ ਕਰਨ ਵਾਲਾ ਮਕੈਨਿਕ ਇਸ ਦੀ ਮੁਰੰਮਤ ਕਰਦਾ ਹੈ, ਪਰ ਉਹ ਇਸ ਨੂੰ ਖੋਲ੍ਹਣ ਤੇ ਬੰਦ ਕਰਨ ਦਾ ਕੰਮ ਆਪਣੇ ਸਹਾਇਕਾਂ ਤੋਂ ਕਰਵਾਉਂਦਾ ਹੈ। ਜਿ਼ਮੀਂਦਾਰ ਸਿਰਫ ਮੋਟੇ ਮੋਟੇ ਕੰਮ ਹੀ ਆਪ ਕਰਦਾ ਹੈ; ਛੋਟੇ ਤੇ ਜੋਖਮ ਭਰੇ ਕੰਮ ਉਹ ਸੀਰੀ ਜਾਂ ਨੌਕਰ ਤੋਂ ਕਰਵਾਉਂਦਾ ਹੈ। ਅਫਸਰ ਵੀ ਮੀਟਿੰਗਾਂ ਕਰਨ ਤੇ ਫੇਰੇ ਤੋਰਿਆਂ `ਤੇ ਹੀ ਰਹਿੰਦੇ ਹਨ, ਫਾਈਲਾਂ ਦਾ ਕੰਮ ਕਲਰਕ ਕਰਦੇ ਹਨ। ਜਦੋਂ ਕਿਸੇ ਨੂੰ ਔਖੇ ਕੰਮ ਨੂੰ ਹੱਥ ਪਾਉਣਾ ਔਖਾ ਲੱਗੇ ਤਾਂ ਸਮਝੋ ਉਸ ਨੂੰ ਹਾਰਨਬੀਮ ਦੇਣ ਵਾਲੀ ਹੈ।
ਕਈ ਮੁਟਾਪੇ, ਸੁਸਤੀ ਤੇ ਆਲਸ ਦੇ ਮਾਰਿਆਂ ਨੂੰ ਹਰ ਰੋਜ਼ ਸੈਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਉਹ ਪਹਿਲਾਂ ਤਾਂ ਤੁਰਨ ਦਾ ਮਨ ਹੀ ਨਹੀਂ ਬਣਾਉਂਦੇ, ਪਰ ਜੇ ਜਾਣ ਵੀ ਲੱਗਣ ਤਾਂ ਉਨ੍ਹਾਂ ਦੀਆਂ ਟੰਗਾਂ ਫੁੱਲ ਜਾਂਦੀਆਂ ਹਨ। ਚਲਣਾ ਉਨ੍ਹਾਂ ਨੂੰ ਪਹਾੜ `ਤੇ ਚੜ੍ਹਨ ਵਾਂਗ ਜਾਪਦਾ ਹੈ। ਉਹ ਵਾਰ ਵਾਰ ਰੁਕ ਕੇ ਘੜੀ ਵਲ ਦੇਖਦੇ ਹਨ ਜਾਂ ਕਦਮ ਗਿਣ ਗਿਣ ਹਿਸਾਬ ਲਾਉਂਦੇ ਹਨ ਕਿ ਕਿੰਨਾ ਪੈਂਡਾ ਰਹਿ ਗਿਆ। ਇਕ-ਦੋ ਦਿਨ ਬਾਅਦ ਉਹ ਸੈਰ ਦਾ ਨਾਂ ਲੈਣਾ ਤੀਕ ਛੱਡ ਜਾਂਦੇ ਹਨ। ਉਹ ਸੋਚਦੇ ਹਨ ਕਿ ਹਰ ਰੋਜ਼ ਇਕ ਦੋ ਮੀਲ ਫਜ਼ੂਲ ਕਿਹੜਾ ਤੁਰਦਾ ਜਾਵੇ ਤੇ ਤੁਰਦਾ ਵਾਪਸ ਆਵੇ। ਜੇ ਇਹ ਵਿਅਕਤੀ ਹਫਤਾ, ਦੋ ਹਫਤਾ ਤੁਰ ਲੈਣ ਤਾਂ ਲਗਾਤਾਰ ਤੁਰ ਵੀ ਸਕਦੇ ਹਨ। ਇਨ੍ਹਾਂ ਨੂੰ ਸ਼ੁਰੂ ਵਿਚ ਤੁਰਨ ਦੀ ਆਦਤ ਪਾਉਣ ਲਈ ਹਾਰਨਬੀਮ ਦੀ ਲੋੜ ਹੈ।
ਕਈ ਲੋਕ ਹੁਣ ਦੇ ਕਰੋਨਾ ਦੇ ਬਿਮਾਰਾਂ ਵਾਂਗ ਕਾਫੀ ਦੇਰ ਮੰਜੇ `ਤੇ ਪਏ ਰਹਿੰਦੇ ਹਨ ਤੇ ਚਿਰ ਬਾਅਦ ਠੀਕ ਹੁੰਦੇ ਹਨ। ਜਦੋਂ ਉਹ ਉੱਠ ਕੇ ਚਲਦੇ ਹਨ ਤਾਂ ਉਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੇ ਉਹ ਫਿਰ ਲੇਟ ਜਾਂਦੇ ਹਨ। ਇਨ੍ਹਾਂ ਮਰੀਜ਼ਾਂ ਨੂੰ ਮੁੜ ਲੀਹ `ਤੇ ਲਿਆਉਣ ਲਈ ਵੀ ਹਾਰਨਬੀਮ ਦਿੱਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਲੰਮਾ ਸਮਾਂ ਪੜ੍ਹਨ ਜਾਂ ਟੀ. ਵੀ. ਆਦਿ ਦੇਖਣ ਨਾਲ ਦਿਮਾਗ ਬੁੱਜ ਤੇ ਡਿਪ੍ਰੈਸ਼ਨ ਹੋ ਜਾਂਦਾ ਹੈ, ਉਹ ਵੀ ਇਸ ਦਵਾਈ ਨਾਲ ਹੀ ਠੀਕ ਹੁੰਦੇ ਹਨ। ਮੋਟੇ ਤੇ ਦਲਿੱਦਰੀ ਵਿਅਕਤੀਆਂ ਦੀਆਂ ਕਈ ਸਰੀਰਕ ਬਿਮਾਰੀਆਂ ਜਿਵੇਂ ਜਿਗਰ, ਪਿੱਤੇ ਤੇ ਮਿਹਦੇ ਰੋਗ, ਗੈਸ, ਜਲਨ, ਸੂਗਰ, ਕਬਜ਼ ਤੇ ਮਿਹਦੇ ਦੇ ਫੋੜਿਆਂ ਦੇ ਇਲਾਜ ਲਈ ਵੀ ਇਹੀ ਦਵਾਈ ਦਿੱਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਤਾਕਤ ਲਈ ਸੇਵਨ ਕੀਤੇ ਜਾਂਦੇ ਸਭ ਨੁਸਖਿਆਂ, ਨਸ਼ਿਆਂ ਤੇ ਟਾਨਿਕਾਂ ਦਾ ਖਿਆਲ ਆਉਣਾ ਬੰਦ ਹੋ ਜਾਵੇਗਾ।