ਪੰਜਾਬ ਦਾ ਛੱਜ ਤੇ ਯੂ. ਪੀ. ਦੀ ਛਾਣਨੀ

ਗੁਲਜ਼ਾਰ ਸਿੰਘ ਸੰਧੂ
ਕੈਪਟਨ ਸਰਕਾਰ ਵਲੋਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜਿਲਾ ਐਲਾਨੇ ਜਾਣ ਨੇ ਭਾਜਪਾ ਦੇ ਕਈ ਨੇਤਾਵਾਂ ਨੂੰ ਬੌਖਲਾ ਦਿੱਤਾ ਹੈ। ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਨੂੰ। ਯੋਗੀ ਨੂੰ ਇਸ ਤੋਂ ਵਧ ਮਲੇਰਕੋਟਲਾ ਬਾਰੇ ਕੁਝ ਨਹੀਂ ਪਤਾ ਕਿ ਇਹ ਮੁਸਲਿਮ ਬਹੁਗਿਣਤੀ ਵਾਲਾ ਖੇਤਰ ਹੈ। ਉਸ ਨੂੰ ਪੰਜਾਬੀਆਂ ਦੀ ਸੂਰਬੀਰਤਾ ਅਤੇ ਉਨ੍ਹਾਂ ਦੇ ਗੁਰੂ ਸਾਹਿਬਾਨ ਵਲੋਂ ਦੇਸ ਲਈ ਦਿੱਤੀਆਂ ਕੁਰਬਾਨੀਆਂ ਦਾ ਵੀ ਇਲਮ ਨਹੀਂ।

ਉਹ ਇਹ ਵੀ ਭੁੱਲ ਗਿਆ ਹੈ ਕਿ ਥੋੜ੍ਹੇ ਦਿਨ ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਨੌਵੇਂ ਗੁਰੂ ਸਾਹਿਬਾਨ ਦਾ ਗੁਣਗਾਨ ਕਰਦਾ ਸਾਹ ਨਹੀਂ ਸੀ ਲੈ ਰਿਹਾ। ਉਸ ਨੂੰ ਕੌਣ ਦੱਸੇ ਕਿ ਮਲੇਰਕੋਟਲੀਆਂ ਦੀ ਪੰਜਾਬੀਆਂ ਨਾਲ ਕਿਹੋ ਜਿਹੀ ਸਾਂਝ ਹੈ। ਉਸ ਨੂੰ ਇਹ ਵੀ ਕਿ ਜਦੋਂ ਬਾਬਾ ਬੰਦਾ ਬਹਾਦਰ ਨੇ ਸਰਿਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਤਾਂ ਉਸ ਨੇ ਮਲੇਰਕੋਟਲੀਆਂ ਦਾ ਵਾਲ ਵਿੰਗਾ ਨਹੀਂ ਸੀ ਹੋਣ ਦਿੱਤਾ।
1947 ਦੀ ਵੱਢ-ਟੁੱਕ ਤਾਂ ਹਾਲੇ ਕੱਲ੍ਹ ਦੀ ਗੱਲ ਹੈ, ਜਦੋਂ ਸਮੇਂ ਦੇ ਵਹਿਸ਼ੀਆਂ ਨੇ ਚੰਗੇ ਭਲੇ ਮੁਸਲਿਮ ਟਿਕਾਣਿਆਂ ਨੂੰ ਨਹੀਂ ਸੀ ਬਖਸ਼ਿਆ, ਪਰ ਮਲੇਰਕੋਟਲੀਆਂ ਨੂੰ ਕੋਈ ਆਂਚ ਨਹੀਂ ਸੀ ਆਉਣ ਦਿੱਤੀ। ਕਾਰਨ ਦੱਸਣ ਦੀ ਲੋੜ ਹੈ, ਜਦੋਂ ਸੂਬਾ ਸਰਿਹੰਦ ਵਜੀਰ ਖਾਨ ਨੇ ਦਸਮ ਗੁਰੂ ਦੇ ਛੋਟੇ ਸਾਹਿਬਜ਼ਾਦਿਆਂ-ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਨੂੰ ਜਿਊਂਦੇ ਦੀਵਾਰਾਂ ਵਿਚ ਚਿਣੇ ਜਾਣ ਦਾ ਹੁਕਮ ਦਿੱਤਾ ਸੀ ਤਾਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸੂਬੇ ਨੂੰ ਇਸ ਜ਼ੁਲਮ ਤੋਂ ਵਰਜਣ ਲਈ ਹਾਅ ਦਾ ਨਾਅਰਾ ਮਾਰਿਆ ਸੀ। ਮਲੇਰਕੋਟਲੇ ਦੇ ਨਵਾਬ ਦੀ ਇਸ ਧਾਰਨਾ `ਤੇ ਪਹੁੰਚ ਨੂੰ ਸਿੱਖ ਪੰਥ ਤਾਂ ਕੀ, ਸਮੁੱਚਾ ਪੰਜਾਬੀ ਭਾਈਚਾਰਾ ਅੱਜ ਤੱਕ ਨਹੀਂ ਭੁੱਲ ਸਕਿਆ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਮਲੇਰਕੋਟਲਾ ਨਿਰਾ ਮੁਸਲਿਮ ਖੇਤਰ ਨਹੀਂ। ਜੇ ਜਨ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਉਰਦੂ ਸਾਹਿਤਕਾਰ ਵਜੋਂ ਨਿਵਾਜੇ ਜਾਣ ਵਾਲੇ ਮੁਹੰਮਦ ਸੁਲਤਾਨ ਅੰਜੁਮ ਦਾ ਜਨਮ ਸਥਾਨ ਇਹ ਹੈ ਤਾਂ ਭਾਰਤ ਸਰਕਾਰ ਵਲੋਂ ਸਨਮਾਨਤ ਡਾ. ਨਰੇਸ਼ ਤੇ ਇੰਟਰਨੈਸ਼ਨਲ ਬਾਇਓਗ੍ਰਾਫਿਕਲ ਕੈਂਬਰਿਜ ਵਲੋਂ ਸਨਮਾਨਤ ਡਾ. ਸ਼ਸ਼ੀ ਕਾਂਤ ਉਪਲ ਵੀ ਮਲੇਰਟੋਕਲਾ ਦੇ ਜੰਮਪਲ ਸਨ।
ਕੌਣ ਨਹੀਂ ਜਾਣਦਾ ਕਿ ਯੋਗੀ ਖੁਦ ਅੰਤਾਂ ਦੀ ਫਿਰਕਾਪ੍ਰਸਤ ਰੁਚੀ ਰਖਦਾ ਹੈ। ਭਾਰਤ ਵਿਚ ਉੱਤਰ ਪ੍ਰਦੇਸ਼ ਪਹਿਲਾ ਸੂਬਾ ਹੈ, ਜਿਸ ਨੇ ਲਵ ਜਿਹਾਦ ਕਾਨੂੰਨ ਸਥਾਪਤ ਕੀਤਾ। ਯੋਗੀ ਦੀ ਦੁਨੀਆਂ ਭਰ ਦੇ ਅਜੂਬੇ ਤਾਜ ਮਹੱਲ ਪ੍ਰਤੀ ਖੁੱਲ੍ਹੀ ਘ੍ਰਿਣਾ ਦਾ ਕਾਰਨ ਵੀ ਇਹੀਓ ਕਿ ਇਹ ਮੁਸਲਮਾਨੀ ਵਿਰਾਸਤ ਨੂੰ ਉਭਾਰਦਾ ਹੈ। ਦੇਸ਼ ਵਿਚ ਹਿੰਦੂ ਯੁਵਾ ਵਾਹਿਨੀ ਸਥਾਪਤ ਕਰਨ ਵਾਲਾ ਵੀ ਉਹੀਓ ਹੈ, ਜਿਸ ਨੇ ਗਊ ਹੱਤਿਆ ਦੇ ਮਸਲੇ ਨੂੰ ਉਭਾਰ ਕੇ ਉਤਰ ਪ੍ਰਦੇਸ਼ ਦੇ ਮੁਸਲਮਾਨਾਂ ਨੂੰ ਕਤਲ-ਓ-ਗਾਰਤ ਦਾ ਨਿਸ਼ਾਨਾ ਬਣਾਇਆ। ਹੋਰ ਤਾਂ ਹੋਰ ਉਸ ਨੂੰ ਮੁਗਲ ਸਰਾਏ, ਅਲਾਹਾਬਾਦ ਤੇ ਫੈਜ਼ਾਬਾਦ ਸ਼ਹਿਰਾਂ ਦੇ ਨਾਂ ਵੀ ਏਨੇ ਚੁਭਦੇ ਸਨ ਕਿ ਉਸ ਦੀ ਸਰਕਾਰ ਨੇ ਇਨ੍ਹਾਂ ਦਾ ਨਾਮਕਰਨ (ਕ੍ਰਮਵਾਰ) ਪੰਡਿਤ ਦੀਨ ਦਿਆਲ ਉਪਾਧਿਆ ਨਗਰ, ਪ੍ਰਯਾਗਰਾਜ ਤੇ ਅਯੁਧਿਆ ਕਰ ਛੱਡਿਆ ਹੈ। ਕੀ ਉਹ ਇਤਿਹਾਸ ਉੱਤੇ ਪੋਚਾ ਫੇਰ ਕੇ ਫਿਰਕੂ ਵੰਡੀਆਂ ਨਹੀਂ ਪਾ ਰਿਹਾ?
ਇਹ ਵੀ ਕਿਸੇ ਨੂੰ ਭੁੱਲਿਆ ਹੋਇਆ ਨਹੀਂ ਕਿ ਭਾਰਤ ਵਿਚ ਗੰਗਾ-ਯਮਨਾ ਤੋਂ ਬਿਨਾ ਸਤਲੁਜ, ਬਿਆਸ, ਰਾਵੀ, ਬ੍ਰਹਮਪੁਤਰ, ਕ੍ਰਿਸ਼ਨਾ, ਕਾਵੇਰੀ, ਨਰਮਦਾ, ਗੋਦਾਵਰੀ ਆਦਿ ਅਨੇਕ ਨਦੀਆਂ ਹਨ, ਜਿਨਾਂ ਵਿਚ ਕੋਵਿਡ ਮਹਾਮਾਰੀ ਦੀ ਸ਼ਿਕਾਰ ਇੱਕ ਵੀ ਲਾਸ਼ ਨਹੀਂ ਵੇਖੀ ਗਈ, ਪਰ ਉੱਤਰ ਪ੍ਰਦੇਸ਼ ਵਿਚੋਂ ਲੰਘਣ ਵਾਲੀ ਗੰਗਾ ਤੇ ਯਮਨਾ ਵਿਚ ਸੈਂਕੜੇ ਅਜਿਹੀਆਂ ਲਾਸ਼ਾਂ ਹੜ੍ਹਦੀਆਂ ਦੇਖਣ ਨੂੰ ਮਿਲੀਆਂ ਹਨ, ਜਿਨ੍ਹਾਂ ਦੇ ਵਾਰਸਾਂ ਕੋਲ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਲਈ ਲੱਕੜਾਂ ਜਾਂ ਪ੍ਰੋਹਿਤ ਦੀ ਫੀਸ ਦੇਣ ਦੇ ਪੈਸੇ ਨਹੀਂ ਤੇ ਉਹ ਆਪਣੇ ਮੁਰਦਿਆਂ ਨੂੰ ਗੰਗਾ ਤੇ ਯਮਨਾ ਦੀ ਭੇਟ ਚੜ੍ਹਾ ਰਹੇ ਹਨ। ਹੋਰ ਤਾਂ ਹੋਰ, ਹੁਣ ਤਾਂ ਗੰਗਾ ਕਿਨਾਰੇ ਵਾਲੀ ਰੇਤ ਵਿਚੋਂ ਵੀ ਮੁਰਦੇ ਦੱਬੇ ਮਿਲ ਰਹੇ ਹਨ। ਨਿਸਚੇ ਹੀ ਯੋਗੀ ਦੀ ਬੌਖਲਾਹਟ ਆਪਣੀ ਛਾਣਨੀ ਹੈ, ਜਿਸ ਵਿਚ ਅੰਤਾਂ ਦੇ ਛੇਦ ਹੋ ਚੁਕੇ ਹਨ। ਹਜੂਮੀ ਹਿੰਸਾ ਤੇ ਜਬਰ ਜਨਾਹ ਨਾਲ ਓਤ-ਪੋਤ ਉਹਦੀ ਸਰਕਾਰ ਵਲੋਂ ਦੋਸ਼ੀਆਂ ਦਾ ਮਾਣ-ਸਨਮਾਨ ਤੇ ਪੱਤਰਕਾਰਾਂ ਨੂੰ ਜੇਲ੍ਹ ਸੁੱਟਣਾ ਵੀ ਆਮ ਹੈ। ਧਰਮ ਨਿਰਪੱਖਤਾ ਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਨੂੰ ਛਿੱਕੇ ਟੰਗਣਾ ਯੂ. ਪੀ. ਸਰਕਾਰ ਦਾ ਰੋਜ਼ ਦਾ ਖਾਸਾ ਹੈ। ਇਹ ਉਹ ਸੂਬਾ ਹੈ, ਜਿਥੇ ਨੈਤਿਕ ਤੇ ਪ੍ਰਸ਼ਾਸਨਕ ਪਤਨ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੇ ਆਗੂ ਵਲੋਂ ਦੂਜੀ ਰਾਜ ਦੇ ਮਸਲਿਆਂ ਵਿਚ ਦਖਲ ਨੂੰ ‘ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ, ਜਿਸ `ਚ ਨੌਂ ਸੋ ਛੇਕ’ ਲੋਕ ਮੁਹਾਵਰੇ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ। ਇਥੇ ਪੰਜਾਬ ਛੱਜ ਹੈ ਤੇ ਉੱਤਰ ਪ੍ਰਦੇਸ਼ ਛਾਣਨੀ।
ਕੋਵਿਡ ਹੈਲਪ ਲਾਈਨ ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਭਵਨ ਚੰਡੀਗੜ੍ਹ ਵਿਚ ਇਕ ਕੋਵਿਡ ਹੈਲਪ ਲਾਈਨ ਸੈਂਟਰ ਸਥਾਪਤ ਕੀਤਾ ਹੈ, ਜਿਸ ਦੀ ਕਮਾਂਡ ਭਾਰਤੀ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਰਪ੍ਰੀਤ ਲਾਲੀ ਨੂੰ ਸੌਂਪੀ ਗਈ ਹੈ। ਮਨੁੱਖਤਾ ਲਈ ਫਰਜ਼ ਵਜੋਂ ਸਥਾਪਤ ਕੀਤੇ ਗਏ ਇਸ ਕੰਟਰੋਲ ਰੂਮ ਨੂੰ ਪੀੜਤ ਵਿਅਕਤੀ ਜਾਂ ਪਰਿਵਾਰ ਮੋਬਾਈਲ ਨੰਬਰ: 91151-27102, 91151-58100 ਜਾਂ 91151-59100 ਉੱਤੇ ਘੰਟੀ ਵਜਾ ਕੇ ਮਦਦ ਲੈ ਸਕਦੇ ਹਨ; ਤੁਰੰਤ ਸੁਣੀ ਜਾਏਗੀ। ਇਸ ਕਮਰੇ ਵਿਚ ਅੱਧੀ ਦਰਜਨ ਅਮਲਾ ਸਵੇਰ ਤੋਂ ਸ਼ਾਮ ਤੱਕ ਹਾਜ਼ਰ ਹੁੰਦਾ ਹੈ।