ਅਦਾਕਾਰਾ ਵਿੱਦਿਆ ਬਾਲਨ ਹੁਣ ‘ਸ਼ੇਰਨੀ’ ਬਣੇਗੀ

ਅਦਾਕਾਰਾ ਵਿੱਦਿਆ ਬਾਲਨ ਦੀ ਫਿਲਮ ‘ਸ਼ੇਰਨੀ’ ਅਗਲੇ ਮਹੀਨੇ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਕੀਤੀ ਜਾ ਰਹੀ ਹੈ। ‘ਨਿਊਟਨ’ ਫਿਲਮ ਲਈ ਪ੍ਰਸਿੱਧ ਹੋਏ ਅਮਿਤ ਮਸੂਰਕਰ ਵੱਲੋਂ ਨਿਰਦੇਸ਼ਤ ਇਸ ਫਿਲਮ ਵਿਚ ਵਿੱਦਿਆ ਬਾਲਨ ਨੂੰ ਜੰਗਲਾਤ ਅਫਸਰ ਵਜੋਂ ਪੇਸ਼ ਕੀਤਾ ਗਿਆ ਹੈ ਜੋ ਮਨੁੱਖਾਂ ਅਤੇ ਜਾਨਵਰਾਂ ਦੇ ਟਕਰਾਓ ਦੀ ਦੁਨੀਆ ਵਿਚ ਸੰਤੁਲਨ ਬਣਾਈ ਰੱਖਣ ਦੀ ਭਰਪੂਰ ਕੋਸ਼ਿਸ਼ ਕਰਦੀ ਹੈ। ਐਮਾਜ਼ੋਨ ਦੀ ਇਹ ਫਿਲਮ ਟੀ-ਸੀਰੀਜ਼ ਅਤੇ ਅਬੁੰਦਾਂਤੀਆ ਐਂਟਰਟੇਨਮੈਂਟ ਨੇ ਬਣਾਈ ਹੈ।

2020 ਦੀ ਆਲੋਚਨਾਤਮਕ ਪ੍ਰਸ਼ੰਸਾ ਵਾਲੀ ਫਿਲਮ ‘ਸ਼ਕੁੰਤਲਾ ਦੇਵੀ’ ਤੋਂ ਬਾਅਦ ਇਹ ਤਿੱਕੜੀ ਦੂਜੀ ਵਾਰ ਇਕੱਠਿਆਂ ਕੰਮ ਕਰ ਰਹੀ ਹੈ। ਐਮਾਜ਼ੋਨ ਪ੍ਰਾਈਮ ਵੀਡੀਓ ਇੰਡੀਆ ਦੇ ਵਿਸ਼ਾ ਵਸਤੂ ਦੇ ਡਾਇਰੈਕਟਰ ਅਤੇ ਮੁਖੀ ਵਿਜੈ ਸੁਬਰਾਮਨੀਅਮ ਨੇ ਕਿਹਾ ਕਿ ਉਹ ਅਬੁੰਦਾਂਤੀਆ ਐਂਟਰਟੇਨਮੈਂਟ ਅਤੇ ਟੀ-ਸੀਰੀਜ਼ ਨਾਲ ਸਹਿਯੋਗ ਕਰ ਕੇ ਬਹੁਤ ਖੁਸ਼ ਹਨ ਜੋ ਤਾਜ਼ੀ ਅਤੇ ਦਿਲਚਸਪ ਸਮੱਗਰੀ ਦਰਸ਼ਕਾਂ ਲਈ ਲਿਆਉਂਦੇ ਹਨ। ਉਸ ਨੇ ਕਿਹਾ, “ਸ਼ਕੁੰਤਲਾ ਦੇਵੀ ਦੀ ਸਫਲਤਾ ਤੋਂ ਬਾਅਦ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਆਪਣੇ ਦਰਸ਼ਕਾਂ ਲਈ ਵਿੱਦਿਆ ਬਾਲਨ ਦੀ ਇੱਕ ਹੋਰ ਪ੍ਰੋਜੈਕਟ ‘ਸ਼ੇਰਨੀ’ ਪੇਸ਼ ਕਰਨ ਲਈ ਉਤਸੁਕ ਹਾਂ। ਇਹ ਫਿਲਮ ਜਿੱਤ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ ਜੋ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਸਗੋਂ ਉਨ੍ਹਾਂ ਨੂੰ ਘਰਾਂ ਦੇ ਆਰਾਮਦਾਇਕ ਮਾਹੌਲ ਵਿਚ ਹੀ ਰੁਮਾਂਚਕ ਤਜਰਬਾ ਵੀ ਕਰਾਏਗੀ।” ਫਿਲਮ ਵਿਚ ਸ਼ਰਦ ਸਕਸੈਨਾ, ਮੁਕੁਲ ਚੱਢਾ, ਵਿਜੇ ਰਾਜ, ਈਲਾ ਅਰੁਣ ਆਦਿ ਕਲਾਕਾਰ ਨੇ ਕੰਮ ਕੀਤਾ ਹੈ ਅਤੇ ਚਾਰੇ ਪਾਸੇ ਇਨ੍ਹਾਂ ਦੇ ਕੰਮ ਦੀ ਤਾਰੀਫ ਹੋ ਰਹੀ ਹੈ।
ਪਹਿਲੀ ਜਨਵਰੀ 1979 ਨੂੰ ਜਨਮੀ ਵਿੱਦਿਆ ਬਾਲਨ ਦਾ ਕਹਿਣਾ ਹੈ ਕਿ ‘ਸ਼ੇਰਨੀ’ ਪ੍ਰੋਜੈਕਟ ਉਹਦੇ ਲਈ ਬਹੁਤ ਅਹਿਮ ਹੈ ਅਤੇ ਹੁਣ ਤੱਕ ਉਸ ਲਈ ਸਭ ਤੋਂ ਚੁਣੌਤੀ ਭਰਪੂਰ ਵੀ ਰਿਹਾ ਹੈ। ਇਸ ਪ੍ਰੋਜੈਕਟ ਦੇ ਨਾਲ-ਨਾਲ ਕੁਦਰਤ ਬਾਰੇ ਜਿਹੜਾ ਪਾਠ ਅਤੇ ਸਬਕ ਮਿਲਿਆ ਹੈ, ਉਹ ਬਹੁਤ ਮਹੱਤਵਪੂਰਨ ਹਨ। ਇਹ ਪ੍ਰੋਜੈਕਟ ਕਰਨ ਤੋਂ ਬਾਅਦ ਮੈਂ ਪਹਿਲਾਂ ਵਾਲੀ ਵਿੱਦਿਆ ਬਾਲਨ ਨਹੀਂ ਰਹੀ; ਮੈਨੂੰ ਜਾਪਦਾ ਹੈ ਕਿ ਇਹ ਸੀਰੀਜ਼ ਦੇਖਣ ਤੋਂ ਬਾਅਦ ਦਰਸ਼ਕ ਵੀ ਆਪਣੇ-ਆਪ ਨੂੰ ਬਦਲਿਆ-ਬਦਲਿਆ ਮਹਿਸੂਸ ਕਰਨਗੇ।
ਚੇਤੇ ਰਹੇ ਕਿ ਵਿੱਦਿਆ ਬਾਲਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1995 ਵਿਚ ਉਸ ਵਕਤ ਕਰ ਲਈ ਸੀ ਜਦੋਂ ਉਹ ਮਹਿਜ਼ 15-16 ਵਰ੍ਹਿਆਂ ਦੀ ਸੀ। ਉਸ ਵਕਤ ਉਸ ਨੇ ‘ਹਮ ਪਾਂਚ’ ਵਿਚ ਕੰਮ ਕੀਤਾ ਅਤੇ ਚੁਫੇਰਿਉਂ ਪ੍ਰਸ਼ੰਸਾ ਹਾਸਲ ਕੀਤੀ ਪਰ ਕਰੀਅਰ ਢੰਗ ਨਾਲ ਅੱਗੇ ਨਹੀਂ ਵਧਿਆ। ਯੂਨੀਵਰਸਿਟੀ ਵਿਚ ਪੜ੍ਹਾਈ ਦੌਰਾਨ ਅਦਾਕਾਰੀ ਦੇ ਖੇਤਰ ਵਿਚ ਪੈਂਠ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਫਲਤਾ ਨਹੀਂ ਮਿਲ ਸਕੀ। ਫਿਰ 2003 ਵਿਚ ਜਦੋਂ ਬੰਗਲਾ ਫਿਲਮ ‘ਭਾਲੋ ਠੇਕੋ’ ਆਈ ਤਾਂ ਉਦੇ ਲਈ ਅਦਾਕਾਰੀ ਦੇ ਰਾਹ ਬਹੁਤ ਮੋਕਲੇ ਹੋ ਗਏ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਉਹਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਉਹ ਅਦਾਕਾਰਾ ਵਜੋਂ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਹੈ।
-ਆਮਨਾ ਕੌਰ