ਨਵੀਂ ਦਿੱਲੀ: ਭਾਰਤ ਸਰਕਾਰ ਕੋਵਿਡ-19 ਦੇ ਮਾਮਲੇ ਨੂੰ ਲੈ ਕੇ ਵਿਦੇਸ਼ੀ ਮੀਡੀਆ ਵਿਚ ਹੋਈ ਬਦਨਾਮੀ ਬਾਰੇ ਕਾਫੀ ਫਿਕਰਮੰਦ ਜਾਪਦੀ ਹੈ। ਇਕ ਪਾਸੇ ਜਿਥੇ ਕਰੋਨਾ ਨਾਲ ਨਜਿੱਠਣ ਵਿਚ ਨਾਕਾਮੀ ਉਤੇ ਸਰਕਾਰ ਘਿਰੀ ਹੋਈ ਹੈ, ਉਥੇ ਆਪਣੀ ਨਾਲਾਇਕੀ ਉਤੇ ਝਾਤ ਮਾਰਨ ਦੀ ਥਾਂ ਸਾਰੇ ਦੋਸ਼ ਵਿਰੋਧੀ ਧਿਰਾਂ ਸਿਰ ਮੜ੍ਹਨ ਦੀ ਰਣਨੀਤੀ ਵੀ ਭਾਜਪਾ ਨੂੰ ਪੁੱਠੀ ਪੈ ਗਈ ਹੈ।
ਟੂਲਕਿੱਟ ਟਵੀਟ ‘ਤੇ ਟਵਿੱਟਰ ਵੱਲੋਂ ‘ਮੈਨੀਪੁਲੇਟਿਡ‘ (ਹੇਰਾ-ਫੇਰੀ) ਦਾ ਟੈਗ ਲਗਾ ਕੇ ਭਾਜਪਾ ਨੂੰ ਨਮੋਸ਼ੀ ਵੱਲ ਧੱਕ ਦਿੱਤਾ ਹੈ। ਭਾਜਪਾ ਨੇ ਇਸ ਟੂਲਕਿੱਟ ਨੂੰ ਕਾਂਗਰਸ ਵੱਲੋਂ ਮੋਦੀ ਤੇ ਭਾਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਿਆ ਸੀ, ਟਵਿੱਟਰ ਨੇ ਇਸ ਨੂੰ ‘ਝੂਠੀ‘ ਕਰਾਰ ਦੇ ਦਿੱਤਾ ਹੈ। ਛੱਤੀਸਗੜ੍ਹ ‘ਚ ਰਾਏਪੁਰ ਪੁਲਿਸ ਨੇ ਫਰਜ਼ੀ ਟੂਲਕਿੱਟ ਮਾਮਲੇ ‘ਚ ਭਾਜਪਾ ਤਰਜਮਾਨ ਸੰਬਿਤ ਪਾਤਰਾ ਅਤੇ ਸੀਨੀਅਰ ਆਗੂ ਰਮਨ ਸਿੰਘ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ।
ਦੁਨੀਆਂ ਦੇ ਪ੍ਰਮੁੱਖ ਅਖਬਾਰਾਂ ਜਿਨ੍ਹਾਂ ਵਿਚ ‘ਦਿ ਆਸਟਰੇਲੀਅਨ`, ‘ਗਾਰਡੀਅਨ`, ‘ਨਿਊਯਾਰਕ ਟਾਈਮਜ`, ‘ਲੇ-ਮੋਂਦ` ਅਤੇ ਹੋਰ ਅਖਬਾਰਾਂ ਸ਼ਾਮਲ ਹਨ, ਨੇ ਭਾਰਤ ਸਰਕਾਰ ਦੀ ਕੋਵਿਡ-19 ਦੀ ਮਹਾਮਾਰੀ ਨਾਲ ਨਜਿੱਠਣ ਲਈ ਕੀਤੀ ਗਈ ਕਾਰਗੁਜ਼ਾਰੀ ਦੀ ਤਿੱਖੀ ਆਲੋਚਨਾ ਕੀਤੀ ਹੈ। ‘ਦਿ ਆਸਟਰੇਲੀਅਨ` ਵਿਚ ਛਪੇ ਇਕ ਲੇਖ ਵਿਚ ਕੇਂਦਰ ਸਰਕਾਰ `ਤੇ ਦੋਸ਼ ਲਗਾਇਆ ਗਿਆ ਸੀ ਕਿ ਕੇਂਦਰੀ ਮੰਤਰੀ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਵੱਡੀਆਂ ਰੈਲੀਆਂ ਕਰਦੇ ਰਹੇ ਜਿਸ ਕਾਰਨ ਕਰੋਨਾ ਬਹੁਤ ਤੇਜੀ ਨਾਲ ਫੈਲਿਆ। ਭਾਰਤ ਦੇ ਆਸਟਰੇਲੀਆ ਵਿਚਲੇ ਸਫ਼ਾਰਤਖ਼ਾਨੇ ਨੇ ਇਸ ਲੇਖ ਨੂੰ ਭਾਰਤ ਦੀ ਬਦਨਾਮੀ ਕਰਨ ਵਾਲਾ ਅਤੇ ਗਲਤ ਅੰਕੜਿਆਂ `ਤੇ ਆਧਾਰਿਤ ਦੱਸਿਆ ਸੀ।
ਦੱਸ ਦਈਏ ਕਿ ਸਮਾਜ ਸੇਵੀ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਅਤੇ ਸਿਆਸਤ ਨਾਲ ਜੁੜੇ ਕੁਝ ਗਰੁੱਪਾਂ ਵੱਲੋਂ ਵੀ ਕਰੋਨਾ ਦੇ ਦੌਰ ਵਿਚ ਪੀੜਤਾਂ ਦੀ ਮਦਦ ਕਰਨ ਦੀ ਹੋਈ ਪ੍ਰਸ਼ੰਸਾ ਅਤੇ ਭਾਰਤੀ ਜਨਤਾ ਪਾਰਟੀ ਦੇ ਅੰਦਰੋਂ ਹੀ ਪਾਰਟੀ ਦੀ ਗੈਰ ਸਰਗਰਮ ਭੂਮਿਕਾ ਉੱਤੇ ਉੱਠ ਰਹੇ ਸਵਾਲਾਂ ਨੇ ਭਾਜਪਾ ਦੀ ਚਿੰਤਾ ਵਧਾ ਦਿੱਤੀ ਹੈ। ਇਸੇ ਲਈ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਨੇ ਪਾਰਟੀ ਕਾਰਕੁਨਾਂ ਨੂੰ ਕਰੋਨਾ ਪੀੜਤਾਂ ਲਈ ਆਕਸੀਜਨ ਸਿਲੰਡਰ, ਦਵਾਈਆਂ ਅਤੇ ਹੋਰ ਲੋੜਾਂ ਦੀ ਪੂਰਤੀ ਵਾਸਤੇ ਮਦਦਗਾਰ ਹੋਣ ਦੇ ਹੁਕਮ ਦਿੱਤੇ ਹਨ। ਇਹ ਵੀ ਕਿਹਾ ਗਿਆ ਹੈ ਕਿ ਮਦਦ ਕਰਨੀ ਹੀ ਨਹੀਂ ਬਲਕਿ ਨਜ਼ਰ ਵੀ ਆਉਣੀ ਚਾਹੀਦੀ ਹੈ। ਪਿਛਲੇ ਦਿਨਾਂ ਵਿਚ ਆਰ.ਐਸ.ਐਸ. ਦੀ ਦਿੱਲੀ ਕਾਰਜਕਾਰਨੀ ਦੇ ਇਕ ਮੈਂਬਰ ਨੇ ਕਿਹਾ ਸੀ ਕਿ ਭਾਜਪਾ ਗਾਇਬ ਹੈ ਅਤੇ ਇਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ। ਲੋਕ ਮਰ ਰਹੇ ਹਨ, ਪਾਰਟੀ ਦਾ ਨਾਮੋ-ਨਿਸ਼ਾਨ ਨਹੀਂ ਹੈ।
ਯੂਪੀ ਵਿਚ ਕਈ ਵਿਧਾਇਕਾਂ ਸਮੇਤ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਕਰੋਨਾ ਮਾਮਲਿਆਂ ਵਿਚ ਕੋਈ ਮਦਦ ਨਾ ਹੋਣ ਕਰ ਕੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਸਨ। ਸਰਕਾਰ ਅਤੇ ਕੇਂਦਰੀ ਸੱਤਾਧਾਰੀ ਪਾਰਟੀ ਇਸ ਕਰ ਕੇ ਵੀ ਦਬਾਅ ਵਿਚ ਆਈ ਕਿਉਂਕਿ ਸਰਕਾਰੀ ਤੌਰ ਉਤੇ ਆਕਸੀਜਨ ਦੇ ਸਿਲੰਡਰ ਅਤੇ ਦਵਾਈਆਂ ਨਹੀਂ ਮਿਲਦੀਆਂ ਸਨ ਪਰ ਗੁਰਦੁਆਰਿਆਂ ਵਿਚ, ਸੋਨੂੰ ਸੂਦ ਵਰਗੇ ਫਿਲਮੀ ਕਲਾਕਾਰ, ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀ ਵੀ ਦੀ ਅਗਵਾਈ ਵਾਲੀ ਟੀਮ ਅਜਿਹੀਆਂ ਲੋੜਾਂ ਪੂਰੀਆਂ ਕਰ ਰਹੀ ਸੀ। ਲੋਕਾਂ ਦਾ ਸਵਾਲ ਸੀ ਕਿ ਸਰਕਾਰ ਜਾਂ ਸੱਤਾਧਾਰੀ ਪਾਰਟੀ ਦੀ ਪੀੜਤਾਂ ਦੀ ਮਦਦ ਕਰਨ ਦੀ ਨੀਅਤ ਨਹੀਂ ਹੈ। ਹੁਣ ਭਾਜਪਾ ਉਨ੍ਹਾਂ ਬੱਚਿਆਂ ਦੀ ਮਦਦ ਦੀ ਯੋਜਨਾ ਐਲਾਨਣ ਜਾ ਰਹੀ ਹੈ ਜਿਨ੍ਹਾਂ ਦੇ ਮਾਪੇ ਕਰੋਨਾ ਦੀ ਭੇਟ ਚੜ੍ਹ ਗਏ ਹਨ।
