ਮੇਰਾ ਕਮਰਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਚਾਹ ਦੇ ਕੱਪ ਦੇ ਬਾਹਨੇ ਰਲ-ਮਿਲ ਬੈਠ ਕੇ ਦਿਲ ਦੀਆਂ ਗੱਲਾਂ ਕਰਦਿਆਂ ਜਿ਼ੰਦਗੀ ਦਾ ਲੁਤਫ ਮਾਣਨ ਦੀ ਨਸੀਹਤ ਕੀਤੀ ਸੀ; ਕਿਉਂਕਿ ਚਾਹ ਦੇ ਕੱਪ ਲਈ ਜਦ ਅਸੀਂ ਆਪਣੇ ਪਿਆਰੇ ਨੂੰ ਸੱਦਾ ਦਿੰਦੇ ਤਾਂ ਸਾਡੇ ਮਨ ਵਿਚ ਬਹੁਤ ਕੁਝ ਹੁੰਦਾ, ਜੋ ਅਸੀਂ ਮੋਹਵੰਤਿਆਂ ਨਾਲ ਹੀ ਸਾਂਝਾ ਕਰਨਾ ਲੋਚਦੇ।

ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਮਰੇ ਨਾਲ ਪਈ ਸਾਂਝ ਦਾ ਜਿ਼ਕਰ ਛੋਹਿਆ ਹੈ। ਉਹ ਕਹਿੰਦੇ ਹਨ, “ਇਹ ਕਮਰਾ ਤਾਂ ਮੇਰੇ ਅੰਦਰ ਸਦਾ ਜਿਉਂਦਾ ਅਤੇ ਜਿਉਂਦਾ ਰਹੇਗਾ, ਤਾਂ ਹੀ ਇਸ ਨਾਲ ਗੁਫਤਗੂ ਕਰਦਿਆਂ ਬੋਲ ਵੀ ਛੋਟੇ ਪੈ ਜਾਂਦੇ।…ਇਹ ਕਮਰਾ ਕੁਝ ਨਾ ਹੁੰਦਿਆਂ ਵੀ ਮੇਰੀਆਂ ਕਿਤਾਬਾਂ, ਕਾਪੀਆਂ, ਕਲਮਾਂ ਅਤੇ ਕਾਗਜ਼ਾਂ ਦਾ ਸੰਗ੍ਰਹਿ ਤੇ ਉਨ੍ਹਾਂ ਵਿਚਲੀ ਕਿਰਤ-ਕਮਾਈ ਦਾ ਚਸ਼ਮਦੀਦ ਗਵਾਹ ਸੀ।…ਰਾਤ ਦੀ ਡੂੰਘੀ ਚੁੱਪ ਵਿਚ ਮੈਂ ਇਸ ਨੂੰ ਆਪਣਾ ਦੁੱਖ-ਸੁੱਖ ਸੁਣਾਉਂਦਾ ਸਾਂ। ਮੇਰੀਆਂ ਗੱਲਾਂ ਦਾ ਹੁੰਗਾਰਾ ਭਰਦਾ ਸੀ ਅਤੇ ਮੇਰੇ ਲਈ ਹੱਲਾਸ਼ੇਰੀ ਤੇ ਹਿੰਮਤ ਬਣਦਾ। ਮੇਰੀਆਂ ਯਾਦਾਂ ਦਾ ਸਰਮਾਇਆ। ਮੇਰੀ ਸੁਪਨਿਆਂ ਦਾ ਰੈਣ-ਬਸੇਰਾ।”

ਡਾ. ਗੁਰਬਖਸ਼ ਸਿੰਘ ਭੰਡਾਲ

ਮੈਂ ਤੇ ਮੇਰਾ ਬਚਪਨੀ ਕਮਰਾ, ਇਕਸੁਰ ਤੇ ਇਕਮਿੱਕ। ਇਹ ਕਮਰਾ ਮੈਨੂੰ ਅਵਚੇਤਨ ਵਿਚ ਹਰ ਰੋਜ਼ ਮਿਲਦਾ। ਗੁਫਤਗੂ ਕਰਦਾ। ਬੀਤੇ ਹੋਏ ਪਲਾਂ ਨੂੰ ਦ੍ਰਿਸ਼ਟਮਾਨ ਕਰਦਾ ਅਤੇ ਫਿਰ ਅਛੋਪਲੇ ਜਿਹੇ ਅੱਖਾਂ ਤੋਂ ਓਹਲੇ ਹੋ ਜਾਂਦਾ। ਇਸ ਕਮਰੇ ਵਿਚ ਮੇਰੇ ਨੈਣਾਂ ‘ਚ ਸੁਪਨਿਆਂ ਨੇ ਪਰਵਾਜ ਭਰੀ, ਜਿਨ੍ਹਾਂ ਦੀ ਤਾਮੀਰਦਾਰੀ ਵਿਚ ਕਮਰੇ ਦਾ ਅਹਿਮ ਯੋਗਦਾਨ। ਕਮਰੇ ਦੀ ਚੁੱਪ ਬੋਲਦੀ,
ਕਮਰੇ ਦੀ ਚੁੱਪ ਰਹੀ
ਫੋਟੋ ਵੰਨੀਂ ਝਾਕਦੀ
ਕਿੰਜ ਕਰੇ ਸੁੰਨ ਨਾਲ ਸੰਵਾਦ,
ਬੀਤੇ ਹੋਏ ਵੇਲਿਆਂ ਨੂੰ
ਹਿੱਕ ਵਿਚ ਸਾਂਭੀ ਬੈਠੀ
