ਵਿਚਾਰਨ ਯੋਗ ਮਸਲੇ…

‘ਪੰਜਾਬ ਟਾਈਮਜ਼’ ਦੇ 29 ਮਈ ਦੇ ਅੰਕ ਵਿਚ ਡਾ. ਹਰਪਾਲ ਸਿੰਘ ਪੰਨੂੂੰ ਨੇ “ਤਿੰਨ ਵਿਚਾਰਨ ਯੋਗ ਮਸਲੇ” ਸਿਰਲੇਖ ਹੇਠ ਬਹੁਤ ਹੀ ਅਹਿਮ ਨੁਕਤੇ ਉਠਾਏ ਹਨ, ਜਿਨ੍ਹਾਂ ਵੱਲ ਸਬੰਧਤ ਧਿਰਾਂ, ਜ਼ਿੰਮੇਵਾਰ ਅਦਾਰਿਆਂ ਅਤੇ ਸਮੁੱਚੇ ਸਿੱਖ ਜਗਤ ਨੂੰ ਧਿਆਨ ਦੇਣਾ ਚਾਹੀਦਾ ਹੈ। ਪਹਿਲੇ ਨੁਕਤੇ ਵਿਚ ਡਾ. ਪੰਨੂੰ ਨੇ ਹੁਣੇ ਹੁਣੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਕਿਰਪਾਨ ਪਹਿਨ ਕੇ ਆਉਣ ‘ਤੇ ਲਾਈ ਪਾਬੰਦੀ ‘ਤੇ ਸਿੱਖ ਜਥੇਬੰਦੀਆਂ ਦੇ ਰੋਸ-ਪ੍ਰਤੀਕਰਮ ਭੇਜਣ ਦੀ ਗੱਲ ਕਰਦਿਆਂ ਬਿਲਕੁਲ ਸਹੀ ਨੁਕਤਾ ਉਠਾਇਆ ਹੈ ਕਿ “ਪਰ ਕੀ ਨਾਬਾਲਗ ਬੱਚਿਆਂ ਕੋਲ ਅਜਿਹਾ ਹਥਿਆਰ ਹੋਣਾ ਵਾਜਬ ਹੈ, ਜਿਸ ਨਾਲ ਉਹ ਕਿਸੇ ਨੂੰ ਜ਼ਖਮੀ ਕਰ ਸਕੇ?”

ਡਾ. ਪੰਨੂੰ ਦੇ ਇਸ ਨੁਕਤੇ ਨੂੰ ਬਿਲਕੁਲ ਸਹੀ ਠਹਿਰਾਉਂਦਿਆਂ ਮੈਂ ਸਮਝਦੀ ਹਾਂ ਕਿ ਅੰਮ੍ਰਿਤ ਛਕਣਾ ਸਿੱਖ ਲਈ ਮਹਿਜ ਇੱਕ ਰਸਮ ਨਹੀਂ ਹੈ, ਸਗੋਂ ਇਸ ਦਾ ਅਰਥ ਗੁਰੂ ਵਾਲੇ ਹੋਣਾ ਅਤੇ ਗੁਰੂ ਵਾਲੇ ਹੋਣ ਦੀ ਅਹਿਮੀਅਤ ਨੂੰ ਸਮਝਣਾ ਹੈ। ਇਸ ਦਾ ਅਰਥ ਇਹ ਵੀ ਬਣਦਾ ਹੈ ਕਿ ਗੁਰੂ ਵਾਲਾ ਹੋਣ ਲਈ ਅੰਮ੍ਰਿਤ ਛਕਣ ਵਾਲੇ ਨੂੰ ਗੁਰੂ ਵੱਲੋਂ ਬਖਸ਼ਿਸ਼ ਕੀਤੇ ਪੰਜ ਕੱਕਾਰਾਂ ਦੀ ਅਹਿਮੀਅਤ, ਉਨ੍ਹਾਂ ਨੂੰ ਧਾਰਨ ਕਰਨ ਦਾ ਮਕਸਦ ਕੀ ਹੈ? ਇਸ ਦਾ ਗਿਆਨ ਹੋਣਾ ਚਾਹੀਦਾ ਹੈ। ਕਿਰਪਾਨ ਅੰਮ੍ਰਿਤਧਾਰੀ ਹੋਣ ਦਾ ਕੇਵਲ ਚਿੰਨ੍ਹ ਨਹੀਂ ਹੈ, ਇਹ ਇੱਕ ਹਥਿਆਰ ਹੈ, ਜਿਸ ਬਾਰੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਨਾਮ ਬਦਲੀ ਕਰਕੇ ‘ਤਲਵਾਰ’ ਤੋਂ ਕਿਰਪਾਨ ਕਿਉਂ ਰੱਖਿਆ ਗਿਆ ਅਤੇ ਇਸ ਦੀ ਵਰਤੋਂ ਕਿਉਂ ਤੇ ਕਦੋਂ ਕੀਤੀ ਜਾਣੀ ਹੈ? ਇਸ ਲਈ ਜਦੋਂ ਤੱਕ ਕੋਈ ਵੀ ਪ੍ਰਾਣੀ ਅੰਮ੍ਰਿਤ ਛਕਣ ਅਤੇ ਪੰਜ ਕੱਕਾਰਾਂ ਦੀ ਅਹਿਮੀਅਤ ਨੂੰ ਸਮਝਣ ਦੇ ਯੋਗ ਨਹੀਂ ਹੋ ਜਾਂਦਾ, ਉਦੋਂ ਤੱਕ ਮਹਿਜ ਰਸਮ ਨਿਭਾਉਣ ਲਈ ਅੰਮ੍ਰਿਤ ਛਕਣ/ਛਕਾਉਣ ਦੇ ਨਤੀਜੇ, ਉਪਰ ਦਿੱਤੀ ਘਟਨਾ ਵਰਗੇ ਹੀ ਨਿਕਲ ਸਕਦੇ ਹਨ। ਕੱਕਾਰਾਂ ਦੀ ਆਪਣੀ ਅਹਿਮੀਅਤ ਹੈ, ਮਕਸਦ ਹੈ। ਧਾਰਮਿਕ ਮਸਲਿਆ ਸਬੰਧੀ ਪਹੁੰਚ ਭਾਵੁਕ ਨਹੀਂ, ਵਿਚਾਰਯੁਕਤ ਹੋਣੀ ਚਾਹੀਦੀ ਹੈ। ਗੁਰੂ ਨੇ ਇਸੇ ਲਈ ਸ਼ਬਦ ਨੂੰ ਵੀ ਵਿਚਾਰ ਨਾਲ ਜੋੜਿਆ ਹੈ।
ਡਾ. ਹਰਪਾਲ ਸਿੰਘ ਪੰਨੂੰ ਨੇ ਦੂਸਰਾ ਨੁਕਤਾ ਬਿਲਕੁਲ ਸਹੀ ਉਠਾਇਆ ਹੈ ਅਤੇ ਆਪਣੇ ਸੁਭਾਅ ਅਨੁਸਾਰ ਮਿਸਾਲ ਵੀ ਬੜੀ ਵਧੀਆ ਦਿੱਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਵਿਚ ਗੁਰੂ ਤੇਗ ਬਹਾਦਰ ਚੇਅਰ ਸਥਾਪਤ ਕਰਨਾ ਦਸ ਮੰਜ਼ਿਲੀ ਇਮਾਰਤ ਦੇ ਗੇਟ ਕੋਲ ਬਾਪੂ ਵਾਸਤੇ ਕਮਰਾ ਛੱਤਣ ਵਾਂਗ ਹੀ ਹੈ। ਸ਼੍ਰੋਮਣੀ ਕਮੇਟੀ ਕੋਲ ਮਾਇਆ ਦੀ ਕੋਈ ਕਮੀ ਨਹੀਂ ਹੈ। ਕੋਵਿਡ-19 ਵਰਗੀ ਮਹਾਮਾਰੀ ਵਾਂਗ ਬਿਮਾਰੀ ਦੇ ਰੂਪ ਵਿਚ ਮੁਸੀਬਤਾਂ ਕਦੋਂ ਆ ਪੈਂਦੀਆਂ ਹਨ, ਕੋਈ ਕੁਝ ਕਹਿ ਨਹੀਂ ਸਕਦਾ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ‘ਤੇ ਕੋਈ ਅਜਿਹਾ ਹਸਪਤਾਲ ਵਗੈਰਾ ਕਿਉਂ ਨਹੀਂ ਸਥਾਪਤ ਕੀਤਾ ਜਾ ਸਕਦਾ, ਜਿੱਥੇ ਆਮ ਅਤੇ ਗਰੀਬ ਲੋਕਾਂ ਦਾ ਮੁਫਤ ਇਲਾਜ ਹੋ ਸਕੇ? ‘ਗੁਰੂ ਦੀ ਗੋਲਕ, ਗਰੀਬ ਦਾ ਮੂੰਹ’ ਅਸੀਂ ਹਮੇਸ਼ਾ ਸੁਣਦੇ ਆਏ ਹਾਂ।
ਤੀਸਰਾ ਨੁਕਤਾ ਸਿੱਖਾਂ ਵਿਚ ਮਹਾਪੁਰਖਾਂ ਦੇ ਨਾਮ ਵਿਗਾੜ ਕੇ ਬੇਅਦਬੀ ਕਰਨ ਬਾਰੇ ਹੈ। ਸ਼੍ਰੋਮਣੀ ਕਮੇਟੀ ਜਾਂ ਕਿਸੇ ਨੂੰ ਵੀ ਇਹ ਹੱਕ ਨਹੀਂ ਬਣਦਾ ਕਿ ਅਸੀਂ ਮਹਾਪੁਰਖਾਂ ਦੇ ਨਾਮ ਆਪਣੀ ਮਰਜ਼ੀ ਨਾਲ ਵਿਗਾੜ ਦੇਈਏ ਜਿਵੇਂ ਮਾਤਾ ਗੁਜਰੀ ਜੀ ਨੂੰ ‘ਗੁਜਰ ਕੌਰ’, ਮਾਤਾ ਸੁੰਦਰੀ ਜੀ ਨੂੰ ‘ਸੁੰਦਰ ਕੌਰ’ ਲਿਖਣਾ ਜਾਂ ਉਚਾਰਨ ਕਰਨਾ। ਬਚਪਨ ਤੋਂ ਹੀ ਗੁਰੂ ਘਰ ਦੇ ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਇਤਿਹਾਸਕਾਰਾਂ ਪਾਸੋਂ ਮਾਤਾ ਗੁਜਰੀ, ਮਾਤਾ ਸੁੰਦਰੀ ਜਾਂ ਮਾਈ ਭਾਗੋ ਨਾਮ ਹੀ ਸੁਣਦੇ/ਪੜ੍ਹਦੇ ਆਏ ਹਾਂ ਅਤੇ ਇਹ ਨਾਮ ਸੁਣਦਿਆਂ ਤੇ ਪੜ੍ਹਦਿਆ ਹਮੇਸ਼ਾ ਇਨ੍ਹਾਂ ਮਹਾਨ ਹਸਤੀਆਂ ਪ੍ਰਤੀ ਮਾਣ ਮਹਿਸੂਸ ਕੀਤਾ ਹੈ। ਡਾ. ਪੰਨੂੰ ਦੇ ਸ਼ਬਦਾਂ ਵਿਚ ਇਹ ‘ਬਿਮਾਰੀ ਸਿੱਖ ਮਿਸ਼ਨਰੀ ਕਾਲਜਾਂ ਨੇ ਸੱਤਰਵਿਆਂ ਵਿਚ ਅਜਿਹੀ ਸ਼ੁਰੂ ਕੀਤੀ ਕਿ ਹੁਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਭਾਸ਼ਣਾਂ ਅਤੇ ਸੱਦੇ-ਪੱਤਰਾਂ ਵਿਚ ਇਹੋ ਵਿਗੜੇ ਨਾਮ ਬੋਲ/ਲਿਖ ਰਹੇ ਹਨ।’ ਮੈਂ ਵੀ ਕਈ ਵਾਰ ਆਪਣੇ ਲੇਖਾਂ ਵਿਚ ਇਸ ਤੱਥ ਦਾ ਜ਼ਿਕਰ ਕੀਤਾ ਹੈ।
ਡਾ. ਪੰਨੂ ਨੇ ਲਿਖਿਆ ਹੈ ਕਿ ਇਤਿਹਾਸਕ ਗੁਰਦੁਆਰਿਆਂ ਦੇ ਮੇਨ ਗੇਟਾਂ ‘ਤੇ ਵੀ ਪੱਥਰਾਂ ‘ਤੇ ਇਹ ਗਲਤ ਨਾਮ ਖੁਣ ਰੱਖੇ ਹਨ। ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਜਦੋਂ 1999 ਵਿਚ ਖਾਲਸਾ ਸਿਰਜਣਾ ਦੇ ਤ੍ਰੈਸ਼ਤਾਬਦੀ ਸਮਾਰੋਹ ਮਨਾਉਣ ਲਈ ਪੈਦਾ ਹੋਏ ਝਗੜੇ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨਗੀ ਤੋਂ ਹਟਾ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ, ਮਹਾਪੁਰਸ਼ਾਂ ਦੇ ਨਾਮਾਂ ਨੂੰ ਵਿਗਾੜ ਕੇ ਲਿਖਣ ਦਾ ਵਰਤਾਰਾ ਉਦੋਂ ਹੀ ਸ਼ੁਰੂ ਹੋ ਗਿਆ ਸੀ। ਇਹ ਮੈਂ ਪਟਿਆਲੇ ਤੋਂ ਲੁਧਿਆਣੇ ਵੱਲ ਜਾਂਦਿਆਂ ਸਭ ਤੋਂ ਪਹਿਲਾਂ ਪਟਿਆਲਾ-ਸਰਹਿੰਦ ਰੋਡ ‘ਤੇ ਛੋਟੇ ਸਾਹਿਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਲਾਏ ਬੋਰਡਾਂ ‘ਤੇ ਮਾਤਾ ਗੁਜਰੀ ਜੀ ਨੂੰ ‘ਗੁਜਰ ਕੌਰ’ ਲਿਖਿਆ ਨੋਟ ਕੀਤਾ ਸੀ। ਇਸ ਤੋਂ ਹੀ ਬੀਬੀ ਜਗੀਰ ਕੌਰ ਦੇ ਪ੍ਰਧਾਨ ਬਣ ਜਾਣ ਦੀਆਂ ਝਲਕਾਂ ਮਿਲਣ ਲੱਗ ਪਈਆਂ ਸਨ।
ਇਸੇ ਅੰਕ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ “ਜ਼ਿੰਦਾਬਾਦ! ਵਿਰਕ ਸਾਹਿਬ” ਸਿਰਲੇਖ ਹੇਠਾਂ ਪੰਜਾਬੀ ਦੇ ਮਹਾਨ ਕਹਾਣੀਕਾਰ ਸਵਰਗੀ ਕੁਲਵੰਤ ਸਿੰਘ ਵਿਰਕ ਅਤੇ ਉਨ੍ਹਾਂ ਦੀ ਕਹਾਣੀ-ਕਲਾ ਬਾਰੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਲਿਖਿਆ ਹੈ। ਦਹਾਕਿਆਂ ਪਹਿਲਾਂ ਪੜ੍ਹੀਆਂ ਵਿਰਕ ਸਾਹਿਬ ਦੀਆਂ- ‘ਖੱਬਲ’, ‘ਧਰਤੀ ਹੇਠਲਾ ਬੌਲਦ’, ‘ਤੂੜੀ ਦੀ ਪੰਡ’ ਵਰਗੀਆਂ ਕਹਾਣੀਆਂ ਅੱਜ ਵੀ ਚੇਤਿਆਂ ਵਿਚ ਸੱਜਰੀਆਂ ਪਈਆਂ ਹਨ। ਵਰਿਆਮ ਸਿੰਘ ਸੰਧੂ ਨੇ ਲਿਖਿਆ ਹੈ ਕਿ “ਦੇਸ਼ ਵੰਡ ਤੋਂ ਪਹਿਲਾਂ ਦੇ ਪੰਜਾਬ ਨੂੰ ਜੇ ਜਾਣਨਾ, ਸਮਝਣਾ ਜਾਂ ਵੇਖਣਾ ਹੋਵੇ ਤਾਂ ਸਾਨੂੰ ਵਿਰਕ ਦੀਆਂ ਕਹਾਣੀਆਂ ਦਾ ਪਾਠ ਤਾਂ ਕਰਨਾ ਹੀ ਪਵੇਗਾ।” ਵਰਿਆਮ ਸਿੰਘ ਸੰਧੂ ਦੇ ਲਫਜ਼ਾਂ ਨੂੰ ਹੀ ਦੁਹਰਾਉਂਦਿਆਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੇ ਸਾਡੇ ਆਪਣੇ ਸਮਿਆਂ ਦੇ ਪੰਜਾਬ ਨੂੰ ਜਾਣਨਾ, ਸਮਝਣਾ ਜਾਂ ਵੇਖਣਾ ਹੋਵੇ ਤਾਂ ਸਾਨੂੰ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਦਾ ਪਾਠ ਤਾਂ ਕਰਨਾ ਹੀ ਪਵੇਗਾ। ਇਸ ਸੰਦਰਭ ਵਿਚ ਵਰਿਆਮ ਸਿੰਘ ਸੰਧੂ ਸਾਡੇ ਸਮਿਆਂ ਦਾ ਵਿਲੱਖਣ ਅਤੇ ਬਹੁਤ ਵੱਡਾ ਨਾਮ ਹੈ।
-ਡਾ. ਗੁਰਨਾਮ ਕੌਰ, ਕੈਨੇਡਾ