ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਖਾਨਾਜੰਗੀ ਸਿਖਰਾਂ ਵੱਲ ਜਾ ਰਹੀ ਹੈ। ਇਸ ਮੁੱਦੇ ਉਤੇ ਹਾਈਕਮਾਨ ਦੀ ਚੁੱਪ ਤੇ ਬਾਗੀਆਂ ਦੇ ਕੁਨਬੇ ਵਿਚ ਹੋ ਰਹੇ ਵਾਧੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਬਾਗੀ ਧੜੇ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਬਗਾਵਤ ਪਾਰਟੀ ਖਿਲਾਫ ਨਹੀਂ ਸਗੋਂ ਕੈਪਟਨ ਖਿਲਾਫ ਹੈ। ਇਸ ਧੜੇ ਨੇ 2022 ਦੀ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਲਾਂਭੇ ਕਰਨ ਦੀ ਮੰਗ ਖੁੱਲ੍ਹ ਕੇ ਰੱਖ ਦਿੱਤੀ ਹੈ। ਇਥੋਂ ਤੱਕ ਕਿ ਇਸ ਬਗਾਵਤ ਵਿਚ ਮੋਹਰੀ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਸਾਫ ਕਰ ਦਿੱਤਾ ਹੈ ਕਿ ਉਹ ਪਾਰਟੀ ਦਾ ਵਫਾਦਾਰ ਸਿਪਾਹੀ ਹੈ ਅਤੇ ਪਾਰਟੀ ਛੱਡ ਕੇ ਕਿਸੇ ਹੋਰ ਧਿਰ ਵਿਚ ਜਾਣ ਦਾ ਸਵਾਲ ਹੀ ਨਹੀਂ ਉਠਦਾ। ਲੜਾਈ ਕੈਪਟਨ ਦੀ ਮਾੜੀ ਅਗਵਾਈ ਤੇ ਨਾਕਾਮੀਆਂ ਖਿਲਾਫ ਹੈ।
ਸਿੱਧੂ ਦੇ ਇਸ ਦਾਅਵੇ ਪਿੱਛੋਂ ਬਾਗੀ ਧੜੇ ਨੂੰ ਪਾਰਟੀ ਅੰਦਰੋਂ ਵੱਡੀ ਹਮਾਇਤ ਮਿਲਣ ਲੱਗੀ ਹੈ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਦੇ ਸਰਕਾਰੀ ਫਲੈਟ ‘ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਸਣੇ ਕਈ ਆਗੂਆਂ ਨੇ ਮੀਟਿੰਗ ਕਰ ਕੇ ਆਉਂਦੇ ਦਿਨਾਂ ਵਿਚ ਕੈਪਟਨ ਖਿਲਾਫ ਮੁਹਿੰਮ ਹੋਰ ਤਿੱਖੀ ਕਰਨ ਦੇ ਸੰਕੇਤ ਦਿੱਤੇ ਹਨ।
ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਕਾਂਗਰਸ ਹਾਈ ਕਮਾਂਡ ਦੇ ਰੁਖ ‘ਤੇ ਚਰਚਾ ਕੀਤੀ ਗਈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਵਿਰੋਧੀ ਧੜੇ ਨੇ ਇਸ ਗੱਲ ‘ਤੇ ਵੀ ਵਿਚਾਰ ਕੀਤਾ ਕਿ ਜੇਕਰ ਹਾਈ ਕਮਾਂਡ ਨੇ ਪੰਜਾਬ ਕਾਂਗਰਸ ‘ਚ ਛਿੜੀ ਲੜਾਈ ਦਾ ਤੁਰਤ ਹੱਲ ਨਾ ਕੱਢਿਆ ਤਾਂ ਭਵਿੱਖ ਵਿਚ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਏ ਜਾਣ ਦੀ ਜ਼ਰੂਰਤ ਹੈ। ਮੀਟਿੰਗ ਤੋਂ ਬਾਅਦ ਰੰਧਾਵਾ ਅਤੇ ਚੰਨੀ ਨੇ ਤਾਂ ਮੀਟਿੰਗ ਸਬੰਧੀ ਤੇ ਭਵਿੱਖ ਦੀ ਰਣਨੀਤੀ ਬਾਰੇ ਕੋਈ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ‘ਤੇ ਤਿੱਖੀਆਂ ਟਿੱਪਣੀਆਂ ਕੀਤੀਆਂ। ਪਰਗਟ ਸਿੰਘ ਨੇ ਇਥੋਂ ਤੱਕ ਕਿਹਾ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਹ ਗੱਲ ਤਾਂ ਉਨ੍ਹਾਂ ਮੁੱਖ ਮੰਤਰੀ ਦੇ ਸਾਹਮਣੇ ਆਖੀ ਸੀ ਕਿ ਹੋਰਨਾਂ ਦਾ ਸਰਵੇਖਣ ਕਰਾਉਣ ਦੀ ਥਾਂ ਸਭ ਤੋਂ ਪਹਿਲਾਂ ਕੈਪਟਨ ਆਪਣੇ ਬਾਰੇ ਹੀ ਸਰਵੇਖਣ ਕਰਵਾ ਲੈਣ ਕਿ ਲੋਕਾਂ ‘ਚ 2017 ਦੀਆਂ ਚੋਣਾਂ ਤੋਂ ਪਹਿਲਾਂ ਵਾਲੀ ਗੱਲ ਹੈ ਜਾਂ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਲੋਕਾਂ ‘ਚ ਆਪਣਾ ਆਧਾਰ ਪੂਰੀ ਤਰ੍ਹਾਂ ਗੁਆ ਚੁੱਕੇ ਹਨ।
ਬਾਗੀ ਧੜੇ ਦੇ ਇਸ ਵਿਧਾਇਕ ਨੇ ਅਮਰਗੜ੍ਹ ਤੋਂ ਪਾਰਟੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਵਿਧਾਇਕਾਂ ਵੱਲੋਂ ਖੁੱਲ੍ਹੀ ਬਗਾਵਤ ਕਰਨ ਦੇ ਦਿੱਤੇ ਸੱਦੇ ਦੀ ਵੀ ਹਮਾਇਤ ਕੀਤੀ। ਕਾਂਗਰਸ ਦੇ ਸੀਨੀਅਰ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਜੇ ਚੋਣਾਂ ਲੜੀਆਂ ਜਾਣ ਤਾਂ ਪਾਰਟੀ ਮੁੜ ਸਰਕਾਰ ਬਣਾ ਸਕਦੀ ਹੈ। ਸ੍ਰੀ ਧੀਮਾਨ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਸੱਦਾ ਦਿੱਤਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖਤਾ ਪਲਟ ਦਿੱਤਾ ਜਾਵੇ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਨੇ ਸਾਫ ਆਖ ਦਿੱਤਾ ਹੈ ਕਿ ਅਸੀਂ ਉਦੋਂ ਬੋਲਣ ਲਈ ਮਜਬੂਰ ਹੋਏ, ਜਦੋਂ ਲੋਕਾਂ ਦੀ ਆਵਾਜ਼ ਨਹੀਂ ਸੁਣੀ ਗਈ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਪਾਰਟੀ ਵਰਕਰ ਵੀ ਮਾਯੂਸ ਹੋ ਉਠੇ। ਉਨ੍ਹਾਂ ਕਿਹਾ ਕਿ ਸਾਡੀ ਇਕੋ ਆਵਾਜ਼ ਹੈ ਕਿ ਬੇਅਦਬੀ, ਬਹਿਬਲ ਕਲਾਂ, ਬਰਗਾੜੀ ਮਾਮਲੇ ਜਲਦ ਤੋਂ ਜਲਦ ਫੈਸਲਾ ਹੋਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ ਅਤੇ ਜੋ ਨਸ਼ਿਆਂ ਦਾ ਲੱਕ ਤੋੜਨ, ਘਰ-ਘਰ ਨੌਕਰੀ ਦੇਣ ਸਮੇਤ ਜੋ ਹੋਰ ਵਾਅਦੇ ਕੀਤੇ ਗਏ ਸਨ, ਉਹ ਪੂਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਕੰਮ ਤੋਂ ਸਾਰੇ ਸੰਤੁਸ਼ਟ ਹੁੰਦੇ ਤਾਂ ਪਾਰਟੀ ਵਿਚ ਏਨਾ ਰੌਲਾ ਪੈਣਾ ਹੀ ਨਹੀਂ ਸੀ।