ਤੀਜੀ ਲਹਿਰ ਦੇ ਟਾਕਰੇ ਲਈ ਟੀਕਾ ਨੀਤੀ ‘ਚ ਸੁਧਾਰ ਦੀ ਲੋੜ ਉਤੇ ਜ਼ੋਰ

ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਨੇ ਮਹਾਂਮਾਰੀ ਦੀ ਦੂਸਰੀ ਲਹਿਰ ਤੋਂ ਬਾਅਦ ਤੀਸਰੀ ਲਹਿਰ ਦੀ ਚਿਤਾਵਨੀ ਦਿੰਦਿਆਂ ਇਹ ਕਿਹਾ ਹੈ ਕਿ ਦੇਸ਼ ਵਿਚ ਵੱਧ ਤੋਂ ਵੱਧ ਟੀਕਾਕਰਨ ਹੀ ਬਚਾਅ ਦਾ ਇਕੋ-ਇਕ ਰਸਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਚਾਹੇ ਨਵੇਂ ਬਿਮਾਰਾਂ ਦੀ ਗਿਣਤੀ ਤਾਂ ਘਟ ਰਹੀ ਹੈ ਪਰ ਮੌਤਾਂ ਨੇ ਵੱਡੀ ਚਿੰਤਾ ਜ਼ਰੂਰ ਪੈਦਾ ਕੀਤੀ ਹੈ। ਇਸ ਸਮੇਂ ਦੇਸ਼ ਵਿਚ ਟੀਕਿਆਂ ਦੀ ਵੱਡੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਲਈ ਸਰਕਾਰ ਨੂੰ ਸਖਤ ਆਲੋਚਨਾ ਦਾ ਨਿਸ਼ਾਨਾ ਵੀ ਬਣਾਇਆ ਜਾ ਰਿਹਾ ਹੈ। ਪਿਛਲੇ ਹਫਤੇ ਦਿੱਲੀ ਵਿਚ ਤਾਂ ਵੱਡੇ-ਵੱਡੇ ਇਸ਼ਤਿਹਾਰ ਲੱਗੇ ਸਨ, ਜਿਨ੍ਹਾਂ ਵਿਚ ਇਹ ਕਿਹਾ ਗਿਆ ਸੀ ਕਿ ਜਨਵਰੀ ਦੇ ਮਹੀਨੇ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਵਿਦੇਸ਼ਾਂ ਨੂੰ ਵੱਡੀ ਗਿਣਤੀ ਵਿਚ ਟੀਕੇ ਨਿਰਯਾਤ ਕੀਤੇ ਗਏ। ਜਦੋਂ ਕਿ ਇਨ੍ਹਾਂ ਦੀ ਭਾਰਤ ਵਿਚ ਵੱਡੀ ਜ਼ਰੂਰਤ ਸੀ।

ਇਸ ਸਬੰਧੀ ਸੀਰਮ ਦੇ ਮੁਖੀ ਅਦਾਰ ਪੂਨਾਵਾਲਾ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਜਨਵਰੀ ਦੇ ਮਹੀਨੇ ਵਿਚ ਉਸ ਕੋਲ ਕਾਫੀ ਮਾਤਰਾ ਵਿਚ ਟੀਕੇ ਮੌਜੂਦ ਸਨ ਪਰ ਉਸ ਸਮੇਂ ਭਾਰਤ ਵਿਚ ਰੋਜ਼ ਸਾਹਮਣੇ ਆਉਣ ਵਾਲੇ ਮਾਮਲੇ ਸਭ ਤੋਂ ਹੇਠਲੇ ਪੱਧਰ ‘ਤੇ ਸਨ। ਸਿਹਤ ਵਿਸ਼ਲੇਸ਼ਕਾਂ ਅਤੇ ਵੱਡੀਆਂ ਖੋਜ ਸੰਸਥਾਵਾਂ ਨੇ ਇਹ ਕਿਹਾ ਸੀ ਕਿ ਭਾਰਤ ਮਹਾਂਮਾਰੀ ਤੋਂ ਉੱਭਰਨ ਵਿਚ ਕਾਮਯਾਬ ਹੋ ਰਿਹਾ ਹੈ। ਲਗਭਗ ਉਸ ਸਮੇਂ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਸੰਕਟ ਗੰਭੀਰ ਸੀ। ਉਸ ਸਮੇਂ ਸਰਕਾਰ ਵਲੋਂ ਬਾਕੀ ਦੇਸ਼ਾਂ ਵਿਚ ਮਦਦ ਪਹੁੰਚਾਈ ਗਈ ਕਿਉਂਕਿ ਵੱਖ-ਵੱਖ ਦੇਸ਼ਾਂ ਵਲੋਂ ਅਜਿਹਾ ਸਹਿਯੋਗ ਕੀਤਾ ਜਾ ਰਿਹਾ ਸੀ।
ਭਾਰਤ ਵਿਚ ਉਸ ਸਮੇਂ ਦਵਾਈਆਂ ਅਤੇ ਹੋਰ ਉਪਕਰਨਾਂ ਦੀ ਵੱਡੀ ਮਾਤਰਾ ਸਹਾਇਤਾ ਵਜੋਂ ਵਿਦੇਸ਼ਾਂ ਤੋਂ ਆ ਰਹੀ ਸੀ। ਸੀਰਮ ਦੇ ਮੁਖੀ ਅਦਾਰ ਪੂਨਾਵਾਲਾ ਨੇ ਇਹ ਵੀ ਕਿਹਾ ਕਿ ਚਾਹੇ ਕੰਪਨੀ ਦੇ ਵਿਦੇਸ਼ੀ ਕੰਪਨੀਆਂ ਨਾਲ ਟੀਕੇ ਤਿਆਰ ਕਰਨ ਦੇ ਕਰਾਰ ਹਨ ਪਰ ਉਨ੍ਹਾਂ ਦੀ ਸਪਲਾਈ ਵਿਚ ਭਾਰਤ ਨੂੰ ਹੀ ਹਰ ਸੂਰਤ ਵਿਚ ਪਹਿਲ ਦਿੱਤੀ ਜਾਵੇਗੀ।
ਆਲੋਚਕਾਂ ਦੀਆਂ ਇਹ ਸੁਰਾਂ ਇਸ ਲਈ ਵੀ ਤਿੱਖੀਆਂ ਹੋਈਆਂ ਹਨ ਕਿ ਦੇਸ਼ ਭਰ ਵਿਚ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ। ਬਹੁਤ ਸਾਰੇ ਰਾਜਾਂ ਵਿਚੋਂ ਵੈਕਸੀਨ ਦੀਆਂ ਖੁਰਾਕਾਂ ਖਤਮ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨਾਲ ਇਕ ਤਰ੍ਹਾਂ ਨਾਲ ਹੜਬੜੀ ਪੈਦਾ ਹੋਈ ਹੈ ਅਤੇ ਸਰਕਾਰ ਦੀਆਂ ਚਿੰਤਾਵਾਂ ਵਿਚ ਵੀ ਵਾਧਾ ਹੋਇਆ ਹੈ। ਸਰਕਾਰ ਵਲੋਂ ਪਹਿਲਾਂ 45 ਸਾਲ ਤੋਂ ਉੱਪਰ ਵਾਲੇ ਵਿਅਕਤੀਆਂ ਨੂੰ ਟੀਕਾ ਲਹਿਰ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਇਹ ਨਿਸ਼ਾਨਾ ਹਾਲੇ ਅੱਧਾ ਅਧੂਰਾ ਹੀ ਸੀ ਕਿ ਸਰਕਾਰ ਨੇ 18-44 ਸਾਲ ਦੇ ਉਮਰ ਵਾਲੇ ਵਿਅਕਤੀਆਂ ਨੂੰ ਵੀ ਇਸ ਵਿਚ ਸ਼ਾਮਿਲ ਕਰ ਦਿੱਤਾ। ਜਿਸ ਨਾਲ ਵਧੇਰੇ ਉਮਰ ਦੇ ਵਿਅਕਤੀਆਂ ਦੇ ਟੀਕਾ ਨਾ ਲੱਗਣ ਦੇ ਨਾਲ-ਨਾਲ ਦੂਸਰੀ ਖ਼ੁਰਾਕ ਪ੍ਰਾਪਤ ਕਰਨ ਵਾਲੇ ਵਿਅਕਤੀ ਵੀ ਦੱਸੀਆਂ ਤਰੀਕਾਂ ਮੁਤਾਬਿਕ ਵੈਕਸੀਨ ਦੀ ਦੂਜੀ ਖੁਰਾਕ ਨਹੀਂ ਲੈ ਸਕਣਗੇ।
______________________________________________
ਰੋਸ਼ ਕੋਕਟੇਲ ਐਂਟੀਬਾਡੀ ਰਾਹੀਂ ਹੋਵੇਗਾ ਇਲਾਜ
ਨਵੀਂ ਦਿੱਲੀ: ਦਵਾਈ ਨਿਰਮਾਤਾ ਰੋਸ਼ ਇੰਡੀਆ ਤੇ ਸਿਪਲਾ ਵੱਲੋਂ ਸਾਂਝੇ ਤੌਰ ‘ਤੇ ਭਾਰਤ ਵਿਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਰੋਸ਼ ਐਂਟੀਬਾਡੀ ਕੋਕਟੇਲ ਜਾਰੀ ਕੀਤੀ ਗਈ ਜਿਸ ਦੀ ਕੀਮਤ 59,750 ਰੁਪਏ ਪ੍ਰਤੀ ਡੋਜ਼ ਹੋਵੇਗੀ ਜੋ ਹਲਕੇ ਤੇ ਦਰਮਿਆਨੇ ਕਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਵਿਚ ਸਹਾਈ ਹੋਵੇਗੀ। ਇਸ ਐਂਟੀਬਾਡੀ ਦਾ ਪਹਿਲਾ ਬੈਚ ਹੁਣ ਭਾਰਤ ਵਿਚ ਮਿਲੇਗਾ ਜਦਕਿ ਦੂਜਾ ਬੈਚ ਜੂਨ ਦੇ ਮੱਧ ਵਿਚ ਪੁੱਜੇਗਾ। ਇਹ ਦਵਾਈ ਕੈਸਿਰੀਵੀਮੈਬ 600 ਐਮਜੀ ਤੇ ਇਮਡੈਵੀਮੈਬ 600 ਐਮਜੀ ਦਾ ਮਿਸ਼ਰਣ ਹੋਵੇਗੀ ਜੋ ਬਣਾਉਟੀ ਐਂਟੀਬਾਡੀ ਕੋਕਟੇਲ ਹੈ ਜਿਸ ਨਾਲ ਸਾਰਸ-ਕੋਵ-2 ਕਰੋਨਾ ਵਾਇਰਸ ਨੂੰ ਰੋਕਣ ਲਈ ਰੋਧਕ ਸ਼ਕਤੀ ਵਧੇਗੀ।