ਜਤਿੰਦਰ ਪਨੂੰ
ਬੇਸ਼ੱਕ ਸਾਰੇ ਦੇਸ਼ ਦਾ ਧਿਆਨ ਭਾਰਤ ਵਿਚ ਕਰੋਨਾ ਵਾਇਰਸ ਦੀ ਮਾਰ ਤੇ ਇਸ ਮਾਰ ਤੋਂ ਨਿਕਲੀ ਬਲੈਕ ਫੰਗਸ ਵਰਗੀ ਅਗਲੀ ਬਿਮਾਰੀ ਨੇ ਮੱਲ ਰੱਖਿਆ ਹੈ, ਓਦੋਂ ਪਿੱਛੋਂ ਵ੍ਹਾਈਟ ਫੰਗਸ ਵੀ ਨਿਕਲ ਆਈ ਹੈ, ਪਰ ਪੰਜਾਬ ਦੇ ਲੋਕਾਂ ਦਾ ਧਿਆਨ ਬਹੁਤਾ ਕਰ ਕੇ ਪੰਜਾਬ ਵਿਚ ਰਾਜ ਕਰਦੀ ਕਾਂਗਰਸ ਪਾਰਟੀ ਦੇ ਅੰਦਰੂਨੀ ਝੇੜੇ ਵੱਲ ਲੱਗਾ ਪਿਆ ਸੀ। ਇਸ ਭੇੜ ਦਾ ਮੁੱਢ ਨਵਜੋਤ ਸਿੰਘ ਸਿੱਧੂ ਦੇ ਟਵੀਟਸ ਅਤੇ ਫੇਸਬੁੱਕ ਪੋਸਟਾਂ ਨਾਲ ਨਹੀਂ ਸੀ ਬੱਝਾ, ਜਿਹੜੇ ਡੇਢ ਸਾਲ ਚੁੱਪ ਰਹਿ ਕੇ ਪਿਛਲੀ ਕਸਰ ਕੱਢਣ ਵਾਸਤੇ ਇਹੋ ਕੁਝ ਸਿੱਧੂ ਬੀਤੇ ਛੇ ਮਹੀਨਿਆਂ ਤੋਂ ਕਰਦਾ ਪਿਆ ਸੀ।
ਲੜਾਈ ਕੋਟਕਪੂਰਾ ਕੇਸ ਦੀ ਵਿਸ਼ੇਸ਼ ਜਾਂਚ ਟੀਮ ਦੇ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਉੱਤੇ ਹਾਈ ਕੋਰਟ ਵੱਲੋਂ ਕਾਟਾ ਫੇਰ ਦੇਣ ਨਾਲ ਛਿੜੀ ਸੀ। ਓਦੋਂ ਦੋ ਦਿਨ ਪਿੱਛੋਂ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੁੱਦੇ ਦੇ ਰੋਸ ਵਜੋਂ ਅਸਤੀਫਾ ਲਿਖ ਕੇ ਫੜਾ ਦਿੱਤਾ ਸੀ। ਅਜੋਕੇ ਟਕਰਾਅ ਦਾ ਅਸਲੀ ਮੁੱਢ ਉਹ ਸੀ। ਅਗਲੀ ਕੜੀ ਉਹ ਸੀ, ਜਦੋਂ ਮੁੱਖ ਮੰਤਰੀ ਦੇ ਇੱਕ ਰਾਜਸੀ ਸਲਾਹਕਾਰ ਨੇ ਅੱਧੀ ਰਾਤ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਫੋਨ ਕਰ ਕੇ ਠੋਕ ਦੇਣ ਵਰਗੀ ਭਾਸ਼ਾ ਵਰਤੀ ਤੇ ਦੋ ਦਿਨ ਪਿੱਛੋਂ ਪ੍ਰਗਟ ਸਿੰਘ ਨੇ ਸਾਰਾ ਕੁਝ ਮੀਡੀਏ ਸਾਹਮਣੇ ਰੱਖ ਦਿੱਤਾ ਸੀ।
ਇਸ ਮਗਰੋਂ ਨਵਜੋਤ ਸਿੰਘ ਸਿੱਧੂ ਦੇ ਟਵੀਟ ਲਗਾਤਾਰ ਆਉਣ ਦੇ ਬਾਵਜੂਦ ਪਹਿਲਾਂ ਵਾਂਗ ਵਿਵਾਦ ਦਾ ਕੇਂਦਰ ਉਹ ਨਹੀਂ ਸੀ ਰਿਹਾ, ਵਿਵਾਦ ਦਾ ਅਖਾੜਾ ਚੰਡੀਗੜ੍ਹ ਬਣ ਗਿਆ ਸੀ, ਜਿੱਥੇ ਪੰਜ ਮੰਤਰੀਆਂ ਅਤੇ ਕੁਝ ਵਿਧਾਇਕਾਂ ਨਾਲ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇੱਕ ਬੈਠਕ ਵਿਚ ਸ਼ਾਮਲ ਹੋ ਗਿਆ। ਉਹ ਜਾਇਜ਼ ਸਵਾਲ ਉਠਾਉਂਦੇ ਹਨ ਕਿ ਪਿਛਲੇ ਸਵਾ ਚਾਰ ਸਾਲਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤੇ ਹੋਏ ਵਾਅਦਿਆਂ ਮੁਤਾਬਕ, ਤੇ ਖਾਸ ਕਰ ਕੇ ਬਰਗਾੜੀ ਦੇ ਬੇਅਦਬੀ ਕਾਂਡ, ਕੋਟਕਪੂਰਾ ਤੇ ਬਹਿਬਲ ਕਲਾਂ ਦੇ ਗੋਲੀ ਕਾਂਡਾਂ ਅਤੇ ਨਸ਼ੇ ਦੇ ਵਪਾਰੀਆਂ ਦੇ ਵਿਰੁੱਧ ਕਾਰਵਾਈ ਦੇ ਪੱਖੋਂ ਕੁਝ ਨਹੀਂ ਕੀਤਾ। ਇਥੋਂ ਹੀ ਇਹ ਗੱਲ ਨਿਕਲ ਆਈ ਕਿ ਸਾਹਮਣੇ ਸਿਰ ਚੁੱਕੀ ਖੜ੍ਹੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਣ ਦੇ ਬਾਵਜੂਦ ਬਾਗੀ ਕਾਂਗਰਸੀ ਆਗੂ ਜਿਸ ਤਰ੍ਹਾਂ ਅੜੇ ਹੋਏ ਹਨ, ਇਸ ਨਾਲ ਕਾਂਗਰਸ ਪਾਰਟੀ ਚੋਣਾਂ ਵਿਚ ਕੁੱਦੇਗੀ ਤਾਂ ਸਿਵਾਏ ਕੁੱਟ ਖਾਣ ਤੋਂ ਇਸ ਦੇ ਪੱਲੇ ਕੁਝ ਨਹੀਂ ਪੈਣਾ। ਇਹ ਗੱਲ ਸ਼ਾਇਦ ਬਾਗੀ ਵੀ ਜਾਣਦੇ ਹਨ। ਫਿਰ ਵੀ ਜੇ ਉਹ ਅੜੇ ਹੋਏ ਹਨ ਤਾਂ ਇਸ ਕਰ ਕੇ ਨਹੀਂ ਕਿ ਉਹ ਕੈਪਟਨ ਕੋਲੋਂ ਗੱਦੀ ਖੋਹਣਾ ਚਾਹੁੰਦੇ ਹਨ, ਸਗੋਂ ਇਹ ਕਹਿ ਰਹੇ ਹਨ ਕਿ ਜੇ ਸਾਡੀ ਸਰਕਾਰ ਇਹੋ ਜਿਹੀ ਹੈ ਤਾਂ ਇਸ ਤੋਂ ਬਗੈਰ ਚੰਗੇ ਹਾਂ। ਲੋਕਾਂ ਕੋਲੋਂ ਮਿਹਣੇ ਲੈਣ ਦੀ ਥਾਂ ਉਨ੍ਹਾਂ ਨੂੰ ਸਾਰੇ ਅਹੁਦਿਆਂ ਦਾ ਸੁਖ ਛੱਡ ਕੇ ਸੜਕ ਸਵਾਰ ਹੋ ਜਾਣਾ ਵੀ ਠੀਕ ਲੱਗਣ ਲੱਗ ਪਿਆ ਹੈ ਤੇ ਇਸ ਗੱਲ ਬਾਰੇ ਉਹ ਸੋਚਣਾ ਹੀ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਪੈਦਾ ਹੋਏ ਖਲਾਅ ਦੌਰਾਨ ਇਥੇ ਬੰਗਾਲ ਵਰਗਾ ਵੀ ਕੁਝ ਵਾਪਰ ਸਕਦਾ ਹੈ।
ਜੀ ਹਾਂ, ਸਾਨੂੰ ਇਸ ਦੇ ਸੰਕੇਤ ਮਿਲਦੇ ਪਏ ਹਨ ਕਿ ਪੰਜਾਬ ਵਿਚ ਬੰਗਾਲ ਦੀ ਬਾਜ਼ੀ ਦੁਹਰਾਉਣ ਲਈ ਭਾਜਪਾ ਦੇ ਮੋਹਰੇ ਮੈਦਾਨ ਵਿਚ ਨਿਕਲ ਚੁੱਕੇ ਹਨ। ਦੋ ਸਾਲ ਪਹਿਲਾਂ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਚੋਣ ਜਿੱਤਣ ਵਾਲੀ ਇੱਕ ਖਾਸ ਧਿਰ ਨੇ ਜਦੋਂ ਮੋਦੀ ਦੀ ਜੈ-ਜੈਕਾਰ ਦੇ ਨਾਅਰੇ ਲਾਏ ਸਨ, ਜਿਹੋ ਜਿਹੇ ਪਹਿਲਾਂ ਕਦੇ ਨਹੀਂ ਸੀ ਲੱਗੇ, ਉਹ ਸ਼ੁਰੂਆਤ ਸੀ ਅਤੇ ਅਗਲੇ ਪੜਾਅ ਵਿਚ ਉਨ੍ਹਾਂ ਦੇ ਮਿੱਤਰ ਪੰਜਾਬ ਵਿਚ ਆਪਣੇ ਤੋਂ ਵੱਖਰੀ ਸੋਚ ਵਾਲਿਆਂ ਨੂੰ ‘ਸਮਝਾਉਣੀਆਂ’ ਦੇਣ ਵਾਸਤੇ ਫੋਨ ਕਰਨ ਅਤੇ ਚਾਹ ਦੇ ਕੱਪ ਦੀ ਸਾਂਝ ਪਾਉਣ ਲੱਗੇ ਹਨ। ਇਹੋ ਜਿਹਾ ਕੰਮ ਸਾਡੇ ਮੀਡੀਆ ਖੇਤਰ ਵਿਚ ਵੀ ਪੱਤਰਕਾਰਾਂ ਦੇ ਰਾਹੀਂ ਕਰਨ ਦੀ ਥਾਂ ‘ਦਿੱਲੀ ਸੇ ਆਇਆ ਪੱਤਰਕਾਰ’ ਕਹਿ ਕੇ ਆਉਣ ਵਾਲੇ ਉਹ ਸਿਧਾਂਤਕਾਰ ਦਿੱਸਦੇ ਸੱਜਣ ਕਰਨ ਨਿਕਲੇ ਹਨ, ਜਿਨ੍ਹਾਂ ਦੀ ਸੰਸਕ੍ਰਿਤ ਵਾਂਗ ਔਖੀ ਹਿੰਦੀ ਸੁਣ ਕੇ ਅਸਲੀ ਚੈਨਲ ਸਮਝ ਆ ਜਾਂਦਾ ਹੈ। ਪੱਤਰਕਾਰੀ ਭੇਸ ਵਿਚ ਨਿਕਲੇ ਇਹ ਲੋਕ ਮੀਡੀਆ ਖੇਤਰ ਵਿਚ ਜਿਵੇਂ ਸਰਗਰਮ ਹਨ, ਓਦਾਂ ਦੇ ਕੁਝ ਲੋਕ ਧਰਮ-ਖੇਤਰ ਵਿਚ ਸਰਗਰਮ ਹਨ ਤੇ ਉਨ੍ਹਾਂ ਦੀ ਮੁਢਲੀ ਪਹੁੰਚ ਉਨ੍ਹਾਂ ‘ਲੋੜਵੰਦ’ ਸਿੱਖਾਂ ਤੱਕ ਹੈ, ਜਿਹੜੇ ਕਿਸੇ ਧਾਰਮਿਕ ਅਸਥਾਨ ਦੇ ਪਿੰਡ ਪੱਧਰ ਦੇ ਗ੍ਰੰਥੀ ਜਾਂ ਕਥਾਵਾਚਕ ਹਨ ਅਤੇ ਸਵੇਰੇ-ਸ਼ਾਮ ਆਮ ਲੋਕਾਂ ਵਿਚ ਰਹਿ ਕੇ ਨਰਿੰਦਰ ਮੋਦੀ ਦੇ ਏਨੇ ਗੁਣ ਗਿਣਾਈ ਜਾਂਦੇ ਹਨ ਕਿ ਇੱਕ-ਦੋ ਦਿਨਾਂ ਤੱਕ ਸੁਣਨ ਵਾਲਾ ਖੁਦ ਉਨ੍ਹਾਂ ਵੱਲੋਂ ਪੜ੍ਹਾਇਆ ਅੱਗੇ ਪੜ੍ਹਾਉਣ ਲੱਗਦਾ ਹੈ। ਮਾਲਵੇ ਦੇ ਇੱਕ ਪਿੰਡ ਵਿਚ ਡੇਰਾ ਸੱਚਾ ਸੌਦਾ ਸਿਰਸਾ ਵਾਲੇ ਬਾਬੇ ਲਈ ਗੁਰਦੁਆਰੇ ਵਿਚ ਅਰਦਾਸ ਕਰਨ ਵਾਲਾ ਨਿਹੰਗ ਵੀ ਇਸੇ ਕਿਸਮ ਦਾ ਨਵਾਂ ਲੱਭਿਆ ਕਾਰਿੰਦਾ ਹੋ ਸਕਦਾ ਹੈ, ਜਿਹੜਾ ਪੰਜਾਬ ਵਿਚ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਬਣਾਉਣ ਦੇ ਵਾਸਤੇ ਨਰਿੰਦਰ ਮੋਦੀ ਉੱਤੇ ਮਹਾਰਾਜ ਦੀ ਕ੍ਰਿਪਾ ਦੀ ਮੰਗ ਕਰਦਾ ਸੁਣਾਈ ਦਿੰਦਾ ਹੈ। ਉਹੀ ਨਹੀਂ, ਕੁਝ ਬੜੇ ਪੜ੍ਹੇ-ਲਿਖੇ ਸੱਜਣ ਵੀ ਏਦਾਂ ਦੇ ਕੰਮ ਵਿਚ ਮਿਥੀ ਹੋਈ ਨੌਕਰੀ ਕਰਨ ਵਾਂਗ ਦਸਵੇਂ ਗੁਰੂ ਸਾਹਿਬ ਦੀ ਤਸਵੀਰ ਲਾ ਕੇ ਨਰਿੰਦਰ ਮੋਦੀ ਦੀ ਨੇਕ ਬੰਦੇ ਤੇ ਪਹਾੜਾਂ ਵਿਚ ਜਾ ਕੇ ਤਪ ਕਰਨ ਵਾਲੇ ਸਾਧੂ ਵਿਅਕਤੀ ਵਾਲੀ ਤਸਵੀਰ ਉਭਾਰਨ ਦੀਆਂ ਵੀਡੀਓ ਕਲਿੱਪਾਂ ਬਹੁਤ ਚੁਸਤੀ ਨਾਲ ਆਮ ਲੋਕਾਂ ਤੱਕ ਭੇਜ ਰਹੇ ਹਨ, ਜਿਨ੍ਹਾਂ ਦਾ ਆਮ ਲੋਕਾਂ ਉੱਤੇ ਕੁਝ ਨਾ ਕੁਝ ਅਸਰ ਪੈ ਰਿਹਾ ਹੈ। ਸਿੱਖ ਸਮਾਜ ਵਿਚ ਕਈ ਲੋਕ ਕਿਸੇ ਵੀ ਪਾਰਟੀ ਤੋਂ ਕੋਈ ਆਸ ਨਾ ਰਹਿਣ ਕਾਰਨ ਉਨ੍ਹਾਂ ਦੇ ਦੱਸੇ ਰਾਹ ਵੱਲ ਝੁਕ ਸਕਦੇ ਹਨ।
ਸਭ ਤੋਂ ਵੱਡੀ ਇਹ ਗੱਲ ਜ਼ੋਰ ਨਾਲ ਕਹੀ ਜਾਂਦੀ ਹੈ ਕਿ ਨਰਿੰਦਰ ਮੋਦੀ ਦੀ ਸਮਰੱਥਾ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਪੰਜ ਸਾਲ ਪਹਿਲਾਂ ਤਿੰਨ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਉਸ ਨੇ ਇਸ ਵਾਰੀ 77 ਸੀਟਾਂ ਜਿਤਾ ਕੇ ਮੁੱਖ ਵਿਰੋਧੀ ਧਿਰ ਬਣਾ ਦਿੱਤਾ ਅਤੇ ਕਾਂਗਰਸ ਤੇ ਖੱਬੇ ਪੱਖੀ ਜੜ੍ਹੋਂ ਪੁੱਟ ਦਿੱਤੇ ਹਨ। ਜਿਸ ਤਰੀਕੇ ਨਾਲ ਇਹ ਪ੍ਰਚਾਰ ਤੇ ਇਹ ਪਹੁੰਚ ਕੀਤੀ ਜਾ ਰਹੀ ਹੈ, ਸਿੱਖਾਂ ਦੀਆਂ ਨਾਮ-ਦਾਨ ਤੱਕ ਸੀਮਤ ਰਹਿੰਦੀਆਂ ਕੁਝ ਸੰਪਰਦਾਵਾਂ ਦੇ ਸੰਤਾਂ ਰਾਹੀਂ ਪੰਜਾਬ ਤੇ ਸਿੱਖਾਂ ਲਈ ਨਰਿੰਦਰ ਮੋਦੀ ਦੀ ਸ਼ੁਭ ਭਾਵਨਾ ਦਾ ਪੜੁੱਲ ਬੰਨ੍ਹਣ ਦਾ ਕੰਮ ਹੋ ਰਿਹਾ ਹੈ, ਉਸ ਮਗਰੋਂ ਕਿਸੇ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਦੇ ਰਾਜਸੀ ਨਕਸ਼ੇ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ। ਸਾਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਅੱਧੀ-ਅੱਧੀ ਸਦੀ ਤੱਕ ਧਨਵੰਤਰੀ ਗਿਣੇ ਜਾਂਦੇ ਰਹੇ ਵੱਡੇ ਪ੍ਰਭਾਵ ਵਾਲੇ ਲੇਖਕ ਤੇ ਸਮਾਜ ਸੇਵੀ ਇਹੋ ਜਿਹੀ ਕੋਈ ਸਰਗਰਮੀ ਚੱਲ ਰਹੀ ਮੰਨਦੇ ਵੀ ਹਨ ਤਾਂ ਗੱਲ ਇਥੇ ਮੁਕਾ ਦਿੰਦੇ ਹਨ ਕਿ ਪੰਜਾਬ ਕੋਈ ਪੱਛਮੀ ਬੰਗਾਲ ਨਹੀਂ, ਇਥੇ ਜਿਹੜਾ ਮਰਜ਼ੀ ਆ ਕੇ ਆਪਣੇ ਦਾਅ ਅਜ਼ਮਾ ਲਵੇ, ਉਸ ਦੇ ਪੈਰ ਨਹੀਂ ਲੱਗਣੇ। ਐਨ ਇਹੋ ਵਿਚਾਰ ਉਨ੍ਹਾਂ ਸੱਜਣਾਂ ਦੇ ਮੂੰਹੋਂ ਕਦੇ ਪੱਛਮੀ ਬੰਗਾਲ ਬਾਰੇ ਸੁਣਨ ਨੂੰ ਮਿਲਿਆ ਕਰਦੇ ਸਨ, ਬਾਅਦ ਵਿਚ ਹਾਲਤ ਬਦਲਦੇ ਗਏ ਤਾਂ ਉਹ ਆਪਣੀ ਸੋਚਣੀ ਠੀਕ ਨਾ ਹੋਣ ਬਾਰੇ ਮੰਨਣ ਦੀ ਥਾਂ ਇਹ ਦਲੀਲ ਦੇਣ ਲੱਗ ਪਏ ਸਨ ਕਿ ਕਿਸੇ ਦੇ ਪੈਰ ਤਾਂ ਨਹੀਂ ਸੀ ਲੱਗਣੇ, ਉਥੇ ਪ੍ਰਸਥਿਤੀਆਂ ਬਦਲ ਗਈਆਂ ਸਨ। ਹਾਲਾਤ ਦਾ ਵਹਿਣ ਅੱਜ ਵਾਲਾ ਜਾਰੀ ਰਿਹਾ ਤਾਂ ਉਨ੍ਹਾਂ ਸੱਜਣਾਂ ਨੂੰ ਅਗਲੇ ਸਾਲ ਇਹੋ ਦਲੀਲ ਪੰਜਾਬ ਬਾਰੇ ਵੀ ਦੇਣੀ ਪੈ ਸਕਦੀ ਹੈ, ਕਿਉਂਕਿ ਜਿਹੜੀ ਗੱਲ ਬੰਗਾਲ ਬਾਰੇ ਉਹ ਨਹੀਂ ਸਨ ਮੰਨਦੇ, ਪੰਜਾਬ ਬਾਰੇ ਵੀ ਅੱਜ ਨਹੀਂ ਮੰਨਦੇ। ਕਬੂਤਰ ਅੱਖਾਂ ਮੀਟ ਵੀ ਲਵੇ ਤਾਂ ਬਿੱਲੀ ਪਿੱਛੇ ਨਹੀਂ ਮੁੜ ਜਾਂਦੀ। ਇਹੀ ਹਾਲਾਤ ਪੰਜਾਬ ਦੀ ਰਾਜਨੀਤੀ ਵਿਚ ਅੱਜ ਬਣਦੇ ਪਏ ਹਨ ਤੇ ਇਹ ਬਣਦੇ ਵੀ ਏਨੀ ਤੇਜ਼ੀ ਨਾਲ ਪਏ ਹਨ ਕਿ ਇਸ ਸਾਲ ਦੇ ਬਾਕੀ ਰਹਿੰਦੇ ਸਵਾ ਸੱਤ ਮਹੀਨਿਆਂ ਵਿਚ ਇਨ੍ਹਾਂ ਅੱਗੇ ਬ੍ਰੇਕ ਲੱਗ ਜਾਵੇਗੀ, ਇਹ ਸੋਚਣਾ ਬਹੁਤ ਔਖਾ ਹੈ।
ਸਾਡੀ ਇੱਕ ਪਿਛਲੀ ਲਿਖਤ ਪਿੱਛੋਂ ਸਾਡੇ ਇੱਕ ਸੱਜਣ ਨੇ ਫੋਨ ਕਰ ਕੇ ਕਿਹਾ ਸੀ ਕਿ ਹਾਲਤ ਏਨੀ ਵਿਗਾੜ ਵਾਲੀ ਵੀ ਹੋਵੇ ਤਾਂ ਤੈਨੂੰ ਏਦਾਂ ਪੇਸ਼ ਨਹੀਂ ਕਰਨੀ ਚਾਹੀਦੀ, ਲੋਕਾਂ ਨੂੰ ਇਸ ਦੇ ਮੁਕਾਬਲੇ ਦਾ ਕੋਈ ਸੁਨੇਹਾ ਦੇਣਾ ਚਾਹੀਦਾ ਹੈ। ਮੈਂ ਅੱਜ ਫਿਰ ਇਹੋ ਜਿਹਾ ਕੋਈ ਸੁਨੇਹਾ ਨਹੀਂ ਦੇ ਰਿਹਾ। ਇਸ ਦਾ ਕਾਰਨ ਇਹ ਹੈ ਕਿ ਜਿਨ੍ਹਾਂ ਲਈ ਸੁਨੇਹਾ ਦੇਣ ਦੀ ਲੋੜ ਹੈ, ਉਹ ਕਹਿੰਦੇ ਹਨ ਕਿ ਸਾਨੂੰ ਸਭ ਕੁਝ ਪਤਾ ਹੈ। ਸੁੱਤੇ ਨੂੰ ਕੋਈ ਜਗਾ ਸਕਦਾ ਹੈ, ਏਦਾਂ ਦੇ ਲੋਕਾਂ ਨੂੰ ਨਹੀਂ। ਇਨ੍ਹਾਂ ਹਾਲਾਤ ਵਿਚ ਜਦੋਂ ਪੰਜਾਬ ਦੀ ਇੱਕ ਵੱਡੀ ਪਾਰਟੀ ਦੇ ਅੰਦਰੂਨੀ ਝੇੜੇ ਜਾਂ ਉਸ ਦੇ ਕਿਸੇ ਪੁਰਾਣੇ ਬਦਲ ਤੱਕ ਸੋਚ ਕੇ ਬੁੱਤਾ ਸਰ ਸਕਦਾ ਹੈ ਤਾਂ ਅਗਲੀ ਗੱਲ ਸੋਚਣ ਦੀ ਲੋੜ ਵੀ ਕਿਸ ਨੂੰ ਹੈ। ਪੰਜਾਬ ਦੀ ਬਦਕਿਸਮਤੀ ਸ਼ਾਇਦ ਇਹ ਵੀ ਹੈ।