ਦਮ ਤੋੜਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਮੁੱਦੇ ‘ਤੇ ਸਰਕਾਰ ਨੂੰ ਤਿੱਖੇ ਸਵਾਲ

ਨਵੀਂ ਦਿੱਲੀ: ਭਾਰਤ ਵਿਚ ਦਮ ਤੋੜਦੀ ਕੋਵਿਡ ਟੀਕਾਕਰਨ ਮੁਹਿੰਮ ਦੀ ਵੱਡੇ ਪੱਧਰ ਉਤੇ ਅਲੋਚਨਾ ਹੋ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਜਾ ਰਹੇ ਹਨ। ਕਾਂਗਰਸ ਨੇ ਸਰਕਾਰ ਦੇ ਉਸ ਬਿਆਨ ‘ਤੇ ਸਵਾਲ ਉਠਾਏ ਹਨ, ਜਿਸ ‘ਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਭਾਰਤ ਇਸ ਸਾਲ ਦੇ ਅਖੀਰ ਤੱਕ 18 ਸਾਲ ਤੋਂ ਵੱਧ ਉਮਰ ਵਾਲੀ ਅਬਾਦੀ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲਗਾਉਣ ਦੀ ਸਥਿਤੀ ‘ਚ ਹੋਵੇਗਾ।

ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਟੀਕਾਕਰਨ ਦੀ ਰਫਤਾਰ ਨਾ ਵਧਾਈ ਗਈ ਤਾਂ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਨੂੰ ਰੋਕਣਾ ਮੁਸ਼ਕਲ ਹੋਵੇਗਾ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਆਈ.ਐਮ.ਐਫ. ਅਤੇ ਡਬਲਿਊ.ਐਚ.ਓ. ਨੇ ਭਾਰਤ ਨੂੰ ਟੀਕਾਕਰਨ ਦੀ ਹੌਲੀ ਰਫਤਾਰ ਦੇ ਸਿੱਟੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੀ ਅਤੇ ਉਸ ਨੂੰ ਚਿਤਾਵਨੀਆਂ ‘ਤੇ ਗੌਰ ਕਰਕੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਦੇ ਯਤਨ ਤੇਜ ਕਰਨੇ ਚਾਹੀਦੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਰੋਨਾ ਵੈਕਸੀਨ ਦੀ ਘਾਟ ਕਾਰਨ 18 ਤੋਂ 44 ਸਾਲ ਦੇ ਲੋਕਾਂ ਲਈ ਟੀਕਾਕਰਨ ਕੇਂਦਰ ਬੰਦ ਕਰਨੇ ਪੈ ਰਹੇ ਹਨ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਨੂੰ ਹੋਰ ਵੈਕਸੀਨ ਮੁਹੱਈਆ ਕਰਵਾਏ। ਮੁੱਖ ਮੰਤਰੀ ਨੇ ਦੇਸ਼ ‘ਚ ਵੈਕਸੀਨ ਦੀ ਉਪਲੱਬਧਤਾ ਵਧਾਉਣ ਲਈ ਕੇਂਦਰ ਨੂੰ ਚਾਰ ਸੁਝਾਅ ਵੀ ਦਿੱਤੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਨੌਜਵਾਨਾਂ ਨੂੰ ਟੀਕੇ ਲਗਾਉਣ ਲਈ ਇਕ ਮਹੀਨੇ ‘ਚ 80 ਲੱਖ ਖੁਰਾਕਾਂ ਦੀ ਲੋੜ ਹੈ ਪਰ ਮਈ ‘ਚ ਸਿਰਫ 16 ਲੱਖ ਖੁਰਾਕਾਂ ਹੀ ਮਿਲੀਆਂ ਹਨ। ‘ਕੇਂਦਰ ਨੇ ਜੂਨ ‘ਚ ਦਿੱਲੀ ਦੀਆਂ ਖੁਰਾਕਾਂ ਦਾ ਕੋਟਾ ਹੋਰ ਘਟਾ ਕੇ 8 ਲੱਖ ਕਰ ਦਿੱਤਾ ਹੈ।‘ ਕੇਂਦਰ ਨੂੰ ਟੀਕਿਆਂ ਦਾ ਕੋਟਾ ਵਧਾਉਣ ਦੀ ਬੇਨਤੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਰਾਜਧਾਨੀ ‘ਚ ਸਾਰੇ ਬਾਲਗਾਂ ਦੇ ਟੀਕਾਕਰਨ ਲਈ ਢਾਈ ਕਰੋੜ ਖੁਰਾਕਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਕਰੋਨਾ ਵਾਇਰਸ ਫੈਲਣ ਦੀ ਰਫਤਾਰ ਬਹੁਤ ਤੇਜੀ ਨਾਲ ਘਟੀ ਹੈ। ਸ੍ਰੀ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਮੁਲਕ ਦੀਆਂ ਸਾਰੀਆਂ ਸਮਰੱਥ ਕੰਪਨੀਆਂ ਨੂੰ ਨਿਰਦੇਸ਼ ਦੇਵੇ ਕਿ ਉਹ ਕੋਵੈਕਸੀਨ ਦਾ ਉਤਪਾਦਨ ਸ਼ੁਰੂ ਕਰਨ ਕਿਉਂਕਿ ਭਾਰਤ ਬਾਇਓਟੈੱਕ ਨੇ ਵੈਕਸੀਨ ਦਾ ਫਾਰਮੂਲਾ ਸ਼ੇਅਰ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ।
___________________________________________
ਕਰੋਨਾ ਦੀ ਉਤਪਤੀ ‘ਤੇ ਫਿਰ ਸਵਾਲ, ਮੁੜ ਚੀਨ ਵੱਲ ਉਂਗਲ
ਵਾਸ਼ਿੰਗਟਨ: ਬਰਤਾਨੀਆ ਦੇ ਵਿਗਿਆਨੀ ਨਿਕੋਲਸ ਵੇਡ ਨੇ ਕਿਹਾ ਹੈ ਕਿ ਚੀਨ ਦੇ ਵੂਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਦੇ ਖੋਜਕਾਰ ਕਰੋਨਾ ਵਾਇਰਸ ਤੋਂ ਮਨੁੱਖੀ ਕੋਸ਼ਿਕਾਵਾਂ ਅਤੇ ਚੂਹਿਆਂ ਨੂੰ ਲਾਗਗ੍ਰਸਤ ਕਰਨ ਲਈ ਪ੍ਰਯੋਗ ਕਰ ਰਹੇ ਸਨ ਤੇ ਇਸੀ ਪ੍ਰਯੋਗ ਤੋਂ ਕੋਵਿਡ-19 ਵਰਗੇ ਵਾਇਰਸ ਦੇ ਪੈਦਾ ਹੋਣ ਦੀ ਸੰਭਾਵਨਾ ਹੈ।
ਵੇਡ ਨੇ ਆਪਣੇ ਲੇਖ ਵਿਚ ਇਸ ਦਾ ਖੁਲਾਸਾ ਕੀਤਾ ਹੈ। ਕਰੋਨਾ ਵਾਇਰਸ ਦਸੰਬਰ 2019 ਵਿਚ ਵੂਹਾਨ ਵਿਚ ਫੈਲਣਾ ਸ਼ੁਰੂ ਹੋਇਆ ਸੀ ਤੇ ਵਿਸ਼ਵ ਵਿਚ ਮਹਾਮਾਰੀ ਵਜੋਂ ਫੈਲ ਗਿਆ। ਉਨ੍ਹਾਂ ਕਿਹਾ ਕਿ ਇਸ ਵਾਇਰਸ ਬਾਰੇ ਦੋ ਕਿਆਸ ਲਾਏ ਜਾ ਰਹੇ ਹਨ। ਪਹਿਲਾ ਵਾਇਰਸ ਵਣ ਜੀਵਾਂ ਤੋਂ ਮਨੁੱਖ ਵਿਚ ਕੁਦਰਤੀ ਤੌਰ ‘ਤੇ ਆਇਆ ਤੇ ਦੂਜਾ ਇਹ ਵਾਇਰਸ ਕਿਸੀ ਪ੍ਰਯੋਗਸਾਲਾ ਵਿਚ ਪ੍ਰਯੋਗ ਕਰਦੇ ਹੋਏ ਫੈਲ ਗਿਆ। ਉਨ੍ਹਾਂ ਕਿਹਾ ਕਿ ਵੂਹਾਨ ਚੀਨ ਦੇ ਮੁੱਖ ਕਰੋਨਾ ਵਾਇਰਸ ਖੋਜ ਦਾ ਕੇਂਦਰ ਸੀ ਜਿਥੇ ਖੋਜਕਰਤਾ ਮਨੁੱਖੀ ਕੋਸ਼ਿਕਾਵਾਂ ‘ਤੇ ਅਸਰ ਪਾਉਣ ਲਈ ਚਮਗਾਦੜਾਂ ਸਬੰਧੀ ਕਰੋਨਾ ਵਾਇਰਸ ਬਣਾ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਖੋਜ ਕਰ ਰਹੇ ਵਿਗਿਆਨੀਆਂ ਦਾ ਵਾਇਰਸ ਦੇ ਬਚਾਅ ਲਈ ਟੀਕਾਕਰਨ ਨਹੀਂ ਹੋਇਆ ਸੀ ਤੇ ਉਹ ਘੱਟ ਸੁਰੱਖਿਆ ਪ੍ਰਬੰਧਾਂ ਹੇਠ ਕੰਮ ਕਰ ਰਹੇ ਸਨ। ਇਸ ਕਰ ਕੇ ਉਥੋਂ ਕਰੋਨਾ ਵਾਇਰਸ ਪੈਦਾ ਹੋਣਾ ਹੈਰਾਨੀ ਦੀ ਗੱਲ ਨਹੀਂ ਹੈ।