ਕਰੋਨਾ ਦੇ ਵਧਦੇ ਕੇਸਾਂ ਦੇ ਮੁਕਾਬਲੇ ਸਰਕਾਰਾਂ ਵੱਲੋਂ ਲੋੜੀਂਦੇ ਬਜਟ ਅਤੇ ਪ੍ਰਬੰਧਾਂ ਵਿਚ ਕਮੀ ਅਤੇ ਵਧਾਈ ਜਾ ਰਹੀ ਤਾਲਾਬੰਦੀ ਨਾਲ ਕਰੋਨਾ ਮਰੀਜ਼ਾਂ ਦੇ ਨਾਲ ਦੀ ਨਾਲ ਰੋਜ਼ੀ-ਰੋਟੀ ਦੇ ਸਾਧਨ ਬੰਦ ਹੋਣ ਦਾ ਸੰਕਟ ਵੀ ਵਧ ਰਿਹਾ ਹੈ। ਉਨ੍ਹਾਂ ਦੀ ਸਹਾਇਤਾ ਬਾਰੇ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਉੱਤੇ ਯੋਜਨਾਬੰਦੀ ਦੀ ਬੇਹੱਦ ਲੋੜ ਹੈ, ਪਰ ਸਰਕਾਰ ਇਸ ਪਾਸੇ ਧਿਆਨ ਕਰਨ ਦੀ ਆਪਣੇ ਸਿਆਸੀ ਵਿਰੋਧੀ ਨੂੰ ਘੇਰਨ ਉਤੇ ਟਿੱਲ ਲਾ ਰਹੀ ਹੈ।
___________________________________________
ਕਰੋਨਾ ਕਾਲ ਦੌਰਾਨ ਮੋਦੀ ਦੀ ਰੇਟਿੰਗ ‘ਚ ਨਿਘਾਰ
ਨਵੀਂ ਦਿੱਲੀ: ਮੁਲਕ ਜਦੋਂ ਕਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨਾਲ ਸਿੱਝਣ ਲਈ ਸੰਘਰਸ਼ ਕਰ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਭਾਵਸ਼ਾਲੀ ਆਗੂ ਵਜੋਂ ਦਿਖ ਨੂੰ ਨੁਕਸਾਨ ਪਹੁੰਚਿਆ ਹੈ। ਦੋ ਸਰਵੇਖਣਾਂ ‘ਚ ਦਰਸਾਇਆ ਗਿਆ ਹੈ ਕਿ ਸ੍ਰੀ ਮੋਦੀ ਦੀ ਰੇਟਿੰਗ ਹੋਰ ਹੇਠਾਂ ਨੂੰ ਗਈ ਹੈ। ਸਾਲ 2014 ‘ਚ ਸੱਤਾ ‘ਚ ਆਏ ਸ੍ਰੀ ਮੋਦੀ ਨੇ 2019 ‘ਚ ਮੁੜ ਚੋਣ ਜਿੱਤ ਕੇ ਤਾਕਤਵਰ ਆਗੂ ਵਜੋਂ ਆਪਣਾ ਰੁਤਬਾ ਵਧਾਇਆ ਸੀ। ਆਲਮੀ ਆਗੂਆਂ ਦੇ ਰੁਤਬੇ ‘ਤੇ ਨਜ਼ਰ ਰੱਖਣ ਵਾਲੀ ਅਮਰੀਕੀ ਡੇਟਾ ਇੰਟੈਲੀਜੈਂਸ ਕੰਪਨੀ ‘ਮੌਰਨਿੰਗ ਕੰਸਲਟ‘ ਨੇ ਇਸ ਦਾ ਖੁਲਾਸਾ ਕੀਤਾ ਹੈ। ਸ੍ਰੀ ਮੋਦੀ ਦੀ ਓਵਰਆਲ ਰੇਟਿੰਗ ਇਸ ਹਫਤੇ 63 ਫੀਸਦ ਰਹੀ ਜੋ ਅਗਸਤ 2019 ਤੋਂ ਸਭ ਤੋਂ ਘੱਟ ਹੈ। ਰੇਟਿੰਗ ‘ਚ ਸਭ ਤੋਂ ਵੱਧ ਗਿਰਾਵਟ ਅਪਰੈਲ ‘ਚ ਦਰਜ ਹੋਈ ਜਦੋਂ ਇਹ 22 ਅੰਕ ਡਿੱਗ ਗਈ ਸੀ।