ਚੰਡੀਗੜ੍ਹ: ਕੋਵਿਡ-19 ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਕਾਲੀ ਉੱਲੀ (ਬਲੈਕ ਫੰਗਸ) ਨਾਂ ਦੀ ਗੰਭੀਰ ਬਿਮਾਰੀ ਲਪੇਟੇ ਵਿਚ ਲੈ ਰਹੀ ਹੈ। ਬਲੈਕ ਫੰਗਸ ਦੇ ਖਤਰੇ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ, ਹਿਮਾਚਲ, ਤਾਮਿਲਨਾਡੂ, ਤੇਲੰਗਾਨਾ ਅਤੇ ਗੁਜਰਾਤ ਦੀਆਂ ਸਰਕਾਰਾਂ ਨੇ ਇਸ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਰਾਜਸਥਾਨ ਅਤੇ ਹਰਿਆਣਾ ਪਹਿਲਾਂ ਹੀ ਇਸ ਨੂੰ ਮਹਾਂਮਾਰੀ ਐਲਾਨ ਚੁੱਕੇ ਹਨ, ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਕਰਨਾਟਕ ਵਿਚ ਵੀ ਬਲੈਕ ਫੰਗਸ ਦੀ ਭਿਆਨਕਤਾ ਵੱਡੇ ਪੱਧਰ ਉਤੇ ਮਹਿਸੂਸ ਕੀਤੀ ਜਾ ਰਹੀ ਹੈ।
ਕੇਂਦਰ ਸਰਕਾਰ ਨੇ ਰਾਜਾਂ ਨੂੰ ਮਹਾਂਮਾਰੀ ਰੋਗ ਐਕਟ 1897 ਤਹਿਤ ਆਪਣੇ ਤੌਰ ‘ਤੇ ਫੈਸਲਾ ਲੈਣ ਲਈ ਕਿਹਾ ਸੀ। ਬਲੈਕ ਫੰਗਸ ਦਾ ਖਤਰਾ ਇਸ ਲਈ ਵੀ ਗੰਭੀਰ ਹੋ ਜਾਂਦਾ ਹੈ ਕਿ ਇਕ ਪਾਸੇ ਤਾਂ ਵਿਗਿਆਨੀ ਦੇਸ਼ ਵਿਚ ਕਰੋਨਾ ਦੀ ਤੀਜੀ ਲਹਿਰ ਆਉਣ ਦੀ ਚਿਤਾਵਨੀ ਦੇ ਰਹੇ ਹਨ, ਉਥੇ ਫੰਗਸ ਮਾਹਿਰਾਂ ਨੇ ਬਲੈਕ ਫੰਗਸ ਦੇ ਨਾਲ ਵਾਈਟ ਫੰਗਸ ਦੇ ਖਤਰੇ ਨੂੰ ਲੈ ਕੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਬਲੈਕ ਫੰਗਸ ਕਾਰਨ ਉੱਤਰੀ ਭਾਰਤ ਦੇ ਰਾਜਾਂ ਵਿਚ ਕਰੀਬ ਢਾਈ ਸੌ ਮੌਤਾਂ ਹੋਣ ਦੀ ਵੀ ਸੂਚਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੰਗਸ ਨੂੰ ਇਕ ਨਵੀਂ ਚੁਣੌਤੀ ਕਰਾਰ ਦਿੱਤਾ ਹੈ। ਪੰਜਾਬ ਵਿਚ ਇਸ ਰੋਗ ਦੇ ਪੈਦਾ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਕਰੋਨਾ ਦੀ ਤਰ੍ਹਾਂ ਇਸ ਦੇ ਦਿਹਾਤੀ ਖੇਤਰਾਂ ‘ਚ ਪ੍ਰਸਾਰ ਨੂੰ ਰੋਕਣ ਲਈ ਉਪਾਅ ਤੇਜ਼ ਕਰਨ ਲਈ ਕਿਹਾ ਹੈ। ਸਿਹਤਮੰਦ ਮਨੁੱਖ ਇਸ ਫੰਗਸ (ਉੱਲੀ) ਦਾ ਸਾਹਮਣਾ ਬਹੁਤ ਆਸਾਨੀ ਨਾਲ ਕਰ ਲੈਂਦੇ ਹਨ ਪਰ ਇਹ ਫੰਗਸ ਉਨ੍ਹਾਂ ਵਿਅਕਤੀਆਂ ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਕਮਜ਼ੋਰ ਹੋ ਚੁੱਕੀ ਹੋਵੇ, ‘ਤੇ ਤੇਜੀ ਨਾਲ ਹਮਲਾ ਕਰਦੀ ਹੈ। ਵੀਰਵਾਰ ਕੇਂਦਰ ਸਰਕਾਰ ਨੇ ਦਿੱਲੀ ਹਾਈਕੋਰਟ ਵਿਚ ਦੱਸਿਆ ਕਿ ਦੇਸ਼ ਵਿਚ 7251 ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਏ ਹਨ। ਵੱਖ ਵੱਖ ਪ੍ਰਾਂਤਾਂ ਵਿਚ ਇਹ ਸੰਖਿਆ ਵਧ ਰਹੀ ਹੈ।
ਬਲੈਕ ਫੰਗਸ ਅੱਖਾਂ ਨਾਲ ਸਬੰਧਤ ਇਕ ਰੋਗ ਹੈ। ਇਹ ਰੋਗ ਨੱਕ ਰਾਹੀਂ ਪਹਿਲਾਂ ਅੱਖਾਂ ਉਤੇ ਹਮਲਾ ਕਰਦਾ ਹੈ ਅਤੇ ਫਿਰ ਗੁਰਦਿਆਂ ਨੂੰ ਪ੍ਰਭਾਵਿਤ ਕਰਕੇ ਮਨੁੱਖ ਨੂੰ ਗੰਭੀਰ ਬਿਮਾਰ ਕਰ ਦਿੰਦਾ ਹੈ। ਇਸ ਬਿਮਾਰੀ ਸਬੰਧੀ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ। ਕਰੋਨਾ ਮਹਾਂਮਾਰੀ ਤੋਂ ਪੀੜਤ ਰੋਗੀਆਂ ਦੇ ਸਰੀਰ ਉਤੇ ਫੰਗਸ ਛੇਤੀ ਹਮਲਾ ਕਰਦਾ ਹੈ। ਇਨ੍ਹੀਂ ਦਿਨੀਂ ਇਸ ਰੋਗ ਕਾਰਨ ਹਾਹਾਕਾਰ ਮਚੀ ਹੋਈ ਹੈ। ਮਾਹਿਰਾਂ ਨੇ ਕਰੋਨਾ ਦੇ ਇਲਾਜ ਦੌਰਾਨ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਸਟੇਰਾਈਡ ਨੂੰ ਇਸ ਦਾ ਕਾਰਨ ਦੱਸਿਆ ਹੈ। ਪਹਿਲਾਂ ਤੋਂ ਬਿਮਾਰ ਅਤੇ ਕਮਜ਼ੋਰ ਲੋਕਾਂ ‘ਤੇ ਫੰਗਸ ਬਹੁਤ ਛੇਤੀ ਅਸਰ ਕਰਦਾ ਹੈ। ਵਾਈਟ ਫੰਗਸ ਬਲੈਕ ਫੰਗਸ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ।
ਕਰੋਨਾ ਮਹਾਂਮਾਰੀ ਨੇ ਦੇਸ਼ ਦੇ ਕਮਜ਼ੋਰ ਸਿਹਤ ਢਾਂਚੇ ਦੀ ਪੋਲ ਪਹਿਲਾਂ ਹੀ ਖੋਲ੍ਹ ਛੱਡੀ ਹੈ। ਆਮ ਆਦਮੀ ਅਤੇ ਮੱਧ ਵਰਗ ਦੇ ਲੋਕਾਂ ਦੀ ਆਰਥਿਕ ਹਾਲਤ ਮਹਾਂਮਾਰੀ ਕਾਰਨ ਬੇਹੱਦ ਕਮਜ਼ੋਰ ਹੋ ਚੁੱਕੀ ਹੈ। ਕੰਮਕਾਰ ਬੰਦ ਹਨ, ਰੁਜ਼ਗਾਰ ਖੁਸ ਚੁੱਕੇ ਹਨ ਅਤੇ ਨੌਕਰੀਆਂ ਵੀ ਘੱਟ ਹਨ। ਦੇਸ਼ ਵਿਚ ਮਹਿੰਗਾਈ ਨੇ ਜੀਵਨ ਨੂੰ ਪਟੜੀ ਤੋਂ ਲਾਹ ਦਿੱਤਾ ਹੈ। ਦੇਸ਼ ਵਿਚ ਇਲਾਜ ਦੇ ਲਗਾਤਾਰ ਮਹਿੰਗੇ ਹੁੰਦੇ ਜਾਣ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਵਧੀਆਂ ਹਨ। ਭਾਰਤੀ ਸਟੇਟ ਬੈਂਕ ਦੀ ਇਕ ਰਿਪੋਰਟ ਅਨੁਸਾਰ ਕਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ 30 ਫੀਸਦੀ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿਚ ਦਾਖਲ ਹੋਣਾ ਪਿਆ। ਉਨ੍ਹਾਂ ਦੇ ਇਲਾਜ ਲਈ 50 ਹਜ਼ਾਰ ਕਰੋੜ ਰੁਪਏ ਦਾ ਖਰਚਾ ਹੋਇਆ, ਜੋ ਔਸਤ ਰੂਪ ਨਾਲ ਹਰੇਕ ਮਰੀਜ਼ ‘ਤੇ ਡੇਢ ਲੱਖ ਰੁਪਏ ਬਣਦਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਵਿਚ ਮਹਾਂਮਾਰੀਆਂ ਦੇ ਵਧਦੇ ਪ੍ਰਕੋਪ ਕਾਰਨ ਲੋਕਾਂ ‘ਤੇ ਵਿੱਤੀ ਦਬਾਅ ਹੋਰ ਵਧਣ ਦੀ ਸੰਭਾਵਨਾ ਹੈ।
_______________________________________
ਦੂਜੀ ਲਹਿਰ ਆਉਣ ਵਾਲੇ ਮਾੜੇ ਸੰਕਟ ਦਾ ਸੰਕੇਤ ਕਰਾਰ
ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਫੰਡ (ਆਈ.ਐਮ.ਐਫ.) ਨੇ ਭਾਰਤ ਵਿਚ ਕੋਵਿਡ-19 ਦੀ ‘ਵਿਨਾਸ਼ਕਾਰੀ` ਦੂਜੀ ਲਹਿਰ ਨੂੰ ਅੱਗੇ ਆਉਣ ਵਾਲੇ ਸਮੇਂ ਵਿਚ ਹੋਰ ਬੁਰੇ ਸੰਕਟ ਦਾ ਇਸ਼ਾਰਾ ਦੱਸਿਆ ਹੈ। ਆਈ.ਐਮ.ਐਫ. ਨੇ ਕਿਹਾ ਕਿ ਭਾਰਤ ਦੇ ਹਾਲਾਤ ਉਨ੍ਹਾਂ ਗਰੀਬ ਤੇ ਮੱਧ ਆਮਦਨ ਵਾਲੇ ਦੇਸ਼ਾਂ ਲਈ ਚਿਤਾਵਨੀ ਹੈ, ਜੋ ਅਜੇ ਤੱਕ ਮਹਾਮਾਰੀ ਤੋਂ ਬਚੇ ਹੋਏ ਹਨ।
ਆਈ.ਐਮ.ਐਫ. ਦੇ ਅਰਥਸ਼ਾਸਤਰੀ ਰੁਚਿਰ ਅਗਰਵਾਲ ਤੇ ਸੰਸਥਾ ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਉਪਰੋਕਤ ਦਾਅਵਾ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ। ਰਿਪੋਰਟ ਮੁਤਾਬਕ ਮੌਜੂਦਾ ਰਫਤਾਰ ਨਾਲ ਭਾਰਤ ਵਿਚ 2021 ਦੇ ਆਖਰ ਤੱਕ 35 ਫੀਸਦ ਤੋਂ ਘੱਟ ਲੋਕਾਂ ਨੂੰ ਹੀ ਟੀਕਾ ਲੱਗਣ ਦੇ ਆਸਾਰ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਾਜੀਲ ਮਗਰੋਂ ਕੋਵਿਡ-19 ਦੀ ਭਾਰਤ ਵਿਚ ਜਾਰੀ ਦੂਜੀ ਲਹਿਰ ਇਸ ਗੱਲ ਦਾ ਸੰਕੇਤ ਹੈ ਕਿ ਵਿਕਾਸਸ਼ੀਲ ਮੁਲਕਾਂ ਵਿਚ ਅੱਗੇ ਹੋਰ ਬੁਰੇ ਹਾਲਾਤ ਵੇਖਣ ਨੂੰ ਮਿਲ ਸਕਦੇ ਹਨ।
ਰਿਪੋਰਟ ਮੁਤਾਬਕ ਭਾਰਤ ਦਾ ਸਿਹਤ ਢਾਂਚਾ ਕੋਵਿਡ ਦੀ ਪਹਿਲੀ ਲਹਿਰ ਨਾਲ ਨਜਿੱਠਣ ਵਿਚ ਕਾਫੀ ਹੱਦ ਤੱਕ ਸਫਲ ਰਿਹਾ, ਪਰ ਐਤਕੀਂ ਦੂਜੀ ਲਹਿਰ ਦੌਰਾਨ ਸਿਹਤ ਢਾਂਚੇ `ਤੇ ਇੰਨਾ ਬੋਝ ਪਿਆ ਕਿ ਲੋਕ ਆਕਸੀਜਨ ਤੇ ਹੋਰ ਸਿਹਤ ਸਹੂਲਤਾਂ ਦੀ ਕਿੱਲਤ ਕਰਕੇ ਮਰ ਰਹੇ ਹਨ।