ਸਾਹਿਤ ਅਕਾਦਮੀ ਵਲੋਂ ‘ਨਵੇਂ ਲੋਕ’ ਲਈ ਸਾਹਿਤ ਪੁਰਸਕਾਰ ਪ੍ਰਾਪਤ ਨਾਮੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ (20 ਮਈ 1921 ਤੋਂ 24 ਦਸੰਬਰ 1987) ਦਾ ਜਨਮ ਪਿੰਡ ਫੁੱਲਰਵਨ, ਜਿਲਾ ਸ਼ੇਖੂਪੁਰਾ (ਪਾਕਿਸਤਾਨ) ਵਿਚ ਪਿਤਾ ਸ. ਆਸਾ ਸਿੰਘ ਵਿਰਕ ਅਤੇ ਮਾਤਾ ਬੀਬੀ ਈਸ਼ਰ ਕੌਰ (ਚੱਠਾ) ਦੇ ਘਰ ਹੋਇਆ। ਉਨ੍ਹਾਂ ਅੰਗਰੇਜ਼ੀ ਦੀ ਐਮ. ਏ. 1942 ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਕੀਤੀ ਅਤੇ ਫਿਰ ਲਾਅ ਕਾਲਜ, ਲਾਹੌਰ ਤੋਂ ਐਲ. ਐਲ. ਬੀ. ਕਰਨ ਉਪਰੰਤ ਫੌਜੀ ਅਫਸਰ ਬਣੇ ਤੇ ਫਿਰ ‘ਮੁੜ ਵਸਾਊ ਵਿਭਾਗ’ ਵਿਚ ਕੰਮ ਕੀਤਾ।
ਉਨ੍ਹਾਂ ਨੇ ਕਈ ਉੱਚ ਅਹੁਦਿਆਂ `ਤੇ ਰਹਿ ਕੇ ਸਰਕਾਰੀ ਸੇਵਾ ਨਿਭਾਈ। ਉਨ੍ਹਾਂ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਅਤੇ ਕਈ ਹੋਰ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ। ਹਥਲੇ ਲੇਖ ਵਿਚ ਵਰਿਆਮ ਸਿੰਘ ਸੰਧੂ ਨੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ਮੌਕੇ ਯਾਦ ਕਰਦਿਆਂ ਆਪਣੇ ਨਾਲ ‘ਚੁੱਪ-ਚੁਪੀਤੇ ਜਿਹੇ ਪਿਆਰ ਦੇ ਅਹਿਸਾਸ’ ਦਾ ਜਿ਼ਕਰ ਕੀਤਾ ਹੈ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਦੀ ਤੰਦ ਕੱਤੀ ਹੈ। ਦੇਸ਼ ਵੰਡ ਤੋਂ ਪਹਿਲਾਂ ਦੇ ਪੰਜਾਬ ਨੂੰ ਜੇ ਜਾਣਨਾ, ਸਮਝਣਾ ਜਾਂ ਵੇਖਣਾ ਹੋਵੇ ਤਾਂ ਸਾਨੂੰ ਵਿਰਕ ਦੀਆਂ ਕਹਾਣੀਆਂ ਦਾ ਪਾਠ ਤਾਂ ਕਰਨਾ ਹੀ ਪਵੇਗਾ।
ਵਰਿਆਮ ਸਿੰਘ ਸੰਧੂ
ਕੁਲਵੰਤ ਸਿੰਘ ਵਿਰਕ ਜਿਊਂਦਾ ਹੁੰਦਾ ਤਾਂ ਉਹਨੇ 20 ਮਈ ਨੂੰ ਸੌ ਸਾਲ ਦੇ ਹੋ ਜਾਣਾ ਸੀ, ਪਰ ਕੀ ਕੁਲਵੰਤ ਸਿੰਘ ਵਿਰਕ ਸੱਚੀਂ ‘ਮਰ’ ਗਿਆ ਹੈ। ਵਿਰਕ ਨੇ ਅਨੇਕਾਂ ਅਮਰ ਕਹਾਣੀਆਂ ਦੀ ਰਚਨਾ ਕੀਤੀ। ਜਦ ਤੱਕ ਉਹ ਕਹਾਣੀਆਂ ਜਿਊਂਦੀਆਂ ਰਹਿਣਗੀਆਂ ਤਾਂ ਵਿਰਕ ਨੂੰ ਕੌਣ ਮਾਰ ਸਕੇਗਾ! ਵਿਰਕ ਓਨਾ ਚਿਰ ਤੱਕ ਜਿਊਂਦਾ ਹੈ, ਜਿੰਨਾ ਚਿਰ ਪੰਜਾਬੀ ਕਹਾਣੀ ਦਾ ਇਤਿਹਾਸ ਜਿਊਂਦਾ ਹੈ।
ਵਿਰਕ ਪੰਜਾਬੀ ਦਾ ਇੱਕੋ-ਇੱਕ ਕਹਾਣੀਕਾਰ ਹੈ, ਜਿਸ ਨੂੰ ਸਾਰੇ ਸਮਿਆਂ ਦੇ ਲੇਖਕ, ਆਲੋਚਕ ਤੇ ਪਾਠਕ ਇੱਕੋ ਜਿੰਨੀ ਮੁਹੱਬਤ ਨਾਲ ਯਾਦ ਕਰਦੇ ਤੇ ਉਸ ਨੂੰ ਪੰਜਾਬੀ ਦਾ ਸਰਵ-ਸ਼੍ਰੇਠ ਕਥਾਕਾਰ ਆਖ ਕੇ ਮਾਣ ਨਾਲ ਵਡਿਆਉਂਦੇ ਹਨ। ਉਹਦੀ ਵਡੱਤਣ ਨੂੰ ਤਸਲੀਮ ਕਰਨ ਵਾਲਿਆਂ ਵਿਚ ਉਸ ਦੇ ਪੂਰਵਕਾਲੀ, ਸਮਕਾਲੀ ਤੇ ਉਤਰਕਾਲੀ ਲੇਖਕ ਸ਼ਾਮਲ ਹਨ। ਪੰਜਾਬੀ ਨਾਵਲ ਦੀ ਸਿਖਰਲੀ ਹਸਤੀ ਗੁਰਦਿਆਲ ਸਿੰਘ ਲਈ ਉਹ ‘ਮਹਾਨ ਕਹਾਣੀਕਾਰ’; ਕਰਤਾਰ ਸਿੰਘ ਦੁੱਗਲ ਲਈ, ‘ਸਿਖਰ ’ਤੇ ਖਲੋਤਾ ਸ਼ਹਿਨਸ਼ਾਹ’ ਤੇ ਅਜੀਤ ਕੌਰ ਲਈ ‘ਪੰਜਾਬੀ ਕਹਾਣੀ ਦਾ ਵਾਰਿਸ’ ਹੈ। ਪ੍ਰੇਮ ਪ੍ਰਕਾਸ਼ ਮੁਤਾਬਕ ਜੇ ਕੋਈ ਪੰਜਾਬੀ ਕਹਾਣੀ ਦੀ ਪ੍ਰਾਪਤੀ ਹੈ ਤਾਂ ਉਹ ਹੈ, ਕੁਲਵੰਤ ਸਿੰਘ ਵਿਰਕ। ਡਾ. ਟੀ. ਆਰ. ਵਿਨੋਦ ਅਨੁਸਾਰ ‘ਵਿਰਕ ਵਰਗੀਆਂ ਕਹਾਣੀਆਂ ਤਾਂ ਪੰਜਾਬੀ ਵਿਚ ਬਹੁਤ ਹਨ, ਪਰ ਉਹਦੇ ਵਰਗਾ ਕਹਾਣੀਕਾਰ ਕੋਈ ਨਹੀਂ। ਉਹ ਆਪਣੀ ਮਿਸਾਲ ਆਪ ਹੈ।’ ਆਪਣੇ ਵੇਲਿਆਂ ਵਿਚ ਖੁਦ ਸੰਤ ਸਿੰਘ ਸੇਖੋਂ ਨੇ ਇਹ ਮੰਨਿਆ ਸੀ ਕਿ ਉਸ ਤੋਂ ਪਿੱਛੋਂ ਲਿਖਣਾ ਸ਼ੁਰੂ ਕਰ ਕੇ ਕੁਲਵੰਤ ਸਿੰਘ ਵਿਰਕ ਚੁਪਕੇ ਜਿਹੇ ਉਸ ਤੋਂ ਅੱਗੇ ਲੰਘ ਗਿਆ।’ ਏਨੇ ਵੱਡੇ ਨਾਂਵਾਂ ਸਾਹਮਣੇ ਜੇ ਵਰਿਆਮ ਸਿੰਘ ਸੰਧੂ ਵੀ ਇਹ ਗੱਲ ਆਖੇ ਕਿ ਕੁਲਵੰਤ ਸਿੰਘ ਵਿਰਕ ਪੰਜਾਬੀ ਕਹਾਣੀ ਦਾ ਸਿਖਰ ਸੀ ਤਾਂ ਕਿਹੜੀ ਏਡੀ ਗੱਲ ਏ!
ਅੱਜ ਜੇ ਪੰਜਾਬੀ ਕਹਾਣੀ ਕਿਸੇ ਉਚਾਣ ’ਤੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਉਹਦੇ ਪੈਰਾਂ ਹੇਠਾਂ ਕੁਲਵੰਤ ਸਿਘ ਵਿਰਕ ਦਾ ਹੱਥ ਹੈ। ਉਹ ਪੰਜਾਬੀ ਕਹਾਣੀ ਦਾ ‘ਧਰਤੀ ਹੇਠਲਾ ਬੌਲਦ’ ਸੀ। ਇਹ ਕੁਲਵੰਤ ਸਿੰਘ ਵਿਰਕ ਹੀ ਸੀ, ਜਿਸ ਨੇ ਛੋਟੀ ਕਹਾਣੀ ਤੋਂ ਇਲਾਵਾ ਕਿਸੇ ਵੀ ਹੋਰ ਵਿਧਾ ’ਤੇ ਹੱਥ ਨਹੀਂ ਅਜ਼ਮਾਇਆ, ਸਗੋਂ ਉਸ ਨੇ ਛੋਟੀ ਕਹਾਣੀ ਨੂੰ ਹੀ ਵਸਤੂ ਤੇ ਪੇਸ਼ਕਾਰੀ ਦੇ ਸੰਤੁਲਿਤ ਸੰਯੋਗ ਰਾਹੀਂ ਇਸ ਕਲਾਤਮਕ ਬੁਲੰਦੀ ’ਤੇ ਪਹੁੰਚਾ ਦਿੱਤਾ ਕਿ ਉਸ ਨੂੰ ‘ਛੋਟੀ ਕਹਾਣੀ ਦੇ ਵੱਡੇ ਲੇਖਕ’ ਵਜੋਂ ਯਾਦ ਕੀਤਾ ਜਾਣ ਲੱਗਾ।
ਵਿਰਕ ਦੀਆਂ ਪਹਿਲੇ ਦੌਰ ਦੀ ਕਹਾਣੀਆਂ ਵਿਚ ਵਿਸ਼ੇਸ਼ ਕਰਕੇ ਤੇ ਪਿਛਲੇ ਦੌਰ ਦੀਆਂ ਕਹਾਣੀ ਵਿਚ ਆਮ ਕਰਕੇ, ਸਾਨੂੰ ਪੰਜਾਬ ਦਾ ਪਿੰਡ ਆਪਣੀ ਸਾਰੀ ਵਿਭਿੰਨਤਾ ਤੇ ਰੰਗ-ਬ-ਰੰਗਤਾ ਵਿਚ ਬੋਲਦਾ ਸੁਣਾਈ ਅਤੇ ਜਿਊਂਦਾ-ਵਿਚਰਦਾ ਵਿਖਾਈ ਦਿੰਦਾ ਹੈ। ਦੇਸ਼ ਵੰਡ ਤੋਂ ਪਹਿਲਾਂ ਦੇ ਪੰਜਾਬ ਨੂੰ ਜੇ ਜਾਣਨਾ, ਸਮਝਣਾ ਜਾਂ ਵੇਖਣਾ ਹੋਵੇ ਤਾਂ ਸਾਨੂੰ ਵਿਰਕ ਦੀਆਂ ਕਹਾਣੀਆਂ ਦਾ ਪਾਠ ਤਾਂ ਕਰਨਾ ਹੀ ਪਵੇਗਾ।
ਉਸ ਦੌਰ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਕਿਰਸਾਨੀ ਸਮਾਜ ਭਾਵੇਂ ਵੰਡਿਆ ਤਾਂ ਜਾਤਾਂ, ਜਮਾਤਾਂ ਵਿਚ ਸੀ, ਪਰ ਇਨ੍ਹਾਂ ਵੰਡੀਆਂ ਦੇ ਬਾਵਜੂਦ ਪਿੰਡਾਂ ਦੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਸੀ। ਆਪਸੀ ਭਾਈਚਾਰਾ ਬੜਾ ਸੰਗਠਿਤ ਸੀ। ਪਿੱਛੋਂ ਹੌਲੀ ਹੌਲੀ ਪੂੰਜੀਵਾਦੀ ਕੀਮਤਾਂ ਦੇ ਪ੍ਰਵੇਸ਼ ਨਾਲ ਇਸ ਸਾਂਝ ਵਿਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੇ ਨਿਜਮੁਖਤਾ ਦੇ ਰੁਝਾਨ ਵਿਚ ਵਾਧਾ ਹੋ ਜਾਣ ਕਾਰਨ ਪਹਿਲੀਆਂ ਪੀਚਵੀਆਂ ਭਾਈਚਾਰਕ ਸਾਂਝਾਂ ਤਿੜਕਣ-ਟੁੱਟਣ ਵੀ ਲੱਗ ਪਈਆਂ ਸਨ। ਕੁਲਵੰਤ ਸਿੰਘ ਵਿਰਕ ਦੀ ਬਾਰੀਕ ਨਜ਼ਰ ਕਿਰਸਾਣੀ ਸਮਾਜ ਵਿਚ ਵਾਪਰ ਰਹੇ ਇਸ ਪਰਿਵਰਤਨ ਨੂੰ ਤਾੜ ਗਈ ਸੀ। ਵਿਰਕ ਦੀਆਂ ਕਹਾਣੀਆਂ ਵਿਚ ਜਿੱਥੇ ਪੁਰਾਤਨ ਸੰਗਠਿਤ ਭਾਈਚਾਰੇ ਦਾ ਗਲਪ-ਬਿੰਬ ਬੜੀ ਕੁਸ਼ਲਤਾ ਨਾਲ ਉਸਾਰਿਆ ਗਿਆ ਹੈ, ਉਥੇ ਉਸ ਨੇ ਨਵੇਂ ਜ਼ਮਾਨੇ ਦੀਆਂ ਨਵੀਆਂ ਰੌਆਂ ਨੂੰ ਵੀ ਕਲਾਤਮਕ ਜ਼ਬਾਨ ਦਿੱਤੀ ਹੈ। ਉਸ ਦੀਆਂ ਕਹਾਣੀਆਂ: ‘ਉਜਾੜ’, ‘ਤੂੜੀ ਦੀ ਪੰਡ’, ‘ਉਲਾਮ੍ਹਾ’ ਤੇ ‘ਮੁਕਤਸਰ’ ਆਦਿ ਵਿਚ ਸਾਨੂੰ ਜਿੱਥੇ ਸੰਗਠਿਤ ਭਾਈਚਾਰੇ ਤੇ ਆਪਸੀ ਭਰੱਪੀ ਸਾਂਝ ਦੇ ਪ੍ਰਮਾਣਿਕ ਹਵਾਲੇ ਮਿਲਦੇ ਹਨ, ਉਥੇ ਪੂੰਜੀਵਾਦੀ ਕੀਮਤਾਂ ਦੇ ਪ੍ਰਵੇਸ਼ ਨਾਲ ਟੁੱਟ-ਤਿੜਕ ਰਹੇ ਭਾਈਚਾਰੇ ਦਾ ਪ੍ਰਮਾਣਿਕ ਦ੍ਰਿਸ਼ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ।
