ਦੇਸ਼ ਭਗਤ ਵਿਰਾਸਤ ਦਾ ਪਹਿਰੇਦਾਰ ਸੀ ਅਭੈ ਸਿੰਘ ਸੰਧੂ

ਸਰਬਜੀਤ ਸਿੰਘ ਵਿਰਕ, ਐਡਵੋਕੇਟ
ਅਰਬਨ ਅਸਟੇਟ, ਪਟਿਆਲਾ
ਫੋਨ: 91-94170-72314
ਰਾਬਿੰਦਰਨਾਥ ਟੈਗੋਰ ਨੇ ਇਕ ਵਾਰੀ, ਕਿਸੇ ਆਪਣੇ ਦੀ ਮੌਤ ਦੇ ਪ੍ਰਭਾਵ ਬਾਰੇ ਇਉਂ ਲਿਖਿਆ ਸੀ, “ਮੈਂ ਕਦੇ ਜ਼ਿੰਦਗੀ ਤੋਂ ਬਾਹਰ ਜਾ ਕੇ ਕੁਝ ਨਹੀਂ ਸੀ ਵੇਖਿਆ ਅਤੇ ਇਸੇ ਨੂੰ ਅਟੱਲ ਸੱਚਾਈ ਖਿਆਲ ਕੀਤਾ ਸੀ। ਜਦੋਂ ਮੇਰਾ ਮੌਤ ਨਾਲ ਅਚਾਨਕ ਸਾਹਮਣਾ ਹੋਇਆ, ਜਿਸ ਨੇ ਇਕ ਜ਼ਿੰਦਗੀ ਰੂਪੀ ਕੱਪੜੇ ਨੂੰ ਲੀਰੋ ਲੀਰ ਕਰ ਦਿੱਤਾ ਸੀ, ਤਾਂ ਇਹ ਮੰਜ਼ਰ ਮੇਰੇ ਲਈ ਬੜੀ ਪ੍ਰੇਸ਼ਾਨੀ ਤੇ ਘਬਰਾਹਟ ਵਾਲਾ ਸੀ। ਮੇਰੇ ਆਲੇ-ਦੁਆਲੇ ਰੁੱਖ, ਧਰਤੀ, ਪਾਣੀ, ਸੂਰਜ, ਚੰਦਰਮਾ, ਤਾਰੇ ਤਾਂ ਭਾਵੇਂ ਆਪਣੀ ਥਾਂ ਉਵੇਂ ਹੀ ਸਨ, ਜਿਵੇਂ ਪਹਿਲਾਂ ਸਨ;

ਪਰ ਇਕ ਇਨਸਾਨ ਜੋ ਪਹਿਲਾਂ ਸੱਚਮੁੱਚ ਉੱਥੇ ਸੀ, ਜਿਸ ਦੀਆਂ ਮੇਰੇ ਨਾਲ ਦਿਲ, ਦਿਮਾਗ ਤੇ ਜੀਵਨ ਦੀਆਂ ਹਜ਼ਾਰਾਂ ਤੰਦਾਂ ਸਾਂਝੀਆਂ ਸਨ ਅਤੇ ਜੋ ਮੇਰਾ ਅਤਿਅੰਤ ਵਿਸ਼ਵਾਸ ਪਾਤਰ ਸੀ, ਉਹ ਇਕ ਸੁਪਨੇ ਵਾਂਗ ਗਵਾਚ ਗਿਆ ਸੀ। ਜਦੋਂ ਮੈਂ ਆਲੇ-ਦੁਆਲੇ ਵੇਖਦਾ ਹਾਂ ਤਾਂ ਇਕ ਗੈਰ-ਯਕੀਨੀ ਦਾ ਆਲਮ ਦਿੱਸਦਾ ਹੈ, ਜਿਸ ਵਿਚ ਮੈਨੂੰ ਇਸ ਗੱਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਮਿਲਦਾ ਕਿ ਜੋ ਬਾਕੀ ਬਚਿਆ ਹੈ, ਉਸ ਨਾਲ ਮੈਂ ਨੁਕਸਾਨ ਦੀ ਪੂਰਤੀ ਕਿੰਜ ਕਰਾਂ।”
ਕੁਝ ਏਦਾਂ ਦੇ ਹੀ ਭਾਵ ਸ. ਅਭੈ ਸਿੰਘ ਸੰਧੂ ਨੂੰ ਜਾਣਨ ਅਤੇ ਚਾਹੁਣ ਵਾਲਿਆਂ ਉਨ੍ਹਾਂ ਹਜ਼ਾਰਾਂ ਦਿਲਾਂ ਨੇ ਮਹਿਸੂਸ ਕੀਤੇ ਹੋਣਗੇ, ਜਿਨ੍ਹਾਂ ਤੱਕ ਉਨ੍ਹਾਂ ਦੀ ਇਸ ਸੰਸਾਰ ਤੋਂ ਅਚਾਨਕ ਰੁਖਸਤ ਹੋਣ (14 ਮਈ 2021) ਦੀ ਖਬਰ ਪੁੱਜੀ ਹੋਵੇਗੀ। ਬੇਕਾਬੂ ਹੋ ਕੇ ਆਸ-ਪਾਸ ਫੈਲ ਚੁਕੀ ਮਹਾਮਾਰੀ ਕਰੋਨਾ ਨੇ ਸਾਡੇ ਕੋਲੋਂ ਇਕ ਅਨਮੋਲ ਹੀਰਾ ਖੋਹ ਲਿਆ ਹੈ। ਉਹ ਜਿਸਮਾਨੀ ਤੌਰ `ਤੇ ਭਾਵੇਂ ਸਾਡੇ ਤੋਂ ਵਿਛੜ ਚੁਕੇ ਹਨ, ਪਰ ਉਨ੍ਹਾਂ ਵੱਲੋਂ ਸਮਾਜ ਵਿਚ ਆਪਣੇ ਬੋਲਾਂ ਅਤੇ ਕੰਮਾਂ ਰਾਹੀਂ ਵੰਡੀ ਖੁਸ਼ਬੋ ਹਮੇਸ਼ਾ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਤੇ ਅਮਰ ਰੱਖੇਗੀ।
ਉਨ੍ਹਾਂ ਦਾ ਜਨਮ 20 ਅਕਤੂਬਰ 1956 ਨੂੰ ਸ. ਕੁਲਬੀਰ ਸਿੰਘ (ਭਰਾ ਸ਼ਹੀਦ ਭਗਤ ਸਿੰਘ) ਦੇ ਘਰ ਮਾਤਾ ਕਾਂਤਾ ਜੀ ਦੀ ਕੁੱਖੋਂ ਹੋਇਆ। ਉਹ ਚਾਰ ਭੈਣਾਂ-ਭਰਾਵਾਂ ਵਿਚ ਦੂਜੇ ਥਾਂ ਸਨ। ਜਿਵੇਂ ਜਿਵੇਂ ਉਹ ਵੱਡੇ ਹੋਏ ਅਤੇ ਉਨ੍ਹਾਂ ਪਰਿਵਾਰ ਵਿਚ ਚੱਲੀ ਆ ਰਹੀ ਦੇਸ਼ ਭਗਤੀ ਦੀ ਪਰੰਪਰਾ ਬਾਰੇ ਕਹਾਣੀਆਂ ਸੁਣੀਆਂ-ਪੜ੍ਹੀਆਂ, ਤਿਵੇਂ ਤਿਵੇਂ ਉਹ ਸਮਾਜ ਬਾਰੇ ਵਧੇਰੇ ਜਾਗਰੂਕ ਤੇ ਪ੍ਰਤੀਬੱਧ ਹੁੰਦੇ ਗਏ। ਇਨ੍ਹਾਂ ਕਹਾਣੀਆਂ ਵਿਚ ਉਨ੍ਹਾਂ ਦੇ ਪਿਤਾ ਸ. ਕੁਲਬੀਰ ਸਿੰਘ ਵੱਲੋਂ ਆਜ਼ਾਦੀ ਲਈ ਕੀਤੀਆਂ ਘਾਲਣਾਵਾਂ ਵੀ ਸ਼ਾਮਲ ਸਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ. ਕੁਲਬੀਰ ਸਿੰਘ ਨੇ ਵੀ ਆਪਣੀ ਕੁੱਲ ਜ਼ਿੰਦਗੀ ਦੇਸ਼ ਸੇਵਾ ਵਿਚ ਲਾਈ। 