ਅਮਰੀਕਾ ਵਿਚ ਨਸਲਪ੍ਰਸਤੀ ਅਤੇ ਸਿਆਸਤ

ਸ਼ੈਲੀ ਵਾਲੀਆ
ਕੁਝ ਦਿਨ ਪਹਿਲਾਂ ਬਰਤਰਫ ਅਮਰੀਕੀ ਪੁਲਿਸ ਅਫਸਰ ਡੈਰਿਕ ਸ਼ੌਵਿਨ ਨੂੰ ਪਿਛਲੇ ਸਾਲ ਮਿਨਿਆਪੋਲਿਸ ਵਿਚ ਜੌਰਜ ਫਲਾਇਡ ਦੀ ਹੱਤਿਆ ਦੇ ਕੇਸ ਵਿਚ ਦੂਜੇ ਦਰਜੇ ਦੇ ਗੈਰ-ਇਰਾਦਾ ਹੱਤਿਆ, ਤੀਜੇ ਦਰਜੇ ਦੇ ਹੱਤਿਆ, ਦੂਜੇ ਦਰਜੇ ਦੀ ਮਾਨਵ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੁਨੀਆ ਭਰ ਵਿਚ ਭਾਵੇਂ ਇਸ ਫੈਸਲੇ ਦੀ ਗੂੰਜ ਸੁਣਾਈ ਦਿੱਤੀ ਹੈ ਪਰ ਇਹ ਅਮਰੀਕਾ ਵਿਚ ਲੰਮੇ ਸਮੇਂ ਤੋਂ ਪਨਪਦੀ ਆ ਰਹੀ ਨਸਲਪ੍ਰਸਤੀ ਦਾ ਅੰਤ ਨਹੀਂ ਹੈ ਜਦਕਿ ਸ਼ੌਵਿਨ ਨੇ ਮੁਕੱਦਮੇ ਦੀ ਕਾਰਵਾਈ ਨਵੇਂ ਸਿਰਿਓਂ ਚਲਾਉਣ ਦੀ ਮੰਗ ਕੀਤੀ ਹੈ।

ਇਹ ਮੁਕੱਦਮਾ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਹੀ 21 ਸਾਲਾਂ ਦੇ ਡਾਉਂਟੇ ਰਾਈਟ ਤੇ ਗੋਲੀ ਚਲਾਉਣ ਦੀ ਘਟਨਾ ਤੋਂ ਹੀ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਇਸ ਨਾਲ ਪੁਲਿਸ ਬਲ ਦੀ ਮਾਨਸਿਕਤਾ ‘ਚ ਛੇਤੀ ਕੀਤਿਆਂ ਕੋਈ ਖਾਸ ਫਰਕ ਆਉਣ ਵਾਲਾ ਨਹੀਂ ਹੈ ਜੋ ਮਾਮੂਲੀ ਭੜਕਾਹਟ ਤੋਂ ਹੀ ਮਿਰਚਾਂ ਦਾ ਸਪਰੇਅ, ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆ ਚਲਾਉਣ ਦੀ ਆਦੀ ਹੋ ਚੁੱਕੀ ਹੈ।
ਮੀਡੀਆ ਕਰਮੀਆ ਤੇ ਹਮਲੇ ਆਮ ਦਸਤੂਰ ਬਣ ਗਿਆ ਹੈ। ਸ਼ਿਕਾਗੋ ਵਿਚ ਲੈਕੁਆਨ ਮੈਕਡੋਨਲਡ ਦੀ ਪਿੱਠ ਵਿਚ ਗੋਲੀ ਮਾਰਨ ਦੀ ਘਟਨਾ ਵਾਪਰੀ ਹੈ ਅਤੇ ਨੌਰਥ ਚਾਰਲਸਟਨ ਦੀ ਘਟਨਾ ਦੀ ਵੀਡਿਓ ਹਟਾ ਦਿੱਤੀ ਗਈ ਸੀ ਜਿਸ ‘ਚ ਇਕ ਪੁਲਿਸ ਅਫਸਰ ਨੂੰ ਵਾਲਟਰ ਸਕੌਟ ਦੀ ਪਿੱਠ ‘ਚ ਗੋਲੀ ਮਾਰਦਿਆਂ ਦੇਖਿਆ ਗਿਆ ਸੀ, ਉਸ ਦੀ ਦੇਹ ਕੋਲ ਟੇਜ਼ਰ (ਬਿਜਲੀ ਦਾ ਝਟਕਾ ਦੇਣ ਵਾਲਾ ਘੱਟ ਖਤਰਨਾਕ ਹਥਿਆਰ) ਪਿਆ ਸੀ। ਇਸ ਨੂੰ ਚੋਰੀ ਦਾ ਮਾਮਲਾ ਦਰਸਾਇਆ ਜਾ ਰਿਹਾ ਸੀ।
ਸਾਰੇ ਕੇਸਾਂ ਦੀ ਅਦਾਲਤੀ ਕਾਰਵਾਈ ਸੁਚੱਜੇ ਢੰਗ ਨਾਲ ਨਾ ਹੋ ਸਕੀ। ਗਹਿਰੀ ਨਸਲਪ੍ਰਸਤ ਮਾਨਸਿਕਤਾ ਨੂੰ ਬਦਲਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਅਮਰੀਕਾ ਵਿਚ ਨਸਲਪ੍ਰਸਤੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਅਸੀਂ ਦੇਖਿਆ ਹੈ ਕਿ ਕਿਵੇਂ ਡੋਨਲਡ ਟਰੰਪ ਦੇ ਕਾਰਜਕਾਲ ਦੇ ਅੰਤਲੇ ਸਮੇਂ ਦੌਰਾਨ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਪੂਰੀ ਤਰ੍ਹਾਂ ਵੰਡਪਾਊ ਧਾਰਨਾਵਾਂ ਤੇ ਉਸਾਰੀ ਗਈ ਸੀ, ਬਹੁਵਾਦ ਦੀ ਨਿਖੇਧੀ ਕੀਤੀ ਗਈ ਅਤੇ ਇਸ ਗੱਲ ਤੇ ਅਫਸੋਸ ਜਤਾਇਆ ਗਿਆ ਕਿ ਗੋਰਿਆਂ ਤੇ ਉਨ੍ਹਾਂ ਦੇ ਸਭਿਆਚਾਰ ਨੂੰ ਹੋਰਨਾਂ ਨਸਲਾਂ ਦੇ ਲੋਕਾਂ ਵਲੋਂ ਮਲੀਆਮੇਟ ਕੀਤਾ ਜਾ ਰਿਹਾ ਹੈ। ਉਸ ਦੇ ਕੱਟੜ ਹਮਾਇਤੀਆਂ ਦੀ ਭਾਰੀ ਤਾਦਾਦ ਨੇ ਨਫਰਤ ਦੀ ਅੱਗ ਨੂੰ ਧਾਰਨ ਕੀਤਾ, ਉਨ੍ਹਾਂ ਦੇ ਸ਼ਾਸਨ ਨੂੰ ਗੋਰਿਆਂ ਦੀ ਮਹਾਨਤਾ ਮੁੜ ਸਥਾਪਤ ਕਰਨ ਦੀ ਮੁਹਿੰਮ ਵਿਚ ਤਬਦੀਲ ਕਰ ਦਿੱਤਾ ਸੀ ਜਿੱਥੇ ਗੋਰਿਆਂ ਦਾ ਦਬਦਬਾ ਹੋਣਾ ਸੀ ਅਤੇ ਚਮੜੀ ਦੇ ਰੰਗ ਤੋਂ ਜ਼ਿੰਦਗੀ ਵਿਚ ਰੁਤਬਾ ਤੈਅ ਕੀਤਾ ਜਾਣਾ ਸੀ। ਉਨ੍ਹਾਂ ਟੇਢੇ ਢੰਗ ਨਾਲ ਨਸਲਪ੍ਰਸਤੀ ਨੂੰ ਜ਼ੁਬਾਨ ਦਿੱਤੀ ਸੀ।
ਇਸ ਕਿਸਮ ਦੇ ਨਸਲੀ ਪਾੜੇ ਨੇ ਨਾਜ਼ੀ ਨਸਲ ਦੇ ਕਾਨੂੰਨ ਦੀ ਉਹ ਮਿਸਾਲ ਸਾਹਮਣੇ ਲੈ ਆਂਦੀ ਜੋ ਕੁਦਰਤ ਅਤੇ ਅਮਰੀਕਾ ਵਿਚ ਮਾੜੇ ਨਸਲ ਕਾਨੂੰਨਾਂ ਦੇ ਆਯਾਮ ਅਤੇ ਅਮਰੀਕਾ ਵਿਚ ਨਸਲ ਸੁਧਾਰ ਤੇ ਹੋਈ ਖੋਜ ਦੇ ਆਧਾਰ ਤੇ ਵਿਕਸਤ ਕੀਤੀ ਜਾ ਰਹੀ ਸੀ। ਅਮਰੀਕਾ ਵਿਚ ਜਿਮ ਕਰੋਅ ਦੇ ਕਾਨੂੰਨਾਂ ਦਾ ਯੁੱਗ ਜਰਮਨੀ ਵਿਚ ਸੰਸਥਾਈ ਯਹੂਦੀਵਾਦ ਵਿਰੋਧ ਦਾ ਆਧਾਰ ਮੁਹੱਈਆ ਕਰਾਉਂਦਾ ਹੈ ਜਿਸ ਦੀ ਗੂੰਜ ਬਦਨਾਮ ਨਿਊਰਮਬਰਗ ਕਾਨੂੰਨਾਂ ਵਿਚ ਸੁਣਾਈ ਦਿੰਦੀ ਸੀ। ਇਹ ਪ੍ਰਮੁੱਖ ਯਹੂਦੀ ਵਿਰੋਧੀ ਕਾਨੂੰਨਾਂ ਵਿਚੋਂ ਇਕ ਸੀ, ਖਾਸਕਰ ਇਸ ਦਾ ਨਾਗਰਿਕਤਾ ਕਾਨੂੰਨ ਅਤੇ ਖੂਨ ਦਾ ਕਾਨੂੰਨ। ਵਿਤਕਰੇ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਅਮਰੀਕਾ ਦੀ ਨਸਲ ਆਧਾਰਿਤ ਦੂਜੇ ਦਰਜੇ ਦੀ ਨਾਗਰਿਕਤਾ ਅਤੇ ਨਸਲਾਂ ਦੇ ਮਿਸ਼ਰਨ ਦਾ ਵਿਰੋਧ ਤੇ ਆਵਾਸ ਕਾਨੂੰਨਾਂ ਤੋਂ ਪ੍ਰੇਰਨਾ ਮਿਲਦੀ ਸੀ। ਖਾਸ ਤੌਰ ਤੇ ਅਮਰੀਕੀ ਨਸਲ ਕਾਨੂੰਨ ਦੇ ਕੁਝ ਪੱਖਾਂ ਨੂੰ ਦੇਖ ਕੇ ਨਾਜ਼ੀ ਚਿੰਤਕਾਂ ਦਾ ਦਿਲ ਲਲਚਾ ਗਿਆ ਸੀ ਜਿਨ੍ਹਾਂ ਵਿਚ ਅੰਤਰ ਨਸਲੀ ਵਿਆਹਾਂ ਨੂੰ ਅਪਰਾਧ ਕਰਾਰ ਦੇਣ ਦੀ ਅਮਰੀਕੀ ਰਵਾਇਤ ਵੀ ਸ਼ਾਮਲ ਸੀ ਜਿਸ ਵਿਚੋਂ ਖੂਨ ਦੇ ਕਾਨੂੰਨ ਦੀ ਉਤਪਤੀ ਹੋਈ ਸੀ। ਜਰਮਨਾਂ ਨੇ ਨਸਲ ਕਾਨੂੰਨ ਅਤੇ ਇਨ੍ਹਾਂ ਦੀ ਪਹੁੰਚ ਦੇ ਸਬਕ ਅਮਰੀਕੀਆਂ ਤੋਂ ਹਾਸਲ ਕੀਤੇ ਸਨ।
ਨਾਜ਼ੀਵਾਦ ਦੇ ਇਸ ਪੱਖ ਵੱਲ ਧਿਆਨ ਦਿਵਾਉਣ ਦੇ ਸਰੋਕਾਰ ਨੇ ਨਸਲੀ ਲਹਿਰਾਂ ਨਾਲ ਅੰਤਰੰਗ ਲੋਕਤੰਤਰ ਦੇ ਤੌਰ ਤੇ ਅਮਰੀਕਾ ਦੇ ਇਸ ਕਿਰਦਾਰ ਵੱਲ ਚਾਨਣਾ ਪਵਾਇਆ ਸੀ। ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਅਮਰੀਕੀ ਨਸਲਵਾਦ ਨੇ ਯੂਰਪ, ਅਫਰੀਕਾ, ਏਸ਼ੀਆ ਅਤ ਜਾਤੀ ਤੇ ਧਾਰਮਿਕ ਤਣਾਵਾਂ ਦੇ ਗਵਾਹ ਬਣੇ ਹੋਰਨਾਂ ਬਹੁ-ਨਸਲੀ ਸਮਾਜਾਂ ਅੰਦਰ ਪ੍ਰਭਾਵ ਛੱਡਿਆ ਸੀ। ਅਸਲ ਵਿਚ ਬਹੁਤ ਸਾਰੇ ਯੂਰਪੀ ਮੁਲਕਾਂ ਵਿਚ ਨਸਲੀ ਜ਼ੁਲਮੋ-ਸਿਤਮਾਂ ਤੋਂ ਅਮਰੀਕੀ ਨਸਲੀ ਨਿਆਂ ਸੰਗਤ ਪਹੁੰਚ ਦੀ ਕਹਾਣੀ ਬਹੁਤ ਪੁਰਾਣੀ ਹੈ।
ਦਰਅਸਲ, 23 ਸਤੰਬਰ 1935 ਨੂੰ 45 ਨਾਜ਼ੀ ਵਕੀਲਾਂ ਦਾ ਵਫਦ ਸੁੱਖ ਸਹੂਲਤਾਂ ਨਾਲ ਲੈਸ ਸਮੁੰਦਰੀ ਜਹਾਜ਼ ਐਸ.ਐਸ. ਯੂਰਪਾ ਵਿਚ ਸਵਾਰ ਹੋਏ ਸਨ। ਇਹ ਅਧਿਐਨ ਦੌਰਾ ਸੀ ਜਿਸ ਨਾਲ ਉਨ੍ਹਾਂ ਨੂੰ ਯਹੂਦੀ ਵਿਰੋਧੀ ਨੀਤੀ ਲਾਗੂ ਕਰਨ ਦੇ ਅਮਲ ਦੀ ਸਮਝ ਗਹਿਰੀ ਕਰਨ ਦਾ ਮੌਕਾ ਮਿਲਣਾ ਸੀ। ਅਮਰੀਕਾ ਵਿਚ ਇਹ ਨੀਤੀ ਕਰੀਬ ਤਿੰਨ ਸਾਲਾਂ ਤੋਂ ਸਫਲਤਾਪੂਰਬਕ ਲਾਗੂ ਕੀਤੀ ਜਾ ਰਹੀ ਸੀ। ਮੰਦੇਭਾਗੀਂ ਜਦੋਂ ਜਹਾਜ਼ ਨਿਊ ਯਾਰਕ ਪੁੱਜਿਆ ਤਾਂ ਉੱਥੇ ਯਹੂਦੀ ਮੁਜ਼ਾਹਰਾਕਾਰੀਆ ਨੇ ਇਸ ਦਾ ਡਟਵਾਂ ਵਿਰੋਧ ਕੀਤਾ, ਕਿਉਂਕਿ ਉਹ ਮੈਨਹਟਨ ਦੇ ਮੈਜਿਸਟਰੇਟ ਲੂਈਸ ਬਰੌਡਸਕੀ ਦੇ ਸ਼ਬਦਾਂ ਵਿਚ ‘ਨਾਜ਼ੀ ਪਾਰਟੀ ਦੇ ਉਭਾਰ ਨੂੰ ਜੇ ਵਹਿਸ਼ੀ ਸਮਾਜੀ ਤੇ ਸਿਆਸੀ ਹਾਲਾਤ ਨਾ ਸਹੀ, ਤਾਂ ਮੱਧਯੁਗ ਤੋਂ ਪਹਿਲਾਂ ਦੇ ਕਾਲ ਵੱਲ ਮੋੜੇ’ ਦੇ ਰੂਪ ਵਿਚ ਦੇਖਦੇ ਸਨ (ਨਿਊ ਯਾਰਕ ਟਾਈਮਜ਼, 7 ਸਤੰਬਰ, 1935)। ਅਮਰੀਕਾ ਵਿਚ ਗੋਰਿਆਂ ਦੀ ਸਰਬ-ਉੱਤਮ ਹੋਣ ਦੀ ਮੁਹਿੰਮ ਨਾਜ਼ੀਵਾਦ ਤੋਂ ਘੱਟ ਨਹੀਂ ਹੈ। ਪੰਦਰਵੀਂ ਸਦੀ ਵਿਚ ਕੋਲੰਬਸ ਦੇ ਜ਼ਮਾਨੇ ਤੋਂ ਹੀ ਦੁਨੀਆ ਭਰ ਵਿਚ ਨਸਲਵਾਦ ਦਰਮਿਆਨ ਭਰਵਾਂ ਜੋੜ ਬਣਨਾ ਸ਼ੁਰੂ ਹੋ ਗਿਆ ਸੀ। ਕਈ ਮੁਲਕ ਸਮਾਨਤਾ, ਆਜ਼ਾਦੀ ਅਤੇ ਨਿਆਂ ਦੇ ਨਾਂ ਹੇਠ ਨਸਲਵਾਦ ਨੂੰ ਪੱਠੇ ਪਾਉਂਦੇ ਹਨ।
ਮਿਸਾਲ ਦੇ ਤੌਰ ਤੇ ਗੁਲਾਮਦਾਰੀ ਵਿਰੋਧ ਦੇ ਪ੍ਰਤੀਕ ਸਟੈਚੂ ਆਫ ਲਿਬਰਟੀ ਨੂੰ ਅਕਸਰ ਕੌਮੀ ਯਾਦਗਾਰ ਇਤਿਹਾਸ ਦੇ ਅਟੁੱਟ ਅੰਗ ਵਜੋਂ ਤਿਰਸਕਾਰਿਆ ਜਾਂਦਾ ਹੈ। ਸਰਬਵਿਆਪੀ ਆਜ਼ਾਦੀ ਦੀ ਟਾਰਚ ਸੰਭਾਲਣ ਤੋਂ ਵੀ ਵੱਧ ਲੇਡੀ ਲਿਬਰਟੀ ਦੇ ਪੈਰਾਂ ਹੇਠ ਪਈ ਜ਼ੰਜੀਰ ਹੈ ਜਿਸ ਲੱਖਾਂ ਜਲਾਵਤਨੀਆਂ ਤੇ ਪਰਵਾਸੀਆਂ ਦੇ ਮਨਾਂ ਅੰਦਰ ਅਮਰੀਕਾ ਦੀ ਧਰਤੀ ਤੇ ਚੰਗੀ ਜ਼ਿੰਦਗੀ ਜਿਊਣ ਦੀਆਂ ਆਸਾਂ ਦੀ ਪ੍ਰਤੀਕ ਹੈ। ਇਹ ਬੁੱਤ ਅਮਰੀਕੀ ਸੰਵਿਧਾਨ ਬਾਰੇ ਫਰਾਂਸੀਸੀ ਮਾਹਿਰ ਅਤੇ ਫ੍ਰੈਂਚ ਐਂਟੀ ਸਲੇਵਰੀ ਸੁਸਾਇਟੀ ਦੇ ਮੁਖੀ ਐਡੁਅਰਡ ਡਾ ਲੈਬੋਲਾਏ ਦੇ ਦਿਮਾਗ ਦੀ ਉਪਜ ਸੀ। ਤੇਰਵੀਂ ਸੰਵਿਧਾਨਕ ਸੋਧ ਦਾ ਸਿਹਰਾ ਵੀ ਲੈਬੋਲੇਈ ਦੇ ਸਿਰ ਬੱਝਦਾ ਹੈ ਜਿਸ ਤਹਿਤ ਅਮਰੀਕਾ ਵਿਚੋਂ ਗੁਲਾਮਦਾਰੀ ਦੇ ਖਾਤਮੇ ਦਾ ਸਵਾਲ ਉਠਾਇਆ ਗਿਆ ਸੀ ਅਤੇ ਇਸ ਦੀ ਗੂੰਜ ਐਮਾ ਲੈਜ਼ਾਰਸ ਦੀ ਪ੍ਰਸਿੱਧ ਕਵਿਤਾ ‘ਮੈਨੂੰ ਦੇ ਦਿਓ ਤੁਹਾਡੇ ਥੱਕੇ ਹਾਰੇ ਸਰੀਰ/ਤੁਹਾਡੇ ਗਰੀਬ ਗੁਰਬੇ/ਆਜ਼ਾਦ ਸਾਹ ਲੈਣ ਦੇ ਚਾਹਨਾ ਰੱਖਦੇ ਹਜੂਮ।’ ਇਹ ਕਵਿਤਾ ਸਟੈਚੂ ਦੀ ਤਖਤੀ ਤੇ ਉੱਕਰੀ ਹੋਈ ਹੈ।
ਅਫਸੋਸ ਦੀ ਗੱਲ ਇਹ ਹੈ ਕਿ ਜੌਰਜ ਫਲਾਇਡ ਦੀ ਹੱਤਿਆ ਮੌਕੇ ਇਸ ਬੁੱਤ ਦੀ ਅਹਿਮੀਅਤ ਭੁਲਾ ਦਿੱਤੀ ਗਈ ਸੀ ਪਰ ਹਾਲ ਹੀ ਵਿਚ ਨਸਲਵਾਦ ਵਿਰੁੱਧ ਨਵੇਂ ਸਿਰਿਓਂ ਉਠੇ ਤੂਫਾਨ ਨੇ ਇਸ ਦੀ ਮਹੱਤਤਾ ਮੁੜ ਉਭਾਰ ਕੇ ਸਾਹਮਣੇ ਲਿਆਂਦੀ ਹੈ। ਦੁਨੀਆ ਭਰ ਵਿਚ ਲੋਕਤੰਤਰ ਦੇ ਚਿਹਰੇ ਤੇ ਛਾਹੀਆਂ ਦਿਖਾਈ ਦੇ ਰਹੀਆਂ ਹਨ। ਦੱਖਣੀ ਏਸ਼ੀਆ, ਤੁਰਕੀ, ਮਿਆਂਮਾਰ ਅਤੇ ਹਾਂਗ ਕਾਂਗ ਵਿਚ ਵੀ ਇਸੇ ਕਿਸਮ ਦੇ ਰੱਦੇਅਮਲਾਂ ਨੇ ਨਿਰੰਕੁਸ਼ ਸ਼ਾਸਨਾਂ ਅਧੀਨ ਗਹਿਰੀ ਬੇਇਨਸਾਫੀ ਤੇ ਅਸਮਾਨਤਾ ਨੂੰ ਬੇਪਰਦ ਕੀਤਾ ਹੈ। ਮਿਸਾਲ ਦੇ ਤੌਰ ਤੇ ਦੁਨੀਆ ਭਰ ਵਿਚ ਜਨਤਕ ਚਿੰਤਨਾਂ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀਆਂ ਖਿਲਾਫਵਰਜ਼ੀਆਂ ਅਤੇ ਇਸ ਦੇ ਨਾਲ ਹੀ ਲੀਡਰਸ਼ਿਪ ਦੀ ਸੱਜੇਪੱਖੀ ਹੱਠਧਰਮੀ ਖਿਲਾਫ ਚੱਲ ਰਹੇ ਅੰਦੋਲਨ ਦੀ ਨਿਸ਼ਾਨਦੇਹੀ ਕੀਤੀ ਹੈ।
ਭਾਰਤ ਹੋਵੇ ਜਾਂ ਅਮਰੀਕਾ, ਮਨੁੱਖੀ ਅਧਿਕਾਰਾਂ ਦੇ ਲਿਹਾਜ਼ ਤੋਂ ਇਨ੍ਹਾਂ ਦੀ ਪੁਜ਼ੀਸ਼ਨ ਕਾਫੀ ਮਾੜੀ ਤਸਲੀਮ ਕੀਤੀ ਜਾਂਦੀ ਹੈ। ਨਸਲਵਾਦ ਅਤੇ ਨਵ ਉਦਾਰਵਾਦ ਦੇ ਵਿਆਪਕ ਅਮਲ ਕਰ ਕੇ ਸਿੱਖਿਆ, ਸੰਪਤੀ, ਅਰਥਚਾਰੇ, ਰੁਜ਼ਗਾਰ ਦੇ ਅਵਸਰਾਂ, ਪੁਲਿਸ, ਨਿਆਂ ਅਤੇ ਮੀਡੀਆ ਜਿਹੇ ਖੇਤਰਾਂ ਵਿਚ ਅਸਮਾਨਤਾ ਨਜ਼ਰ ਆ ਰਹੀ ਹੈ। ਹਾਲੀਆ ਸਮਿਆਂ ਅੰਦਰ ਉਦਾਰਵਾਦੀ ਕਦਰਾਂ ਕੀਮਤਾਂ ਤੇ ਹੋ ਰਹੇ ਹਮਲੇ ਅਮਰੀਕੀ ਸਿਆਸਤ ਦਾ ਅਟੁੱਟ ਅੰਗ ਬਣ ਗਏ ਹਨ। ਘੋਰ ਬਹੁਗਿਣਤੀਪ੍ਰਸਤੀ ਨੇ ਨਿਆਂ ਦਿਵਾਉਣ ਵਾਲੀਆਂ ਸੰਸਥਾਵਾਂ ਨੂੰ ਲਤਾੜ ਕੇ ਰੱਖ ਦਿੱਤਾ ਹੈ। ਆਸ ਕੀਤੀ ਜਾ ਰਹੀ ਸੀ ਕਿ ਜੋਅ ਬਾਇਡਨ ਦੇ ਸ਼ਾਸਨ ਨਾਲ ਜਮਹੂਰੀ ਕਾਨੂੰਨ ਦਾ ਰਾਜ ਲੀਹ ਤੇ ਆ ਜਾਵੇਗਾ। ਸ਼ੌਵਿਨ ਕੇਸ ਦਾ ਫੈਸਲਾ ਆਉਣ ਨਾਲ ਉਮੀਦ ਦੀ ਕਿਰਨ ਜਾਗੀ ਵੀ ਹੈ ਪਰ ਇਹ ਤਾਂ ਹੀ ਹੋ ਸਕੇਗਾ ਜੇ ਨਸਲਵਾਦ ਨੂੰ ਲੋਕਤੰਤਰ ਨਾਲੋਂ ਵੱਖਰਾ ਕਰਨ ਦੇ ਅਮਲ ਨੂੰ ਸਮਾਨਤਾ ਪ੍ਰਤੀ ਦਿਆਨਤਦਾਰੀ ਵਿਚ ਵੀ ਤਬਦੀਲ ਕੀਤਾ ਜਾਵੇ।