ਵਿਰਕ ਦੀਆਂ ਸਮੁੱਚੀਆਂ ਕਹਾਣੀਆਂ ਦੇ ਅਧਿਅਨ ਤੋਂ ਇਹ ਤੱਥ ਭਲੀ-ਭਾਂਤ ਉਜਾਗਰ ਹੁੰਦਾ ਹੈ ਕਿ ਉਹ ਔਰਤ ਬਾਰੇ ਬੜਾ ਹੀ ਸੰਵੇਦਨਸ਼ੀਲ ਹੈ ਅਤੇ ਨਵੇਂ ਸਮਾਜ ਦੀ ਉਸਾਰੀ ਵਿਚ ਉਸ ਨੂੰ ਔਰਤ ਦਾ ਰੋਲ ਬੜਾ ਹੀ ਅਹਿਮ ਲੱਗਦਾ ਹੈ। ਪਿਛਲੇ ਦੌਰ ਵਿਚ, ਜਦੋਂ ਉਹ ਸ਼ਹਿਰੀ ਜੀਵਨ ਵਿਚ ਪੜ੍ਹ, ਬਦਲ ਤੇ ਸਮਾਜ ਦੀ ਉਸਾਰੀ ਵਿਚ ਹਿੱਸਾ ਪਾ ਰਹੀ ਔਰਤ ਦੇ ਚਿੱਤਰ ਉਲੀਕਦਾ ਹੈ, ਤਾਂ ਉਸ ਨੂੰ ਅਜਿਹੀਆਂ ਔਰਤਾਂ ‘ਸ਼ੇਰਨੀਆਂ’ ਲੱਗਦੀਆਂ ਹਨ ਅਤੇ ਉਨ੍ਹਾਂ ਵਿਚ ਉਸ ਨੂੰ ਨਵੇਂ ਭਾਰਤ ਦੀ ਆਤਮਾ ਵੱਸਦੀ ਨਜ਼ਰ ਆਉਂਦੀ ਹੈ। ਨਵੇਂ ਭਾਰਤ ਦੀਆਂ ਪ੍ਰਤੀਨਿਧ ਅਜਿਹੀਆਂ ਸਮਰੱਥ ਔਰਤਾਂ ਨੂੰ ਉਹ ‘ਨਮਸਕਾਰ’ ਕਰਦਾ ਹੈ। ਉਹ ਔਰਤ ਦੀ ਸਿਰਜਣਹਾਰੀ ਸਮਰੱਥਾ ਨੂੰ ਵੀ ਨਮਸਕਾਰ ਕਰਦਾ ਹੈ, ਜਿਸ ਵਿਚ ਮਰਦ ਨਾਲੋਂ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਵਧੇਰੇ ਹੈ ਅਤੇ ਉਹ ਆਪਣੇ ਆਪ ਨੂੰ ਹਾਲਾਤ ਦੇ ਮੁਤਾਬਕ ਢਾਲ ਸਕਣ ਦੀ ਵਡੇਰੀ ਸਮਰੱਥਾ ਦੀ ਮਾਲਕ ਵੀ ਹੈ। ਔਰਤ ਦੀ ਨਵੇਂ ਹਾਲਾਤ ਨਾਲ ਨਿਪਟਣ ਤੇ ਉਸ ਅਨੁਕੂਲ ਆਪਣੇ ਆਪ ਨੂੰ ਢਾਲ ਸਕਣ ਤੇ ਆਪਣੀਆਂ ਜੜ੍ਹਾਂ ਨਵੀਂ ਜ਼ਮੀਨ ਵਿਚ ਗੱਡ ਸਕਣ ਦੀ ਅਥਾਹ ਸਮਰੱਥਾ ਦੀ ਮਿਸਾਲ, ਕਹਾਣੀ ‘ਖੱਬਲ’ ਵਿਚੋਂ ਵੇਖੀ ਜਾ ਸਕਦੀ ਹੈ।
ਅਸਲ ਵਿਚ ਵਿਰਕ ਔਰਤ-ਮਰਦ ਸੰਬੰਧਾਂ ਨੂੰ ਭੂਪਵਾਦੀ ਕੀਮਤਾਂ ਦੇ ਚੌਖਟੇ ਵਿਚ ਰੱਖ ਕੇ ਵੇਖਣ ਦੀ ਥਾਂ ਨਜ਼ਰ ਦੀ ਤਾਜ਼ਗੀ ਨਾਲ ਵੇਖਦਾ ਹੈ। ਉਹ ਔਰਤ-ਮਰਦ ਸੰਬੰਧਾਂ ਨਾਲ ਜੁੜੀ ਸਾਧੂਵਾਦੀ ਨੈਤਿਕਤਾ ਦਾ ਮੁਦੱਈ ਨਹੀਂ। ਨਾ ਹੀ ਉਹ ਇਹ ਸਮਝਦਾ ਹੈ ਕਿ ਕੋਈ ਵਿਸ਼ਾ ਇਸ ਕਰਕੇ ਜ਼ਿਕਰਯੋਗ ਨਹੀਂ ਕਿ ਸਮਾਜ ਉਸ ਨੂੰ ਵਰਜਿਤ ਸਮਝਦਾ ਹੈ। ਉਸ ਅਨੁਸਾਰ ਤਾਂ ਜਿਹੜਾ ਜਜ਼ਬਾ ਲੱਖਾਂ ਲੋਕਾਂ ਦੇ ਦਿਲਾਂ ਵਿਚ ਧੜਕਦਾ ਹੈ, ਉਸ ਨੂੰ ਸਾਹਿਤ ਵਿਚ ਵੀ ਪੇਸ਼ ਕਰਨਾ ਕੋਈ ਮਾੜੀ ਗੱਲ ਨਹੀਂ।
ਔਰਤ ਹੀ ਨਹੀਂ, ਪੰਜਾਬ ਦੇ ਕਿਸਾਨੀ ਭਾਈਚਾਰੇ ਵਿਚ ਮਰਦ ਕੋਲ ਵੀ ਦੁੱਖ ਨੂੰ ਸਹਿ ਸਕਣ ਦੀ ਬੇਮਿਸਾਲ ਸਮਰੱਥਾ ਹੈ। ਅਸਲ ਵਿਚ ਪੰਜਾਬ ਦੇ ਕਿਰਸਾਨ ਦਾ ਜੀਵਨ ਬੜਾ ਸੰਕਟਾਂ ਭਰਿਆ ਰਿਹਾ ਹੈ। ਧਰਤੀ ਦੀ ਹਿੱਕ ਚੀਰਦੇ, ਧਰਤੀ ਜਿੱਡੇ ਜੇਰਿਆਂ ਵਾਲੇ, ਇਹ ਲੋਕ ਸਿਰਾਂ ਉੱਤੇ ਪਏ ਸੰਕਟਾਂ ਦੇ ਸਨਮੁੱਖ ਹੋਣਾ `ਤੇ ਉਨ੍ਹਾਂ ਨੂੰ ਸਹਿਣਾ ਜਾਣਦੇ ਹਨ। ਇਸ ਦੀ ਸਭ ਤੋਂ ਉੱਤਮ ਮਿਸਾਲ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਹੈ। ਬਜ਼ੁਰਗ ਬਾਪ ਆਪਣੇ ਪੁੱਤ ਦੀ ਮੌਤ ਦੀ ਖਬਰ ਆਪਣੇ ਪੁੱਤ ਦੇ ਦੋਸਤ ਤੋਂ ਲੁਕਾਈ ਰੱਖਦਾ ਹੈ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਹਦੇ ਪੁੱਤ ਦੇ ਦੋਸਤ ਮਾਨ ਸਿੰਘ ਦੀ ਛੁੱਟੀ ਖਰਾਬ ਹੋਵੇ। ਕਹਾਣੀ ਦੂਜੇ ਦੇ ਸੁਖ ਲਈ ਆਪ ਦੁੱਖ ਸਹਿ ਸਕਣ ਦੀ ਸਾਧਾਰਨ ਬੰਦੇ ਦੀ ਅਸਾਧਾਰਨ ਸਮਰੱਥਾ ਦਾ ਬਿਰਤਾਂਤ ਹੈ।
ਉਹ ਮੌਤ ਅਤੇ ਜ਼ਿੰਦਗੀ ਦੀ ਕਸ਼ਮਕਸ਼ ਨੂੰ ਸਹਿਜ-ਸੰਤੁਲਨ ਵਿਚ ਬੰਨ੍ਹ ਕੇ ਪੇਸ਼ ਕਰ ਸਕਣ ਦੇ ਹੁਨਰ ਦਾ ਬੇਮਿਸਾਲ ਸਿਰਜਕ ਹੈ। ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਸਦਾ ਵਿਰਕ ਦੀ ਕਹਾਣੀ ਵਿਚੋਂ ਸਿੱਖਣ ਲਈ ਮਿਲਦਾ ਰਹੇਗਾ।
ਉਹ ਬਹੁਤ ਬਾਰੀਕ-ਬੁੱਧ ਕਥਾਕਾਰ ਸੀ। ਕਈ ਵਾਰ ਆਮ ਜਿਹੇ ਪਾਠਕ ਨੂੰ ਉਹਦੀ ਗੱਲ ਦੇ ਅਰਥ ਸਮਝਣ ਲਈ ਸੋਚਣਾ ਪੈਂਦਾ ਹੈ।
ਨਵੀਂ-ਨਵੀਂ ਗਿਆਨੀ ਪਾਸ ਕਰ ਕੇ ਆਏ ਸਾਡੇ ਗਿਆਨੀ ਮਾਸਟਰ ਨੇ ਸਾਨੂੰ ਨੌਵੀਂ ਜਮਾਤ ਵਿਚ ਕਹਾਣੀ ਪੜ੍ਹਾਉਣ ਸਮੇਂ ਵਿਰਕ ਦੀ ਕਹਾਣੀ ‘ਮੁਰਦੇ ਦੀ ਤਾਕਤ’ ਬਾਰੇ ਕਿਹਾ, “ਇਹ ਵਿਰਕ ਐਵੇਂ ਜਿਹਾ ਈ ਕਹਾਣੀਕਾਰ ਹੈ। ਪਤਾ ਈ ਨਹੀਂ ਲੱਗਦਾ ਕਿ ਕਹਿਣਾ ਕੀ ਚਾਹੁੰਦਾ ਏ! ਇਹਨੂੰ ਛੱਡੋ ਅਗਲੀ ਕਹਾਣੀ ਪੜ੍ਹਦੇ ਹਾਂ!”
ਮੇਰੀ ਜ਼ਿੰਦਗੀ ਵਿਚ ਉਹ ਪਹਿਲਾ ਤੇ ਆਖਰੀ ਬੰਦਾ ਸੀ, ਜਿਸ ਨੇ ਵਿਰਕ ਬਾਰੇ ਅਜਿਹੀ ਟਿੱਪਣੀ ਕੀਤੀ।
ਜਦ ਮੈਂ 1975 ਵਿਚ ਐਮਰਜੈਂਸੀ ਲੱਗਣ ਕਰ ਕੇ ਜੇਲ੍ਹ ਵਿਚ ਸਾਂ ਤਾਂ ਮੈਂ ਪੰਜਾਬੀ ਦੀ ਐਮ. ਏ. ਕਰਨ ਲਈ ਕਿਤਾਬਾਂ ਜੇਲ੍ਹ ਵਿਚ ਹੀ ਮੰਗਵਾ ਲਈਆਂ। ਆਪਣੇ ਅਨਪੜ੍ਹ ਸਾਥੀ ਕੈਦੀਆਂ ਨੂੰ ਵਿਰਕ ਦੀਆਂ ਕਹਾਣੀਆਂ ਪੜ੍ਹ ਕੇ ਸੁਣਾਉਂਦਾ ਤਾਂ ਉਹ ਪੂਰੇ ਧਿਆਨ ਨਾਲ ਸੁਣਦੇ ਤੇ ਕਹਿੰਦੇ, “ਮਜਾ ਆ ਗਿਆ ਯਾਰ। ਕਮਾਲ ਦਾ ਬੰਦਾ ਐ। ਸਾਡੇ ਮਨਾਂ ਦੀਆਂ ਬੁੱਝ ਲੈਂਦਾ ਏ ਇਹ ਤਾਂ। ਸਾਡੀਆਂ ਈ ਗੱਲਾਂ ਕਰੀ ਜਾਂਦੈ।”
ਨਵੇਂ ਕਹਾਣੀ ਲਿਖਣ ਵਾਲਿਆਂ ਨੂੰ ਵੀ ਕਦੀ ਉਨ੍ਹਾਂ ਲੋਕਾਂ ਨੂੰ ਆਪਣੀਆਂ ਕਹਾਣੀਆਂ ਪੜ੍ਹ ਕੇ ਸੁਣਾਉਣੀਆਂ ਚਾਹੀਦੀਆਂ ਨੇ, ਜਿਨ੍ਹਾਂ ਬਾਰੇ ਲਿਖੀਆਂ ਗਈਆਂ ਨੇ। ਫਿਰ ਪਤਾ ਚੱਲੂ ਕਿਸ ਭਾਅ ਵਿਕਦੀ ਏ!