23 ਮਾਰਚ 1931 ਨੂੰ ਜਦੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਕੁਲਬੀਰ ਸਿੰਘ ਪੰਦਰਾਂ ਕੁ ਵਰ੍ਹਿਆਂ ਦੇ ਸਨ। ਇਸ ਪਿੱਛੋਂ ਦੇਸ਼ ਭਗਤੀ ਦੀ ਵਿਰਾਸਤ ਨੂੰ ਸਾਂਭਦਿਆਂ ਉਹ ਆਜ਼ਾਦੀ ਸੰਘਰਸ਼ ਵਿਚ ਕੁੱਦ ਪਏ ਸਨ। ਕੋਈ 19 ਵਰ੍ਹਿਆਂ ਦੀ ਉਮਰੇ ਉਨ੍ਹਾਂ ਦੀ ਪਹਿਲੀ ਗ੍ਰਿਫਤਾਰੀ ਉਦੋਂ ਹੋਈ ਸੀ, ਜਦੋਂ ਉਹ ਆਪਣੇ ਸਾਥੀਆਂ ਨਾਲ ਜਨਤਕ ਤੌਰ ਉਤੇ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਚਮ ਦੀ ਭਾਰਤ ਫੇਰੀ ਦੇ ਵਿਰੋਧ ਵਿਚ ਨਿੱਤਰੇ ਸਨ। ਕੁਝ ਮਹੀਨਿਆਂ ਦੀ ਜੇਲ੍ਹ ਪਿੱਛੋਂ ਜਦੋਂ ਉਹ ਬਾਹਰ ਆਏ ਤਾਂ ਕਿਸਾਨ ਸਭਾ ਨੇ ਉਨ੍ਹਾਂ ਨੂੰ ਆਪਣਾ ਆਗੂ ਚੁਣ ਲਿਆ ਸੀ, ਜਿਸ ਨਾਲ ਆਵਾਮ ਪ੍ਰਤੀ ਉਨ੍ਹਾਂ ਦੇ ਰੁਝੇਵੇਂ ਅਤੇ ਜਿ਼ੰਮੇਵਾਰੀਆਂ ਹੋਰ ਵਧ ਗਈਆਂ ਸਨ।
1939 ਵਿਚ ਕਿਸਾਨ ਸਭਾ ਵੱਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਥਾਂ ਥਾਂ ਰੈਲੀਆਂ-ਮੁਜਾਹਰੇ ਕੀਤੇ ਗਏ ਤਾਂ ਹਕੂਮਤ ਨੇ ਸਖਤੀ ਵਿਖਾਉਂਦਿਆਂ ਫਿਰ ਸ. ਕੁਲਬੀਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਦੀ ਗ੍ਰਿਫਤਾਰੀ ਨਾਲ ਸਾਰੇ ਦੇਸ਼ ਵਿਚ ਅੰਦੋਲਨ ਭਖ ਪਿਆ ਸੀ। ਹਕੂਮਤ ਨੇ ਅੰਦੋਲਨ ਨੂੰ ਦਬਾਉਣ ਲਈ ਦੇਸ਼ ਭਰ ਦੇ ਵੱਡੇ ਆਗੂਆਂ ਨੂੰ ਫੜ ਕੇ ਜੇਲ੍ਹੀਂ ਸੁੱਟ ਦਿੱਤਾ ਸੀ, ਜਿਨ੍ਹਾਂ ਵਿਚ ਪੰਜਾਬ ਤੋਂ ਸ੍ਰੀ ਧਨਵੰਤਰੀ, ਰਾਮ ਕ੍ਰਿਸ਼ਨ ਭੜੋਲੀਆ, ਟਿਕਾ ਰਾਮ ਸੁਖਨ ਅਤੇ ਪੰਜਾਬੋਂ ਬਾਹਰ ਤੋਂ ਜੈ ਪ੍ਰਕਾਸ਼ ਨਰਾਇਣ, ਸੇਠ ਦਮੋਦਰ ਦਾਸ, ਡਾ. ਜ਼ੈਡ. ਏ. ਅਹਿਮਦ, ਕਾਮਰੇਡ ਐਸ. ਏ. ਡਾਂਗੇ ਸ਼ਾਮਲ ਸਨ; ਪਰ ਕੁਲਬੀਰ ਸਿੰਘ ਤੇ ਉਸ ਦੇ ਸਾਥੀ ਚੁੱਪ ਬੈਠਣ ਵਾਲੇ ਕਿੱਥੇ ਸਨ! ਉਨ੍ਹਾਂ ਜੇਲ੍ਹ ਵਿਚ ਹੀ (ਭਗਤ ਸਿੰਘ ਹੋਰਾਂ ਵਾਂਗ) ਰਾਜਸੀ ਕੈਦੀਆਂ ਨਾਲ ਚੰਗਾ ਵਿਹਾਰ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਅਰੰਭ ਦਿੱਤੀ। ਦੋ ਮਹੀਨੇ ਬਾਅਦ ਹਕੂਮਤ ਨੂੰ ਝੁਕਣਾ ਪਿਆ ਤੇ ਉਨ੍ਹਾਂ ਸਾਰੇ ਰਾਜਸੀ ਆਗੂਆਂ ਨੂੰ ਰਾਜਸਥਾਨ ਦੀ ਦੇਵਲੀ ਕੈਂਪ ਜੇਲ੍ਹ ਵਿਚ ਇਕੱਠੇ ਕਰ ਦਿੱਤਾ। ਭਾਵੇਂ ਭੁੱਖ ਹੜਤਾਲ ਕਰਕੇ ਸ. ਕੁਲਬੀਰ ਸਿੰਘ ਹੋਰਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਕਈ ਦਿਨ ਹਸਪਤਾਲ ਵੀ ਰਹਿਣਾ ਪਿਆ, ਪਰ ਦੇਸ਼ ਭਗਤਾਂ ਲਈ ਦੇਵਲੀ ਕੈਂਪ ਵਰਦਾਨ ਸਾਬਤ ਹੋਇਆ। ਇਥੇ ਆਜ਼ਾਦੀ ਬਾਰੇ ਅਤੇ ਆਜ਼ਾਦੀ ਤੋਂ ਬਾਅਦ ਦੇ ਸੰਵਿਧਾਨ ਬਾਰੇ ਖੁਲ੍ਹ ਕੇ ਵਿਚਾਰਾਂ ਹੋਣ ਲੱਗੀਆਂ। ਆਜ਼ਾਦੀ ਆਉਣ ਤੱਕ ਕੁਲਬੀਰ ਸਿੰਘ ਦੀ ਗ੍ਰਿਫਤਾਰੀ ਅਤੇ ਰਿਹਾਈ ਦਾ ਸਿਲਸਿਲਾ ਨਿਰੰਤਰ ਚਲਦਾ ਰਿਹਾ।
ਉਧਰ ਦੂਜੀ ਵੱਡੀ ਜੰਗ ਤੋਂ ਬਾਅਦ ਭਗਤ ਸਿੰਘ ਤੇ ਕੁਲਬੀਰ ਸਿੰਘ ਦੇ ਚਾਚਾ ਜੀ ਸ. ਅਜੀਤ ਸਿੰਘ ਨੂੰ ਜਰਮਨੀ ਤੋਂ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ। ਅੰਤ 15 ਅਗਸਤ 1947 ਨੂੰ ਆਜ਼ਾਦੀ ਆਈ, ਪਰ ਇਸ ਦਿਨ ਰੋਸ਼ਨੀਆਂ ਦੀ ਥਾਂ ਭਾਰਤ-ਪਾਕਿਸਤਾਨ ਦਾ ਸਾਰਾ ਅਸਮਾਨ ਮਜ਼੍ਹਬੀ ਦੰਗਿਆਂ ਦੀ ਅੱਗ ਵਿਚੋਂ ਨਿਕਲਦੇ ਧੂੰਏ ਨਾਲ ਕਾਲਾ ਹੋ ਗਿਆ। ਇਨ੍ਹਾਂ ਦੰਗਿਆਂ ਦਾ ਸਦਮਾ ਨਾ ਸਹਾਰਦਿਆਂ ਸ. ਅਜੀਤ ਸਿੰਘ, ਜੋ ਚਾਲੀ ਸਾਲਾਂ ਬਾਅਦ ਹਿੰਦੋਸਤਾਨ ਆਏ ਸਨ, ਦਿਲ ਦਾ ਦੌਰਾ ਪੈਣ ਕਰਕੇ ਸਵਰਗਵਾਸ ਹੋ ਗਏ।
ਅਭੈ ਸਿੰਘ ਸੰਧੂ ਨੇ ਜਵਾਨੀ ਦੀ ਦਹਿਲੀਜ਼ ਉਤੇ ਪੈਰ ਰੱਖਦਿਆਂ ਇਹ ਜਾਣ ਲਿਆ ਸੀ ਕਿ ਉਨ੍ਹਾਂ ਦੇ ਤਾਇਆ ਜੀ ਸ਼ਹੀਦ ਭਗਤ ਸਿੰਘ ਅਸਲੀ ਆਜ਼ਾਦੀ (ਇਨਕਲਾਬ) ਇਸ ਕਰਕੇ ਚਾਹੁੰਦੇ ਸਨ ਤਾਂ ਕਿ ਭਾਰਤੀ ਸਮਾਜ ਵਿਚੋਂ ਊਚ-ਨੀਚ, ਜਾਤ-ਪਾਤ ਤੇ ਮਜ਼੍ਹਬੀ ਭੇਦ-ਭਾਵ ਖਤਮ ਹੋ ਜਾਣ ਅਤੇ ਹਰ ਇਕ ਨੂੰ ਬਰਾਬਰ ਦਾ ਸਨਮਾਨ ਤੇ ਨਿਆਂ ਮਿਲੇ। ਉਨ੍ਹਾਂ ਦੇ ਮਨ ਉਤੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੇ ਸ਼ੈਸ਼ਨ ਕੋਰਟ ਦਿੱਲੀ ਸਾਹਮਣੇ 6 ਜੂਨ 1929 ਨੂੰ ਦਿੱਤੇ ਉਸ ਇਤਿਹਾਸਕ ਬਿਆਨ ਦੇ ਸ਼ਬਦ ਵੀ ਉਕਰ ਗਏ ਸਨ, ਜਿਨ੍ਹਾਂ ਵਿਚ ਉਨ੍ਹਾਂ ਕਿਹਾ ਸੀ:
“ਇਨਕਲਾਬ ਤੋਂ ਸਾਡਾ ਭਾਵ ਹੈ-ਬੇਇਨਸਾਫੀ ਉਤੇ ਆਧਾਰਿਤ ਮੌਜੂਦਾ ਨਿਜ਼ਾਮ ਨੂੰ ਬਦਲ ਦਿੱਤਾ ਜਾਵੇ। ਲੁੱਟ-ਘਸੁੱਟ ਖਤਮ ਕਰ ਦਿੱਤੀ ਜਾਵੇ। ਸਮਾਜ ਦਾ ਪ੍ਰਮੁੱਖ ਅੰਗ ਹੋਣ ਦੇ ਬਾਵਜੂਦ ਅੱਜ ਕਾਸ਼ਤਕਾਰਾਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੁਢਲੇ ਹੱਕਾਂ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਲੁੱਟੀ ਜਾ ਰਹੀ ਹੈ। ਦੂਜਿਆਂ ਲਈ ਅੰਨਦਾਤਾ ਮੰਨਿਆ ਜਾਣ ਵਾਲਾ ਕਿਸਾਨ ਅੱਜ ਆਪਣੇ ਪਰਿਵਾਰ ਦੀ ਦੋ ਵੇਲੇ ਦੀ ਰੋਟੀ ਲਈ ਮੁਥਾਜ ਹੈ। ਦੁਨੀਆਂ ਭਰ ਦੇ ਬਾਜ਼ਾਰਾਂ ਨੂੰ ਕੱਪੜਾ ਤਿਆਰ ਕਰਕੇ ਦੇਣ ਵਾਲੇ ਬੁਣਕਰਾਂ ਨੂੰ ਆਪਣਾ ਅਤੇ ਆਪਣੇ ਬੱਚਿਆਂ ਦਾ ਤਨ ਢਕਣ ਲਈ ਵੀ ਕੱਪੜਾ ਨਸੀਬ ਨਹੀਂ ਹੋ ਰਿਹਾ। ਰਾਜਗੀਰ, ਲੋਹਾ-ਕੁੱਟ ਅਤੇ ਕਾਰੀਗਰ ਜੋ ਖੂਬਸੂਰਤ ਮਹਿਲਾਂ ਦਾ ਨਿਰਮਾਣ ਕਰਦੇ ਹਨ, ਖੁਦ ਨਿਥਾਂਵਿਆਂ ਵਾਂਗੂ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ। ਦੂਜੇ ਪਾਸੇ ਸਮਾਜ ਵਿਚ ਲਹੂ-ਪੀਣ ਵਾਲੀਆਂ ਜੋਕਾਂ ਭਾਵ ਸਰਮਾਏਦਾਰ ਅਤੇ ਮਿਹਨਤਾਂ ਦੇ ਲੁਟੇਰੇ ਆਪਣੀ ਐਸ਼ੋ-ਇਸ਼ਰਤ ਉਤੇ ਲੱਖਾਂ ਰੁਪਏ ਉੜਾ ਰਹੇ ਹਨ। ਇਸ ਭਿਆਨਕ ਨਾਬਰਾਬਰੀ ਅਤੇ ਮੌਕਿਆਂ ਵਿਚ ਥੋਪੇ ਹੋਏ ਵਖਰੇਵੇਂ ਦਾ ਸਿੱਟਾ ਸ਼ਰਤੀਆ ਤੌਰ ’ਤੇ ਅਫਰਾ-ਤਫਰੀ ਵਿਚ ਨਿਕਲੇਗਾ। ਇਹ ਹਾਲਤਾਂ ਹੁਣ ਬਹੁਤੀ ਦੇਰ ਨਹੀਂ ਰਹਿ ਸਕਦੀਆਂ। ਲੁੱਟ-ਖਸੁੱਟ ਦੀ ਮਸਤੀ ਵਿਚ ਗਲਤਾਨ ਹੋਇਆ ਮੌਜੂਦਾ ਸਮਾਜੀ ਢਾਂਚਾ ਜਵਾਲਾਮੁਖੀ ਦੇ ਦਹਾਨੇ ਉਤੇ ਟਿਕਿਆ ਹੈ। ਜੇ ਸਭਿਅਤਾ ਦੀ ਇਮਾਰਤ ਨੂੰ ਵੇਲੇ ਸਿਰ ਨਾ ਬਚਾਇਆ ਗਿਆ ਤਾਂ ਇਸ ਦਾ ਤਬਾਹ ਹੋਣਾ ਯਕੀਨੀ ਹੈ। ਇਸ ਕਰਕੇ ਬੁਨਿਆਦੀ ਤਬਦੀਲੀ ਦੀ ਫੌਰੀ ਲੋੜ ਹੈ।”
ਅਭੈ ਸਿੰਘ ਨੇ ਜਿਵੇਂ ਜਿਵੇਂ ਮਹਿਸੂਸ ਕੀਤਾ ਕਿ ਆਜ਼ਾਦੀ ਤੋਂ ਕਈ ਦਹਾਕੇ ਬਾਅਦ ਵੀ, ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ, ਉਵੇਂ ਉਵੇਂ ਉਹ ਸਮਾਜ ਵਿਚ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਦੇ ਅਮਲ ਵਿਚ ਰੁਝਦੇ ਗਏ। ਸ਼ਾਇਦ ਉਨ੍ਹਾਂ ਦੇ ਨਾਮਕਰਣ ਵੇਲੇ ਹੀ ਉਨ੍ਹਾਂ ਨੂੰ ਮਾਪਿਆਂ ਨੇ ‘ਅਭੈ ਸਿੰਘ’ ਨਾਮ ਦੇ ਨਾਲ ‘ਭੈ ਮੁਕਤ’ ਕਰਕੇ, ਸਮਾਜ ਨੂੰ ਚੇਤਨ ਕਰਨ ਲਈ ਸਮਰਪਿਤ ਕਰ ਦਿੱਤਾ ਸੀ ਤੇ ਹੁਣ ਉਨ੍ਹਾਂ ਨੂੰ ਇਸ ਮਿਸ਼ਨ ਵਿਚ ਜਨਵਰੀ 1983 ਨੂੰ ਇਕ ਨਿਸ਼ਠਾਵਾਨ ਤੇ ਕਾਬਲ ਸਹਿਯੋਗੀ ਸ੍ਰੀਮਤੀ ਤੇਜਿੰਦਰ ਕੌਰ ਜੀਵਨ ਸਾਥਣ ਦੇ ਰੂਪ `ਚ ਮਿਲ ਗਏ ਸਨ, ਜੋ ਖੁਦ ਆਜ਼ਾਦੀ ਘੁਲਾਟੀਏ ਸ. ਕਰਤਾਰ ਸਿੰਘ ਦੇ ਅਗਾਂਹਵਧੂ ਪਰਿਵਾਰ ਵਿਚੋਂ ਸਨ।
ਅਭੈ ਸਿੰਘ ਨੇ ਵੇਖ ਲਿਆ ਸੀ ਕਿ ਆਜ਼ਾਦੀ ਤਾਂ ਆਈ ਹੈ, ਪਰ ਲੋਕਾਂ ਦੇ ਸਮਾਜਿਕ ਤੇ ਆਰਥਿਕ ਹਾਲਾਤ ਵਿਚ ਖਾਸ ਪਰਿਵਰਤਨ ਨਹੀਂ ਹੋਇਆ। ਪੂੰਜੀ ਫਿਰ ਵੱਡੇ ਘਰਾਣਿਆਂ ਕੋਲ ਇਕੱਠੀ ਹੋਣ ਲੱਗ ਪਈ ਹੈ, ਕਾਨੂੰਨ ਫਿਰ ਤਾਕਤਵਰ ਦਾ ਪੱਖ ਕਰਨ ਲੱਗ ਪਿਆ ਹੈ ਅਤੇ ਲੋਕ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਦਰ-ਬਦਰ ਭਟਕ ਰਹੇ ਹਨ। ਕੁਲਬੀਰ ਸਿੰਘ ਤਾਂ ਹਾਲਾਤ ਸੁਧਰਨ ਦਾ ਸੁਪਨਾ ਦਿਲ ਵਿਚ ਲੈ ਕੇ ਦਸੰਬਰ 1983 ਵਿਚ ਚਲੇ ਗਏ ਸਨ ਤੇ ਹੁਣ ਉਨ੍ਹਾਂ ਤੋਂ ਬਾਅਦ ਅਭੈ ਸਿੰਘ ਦੀ ਵਾਰੀ ਸੀ ਕਿ ਉਹ ਪਰਿਵਾਰ ਦੀ ਦੇਸ਼ ਭਗਤਕ ਵਿਰਾਸਤ ਦਾ ਪਹਿਰੇਦਾਰ ਬਣ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਏ ਤਾਂ ਕਿ ਉਹ ਸੰਘਰਸ਼ ਕਰਕੇ ਇਕ ਨਵੇਂ ਸਮਾਜ ਦੀ ਸਿਰਜਣਾ ਕਰ ਸਕਣ। ਇਸੇ ਮਿਸ਼ਨ ਤਹਿਤ ਉਨ੍ਹਾਂ ਆਪਣੇ ਪੁੱਤਰ ਅਭਿਤੇਜ ਸਿੰਘ ਅਤੇ ਹੋਰਾਂ ਦੇ ਸਹਿਯੋਗ ਨਾਲ ‘ਸਰਦਾਰ ਕੁਲਬੀਰ ਸਿੰਘ ਮੈਮੋਰੀਅਲ ਫਾਊਂਡੇਸ਼ਨ’ ਬਣਾਈ, ਜਿਸ ਦੇ ਆਸ਼ਿਆਂ ਵਿਚ ਇਨਕਾਲਾਬੀ ਲਹਿਰ ਦੇ ਇਤਿਹਾਸ ਉਤੇ ਇਕ ਆਹਲਾ ਖੋਜ ਸੰਸਥਾ ਦੀ ਸਥਾਪਨਾ ਕਰਨਾ; ਆਜ਼ਾਦੀ ਲਹਿਰ ਦੇ ਸ਼ਹੀਦਾਂ ਦੇ ਸੰਦੇਸ਼, ਜੀਵਨੀਆਂ ਅਤੇ ਘਾਲਣਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕਰਨਾ; ਦੇਸ਼ ਭਗਤਾਂ ਦੀ ਵਿਰਾਸਤ ਨੂੰ ਸਾਂਭਣਾ ਤੇ ਉਨ੍ਹਾਂ ਨਾਲ ਸਬੰਧਤ ਸਾਹਿਤ ਨੂੰ ਛਪਵਾ ਕੇ ਲੋਕਾਂ ਵਿਚ ਵੰਡਣਾ ਅਤੇ ਆਰਥਿਕ ਤੇ ਸਮਾਜਿਕ ਪੱਖੋਂ ਪਛੜੇ ਲੋਕਾਂ ਦੀ ਮਦਦ ਕਰਨਾ ਸ਼ਾਮਲ ਸਨ।
ਇਨ੍ਹਾਂ ਵਿਚੋਂ ਸ. ਅਭੈ ਸਿੰਘ ਆਪਣੇ ਸਾਥੀਆਂ ਦੇ ਸਹਿਯੋਗ ਅਤੇ ਸਰਕਾਰਾਂ ਦੀ ਮਦਦ ਨਾਲ ਕਈ ਅਹਿਮ ਕੰਮ ਕਰਨ ਵਿਚ ਸਫਲ ਵੀ ਹੋਏ। ਉਨ੍ਹਾਂ ਆਪਣੀ ਭੂਆ ਜੀ ਸ੍ਰੀਮਤੀ ਅਮਰ ਕੌਰ ਦੇ ਪੁੱਤਰ ਪ੍ਰੋ. ਜਗਮੋਹਨ ਸਿੰਘ, ਪ੍ਰੋ. ਮਾਲਵਿੰਦਰ ਜੀਤ ਸਿੰਘ ਵੜੈਚ, ਪੰਜਾਬ ਸਰਕਾਰ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਖਟਕੜ ਕਲਾਂ ਨੂੰ ਇਕ ਮਾਡਰਨ ਤੇ ਡਿਜੀਟਲ ਮਿਊਜ਼ੀਅਮ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ। ਇਹ ਮਿਊਜ਼ੀਅਮ ਹੁਣ ਭਾਰਤ ਵਾਸੀਆਂ ਲਈ ਦੇਸ਼ ਭਗਤੀ ਦਾ ਮੱਕਾ ਬਣਿਆ ਹੋਇਆ ਹੈ। ਇਸ ਵਿਚ ਸ਼ਹੀਦਾਂ ਨਾਲ ਸਬੰਧਤ ਬਹੁਤ ਸਾਰੇ ਅਹਿਮ ਅਤੇ ਕੀਮਤੀ ਦਸਤਾਵੇਜ਼ ਤੇ ਵਸਤਾਂ ਰੱਖੀਆਂ ਗਈਆਂ ਹਨ, ਜਿਵੇਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਰੱਤ ਨਾਲ ਭਿੱਜੀ ਮਿੱਟੀ, ਉਨ੍ਹਾਂ ਦੀਆਂ ਅਧ ਸੜੀਆਂ ਅਸਥੀਆਂ ਅਤੇ ਅਖਬਾਰ ‘ਟ੍ਰਿਬਿਊਨ’ ਦੇ ਖੂਨ-ਅਲੂਦ ਵਰਕੇ ਜਿਨ੍ਹਾਂ ਵਿਚ ਇਹ ਅਸਥੀਆਂ ਵਲੇ੍ਹਟ ਕੇ ਲਿਆਂਦੀਆਂ ਗਈਆਂ ਸਨ। ਇੱਥੇ ਲਾਹੌਰ ਹਾਈ ਕੋਰਟ ਵੱਲੋਂ ਦਿੱਤੀ 16 ਨਵੰਬਰ 1915 ਦੀ ਉਹ ਜੱਜਮੈਂਟ ਵੀ ਮੌਜੂਦ ਹੈ, ਜਿਸ ਵਿਚ ਕਰਤਾਰ ਸਿੰਘ ਸਰਾਭਾ, ਵਿਸ਼ਣੂ ਗਣੇਸ਼ ਪਿੰਗਲੇ, ਜਗਤ ਸਿੰਘ ਸੁਰਸਿੰਘ ਵਾਲਾ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ ਪੁੱਤਰ ਬੂੜ ਸਿੰਘ ਅਤੇ ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਗਿੱਲਵਾਲੀ ਨੂੰ ਫਾਂਸੀ ਦੇਣ ਦਾ ਹੁਕਮ ਕੀਤਾ ਗਿਆ ਸੀ। ਭਗਤ ਸਿੰਘ ਨੇ ਇਸ ਜੱਜਮੈਂਟ ਨੂੰ ਬੜੇ ਗਹੁ ਨਾਲ ਪੜ੍ਹਨ ਪਿੱਛੋਂ ਇਸ ਉਤੇ ਕਈ ਸਾਰੇ ਨੋਟ ਲਿਖੇ ਹੋਏ ਹਨ।
ਇੱਥੇ ਇਹ ਦੱਸਿਆ ਜਾਂਦਾ ਹੈ ਕਿ ਕਾਇਆ ਕਲਪ ਪਿੱਛੋਂ ਖਟਕੜ ਕਲਾਂ ਮਿਊਜ਼ੀਅਮ ਦੀਆਂ ਹੁਣ ਨੌਂ ਗੈਲਰੀਆਂ ਬਣਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚ ‘ਉਤਪੀੜਨ (ੌਪਪਰੲਸਸੋਿਨ) ਗੈਲਰੀ’ (ਜੱਲ੍ਹਿਆਂ ਵਾਲੇ ਬਾਗ ਦੇ ਸਾਕੇ ਨਾਲ ਸਬੰਧਤ), ‘ਪੰਜਾਬ ਟਾਈਮ ਲਾਈਨ ਗੈਲਰੀ’ (ਪੰਜਾਬ ਦੀਆਂ ਇਤਿਹਾਸਕ ਘਟਨਾਵਾਂ ਨਾਲ ਸਬੰਧਤ) ਅਤੇ ਸ਼ਹੀਦ ਭਗਤ ਸਿੰਘ ਨਾਲ ਸਬੰਧਤ ‘ਜਨਮ’, ‘ਕ੍ਰਾਂਤੀਕਾਰੀ ਉਦੈ’, ‘ਐਚ. ਐਸ. ਆਰ. ਏ.’, ‘ਅਸੈਂਬਲੀ’, ‘ਟਰਾਇਲ’, ‘ਪੋਸਟਰ’ ਅਤੇ ‘ਐਗਜ਼ੀਕਿਊਸ਼ਨ’ (ਫਾਂਸੀ) ਨਾਂ ਦੀਆਂ ਗੈਲਰੀਆਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਵਿਸ਼ਾਲ ਆਜ਼ਾਦੀ ਗੈਲਰੀ ਵੀ ਲੋਕਾਂ ਦੇ ਆਕਰਸ਼ਣ ਦਾ ਬਿੰਦੂ ਬਣਦੀ ਹੈ।
ਪ੍ਰੋ. ਜਗਮੋਹਨ ਸਿੰਘ ਨੇ ਮੈਨੂੰ ਦੱਸਿਆ ਕਿ ਸ. ਅਭੈ ਸਿੰਘ ਸੰਧੂ ਨੇ ਇਸ ਮਿਊਜ਼ੀਅਮ ਵਿਚ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੀ ਸਕੈਨ ਕਾਪੀ ਰਖਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਮਕਸਦ ਲਈ ਉਹ ਆਪਣੇ ਪਿਤਾ ਸ. ਕੁਲਬੀਰ ਸਿੰਘ ਨੂੰ ਦਿੱਲੀ ਲੈ ਕੇ ਗਏ ਸਨ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਜਵਾਹਰ ਲਾਲ ਨਹਿਰੂ ਨੈਸ਼ਨਲ ਮਿਊਜ਼ੀਅਮ ਵਿਚ ਸਾਂਭੀ ਅਸਲ ਡਾਇਰੀ ਦੀ ਕਾਪੀ ਮੁਹੱਈਆ ਕਰਵਾਵੇ, ਜਿਸ ਨੂੰ ਖਟਕੜ ਕਲਾਂ ਮਿਊਜ਼ੀਅਮ ਵਿਚ ਲੋਕਾਂ ਦੇ ਦਰਸ਼ਨ ਲਈ ਰੱਖਿਆ ਜਾ ਸਕੇ।
ਭਗਤ ਸਿੰਘ ਦੀ ਜੇਲ੍ਹ ਡਾਇਰੀ ਇਕ ਅਜਿਹਾ ਕੀਮਤੀ ਦਸਤਾਵੇਜ਼ ਸੀ, ਜਿਸ ਨੂੰ ਹਰ ਵਿਅਕਤੀ ਪੜ੍ਹਨ ਦੀ ਇੱਛਾ ਰੱਖਦਾ ਸੀ। ਸ. ਅਭੈ ਸਿੰਘ ਨੇ ਲੋਕਾਂ ਦੀ ਇਸੇ ਇੱਛਾ ਨੂੰ ਮਹਿਸੂਸਦਿਆਂ ਭਗਤ ਸਿੰਘ ਦੇ ਸੌਵੇਂ ਜਨਮ ਦਿਨ, ਜੋ 2007 ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਮੌਕੇ ਇਸ ਡਾਇਰੀ ਨੂੰ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੀ ਮਦਦ ਨਾਲ ਸ. ਕੁਲਬੀਰ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਇਕੋ ਸਮੇਂ ਛਪਵਾ ਕੇ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਉਣ ਦਾ ਵੱਡਾ ਉਪਰਾਲਾ ਕੀਤਾ।
ਅਭੈ ਸਿੰਘ ਜਿਸ ਮਿਸ਼ਨ ਨੂੰ ਲੈ ਕੇ ਚੱਲੇ ਸਨ, ਉਸ ਨੂੰ ਕਾਮਯਾਬ ਕਰਨ ਲਈ ਉਨ੍ਹਾਂ ਦਿਨ ਰਾਤ ਇਕ ਕੀਤਾ ਹੋਇਆ ਸੀ। ਉਨ੍ਹਾਂ ਦਾ ਇਹ ਸੁਪਨਾ ਸੀ ਕਿ ਇਨਕਲਾਬੀ ਲਹਿਰ ਉਤੇ ਖੋਜ ਸੰਸਥਾ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੇ ਤਾਂ ਕਿ ਭਾਰਤ ਭਰ ਦੇ ਨੌਜਵਾਨਾਂ ਨੂੰ ਇੱਥੋਂ ਦੇਸ਼ ਪਿਆਰ ਦੀ ਪ੍ਰੇਰਨਾ ਦੇ ਨਾਲ ਨਾਲ ਦੇਸ਼ ਭਗਤਾਂ ਉਤੇ ਖੋਜ ਕਰਨ ਅਤੇ ਉਨ੍ਹਾਂ ਦੀਆਂ ਘਾਲਣਾਵਾਂ ਨੂੰ ਪ੍ਰਚਾਰਨ ਦਾ ਮੌਕਾ ਮਿਲੇ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਆਪਣੇ ਨੌਜਵਾਨ ਬੇਟੇ ਅਭਿਤੇਜ ਅਤੇ ਬੇਟੀ ਅਨੁਸ਼ਪ੍ਰਿਆ ਦੀ ਜਿ਼ੰਮੇਵਾਰੀ ਲਾਈ। ਅਭੈ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਉਦੋਂ ਬਹੁਤ ਵੱਡਾ ਸਦਮਾ ਲੱਗਾ, ਜਦੋਂ 2016 ਵਿਚ ਅਭਿਤੇਜ ਦੀ ਇਕ ਮੋਟਰ ਸਾਈਕਲ ਹਾਦਸੇ ਵਿਚ ਮੌਤ ਹੋ ਗਈ।
ਇਸ ਪਿੱਛੋਂ ਪ੍ਰੋ. ਚਮਨ ਲਾਲ ਅਤੇ ਦਿੱਲੀ ਸਰਕਾਰ ਦੇ ਸਹਿਯੋਗ ਤੇ ਯਤਨਾਂ ਨਾਲ ਭਗਤ ਸਿੰਘ ਆਰਕਾਈਵਜ਼ ਤੇ ਸੰਸਾਧਨ ਕੇਂਦਰ ਦਿੱਲੀ ਦੀ ਸਥਾਪਨਾ ਹੋ ਗਈ ਅਤੇ ਦੇਸ਼ ਦੇ ਪ੍ਰਮੁੱਖ ਇਤਿਹਾਸਕਾਰਾਂ ਦੇ ਨਾਲ ਸ. ਅਭੈ ਸਿੰਘ ਸੰਧੂ ਨੂੰ ਵੀ ਇਸ ਦੇ ਸਲਾਹਕਾਰ ਬੋਰਡ ਦਾ ਮੈਂਬਰ ਬਣਾਇਆ ਗਿਆ। ਡਾ. ਚਮਨ ਲਾਲ ਦੱਸਦੇ ਹਨ ਕਿ ਅਭੈ ਸਿੰਘ ਇਸ ਕੇਂਦਰ ਨਾਲ ਬਹੁਤ ਜੁੜੇ ਹੋਏ ਸਨ ਅਤੇ ਇਸ ਨੂੰ ਕਾਮਯਾਬ ਕਰਨ ਲਈ ਸਲਾਹਕਾਰ ਬੋਰਡ ਦੀਆਂ ਮੀਟਿੰਗਾਂ ਵਿਚ ਆਪਣੇ ਮੁੱਲਵਾਨ ਸੁਝਾਅ ਰੱਖਦੇ ਸਨ। ਉਨ੍ਹਾਂ ਭਗਤ ਸਿੰਘ ਆਰਕਾਈਵਜ਼ ਦੇ ਪਹਿਲੇ ਸਾਲਾਨਾ ਪ੍ਰੋਗਰਾਮ ਵਿਚ ਵੀ ਹਿੱਸਾ ਲਿਆ।
ਕਈ ਸਾਲ ਪਹਿਲਾਂ ਕੇਂਦਰ ਵੱਲੋਂ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਪ੍ਰਾਜੈਕਟ ਪਾਸ ਕੀਤਾ ਗਿਆ। ਇਸ ਪ੍ਰਾਜੈਕਟ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਕੇਂਦਰ-ਚਾਰੇ ਭਾਈਵਾਲ ਸਨ। ਲੋਕਾਂ ਦੀ ਮੰਗ ਸੀ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉਤੇ ਰੱਖਿਆ ਜਾਵੇ। ਸ. ਅਭੈ ਸਿੰਘ ਨੇ ਲੋਕ ਨੁਮਾਇੰਦਿਆਂ ਨੂੰ ਨਾਲ ਲੈ ਕੇ ਇਸ ਮੰਗ ਦੇ ਸਮਰਥਨ ਵਿਚ ਸੰਘਰਸ਼ ਛੇੜ ਦਿੱਤਾ। ਉਹ ਇਸ ਵਿਚ ਕੁਝ ਹੱਦ ਤੱਕ ਸਫਲ ਵੀ ਹੋ ਗਏ, ਕਿਉਂਕਿ ਪੰਜਾਬ ਅਤੇ ਹਰਿਆਣੇ ਦੀਆਂ ਤੱਤਕਾਲੀ ਅਕਾਲੀ ਤੇ ਕਾਂਗਰਸੀ ਸਰਕਾਰਾਂ ਨੇ ਸਿਧਾਂਤਕ ਰੂਪ ਵਿਚ ਇਹ ਮੰਗ ਪ੍ਰਵਾਨ ਕਰ ਲਈ ਅਤੇ ਆਪਣੀਆਂ ਆਪਣੀਆਂ ਅਸੈਂਬਲੀਆਂ ਵਿਚ ਮਤੇ ਪਾ ਕੇ ਕੇਂਦਰ ਨੂੰ ਭੇਜ ਦਿੱਤੇ। ਥੋੜੇ੍ਹ ਚਿਰ ਬਾਅਦ ਹਰਿਆਣੇ ਵਿਚ ਹਕੂਮਤ ਬਦਲ ਜਾਣ ਕਰਕੇ ਹਵਾਈ ਅੱਡੇ ਦੇ ਨਾਮ ਉਤੇ ਮੁੜ ਵਿਵਾਦ ਪੈਦਾ ਹੋ ਗਿਆ। ਇਸ ਪਿੱਛੋਂ ਵੀ ਸ. ਅਭੈ ਸਿੰਘ ਇਸ ਮੰਗ ਨੂੰ ਪੂਰਾ ਕਰਾਉਣ ਲਈ ਲੱਗੇ ਰਹੇ ਅਤੇ ਇਹ ਯਤਨ ਉਨ੍ਹਾਂ ਦੇ ਅੰਤ ਸਮੇਂ ਤੱਕ ਜਾਰੀ ਰਹੇ।
ਉਨ੍ਹਾਂ ਵੱਲੋਂ ਕਿਸਾਨ ਅੰਦੋਲਨ ਵਿਚ ਪਾਇਆ ਵੱਡਾ ਯੋਗਦਾਨ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ (5 ਜੂਨ 2020) ਨੂੰ ਜਿਉਂ ਹੀ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਗਏ ਤਾਂ ਪੰਜਾਬ ਦੇ ਕਿਸਾਨ ਇਨ੍ਹਾਂ ਦਾ ਵਿਰੋਧ ਕਰਨ ਲਈ ਸੜਕਾਂ ਉਤੇ ਆ ਗਏ। ਛੇਤੀ ਹੀ ਵਿਰੋਧ ਦੀ ਕਮਾਂਡ ਸੰਯੁਕਤ ਕਿਸਾਨ ਮੋਰਚੇ ਨੇ ਸੰਭਾਲ ਲਈ ਅਤੇ ਡੀ. ਸੀ. ਦਫਤਰਾਂ ਦੇ ਬਾਹਰ ਤੇ ਰੇਲਵੇ ਟਰੈਕਾਂ ਉਤੇ ਧਰਨੇ ਦੇਣ ਦੇ ਪ੍ਰੋਗਰਾਮ ਅਮਲ ਵਿਚ ਆਉਣ ਲੱਗੇ। ਦੂਜੇ ਪਾਸੇ ਕੇਂਦਰ ਸਰਕਾਰ ਨੇ ਇਸ ਵਿਰੋਧ ਤੋਂ ਬੇਪਰਵਾਹ ਹੁੰਦਿਆਂ ਸੰਸਦ ਤੋਂ ਤਿੰਨੇ ਆਰਡੀਨੈਂਸ ਕਾਨੂੰਨ ਵਿਚ ਤਬਦੀਲ ਕਰਵਾ ਲਏ। ਇਸ ਗੱਲ ਦਾ ਧੱਕਾ ਜਿੱਥੇ ਦੇਸ਼ ਦੇ ਲੱਖਾਂ-ਕਰੋੜਾਂ ਦੇਸ਼ ਵਾਸੀਆਂ ਨੂੰ ਲੱਗਾ, ਉਥੇ ਅਭੈ ਸਿੰਘ ਨੇ ਵੀ ਆਪਣੇ ਆਪ ਨੂੰ ਇਸ ਅੰਦੋਲਨ ਲਈ ਸਮਰਪਿਤ ਕਰਨ ਦਾ ਅਹਿਦ ਕੀਤਾ। ਇਸੇ ਅਹਿਦ ਤਹਿਤ ਉਹ ਸਿਰਫ ਪੰਜਾਬ ਹੀ ਨਹੀਂ, ਸਗੋਂ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਕਿਸਾਨ ਅੰਦੋਲਨ ਨੂੰ ਲਾਮਬੰਦ ਕਰਨ ਲਈ ਗਏ। ਭਾਵੇਂ ਉਨ੍ਹਾਂ ਦੇ ਬਹੁਤ ਸਾਰੇ ਮਿੱਤਰ ਪਿਆਰੇ ਚੱਲ ਰਹੀ ਮਹਾਮਾਰੀ ਕਾਰਨ ਉਨ੍ਹਾਂ ਦੀ ਸਿਹਤ ਬਾਰੇ ਵੀ ਚਿੰਤਿਤ ਸਨ, ਪਰ ਉਨ੍ਹਾਂ ਦੇ ਮਨ ਵਿਚ ਆਪਣੇ ਲੋਕਾਂ ਲਈ ਇੰਨਾ ਪਿਆਰ ਅਤੇ ਸਤਿਕਾਰ ਸੀ ਕਿ ਉਹ ਕਿਸੇ ਵੀ ਬੁਲਾਵੇ ਨੂੰ ਨਾਂਹ ਨਹੀਂ ਸਨ ਕਰਦੇ ਅਤੇ ਉਥੇ ਪਹੁੰਚ ਜਾਂਦੇ ਸਨ। ਅਖੀਰ ਉਹ ਕਰੋਨਾ ਮਹਾਮਾਰੀ ਦਾ ਸ਼ਿਕਾਰ ਹੋ ਗਏ।
ਅਭੈ ਸਿੰਘ ਸੰਧੂ 23 ਮਾਰਚ 2021 ਨੂੰ ਆਪਣੇ ਪਰਿਵਾਰ ਸਮੇਤ ਸਿੰਘੂ ਬਾਰਡਰ ਉਤੇ ਕਿਸਾਨ ਸੰਯੁਕਤ ਮੋਰਚੇ ਦੀ ਸਟੇਜ ਉਤੇ ਸਨ। ਉਨ੍ਹਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਉਤੇ ਜੁੜੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਉਨ੍ਹਾਂ ਦਾ ਤਨ, ਮਨ, ਧਨ ਹਾਜ਼ਰ ਹੈ ਅਤੇ ਉਹ ਐਲਾਨ ਕਰਦੇ ਹਨ ਕਿ ਉਨ੍ਹਾਂ ਲਈ ਕਿਸਾਨ ਵੱਡੇ ਹਨ, ਜਾਨ ਵੱਡੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸੰਯੁਕਤ ਮੋਰਚਾ ਪ੍ਰੋਗਰਾਮ ਦੇਵੇ ਤਾਂ ਉਹ ਇਸ ਪਵਿਤਰ ਕਾਜ਼ ਲਈ ਮਰਨ ਵਰਤ ਰੱਖਣ ਲਈ ਤਿਆਰ ਹਨ।
ਭਗਤ ਸਿੰਘ ਪਰਿਵਾਰ ਦੇ ਇਸ ਬਹਾਦਰ ਯੋਧੇ ਨੂੰ ਭਾਵੇਂ ਮਰਨ ਵਰਤ ਉਤੇ ਜਾਣ ਦੀ ਅਜੇ ਸੰਯੁਕਤ ਮੋਰਚੇ ਨੇ ਇਜਾਜ਼ਤ ਨਹੀਂ ਸੀ ਦਿੱਤੀ, ਪਰ ਉਹ ਇਸ ਅੰਦੋਲਨ ਦੇ ਉਨ੍ਹਾਂ ਸੈਂਕੜੇ ਸ਼ਹੀਦਾਂ ਵਿਚ ਨਾਂ ਲਿਖਵਾ ਗਏ ਹਨ, ਜਿਨ੍ਹਾਂ ਸਖਤ ਮੌਸਮਾਂ ਅਤੇ ਮਹਾਮਾਰੀਆਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਵਿਚ ਭਰਪੂਰ ਯੋਗਦਾਨ ਪਾਇਆ ਅਤੇ ਜਾਨਾਂ ਦੀ ਬਾਜ਼ੀ ਲਾਈ।