ਪੌਣਾਂ ਨੂੰ ਹੀ ਕਰੇ ਫਰਿਆਦ।
ਇਹ ਕਮਰਾ ਕੋਈ ਅਲੋਕਾਰੀ, ਆਲੀਸ਼ਾਨ ਜਾਂ ਸੁੱਖ-ਸਹੂਲਤਾਂ ਵਾਲਾ ਨਹੀਂ, ਤਾਂ ਵੀ ਵਿਦੇਸ਼ੀ ਧਰਤੀ `ਤੇ ਸਾਰੀਆਂ ਸੁੱਖ-ਸਹੂਲਤਾਂ ਮਾਣਦਿਆਂ ਇਹ ਕਮਰਾ ਮੇਰੇ ਚੇਤਿਆਂ ਵਿਚੋਂ ਨਹੀਂ ਵਿਸਰਦਾ। ਅਕਸਰ ਹੀ ਕਮਰੇ ਦਾ ਸੁਪਨਾ ਆਉਂਦਾ, ਬੇਤਾਬ ਕਰਦਾ ਅਤੇ ਇਕ ਅਛੋਹ ਤੇ ਮਖਮਲੀ ਅਹਿਸਾਸ ਮੇਰੀ ਚੇਤਨਾ ਵਿਚ ਧਰਦਾ।
ਦਰਅਸਲ ਇਸ ਨੂੰ ਕਮਰਾ ਨਹੀਂ ਕਿਹਾ ਜਾ ਸਕਦਾ। ਇਹ ਤਾਂ ਚੁਬਾਰੇ ਦਾ ਢਾਂਚਾ ਸੀ-ਬਿਨ ਪਲਸਤਰੋਂ, ਬਿਨ ਬਾਰੀਓਂ ਤੇ ਬਿਨ ਦਰਵਾਜਿ਼ਓਂ। ਬਾਰੀਆਂ `ਤੇ ਲਟਕਦੀਆਂ ਸਨ ਬੋਰੀਆਂ, ਜੋ ਪੋਹ-ਮਾਘ ਦੀ ਠੰਢ ਤੋਂ ਬਚਾਉਂਦੀਆਂ ਅਤੇ ਸੰਘਣੀ ਧੁੰਦ ਤੋਂ ਲੁਕਾਉਂਦੀਆਂ। ਇਸ ਦੀਆਂ ਕੰਧਾਂ ਵਿਚੋਂ ਬਾਪ ਵਲੋਂ ਘਾਣੀ ਤਿਆਰ ਕਰਦਿਆਂ, ਪੈਰਾਂ ਦੀ ਛੜੱਪ ਛੜੱਪ ਸੁਣਦੀ; ਮਿਸਤਰੀ ਵਲੋਂ ਹੋਰ ਗਾਰਾ ਲਿਆਉਣ ਲਈ ਹਾਕ ਵੀ। ਇਸ ਦੀਆਂ ਇੱਟਾਂ ਤੇ ਗਾਰੇ ਵਿਚ ਬਾਪ ਦੇ ਮੁੜ੍ਹਕੇ ਦੀ ਖੁਸ਼ਬੋਈ ਅਤੇ ਮਿਸਤਰੀ ਦੀ ਕਾਰੀਗਰੀ ਵੀ ਮੁਖਾਤਬ ਹੁੰਦੀ। ਛੱਤ ਦੀਆਂ ਇੱਟਾਂ ਤੇ ਕਲੀ ਨਾਲ ਲਿਖੇ ਸਾਰੇ ਪਰਿਵਾਰ ਦੇ ਨਾਮ ਵੀ ਰਾਤ ਨੂੰ ਟਿਮਟਿਮਾਉਂਦੇ। ਬਾਲਿਆਂ ਵਿਚ ਖੂਹ ਦੀ ਕਾਲੀ ਟਾਹਲੀ ਦਾ ਚੀਹੜਾਪਣ ਤੇ ਪਕਿਆਈ ਨਜ਼ਰ ਆਉਂਦੀ। ਫਰਸ਼ ਦੀ ਥਾਂ ਮਾਂ ਵਲੋਂ ਫੇਰੇ ਗੋਹੇ ਦਾ ਤਾਜਾ ਪੋਚਾ ਸੁਗੰਧਾਂ ਵੰਡਦਾ ਸੀ। ਇਸ ਵਿਚੋਂ ਮਾਂ ਦੀਆਂ ਲੋਰੀਆਂ, ਦੁਆਵਾਂ ਅਤੇ ਅਸੀਸ ਵੀ ਮਿਲਦੀ ਕਿ ਇਸ ਮਹਿਕ ਨਾਲ ਆਪਣੇ ਜੀਵਨ ਨੂੰ ਅਜਿਹਾ ਮਹਿਕਾਓ ਕਿ ਜਿ਼ੰਦਗੀ ਦਾ ਸੁਖਨ ਤੇ ਸਿਰਨਾਵਾਂ, ਇਸ ਮਿੱਟੀ ਦੀ ਰੰਗਤ ਦਾ ਰੰਗਰੇਜ਼ੀ ਹੋਵੇ।
ਚੁਬਾਰੇ ਦਾ ਨਾ ਹੀ ਕੋਈ ਬਨੇਰਾ ਅਤੇ ਨਾ ਹੀ ਪੌੜੀ ਸੀ। ਕਦੇ-ਕਦਾਈਂ ਲੋੜ ਪੈਣ `ਤੇ ਲੱਕੜ ਦੀ ਪੌੜੀ, ਇਸ ਦੀ ਚੋਂਦੀ ਹੋਈ ਛੱਤ ਨੂੰ ਲਿਪਣ ਦੇ ਕੰਮ ਆਉਂਦੀ ਸੀ।
