ਦਿਲ, ਦਿਮਾਗ, ਮਨ ਅਤੇ ਸ਼ਾਇਰ

ਰਵਿੰਦਰ ਚੋਟ, ਫਗਵਾੜਾ
ਫੋਨ: 91-98726-73703
ਦਿਲ, ਦਿਮਾਗ ਅਤੇ ਮਨ ਬਾਰੇ ਭਰਮ ਭੁਲੇਖੇ ਮੁੱਢ-ਕਦੀਮ ਤੋਂ ਚਲੇ ਆ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਲ ਅਤੇ ਦਿਮਾਗ ਸਾਡੇ ਸਰੀਰ ਦੇ ਬਹੁਤ ਹੀ ਕਾਰਗਰ ਤੇ ਜਰੂਰੀ ਪੁਰਜੇ ਹਨ। ਇਹ ਦੋਵੇਂ ਸਰੀਰ ਨੂੰ ਸਹੀ ਤਰ੍ਹਾਂ ਕੰਮ ਕਰਨ ਵਿਚ ਰਲ ਕੇ ਸਹਿਯੋਗ ਦਿੰਦੇ ਹਨ, ਇਕ ਦੂਜੇ ਦੀ ਕਾਰਜ ਕੁਸ਼ਲਤਾ ਲਈ ਜੁਆਬਦੇਹ ਹਨ ਅਤੇ ਮਿੱਤਰਾਂ ਵਾਂਗ ਇਕ ਦੂਜੇ ਦੇ ਸਹਾਇਕ ਹਨ। ਜੇ ਇਕ ਕੰਮ ਕਰਨਾ ਬੰਦ ਕਰ ਦੇਵੇ ਤਾਂ ਦੂਸਰਾ ਵੀ ਹਥਿਆਰ ਸੁੱਟ ਦਿੰਦਾ ਹੈ।

ਕਈ ਵਾਰੀ ਜੇ ਕਿਸੇ ਕਾਰਨ ਦਿਮਾਗ ਕੋਮਾ ਵਿਚ ਚਲਾ ਜਾਵੇ ਤਾਂ ਦਿਲ ਫਿਰ ਵੀ ਕਾਫੀ ਸਮਾਂ ਉਸ ਨੂੰ ਖੁਰਾਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਮਿੱਤਰ ਦੀ ਉਡੀਕ ਕਰਦਾ ਹੈ ਕਿ ਉਹ ਮੁੜ ਕੰਮ `ਤੇ ਆ ਜਾਵੇ, ਪਰ ਦਿਲ ਫੇਲ੍ਹ ਹੋਣ `ਤੇ ਦਿਮਾਗ ਜਲਦੀ ਹੀ ਹਥਿਆਰ ਸੁੱਟ ਦਿੰਦਾ ਹੈ। ਤੀਸਰਾ, ਮਨ ਬਾਰੇ ਵੀ ਅਸੀਂ ਕਈ ਭਰਮ ਲਈ ਬੈਠੇ ਹਾਂ। ਮਨ ਬਾਰੇ ਅਸੀਂ ਇਹ ਨਹੀਂ ਦਸ ਸਕਦੇ ਕਿ ਮਨ ਸਾਡੇ ਸਰੀਰ ਦੇ ਕਿਹੜੇ ਹਿੱਸੇ ਵਿਚ ਵਾਸ ਕਰਦਾ ਹੈ। ਇਹ ਦਿਲ ਅਤੇ ਦਿਮਾਗ-ਦੋਹਾਂ ਨੂੰ ਪ੍ਰਭਾਵਿਤ ਵੀ ਕਰਦਾ ਹੈ ਅਤੇ ਪ੍ਰਭਾਵਿਤ ਹੁੰਦਾ ਵੀ ਹੈ। ਇਹ ਤਿੰਨੇ ਥੋੜ੍ਹਾ ਹੋਰ ਵਿਸਥਾਰ ਮੰਗਦੇ ਹਨ।
