ਕਿਸਾਨੀ ਸੰਘਰਸ਼: ਯੂ.ਪੀ. ਤੇ ਉਤਰਾਖੰਡ `ਚ ਵੀ ਹੋਵੇਗੀ ਭਾਜਪਾ ਦੀ ਘੇਰਾਬੰਦੀ

ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵੀ ਭਾਜਪਾ ਦੀ ਘੇਰਾਬੰਦੀ ਲਈ ਵੱਡੀ ਮੁਹਿੰਮ ਵਿੱਢਣਗੀਆਂ। ਜਥੇਬੰਦੀਆਂ ਨੇ ਸਾਫ ਕਰ ਦਿੱਤਾ ਹੈ ਕਿ ਸਾਲ 2022 ਵਿਚ ਉਤਰ ਪ੍ਰਦੇਸ਼ ਤੇ ਉਤਰਾਖੰਡ ਦੀ ਸਿਆਸੀ ਲੜਾਈ ਵੀ ਭਾਜਪਾ ਲਈ ਵੱਕਾਰ ਦਾ ਸਵਾਲ ਹੋਵੇਗੀ।

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਪੰਜਾਬ ਤੋਂ ਉਠਿਆ ਕਿਸਾਨੀ ਅੰਦੋਲਨ ਪੂਰੇ ਦੇਸ਼ ‘ਚ ਭਾਜਪਾ ਦੇ ਪਤਨ ਦਾ ਕਾਰਨ ਬਣੇਗਾ। ਸ੍ਰੀ ਰਾਜੇਵਾਲ ਨੇ ਕਿਹਾ ਕਿ ਭਾਜਪਾ ਅਤੇ ਹਾਕਮਾਂ ਦੀਆਂ ਹਮਾਇਤੀ ਧਿਰਾਂ ਨੂੰ ਨਿਰਾ ਵਹਿਮ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਵਿੱਢੀ ਹੋਈ ਲੜਾਈ ਢਿੱਲੀ ਪੈ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ‘ਚ ਕਰੋਨਾ ਤੋਂ ਬਚਾਅ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਵੀ ਭਾਜਪਾ ਦਾ ਲੋਕ ਵਿਰੋਧੀ ਚਿਹਰਾ ਸਾਹਮਣੇ ਲਿਆਉਣ ਲਈ ਵੱਡੀ ਮੁਹਿੰਮ ਵਿੱਢਣਗੀਆਂ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਵੱਕਾਰ ਦਾ ਸਵਾਲ ਬਣੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਨਮੋਸ਼ੀ ਭਰੀ ਹਾਰ ਹੋਣ ਸਮੇਤ ਕੇਰਲਾ ਤੇ ਤਾਮਿਲ ਨਾਡੂ ਸੂਬਿਆਂ ਵਿੱਚ ਖਾਤਾ ਵੀ ਨਾ ਖੁੱਲ੍ਹਣਾ ਸਾਬਤ ਕਰਦਾ ਹੈ ਕਿ ਭਾਜਪਾ ਦੇ ਲੋਕ ਵਿਰੋਧੀ ਚਿਹਰੇ ਤੋਂ ਲੋਕ ਜਾਗਰੂਕ ਹੋ ਗਏ ਹਨ।
ਸ੍ਰੀ ਰਾਜੇਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਹਾਲ ਹੀ ‘ਚ ਹੋਈਆਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਲੋਕਾਂ ਨੇ ਭਾਜਪਾ ਨੂੰ ਤਾਰੇ ਦਿਖਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿੱਚ ਹੋਈਆਂ ਸ਼ਹਿਰੀ ਖੇਤਰ ਦੀਆਂ ਚੋਣਾਂ ‘ਚ ਵੀ ਭਗਵਾਂ ਪਾਰਟੀ ਨੂੰ ਢਾਹ ਲੱਗੀ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਲ 2022 ਵਿੱਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਿਆਸੀ ਲੜਾਈ ਵੀ ਭਾਜਪਾ ਲਈ ਵੱਕਾਰ ਦਾ ਸਵਾਲ ਹੋਵੇਗੀ।
ਪੰਜਾਬ ਵਿਚ ਪਿਛਲੇ ਸਾਢੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਮੋਰਚਿਆਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਿਆਸੀ ਪਾਰਟੀਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਸਿਆਸੀ ਧਿਰਾਂ ਕਰੋਨਾ ਦੇ ਨਾਮ ਹੇਠ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਰਾਹ ਤੁਰੀਆਂ ਹੋਈਆਂ ਹਨ। ਸਟੇਜਾਂ ਤੋਂ ਪੰਜਾਬ ਤੇ ਹਰਿਆਣਾ ਦੇ ਉਨ੍ਹਾਂ ਸਿਆਸੀ ਆਗੂਆਂ ਦੇ ਬਿਆਨਾਂ ਦੀ ਨਿਖੇਧੀ ਕੀਤੀ ਗਈ, ਜਿਨ੍ਹਾਂ ਨੇ ਪਿੰਡਾਂ ‘ਚ ਕਰੋਨਾ ਮਹਾਮਾਰੀ ਦੇ ਫੈਲਾਅ ਲਈ ਦਿੱਲੀ ‘ਚ ਸੰਘਰਸ਼ ਕਰ ਰਹੇ ਕਿਸਾਨਾਂ ਸਿਰ ਦੋਸ਼ ਮੜ੍ਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਗੂੰਜ ਵਿਸ਼ਵ ਪੱਧਰ ‘ਤੇ ਪੈਣ ਕਾਰਨ ਕੁਝ ਸਿਆਸੀ ਪਾਰਟੀਆਂ ਨੇ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ, ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਦੀ ਲੋੜ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਤਾਂ ਕਿਸਾਨਾਂ ‘ਤੇ ਕਰੋਨਾ ਦੇ ਫੈਲਾਅ ਬਾਰੇ ਬੇਬੁਨਿਆਦ ਦੋਸ਼ ਲਗਾ ਹੀ ਰਹੇ ਸਨ, ਹੁਣ ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਭਾਜਪਾ ਆਗੂਆਂ ਦੇ ਬਿਆਨਾਂ ਨਾਲ ਮੇਲ ਖਾਂਦਾ ਬਿਆਨ ਦਿੱਤਾ ਹੈ, ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਸਿਆਸੀ ਆਗੂਆਂ ਨੂੰ ਐਨਾ ਹੀ ਫਿਕਰ ਹੈ ਤਾਂ ਕਿਸਾਨਾਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਮੋਰਚਿਆਂ ਤੋਂ ਆਉਂਦੇ ਕਿਸਾਨ ਕਰੋਨਾ ਟੈਸਟ ਜਰੂਰ ਕਰਵਾਉਣ।
_____________________________________
ਪੁਰਸ਼ਾਂ ਬਰਾਬਰ ਸੰਘਰਸ਼ ‘ਚ ਕੁੱਦੀਆਂ ਔਰਤਾਂ
ਚੰਡੀਗੜ੍ਹ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਖੁਸ਼ਕ ਬੰਦਰਗਾਹ ਰਾਏਪੁਰ, ਰੇਲਵੇ ਸਟੇਸ਼ਨਾਂ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਇਲੋ ਸਮੇਤ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਜਾਰੀ ਰਨ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਅੰਦੋਲਨ ‘ਚ ਔਰਤਾਂ ਦੀ ਵੱਡੀ ਗਿਣਤੀ ‘ਚ ਹੋ ਰਹੀ ਸ਼ਮੂਲੀਅਤ ਨੇ ਧਰਨੇ ਹੋਰ ਮਜ਼ਬੂਤ ਕੀਤੇ ਹਨ। ਔਰਤਾਂ ਵੀ ਮਰਦਾਂ ਦੇ ਬਰਾਬਰ ਹੋ ਕੇ ਸੰਘਰਸ਼ਾਂ ‘ਚ ਕੁੱਦੀਆਂ ਹਨ। ਜਥੇਬੰਦੀਆਂ ਵੱਲੋਂ ਪਿੰਡਾਂ ‘ਚ ਔਰਤਾਂ ਦੀਆਂ ਇਕਾਈਆਂ ਦਾ ਗਠਨ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਤੀਰੇ ਤੋਂ ਲੱਗ ਰਿਹਾ ਹੈ ਕਿ ਸੰਘਰਸ਼ ਹਾਲੇ ਲੰਮਾ ਚੱਲੇਗਾ।
_______________________________________
ਕਿਸਾਨ ਕਰੋਨਾ ਤੋਂ ਡਰ ਕੇ ਭੱਜਣ ਵਾਲੇ ਨਹੀਂ: ਟਿਕੈਤ
ਮੁਹਾਲੀ: ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨ ਕਰੋਨਾ ਦੀ ਆੜ ਹੇਠ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪਰ ਮੋਦੀ ਸਰਕਾਰ ਕੰਨ ਖੋਲ੍ਹ ਕੇ ਸੁਣ ਲਵੇ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂੰਹਾਂ ‘ਤੇ ਡਟੇ ਦੇਸ਼ ਦੇ ਕਿਸਾਨ ਕਰੋਨਾ ਮਹਾਮਾਰੀ ਤੋਂ ਡਰ ਕੇ ਭੱਜਣ ਵਾਲੇ ਨਹੀਂ ਹਨ। ਸ੍ਰੀ ਟਿਕੈਤ ਨੇ ਕਿਹਾ ਕਿ ਕਿਸਾਨ ਆਗੂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਪਰ ਪ੍ਰਧਾਨ ਮੰਤਰੀ ਖੁਦ ਗੱਲਬਾਤ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪ੍ਰਧਾਨ ਦਫਤਰ ਅਤੇ ਨਿਵਾਸ ਤੋਂ ਥੋੜ੍ਹੇ ਹੀ ਫਰਕ ਨਾਲ ਧਰਨੇ ‘ਤੇ ਬੈਠੇ ਹਨ ਪਰ ਪ੍ਰਧਾਨ ਮੰਤਰੀ ਸ਼ਾਇਦ ਬੇਪ੍ਰਵਾਹ ਹੋ ਗਏ ਹਨ ਜਿਨ੍ਹਾਂ ਨੂੰ ਕਿਸਾਨਾਂ ਦੀ ਪੁਕਾਰ ਸੁਣਾਈ ਨਹੀਂ ਦੇ ਰਹੀ ਹੈ ਤੇ ਉਹ ਪਿੱਠ ਦਿਖਾ ਕੇ ਭੱਜ ਰਹੇ ਹਨ।