—
ਵਿਰਕ ਸਾਹਿਬ ਦੀਆਂ ਕੁਝ ਯਾਦਾਂ:
1979 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਡਾ. ਸਾਧੂ ਸਿੰਘ ਤੇ ਸੁਰਜੀਤ ਪਾਤਰ ਦੇ ਉੱਦਮ ਨਾਲ ਮੇਰੇ ਨਵੇਂ ਛਪੇ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ’ਤੇ ਗੋਸ਼ਟੀ ਰੱਖੀ ਗਈ, ਜਿਸ ਵਿਚ ਵਿਰਕ ਸਾਹਿਬ ਨੇ ਉਦਘਾਟਨੀ ਭਾਸ਼ਨ ਦਿੰਦਿਆਂ ਕਿਹਾ, “ਦੋ ਕਹਾਣੀਕਾਰ ਮੇਰੇ ਬਹੁਤ ਨਜ਼ਦੀਕ ਨੇ-ਇੱਕ ਸੁਖਵੰਤ ਕੌਰ ਮਾਨ ਤੇ ਦੂਜਾ ਵਰਿਆਮ ਸੰਧੂ। ਸੁਖਵੰਤ ਕੁਝ ਜ਼ਿਆਦਾ ਨੇੜੇ, ਔਰਤ ਹੋਣ ਕਰ ਕੇ ਨਹੀਂ, ਮੀਲਾਂ ਵਿਚ। ਉਹਦਾ ਪਿੰਡ ਸਾਡੇ ਪਿੰਡ ਦੇ ਨੇੜੇ ਸੀ। ਵਰਿਆਮ ਵੀ ਕਿਹੜਾ ਦੂਰ ਸੀ, ਸਾਡੇ ਦਰਮਿਆਨ ਨਿੱਕਾ ਜਿਹਾ ਰਾਵੀ ਦਰਿਆ ਪੈਂਦਾ ਸੀ। ਦਰਿਆ ਵੀ ਕਾਹਦਾ ਸੀ, ਐਵੇਂ ਪਾਣੀ ਦੀ ਲੀਕ ਜਿਹੀ। ਵਰਿਆਮ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਲੱਗਦਾ ਏ ਐਹ ਮੇਰਾ ਪਿੰਡ ਏ। ਮੈਂ ਓਥੇ ਬੈਠਾਂ।”
ਫਿਰ ਉਨ੍ਹਾਂ ਮਿੱਠੀ ਜਿਹੀ ਮਸ਼ਕਰੀ ਕੀਤੀ, “ਇੱਕ ਗੱਲ ਵਰਿਆਮ ਨਾਲ ਮੇਰੀ ਹੋਰ ਸਾਂਝੀ ਏ। ਉਹ ਇਹ ਵੇ ਕਿ ਵਿਰਕ ਅਤੇ ਸੰਧੂ ਦੋਵੇਂ ਜਾਹਿਲ ਕੌਮਾਂ ਨੇ!”
ਫਿਰ ਉਨ੍ਹਾਂ ਸਾਡੇ ਦੋਹਾਂ ਦੇ ਵੱਖਰੇਪਨ ਬਾਰੇ ਗੱਲ ਕਰਦਿਆਂ ਕਿਹਾ, “ਇਕ ਗੱਲ ਵਰਿਆਮ ਦੀਆਂ ਕਹਾਣੀਆਂ ਵਿਚ ਮੇਰੇ ਤੋਂ ਵੱਖਰੀ ਏ। ਮੈਨੂੰ ਲੱਭੀ ਨਹੀਂ। ਸਾਡੇ ਵੇਲੇ ਪਿੰਡ ਵਿਚ ਕੁਲੈਕਟਿਵ ਐਕਸ਼ਨ ਹੁੰਦਾ ਸੀ। ਮਸਲਨ ਖਾਲ ਖਾਲਣਾ ਹੋਵੇ ਤਾਂ ਰਾਤ ਨੂੰ ਪਿੰਡ ਵਿਚ ਪੀਪਾ ਖੜਕਾ ਦਿਓ, ਸਵੇਰੇ ਲੋਕ ਆਪਣੀਆਂ ਕਹੀਆਂ ਲੈ ਕੇ ਆ ਜਾਂਦੇ। ਰਾਤ-ਬਰਾਤੇ ਚੋਰ ਦਾ ਖੜਕਾ ਸੁਣ ਕੇ ਕਿਸੇ ਆਵਾਜ਼ ਦੇਣੀ ਤਾਂ ਸਾਰਾ ਪਿੰਡ ਉੱਠ ਕੇ ਭੱਜ ਤੁਰਦਾ ਸੀ। ਵਰਿਆਮ ਦੀਆਂ ਕਹਾਣੀਆਂ ਵਿਚ ਇਹ ਮਿਸਿੰਗ ਏ। ਸ਼ਾਇਦ ਹੁਣ ਦਾ ਪਿੰਡ ਇੰਜ ਦਾ ਹੀ ਹੋ ਗਿਆ ਹੋਵੇ। ਮੈਨੂੰ ਨਹੀਂ ਪਤਾ, ਵਰਿਆਮ ਨੂੰ ਬਹੁਤਾ ਪਤਾ ਹੋ ਸਕਦਾ ਏ।”
“ਇੱਕ ਹੋਰ ਗੱਲ ਵਰਿਆਮ ਦੀਆਂ ਕਹਾਣੀਆਂ ਵਿਚ ਮੇਰੇ ਤੋਂ ਵੱਖਰੀ ਏ। ਅਸੀਂ ਕਮਿਊਸਟਾਂ ਤੋਂ ਡਰਦੇ ਹੁੰਦੇ ਸਾਂ ਜਾਂ ਘੱਟੋ ਘੱਟ ਉਨ੍ਹਾਂ ਦੇ ਨੇੜੇ ਦਿਸਣ ਦੀ ਕੋਸ਼ਿਸ਼ ਕਰਦੇ ਸਾਂ, ਪਰ ਵਰਿਆਮ ਕਮਿਊਨਿਸਟਾਂ ਦੀ ਖੁਲ੍ਹ ਕੇ ਆਲੋਚਨਾ ਕਰਦਾ ਏ!”
