ਲੀਡਰਾਂ ਦੇ ਇਨਕਮ ਟੈਕਸ ਲਈ ਸਰਕਾਰੀ ਖਜ਼ਾਨੇ ਨੂੰ ਸੰਨ੍ਹ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਤੇ ਵਿਧਾਇਕ ਆਪਣੀ ਸਰਕਾਰੀ ਤਨਖਾਹ ਦਾ ਆਮਦਨ ਕਰ ਵੀ ਆਪਣੀ ਜੇਬ੍ਹ ਵਿਚੋਂ ਨਹੀਂ ਭਰਦੇ। ਇਹ ਟੈਕਸ ਵੀ ਸਰਕਾਰੀ ਖਜ਼ਾਨੇ ਨੂੰ ਝੱਲਣਾ ਪੈਂਦਾ ਹੈ। ਇਸ ਤਰ੍ਹਾਂ ਦੀ ਸਹੂਲਤ ਹੋਰ ਕਿਸੇ ਨੂੰ ਨਹੀਂ। ਹਰ ਵਰ੍ਹੇ ਮੁੱਖ ਮੰਤਰੀ ਤੇ ਵਿਧਾਇਕਾਂ ਦੀ ਸਰਕਾਰੀ ਆਮਦਨ ਬਾਰੇ ਆਮਦਨ ਕਰ ਦੀ ਰਿਟਰਨ ਸਰਕਾਰ ਆਪ ਹੀ ਭਰਦੀ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਜਦੋਂ ਤੋਂ ਵਿਧਾਇਕਾਂ ਤੇ ਮੁੱਖ ਮੰਤਰੀ ਦੀ ਤਨਖਾਹ ਤੇ ਹੋਰ ਭੱਤਿਆਂ ਵਿਚ ਵਾਧਾ ਹੋਇਆ ਹੈ, ਉਦੋਂ ਤੋਂ ਆਮਦਨ ਕਰ ‘ਤੇ ਸਰਕਾਰ ਨੂੰ ਕਾਫੀ ਵੱਧ ਖਰਚਾ ਕਰਨਾ ਪੈ ਰਿਹਾ ਹੈ।
ਪੰਜਾਬ ਦੇ ਵਿਧਾਇਕਾਂ ਦੇ ਆਮਦਨ ਕਰ ‘ਤੇ ਸਰਕਾਰ ਨੂੰ ਸਾਲ 2010-11 ਤੱਕ ਹਰ ਵਰ੍ਹੇ 6æ50 ਲੱਖ ਰੁਪਏ ਤੋਂ ਘੱਟ ਰਕਮ ਹੀ ਸਾਲਾਨਾ ਆਮਦਨ ਕਰ ਭਰਨ ‘ਤੇ ਖਰਚ ਕਰਨੀ ਪੈਂਦੀ ਹੈ। ਦੋ ਵਰ੍ਹੇ ਪਹਿਲਾਂ ਵਿਧਾਇਕਾਂ ਦੀ ਤਨਖਾਹ ਤੇ ਭੱਤੇ ਵਧ ਗਏ ਹਨ ਜਿਸ ਕਰਕੇ ਸਰਕਾਰੀ ਖਜ਼ਾਨੇ ‘ਤੇ ਸਾਲਾਨਾ 27 ਲੱਖ ਦੇ ਕਰੀਬ ਬੋਝ ਆਮਦਨ ਕਰ ਦੇ ਰੂਪ ਵਿਚ ਪੈ ਗਿਆ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦਾ ਵਿੱਤ ਸਾਲ 2007-08 ਤੋਂ 2012-13 ਤੱਕ 37æ52 ਲੱਖ ਰੁਪਏ ਆਮਦਨ ਕਰ ਭਰਿਆ ਗਿਆ। ਉਪ ਮੁੱਖ ਮੰਤਰੀ ਦਾ ਇਸ ਸਮੇਂ ਦੌਰਾਨ 10æ16 ਲੱਖ ਰੁਪਏ ਆਮਦਨ ਕਰ ਵੀ ਸਰਕਾਰ ਨੇ ਭਰਿਆ। ਇਸ ਤਰ੍ਹਾਂ ਪਿਤਾ-ਪੁੱਤਰ ਦਾ ਇਸ ਸਮੇਂ ਦਾ 47æ69 ਲੱਖ ਰੁਪਏ ਦਾ ਆਮਦਨ ਕਰ ਸਰਕਾਰੀ ਖਜ਼ਾਨੇ ਵਿਚੋਂ ਭਰਿਆ ਗਿਆ। ਸਰਕਾਰੀ ਖਜ਼ਾਨਾ ਵਿਰੋਧੀ ਧਿਰ ਦੇ ਨੇਤਾ ਦੇ ਆਮਦਨ ਕਰ ਦਾ ਭਾਰ ਵੀ ਚੁੱਕਦਾ ਹੈ। ਪੰਜਾਬ ਸਰਕਾਰ ਨੇ ਵਿੱਤੀ ਸਾਲ 2007-08 ਤੋਂ ਸਾਲ 2012-13 ਤੱਕ ਵਿਰੋਧੀ ਧਿਰ ਦੇ ਨੇਤਾ ਦਾ ਆਮਦਨ ਕਰ 22æ71 ਲੱਖ ਰੁਪਏ ਭਰਿਆ ਹੈ। ਵਿਰੋਧੀ ਧਿਰ ਦੇ ਨੇਤਾ ਦਾ ਸਭ ਤੋਂ ਜ਼ਿਆਦਾ ਆਮਦਨ ਕਰ ਸਾਲ 2008-09 ਵਿਚ 6æ65 ਲੱਖ ਰੁਪਏ ਭਰਿਆ ਗਿਆ। ਮੁੱਖ ਮੰਤਰੀ ਦਾ ਸਭ ਤੋਂ ਜ਼ਿਆਦਾ ਆਮਦਨ ਕਰ ਸਾਲ 2013-13 ਵਿਚ 9æ78 ਲੱਖ ਰੁਪਏ ਭਰਿਆ ਗਿਆ ਜਦੋਂਕਿ ਉਪ ਮੁੱਖ ਮੰਤਰੀ ਦਾ ਇਸ ਸਾਲ ਵਿਚ 3æ27 ਲੱਖ ਰੁਪਏ ਆਮਦਨ ਕਰ ਭਰਿਆ ਗਿਆ।
ਵਿਧਾਇਕਾਂ ਦੀ ਗੱਲ ਕਰੀਏ ਤਾਂ ਸਾਲ 2007-08 ਤੋਂ 2012-13 ਤੱਕ ਸਰਕਾਰੀ ਖਜ਼ਾਨੇ ਵਿਚੋਂ ਵਿਧਾਇਕਾਂ ਦਾ 91æ69 ਲੱਖ ਰੁਪਏ ਦਾ ਆਮਦਨ ਭਰਿਆ ਜਾ ਚੁੱਕਾ ਹੈ। ਸਾਲ 2012-13 ਵਿਚ ਸਰਕਾਰੀ ਖਜ਼ਾਨੇ ਵਿਚੋਂ 27æ37 ਲੱਖ ਰੁਪਏ 79 ਵਿਧਾਇਕਾਂ ਦਾ ਆਮਦਨ ਕਰ ਭਰਨ ‘ਤੇ ਖਰਚ ਕੀਤੇ ਗਏ ਹਨ ਜਦੋਂਕਿ ਸਾਲ 2011-12 ਵਿਚ 78 ਵਿਧਾਇਕਾਂ ਦੇ ਆਮਦਨ ਕਰ ‘ਤੇ 26æ64 ਲੱਖ ਰੁਪਏ ਖਰਚ ਹੋਏ ਸਨ। ਸਾਲ 2007-08 ਵਿਚ 97 ਵਿਧਾਇਕਾਂ ਦੇ ਆਮਦਨ ਕਰ ‘ਤੇ 20æ04 ਲੱਖ ਰੁਪਏ ਖਰਚ ਹੋਏ ਸਨ ਤੇ ਸਾਲ 2008-09 ਵਿਚ 81 ਵਿਧਾਇਕਾਂ ਦਾ ਆਮਦਨ ਕਰ 6æ23 ਲੱਖ ਰੁਪਏ ਭਰਿਆ ਗਿਆ ਸੀ। ਇਸੇ ਤਰ੍ਹਾਂ ਸਰਕਾਰ ਨੇ ਸਾਲ 2009-10 ਵਿਚ 81 ਵਿਧਾਇਕਾਂ ਦਾ 5æ55 ਲੱਖ ਰੁਪਏ ਦਾ ਆਮਦਨ ਕਰ ਭਰਿਆ ਸੀ ਤੇ ਸਾਲ 2010-11 ਵਿਚ 84 ਵਿਧਾਇਕਾਂ ਦਾ 5æ83 ਲੱਖ ਰੁਪਏ ਦਾ ਆਮਦਨ ਕਰ ਸਰਕਾਰੀ ਖਜ਼ਾਨੇ ਵਿਚੋਂ ਭਰਿਆ ਗਿਆ ਹੈ।
ਮੰਤਰੀਆਂ ਤੇ ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖਜ਼ਾਨੇ ਵਿਚੋਂ ਭਰਨ ਦੀ ਵਿਵਸਥਾ ਸਿਰਫ ਪੰਜਾਬ ਤੱਕ ਸੀਮਤ ਨਹੀਂ, ਤਕਰੀਬਨ ਸਾਰੇ ਰਾਜਾਂ ਵਿਚ ਅਜਿਹਾ ਹੀ ਹੈ। ਭਾਵੇਂ ਸਰਕਾਰੀ ਖਜ਼ਾਨਾ ਸੰਕਟ ਵਿਚ ਚੱਲ ਰਿਹਾ ਹੈ ਪਰ ਇਸ ਦਾ ਅਸਰ ਵੀæਆਈæਪੀਜ਼ ‘ਤੇ ਨਹੀਂ ਪੈਂਦਾ ਹੈ। ਪੰਜਾਬ ਸਰਕਾਰ ਨੇ ਸਾਲ 2007-08 ਤੋਂ ਸਾਲ 2012-13 ਤੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਮਦਨ ਕਰ 2æ04 ਲੱਖ ਰੁਪਏ ਭਰਿਆ ਹਾਲਾਂਕਿ ਕੈਪਟਨ ਅਸੈਂਬਲੀ ਸੈਸ਼ਨ ਵਿਚੋਂ ਸਭ ਤੋਂ ਜ਼ਿਆਦਾ ਗੈਰਹਾਜ਼ਰ ਰਹਿੰਦੇ ਹਨ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਸਾਲ 2012-13 ਵਿਚ ਸਰਕਾਰ ਨੇ 32,226 ਰੁਪਏ ਆਮਦਨ ਕਰ ਭਰਿਆ ਹੈ।
_______________________________
ਰਾਜਪਾਲ ਦੇ ਹਵਾਈ ਗੇੜਿਆਂ ਨੇ ਪੰਜਾਬ ਦਾ ਖ਼ਜ਼ਾਨਾ ਰਿੜਕਿਆ
ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਰਾਜਪਾਲ ਦੇ ਹਵਾਈ ਝੂਟਿਆਂ ਦਾ ਭਾਰੀ ਮੁੱਲ ਤਾਰਨਾ ਪੈ ਰਿਹਾ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਰਾਜ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਤੋਂ ਹਾਸਲ ਜਾਣਕਾਰੀ ਮੁਤਾਬਕ ਪਿਛਲੇ ਡੇਢ ਕੁ ਸਾਲ ਦੇ ਸਮੇਂ ਦੌਰਾਨ ਰਾਜਪਾਲ ਸ਼ਿਵਰਾਜ ਵੀ ਪਾਟਿਲ ਵੱਲੋਂ ਪੰਜਾਬ ਤੇ ਸੂਬੇ ਤੋਂ ਬਾਹਰ ਹੈਲੀਕਾਪਟਰ ਤੇ ਵਿਸ਼ੇਸ਼ ਚਾਰਟਰਡ ਜਹਾਜ਼ਾਂ ਰਾਹੀਂ ਕੀਤੇ ਸਫ਼ਰ ਲਈ ਸਰਕਾਰੀ ਖ਼ਜ਼ਾਨੇ ਨੂੰ ਤਕਰੀਬਨ ਦੋ ਕਰੋੜ ਰੁਪਏ ਅਦਾ ਕਰਨੇ ਪਏ। ਸ੍ਰੀ ਪਾਟਿਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਹੀ ਨਹੀਂ ਗਏ ਸਗੋਂ ਉਨ੍ਹਾਂ ਆਪਣੇ ਪਿਤਰੀ ਰਾਜ ਮਹਾਰਾਸ਼ਟਰ, ਨਵੀਂ ਦਿੱਲੀ ਤੇ ਹੈਦਰਾਬਾਦ ਦੇ ਵਿਸ਼ੇਸ਼ ਦੌਰੇ ਵੀ ਕੀਤੇ। ਸਰਕਾਰ ਨੇ ਸੂਬੇ ਤੋਂ ਬਾਹਰਲੇ ਦੌਰੇ ‘ਤੇ ਇਕੋ ਸਮੇਂ ਹਵਾਈ ਖਰਚੇ ਦੇ ਰੂਪ ਵਿਚ 16 ਲੱਖ ਰੁਪਏ ਤੱਕ ਦੀ ਅਦਾਇਗੀ ਵੀ ਕੀਤੀ ਹੈ। ਪਿਛਲੇ ਡੇਢ ਸਾਲ ਦੌਰਾਨ ਰਾਜਪਾਲ ਨੇ ਡੇਢ ਦਰਜਨ ਵਾਰੀ ਹਵਾਈ ਸਫ਼ਰ ਕੀਤਾ। 11 ਜੁਲਾਈ, 2012 ਨੂੰ ਉਨ੍ਹਾਂ ਅਜਿਹਾ ਦੌਰਾ ਕੀਤਾ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ 13 ਲੱਖ 64 ਹਜ਼ਾਰ 460 ਰੁਪਏ ਦੀ ਅਦਾਇਗੀ ਕੀਤੀ। 21 ਅਗਸਤ, 2012 ਨੂੰ ਕੀਤਾ ਗਿਆ ਚੰਡੀਗੜ੍ਹ ਤੋਂ ਸਿੱਧੇ ਲਾਤੂਰ ਦਾ ਦੌਰਾ ਸਰਕਾਰੀ ਖ਼ਜ਼ਾਨੇ ਨੂੰ 14 ਲੱਖ 45 ਹਜ਼ਾਰ 231 ਰੁਪਏ ਵਿੱਚ ਪਿਆ। ਇਸੇ ਸਾਲ ਫਰਵਰੀ ਮਹੀਨੇ ਦੌਰਾਨ ਸ੍ਰੀ ਪਾਟਿਲ ਮਹਾਰਾਸ਼ਟਰ ਦੇ ਦੌਰੇ ਦੌਰਾਨ ਜੁਹੂ, ਪੰਢਰਪੁਰ ਤੇ ਲਾਤੂਰ ਗਏ। ਇਸ ਦੌਰੇ ਦਾ ਖਰਚ 11 ਲੱਖ 41 ਹਜ਼ਾਰ 373 ਰੁਪਏ ਅਦਾ ਕਰਨਾ ਪਿਆ। ਪੰਜਾਬ ਵਿਚ ਹੈਲੀਕਾਪਟਰ ਜਾਂ ਵਿਸ਼ੇਸ਼ ਜਹਾਜ਼ ਦੀ ਵਰਤੋਂ ਰਾਜਪਾਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੀ ਕਰਦੇ ਹਨ।

Be the first to comment

Leave a Reply

Your email address will not be published.