ਹਾਲਾਂਕਿ ਉਦਾਰ ਖਿਆਲ ਆਗੂ ਦੁਨੀਆ ਭਰ ਦੇ ਲੋਕਾਂ ਨੂੰ ਸਮਾਨਤਾ ਅਤੇ ਸਭਨਾਂ ਲਈ ਆਜ਼ਾਦੀ ਨੂੰ ਪ੍ਰਵਾਨ ਕਰਨ ਦਾ ਸੱਦਾ ਦਿੰਦੇ ਹਨ ਪਰ ਸ਼ਹਿਰੀ ਆਜ਼ਾਦੀਆਂ ਦਾ ਸਵਾਲ ਨਸਲ ਦੇ ਮਾਮਲਿਆਂ ਦੀ ਜਟਿਲਤਾ ਲੈ ਕੇ ਹਾਜ਼ਰ ਹੋ ਰਿਹਾ ਹੈ। ਆਜ਼ਾਦੀ ਦਾ ਮਤਲਬ ਅੱਜ ਦੁਨੀਆ ਭਰ ਵਿਚ ਮਾਨਵਤਾ ਲਈ ਸੰਤਾਪ ਬਣ ਰਹੇ ਨਸਲਵਾਦ ਦੀ ਪੈੜਚਾਲ ਨੂੰ ਘੋਖਣ ਦਾ ਸੱਦਾ ਦਿੰਦਾ ਹੈ। ਅੱਜ ਮਾਰਟਿਨ ਲੂਥਰ ਕਿੰਗ ਜੂਨੀਅਰ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਫੌਜੀਕਰਨ ਨਹੀਂ ਸਗੋਂ ਸਭਨਾਂ ਲਈ ਸਮਾਨਤਾ ਤੇ ਨਿਆਂ ਅਤੇ ਮੁਫਤ ਸਿਹਤ ਸੰਭਾਲ ਦੀਆਂ ਸਹੂਲਤਾਂ ਦੀ ਮੰਗ ਤੇ ਜ਼ੋਰ ਦੇਣਾ ਸੀ। ਉਨ੍ਹਾਂ ਨੇ ਇਹ ਮੰਗ ਕਰਨੀ ਸੀ, ਜਿਵੇਂ ਹਾਵਰਡ ਜ਼ਿਨ ਨੇ ਆਖਿਆ ਸੀ- ‘ਸਾਰਿਆਂ ਲਈ ਸੁਰੱਖਿਅਤ ਅਤੇ ਸੁਚੱਜੀ ਜ਼ਿੰਦਗੀ ਮੁਹੱਈਆ ਕਰਾਉਣ ਲਈ ਮਹਿਜ਼ ਪੁਨਅਰਥੀ ਸੁਧਾਰ ਨਹੀਂ ਸਗੋਂ ਬੁਨਿਆਦੀ ਸੁਧਾਰਾਂ ਦੀ ਲੋੜ ਹੈ।’ਨੇ ਕਿਹਾ, ਅਸੀਂ ਅਜਿਹੇ ਪੜਾਅ ‘ਤੇ ਆ ਪਹੁੰਚੇ ਹਾਂ ਜਿੱਥੇ ਅਸੀਂ ‘ਵੋਟਾਂ ਪਾਉਂਦੇ ਹਾਂ ਅਤੇ ਲਾਸ਼ਾਂ ਗਿਣਦੇ ਹਾਂ’। ਬਹੁਤ ਸਾਰੀਆਂ ਰਾਤਾਂ ਐਸੀਆਂ ਹੁੰਦੀਆਂ ਹਨ, ਜਦੋਂ ਤੁਸੀਂ ਇਸ ਭਾਵਨਾ ਨਾਲ ਸੌਂਦੇ ਹੋ ਕਿ ਲਹੂ ‘ਸਾਡੇ ਹੱਥਾਂ ਨੂੰ ਵੀ ਲੱਗਾ ਹੋਇਐ’।