ਇਹ ਚੁਬਾਰਾ ਦਰਅਸਲ ਮੇਰੇ ਮਾਪਿਆਂ ਦੀ ਸੁਪਨਗੋਈ ਸੀ ਕਿ ਉਨ੍ਹਾਂ ਦਾ ਘਰ ਸ਼ਾਇਦ ਚੁਬਾਰੇ ਨਾਲ ਹੀ ਮੁਕੰਮਲ ਹੋ ਜਾਵੇ, ਪਰ ਉਨ੍ਹਾਂ ਦੇ ਅਵਚੇਤਨ ਵਿਚ ਇਹ ਖਿਆਲ ਜਰੂਰ ਆਉਂਦਾ ਸੀ ਕਿ ਇਸ ਵਿਕੋਲਿਤਰੇ ਚੁਬਾਰੇ ਕਰਕੇ ਸ਼ਾਇਦ ਉਨ੍ਹਾਂ ਦੇ ਬੱਚੇ ਅੱਖਰ-ਗਿਆਨ ਹਾਸਲ ਕਰਕੇ, ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰ ਸਕਣ। ਹਰਫਾਂ ਵਿਚੋਂ ਰੁਜ਼ਗਾਰ ਦੇ ਨਕਸ਼ ਉਘਾੜ ਸਕਣ। ਅਨਪੜ੍ਹ ਮਾਪਿਆਂ ਦੀ ਸੋਚ ਸਿਰਫ ਪਾਸ ਜਾਂ ਫੇਲ੍ਹ ਹੋਣ ਅਤੇ ਕਲਾਸਾਂ ਦੀ ਗਿਣਤੀ ਤੀਕ ਹੀ ਸੀਮਤ ਸੀ। ਉਨ੍ਹਾਂ ਨੂੰ ਕੋਈ ਵਾਸਤਾ ਨਹੀਂ ਸੀ ਕਿ ਕਿਹੜੀ ਪੁਜੀਸ਼ਨ ਆਈ ਹੈ? ਉਨ੍ਹਾਂ ਦਾ ਬੱਚਾ ਕਿਹੜੇ ਵਿਸ਼ੇ ਪੜ੍ਹਦਾ ਹੈ? ਉਹ ਬਹੁਤ ਖੁਸ਼ ਹੋਏ ਸਨ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤ ਨੇ ਸੋਲਾਂ ਜਮਾਤਾਂ ਪਾਸ ਕਰ ਲਈਆਂ ਹਨ। ਅਜਿਹੇ ਅਣਭੋਲ ਤੇ ਪਾਕ ਮਨ ਵਾਲੇ ਮਾਪਿਆਂ ਦੀ ਸੁਪਨਸ਼ੀਲਤਾ ਦੇ ਸਦਕੇ ਜਾਣ ਨੂੰ ਜੀਅ ਕਰਦਾ। ਉਨ੍ਹਾਂ ਦੀਆਂ ਦੁਆਵਾਂ ਸਦਕਾ ਉਨ੍ਹਾਂ ਦੇ ਸੁਪਨਿਆਂ ਦੀ ਫਸਲ ਵਧੀਆ ਤਰੀਕੇ ਨਾਲ ਮੌਲੀ ਅਤੇ ਭਰਪੂਰਤਾ ਦੇ ਭਾਗ ਲੱਗੇ।
ਇਹ ਚੌਖਟਾ ਰੂਪੀ ਚੁਬਾਰਾ ਪਿੰਡ ਦੇ ਦਰਮਿਆਨ ਸੀ। ਇਸ ਵਿਚ ਪੜ੍ਹਦਿਆਂ, ਰਾਤ ਨੂੰ ਆਂਢ-ਗੁਆਂਢ ਵਿਚ ਹੋ ਰਿਹਾ ਬੋਲ-ਬੁਲਾਰਾ, ਬੱਚਿਆਂ ਦਾ ਰੋਣਾ, ਸ਼ਰਾਬੀਆਂ ਦੇ ਲਲਕਾਰੇ ਤੇ ਕੁੱਟ-ਕੁਟਾਈ ਜਾਂ ਬਜੁਰਗਾਂ ਦੀ ਰੋਹਬਦਾਰ ਆਵਾਜ਼ ਵੀ ਸੁਣਾਈ ਦਿੰਦੀ। ਕਈ ਵਾਰ ਕਿਸੇ ਚੁਬਾਰੇ `ਤੇ ਅੱਧੀ ਰਾਤ ਤੀਕ ਵੱਜਦਾ ਸਪੀਕਰ ਇਕਾਗਰਤਾ ਭੰਗ ਕਰਦਾ, ਮੇਰੀ ਪੜ੍ਹਾਈ ‘ਚ ਵਿਘਨ ਵੀ ਬਣਦਾ।
ਇਸ ਕਮਰੇ ਵਿਚ ਪੁਰੇ ਦੀ ‘ਵਾ ਵੀ ਮਿਲ ਕੇ ਜਾਂਦੀ ਅਤੇ ਪੱਛੋਂ ਦੀ ਕਣੀਆਂ ਵੀ ਭਿਉਣ ਲਈ ਪੂਰਾ ਜੋਰ ਲਾਉਂਦੀਆਂ। ਕਮਰੇ ਵਿਚ ਹੀ ਸਾਉਣ-ਭਾਦਰੋਂ ਦੇ ਚੌਮਾਸੇ ਕੱਟਦਿਆਂ, ਅੱਖਰਾਂ ਦੀ ਜੋਤ ਜਗਾਈ ਰੱਖਣ ਲਈ ਸਦਾ ਮਸਰੂਫ ਰਿਹਾ। ਉਨ੍ਹਾਂ ਰਾਤਾਂ ‘ਚ ਮੁੜ੍ਹਕੇ ਨਾਲ ਭਿੱਜਦਾ ਰਿਹਾ, ਜਦ ਜੇਠ ਦੀ ਰਾਤ ਵਿਚ ਪੱਤਾ ਵੀ ਨਹੀਂ ਸੀ ਹਿੱਲਦਾ। ਮੱਛਰਾਂ ਦੀ ਭੀਂ ਭੀਂ ਰਾਤ ਦੀ ਸ਼ਾਂਤੀ ਨੂੰ ਉਚਾਟ ਕਰਦੀ, ਨੀਂਦ ਵੀ ਹੰਘਾਲਦੀ ਰਹਿੰਦੀ, ਪਰ ਪੜ੍ਹਾਈ ਦੀ ਨਿਰੰਤਰਤਾ ਬਰਕਰਾਰ ਰਹਿੰਦੀ।
ਚੁਬਾਰੇ ਵਿਚ ਦੇਰ ਰਾਤ ਤੀਕ ਜਗਦੇ ਬਲਬ ਦੀ ਰੋਸ਼ਨੀ ਦੇਖ ਕੇ ਹੀ ਗੁਆਂਢੀ ਆਪਣੇ ਬੱਚਿਆਂ ਨੂੰ ਦੇਰ ਰਾਤ ਤੀਕ ਪੜ੍ਹਨ ਦੀ ਨਸੀਹਤ ਦਿੰਦੇ। ਹੋ ਸਕਦਾ ਹੈ ਕਿ ਇਸ ਰੌਸ਼ਨੀ ਕਾਰਨ ਕਈ ਮਨਾਂ ਨੇ ਦੇਰ ਰਾਤ ਤੀਕ ਜਾਗਣ ਅਤੇ ਅੱਖਰ-ਜੋਤ ਨੂੰ ਜਗਾਉਣ ਦਾ ਹੀਲਾ ਜਰੂਰ ਕੀਤਾ ਹੋਵੇ।
ਰਾਤ ਨੂੰ ਨੀਂਦ ਤੋਂ ਪਾਸਾ ਵੱਟਣ ਲਈ ਛੱਤ `ਤੇ ਨਿਕਲਦਾ ਤਾਂ ਦੂਰ ਤੀਕ ਛੱਤਾਂ `ਤੇ ਡਾਹੇ ਹੋਏ ਮੰਜਿਆਂ ਦੀਆਂ ਕਤਾਰਾਂ, ਘੁਰਾੜਿਆਂ ਦੀ ਆਵਾਜ਼ਾਂ ਅਤੇ ਚੰਨ-ਚਾਨਣੀ ਵਿਚ ਭਿਜਿਆਂ ਦੇ ਮੋਹ-ਭਰੇ ਰੂਹਾਨੀ ਪਲਾਂ ਦੇ ਦੀਦਾਰੇ ਵੀ ਹੋ ਜਾਂਦੇ। ਕਿੰਨੀ ਬੇਫਿਕਰੀ ਵਿਚ ਮਿਹਨਤਕਸ਼ ਲੋਕ ਸੌਂਦੇ ਸਨ? ਕੁੱਕੜ ਦੀ ਪਹਿਲੀ ਬਾਂਗ ਨਾਲ ਉਸਲਵੱਟੇ ਲੈਂਦੇ, ਅੰਗੜਾਈ ਭਰਦੇ, ਲੱਸੀ, ਦੋਰਿੜਕਾ ਜਾਂ ਚਾਹ ਦਾ ਕੱਪ ਪੀਂਦੇ ਅਤੇ ਤਰੋਤਾਜੇ ਹੋ ਕੇ ਹੱਲ ਜੋਤਣ ਲਈ ਆਪੋ-ਆਪਣੇ ਰਾਹ ਮੱਲ ਲੈਂਦੇ।
ਇਹ ਚੁਬਾਰਾ ਉਨ੍ਹਾਂ ਜਾਗਦੀਆਂ ਰਾਤਾਂ ਦਾ ਗਵਾਹ ਸੀ, ਜਦ ਸਿਰਫ ਪੜ੍ਹਨ ਦਾ ਹੀ ਜਨੂਨ ਹੁੰਦਾ ਸੀ। ਕੁਝ ਕਰਨ ਗੁਜਰਨ ਦੀ ਤਮੰਨਾ ਅਤੇ ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਦਾ ਝੱਲ ਭਾਰੀ ਸੀ। ਉਨ੍ਹਾਂ ਸਮਿਆਂ ਵਿਚ ਪੜ੍ਹਨ ਦਾ ਸਮਾਂ ਹੀ ਰੋਟੀ-ਟੁੱਕ ਤੋਂ ਬਾਅਦ ਸ਼ੁਰੂ ਹੁੰਦਾ ਸੀ, ਕਿਉਂਕਿ ਘਰਦਿਆਂ ਨੂੰ ਇਹ ਲਾਲਚ ਹੁੰਦਾ ਕਿ ਬੱਚਿਆਂ ਕੋਲੋਂ ਘਰ ਦਾ ਵੱਧ ਤੋਂ ਵੱਧ ਕੰਮ ਕਰਵਾ ਲਿਆ ਜਾਵੇ। ਉਨ੍ਹਾਂ ਲਈ ਪੜ੍ਹਾਈ ਤਾਂ ਐਵੇਂ ਵਾਧੂ ਜਿਹਾ ਕੰਮ ਹੀ ਸੀ। ਪੜ੍ਹਨ ਲਈ ਰਾਤ ਸਭ ਤੋਂ ਕਾਰਗਾਰ ਹੁੰਦੀ, ਕਿਉਂਕਿ ਚਾਰੇ ਪਾਸੇ ਪਸਰੀ ਚੁੱਪ ਵਿਚ ਤੁਸੀਂ ਖੁਦ ਨਾਲ ਇਕਸਾਰ ਅਤੇ ਗਿਆਨ-ਗੋਸ਼ਟਿ ਨਾਲ ਇਕਸੁਰ ਹੁੰਦੇ। ਇਸ ਇਕਸੁਰਤਾ ਅਤੇ ਨਿਰੰਤਰਤਾ ਵਿਚੋਂ ਹੀ ਬਹੁਤ ਕੁਝ ਹਾਸਲ ਕੀਤਾ, ਜੋ ਸੱਚੀ-ਸੁੱਚੀ ਕੀਰਤੀ ਦਾ ਸ਼ਰਫਨਾਮਾ ਬਣਿਆ।
