ਜਣੇਪੇ ਮਗਰੋਂ ਕਰੋਨਾ ਵੈਕਸੀਨ ਲਗਵਾ ਸਕਦੀਆਂ ਨੇ ਮਾਂਵਾਂ: ਮਾਹਿਰ

ਨਵੀਂ ਦਿੱਲੀ: ਸਿਹਤ ਸੰਭਾਲ ਮਾਹਿਰਾਂ ਨੇ ਕਿਹਾ ਹੈ ਕਿ ਗਰਭਵਤੀ ਮਹਿਲਾਵਾਂ ਬੱਚੇ ਨੂੰ ਜਨਮ ਦੇਣ ਮਗਰੋਂ ਕਿਸੇ ਵੀ ਸਮੇਂ ਕੋਵਿਡ-19 ਦਾ ਟੀਕਾ ਲਗਵਾ ਸਕਦੀਆਂ ਹਨ। ਮਾਹਿਰਾਂ ਨੇ ਗਰਭਵਤੀ ਮਹਿਲਾਵਾਂ ਨੂੰ ਵੀ ਟੀਕਾਕਰਨ ਦੀ ਮਨਜ਼ੂਰੀ ਦੇਣ ਦੀ ਲੋੜ ‘ਤੇ ਜੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਲਾਗ ਤੋਂ ਬਚਾਇਆ ਜਾ ਸਕੇ। ਸਰਕਾਰ ਨੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੇ ਟੀਕਾਕਰਨ ਨੂੰ ਹੁਣੇ ਜਿਹੇ ਮਨਜ਼ੂਰੀ ਦਿੱਤੀ ਹੈ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ.ਕੇ. ਪੌਲ ਨੇ ਸਪੱਸ਼ਟ ਕੀਤਾ ਸੀ ਕਿ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਹਿਲਾਵਾਂ ਦਾ ਵੀ ਟੀਕਾਕਰਨ ਕਰਵਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਸੀ,”ਅਜਿਹੀਆਂ ਰਿਪੋਰਟਾਂ ਸਨ ਕਿ ਟੀਕਾ ਲਗਵਾਉਣ ਵਾਲੀਆਂ ਮਾਵਾਂ ਨੂੰ ਕੁਝ ਦਿਨਾਂ ਲਈ ਬੱਚਿਆਂ ਨੂੰ ਆਪਣਾ ਦੁੱਧ ਨਹੀਂ ਪਿਆਉਣਾ ਚਾਹੀਦਾ ਪਰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਦੁੱਧ ਚੁੰਘਾਉਣਾ ਬੰਦ ਨਹੀਂ ਕਰਨਾ ਚਾਹੀਦਾ ਹੈ। ਕਿਸੇ ਵੀ ਹਾਲਤ ‘ਚ ਇਕ ਘੰਟੇ ਲਈ ਵੀ ਦੁੱਧ ਚੁੰਘਾਉਣਾ ਬੰਦ ਨਹੀਂ ਕਰਨਾ ਚਾਹੀਦਾ ਹੈ।“ ਇਸ ਦੌਰਾਨ ਦਿੱਲੀ ਦੇ ਗੁਰੂ ਤੇਗ ਬਹਾਦਰ ਹਸਪਤਾਲ ਅਤੇ ਮੈਡੀਕਲ ਸਾਇੰਸਿਜ ਯੂਨੀਵਰਸਿਟੀ ਕਾਲਜ ‘ਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾਕਟਰ ਖਾਨ ਆਮਿਰ ਮਾਰੂਫ ਨੇ ਕਿਹਾ ਕਿ ਟੀਕਾ ਲਗਵਾ ਚੁੱਕੀਆਂ ਮਾਵਾਂ ਵੱਲੋਂ ਆਪਣਾ ਦੁੱਧ ਪਿਆਉਣ ਨਾਲ ਨਵਜੰਮੇ ਬੱਚਿਆਂ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਣੇਪੇ ਤੋਂ ਬਾਅਦ ਟੀਕਾਕਰਨ ‘ਚ ਦੇਰੀ ਕਰਨ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਮੁਤਾਬਕ ਮਾਵਾਂ ਨੂੰ ਟੀਕਾਕਰਨ ਤੋਂ ਬਾਅਦ ਆਮ ਲੋਕਾਂ ਵਾਲੀਆਂ ਸਾਵਧਾਨੀਆਂ ਹੀ ਵਰਤਣੀਆਂ ਚਾਹੀਦੀਆਂ ਹਨ। ਫੋਰਟਿਸ ਲਾ ਫੇਮੇ, ਰੋਜਵਾਕ ਹਸਪਤਾਲ ਅਤੇ ਅਪੋਲੋ ਕਰੈਡਲ ਰੌਇਲ ‘ਚ ਸੀਨੀਅਰ ਕੰਸਲਟੈਂਟ, ਇਸਤਰੀ ਰੋਗ ਮਾਹਿਰ ਡਾਕਟਰ ਲਵਲੀਨਾ ਨਾਦਿਰ ਨੇ ਕਿਹਾ ਕਿ ਮਾਹਵਾਰੀ ਦੌਰਾਨ ਵੀ ਟੀਕਾ ਲਗਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਪੀੜਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਗਰਭਵਤੀ ਮਹਿਲਾ ਦਾ ਅਪਰੇਸ਼ਨ ਹੀ ਹੋਵੇਗਾ ਪਰ ਲਾਗ ਕਾਰਨ ਮਾਂ ਦੇ ਬਿਮਾਰ ਹੋਣ ਨਾਲ ਸਮੇਂ ਤੋਂ ਪਹਿਲਾਂ ਜਣੇਪਾ ਅਤੇ ਅਪਰੇਸ਼ਨ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਕੋਈ ਮਹਿਲਾ ਲਾਗ ਤੋਂ ਬਾਅਦ ਠੀਕ ਹੋ ਚੁੱਕੀ ਹੈ ਤਾਂ ਉਸ ਨੂੰ ਤੰਦਰੁਸਤ ਹੋਣ ਦੇ ਤਿੰਨ ਮਹੀਨਿਆਂ ਬਾਅਦ ਟੀਕਾ ਲਗਵਾਉਣਾ ਚਾਹੀਦਾ ਹੈ।“ ਨਾਦਿਰ ਨੇ ਕਿਹਾ ਕਿ ਜੇਕਰ ਮਰੀਜ਼ ਨੇ ਪਹਿਲੀ ਖੁਰਾਕ ਲੈ ਲਈ ਹੈ ਅਤੇ ਉਸ ਤੋਂ ਬਾਅਦ ਗਰਭਵਤੀ ਹੋਣ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਇਸ ਦੀ ਵਜ੍ਹਾ ਨਾਲ ਗਰਭਪਾਤ ਕਰਾਉਣ ਦੀ ਲੋੜ ਨਹੀਂ ਹੈ। ਮਾਰੂਫ ਨੇ ਕਿਹਾ ਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ‘ਚ ਗਰਭਵਤੀ ਮਹਿਲਾਵਾਂ ਦੇ ਟੀਕਾਕਰਨ ਦੀ ਅਜੇ ਕੋਈ ਸਲਾਹ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਕੋਵਿਡ-19 ਟੀਕਿਆਂ ਦਾ ਗਰਭਵਤੀ ਮਹਿਲਾਵਾਂ ‘ਤੇ ਪ੍ਰੀਖਣ ਨਹੀਂ ਕੀਤਾ ਗਿਆ ਹੈ।
_____________________________________________
ਬੱਚਿਆਂ ‘ਤੇ ਕੋਵੈਕਸੀਨ ਦਾ ਪ੍ਰੀਖਣ ਜੂਨ ਤੋਂ?
ਹੈਦਰਾਬਾਦ: ਭਾਰਤ ਬਾਇਓਟੈੱਕ ਵੱਲੋਂ ਕਰੋਨਾ ਤੋਂ ਬਚਾਅ ਲਈ ਕੋਵੈਕਸੀਨ ਟੀਕੇ ਦਾ ਪ੍ਰੀਖਣ ਅਗਲੇ ਮਹੀਨੇ ਤੋਂ ਬੱਚਿਆਂ ‘ਤੇ ਸ਼ੁਰੂ ਹੋ ਸਕਦਾ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ 2 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਪ੍ਰੀਖਣ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਭਾਰਤ ਬਾਇਓਟੈੱਕ ਦੇ ਬਿਜਨਸ ਡਿਵੈਲਪਮੈਂਟ ਅਤੇ ਇੰਟਰਨੈਸ਼ਨਲ ਐਡਵੋਕੇਸੀ ਮੁਖੀ ਡਾਕਟਰ ਰੈਚਿਸ ਇਲਾ ਨੇ ਭਰੋਸਾ ਜਤਾਇਆ ਕਿ ਇਸ ਸਾਲ ਦੀ ਤੀਜੀ ਤਿਮਾਹੀ ‘ਚ ਬੱਚਿਆਂ ਦੀ ਵੈਕਸੀਨ ਲਈ ਲਾਇਸੈਂਸ ਮਿਲ ਜਾਵੇਗਾ। ਫਿੱਕੀ ਲੇਡੀਜ ਆਰਗੇਨਾਈਜੇਸ਼ਨ, ਹੈਦਰਾਬਾਦ ਦੇ ਮੈਂਬਰਾਂ ਨਾਲ ਵਰਚੁਅਲੀ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਤੋਂ ਕੋਵੈਕਸੀਨ ਲਈ ਕੰਪਨੀ ਨੂੰ ਤੀਜੀ ਜਾਂ ਚੌਥੀ ਤਿਮਾਹੀ ‘ਚ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ।