ਪੂੰਜੀਵਾਦ ਦੇ ਮਾਰੂਥਲ ਦਾ ਤੋੜ ਤਲਾਸ਼ਦੀ ਫਿਲਮ ‘ਰੈੱਡ ਡੈਜ਼ਰਟ’

ਡਾ. ਕੁਲਦੀਪ ਕੌਰ
ਫੋਨ: +91-98554-04330
ਫਿਲਮ ‘ਰੈੱਡ ਡੈਜ਼ਰਟ` ਸਾਲ 1964 ਵਿਚ ਰਿਲੀਜ਼ ਹੋਈ। ਇਹ ਮਾਈਕਲਏਂਜਲੋ ਅੰਤੋਨੀਓਨੀ ਦੀ ਪਹਿਲੀ ਰੰਗਦਾਰ ਫਿਲਮ ਸੀ। ਇਹ ਤੱਥ ਇਸ ਲਈ ਵੱਧ ਮਹਤੱਵਪੂਰਨ ਹੈ ਕਿਉਂਕਿ ਉਸ ਦੀਆਂ ਪਹਿਲੀਆਂ ਸਾਰੀਆਂ ਹੀ ਫਿਲਮ ਵਿਚ ਕਾਲੇ ਤੇ ਚਿੱਟੇ ਰੰਗਾਂ ਰਾਹੀਂ ਕਹਾਣੀ ਬੁਣਨ ਅਤੇ ਇਸ ਦੇ ਬਿਰਤਾਂਤ ਨੂੰ ਅੱਗੇ ਤੋਰਨ ਵਿਚ ਰੋਲ ਕੌਮਾਂਤਰੀ ਸਿਨੇਮਾ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਸੀ। ਇਸ ਤੋਂ ਪਹਿਲਾ ਉਸ ਨੇ ਜਿਹੜੀਆਂ ਵੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ, ਉਹਨਾਂ ਵਿਚ ਦੂਜੇ ਸੰਸਾਰ ਯੁੱਧ ਤੋਂ ਬਾਅਦ ਹਾਰੀ-ਹੰਭੀ ਲੋਕਾਈ ਦਾ ਬਹੁਤ ਵਿਸਥਾਰ ਸਹਿਤ ਚਿਤਰਨ ਸੀ, ਖਾਸ ਤੌਰ ‘ਤੇ ਇਨ੍ਹਾਂ ਅੰਦਰ ਅਜਿਹੇ ਸਮਾਜਾਂ ਵਿਚ ਰਹਿ ਰਹੀਆਂ ਉੱਚ ਵਰਗੀ ਜਮਾਤਾਂ ਦੇ ਮਾਨਸਿਕ ਤੇ ਭਾਵਨਾਤਮਿਕ ਲੈਡਸਕੇਪਾਂ ਦਾ ਖਾਕਾ ਖਿੱਚਿਆ ਗਿਆ ਸੀ।

ਫਿਲਮ ‘ਰੈੱਡ ਡੈਜ਼ਰਟ` ਤੱਕ ਆਉਂਦਿਆਂ ਆਉਂਦਿਆਂ ਮਾਈਕਲਏਂਜਲੋ ਅੰਤੋਨੀਓਨੀ ਦੇ ਸਾਹਮਣੇ ਇਸ ਸਮੁੱਚੇ ਵਰਤਾਰੇ ਦੀਆਂ ਬਹੁਤੀਆਂ ਤਹਿਆਂ ਨੰਗੀਆਂ ਹੋ ਚੁੱਕੀਆਂ ਹਨ ਤੇ ਉਹ ਅਜਿਹੀ ਫਿਲਮ ਬਣਾਉਣ ਦੀ ਸਮਰੱਥਾ ਰੱਖਦਾ ਸੀ ਜਿਹੜੀ ਉਸ ਦੌਰ ਦਾ ਇੱਕ ਮੁਕੰਮਲ ਬਿਆਨ ਹੋਵੇ। ਇਹ ਫਿਲਮ ਥਿਊਰੀ ਦੇ ਪੱਧਰ ‘ਤੇ ਆਧੁਨਿਕਤਾ ਨੂੰ ਮਨੁੱਖੀ ਤਰਾਸਦੀਆਂ ਦਾ ਇਕਲੌਤਾ ਹੱਲ ਦੱਸਣ ਦੇ ਸੌਖੇ ਸਿਆਸੀ ਤਰੀਕਿਆਂ ‘ਤੇ ਵੀ ਸਵਾਲ ਖੜਾ੍ਹ ਕਰਦੀ ਹੈ।