ਖਿਆਲਾਂ ਵਿਚ ਇਹ ਕਮਰਾ ਮੇਰੇ ਨਾਲ ਸੰਵਾਦ ਕਰਦਾ,
ਬੜੇ ਚਿਰ ਬਾਅਦ ਜਾਗ ਪਿਆ ਅੱਜ
ਮੇਰੇ ਮਨ ਵਿਚ ਸੁਤਿਆ ਹੋਇਆ ਉਹ ਪਲ
ਜਦ ਮੈਂ ਤੇ ਮੇਰਾ ਕਮਰਾ
ਜਿ਼ੰਦਗੀ ਦੀ ਅੱਖਰਕਾਰੀ ਕਰਦੇ ਸਾਂ
ਇਹ ਚੁਬਾਰਾ ਕਾਹਦਾ
ਨਿਰਾ ਇਕ ਢਾਂਚਾ
ਬੋਰੀਆਂ ਦੇ ਲਟਕਦੇ ਪਰਦੇ
ਮੇਰੀ ਤੇ ਕਮਰੇ ਦੀ ਪਰਦਾਦਾਰੀ ਕਰਦੇ
ਛੱਤ ‘ਤੇ ਤਾਰ ਨਾਲ ਲਟਕਦਾ ਬਲਬ
ਨਿੰਮੀ ਨਿੰਮੀ ਰੌਸ਼ਨੀ ਵੰਡਦਾ
ਤੇ ਠੁਰ ਠੁਰ ਕਰਦੇ ਹੱਥਾਂ ਲਈ
ਨਿੱਘ ਦਾ ਨਿਉਂਦਾ ਵੀ
ਇਹ ਬਲਬ ਮੇਰੇ ਨੈਣਾਂ ਵਿਚ
ਉਨ੍ਹਾਂ ਸੂਰਜਾਂ ਦਾ ਸਿਰਨਾਵਾਂ ਵੀ ਧਰਦਾ
ਤਾਂ ਕਿ ਹਨੇਰੀਆਂ ਝੀਤਾਂ
ਚਾਨਣ ਵਿਚ ਨਹਾ ਸਕਣ
ਇਸ ਕਮਰੇ ਦੇ ਆਗੋਸ਼ ਵਿਚ
ਮੇਰਾ ਸਭ ਤੋਂ ਪਿਆਰਾ ਸਾਥੀ ਸੀ
ਮਾਂ ਦੇ ਛੂਛਕੜੇ ਵਿਚ ਆਇਆ
ਕਾਲੀ ਟਾਹਲੀ ਦਾ ਮੇਜ਼ ਤੇ ਕੁਰਸੀ
ਮੇਜ਼ `ਤੇ ਪਿਆ ਕਿਤਾਬਾਂ ਦਾ ਖਿਲਾਰਾ
ਅਤੇ ਕਾਗਜਾਂ `ਤੇ ਲਿਖੀ ਅੱਖਰਾਂ ਦੀ ਤਫਸੀਲ
ਪੂਰਨ ਗਿਆਨ-ਸ਼ਾਲਾ ਦਾ ਸਰੂਪ ਧਾਰ
ਜਿ਼ੰਦਗੀ ਦੇ ਸੁੱਚਮ ਨੂੰ ਰੂਬਰੂ ਕਰਦਾ
ਇਹ ਕਮਰਾ
ਨਿਰਾ ਕਮਰਾ ਹੀ ਨਹੀਂ
ਸਗੋਂ ਮੇਰੀ ਸੁਪਨ-ਨਗਰੀ ਸੀ
ਮੇਰੀ ਪਰਵਾਜ਼ ਦਾ ਪਹਿਲਾ ਪੜੁੱਲ
ਸੁਪਨੇ ਤੋਂ ਸੱਚ ਤੀਕ ਦੀ ਪੁਲਾਂਘ
ਇਹ ਕਮਰਾ
ਬਹੁਤ ਕੁਝ
ਅਚੇਤ ਤੇ ਸੁਚੇਤ ਰੂਪ ਵਿਚ
ਮੇਰੀ ਚੇਤਨਾ ਵਿਚ ਧਰਦਾ
ਇਸ ਦੀ ਹਰ ਇੱਟ ਵਿਚੋਂ ਝਲਕਦਾ
ਬਾਪ ਦੀ ਮੁਸ਼ੱਕਤ, ਮੁੜ੍ਹਕਾ ਤੇ ਮਹਿਕਸ਼ਾਂ
ਇਹ ਚੁਬਾਰਾ
ਬਾਪ ਦੀ ਨਵੀਂ ਪਹਿਲਕਦਮੀ ਦਾ ਸਬੱਬ
ਚੁਬਾਰਾ ਸਮਝਾਉਂਦਾ
ਕਿ ਅੱਗੇ ਵੱਧਣ ਲਈ
ਨਜ਼ਰਾਂ ਉਚੀਆਂ ਤੇ ਕਦਮ ਅਗਾਂਹ ਨੂੰ ਰੱਖੀਦਾ
ਇਸ ਦੀਆਂ ਦਹਿਲੀਜ਼ਾਂ
ਮਾਂ ਦੇ ਸੁਨਹਿਰੀ ਸੁਪਨਿਆਂ ਦੀ ਆਧਾਰਸਿ਼ਲਾ
ਜੋ ਮੇਰੀ ਮਾਂ ਨੇ ਛੂਛਕੜੇ ਵੇਲੇ
ਇਸ ਘਰ ਵਿਚ ਪੈਰ ਧਰਦਿਆਂ ਉਣੇ ਸਨ
ਅਤੇ ਹੁਣ ਮੇਰੀ ਵਾਰੀ ਸੀ
ਕਿ ਮੇਜ਼ ਨੂੰ ਕਰਮਸ਼ਾਲਾ ਬਣਾ
ਲਏ ਹੋਏ ਸੁਪਨਿਆਂ ਦਾ ਸੱਚ
ਮਾਂ ਦੀਆਂ ਚੁੰਨੀਆਂ ਅੱਖਾਂ ਵਿਚ ਧਰਾਂ
ਇਹ ਕਮਰਾ,
ਇਹ ਮੇਜ਼, ਇਹ ਕੁਰਸੀ
ਕੁਰਸੀ `ਤੇ ਬੈਠਾ ਮੈਂ
ਤੇ ਕਿਤਾਬਾਂ, ਕਾਗਜ਼ ਤੇ ਕਲਮਾਂ ਦਾ ਖਿਲਾਰਾ
ਕਮਰੇ ਦਾ ਕੀਰਤੀਹਾਰ ਬਣ
ਕੀਰਤੀਮਾਨਾਂ ਦਾ ਸਰੂਪ ਸਿਰਜਣ ਲਈ ਕਾਹਲੇ।
ਚੁਬਾਰੇ ਵਿਚਲੀ ਲੋਅ ਨੂੰ ਦੇਖ
ਪਿੰਡ ਵਾਲੇ ਟਾਈਮ ਦਾ ਅੰਦਾਜ਼ਾ ਲਾਉਂਦੇ
ਇਹ ਕਮਰਾ
ਮੇਰੀਆਂ ਕਾਮਨਾਵਾਂ, ਕਰਮਯੋਗਤਾ
ਅਤੇ ਸੁਪਨਗੋਈ ਦਾ ਸ਼ਾਹ-ਅਸਵਾਰ
ਜੋ ਇਸ ਦੀ ਅਹਿਮੀਅਤ ਤੋਂ ਨਾ-ਵਾਕਫ
ਇਹ ਕਮਰਾ
ਮੇਰਾ ਗੁਰਦੁਆਰਾ, ਮੰਦਰ ਤੇ ਮਸੀਤ
ਮੇਰਾ ਦੁੱਖ-ਸੁੱਖ ਅਤੇ ਹਾਰ ਤੇ ਜੀਤ
ਅਰਧ-ਚੇਤਨਾ ਵਿਚ ਵੱਸਿਆ ਚਾਨਣ-ਦੁਆਰ
ਇਸ ਕਮਰੇ ਵਿਚ ਅਕਸਰ ਹੀ
ਬਾਜਰੇ ਦੇ ਸਿੱਟਿਆਂ ਦਾ ਢੇਰ
ਕੱਢੀਆਂ ਹੋਈਆਂ ਛੱਲੀਆਂ
ਜਾਂ ਪੀਹਣ ਲਈ ਕਣਕ ਦੀ ਢੇਰੀ
ਮੇਰੀਆਂ ਪੁਸਤਕਾਂ ਨਾਲ ਸੰਵਾਦ ਵੀ ਰਚਾਉਂਦੇ
ਤੇ ਕਿਤਾਬਾਂ ਵਿਚਲੇ ਅੱਖਰ
ਛਿੱਟਿਆਂ, ਛੱਲੀਆਂ ਤੇ ਦਾਣਿਆਂ ਦੀ ਮਹਿਕ ਨੂੰ
ਆਪਣੇ ਅੰਦਰ ਵਸਾਉਂਦੇ
ਅਤੇ ਇਹ ਵੀ ਸਮਝਾਉਂਦੇ
ਕਿ ਜਿਵੇਂ ਧਰਤੀ ਦੀ ਕੁੱਖ ਵਿਚੋਂ
ਸੋਨ ਰੰਗੇ ਦਾਣੇ ਉਗਾਏ ਜਾ ਸਕਦੇ
ਇਵੇਂ ਹੀ ਕਿਤਾਬਾਂ ਦੀ ਰਹਿਬਰੀ ਵਿਚੋਂ
ਰੁਜ਼ਗਾਰ, ਰਹਿਮਤਾਂ ਅਤੇ ਰੰਗਰੇਜ਼ਤਾ ਨੂੰ
ਜੀਵਨ ਦਾ ਹਾਸਲ ਬਣਾਇਆ ਜਾ ਸਕਦਾ
ਇਨ੍ਹਾਂ ਦਾਣਿਆਂ ਤੇ ਅੱਖਰਾਂ ਨਾਲ
ਅਨੇਕਾਂ ਚੁਬਾਰੇ ਤਾਮੀਰ ਕੀਤੇ ਜਾ ਸਕਦੈ
ਅੱਜ ਵੀ
ਕਮਰੇ ਨੂੰ ਅਦਾਬ ਕਹਿਣ ਲਈ
ਵਕਤ-ਬ-ਵਕਤ ਪਿੰਡ ਜਾਂਦਾ ਹਾਂ।
ਇਸ ਚੁਬਾਰੇ ਵਿਚ ਲਟਕਦੇ ਬਲਬ ਦੇ ਆਲੇ-ਦੁਆਲੇ ਭਮੱਕੜ ਮੰਡਰਾਉਂਦੇ। ਭਮੱਕੜ ਦੀ ਚਾਨਣ ਨੂੰ ਮਿਲਣ ਦੀ ਤਸਕੀਨ, ਮੇਰਾ ਹੌਸਲਾ ਤੇ ਹੱਠ ਤਪਾਉਂਦੀ। ਸਿਰੜ ਤੇ ਸਾਧਨਾ ਮੇਰੀ ਕੱਚਘੜ ਸੋਚ ਦੇ ਨਾਮ ਲਾਉਂਦੀ। ਇਸ ‘ਚੋਂ ਨਵੀਆਂ ਮੰਜਿ਼ਲਾਂ ਦੀ ਪ੍ਰਦੱਖਣਾ ਕਰਨ ਅਤੇ ਇਨ੍ਹਾਂ ਨੂੰ ਹਾਸਲ ਕਰਨ ਦੀ ਤਾਂਘ ਜਾਗਦੀ।
ਇਹ ਚੁਬਾਰਾ ਮੇਰੇ ਤੇ ਮੇਰੀ ਸਾਧਨਾ ਲਈ ਗੈਬੀ ਤੀਰਥ-ਅਸਥਾਨ। ਇਸ ਦੀ ਆਸਥਾ ਅਤੇ ਅਰਦਾਸ ਵਿਚੋਂ ਬਹੁਤ ਕੁਝ ਪ੍ਰਾਪਤ ਕੀਤਾ। ਇਸ ਕਮਰੇ ਨੂੰ ਗਾਹੇ-ਬਗਾਹੇ ਨਤਮਸਤਕ ਕਰਨ ਲਈ ਮਨ ਅਹੁਲਦਾ, ਜਦ ਵੀ ਕਦੇ ਵਤਨ ਫੇਰੀ ਪਾਉਂਦਾ। ਭਾਵੇਂ ਪਿੰਡ ਵਿਚਲੇ ਉਸ ਪੁਰਾਣੇ ਘਰ ਵਿਚ ਹੁਣ ਹੋਰ ਲੋਕ ਰਹਿੰਦੇ ਨੇ, ਪਰ ਮੇਰੀ ਅਕੀਦਤ ਲਈ ਇਹ ਕਮਰਾ ਤੀਰਥ-ਦਰਸ਼ਨ ਤੋਂ ਘੱਟ ਨਹੀਂ। ਹੁਣ ਇਸ ਦਾ ਮੁਹਾਂਦਰਾ ਬਹੁਤ ਹੀ ਬਦਲ ਗਿਆ ਹੈ। ‘ਕੇਰਾਂ ਆਪਣੀਆਂ ਵਿਦੇਸ਼ ਵਸਦੀਆਂ ਬੇਟੀਆਂ ਅਤੇ ਦੋਹਤਰੀਆਂ ਨੂੰ ਇਸ ਕਮਰੇ ਦੇ ਦੀਦਾਰੇ ਕਰਵਾਏ। ਉਹ ਕਿਆਸ ਵੀ ਨਾ ਕਰ ਸਕੀਆਂ ਕਿ ਕਦੇ ਮੈਂ ਇਸ ਕਮਰੇ ਦਾ ਆੜੀ ਸਾਂ। ਇਹ ਕਮਰਾ ਕੁਝ ਨਾ ਹੁੰਦਿਆਂ ਵੀ ਮੇਰੀਆਂ ਕਿਤਾਬਾਂ, ਕਾਪੀਆਂ, ਕਲਮਾਂ ਅਤੇ ਕਾਗਜ਼ਾਂ ਦਾ ਸੰਗ੍ਰਹਿ ਤੇ ਉਨ੍ਹਾਂ ਵਿਚਲੀ ਕਿਰਤ-ਕਮਾਈ ਦਾ ਚਸ਼ਮਦੀਦ ਗਵਾਹ ਸੀ। ਮੈਨੂੰ ਸੰਭਾਲਦਾ ਅਤੇ ਮੇਰਾ ਰੱਖਿਅਕ ਵੀ ਹੁੰਦਾ ਸੀ।
ਰਾਤ ਦੀ ਡੂੰਘੀ ਚੁੱਪ ਵਿਚ ਮੈਂ ਇਸ ਨੂੰ ਆਪਣਾ ਦੁੱਖ-ਸੁੱਖ ਸੁਣਾਉਂਦਾ ਸਾਂ। ਮੇਰੀਆਂ ਗੱਲਾਂ ਦਾ ਹੁੰਗਾਰਾ ਭਰਦਾ ਸੀ ਅਤੇ ਮੇਰੇ ਲਈ ਹੱਲਾਸ਼ੇਰੀ ਤੇ ਹਿੰਮਤ ਬਣਦਾ। ਮੇਰੀਆਂ ਯਾਦਾਂ ਦਾ ਸਰਮਾਇਆ। ਮੇਰੀ ਸੁਪਨਿਆਂ ਦਾ ਰੈਣ-ਬਸੇਰਾ। ਮੇਰੀਆਂ ਸਮ-ਭਾਵਨਾਵਾਂ ਦਾ ਸਾਰਥੀ। ਦਿੱਬ-ਦ੍ਰਿਸ਼ਟੀ ਵਿਚਲਾ ਦ੍ਰਿਸ਼ਟੀਕੋਣ। ਹਾਵ-ਭਾਵਾਂ ਦੀ ਤਰਜਮਾਨੀ ਅਤੇ ਅੱਖਰਕਾਰੀ ਦਾ ਗਵਾਹ। ਪੈਰਾਂ ਵਿਚ ਉਗੇ ਹੋਏ ਸਫਰ ਦਾ ਸਿਰਨਾਵਾਂ। ਗਰਮੀ-ਸਰਦੀ ਤੋਂ ਬੇਪ੍ਰਵਾਹੀ ਤੇ ਬੇਅਸਰੀ ਦਾ ਆਲਮ। ਝੱਖੜਾਂ-ਝਾਂਜਿਆਂ ਵਿਚ ਜਿ਼ੰਦਗੀ ਦੀ ਰਵਾਨਗੀ ਦਾ ਦੀਵਾਨਾ ਅਤੇ ਸਮੇਂ ਦੀਆਂ ਬੇਕਿਰਕ ਸੂਲੀਆਂ `ਤੇ ਖੁਦ ਨੂੰ ਕੁਰਬਾਨ ਕਰਨ ਵਾਲਾ ਪ੍ਰਵਾਨਾ।
