ਗੁਲਜ਼ਾਰ ਸਿੰਘ ਸੰਧੂ
ਇਸ ਮਹੀਨੇ ਕੁਲਵੰਤ ਸਿੰਘ ਵਿਰਕ ਦੀ ਜਨਮ ਸ਼ਤਾਬਦੀ ਦਾ ਅਰੰਭ ਹੰੁਦਾ ਹੈ। ਉਸ ਦਾ ਜਨਮ 20 ਮਈ 1921 ਨੂੰ ਸ਼ੇਖੂਪੁਰਾ (ਪਾਕਿਸਤਾਨ) ਦੇ ਪਿੰਡ ਫੱੁਲਰਵਾਨ ਦਾ ਹੈ। ਉਹ ਪੰਜਾਬੀ ਦਾ ਸਿਰਮੌਰ ਕਹਾਣੀਕਾਰ ਸੀ। ਉਹ ਇਕੋ ਇਕ ਪੰਜਾਬੀ ਕਹਾਣੀਕਾਰ ਸੀ, ਜਿਸ ਦੀਆਂ ਅੱਧੀ ਦਰਜਣ ਕਹਾਣੀਆਂ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਹੋ ਕੇ ਉਸ ਵੇਲੇ ਦੇ ਚਰਚਿਤ ਰਸਾਲੇ ‘ਇਲਸਟ੍ਰੇਟਡ ਵੀਕਲੀ ਆਫ ਇੰਡੀਆ’ ਵਿਚ ਛਪੀਆਂ।
ਇਹ ਸਬੱਬ ਦੀ ਗੱਲ ਹੈ ਕਿ ਉਸ ਦੀ ਮੇਰੇ ਨਾਲ ਗੂੜ੍ਹੀ ਮਿੱਤਰਤਾ ਤੇ ਸਾਹਿਤਕ ਸਾਂਝ ਰਹੀ ਹੈ। ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਹੁਸਨ ਦੇ ਹਾਣੀ’ ਉਸ ਨੂੰ ਸਮਰਪਿਤ ਸੀ। ਮੈਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਕੇਂਦਰ ਵਿਚ ਉਸ ਦਾ ਉੱਤਰਾਧਿਕਾਰੀ ਵੀ ਰਿਹਾ, ਪ੍ਰੋਫੈਸਰ ਤੇ ਮੁਖੀ ਵਜੋਂ। ਨਵੀਂ ਦਿੱਲੀ ਰਹਿੰਦਿਆਂ ਜਦੋਂ ਕਦੀ ਵੀ ਉਸ ਦੀ ਕਹਾਣੀ ਅੰਗਰੇਜ਼ੀ ਵਿਚ ਛਪਦੀ ਜਾਂ ਕਿਸੇ ਕਹਾਣੀ ਉੱਤੇ ਟੈਲੀ ਫਿਲਮ ਬਣਦੀ ਤਾਂ ਪੜ੍ਹਨ ਵੇਖਣ ਵਾਲੇ ਮੈਨੂੰ ਰਾਹ ਜਾਂਦੇ ਨੂੰ ਰੋਕ ਕੇ ਇੰਜ ਵਧਾਈਆਂ ਦੇਣ ਲਗਦੇ, ਜਿਵੇਂ ਉਸ ਕਹਾਣੀ ਦਾ ਰਚਨਹਾਰਾ ਮੈਂ ਖੁਦ ਹੀ ਹੋਵਾਂ।
ਵਿਰਕ ਦੀ ਕਹਾਣੀ ਕਲਾ ਖਾਲਸ ਵੀ ਹੈ ਤੇ ਸਬੂਤੀ ਵੀ। ਉਸ ਨੇ ਜੀਵਨ ਦੇ ਸੱਚ ਨੂੰ ਜਿਊਂ ਦਾ ਤਿਊਂ ਫੜਿਆ ਤੇ ਪਾਠਕਾਂ ਦੀ ਨਜ਼ਰ ਕੀਤਾ ਹੈ। ਪੜ੍ਹਨ ਵਾਲੇ ਨੂੰ ਏਦਾਂ ਜਾਪਦਾ ਹੈ, ਜਿਵੇਂ ਉਹ ਖੁਦ ਉਸ ਸਥਿਤੀ ਵਿਚੋਂ ਲੰਘ ਰਿਹਾ ਹੈ, ਜਿਸ ਵਿਚੋਂ ਵਿਰਕ ਦੀ ਕਹਾਣੀ ਦਾ ਨਾਇਕ ਜਾਂ ਕੋਈ ਹੋਰ ਪਾਤਰ।
ਉਹ ਵਧੇਰੇ ਕਰਕੇ ਦੇਸ਼ ਵੰਡ ਦੀਆਂ ਕਹਾਣੀਆਂ ਸਦਕਾ ਜਾਣਿਆ ਜਾਂਦਾ ਹੈ। ਦੇਸ਼ ਵੰਡ ਨੇ ਉਸ ਦੇ ਪਰਿਵਾਰ ਨੂੰ ਸ਼ੇਖੂਪੁਰਾ ਤੋਂ ਪੁੱਟ ਕੇ ਹਰਿਆਣਾ ਦੇ ਕਰਨਾਲ ਜਿਲੇ ਵਿਚ ਲਿਆ ਗੱਡਿਆ। ਉਨ੍ਹਾਂ ਦੇ ਪੈਰ ਉਥੇ ਪੂਰੀ ਤਰ੍ਹਾਂ ਜੰਮੇ ਨਹੀਂ ਸਨ ਕਿ ਉਹ ਉਥੋਂ ਵਾਲੀ ਭੋਇੰ ਵੇਚ ਕੇ ਉਤਰ ਪ੍ਰਦੇਸ਼ ਦੇ ਰੁਦਰਪੁਰ-ਪੰਤਨਗਰ ਇਲਾਕੇ ਵਿਚ ਜਾ ਵਸੇ। ‘ਓਪਰੀ ਧਰਤੀ’, ‘ਖੱਬਲ’, ‘ਮੈਨੂੰ ਜਾਣਨੈ’ ਤੇ ‘ਮੁਰਦੇ ਦੀ ਤਾਕਤ’ ਨਾਂ ਦੀਆਂ ਕਹਾਣੀਆਂ ਦੇਸ਼ ਵੰਡ ਦੇ ਦੁੱਖਾਂ ਦਾ ਸੱਚ ਨਿਤਾਰਦੀਆਂ ਹਨ।
ਪਰ ਵਿਰਕ ਨੂੰ ਦੇਸ਼ ਵੰਡ ਦੀਆਂ ਕਹਾਣੀਆਂ ਤੱਕ ਸੀਮਤ ਕਰਨਾ ਠੀਕ ਨਹੀਂ। ਉਸ ਨੇ ਦੇਸ਼ ਵੰਡ ਤੋਂ ਪਹਿਲਾਂ ਓਧਰਲੇ ਪੰਜਾਬ ਦੀ ਪੇਂਡੂ ਮਾਣ-ਮਰਿਆਦਾ, ਪਰਿਵਾਰਕ ਸਾਂਝਾਂ ਤੇ ਜਾਤ-ਗੋਤ ਦੇ ਗੌਰਵ ਨੂੰ ਵੀ ਫੜਿਆ ਅਤੇ ਦੇਸ਼ ਵੰਡ ਤੋਂ ਪਿੱਛੋਂ ਦੇ ਮੁੜ ਵਸੇਵੇਂ ਦੀ ਖੱਜਲ-ਖੁਆਰੀ ਨੂੰ ਵੀ। ਸੁਤੰਤਰਤਾ ਪ੍ਰਾਪਤੀ ਪਿੱਛੋਂ ਮਹਿਲਾ ਵਿਕਾਸ ਦੀ ਬਾਤ ਪਾਉਂਦੀਆਂ ‘ਨਮਸਕਾਰ’ ਤੇ ‘ਸ਼ੇਰਨੀਆਂ’ ਨਾਮੀ ਕਹਾਣੀਆਂ ਉਨ੍ਹਾਂ ਸਮਿਆਂ ਦੇ ਪਾਠਕਾਂ ਦੀ ਜ਼ੁਬਾਨ ਉਤੇ ਤਾਂ ਸਨ ਹੀ, ਅੱਜ ਵੀ ਹਨ।
