ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਖਾਮੋਸ਼ੀ ਅੱਗੇ ਪਾਰਟੀ ਦੇ ਸੂਬਾਈ ਆਗੂ ਬੇਵੱਸ ਦਿਖਾਈ ਦੇ ਰਹੇ ਹਨ। ਅੰਮ੍ਰਿਤਸਰ ਤੋਂ ਪਾਰਲੀਮੈਂਟ ਦੇ ਮੈਂਬਰ ਵਜੋਂ ਤੀਜੀ ਪਾਰੀ ਖੇਡ ਰਹੇ ਇਸ ਸਿਆਸੀ ਖਿਡਾਰੀ ਨੇ ਆਪਣੇ ਰਾਜਸੀ ਭਵਿੱਖ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ ਪਰ ਉਨ੍ਹਾਂ ਦੀ ਵਿਧਾਇਕ ਪਤਨੀ ਨੇ ਆਪਣੇ ਪਤੀ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਬਾਰੇ ਫੈਸਲਾ ਲਏ ਜਾਣ ਦਾ ਖੁਲਾਸਾ ਕਰ ਦਿੱਤਾ ਹੈ।
ਡਾæ ਨਵਜੋਤ ਕੌਰ ਸਿੱਧੂ ਕਈ ਵਾਰ ਆਖ ਚੁੱਕੇ ਹਨ ਕਿ 2014 ਦੀਆਂ ਚੋਣਾਂ ਦੌਰਾਨ ਉਨ੍ਹਾਂ ਦੇ ਪਤੀ ਉਮੀਦਵਾਰ ਨਹੀਂ ਹੋਣਗੇ ਜਦੋਂਕਿ ਭਾਜਪਾ ਦੀ ਸੂਬਾਈ ਲੀਡਰਸ਼ਿਪ ਅਜੇ ਵੀ ਨਵਜੋਤ ਸਿੱਧੂ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸ਼ ਸਿੱਧੂ ਦੀ ਨਾਂਹ ਨੁੱਕਰ ਤੋਂ ਬਾਅਦ ਪਾਰਟੀ ਨੇ ਸੀਨੀਅਰ ਭਾਜਪਾ ਆਗੂ ਅਰੁਨ ਜੇਤਲੀ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਉਣ ਦਾ ਮਨ ਬਣਾਇਆ ਸੀ ਪਰ ਸ੍ਰੀ ਜੇਤਲੀ ਅਜੇ ਤੱਕ ਖੁੱਲ੍ਹੀ ਮੈਦਾਨੀ ਸਿਆਸੀ ਲੜਾਈ ਲਈ ਮਨ ਨਹੀਂ ਬਣਾ ਸਕੇ। ਭਾਜਪਾ ਆਗੂਆਂ ਦਾ ਖੁਦ ਮੰਨਣਾ ਹੈ ਕਿ ਸ਼ ਸਿੱਧੂ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਆਪਣੇ ਨਿੱਜੀ ਤੇ ਪੇਸ਼ੇਵਰ ਕੰਮਾਂ ਵਿਚ ਰੁਝੇ ਹੋਏ ਹਨ ਜਿਸ ਕਰਕੇ ਸਿਆਸੀ ਹਲਕਿਆਂ ਵਿਚ ਨਜ਼ਰ ਨਹੀਂ ਆ ਰਹੇ। ਰੌਚਕ ਤੱਥ ਇਹ ਵੀ ਹੈ ਕਿ ਉਨ੍ਹਾਂ ਅਜੇ ਤੱਕ ਪਾਰਟੀ ਨਾਲ ਆਪਣੀ ਨਾਰਾਜ਼ਗੀ ਦਾ ਮੀਡੀਆ ਵਿਚ ਖੁੱਲ੍ਹ ਕੇ ਕੋਈ ਖੁਲਾਸਾ ਨਹੀਂ ਕੀਤਾ। ਭਾਜਪਾ ਦਾ ਇਹ ਸੰਸਦ ਮੈਂਬਰ ਗੁਜਰਾਤ ਵਿਚ ਹੋਈਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਇਕ ਵਾਰੀ ਸਿਆਸੀ ਸੀਨ ‘ਤੇ ਲੋਕਾਂ ਦੇ ਸਾਹਮਣੇ ਆਏ ਸਨ ਪਰ ਉਸ ਤੋਂ ਬਾਅਦ ਇਕਦਮ ਲੋਪ ਹੀ ਹੋ ਗਏ।
ਉਨ੍ਹਾਂ ਦੇ ਦਰਸ਼ਨ ਇਨ੍ਹੀਂ ਦਿਨੀਂ ਕਲਰਜ਼ ਟੈਲੀਵਿਜ਼ਨ ਚੈਨਲ ਦੇ ਕਮੇਡੀ ਸ਼ੋਅ ‘ਕਮੇਡੀ ਵਿਦ ਕਪਿਲ’ ਵਿਚ ਕੀਤੇ ਜਾ ਸਕਦੇ ਹਨ। ਟੈਲੀਵਿਜ਼ਨ ਦੀਆਂ ਸਰਗਰਮੀਆਂ ਤੋਂ ਤਾਂ ਸਿਆਸੀ ਪੰਡਤਾਂ ਵੱਲੋਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਸ ਸਾਬਕਾ ਖਿਡਾਰੀ ਦਾ ਰਾਜਨੀਤੀ ਤੋਂ ਜਾਂ ਆਪਣੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ। ਪਾਰਟੀ ਹਲਕਿਆਂ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਸ਼ ਸਿੱਧੂ ਲੋਕ ਸਭਾ ਚੋਣਾਂ ਲੜਨ ਦੀ ਥਾਂ ਰਾਜ ਸਭਾ ਨੂੰ ਤਰਜੀਹ ਦੇ ਰਹੇ ਹਨ।
ਮਹੱਤਵਪੂਰਨ ਤੱਥ ਇਹ ਹੈ ਕਿ ਪੰਜਾਬ ਵਿੱਚ ਵਿਧਾਇਕਾਂ ਦੀ ਗਿਣਤੀ ਮੁਤਾਬਕ ਭਾਜਪਾ ਦੇ ਹਿੱਸੇ ਮਸਾਂ ਇਕ ਸੀਟ ਹੀ ਆਉਂਦੀ ਹੈ ਜੋ ਤਿੰਨ ਸਾਲ ਬਾਅਦ ਖਾਲ੍ਹੀ ਹੋਣੀ ਹੈ। ਸ਼ ਸਿੱਧੂ ਦੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੂਬਾਈ ਆਗੂਆਂ ਦੀ ਹਾਲਤ ਦਿਨ ਪ੍ਰਤੀ ਦਿਨ ਪਤਲੀ ਹੁੰਦੀ ਜਾ ਰਹੀ ਹੈ। ਇਸ ਸੰਸਦ ਮੈਂਬਰ ਦਾ ਪਾਰਟੀ ਦੀਆਂ ਆਪਣੇ ਹੀ ਇਲਾਕੇ ਵਿਚ ਹੋਈਆਂ ਮਹੱਤਵਪੂਰਨ ਸਰਗਰਮੀਆਂ ਤੋਂ ਕਿਨਾਰਾ ਕਰ ਲੈਣ ਤੋਂ ਬਾਅਦ ਤਾਂ ਸੀਨੀਅਰ ਲੀਡਰਸ਼ਿਪ ਕੋਲ ਕਿਸੇ ਗੱਲ ਦਾ ਜਵਾਬ ਹੀ ਨਹੀਂ ਹੈ।
Leave a Reply