ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਪਿੱਛੋਂ ਸਿੱਖ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਕ ਵਾਰ ਫਿਰ ਉਭਾਰਦਿਆਂ ਸਰਕਾਰ ਦੀ ਨੀਅਤ ਉਤੇ ਸਵਾਲ ਖੜ੍ਹੇ ਕੀਤੇ ਹਨ। ਜਥੇਬੰਦੀਆਂ ਨੇ ਸਵਾਲ ਕੀਤਾ ਹੈ ਕਿ ਸਰਕਾਰ ਬਲਾਤਕਾਰ ਦੇ ਦੋਸ਼ੀ ਨੂੰ ਪੈਰੋਲ ਦੇ ਰਹੀ ਹੈ ਤੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਤੋਂ ਭੱਜ ਰਹੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਉਤੇ ਸਵਾਲ ਚੁੱਕੇ ਹਨ। ਜਥੇਦਾਰ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਪੈਰੋਲ ਉਤੇ ਰਿਹਾਅ ਕਰਨਾ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਸਾਜ਼ਿਸ਼ ਜਾਪਦੀ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੁੜੈਲ ਜੇਲ੍ਹ ਵਿਚ ਬੰਦ ਸਿੱਖ ਬੰਦੀਆਂ ਵਿਚੋਂ ਕੁਝ ਕਰੋਨਾ ਪਾਜੀਟਿਵ ਆਏ ਹਨ ਅਤੇ ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਹੈ। ਦਿੱਲੀ ਨਸਲਕੁਸ਼ੀ ਦੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਅਤੇ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ ਹੈ।
ਸਾਬਕਾ ਪੰਜ ਪਿਆਰਿਆ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕੀਤੇ ਜਾਣ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ। ਭਾਈ ਸਤਨਾਮ ਸਿੰਘ, ਭਾਈ ਤਰਲੋਕ ਸਿੰੰਘ ਅਤੇ ਭਾਈ ਸਤਨਾਮ ਸਿੰਘ ਝੰਜੀਆ ਨੇ ਕਿਹਾ ਕਿ ਇਕ ਪਾਸੇ ਤਾਂ ਇਹੋ ਜਿਹੇ ਵੱਡੇ ਦੋਸ਼ੀਆਂ ਨੂੰ ਕੁਝ ਦੇਰ ਬਾਅਦ ਹੀ ਪੈਰੋਲ ‘ਤੇ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਦੂਜੇ ਪਾਸੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਤਾਂ ਕੀ ਕਰਨਾ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨਾਲ ਮੁਲਾਕਾਤ ਵੀ ਕੁਝ ਵਿਅਕਤੀ ਹੀ ਕਰ ਸਕਦੇ ਹਨ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਡੇਰਾ ਮੁਖੀ ਦੀ ਪੈਰੋਲ ਪਿਛੇ ਕੋਈ ਵੱਡੀ ਸਾਜ਼ਿਸ਼ ਹੋੋ ਸਕਦੀ ਹੈ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਅਤੇ ਸੁਚੇਤ ਹੋਣ ਦੀ ਅਪੀਲ ਕੀਤੀ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਹੈ ਕਿ ਸੱਤਾਧਾਰੀ ਧਿਰਾਂ ਨੂੰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਜਿਸ ਵਿਅਕਤੀ ‘ਤੇ ਬਲਾਤਕਾਰ, ਕਤਲ, ਬੇਅਦਬੀ ਵਰਗੇ ਦੋਸ਼ ਲੱਗੇ ਹੋਣ ਉਸ ਦੇ ਜੇਲ੍ਹ ਵਿਚੋਂ ਬਾਹਰ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਸਿੱਖ ਬੰਦੀ ਜੋ ਧਰਮ ਯੁੱਧ ਮੋਰਚਿਆਂ ਖਾਤਰ ਜੇਲ੍ਹਾਂ ‘ਚ ਬੰਦ ਹਨ, ਨੂੰ ਨਾ ਤਾਂ ਕਦੇ ਪੈਰੋਲ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਸਜ਼ਾਵਾਂ ਮੁਆਫ ਕੀਤੀਆਂ ਗਈਆਂ ਹਨ।
_____________________________________________
ਡੇਰਾ ਮੁਖੀ ਨੂੰ ਬਾਹਰ ਕੱਢਣ ਦਾ ਰਾਹ ਪੱਧਰਾ ਹੋ ਰਿਹੈ: ਅੰਸ਼ੁਲ ਛਤਰਪਤੀ
ਸਿਰਸਾ: ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਸਾਧਵੀਆਂ ਨਾਲ ਜਬਰ ਜਨਾਹ ਤੇ ਉਸ ਦੇ ਪਿਤਾ ਦੇ ਕਤਲ ਦੇ ਮਾਮਲੇ ‘ਚ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਡੇਰਾ ਮੁਖੀ ਨੂੰ ਸਿਰਸਾ ਲਿਆਉਣ ਲਈ ਰਾਹ ਤਿਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਡੇਰਾ ਮੁਖੀ ਨੂੰ 24 ਅਕਤੂਬਰ ਨੂੰ ਪੈਰੋਲ ਦਿੱਤੀ ਗਈ ਤੇ ਹੁਣ 48 ਘੰਟਿਆਂ ਲਈ ਮੁੜ ਪੈਰੋਲ ਦਿੱਤੀ ਗਈ ਹੈ। ਕਰੋਨਾ ਦੇ ਮੱਦੇਨਜਰ ਤਾਲਾਬੰਦੀ ਹੈ, ਜਿਸ ਕਾਰਨ ਅਦਾਲਤ ਬੰਦ ਹੈ। ਇਸ ਦਾ ਫਾਇਦਾ ਲਿਆ ਜਾ ਰਿਹਾ ਹੈ। ਇਹ ਪੈਰੋਲ ਨਹੀਂ ਮਿਲੀਭੁਗਤ ਦੀ ਖੇਡ ਖੇਡੀ ਜਾ ਰਹੀ ਹੈ।
ਅੰਸ਼ੁਲ ਛਤਰਪਤੀ ਨੇ ਕਿਹਾ ਕਿ ਪਹਿਲਾਂ ਬਿਮਾਰੀ ਦਾ ਡਰਾਮਾ ਕਰਕੇ ਉਸ ਨੂੰ ਪੀ.ਜੀ.ਆਈ. ਲਿਆਂਦਾ ਗਿਆ। ਜਦੋਂ ਡਾਕਟਰਾਂ ਨੇ ਰਿਪੋਰਟ ਡੇਰਾ ਮੁਖੀ ਦੇ ਹੱਕ ‘ਚ ਨਹੀਂ ਦਿੱਤੀ ਤਾਂ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਛੁੱਟੀ ਦੀ ਅਰਜ਼ੀ ਲਾਈ ਗਈ। ਛਤਰਪਤੀ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਮਾਂ ਪਹਿਲਾਂ ਸਿਰਸਾ ਵਿਚ ਸੀ ਅਤੇ ਬਾਅਦ ‘ਚ ਉਨ੍ਹਾਂ ਨੂੰ ਗੁਰੂਗ੍ਰਾਮ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਡੇਰਾ ਮੁਖੀ ਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ, ਜਿਸ ਵਿਚ ਸਰਕਾਰ ਦੀ ਮਿਲੀਭੁਗਤ ਹੈ। ਛਤਰਪਤੀ ਨੇ ਕਿਹਾ ਕਿ ਸਰਕਾਰ ਜਬਰ-ਜਨਾਹ ਤੇ ਕਤਲ ਦੀ ਸਜਾ ਭੁਗਤ ਰਹੇ ਇਕ ਅਜਿਹੇ ਕੈਦੀ ਨੂੰ ਵੀ.ਆਈ.ਪੀ. ਸਹੂਲਤ ਦੇ ਰਹੀ ਹੈ, ਜਿਸ ਕਾਰਨ 25 ਅਗਸਤ 2017 ਨੂੰ ਹਰਿਆਣਾ ਤੇ ਪੰਜਾਬ ਵਿਚ ਵੱਡੇ ਪੱਧਰ ‘ਤੇ ਸਾੜ-ਫੂਕ ਕੀਤੀ ਗਈ ਸੀ ਅਤੇ ਕਈਆਂ ਜਾਨਾਂ ਗਈਆਂ ਸਨ।