ਗੋਸ਼ਟੀ ਤੋਂ ਬਾਅਦ ਬੀਅਰ ਤੇ ਖਾਣ-ਪਾਣ ਕੁਲਵੰਤ ਸਿੰਘ ਵਿਰਕ ਨੇ ਆਪਣੇ ਦਫਤਰ ਵਿਚ ਕੀਤਾ। ਉਹ ਵੱਡੇ ਮੇਜ਼ ਸਾਹਮਣੇ ਆਪਣੀ ਕੁਰਸੀ ’ਤੇ ਸ਼ਹਿਨਸ਼ਾਹ ਬਣਿਆ ਬੈਠਾ ਸੀ। ਪੱਗ ਲਾਹ ਕੇ ਮੇਜ਼ ’ਤੇ ਰੱਖੀ ਹੋਈ। ਉਹਦੀ ਹਾਜ਼ਰੀ ਵਿਚ ਲੇਖਕ-ਮਿੱਤਰ ਆਨੰਦ-ਵਿਭੋਰ ਹੋ ਰਹੇ ਸਨ।
ਇੱਕ ਵਾਰ ਗੁਰਭਜਨ ਗਿੱਲ ਨੇ ਜਗਰਾਓਂ ਕਾਲਜ ਵਿਚ ਕਹਾਣੀ ਦਰਬਾਰ ਰੱਖਿਆ। ਰਾਮ ਸਰੂਪ ਅਣਖੀ ਤੇ ਮੈਨੂੰ ਕਹਾਣੀਆਂ ਪੜ੍ਹਨ ਲਈ ਬੁਲਾਇਆ। ਇਕ ਜਣਾ ਸ਼ਾਇਦ ਕੋਈ ਹੋਰ ਵੀ ਸੀ, ਯਾਦ ਨਹੀਂ ਰਿਹਾ। ਵਿਰਕ ਸਾਹਿਬ ਨੇ ਪ੍ਰਧਾਨਗੀ ਕੀਤੀ। ਮੈਂ ਆਪਣੀ ਕਹਾਣੀ ‘ਆਪਣਾ ਆਪਣਾ ਹਿੱਸਾ’ ਪੜ੍ਹੀ। ਮਰ ਗਈ ਮਾਂ ਦੇ ਫੁੱਲ ਗੰਗਾ ਪਾ ਕੇ ਆਉਣ `ਤੇ ਉਹਦੇ ਇਲਾਜ ’ਤੇ ਹੋਏ ਖਰਚੇ ਦੀ ਵੰਡ-ਵੰਡਾਈ ਦੇ ਮੁੱਦੇ ਨੂੰ ਲੈ ਕੇ ਕਹਾਣੀ ਦੇ ਅਖੀਰ ’ਤੇ ਆਪਣੇ ਵੱਡੇ ਭਰਾਵਾਂ ਤੇ ਭੈਣ ਦੀ ਵਧੀਕੀ ਤੋਂ ਅੱਕਿਆ ਹੋਇਆ, ਕਹਾਣੀ ਦਾ ਮੁੱਖ-ਪਾਤਰ ਘੁੱਦੂ ਕਹਿੰਦਾ ਏ ਕਿ ਉਹਦੀ ਹਾਲ ਦੀ ਘੜੀ ਪੁੱਜਤ ਨਹੀਂ। ਉਹਦੇ ਹਿੱਸੇ ਦੇ ਫੁੱਲ ਕਿੱਲੀ ’ਤੇ ਟੰਗ ਦਿਓ। ਜਦੋਂ ਪੁੱਜਤ ਹੋਈ, ਮੈਂ ਪਾ ਆਊਂਗਾ। ਫੁੱਲ ਵੰਡ ਦੇ ਹਵਾਲੇ ਨਾਲ ਪ੍ਰਧਾਨਗੀ ਭਾਸ਼ਨ ਦਿੰਦਿਆਂ ਵਿਰਕ ਸਾਹਿਬ ਨੇ ਕਹਾਣੀ ਬਾਰੇ ਮਜ਼ਾਹੀਆ ਟਿੱਪਣੀ ਕੀਤੀ। ਕਹਿੰਦੇ, “ਸਾਡੇ ਕਿਸੇ ਪੜ੍ਹੇ-ਲਿਖੇ ਵਿਰਕ ਨੇ ਵਿਰਕਾਂ ਦੇ ਪਿੰਡਾਂ ਵਿਚ ਜਾ ਕੇ ਕਿਹਾ, ‘ਮੈਂ ਵਿਰਕਾਂ ਦਾ ਇਤਿਹਾਸ ਲਿਖ ਰਿਹਾਂ। ਜਦੋਂ ਛਪ ਗਿਆ, ਵਿਰਕ ਅਮਰ ਹੋ ਜਾਣਗੇ; ਪਰ ਕਿਤਾਬ ਛਾਪਣ ’ਤੇ ਪੈਸੇ ਲੱਗਣੇ ਨੇ। ਉਨ੍ਹਾਂ ਦਾ ਰਲ-ਮਿਲ ਕੇ ਇੰਤਜ਼ਾਮ ਕਰ ਦੇਵੋ।’ ਤਾਂ ਅੱਗੋਂ ਵਿਰਕ ਕਹਿੰਦੇ, ਤੂੰ ਸਾਡੇ ਹਿੱਸੇ ਦੇ ਵਰਕੇ ਸਾਨੂੰ ਦੇ ਜਾਹ। ਅਸੀਂ ਆਪੇ ਛਾਪ ਲਵਾਂਗੇ।”
ਜਦ ਮੈਂ ਐਮ ਫਿਲ ਕਰਨੀ ਸੀ ਤਾਂ ਮੇਰਾ ਗੁਣਾ ਸਹਿਜੇ ਹੀ ਆਪਣੇ ਸਭ ਤੋਂ ਪਸੰਦੀਦਾ ਕਹਾਣੀਕਾਰ ਵਿਰਕ ’ਤੇ ਹੀ ਪੈਣਾ ਸੀ। ਜੋ ਮੈਂ ਲਿਖਿਆ, ਉਸ ਨੂੰ ਬਾਅਦ ਵਿਚ ਕਿਤਾਬੀ ਸ਼ਕਲ ਵਿਚ ਛਾਪ ਦਿੱਤਾ, “ਕੁਲਵੰਤ ਸਿੰਘ ਵਿਰਕ ਦਾ ਕਹਾਣੀ-ਸੰਸਾਰ।” ਜਗਰਾਓਂ ਵਾਲੇ ਕਹਾਣੀ ਦਰਬਾਰ ਮੌਕੇ ਮੈਂ ਉਹ ਕਿਤਾਬ ਵਿਰਕ ਸਾਹਿਬ ਨੂੰ ਭੇਟ ਕੀਤੀ।
ਉਨ੍ਹਾਂ ਦੇ ਜਿਊਂਦੇ ਜੀ, ਕਈ ਵਾਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ, ਪਰ ਉਨ੍ਹਾਂ ਮੇਰੀ ਕਿਤਾਬ ਬਾਰੇ ਕਦੀ ਇੱਕ ਵੀ ਸ਼ਬਦ ਨਾ ਬੋਲਿਆ। ਉਹ ਬਹੁਤ ਘੱਟ ਬੋਲਦੇ ਸਨ। ਜਦ ਵੀ ਬੋਲਦੇ, ਪਤੇ ਦੀ ਗੱਲ ਕਰਦੇ ਤੇ ਚੁੱਪ ਹੋ ਜਾਂਦੇ। ਅਗਲਾ ਉਡੀਕਦਾ ਰਹਿੰਦਾ ਕਿ ਕੁਝ ਹੋਰ ਵੀ ਕਹਿਣਗੇ, ਪਰ ਕਹੀ ਜਾਣ ਵਾਲੀ ਗੱਲ ਤਾਂ ਕਹੀ ਜਾ ਚੁਕੀ ਹੁੰਦੀ ਸੀ।
ਕਈ ਸਾਲ ਬਾਅਦ ਮੈਨੂੰ ਜੋਗਿੰਦਰ ਸਿੰਘ ਨਿਰਾਲਾ ਦੀ ਵਿਰਕ ਸਾਹਿਬ ਨਾਲ ਕੀਤੀ ਇੱਕ ਇੰਟਰਵੀਊ ਲੱਭੀ, ਜੋ ਉਨ੍ਹਾਂ ਦੇ ਸਦੀਵੀ ਵਿਛੋੜੇ ਤੋਂ ਕਈ ਸਾਲ ਬਾਅਦ ਛਪੀ ਸੀ। ਉਸ ਵਿਚ ਨਿਰਾਲੇ ਨੇ ਉਨ੍ਹਾਂ ’ਤੇ ਹੋਏ ਆਲੋਚਨਾਤਕ ਕੰਮ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਮੇਰੇ ਬਾਰੇ ਜਿੰਨਾ ਵੀ ਲਿਖਿਆ ਗਿਆ ਏ, ਉਸ ਵਿਚੋਂ ਸਭ ਤੋਂ ਵਧੀਆ ਕਿਤਾਬ ਵਰਿਆਮ ਸਿੰਘ ਸੰਧੂ ਦੀ ਹੈ।”
ਇਹ ਸ਼ਬਦ ਮੇਰੇ ਲਈ ਬਹੁਤ ਵੱਡਾ ਸਨਮਾਨ ਸਨ। ਅਣਮੁੱਲਾ ਸਰਮਾਇਆ!