ਅਕਸਰ ਹੀ ਗਈ ਰਾਤੇ, ਕਮਰੇ ਦੀ ਚੁੱਪ ਨੂੰ ਤੋੜਦੀ ਸੀ ਮਾਂ ਦੇ ਕਦਮਾਂ ਦੀ ਅਛੋਪਲੀ ਜਿਹੀ ਆਹਟ। ਉਹ ਡੂੰਘੀ ਰਾਤ ਦਾ ਫਿਕਰ ਕਰਦੀ ਸੌਣ ਲਈ ਪ੍ਰੇਰਦੀ, ਪਰ ਬੱਚੇ ਦੀ ਜਿੱਦ ਸਾਹਵੇਂ ਵਾਪਸ ਜਾ ਕੇ ਸੌਂ ਜਾਦੀ ਅਤੇ ਫਿਰ ਅੱਬੜਵਾਹੇ ਉਠ ਕੇ ਜਾਗਦੇ ਪੜ੍ਹਾਕੂ ਨੂੰ ਘੜੀ ਪਲ ਅੱਖ ਲਾਉਣ ਲਈ ਆਖਦੀ। ਅਜਿਹਾ ਅਕਸਰ ਹੀ ਹੁੰਦਾ, ਕਿਉਂਕਿ ਮਾਂ ਨੂੰ ਪਤਾ ਹੁੰਦਾ ਕਿ ਇਸ ਨੇ ਆਪਣੀ ਮਰਜੀ ਨਾਲ ਹੀ ਸੌਣਾ ਏ। ਉਸ ਸਮੇਂ ਤਾਂ ਸਿਰਫ ਕਿਤਾਬਾਂ ਅਤੇ ਇਸ ਵਿਚਲੇ ਗਿਆਨ ਨੂੰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਹੀ ਚੇਸ਼ਟਾ ਸੀ, ਪਰ ਕਈ ਵਾਰ ਕੁਰਸੀ ‘ਤੇ ਹੀ ਸੁੱਤੇ ਆਪਣੇ ਪੜ੍ਹਾਕੂ ਪੁੱਤ ਦੇ ਦੁਆਲੇ ਬੰਬਲਾਂ ਵਾਲੇ ਖੇਸ ਦੀ ਬੁੱਕਲ ਵੀ ਮਾਰ ਜਾਂਦੀ ਸੀ।
ਇਸ ਕਮਰੇ ਵਿਚੋਂ ਹੀ ਕਰਮ-ਧਾਰਨਾ, ਕਰਮ-ਯੋਗਤਾ, ਕਰਮ-ਭਾਵਨਾ ਅਤੇ ਕਰਮ-ਕੀਰਤੀ ਨੂੰ ਅਰਥ ਤੇ ਅਰਘ ਚੜ੍ਹਾਉਣ ਦੀ ਕੋਸਿ਼ਸ਼ ਕੀਤੀ। ਇਸ ਵਿਚ ਹੀ ਕਰਮ ਰੇਖਾਵਾਂ ਦੀ ਕਲਾਕਾਰੀ ਕੀਤੀ ਅਤੇ ਇਸ ਦੇ ਨਕਸ਼ਾਂ ਨੂੰ ਮਿਲੀ ਨਵੀਨ ਪਛਾਣ ਤੇ ਪ੍ਰਤੀਤੀ।
ਇਹ ਕਮਰਾ ਤਾਂ ਮੇਰੇ ਅੰਦਰ ਸਦਾ ਜਿਉਂਦਾ ਅਤੇ ਜਿਉਂਦਾ ਰਹੇਗਾ, ਤਾਂ ਹੀ ਇਸ ਨਾਲ ਗੁਫਤਗੂ ਕਰਦਿਆਂ ਬੋਲ ਵੀ ਛੋਟੇ ਪੈ ਜਾਂਦੇ,
ਅੱਜ ਕੱਲ੍ਹ
ਕਮਰਾ ਬਹੁਤ ਸੱਖਣਾ ਹੈ
ਆਲ੍ਹਣੇ ਦੇ ਖਿਲਰੇ ਤੀਲਿਆਂ
ਤੇ ਫਰਸ਼ `ਤੇ ਪਈਆਂ ਬਿੱਠਾਂ ਦਾ ਚਿੱਤਰਪਟ
ਕਦੇ ਕਦਾਈਂ
ਬੋਟ ਦੀ ਚਹਿਕਣੀ
ਇਸ ਦੇ ਜਿਉਂਦੇ ਹੋਣ ਦੀ ਸ਼ਾਹਦੀ ਭਰਦੀ

ਪਸਰੇ ਹਨੇਰੇ ਨੂੰ ਚਾਕ ਕਰਦੀ ਹੈ
ਦਰਵਾਜ਼ੇ ਦੀਆਂ ਵਿਰਲਾਂ ‘ਚੋਂ ਆਉਂਦੀ ਧੁੱਪ

ਰਾਤ ਨੂੰ ਰੌਸ਼ਨਦਾਨ ਰਾਹੀਂ ਆਉਂਦਾ ਚੰਨ
ਕਮਰੇ ਨਾਲ ਕਰਦਾ ਹੈ ਗੱਲਾਂ

ਕਿਤਾਬ ‘ਚ ਸਿਸਕਿਆ ਸੰਵਾਦ
ਕਦੇ ਕਦੇ ਜ਼ਰਜ਼ਰੀ ਵਰਕਿਆਂ ‘ਚੋਂ ਹੂੰਘਰਦਾ

ਕਮਰੇ ਨੂੰ ਲੱਗਦਾ ਹੈ
ਕੰਧਾਂ `ਤੇ ਮਾਰੀਆਂ ਲੀਕਾਂ ਦੀ ਖਾਮੋਸ਼ੀ ‘ਚੋਂ
ਬੀਤੇ ਦੇ ਨਕਸ਼ ਨਿਹਾਰਨ ਵਾਲੇ
ਬਹੁਤ ਦੂਰ ਤੁਰ ਗਏ ਨੇ।
ਪਰ ਅਜਿਹਾ ਨਹੀਂ
ਮਹਾਤਮੀ ਆਭਾ ‘ਚ ਲੀਨ ਕਮਰੇ ਦੀ
ਜਿ਼ਆਰਤ ਕਰਨ ਲਈ
ਮੈਂ ਅਕਸਰ ਹੀ ਵਾਪਸ ਪਰਤਦਾ ਹਾਂ

ਇਹ ਕਮਰਾ
ਮੇਰੇ ਧੁਰ ਅੰਦਰ ਤੀਕ ਫੈਲ ਚੁਕਾ ਹੈ।