ਆਪਣੇ ਇੱਕ ਇੰਟਰਵਿਊ ਵਿਚ ਇਹ ਅਹਿਮ ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ ਲਿਖਦਾ ਹੈ ਕਿ ਸਾਡੇ ਸਮਿਆਂ ਵਿਚ ਸਭਿਆਚਾਰ ਉਸ ਤਰ੍ਹਾਂ ਬਣ-ਵਿਗਸ ਹੀ ਨਹੀਂ ਸਕਿਆ ਜਿਸ ਤਰ੍ਹਾਂ ਵਿਗਿਆਨ ਤੇ ਤਕਨੀਕ ਦੀ ਤਰੱਕੀ ਹੋਈ ਹੈ। ਇਹਨਾਂ ਸ਼ਬਦਾਂ ਨੂੰ ਉਸ ਦੀਆਂ ਫਿਲਮਾਂ ਦੇ ਕਿਰਦਾਰਾਂ ਵਿਚੋਂ ਬਹੁਤ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਉਸ ਦੇ ਜ਼ਿਆਦਾਤਰ ਕਿਰਦਾਰਾਂ ਨਾਲ ਆਮ ਲੋਕਾਂ ਦਾ ਵੱਡਾ ਵਰਗ ਖੁਦ ਨੂੰ ਜੋੜ ਕੇ ਨਹੀਂ ਸਮਝ ਸਕਦਾ। ਸ਼ਾਇਦ ਇਹੀ ਕਾਰਨ ਹੈ ਕਿ ਉਸ ਦਾ ਸਿਨੇਮਾ ਬਹੁਤੀ ਵਾਰ ਅਣਗੌਲਿਆ ਹੀ ਰਹਿ ਜਾਂਦਾ ਹੈ। ਉਸ ਦੇ ਕਿਰਦਾਰ ਕਿਸੇ ਅਜਿਹੇ ਮਾਨਵੀ ਅਨੁਭਵ ਵਿਚੋਂ ਗੁਜ਼ਰਦੇ ਹਨ ਜਿਹੜਾ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਨਾਲ ਵਾਪਰੇ ਹੀ ਵਾਪਰੇ।
ਅਸਲ ਵਿਚ, ਮਾਈਕਲਏਂਜਲੋ ਅੰਤੋਨੀਓਨੀ ਦੀਆਂ ਫਿਲਮਾਂ ਦੀ ਖਾਸੀਅਤ ਇਹ ਹੈ ਕਿ ਇਹ ਕਿਰਦਾਰ ਪਲ-ਪਲ ਬਦਲ ਰਹੇ ਸਮੁੱਚੇ ਹਾਲਾਤ ਬਾਰੇ ਲਗਾਤਾਰ ਚੇਤੰਨ ਰਹਿੰਦੇ ਹਨ ਅਤੇ ਖੁਦ ਨੂੰ ਬਦਲਾਓ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹਨਾਂ ਦਾ ਟਕਰਾਉ ਵੀ ਪਦਾਰਥਕ ਹਾਲਾਤ ਦੀ ਥਾਂ ਉਸ ਸਮੇਂ ਦੀ ਨੈਤਕਿਤਾ ਅਤੇ ਕਦਰਾਂ-ਕੀਮਤਾਂ ਨਾਲ ਹੁੰਦਾ ਹੈ। ਅਜਿਹੇ ਹਾਲਾਤ ਵਿਚ ਕਸ਼ਮਕਸ ਅਤੇ ਸਿਧਾਂਤਕ ਟਕਰਾਉ ਦਾ ਤਿੱਖਾ ਅਤੇ ਗੁੰਝਲਦਾਰ ਹੋਣਾ ਸੁਭਾਵਿਕ ਹੈ। ਉਸ ਦੀਆਂ ਪਹਿਲੀਆਂ ਸਾਰੀਆਂ ਫਿਲਮਾਂ ਵਿਚ ਵਾਰ-ਵਾਰ ਨਜ਼ਰ ਆਉਂਦਾ ਇਹ ਵਰਤਾਰਾ ਫਿਲਮ ‘ਰੈੱਡ ਡੈਜ਼ਰਟ` ਵਿਚ ਤਰਾਸਦੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਫਿਲਮ ਪੂੰਜੀਵਾਦ ਦੁਆਰਾ ਆਧੁਨਿਕ ਸਮਾਜਾਂ ਨੂੰ ਸਨਅਤੀਕਰਨ ਦੇ ਅੰਨ੍ਹੇ ਖੂਹ ਵਿਚ ਸੁੱਟਣ ਤੋਂ ਉਪਜੀ ਟੁੱਟ-ਭੱਜ ਅਤੇ ਇਨ੍ਹਾਂ ਹਾਲਾਤ ਵਿਚ ਜਿਊਣਾ ਜਾਰੀ ਰੱਖਣ ਦੀ ਜੱਦੋ-ਜਹਿਦ ਦਾ ਕਥਾਰਸਿਸ ਹੋ ਨਿਬੜਦੀ ਹੈ।
ਫਿਲਮ ‘ਰੈੱਡ ਡੈਜ਼ਰਟ` ਗੁਲੀਆਨਾ ਨਾਮ ਦੀ ਔਰਤ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸ ਦਾ ਪਤੀ ਆਪਣੇ ਪੈਟਰੋ-ਕੈਮੀਕਲ ਉਦਯੋਗ ਦੀ ਸਫਲਤਾ ਦੇ ਨਸ਼ੇ ਵਿਚ ਗੁੰਮ ਹੋ ਗਿਆ ਹੈ। ਉਹਨਾਂ ਹੀ ਦਿਨਾਂ ਵਿਚ ਉਸ ਦੀ ਮੁਲਾਕਾਤ ਉਹਨਾਂ ਦੇ ਘਰੇਲੂ ਕਾਰਖਾਨੇ ਵਿਚ ਕੰਮ ਕਰਦੇ ਕਰੋਡੋ ਜੈਲਰ ਨਾਲ ਹੁੰਦੀ ਹੈ। ਇਟਲੀ ਦੇ ਇੱਕ ਸਭ ਤੋਂ ਵੱਡੇ ਸ਼ਹਿਰ ਵਿਚ ਰਹਿੰਦੇ ਹੋਏ ਵੀ ਇਹ ਭਾਵੁਕਤਾ ਅਤੇ ਪਿਆਰ ਲਈ ਸਹੀ ਜਗ੍ਹਾ ਨਹੀਂ। ਉਹਨਾਂ ਦੇ ਆਸ-ਪਾਸ ਦੂਰ-ਦੂਰ ਤੱਕ ਕਾਰਖਾਨਿਆਂ ਦਾ ਕੂੜਾ-ਕਬਾੜਾ ਖਿਲਰਿਆ ਪਿਆ ਹੈ। ਸ਼ਹਿਰ ਦੀ ਹਵਾ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਉਹਨਾਂ ਨੂੰ ਇੱਕ-ਦੂਜੇ ਦੇ ਚਿਹਰੇ ਵੀ ਸਹੀ-ਸਹੀ ਪਛਾਣਨੇ ਮੁਸ਼ਕਿਲ ਹਨ। ਪੀਣ ਵਾਲਾ ਸਾਫ ਪਾਣੀ ਨਾਦਾਰਦ ਹੈ। ਕਾਰਖਾਨਿਆਂ ਦੀਆਂ ਚਿਮਨੀਆਂ ਵਿਚੋਂ ਨਿਕਲਦਾ ਧੂੰਆਂ ਭਾਵਨਾਵਾਂ ਤੇ ਦਿਲੋ-ਦਿਮਾਗ ਉੱਤੇ ਜੰਮ ਰਿਹਾ ਹੈ, ਲਗਾਤਾਰ। ਅਜਿਹੀ ਹਾਲਤ ਵਿਚ ਜਿੱਥੇ ਹਰ ਆਵਾਜ਼ ਮਸ਼ੀਨਾਂ ਦੇ ਸ਼ੋਰ ਨਾਲ ਟਕਰਾ ਕੇ ਟੁੱਟ ਜਾਂਦੀ ਹੋਵੇ, ਉੱਥੇ ਪ੍ਰੇਮ ਗੀਤਾਂ ਦਾ ਕੀ ਅਰਥ ਬਣ ਸਕਦਾ ਹੈ? ਜਾਂ ਇਨ੍ਹਾਂ ਦਾ ਕੀ ਹਸ਼ਰ ਹੋ ਸਕਦਾ ਹੈ?
ਇਸ ਸੁੰਨ ਨੂੰ ਖਤਮ ਕਰਨ ਲਈ ਮਾਈਕਲਏਂਜਲੋ ਅੰਤੋਨੀਓਨੀ ਸੰਗੀਤ ਦੇ ਲੜ ਲੱਗ ਜਾਂਦਾ ਹੈ ਜਿਹੜਾ ਇਨ੍ਹਾਂ ਸਾਰੇ ਹਾਲਾਤ ਵਿਚ ਕੱਚ ਵਾਂਗ ਖੁਭ ਜਾਂਦਾ ਹੈ। ਉਹ ਰੰਗਾਂ ਨੂੰ ਇਨ੍ਹਾਂ ਸਾਰੇ ਹਾਲਾਤ ਦੀ ਬੇਉਮੀਦੀ ਤੇ ਬੇਰੰਗੇਪਣ ਨੂੰ ਭੰਨਣ ਲਈ ਵਰਤਦਾ ਹੈ। ਇਸ ਫਿਲਮ ਦੀ ਬਹੁਤ ਸਾਰੀ ਤਾਰੀਫ ਇਸ ਵਿਚ ਰੰਗਾਂ ਦੀ ਕਾਵਿਕ ਵਰਤੋਂ ਕਰਨ ਕਰ ਕੇ ਕੀਤੀ ਗਈ। ਫਿਲਮ ਵਿਚ ਜਿੱਥੇ ਕਿਰਦਾਰਾਂ ਦੇ ਕੱਪੜੇ ਅਤੇ ਸਮਾਨ ਬੇਹੱਦ ਤਿੱਖੇ ਤੇ ਆਧੁਨਿਕ ਢੰਗ ਦੇ ਹਨ, ਉਹਨਾਂ ਦੇ ਆਸ-ਪਾਸ ਬਹੁਤੀਆਂ ਚੀਜ਼ਾਂ ਲਗਾਤਾਰ ਉਤਪਾਦਨ ਲਈ ਵਰਤੇ ਜਾਣ ਕਾਰਨ ਬਦਰੰਗ ਤੇ ਬੇਜਾਨ ਹੋ ਚੁੱਕੀਆਂ ਹਨ।
ਇਸ ਫਿਲਮ ਦੀ ਮੁੱਖ ਕਿਰਦਾਰ ਆਪਣੀ ਜ਼ਿੰਦਗੀ ਦੇ ਉਦੇਸ਼ ਬਾਰੇ, ਜੀਣ ਦੇ ਤਰੀਕਿਆਂ ਬਾਰੇ, ਬਹੁਤ ਸਾਰੇ ਸ਼ੰਕਿਆਂ, ਖਦਸ਼ਿਆਂ ਤੇ ਡਰਾਂ ਨਾਲ ਭਰੀ ਹੋਈ ਹੈ। ਉਸ ਦੇ ਸਾਰੇ ਰਿਸ਼ਤੇ ਇਹਨਾਂ ਹੀ ਬੇਵਸਾਹੀਆਂ ਅਤੇ ਭਟਕਣ ਦਾ ਸ਼ਿਕਾਰ ਹੋ ਚੁੱਕੇ ਹਨ। ਉਸ ਦੀ ਸੋਚ ਵੀ ਇਹਨਾਂ ਕਾਰਖਾਨਿਆਂ ਦੇ ਧੂੰਏਂ ਵਾਂਗ ਅਸਪਸ਼ੱਟ ਅਤੇ ਧੁੰਦਲੀ ਹੈ। ਅਜਿਹੇ ਹਾਲਾਤ ਵਿਚ ਉਸ ਕੋਲ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਿਨਾਂ ਕੁਝ ਹੋਰ ਹੋਣ ਦੀ ਸੰਭਾਵਨਾ ਹੈ ਹੀ ਨਹੀਂ। ਉਹ ਇਸ ਸਾਰੇ ਸ਼ੋਰ-ਸ਼ਰਾਬੇ ਤੋਂ ਵੀ ਪ੍ਰੇਸ਼ਾਨ ਹੈ ਪਰ ਉਸ ਕੋਲ ਭੱਜਣ ਦਾ ਹੋਰ ਕੋਈ ਰਾਹ ਵੀ ਨਹੀਂ ਬਚਿਆ। ਅਚਾਨਕ ਹੀ ਇਸ ਸ਼ਹਿਰ ਦੇ ਕਿਨਾਰੇ ‘ਤੇ ਇੱਕ ਜਹਾਜ਼ ਆਣ ਕੇ ਰੁਕਦਾ ਹੈ ਅਤੇ ਸ਼ਹਿਰ ਵਿਚ ਇਹ ਅਫਵਾਹ ਫੈਲ ਜਾਂਦੀ ਹੈ ਕਿ ਇਹ ਜਹਾਜ਼ ਛੂਤ ਦੀ ਬਿਮਾਰੀ ਦਾ ਜਹਾਜ਼ ਹੈ। ਉਹ ਡਰੀ ਹੋਈ ਆਪਣੇ ਘਰ ਵਿਚ ਆ ਕੇ ਲੁਕ ਜਾਂਦੀ ਹੈ, ਭਾਵੇਂ ਉਸ ਨੂੰ ਪਤਾ ਹੈ ਕਿ ਇਹ ਉਸ ਦੀ ਸਮੱਸਿਆ ਦਾ ਹੱਲ ਨਹੀਂ।
ਇਸ ਫਿਲਮ ਦਾ ਅੰਤ ਵੀ ਕਾਫੀ ਅਸਹਿਜ ਹੈ। ਫਿਲਮ ਦੇ ਅੰਤ ਵਿਚ ਉਹ ਆਪਣੇ ਮੁੰਡੇ ਨਾਲ ਕਾਰਖਾਨੇ ਦੀਆਂ ਗਤੀਵਿਧੀਆਂ ਦੀ ਨਿਰਖ-ਪਰਖ ਕਰ ਰਹੀ ਹੈ। ਉਸ ਦਾ ਇੱਕ ਵਰਕਰ ਉਸ ਨੂੰ ਦੱਸਦਾ ਹੈ ਕਿ ਪਿਛਲੇ ਦਿਨਾਂ ਵਿਚ ਕਾਰਖਾਨੇ ਦੀ ਜ਼ਹਿਰੀਲੀ ਹਵਾ ਕਾਰਨ ਬਹੁਤ ਸਾਰੇ ਪੰਛੀ ਮਰ ਗਏ ਹਨ। ਇਸ ਦੇ ਜਵਾਬ ਵਿਚ ਉਹ ਆਖਦੀ ਹੈ ਕਿ ਹੁਣ ਸ਼ਾਇਦ ਅਜਿਹਾ ਰੁਕ ਜਾਵੇ, ਕਿਉਂਕਿ ਪੰਛੀਆਂ ਨੇ ਇਸ ਪੀਲੀ ਹਵਾ ਤੋਂ ਦੂਰ ਰਹਿਣਾ ਸਿੱਖ ਲਿਆ ਹੈ। ਇਸ ਤਰ੍ਹਾਂ ਇਹ ਫਿਲਮ ਸਭ ਤੋਂ ਮਾੜੇ ਹਾਲਾਤ ਵਿਚ ਵੀ ਜਿਊਂਦੇ ਰਹਿਣ ਦੀ ਸੰਭਾਵਨਾ ਤਲਾਸ਼ਦੀ ਫਿਲਮ ਹੈ।