ਆਪਣੀ ਉਮਰ ਦੇ ਅੰਤ ਦੇ ਵਰ੍ਹਿਆਂ ਵਿਚ ਉਸ ਨੂੰ ਚੰਡੀਗੜ੍ਹ ਤੇ ਨਵੀਂ ਦਿੱਲੀ ਵਰਗੇ ਮਹਾਨਗਰਾਂ ਵਿਚ ਰਹਿਣਾ ਪਿਆ ਤਾਂ ਉਸ ਨੇ ‘ਘੰੁਡ’, ‘ਰਸਭਰੀਆ’ ਤੇ ‘ਨਵੇਂ ਲੋਕ’ ਵਰਗੀਆਂ ਹਰਮਨ ਪਿਆਰੀਆਂ ਕਹਾਣੀਆਂ ਲਿਖੀਆਂ। ‘ਨਵੇਂ ਲੋਕ’ ਵਾਲੇ ਕਹਾਣੀ ਸੰਗ੍ਰਹਿ ਨੂੰ ਕੇਂਦਰੀ ਸਾਹਿਤ ਅਕਾਡਮੀ ਦਾ ਗੋਰਵਮਈ ਪੁਰਸਕਾਰ ਮਿਲਿਆ। ਉਂਜ ‘ਤੂੜੀ ਦੀ ਪੰਡ’ ਤੇ ‘ਧਰਤੀ ਹੇਠਲਾ ਬਲਦ’ ਉਸ ਦੀਆਂ ਲਾਜਵਾਬ ਕਹਾਣੀਆਂ ਹਨ। ਵਿਰਕ ਦੀ ਜੀਵਨ ਦ੍ਰਿਸ਼ਟੀ ਤੇ ਕਹਾਣੀ ਕਲਾ ਦਾ ਲੋਹਾ ਉਸ ਤੋਂ ਵਡੇਰੇ ਲੇਖਕ ਸੰਤ ਸਿੰਘ ਸੇਖੋਂ ਤੇ ਕਰਤਾਰ ਸਿੰਘ ਦੁੱਗਲ ਵੀ ਮੰਨਦੇ ਸਨ। ਸਾਹਿਤ ਅਕਾਦਮੀ ਲਈ ਉਨ੍ਹਾਂ ਦੋਹਾਂ ਵਲੋਂ ਲਿਖੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕੁਲਵੰਤ ਸਿੰਘ ਵਿਰਕ ਨੂੰ ਮਾਣਯੋਗ ਸਥਾਨ ਦਿੱਤਾ ਗਿਆ ਹੈ।
ਇਹ ਸੱਚ ਹੈ ਕਿ ਵਿਰਕ ਆਪਣੇ ਸਮਕਾਲੀਆਂ ਜਿੰਨੀ ਲੰਮੀ ਉਮਰ ਨਹੀਂ ਜੀਵਿਆ ਤੇ 67 ਵਰ੍ਹੇ ਦੀ ਉਮਰ ਵਿਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਪਰ ਉਸ ਦੀ ਕਹਾਣੀ ਕਲਾ ਉਸ ਨੂੰ ਸਦਾ ਸਿਖਰਾਂ ਉੱਤੇ ਰੱਖੇਗੀ। ਐਵੇਂ ਤਾਂ ਨਹੀਂ ਅੱਜ ਦੇ ਦਿਨ ਪੰਜਾਬ ਦੇ ਵੱਡੇ ਸਮਾਚਾਰ ਪੱਤਰ ਤੇ ਪੰਜਾਬ ਦੀਆਂ ਪ੍ਰਮੁਖ ਵਿਦਿਅਕ ਸੰਸਥਾਵਾਂ ਉਸ ਦੇ ਅਕਾਲ ਚਲਾਣੇ ਤੋਂ 33 ਸਾਲ ਪਿੱਛੋਂ ਵੀ ਉਸ ਨੂੰ ਸ਼ਰਧਾਂਜਲੀ ਪੇਸ਼ ਕਰ ਰਹੀਆਂ ਹਨ। 20 ਮਈ ਵਾਲੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਰਚਾਏ ਇਕ ਪ੍ਰੋਗਰਾਮ ਵਿਚ ਡਾ. ਬਲਦੇਵ ਸਿੰਘ ਧਾਲੀਵਾਲ ਨੇ ਉਸ ਦੀ ਕਹਾਣੀ ਕਲਾ ਦੇ ਉਹ ਗੁਣ ਨਿਤਾਰੇ, ਜੋ ਕਿਸੇ ਵੀ ਆਲੋਚਕ ਨੇ ਨਹੀਂ ਸਨ ਫੜੇ। ਇਸ ਪ੍ਰੋਗਰਾਮ ਦਾ ਮੁੱਖ ਮਹਿਮਾਨ ਫੱੁਲਰਵਾਨ ਪਿੰਡ ਦਾ ਜੰਮਪਲ ਕਿਰਪਾਲ ਕਜ਼ਾਕ ਸੀ। ਯੂਨੀਵਰਸਿਟੀ ਜੂਨ ਮਹੀਨੇ ਵਿਰਕ ਦੀ ਦੇਣ ਅਤੇ ਪ੍ਰਾਪਤੀਆਂ ਉੱਤੇ ਵੱਡਾ ਸੈਮੀਨਾਰ ਰਚਾ ਰਹੀ ਹੈ ਤੇ ਦੂਰਦਰਸ਼ਨ ਜਲੰਧਰ ਵਾਲੇ ਵੀ ਇੱਕ ਮਹੱਤਵਪੂਰਨ ਪ੍ਰੋਗਰਾਮ ਵਿਉਂਤ ਰਹੇ ਹਨ। ਪੰਜਾਬ ਆਰਟਸ ਕੌਂਸਲ ਦੀ ਆਰਟ ਗੈਲਰੀ ਵਿਚ ਵਿਰਕ ਦੀ ਫੋਟੋ ਪੰਜਾਬ ਦੇ ਵੱਡੇ ਉਸਰੱਈਆਂ ਦੇ ਬਰਾਬਰ ਸ਼ੁਸ਼ੋਭਿਤ ਹੈ। ਕੁਲਵੰਤ ਸਿੰਘ ਵਿਰਕ ਤੇ ਉਸ ਦੀ ਰਚਨਾਕਾਰੀ ਜ਼ਿੰਦਾਬਾਦ!
ਕਰੋਨਾ ਮਹਾਮਾਰੀ ਦੀ ਕਰੋਪੀ ਦਾ ਇੱਕ ਪੰਨਾ ਹੋਰ: ਕਰੋਨਾ ਦਾ ਕਹਿਰ ਇਸ ਹਫਤੇ ਵੀ ਜਾਰੀ ਰਿਹਾ। ਰੰਗ ਮੰਚ ਦੇ ਬਹੁਰੰਗੀ, ਬਹੁਪਰਤੀ ਦੇ ਬੇਪਰਵਾਹ ਜਿਊੜੇ ਗੁਰਚਰਨ ਸਿੰਘ ਚੰਨੀ ਦਾ ਤੁਰ ਜਾਣਾ ਪੀੜਤ ਵਰਗ ਨੂੰ ਉਹਦੇ ਵਲੋਂ ਵੰਡੇ ਹਾਸਿਆਂ ਨੂੰ ਵੀ ਚੇਤੇ ਕਰਾਉਂਦਾ ਹੈ ਤੇ ਉਸ ਦੇ ਇਸ ਦਾਅਵੇ ਉਤੇ ਵੀ ਮੋਹਰ ਲਾਉਂਦਾ ਹੈ, ਜੋ ਉਸ ਨੇ ਆਪਣੀ ਪੇਸ਼ਕਾਰੀ ‘ਜ਼ਿੰਦਗੀ ਰਿਟਾਇਰ ਨਹੀਂ ਹੰੁਦੀ’ ਵਿਚ ਜਤਾਇਆ ਸੀ। ਉਹ ਅੰਤਲੇ ਸਾਹ ਲੈਣ ਤੱਕ ਹਸਪਤਾਲਾਂ ਦੇ ਮਰੀਜ਼ਾਂ ਨੂੰ ਹੀ ਨਹੀਂ, ਬਾਹਰ ਦੇ ਦੁਖੀਆਂ ਨੂੰ ਵੀ ਆਪੋ ਆਪਣੇ ਦੁੱਖਾਂ ਨਾਲ ਦੋ-ਚਾਰ ਹੋਣ ਦਾ ਵਲ ਦਸਦਾ ਰਿਹਾ। ਇਸੇ ਤਰ੍ਹਾਂ ਦੇਸ਼ ਭਗਤ ਵਿਰਸੇ ਦਾ ਪਹਿਰੇਦਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਭਤੀਜਾ ਅਭੈ ਸਿੰਘ ਸੰਧੂ ਆਪਣੀ ਮਾੜੀ ਸਿਹਤ ਦੀ ਪਰਵਾਹ ਕੀਤੇ ਬਿਨਾ ਦਿੱਲੀ ਬਾਰਡਰ `ਤੇ ਬੈਠੇ ਕਿਸਾਨ ਅੰਦੋਲਨਕਾਰੀਆਂ ਨੂੰ ਹੱਲਾਸ਼ੇਰੀ ਦੇਣ ਜਾਂਦਾ ਰਿਹਾ। ਮਾਲਵੇ ਦਾ ਲੋਕ ਗੀਤ ਰਚਨਾਕਾਰ ਮਹਿੰਦਰ ਸਾਥੀ ਵੀ ਮਸ਼ਾਲਾਂ ਬਾਲ ਕੇ ਚੱਲਣ ਦਾ ਸੁਨੇਹਾ ਦਿੰਦਾ ਉਨ੍ਹਾਂ ਨਾਲ ਜਾ ਰਲਿਆ ਹੈ।
ਅਸੀਂ ਆਪਣੇ ਮਨ ਨੂੰ ਤਸੱਲੀ ਦੇਣ ਲਈ ਪਬਲਿਕ ਰਿਲੇਸ਼ਨ ਦੇ ਮਾਹਰ ਵਜੋਂ ਜਾਣੇ ਜਾਂਦੇ ਅਜੋਕੇ ਸੰਸਦ ਮੈਂਬਰ ਤਰਲੋਚਨ ਸਿੰਘ ਤੇ ਸਵਰਗਵਾਸੀ ਚੰਨੀ ਦੀ ਪਤਨੀ ਹਰਲੀਨ ਕੋਹਲੀ ਨੂੰ ਚੇਤੇ ਕਰ ਆਪਣੇ ਘਰੀਂ ਪਰਤ ਆਏ ਹਾਂ। ਤਰਲੋਚਨ ਸਿੰਘ ਅਪਣੀ ਬੇਟੀ ਕੋਲ ਚੰਡੀਗੜ੍ਹ ਹੈ ਤੇ ਹਰਲੀਨ ਆਪਣੇ ਘਰ, ਜਿਥੇ ਰਹਿ ਕੇ ਚੰਨੀ ਮੱਲਾਂ ਮਾਰਦਾ ਰਿਹਾ ਹੈ। ਇਹ ਕੋਈ ਦਿਲਾਸਾ ਤਾਂ ਨਹੀਂ, ਫੇਰ ਵੀ।
ਅੰਤਿਕਾ: ਮਹਿੰਦਰ ਸਾਥੀ
ਰਗੜ ਮੱਥਾ ਤੰੂ ਮਸਜਿਦ ਵਿਚ
ਜਾਂ ਮੰਦਰ ਨੂੰ ਤੰੂ ਕਰ ਸਿਜਦੇ,
ਤੇਰੇ ਦੁੱਖਾਂ ਨਹੀਂ ਮੁਕਣਾ
ਜਦੋਂ ਤੱਕ ਰਾਤ ਬਾਕੀ ਹੈ।
ਨਹੀਂ ਫਰਿਆਦ ਦਾ ਫਾਇਦਾ
ਹਨੇਰੇ ਦੀ ਅਦਾਲਤ ਵਿਚ,
ਤੰੂ ਕਰ ਸੰਗਰਾਮ ਐ ‘ਸਾਥੀ’
ਜਦੋਂ ਤੱਕ ਰਾਤ ਬਾਕੀ ਹੈ।