ਚੰਡੀਗੜ੍ਹ: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਦੇਸ਼ ਭਰ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਪਹੁੰਚ ਚੁੱਕੀਆਂ ਹਨ। ਤੇਲ ਕੀਮਤਾਂ ਵਿਚ ਵਾਧੇ ਨਾਲ ਮਹਿੰਗਾਈ ਵੀ ਛਾਲਾਂ ਮਾਰ ਵਧ ਰਹੀ ਹੈ।
ਇਕ ਅੰਦਾਜ਼ੇ ਅਨੁਸਾਰ ਮਾਰਚ 2020 ਤੋਂ ਮਾਰਚ 2021 ਤੱਕ ਪੈਟਰੋਲ ਦੀ ਕੀਮਤ ਵਿਚ 22 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮਾਰਚ 2021 ਤੋਂ ਅਪਰੈਲ ਤੱਕ, ਜਦੋਂ ਪੰਜ ਰਾਜਾਂ ਵਿਚ ਚੋਣਾਂ ਚੱਲ ਰਹੀਆਂ ਹਨ, ਤੇਲ ਦੀਆਂ ਕੀਮਤਾਂ ਵਿਚ ਮਾਮੂਲੀ ਕਮੀ ਦਰਜ ਕੀਤੀ ਗਈ ਸੀ। ਪਿਛਲੇ ਸਾਲ ਪੰਜਾਬ ‘ਚ ਇਕ ਮਈ ਨੂੰ ਪੈਟਰੋਲ ਦੀ ਕੀਮਤ 69.65 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 62.37 ਰੁਪਏ ਪ੍ਰਤੀ ਲੀਟਰ ਸੀ। ਹੁਣ ਪੰਜਾਬ ਵਿਚ ਪੈਟਰੋਲ ਦੀ ਕੀਮਤ 94.28 ਰੁਪਏ ਤੇ ਡੀਜ਼ਲ ਦੀ ਕੀਮਤ 85.83 ਰੁਪਏ ਪ੍ਰਤੀ ਲੀਟਰ ਦੇ ਕਰੀਬ ਪਹੁੰਚ ਗਈ ਹੈ। ਦੱਸ ਦਈਏ ਕਿ ਪੈਟਰੋਲ ਦੀ ਅਸਲ ਕੀਮਤ 34.19 ਰੁਪਏ ਪ੍ਰਤੀ ਲੀਟਰ ਪੈਂਦੀ ਹੈ ਤੇ ਇਸ ਉਪਰ ਲੋਕ 56.54 ਰੁਪਏ ਪ੍ਰਤੀ ਲੀਟਰ ਟੈਕਸ ਦੀ ਅਦਾਇਗੀ ਕਰ ਰਹੇ ਹਨ, ਜਿਸ ਵਿਚ ਕੇਂਦਰੀ ਐਕਸਾਈਜ ਡਿਊਟੀ 32.90 ਰੁਪਏ ਅਤੇ ਸੂਬੇ ਦਾ ਵੈਟ 23.64 ਰੁਪਏ ਪ੍ਰਤੀ ਲੀਟਰ ਦੇ ਕਰੀਬ ਵਸੂਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਡੀਜ਼ਲ ਦੀ ਅਸਲ ਕੀਮਤ 36.32 ਰੁਪਏ ਪ੍ਰਤੀ ਲੀਟਰ ਪੈਂਦੀ ਹੈ। ਇਸ ਵਿਚ ਕੇਂਦਰੀ ਐਕਸਾਈਜ ਡਿਊਟੀ 31.80 ਰੁਪਏ ਅਤੇ ਰਾਜ ਦਾ ਵੈਟ 15.06 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੈ। ਪਿਛਲੇ ਸਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਰਿਕਾਰਡ ਤੋੜ ਡਿੱਗੀਆਂ ਸਨ ਅਤੇ ਕੱਚੇ ਤੇਲ ਦੀ ਕੀਮਤ 37 ਡਾਲਰ ਪ੍ਰਤੀ ਬੈਰਲ ਰਹਿ ਗਈ ਸੀ ਪਰ ਉਨ੍ਹਾਂ ਦਿਨਾਂ ਵਿਚ ਵੀ ਤੇਲ ਕੰਪਨੀਆਂ ਨੇ ਤਾਲਾਬੰਦੀ ਦੌਰਾਨ ਵੀ ਰਿਕਾਰਡ ਤੋੜ ਮੁਨਾਫਾ ਦਿਖਾਇਆ ਹੈ।
ਮਈ 2020 ਦੌਰਾਨ ਤੇਲ ਦੀਆਂ ਕੀਮਤਾਂ ਵਿਚ ਕਰੀਬ 15 ਦਿਨ ਲਗਾਤਾਰ ਵਾਧਾ ਹੁੰਦਾ ਰਿਹਾ। ਮਾਰਚ 2020 ਵਿਚ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਕਰੀਬ 69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਕਰੀਬ 62 ਰੁਪਏ ਪ੍ਰਤੀ ਲੀਟਰ ਸੀ, ਮਈ 2021 ਤੱਕ ਪੈਟਰੋਲ ਕਰੀਬ 92 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਕਰੀਬ 80 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਪੰਜਾਬ ਵਿਚ ਮਾਰਚ 2020 ਵਿਚ ਪੈਟਰੋਲ ਦੀ ਕੀਮਤ ਕਰੀਬ 67 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 61 ਰੁਪਏ ਪ੍ਰਤੀ ਲੀਟਰ ਸੀ ਜਦੋਂਕਿ ਮਈ 2021 ਵਿਚ ਪੈਟਰੋਲ ਦੀ ਕੀਮਤ ਕਰੀਬ 94 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 85 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਗਈ ਹੈ।
ਸਿਰਫ ਇਕ ਸਾਲ ਵਿਚ ਹੀ ਤੇਲ ਦੀਆਂ ਕੀਮਤਾਂ ਵਿਚ ਹੋਏ ਇਸ ਬੇਤਹਾਸ਼ਾ ਵਾਧੇ ਨੇ ਆਮ ਲੋਕਾਂ ‘ਤੇ ਵੱਡਾ ਬੋਝ ਪਾਇਆ ਹੈ। ਤੇਲ ਦੀਆਂ ਕੀਮਤਾਂ ਖੁੱਲ੍ਹੀ ਮੰਡੀ ਨਾਲ ਜੋੜੀਆਂ ਗਈਆਂ ਹਨ। ਇਸ ਲਈ ਤੇਲ ਦੀਆਂ ਕੀਮਤਾਂ ਵਧਣ ਮੌਕੇ ਸਰਕਾਰੀ ਬੁਲਾਰਿਆਂ ਵਲੋਂ ਕਿਹਾ ਜਾਂਦਾ ਹੈ ਕਿ ਕੀਮਤਾਂ ਸਰਕਾਰ ਨੇ ਨਹੀਂ ਸਗੋਂ ਅੰਤਰਰਾਸ਼ਟਰੀ ਬਾਜ਼ਾਰ ਵਲੋਂ ਵਧਾਈਆਂ ਗਈਆਂ ਹਨ। ਪਰ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਘਟਦੀਆਂ ਹਨ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਕਰਕੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਂਦੀ। ਬੀਤੇ ਸਾਲ ਜਦੋਂ ਕਰੋਨਾ ਦੇ ਕਹਿਰ ਕਾਰਨ ਪੂਰੇ ਵਿਸ਼ਵ ਦੇ ਬਹੁਤੇ ਦੇਸ਼ਾਂ ਵਿਚ ਤਾਲਾਬੰਦੀ ਅਤੇ ਪਾਬੰਦੀਆਂ ਲਾਗੂ ਸਨ ਤਾਂ ਪੈਟਰੋਲੀਅਮ ਪਦਾਰਥਾਂ ਦੀ ਮੰਗ ਬੇਹੱਦ ਘਟ ਜਾਣ ਕਾਰਨ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਮੂਧੇ ਮੂੰਹ ਜਾ ਡਿੱਗੀਆਂ ਸਨ, ਪਰ ਠੀਕ ਉਸੇ ਸਮੇਂ ਭਾਰਤ ਵਿਚ ਤੇਲ ਦੀਆਂ ਕੀਮਤਾਂ ਨਵੀਆਂ ਸਿਖਰਾਂ ਵੱਲ ਜਾ ਰਹੀਆਂ ਸਨ।
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਹੁੰਦੇ ਵਾਧੇ ਦਾ ਵੱਡਾ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਗਾਇਆ ਜਾਂਦਾ ਟੈਕਸ, ਸੈੱਸ, ਵੈਟ ਆਦਿ ਵੀ ਹੈ। 2016 ਵਿਚ ਕੇਂਦਰ ਸਰਕਾਰ ਨੇ ਵਸਤੂ ਤੇ ਸੇਵਾ ਟੈਕਸ (ਜੀ.ਐਸ.ਟੀ.) ਨੂੰ ਲਾਗੂ ਕਰ ਕੇ ਵੱਡੇ ਸੁਧਾਰ ਕਰਨ ਦਾ ਦਾਅਵਾ ਕੀਤਾ ਸੀ ਪਰ ਪੈਟਰੋਲ ਡੀਜ਼ਲ ਨੂੰ ਇਸ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ।
ਜੀ.ਐਸ.ਟੀ. ਅਧੀਨ ਕਿਸੇ ਵਸਤੂ ਉਤੇ 28 ਫੀਸਦੀ ਟੈਕਸ ਲਗਾਇਆ ਜਾ ਸਕਦਾ ਹੈ ਪਰ ਮੌਜੂਦਾ ਸਮੇਂ ਵਿਚ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਉਤੇ 57 ਫੀਸਦੀ ਤੋਂ ਵਧੇਰੇ ਟੈਕਸ ਵਸੂਲਿਆ ਜਾਂਦਾ ਹੈ।