ਅਸੀਂ ਲਾਇਲਪੁਰ ਖਾਲਸਾ ਕਾਲਜ ਵੱਲੋਂ ਵਿਰਕ ਦੇ ਪਰਿਵਾਰ ਨਾਲ ਮਿਲ ਕੇ ‘ਕੁਲਵੰਤ ਸਿੰਘ ਵਿਰਕ ਯਾਦਗਾਰੀ ਪੁਰਸਕਾਰ’ ਵੀ ਸ਼ੁਰੂ ਕੀਤਾ ਸੀ। ਗੁਰਬਚਨ ਸਿੰਘ ਭੁੱਲਰ, ਗੁਰਦੇਵ ਸਿੰਘ ਰੁਪਾਣਾ, ਮੋਹਨ ਭੰਡਾਰੀ, ਸੰਤੋਖ ਸਿੰਘ ਧੀਰ ਨੂੰ ਇਹ ਪੁਰਸਕਾਰ ਮਿਲੇ। ਮੇਰਾ ਨਾਂ ਵੀ ਉਨ੍ਹਾਂ ਵਿਚ ਸ਼ਾਮਲ ਸੀ। ਨਵੀਂ ਪ੍ਰਤਿਭਾ ਨੂੰ ਮਾਨਤਾ ਦੇਣ ਲਈ ਬਲਦੇਵ ਧਾਲੀਵਾਲ ਅਤੇ ਸੁਖਜੀਤ ਨੂੰ ਵੀ ‘ਵਿਰਕ-ਪੁਰਸਕਾਰ’ ਦਿੱਤੇ ਗਏ।
ਵਿਰਕ ਸਾਹਿਬ ਨੇ ਆਪਣੀ ਸਵੈ-ਜੀਵਨੀ ਵੀ ਲਿਖਣੀ ਸ਼ੁਰੂ ਕੀਤੀ ਸੀ, ਪਰ ਉਹ ਅੱਧ-ਵਿਚਾਲੇ ਹੀ ਰਹਿ ਗਈ। ਮੈਂ ਵਿਰਕ ਸਾਹਿਬ ਦੀ ਪਤਨੀ ਹਰਬੰਸ ਕੌਰ ਕੋਲੋਂ ਕੁਝ ਵਰਕੇ ਲੈ ਕੇ ਸਵੈ-ਜੀਵਨੀ ਦਾ ਇੱਕ ਚੈਪਟਰ ਉਨ੍ਹਾਂ ਦੀ ਯਾਦ ਵਿਚ ਛਾਪੇ ਗਏ ਸੋਵੀਨਰ ਵਿਚ ਵੀ ਛਾਪਿਆ ਸੀ। ਬਾਅਦ ਵਿਚ ਮੈਂ ਉਨ੍ਹਾਂ ਨੂੰ ਕਹਿੰਦਾ ਵੀ ਰਿਹਾ ਕਿ ਵਿਰਕ ਸਾਹਿਬ ਨੇ ਜਿੰਨਾ ਕੁ ਵੀ ਲਿਖਿਆ ਏ, ਆਪਾਂ ਨੂੰ ਛਾਪ ਲੈਣਾ ਚਾਹੀਦਾ ਏ, ਪਰ ਉਹ ਦਲੀਲਾਂ ਵਿਚ ਈ ਪਏ ਰਹੇ। ਪਤਾ ਨਹੀਂ ਕੀ ਸੋਚਦੇ ਸਨ! ਪਰ ਹੁਣ ਉਹ ਖਰੜਾ ਕਿਥੋਂ ਮਿਲਣਾ ਏਂ!
