ਬਠਿੰਡਾ: ਬਠਿੰਡਾ ਦੇ ਬੀੜ ਤਲਾਬ ਗੁਰੂ ਘਰ ਵਿਚ ਡੇਰਾ ਸਿਰਸਾ ਦੇ ਮੁਖੀ ਦੀ ਜੇਲ੍ਹ ‘ਚੋਂ ਰਿਹਾਈ, ਦਲਿਤਾਂ ਦਾ ਮੁੱਖ ਮੰਤਰੀ ਬਣਾਉਣ ਅਤੇ ਦਲਿਤਾਂ ‘ਤੇ ਹੁੰਦੇ ‘ਅੱਤਿਆਚਾਰ‘, ਪ੍ਰਧਾਨ ਮੰਤਰੀ ਦਾ ਦਲਿਤ ਮੁੱਖ ਮੰਤਰੀ ਬਣਾਉਣ ਦਾ ‘ਸੁਪਨਾ‘ ਪੂਰਾ ਕਰਨ ਬਾਰੇ ਅਰਦਾਸ ਕੀਤੀ ਗਈ। ਇਸ ਦੀ ਵੀਡੀਓ ਸਾਹਮਣੇ ਆਉਣ ਪਿੱਛੋਂ ਇਹ ਮਾਮਲਾ ਭਖ ਗਿਆ ਹੈ। ਇਕ ਪਾਸੇ ਜਿਥੇ ਸਿੱਖ ਜਥੇਬੰਦੀਆਂ ਨੇ ਇਸ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਫਿਰਕੂ ਸੋਚ ਨੂੰ ਹਵਾ ਦੇਣ ਦੀ ਚਾਲ ਦੱਸਿਆ ਹੈ, ਉਥੇ ਭਾਜਪਾ ਨੇ ਇਸ ਨੂੰ ਦਲਿੱਤਾਂ ਨਾਲ ਧੱਕੇਸ਼ਾਹੀ ਵਜੋਂ ਉਭਾਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਬੀੜ ਤਲਾਬ ਗੁਰਦੁਆਰੇ ਵਿਚ ਡੇਰਾ ਸਿਰਸਾ ਦੇ ਵਿਵਾਦਤ ਮੁਖੀ ਦੀ ਰਿਹਾਈ ਲਈ ਅਰਦਾਸ ਕਰਨ ਵਾਲੇ ਵਿਅਕਤੀ ਖਿਲਾਫ ਸ੍ਰੀ ਅਕਾਲ ਤਖਤ ਤੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਜਥੇਦਾਰ ਨੇ ਆਖਿਆ ਕਿ ਇਸ ਵਿਅਕਤੀ ਨੂੰ ਇਥੇ ਤਲਬ ਕਰਕੇ ਗੁਰਮਤਿ ਰਵਾਇਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਉਧਰ, ਅਰਦਾਸ ਤੋਂ ਬਾਅਦ ਐਸ.ਐਸ.ਪੀ. ਬਠਿੰਡਾ ਦੇ ਹੁਕਮਾਂ ਤਹਿਤ ਥਾਣਾ ਸਦਰ ਬਠਿੰਡਾ ਵਿਚ ਅਰਦਾਸ ਕਰਨ ਵਾਲੇ ਪਾਠੀ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ, ਵਾਸੀ ਬਸਤੀ ਨੰਬਰ 4, ਬੀੜ ਤਲਾਬ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਆਈ.ਪੀ.ਸੀ. ਦੀ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਰਦਾਸ ਵਿਚ ਅਕਾਲੀ ਦਲ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕਦਿਆਂ ਕਿਹਾ ਕਿ ਰਾਮ ਰਹੀਮ ਨੂੰ ਜੇਲ੍ਹ ਭੇਜਣ ਪਿੱਛੇ ਸੁਖਬੀਰ ਬਾਦਲ ਦਾ ਹੱਥ ਹੈ। ਉਸ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।
ਬਠਿੰਡਾ ਦੇ ਗੁਰਦੁਆਰੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿਚ ਕੀਤੀ ਗਈ ਅਰਦਾਸ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਇਸ ਘਟਨਾ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਅਤੇ ਸਿੱਖ ਕੌਮ ਨੂੰ ਦੋਫਾੜ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਇਥੋਂ ਦੇ ਗੁਰਦੁਆਰਾ ਅਕਾਲਸਰ ਸਾਹਿਬ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਰਾਗੀ-ਗ੍ਰੰਥੀ ਸਭਾ ਦੇ ਪ੍ਰਧਾਨ ਅਤੇ ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਬਚਿੱਤਰ ਸਿੰਘ ਨੇ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਵੱਲੋਂ ਪੰਜਾਬ ਦਾ ਮਾਹੌਲ ਵਿਗਾੜਨ ਅਤੇ ਸਿੱਖ ਕੌਮ ਵਿਚ ਵੰਡੀਆਂ ਪਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਪੰਥ ‘ਚੋ ਛੇਕੇ ਡੇਰਾ ਮੁਖੀ ਅਤੇ ਕਿਸਾਨ ਵਿਰੋਧੀ ਪ੍ਰਧਾਨ ਮੰਤਰੀ ਦੇ ਹੱਕ ਵਿਚ ਅਰਦਾਸ ਕਰਨੀ ਪੰਜਾਬ ਦਾ ਮਾਹੌਲ ਵਿਗਾੜਨ ਅਤੇ ਸਿੱਖ ਪੰਥ ਵਿਚ ਵੰਡੀਆਂ ਪਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਸਿੱਖ ਕੌਮ ਵਿਚ ਜਾਤ-ਪਾਤ ਆਦਿ ਦੀ ਕੋਈ ਜਗ੍ਹਾ ਨਹੀਂ ਹੈ।
ਸਾਹਮਣੇ ਆਈ ਵੀਡੀਓ ਵਿਚ ਨਿਹੰਗ ਬਾਣੇ ‘ਚ ਸਜਿਆ ਇਕ ਵਿਅਕਤੀ ਗੁਰੂ ਘਰ ਵਿਚ ਅਰਦਾਸ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ‘ਸੱਚੇ ਪਾਤਸ਼ਾਹ! ਸਾਡੇ ਨਾਲ ਇਕ ਭੇਦ-ਭਾਵ ਹੋ ਰਿਹੈ ਮਹਾਰਾਜ। ਜਿਨ੍ਹਾਂ ਨੇ ਆਪ ਜੀ ਦੇ ਸਰੂਪ ਗਲੀਆਂ ਦੇ ਵਿਚ ਖਿਲਾਰੇ, ਉਨ੍ਹਾਂ ਨੂੰ ਆਪ ਜੀ ਨੇ ਰਾਜ ਗੱਦੀਆਂ ਬਖ਼ਸ਼ੀਆਂ। ਜਿਨ੍ਹਾਂ ਨੇ ਆਪ ਜੀ ਦੇ ਸਿੱਖਾਂ ਨੂੰ ਜੈਤੋ ਦੇ ਮੋਰਚੇ ਵਿਚ ਜ਼ਹਿਰ ਪਿਆਇਆ, ਉਨ੍ਹਾਂ ਨੂੰ ਵੀ ਆਪ ਜੀ ਨੇ ਸਰਦਾਰੀਆਂ ਬਖ਼ਸ਼ੀਆਂ। ਪਰ ਮੇਰਾ ਜੋ ਦਲਿਤ ਸਮਾਜ ਐ, ਐਸਸੀ ਭਾਈਚਾਰਾ, ਉਹ ਇਨ੍ਹਾਂ ਦਾ ਸੀਰੀ ਬਣ ਕੇ ਰਹਿ ਗਿਐ। ਜੋ ਡਾ. ਅੰਬੇਡਕਰ ਸਾਹਬ ਨੇ 25 ਫੀਸਦੀ ਰਾਖਵਾਂਕਰਨ ਦਿੱਤਾ ਸੀ, ਉਹਦਾ ਵੀ ਮੇਰੇ ਸਮਾਜ ਨੂੰ ਕੋਈ ਲਾਭ ਨਹੀਂ ਪਹੁੰਚ ਰਿਹਾ। ਜਿਹੜੇ ਐਮ.ਐਲ.ਏ. ਰਿਜ਼ਰਵ ਕੈਟਾਗਰੀ ‘ਚੋਂ ਬਣ ਕੇ ਜਾਂਦੇ ਹਨ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਸੀਰੀ ਬਣ ਕੇ ਰਹਿ ਗਏ ਹਨ। ਸਾਡੇ ਦੱਬੇ-ਕੁਚਲੇ ਦਲਿਤ ਸਮਾਜ ਦੀ ਕੋਈ ਆਵਾਜ਼ ਬੁਲੰਦ ਨੀਂ ਕਰ ਰਿਹਾ ਮਹਾਰਾਜ ਸੱਚੇ ਪਾਤਸ਼ਾਹ। ਹੁਣ ਇਕ ਸੁਨਹਿਰੀ ਮੌਕਾ ਐ ਵਾਹਿਗੁਰੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਫੈਸਲਾ ਲਿਆ ਗਿਆ ਕਿ ਐਤਕੀਂ ਜੋ ਸਰਕਾਰ ਬਣਨੀ ਐ, ਉਹ ਦਲਿਤ ਸਮਾਜ ਵਿਚੋਂ ਮੁੱਖ ਮੰਤਰੀ ਲਿਆ ਜਾਣੈ। ਅਸੀਂ ਸਮੁੱਚੀਆਂ ਤਿੰਨੇ ਪੰਚਾਇਤਾਂ, ਸਾਰੇ ਹੀ ਕਲੱਬ ਇਸ ਦਾ ਸਵਾਗਤ ਕਰਦੇ ਹਾਂ ਕਿ ਪਿੰਡ-ਪਿੰਡ ਪ੍ਰਚਾਰ ਕਰ ਰਹੇ ਆਂ ਮਹਾਰਾਜ ਸੱਚੇ ਪਾਤਸ਼ਾਹ! ਕਿ ਆਪ ਮਿਹਰ ਕਰੋ। ਇਹ ਸੇਵਾ ਕਿਸੇ ਗੁਰ ਸਿੱਖ ਰੰਘਰੇਟੇ ਪਰਿਵਾਰ ‘ਤੇ ਮਿਹਰ ਭਰਿਆ ਹੱਥ ਰੱਖ ਕੇ ਮੁੱਖ ਮੰਤਰੀ ਦੀ ਸੇਵਾ ਲਓ।’
______________________________________
ਰਿਹਾਈ ਲਈ ਅਰਦਾਸ ਕਰਨ ਵਾਲੇ ਦੇ ਪੱਖ ‘ਚ ਆਏ ਸਾਂਪਲਾ
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੁਖੀ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਬਠਿੰਡਾ ਦੇ ਇਕ ਪਿੰਡ ਦੇ ਗੁਰਦੁਆਰੇ ਵਿਚ ਡੇਰਾ ਸਿਰਸਾ ਦੇ ਮੁਖੀ ਦੀ ਜੇਲ੍ਹ ਵਿਚੋਂ ਰਿਹਾਈ ਲਈ ਅਰਦਾਸ ਕਰਨ ‘ਤੇ ਇਕ ਅਨੁਸੂਚਿਤ ਜਾਤੀ ਦੇ ਵਿਅਕਤੀ ਖਿਲਾਫ ਕੇਸ ਦਰਜ ਕਰਨ ਉਤੇ ਸਖਤ ਇਤਰਾਜ਼ ਕੀਤਾ ਹੈ। ਕਮਿਸ਼ਨ ਨੇ ਪੁਲਿਸ ਕੋਲੋਂ ਕੇਸ ਦੀ ਜਾਂਚ ਰਿਪੋਰਟ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜੇ ਡੇਰਾ ਸਿਰਸਾ ਮੁਖੀ ਦਾ ਨਾਂ ਲੈਣ ‘ਤੇ ਹੀ ਕੇਸ ਦਰਜ ਹੁੰਦਾ ਹੈ ਤਾਂ ਇਹ ਗਲਤ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਬੋਲਣ ਦਾ ਸੰਵਿਧਾਨਕ ਹੱਕ ਹੈ।