ਬਲਜੀਤ ਬਾਸੀ
ਬੋਲਚਾਲ ਦੀ ਪੰਜਾਬੀ ਵਿਚ ਨੌਕਰ, ਨੌਕਰੀ ਸ਼ਬਦ ਨੋਕਰ, ਨੋਕਰੀ ਵਜੋਂ ਹੀ ਉਚਾਰੇ ਜਾਂਦੇ ਹਨ। ਪਰ ਪੜ੍ਹੇ-ਲਿਖੇ ਤੇ ਜਾਣਕਾਰ ਲੋਕ ਇਨ੍ਹਾਂ ਨੂੰ ਪਹਿਲੇ ਰੂਪ ਵਿਚ ਹੀ ਉਚਾਰਨਾ ਪਸੰਦ ਕਰਦੇ ਹਨ। ਕੋਈ ਵੀ ਵਿਅਕਤੀ ਪੜ੍ਹ-ਲਿਖ ਕੇ ਕਿਸੇ ਸ਼ਬਦ ਦੇ ਤਤਸਮ ਰੂਪ ਤੋਂ ਜਾਣੂੰ ਹੋ ਜਾਵੇ ਤਾਂ ਉਸ ਵਿਚ ਆਮ ਤੌਰ ‘ਤੇ ਇਸ ਨੂੰ ਇਸੇ ਰੂਪ ਵਿਚ ਹੀ ਲਿਖਣ ਤੇ ਬੋਲਣ ਦੀ ਚੇਸ਼ਟਾ ਪੈਦਾ ਹੋ ਜਾਂਦੀ ਹੈ। ਮਿਸਾਲ ਵਜੋਂ ਆਮ ਪੇਂਡੂ ‘ਬੰਕ’ ਬੋਲੇਗਾ ਪਰ ਥੋੜਾ ਪੜ੍ਹੇ-ਲਿਖੇ ਜਾਂ ਲਿਖੇ-ਪੜ੍ਹੇ ਬੰਦੇ ਦੇ ਮੂੰਹ ਵਿਚੋਂ ਬੈਂਕ ਹੀ ਨਿਕਲੇਗਾ। ਖੈਰ, ਨੌਕਰ ਕਹੋ ਜਾਂ ਨੋਕਰ, ਦਾਸ ਤਾਂ ਇਹ ਦੱਸਣ ਲਈ ਕਾਹਲਾ ਹੈ ਕਿ ਇਹ ਸ਼ਬਦ ਆਪਣੇ ਪਿਛੇ ਕੀ ਇਤਿਹਾਸ ਛੁਪਾਈ ਬੈਠਾ ਹੈ। ਭਾਵੇਂ ਅੱਜ ਅਸੀਂ ਨੌਕਰ ਸ਼ਬਦ ਘਰੇਲੂ ਜਾਂ ਦੁਕਾਨਦਾਰੀ ਆਦਿ ਦੇ ਨਿੱਕੇ-ਮੋਟੇ ਕੰਮਾਂ ਲਈ ਰੱਖੇ ਮੁੰਡੂ ਲਈ ਹੀ ਵਧੇਰੇ ਵਰਤਦੇ ਹਾਂ ਪਰ ਥੋੜਾ ਪਿਛੇ ਜਾਈਏ ਤਾਂ ਨੌਕਰ ਵਿਚ ਕਿਸੇ ਦੇ ਸੇਵਕ ਹੋਣ ਦਾ ਮਾਣ ਵੀ ਦਿਸ ਆਉਂਦਾ ਹੈ। ਰਾਂਝਾ ਜੋਗ ਲੈਣ ਗਿਆ ਬਾਲ ਨਾਥ ਨੂੰ ਇਸੇ ਅਧੀਨਗੀ ਦਾ ਵਾਸਤਾ ਪਾਉਂਦਾ ਹੈ,
ਤੇਰੇ ਦਵਾਰ ‘ਤੇ ਆਨ ਮੁਹਤਾਜ ਹੋਏ,
ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ।
ਤੇਰਾ ਹੋ ਫਕੀਰ ਮੈਂ ਨਗਰ ਮੰਗਾਂ,
ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ।
ਫਿਰ ਵੀ ਬਹੁਤ ਸਾਰੇ ਲੋਕ ਇਸ ਸ਼ਬਦ ਦੇ ਹੋਰ ਵਿਸਥਾਰਾਂ ਤੋਂ ਅਣਜਾਣ ਨਹੀਂ ਹੋਣਗੇ। ਮਿਸਾਲ ਵਜੋਂ ਹੇਠ ਲਿਖੇ ਲੋਕ ਗੀਤ ਵਿਚ ਨੌਕਰ ਇਕ ਸਨਮਾਨਯੋਗ ਰੁਤਬੇ ਵਾਲਾ ਬੰਦਾ ਸਾਬਿਤ ਹੁੰਦਾ ਹੈ,
ਵੇ ਤੂੰ ਨੌਕਰ ਕਾਹਦਾ
ਘੋੜਾ ਨਾ ਤੇਰੇ ਹੇਠ।
ਕਿਸ ਨੂੰ ਨਹੀਂ ਪਤਾ ਕਿ ਇਥੇ ਨੌਕਰ ਫੌਜੀ ਨੂੰ ਕਿਹਾ ਗਿਆ ਹੈ। ਪੁਰਾਣੇ ਜ਼ਮਾਨੇ ਵਿਚ ਅਕਸਰ ਫੌਜੀਆਂ ਕੋਲ ਹੀ ਘੋੜੇ ਹੁੰਦੇ ਸਨ। ਸ਼ਾਹ ਮਹੰਮਦ ਨੇ ‘ਜੰਗਨਾਮਾ’ ਵਿਚ ਕਈ ਵਾਰੀ ਨੌਕਰ ਅਤੇ ਨੌਕਰੀ ਸ਼ਬਦ ਫੌਜੀ ਦੇ ਭਾਵਾਂ ਵਿਚ ਵਰਤੇ ਹਨ,
ਕਈ ਸੂਰਮੇ ਮਾਰ ਕੇ ਮੋਏ ਉਥੇ,
ਜਿਨ੍ਹਾਂ ਹੱਥ ਕੀਤੇ ਤੇਗਾਂ ਨੰਗੀਆਂ ਦੇ।
ਰਹਿੰਦੇ ਘੇਰ ਕੇ ਵਿਚ ਦਰਿਆਇ ਡੋਬੇ,
ਛੱਰਰੇ ਮਾਰ ਕੇ ਤੇ ਤੋਪਾਂ ਚੰਗੀਆਂ ਦੇ।
ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ,
ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ।
ਸ਼ਾਹ ਮੁਹੰਮਦਾ ਰੱਬ ਨਾ ਫੇਰ ਲਿਆਵੇ,
ਜੰਗ ਵਿਚ ਜੋ ਨਾਲ ਫਰੰਗੀਆਂ ਦੇ।
ਇਥੇ ਨੌਕਰੀ ਸ਼ਬਦ ਨਿੱਜੀ ਟਹਿਲ ਸੇਵਾ ਦੇ ਅਰਥਾਂ ਵਿਚ ਨਹੀਂ ਬਲਕਿ ਫੌਜੀ ਕਿੱਤੇ ਦੇ ਅਰਥਾਂ ਵਿਚ ਹੀ ਉਭਰਦਾ ਹੈ। ਹੋਰ ਦੇਖੋ,
ਕੰਢੇ ਪਾਰ ਦੇ ਜਮ੍ਹਾਂ ਜੁ ਹੋਇ ਡੇਰੇ,
ਨੌਕਰ ਇਵੇਂ ਦੇ ਘਰੀਂ ਨਾ ਮਿਲਣ ਜਾਣੇ।
ਡੇਰੇ ਆਣ ਕੇ ਬਹੁ ਵਿਰਲਾਪ ਹੋਇਆ,
ਹੋਈਆਂ ਬੁਤਕੀਆਂ ਬੰਦ ਤੇ ਵਿਕਣ ਦਾਣੇ।
ਛਹੀਆਂ ਕੱਢ ਕੇ ਮੋਰਚੀਂ ਜਾਇ ਬੈਠੇ,
ਡੇਰੀਂ ਆਣ ਕੇ ਫੇਰ ਪ੍ਰਸਾਦ ਖਾਣੇ।
ਸ਼ਾਹ ਮੁਹੰਮਦਾ ਸਭੇ ਮਾਲੂਮ ਕੀਤੀ,
ਕੀਕੂੰ ਹੋਈ ਸੀ ਦੱਸ ਖਾਂ ਲੁਧਿਆਣੇ।
ਗੱਲ ਕੀ ਨੌਕਰ ਸ਼ਬਦ ਦਾ ਫੌਜ ਨਾਲ ਮੂਲਕ ਸਬੰਧ ਸਾਫ ਦਿਸਦਾ ਹੈ।
ਕਿਸੇ ਦਾ ਬੇਟਾ ਸ਼ਹਿਰ ਵਿਚ ਕਿਸੇ ਵੀ ਪਧਰ ਦੀ ਮੁਲਾਜ਼ਮਤ ਕਰਦਾ ਹੋਵੇ, ਉਸ ਦੀ ਮਾਂ ਅੱਜ ਵੀ ਦੂਜੇ ਨੂੰ ਫਖਰ ਨਾਲ ਦੱਸਦੀ ਹੈ, ‘ਮੇਰਾ ਬੇਟਾ ਚੰਡੀਗੜ੍ਹ ਨੋਕਰ ਹੈ।’ ਨੌਕਰ ਸ਼ਬਦ ਵਿਚ ਭਾਵੇਂ ਅਧੀਨਗੀ ਜਾਂ ਮੁੰਡੂਪੁਣੇ ਦੇ ਭਾਵ ਝਲਕਦੇ ਹਨ ਪਰ ਇਸ ਤੋਂ ਬਣੇ ਭਾਵਵਾਚਕ ਨਾਂਵ ‘ਨੌਕਰੀ’ ਵਿਚ ਕੇਵਲ ਤਨਖਾਹ ਵਾਲੇ ਪੇਸ਼ੇ ਦੇ ਅਰਥ ਹੀ ਦ੍ਰਿਸ਼ਟੀਗੋਚਰ ਹੁੰਦੇ ਹਨ। ‘ਅੱਜ ਕਲ੍ਹ ਤਾਂ ਨੌਕਰੀਆਂ ਹੀ ਨਹੀਂ ਮਿਲਦੀਆਂ’ ਵਿਚੋਂ ਇਸ ਸ਼ਬਦ ਦੀ ਸ਼ਾਨ ਦਾ ਪਤਾ ਲੱਗ ਜਾਂਦਾ ਹੈ। ਨੌਕਰੀ-ਪੇਸ਼ਾ ਸ਼ਬਦ ਜੁੱਟ ਵਿਚੋਂ ਤਾਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ। ਫਿਰ ਨੌਕਰਸ਼ਾਹੀ ਵਿਚ ਆ ਕੇ ਇਹ ਬਿਲਕੁਲ ਹੀ ਅਧੀਨਗੀ ਤੋਂ ਉਲਟ ਰੂਪ ਧਾਰ ਕੇ ਮਨਮਾਨੀ ਅਫਸਰੀ ਦਾ ਰੁਤਬਾ ਪਾ ਲੈਂਦਾ ਹੈ। ਘਰ ‘ਚ ਰੱਖੇ ਨੌਕਰ ਜਾਂ ਨੌਕਰਾਣੀ ਨੂੰ ਅਸੀਂ ਨੌਕਰੀ ਕਰਦੇ ਨਹੀਂ ਬਲਕਿ ਘਰ ਦੇ ਕੰਮ ਕਰਦੇ ਕਹਿੰਦੇ ਹਾਂ ਪਰ ਚੰਡੀਗੜ੍ਹ ਜਾਂ ਦਿੱਲੀ ਵਿਚ ਲੱਗਾ ਨੌਕਰ ਨੌਕਰੀ ਕਰਦਾ ਹੈ। ਕੁਝ ਹੀ ਸਾਲ ਪਹਿਲਾਂ ਤੱਕ ਪਿੰਡਾਂ ਥਾਂਵਾਂ ਵਿਚ ਅਨਪੜ੍ਹਤਾ ਅਤੇ ਗੁਰਬਤ ਪ੍ਰਧਾਨ ਹੋਣ ਕਾਰਨ ਕਿਸੇ ਸਾਧਾਰਨ ਮੁਲਾਜ਼ਮ ਨੂੰ ਵੀ ਬਹੁਤ ਉਚੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਮਿਸਾਲ ਵਜੋਂ ਪਿੰਡ ਦੇ ਲੋਕਾਂ ਲਈ ਪਟਵਾਰੀ ਹੀ ਬਹੁਤ ਵੱਡਾ ਸਰਕਾਰੀ ਅਫਸਰ ਅਤੇ ਜਮਾਂਦਾਰ ਜਾਂ ਸੂਬੇਦਾਰ ਹੀ ਬਹੁਤ ਵੱਡਾ ਫੌਜੀ ਅਫਸਰ ਹੁੰਦਾ ਸੀ।
ਬਹੁਤੇ ਕੋਸ਼ਾਂ ਵਿਚ ਨੌਕਰ ਨੂੰ ਫਾਰਸੀ ਦਾ ਸ਼ਬਦ ਦੱਸਿਆ ਗਿਆ ਹੈ। ‘ਮਹਾਨ ਕੋਸ’ ਨੌਕਰ ਨੂੰ ‘ਚਾਕਰ, ਤਨਖਾਹ ਲੈਣ ਵਾਲਾ, ਸੇਵਕ’ ਦੱਸਦਾ ਹੋਇਆ ਇਸ ਦਾ ਮੂਲ ਫਾਰਸੀ ਬਿਆਨਦਾ ਹੈ। ਪਰ ‘ਹਾਬਸਨ ਜਾਬਸਨ’ ਨਾਮ ਦੇ ਕੋਸ਼ ਨੇ ਇਸ ਸ਼ਬਦ ਦੀ ਉਂਗਲੀ ਠੀਕ ਸ੍ਰੋਤ ‘ਤੇ ਰੱਖੀ ਹੈ। ਉਸ ਅਨੁਸਾਰ ਇਹ ਸ਼ਬਦ ਮੰਗੋਲ ਭਾਸ਼ਾ ਦਾ ਲਗਦਾ ਹੈ ਜਿਸ ਨੂੰ ਚੰਗੇਜ਼ ਖਾਂ ਦੀਆਂ ਫੌਜਾਂ ਨੇ ਫਾਰਸ ਦੇਸ਼ ਵਿਚ ਲਿਆਂਦਾ। ਇਕ ਹੋਰ ਫਰਾਂਸੀਸੀ ਸ੍ਰੋਤ ਅਨੁਸਾਰ ਵੀ ਨੌਕਰ ਮੁਢਲੇ ਤੌਰ ‘ਤੇ ਮੰਗੋਲ ਸ਼ਬਦ ਹੈ, ਜਿਸ ਦਾ ਇਸ ਭਾਸ਼ਾ ਵਿਚ ਰੂਪ ‘ਨੁਕਰ’ ਹੈ। ਉਸ ਅਨੁਸਾਰ ਮੰਗੋਲ ਭਾਸ਼ਾ ਵਿਚ ਇਸ ਸ਼ਬਦ ਦਾ ਅਰਥ ਸਾਥੀ, ਮਤਹਿਤ ਜਾਂ ਦੋਸਤ ਹੈ। ਇਕ ਹੋਰ ਹਵਾਲੇ ਅਨੁਸਾਰ ਚੰਗੇਜ਼ ਖਾਂ ਦੇ ਚੌਥੇ ਪੁਤਰ ਨੇ ਨੌਕਰ ਦੀ ਪਦਵੀ ਧਾਰਨ ਕੀਤੀ ਸੀ। ਹਵਾਲੇ ਅਨੁਸਾਰ ਉਸ ਨੂੰ ਇਹ ਪਦਵੀ ਇਸ ਲਈ ਮਿਲੀ ਕਿਉਂਕਿ ਉਹ ਫੌਜ ਅਤੇ ਪ੍ਰਸ਼ਾਸਨ ਦਾ ਕਰਤਾ-ਧਰਤਾ ਸੀ। ਇਥੇ ਆ ਕੇ ਸਾਨੂੰ ਨੌਕਰ ਸ਼ਬਦ ਦੀ ਸਾਰੀ ਆਭਾ ਸਮਝ ਵਿਚ ਆ ਜਾਂਦੀ ਹੈ। ਪਰ ਫਿਰ ਵੀ ਮੰਗੋਲ ਭਾਸ਼ੀ ਅਸਲ ਵਿਚ ਇਸ ਸ਼ਬਦ ਤੋਂ ਕੀ ਸਮਝਦੇ ਸਨ, ਇਹ ਦੇਖਣ, ਸਮਝਣ ਵਾਲੀ ਗੱਲ ਹੈ। ਇਹ ਕੰਮ ਪ੍ਰਸਿਧ ਆਧੁਨਿਕ ਭਾਰਤੀ ਨਿਰੁਕਤਕਾਰ ਅਜਿਤ ਵਡਨੇਰਕਰ ਨੇ ਭਲੀਭਾਂਤ ਕੀਤਾ ਹੈ। ਅਸੀਂ ਉਪਰ ਦੇਖ ਆਏ ਹਾਂ ਕਿ ਮੰਗੋਲ ਭਾਸ਼ਾ ਵਿਚ ‘ਨੁਕਰ’ ਸ਼ਬਦ ਦਾ ਅਰਥ ਸਾਥੀ, ਭਾਈਬੰਧ, ਦੋਸਤ ਹੈ। ਇਸ ਦਾ ਬਹੁਵਚਨ ਨੋਕੋਦ ਮਿਲਦਾ ਹੈ। ਪ੍ਰਾਚੀਨ ਮੰਗੋਲ ਢਾਂਚੇ ਵਿਚ ‘ਨੁਕਰ’ ਸ਼ਬਦ ਦੇ ਅਰਥਾਂ ਦਾ ਵਿਸਥਾਰ ਹੋਣ ਉਪਰੰਤ ਇਸ ਵਿਚ ਯੋਧੇ ਜਾਂ ਜੁਝਾਰੂ ਤੇ ਫਿਰ ਅੰਗਰਖਿਅਕ ਤੇ ਨਿੱਜੀ ਸਹਾਇਕ ਦੇ ਭਾਵ ਸਮਾ ਗਏ। ਸਮਾਜ ਵਿਚ ਬਹੁਤ ਵਰਤਾਰੇ ਅਜਿਹੇ ਹੁੰਦੇ ਹਨ ਜੋ ਸਮਾ ਪੈਣ ‘ਤੇ ਸੰਸਥਾ ਦਾ ਰੂਪ ਲੈ ਲੈਂਦੇ ਹਨ। ਨੁਕਰ ਨਾਲ ਅਜਿਹਾ ਹੀ ਕੁਝ ਹੋਇਆ। ਭਾਵੇਂ ਨੁਕਰ ਆਜ਼ਾਦ ਲੜਾਕੇ ਸਨ ਪਰ ਇਹ ਖਾਕਾਨ ਕਹਾਉਂਦੇ ਮੰਗੋਲ ਕਬੀਲੇ ਦੀ ਸੇਵਾ ਵਿਚ ਰਹਿੰਦੇ ਸਨ। ਅਸੀਂ ‘ਕਿਜ਼ਲਬਾਸ਼’ ਵਾਲੇ ਲੇਖ ਵਿਚ ਅਜਿਹਾ ਵਰਤਾਰਾ ਸਮਝ ਚੁੱਕੇ ਹਾਂ। ਕਬੀਲਾਦਾਰੀ ਜਾਂ ਰਾਜਾਸ਼ਾਹੀ ਪ੍ਰਬੰਧ ਵਿਚ ਹਾਕਮਾਂ ਪ੍ਰਤੀ ਨਿੱਜੀ ਵਫਾਦਾਰੀ ਜ਼ਰੂਰੀ ਸਮਝੀ ਜਾਂਦੀ ਸੀ। ਅਜਿਹੀ ਸਥਿਤੀ ਵਿਚ ਆਮ ਤੌਰ ‘ਤੇ ਕਬੀਲੇ ਦੇ ਸਰਦਾਰਾਂ ਦੇ ਨੇੜਲੇ ਰਿਸ਼ਤੇਦਾਰ ਉਨ੍ਹਾਂ ਦੇ ਸਭ ਤੋਂ ਭਰੋਸੇਮੰਦ ਤੇ ਵਫਾਦਾਰ ਸਾਥੀ ਹੁੰਦੇ ਹਨ। ਭਾਰਤ ਦੇ ਰਾਜਸੀ ਢਾਂਚੇ ਵਿਚ ਇਹ ਗੱਲ ਅੱਜ ਵੀ ਦੇਖੀ ਜਾ ਸਕਦੀ ਹੈ। ਮੰਗੋਲੀਆ ਦੀ ਵਿਸ਼ੇਸ਼ ਸਥਿਤੀ ਵਿਚ ਮਾਂ ਅਤੇ ਪਤਨੀ ਵੱਲ ਦੇ ਰਿਸ਼ਤੇਦਾਰ ਅਜਿਹੇ ਸਰਦਾਰਾਂ ਦੇ ਖਾਸ ਬੰਦੇ ਹੁੰਦੇ ਸਨ। ਫਿਰ ਵੀ ਆਮ ਜਨਤਾ ਵਿਚੋਂ ਵੀ ਕੁਝ ਭਰੋਸੇਮੰਦ ਲੋਕ ਪ੍ਰਗਟ ਹੋ ਜਾਂਦੇ ਸਨ। ਇਸ ਤਰ੍ਹਾਂ ਸਰਦਾਰ ਦਾ ਇਕ ਨਿੱਜੀ ਦਾਇਰਾ ਬਣ ਜਾਂਦਾ ਸੀ। ਇਹੀ ਲੋਕ ਨੁਕੁਰ ਜਾਂ ਨੋਕੋਰ ਕਹਾਉਂਦੇ ਸਨ। ਇਹ ਲੋਕ ਹੀ ਯੁੱਧ ਸਮੇਂ ਹਰਾਵਲ ਦਸਤਾ ਬਣਦੇ ਸਨ। ਚੰਗੇਜ ਖਾਂ ਦੇ ਸਮੇਂ ਇਸ ਨੌਕਰ ਪ੍ਰਣਾਲੀ ਨੇ ਸੰਸਥਾਗਤ ਰੂਪ ਧਾਰਨ ਕਰ ਲਿਆ ਤੇ ਉਹ ਉਚ ਪਦਵੀਆਂ ‘ਤੇ ਅੱਪੜ ਗਏ। ਇਹ ਲੋਕ ਗਵਰਨਰ ਤੱਕ ਦਾ ਅਹੁਦਾ ਹਥਿਆ ਲੈਂਦੇ ਸਨ। ਇਸ ਸ਼ਬਦ ਦੇ ਰੂਪ ਲਗਭਗ ਇਨ੍ਹਾਂ ਹੀ ਅਰਥਾਂ ਵਿਚ ਬਹੁਤ ਸਾਰੀਆਂ ਅਲਤਾਇਕ ਭਾਸ਼ਾਵਾਂ ਵਿਚ ਮਿਲਦੇ ਹਨ। ਮਿਸਾਲ ਵਜੋਂ ਤੁਰਕ ਭਾਸ਼ਾ ਵਿਚ ਇਹ ਨੁਕੁਰ ਦੇ ਰੂਪ ਵਿਚ ਪ੍ਰਗਟ ਹੋਇਆ। ਉਜ਼ਬੇਕੀ ਭਾਸ਼ਾ ਵਿਚ ਇਸ ਦੇ ਅਰਥ ਖਾਕਾਨ ਦਾ ਨਿੱਜੀ ਸਹਾਇਕ ਅਤੇ ਲਾੜੇ ਦਾ ਸਰਬਾਲਾ ਹੈ। ਮੈਂ ਕਈ ਵਾਰੀ ਸੋਚਦਾ ਹਾਂ ਕਿ ਸਾਡਾ ਸ਼ਬਦ ਨੀਂਗਰ ਕਿਤੇ ਇਸੇ ਦਾ ਵਿਗੜਿਆ-ਤਿਗੜਿਆ ਰੂਪ ਤਾਂ ਨਹੀਂ! ਬਾਬਰ ਤੇ ਹੋਰ ਮੁਗਲ ਬਾਦਸ਼ਾਹ ਤੁਰਕੀ ਭਾਸ਼ਾ ਬੋਲਦੇ ਸਨ। ਇਸ ਕਾਰਨ ਵੀ ਬਹੁਤ ਸਾਰੇ ਤੁਰਕੀ ਸ਼ਬਦ ਸਾਡੀਆਂ ਭਾਸ਼ਾਵਾਂ ਵਿਚ ਰਚ ਮਿਚ ਗਏ। ਯਾਦ ਰਹੇ, ਮੁਗਲ ਧਾੜਵੀ ਮੁਢਲੇ ਤੌਰ ‘ਤੇ ਮੰਗੋਲੀਆ ਤੋਂ ਆਏ ਸਨ ਤੇ ਇਸੇ ਲਈ ਮੰਗੋਲ ਤੋਂ ਵਿਗੜੇ ਸ਼ਬਦ ਮੁਗਲ ਨਾਲ ਜਾਣੇ ਜਾਂਦੇ ਹਨ।
ਪਰ ਨੌਕਰ ਸ਼ਬਦ ਦੀ ਗਿਰਾਵਟ ਵੀ ਨਾਲ ਦੀ ਨਾਲ ਹੀ ਹੁੰਦੀ ਗਈ। ਸ਼ਾਇਦ ਆਮ ਲੋਕ ਵਿਅੰਗ ਭਾਵ ਨਾਲ ਅਜਿਹੇ ਲੋਕਾਂ ਨੂੰ ਘਟੀਆ ਸਮਝਣ ਲੱਗੇ ਤੇ ਇਸ ਨੂੰ ਇਕ ਤਰ੍ਹਾਂ ਨਾਲ ਗੁਲਾਮ ਜਾਂ ਹੇਠਲੀ ਪੱਧਰ ਦੀ ਲਾਮਡੋਰੀ ਜਿਹੇ ਅਰਥਾਂ ਵਿਚ ਹੀ ਲੈਣ ਲੱਗ ਪਏ। ਨੌਕਰ-ਚਾਕਰ ਜਿਹੇ ਸ਼ਬਦ ਜੁੱਟ ਵਿਚ ਆ ਕੇ ਤਾਂ ਇਹ ਨੌਕਰਸ਼ਾਹੀ ਦੀ ਟੀਸੀ ਤੋਂ ਪੁਜਿਆ ਲਫਜ਼ ਇਕ ਦਮ ਭੁੰਜੇ ਪਟਕ ਗਿਆ ਤੇ ਬਣ ਗਿਆ ਨੀਚਾਂ ਅੰਦਰ ਨੀਚ। ਚਾਕਰ ਨੌਕਰ ਦਾ ਇਕ ਅਹਿਮ ਸੰਗੀ ਸਾਥੀ ਸ਼ਬਦ ਹੈ। ਇਸ ਸ਼ਬਦ ਦੀ ਖੱਲ ਵੀ ਕਦੀ ਫਿਰ ਉਧੇੜਾਂਗੇ। ਫਿਰ ਵੀ ਨੌਕਰ ਸ਼ਬਦ ਕਿਹੜੇ ਧਾਤੂ ਨਾਲ ਬਣਿਆ, ਮੰਗੋਲ ਭਾਸ਼ਾ ਵਿਚ ਇਸ ਧਾਤੂ ਦੇ ਕੀ ਅਰਥ ਸਨ, ਇਸ ਗੱਲ ਦੀ ਮੈਂ ਥਾਹ ਨਹੀਂ ਪਾ ਸਕਿਆ। ਕਿਸੇ ਦਿਨ ਤੁਰਕ, ਮੰਗੋਲ ਤੇ ਹੋਰ ਅਲਤਾਇਕ ਭਾਸ਼ਾਵਾਂ ਦੀ ਵਧੇਰੇ ਜਾਣਕਾਰੀ ਲੈਣ ਉਪਰੰਤ ਅਜਿਹਾ ਵੀ ਕਰ ਸਕਾਂਗਾ।
Leave a Reply