ਉਸ ਚੈਪਟਰ ਵਿਚ ਵਿਰਕ ਹੁਰੀਂ ‘ਆਪਣੇ ਹਾਈ ਸਕੂਲ ਦੇ ਅਨੁਭਵ’ ਦੱਸਦਿਆਂ ਲਿਖਦੇ ਹਨ ਕਿ ਮੈਂ ਜਦੋਂ ਪਿੰਡ ਛੱਡ ਕੇ ਸ਼ੇਖੂਪੁਰੇ ਆਪਣੇ ਵੱਡੇ ਵਕੀਲ ਭਰਾ ਕੋਲ ਰਹਿ ਕੇ ਪੜ੍ਹਨ ਲੱਗਾ ਤਾਂ ਉਥੇ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਅਮੀਰ ਮੁਸਲਮਾਨਾਂ ਦੇ ਮੁੰਡੇ ਬੂਟਾਂ ਥੱਲੇ ‘ਜੁਰਾਬਾਂ’ ਨਾਂ ਦੀ ਕੋਈ ਸ਼ੈਅ ਵੀ ਪਾਉਂਦੇ ਨੇ। ਉਨ੍ਹਾਂ ਇਹ ਵੀ ਲਿਖਿਆ ਕਿ ਪਿੰਡ ਵਿਚ ਉਹ ਆਮ ਤੌਰ ’ਤੇ ਨੰਗੇ ਪੈਰੀਂ ਹੀ ਰਹਿੰਦੇ ਸਨ, ਪਰ ਸ਼ੇਖੂਪੁਰੇ ਸਕੂਲੇ ਜਾਣ ਵੇਲੇ ਉਨ੍ਹਾਂ ਨੂੰ ਜੁੱਤੀ ਪਾਉਣੀ ਪੈਂਦੀ ਸੀ। ਘਰ ਆਉਂਦਆਂ ਹੀ ਉਹ ਜੁੱਤੀ ਲਾਹ ਕੇ ਵਿਹੜੇ ਵਿਚ ਵਗਾਹ ਮਾਰਦੇ। ਇਕ ਦਿਨ ਉਹ ਸਵੇਰੇ ਸਕੂਲ ਜਾਣ ਲੱਗੇ ਜੁੱਤੀ ਲੱਭਣ ਲੱਗੇ। ਜੁੱਤੀ ਵਿਹੜੇ ਵਿਚ ਪਈ ਹੋਣ ਕਰ ਕੇ ਰਾਤ ਦੀ ਠੰਢ ਨਾਲ ਆਕੜ ਗਈ ਸੀ। ਉਨ੍ਹਾਂ ਨੇ ਉਹਦੀ ‘ਆਕੜ ਭੰਨਣ’ ਲਈ ਚੁੱਲ੍ਹੇ ਵਿਚੋਂ ਚਿਮਟੇ ਨਾਲ ਭਖਦੇ ਕੋਲੇ ਕੱਢ ਕੇ ਜੁੱਤੀ ਵਿਚ ਰੱਖ ਦਿੱਤੇ। ਕੋਲਿਆਂ ਨਾਲ ਜੁੱਤੀ ਸੜ ਗਈ ਤੇ ਉਨ੍ਹਾਂ ਨੂੰ ਨੰਗੇ ਪੈਰੀਂ ਸਕੂਲ ਜਾਣਾ ਪਿਆ। ਉਦੋਂ ਉਹ ਨੌਵੀਂ ਵਿਚ ਪੜ੍ਹਦੇ ਸਨ। ਸ਼ਹਿਰੀ ਜਮਾਤੀਆਂ ਨੇ ਨੰਗੇ ਪੈਰੀਂ ਸਕੂਲ ਆਉਣ ਦਾ ਕਾਰਨ ਪੁੱਛਿਆ ਤਾਂ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ, “ਐਵੇਂ ਜੁੱਤੀ ਪਾਉਣ ਦਾ ਚੇਤਾ ਜਿਹਾ ਈ ਭੁੱਲ ਗਿਆ ਸੀ!” ਉਨ੍ਹਾਂ ਇਹ ਵੀ ਲਿਖਿਆ ਕਿ ਹੋਸਟਲ ਦੇ ਮੁੰਡਿਆਂ ਨਾਲ ਮਿਲ ਕੇ ਉਹ ਕਿਸੇ ਦੇ ਬਾਗ ਵਿਚੋਂ ਰਾਤ ਨੂੰ ਮਾਲਟੇ ਚੋਰੀ ਕਰ ਕੇ ਵੀ ਖਾਂਦੇ ਰਹੇ। ਕਿਉਂਕਿ ਉਨ੍ਹਾਂ ਮੁੰਡਿਆਂ ਵਿਚ ਇਸ ਤੋਂ ਕੋਈ ਵੱਡਾ ਐਬ ਨਹੀਂ ਸੀ। ਇਸ ਲਈ ਵੱਡੇ ਐਬਾਂ ਤੋਂ ਮੈਂ ਵੀ ਬਚਿਆ ਰਿਹਾ।
ਵਿਰਕ ਹੁਰੀਂ ਗੱਲਾਂ ਦੀ ਪੈੜ ਨੱਪਣ ਦੇ ਆਦੀ ਸਨ। ਮੇਰੀ ਕਹਾਣੀ ‘ਦਲਦਲ’ ਵਿਚ ਸੰਧੂਆਂ ਦੇ ਸੁੱਤੇ ਹੋਣ ’ਤੇ ਅਖਾਂ ਖੁੱਲ੍ਹੀਆਂ ਰਹਿਣ ਦਾ ਜ਼ਿਕਰ ਸੀ। ਮੈਨੂੰ ਕਹਿੰਦੇ, “ਤੈਨੂੰ ਇਸ ਮਿੱਥ ਦਾ ਪਤਾ ਕਿਵੇਂ ਤੇ ਕਿੱਥੋਂ ਲੱਗਾ ਸੀ!”
ਅਸਲ ਵਿਚ ਉਨ੍ਹਾਂ ਨੂੰ ਸਭ ਪਤਾ ਸੀ।
ਮੇਰਾ ਉਨ੍ਹਾਂ ਨਾਲ ਆਪਣੀ ਬਹੁਤੀ ਪੀਚਵੀਂ ਸਾਂਝ ਦਾ ਹੋਣ ਦਾ ਕੋਈ ਦਾਅਵਾ ਨਹੀਂ, ਪਰ ਮੈਨੂੰ ਧੁਰ ਅੰਦਰੋਂ ਅਹਿਸਾਸ ਰਿਹਾ ਏ ਕਿ ਉਹ ਮੈਨੂੰ ਚੁੱਪ-ਚੁਪੀਤਾ ਜਿਹਾ ਪਿਆਰ ਜ਼ਰੂਰ ਕਰਦੇ ਸਨ।
ਮੈਨੂੰ ਭੂਸ਼ਨ ਨੇ ਵਿਰਕ ਸਾਹਿਬ ਨਾਲ ਜੁੜੀ ਇੱਕ ਅੰਦਰਲੀ ਗੱਲ ਇਹ ਵੀ ਦੱਸੀ ਸੀ ਕਿ ਜਦੋਂ 1981 ਵਿਚ ਮੇਰੇ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ਨੂੰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵੱਲੋਂ ਇਨਾਮ ਦਿੱਤਾ ਗਿਆ ਸੀ ਤਾਂ ਇਸ ਲਈ ਵਿਰਕ ਸਾਹਿਬ ਨੇ ਹੀ ਮੇਰੀ ਸਿਫਾਰਿਸ਼ ਕੀਤੀ ਸੀ।
ਮੈਨੂੰ ਉਦੋਂ ਲੋਕ ਬੋਲੀ ਯਾਦ ਆਈ, “ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ!”
ਵਾਹ! ਮੇਰੇ ਧੰਨਭਾਗ! ਵਿਰਕ ਸਾਹਿਬ ਨੇ ਇਸ ਤਰ੍ਹਾਂ ਵੀ ਹਮਾਤੜਾਂ ਨੂੰ ਪੱਖੀ ਦੀ ਝੱਲ ਮਾਰੀ ਸੀ।
ਅੱਜ ਉਨ੍ਹਾਂ ਦੇ ਸੌਵੇਂ ਜਨਮ-ਦਿਨ ’ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸਾਨੂੰ ਸਭਨਾਂ ਨੂੰ, ਕਹਾਣੀ ਲਿਖਣ ਵਾਲਿਆਂ ਨੂੰ, ਉਨ੍ਹਾਂ ਦੇ ਪਾਠਕਾਂ ਨੂੰ ਵਿਰਕ ਸਾਹਿਬ ਦੀਆਂ ਕਹਾਣੀਆਂ ਦੀ ਪੱਖੀ ਦੀ ਝੱਲ ਵੱਜ ਰਹੀ ਹੈ ਤੇ ਕਲੇਜੇ ਨੂੰ ਠੰਢ ਪਾ ਰਹੀ ਹੈ।
ਜ਼ਿੰਦਾਬਾਦ ਵਿਰਕ ਸਾਹਿਬ!