ਦਿਲ ਆਕਸੀਜਨ-ਯੁਕਤ ਲਹੂ ਰਾਹੀਂ ਲੋੜੀਂਦੇ ਹਾਰਮੋਨਜ਼ ਅਤੇ ਮਿਨਰਲਜ਼ (ਖਣਿਜ) ਨੂੰ ਸਰੀਰ ਦੇ ਸਾਰੇ ਅੰਗਾਂ ਦੇ ਸੈਲਾਂ ਅਤੇ ਟਿਸ਼ੂਜ਼ ਤਕ ਪਹੁੰਚਾਉਣ ਦਾ ਕੰਮ ਜਨਮ ਤੋਂ ਲੈ ਕੇ ਮਰਨ ਤਕ ਲਗਾਤਾਰ ਕਰਦਾ ਰਹਿੰਦਾ ਹੈ। ਕਾਰਬਨਡਾਇਆਕਸਾਈਡ ਯੁਕਤ ਖੂਨ ਨੂੰ ਵਾਪਿਸ ਲਿਆ ਕੇ ਸਫਾਈ ਲਈ ਭੇਜਦਾ ਹੈ। ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ, ਇਹ ਉਸ ਸਮੇਂ ਵੀ ਆਪਣੀ ਡਿਊਟੀ ਨਿਭਾ ਰਿਹਾ ਹੁੰਦਾ ਹੈ। ਇਹ ਸਾਡੇ ਸਰੀਰ ਦਾ ਸਭ ਤੋਂ ਸ਼ਕਤੀਸ਼ਾਲੀ ਪੱਠਾ (ਮਸਲ) ਹੈ। ਇਹ ਸਾਡੀ ਛਾਤੀ ਵਿਚ ਥੋੜ੍ਹਾ ਜਿਹਾ ਖੱਬੇ ਪਾਸੇ ਹੁੰਦਾ ਹੈ। ਵੱਖਰੇ ਵੱਖਰੇ ਪ੍ਰਾਣੀਆਂ ਵਿਚ ਇਸ ਦੀ ਸ਼ਕਲ ਵੱਖਰੀ ਵੱਖਰੀ ਹੁੰਦੀ ਹੈ। ਜਿਵੇਂ ਮੱਕੜੀ ਵਿਚ ਇਹ ਸਿੱਧੀ ਟਿਊਬ ਵਰਗਾ ਹੁੰਦਾ ਹੈ ਅਤੇ ਮੱਛੀਆਂ ਵਿਚ ਇਹ ਵਲਦਾਰ ਟਿਊਬ ਵਰਗਾ ਹੁੰਦਾ ਹੈ। ਮਨੁੱਖਾਂ ਵਿਚ ਇਹ ਸਾਡੀ ਮਿਚੀ ਹੋਈ ਮੁੱਠੀ ਜਿੱਡਾ ਹੁੰਦਾ ਹੈ ਅਤੇ ਇਸ ਦਾ ਭਾਰ ਕਰੀਬ 8 ਤੋਂ 12 ਔਂਸ ਤਕ ਹੁੰਦਾ ਹੈ। ਹਰ ਦਿਨ ਦਿਲ ਔਸਤ ਇਕ ਲੱਖ ਵਾਰੀ ਧੜਕਦਾ ਹੈ। ਦਿਲ ਦੀ ਕਾਰਜ ਕੁਸ਼ਲਤਾ ਇਸ ਗੱਲ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਇਹ ਹਰ ਰੋਜ਼ ਕਰੀਬ ਦੋ ਹਜ਼ਾਰ ਗੈਲਨ ਲਹੂ ਪੰਪ ਕਰਕੇ ਨਾੜੀਆਂ ਰਾਹੀਂ ਲਗਪਗ ਇਕ ਲੱਖ ਮੀਲ ਦਾ ਸਫਰ ਤੈਅ ਕਰਾ ਕੇ ਸਰੀਰ ਦੇ ਕੋਨੇ ਕੋਨੇ ਤਕ ਪਹੁੰਚਾਉਂਦਾ ਹੈ।
ਦਿਮਾਗ ਸਾਡੇ ਸਿਰ ਵਿਚ ਖੋਪੜੀ ਦਾ ਸਖਤ ਕਵਚ ਪਾਈ ਬੈਠਾ ਹੈ, ਜੋ ਖਰਬਾਂ ਸੈਲਾਂ ਦਾ ਬਣਿਆ ਹੁੰਦਾ ਹੈ। ਇਹ 100 ਬਿਲੀਅਨ ਨਾੜੀਆਂ ਰਾਹੀਂ ਮਨੁੱਖੀ ਸਰੀਰ ਦੇ ਸਾਰੇ ਅੰਗਾਂ ਨਾਲ ਆਪਣੇ ਆਪ ਨੂੰ ਜੋੜਦਾ ਹੈ। ਇਸ ਦਾ ਰੰਗ ਭੂਰਾ ਹੁੰਦਾ ਹੈ। ਇਸ ਦਾ ਭਾਰ 1.2 ਤੋਂ 1.4 ਕਿਲੋ ਤਕ ਹੁੰਦਾ ਹੈ। ਇਹ ਸਾਡੇ ਸਰੀਰ ਦੇ ਭਾਰ ਦਾ ਕਰੀਬ 2 ਫੀਸਦੀ ਹੁੰਦਾ ਹੈ। ਇਸ ਦਾ ਘਣਫਲ ਬੰਦਿਆਂ ਵਿਚ ਕਰੀਬ 1260 ਘਣ ਸੈਂਟੀਮੀਟਰ ਅਤੇ ਔਰਤਾਂ ਵਿਚ 1130 ਘਣ ਸੈਂਟੀਮੀਟਰ ਹੁੰਦਾ ਹੈ। ਇਸ ਦਾ ਅਗਲਾ ਹਿੱਸਾ ਸਾਡੀ ਤਰਕ, ਸਾਡੀਆਂ ਹਰਕਤਾਂ, ਸਾਡੇ ਜਜ਼ਬਾਤ ਅਤੇ ਸਾਡੀ ਭਾਸ਼ਾ ਨੂੰ ਕੰਟਰੋਲ ਕਰਦਾ ਹੈ। ਇਸ ਦਾ ਇਕ ਹਿੱਸਾ ਮੋਟਰ ਕਾਰਟੈਕਸ ਹੈ, ਜੋ ਸਾਰੇ ਅੰਗਾਂ ਦੀਆਂ ਹਰਕਤਾਂ ਨੂੰ ਯੋਜਨਾਬੱਧ ਤਰੀਕੇ ਨਾਲ ਇਕ ਦੂਜੇ ਨਾਲ ਤਾਲਮੇਲ ਕਰਕੇ ਕੰਮ ਕਰਨ ਵਿਚ ਮਦਦ ਕਰਦਾ ਹੈ। ਇਸ ਦਾ ਪਿੱਛਲਾ ਹਿੱਸਾ ਗੰਭੀਰ ਕਿਸਮ ਦੀਆਂ ਸਮੱਸਿਆਵਾਂ ਦੇ ਹੱਲ ਦਾ ਸੰਵਿਧਾਨ ਕਰਦਾ ਹੈ, ਕਿਸੇ ਵਿਸ਼ੇ ਨੂੰ ਸਿੱਖਣਾ, ਭਾਸ਼ਾ ਨੂੰ ਸਿੱਖਣਾ, ਨਵੇਂ ਵਿਚਾਰ ਪ੍ਰਗਟ ਕਰਨੇ ਆਦਿ ਲਈ ਕੰਮ ਕਰਦਾ ਹੈ।
ਦਿਮਾਗ ਸਾਡੀਆਂ ਗਿਆਨ ਇੰਦਰੀਆਂ ਰਾਹੀਂ ਬਾਹਰਲੀ ਦੁਨੀਆਂ ਵਲੋਂ ਨਾੜੀਆਂ ਰਾਹੀਂ ਸੁਨੇਹੇ ਪ੍ਰਾਪਤ ਕਰਕੇ ਉਸ ਦੇ ਸਬੰਧ ਵਿਚ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਉਸ ਮੁਤਾਬਕ ਕੰਮ ਕਰਨ ਲਈ ਸੁਨੇਹੇ ਘੱਲਦਾ ਹੈ। ਇਸ ਵਿਚ ਸਾਡੀ ਪਿੱਠ ਵਿਚ ਰੀੜ੍ਹ ਦੀ ਹੱਡੀ ਦੇ ਵਿਚੋਂ ਦੀ ਲੰਘਦੀ ਸੂਖਸ਼ਮਨਾ ਨਾੜੀ (ਸਪਾਈਨਲ ਕੋਰਡ) ਬਹੁਤ ਹੀ ਅਹਿਮ ਰੋਲ ਅਦਾ ਕਰਦੀ ਹੈ। ਜੇ ਸਾਡੀ ਰੀੜ੍ਹ ਦੀ ਹੱਡੀ ਉਤੇ ਕੋਈ ਗੰਭੀਰ ਚੋਟ ਲੱਗਣ ਤੇ ਇਸ ਦੇ ਕਿਸੇ ਮਣਕੇ ਦੇ ਦੱਬਣ ਕਾਰਨ ਸਪਾਈਨਲ ਕੋਰਡ ਘੁਟ ਹੋ ਜਾਵੇ ਤਾਂ ਇਸ ਨਾਲ ਸਰੀਰ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ, ਕਿਉਂਕਿ ਦਿਮਾਗ ਨਾਲੋਂ ਉਨ੍ਹਾਂ ਦਾ ਸੰਪਰਕ ਟੁੱਟ ਜਾਂਦਾ ਹੈ। ਦਿਮਾਗ ਅਤੇ ਸਪਾਈਨਲ ਕੋਰਡ ਵਿਚਕਾਰ ਸਟੈਂਮ ਹੁੰਦਾ ਹੈ, ਜੋ ਸਾਡੀ ਸਾਹ ਲੈਣ, ਸੌਣ ਅਤੇ ਚਿਹਰੇ ਦੀਆਂ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ।
ਦਿਲ ਅਤੇ ਦਿਮਾਗ ਸਾਡੇ ਸਰੀਰ ਵਿਚ ਹੋਂਦ ਰੱਖਦੇ ਹਨ, ਪਰ ਮਨ ਸਥੂਲ ਹੋਂਦ ਨਾ ਰੱਖਦਾ ਹੋਇਆ ਵੀ ਇਨ੍ਹਾਂ ਦੋਹਾਂ ਅਤੇ ਬਾਕੀ ਸਰੀਰ ਉਤੇ ਆਪਣਾ ਪੂਰਾ ਪ੍ਰਭਾਵ ਤੇ ਰੋਹਬ ਰੱਖਦਾ ਹੈ। ਇਹ ਦਿਲ ਅਤੇ ਦਿਮਾਗ ਦੇ ਕੰਮ ਵਿਚ ਗਾਹੇ-ਬਗਾਹੇ ਦਖਲ ਦਿੰਦਾ ਰਹਿੰਦਾ ਹੈ। ਮਨੋਵਿਗਿਆਨੀ ਦੱਸਦੇ ਹਨ ਕਿ ਮਨ ਤਿੰਨ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਸ ਦੀ ਤੁਲਨਾ ਉਹ ਆਈਸਬਰਗ ਨਾਲ ਕਰਦੇ ਹਨ, ਜਿਸ ਦਾ ਸਿਰਫ ਇਕ ਹਿੱਸਾ ਸਮੁੰਦਰ ਤੋਂ ਬਾਹਰ ਦਿਸਦਾ ਹੈ ਤੇ ਬਾਕੀ ਨੌਂ ਹਿੱਸੇ ਪਾਣੀ ਵਿਚ ਛੁਪੇ ਰਹਿੰਦੇ ਹਨ। ਪਹਿਲਾ ਭਾਗ ਸਾਰੇ ਮਨ ਦਾ ਸਿਰਫ ਦਸ ਫੀਸਦੀ ਹੀ ਹੁੰਦਾ ਹੈ, ਇਸ ਨੂੰ ਚੇਤਨ-ਮਨ ਕਹਿੰਦੇ ਹਨ, ਜਿਸ ਵਿਚ ਸਾਡੀ ਯਾਦਦਾਸ਼ਤ ਦਾ ਵਰਤਮਾਨ ਸਾਂਭਿਆ ਜਾਂਦਾ ਹੈ। ਜੋ ਵੀ ਅਸੀਂ ਹੁਣ ਕਰਦੇ ਹਾਂ, ਉਸ ਦਾ ਸਾਰਾ ਡਾਟਾ ਇਹ ਸਟੋਰ ਕਰਦਾ ਰਹਿੰਦਾ ਹੈ। ਭਾਵੇਂ ਇਸ ਦਾ ਆਪਣਾ ਕੋਈ ਸਟੋਰ ਨਹੀਂ ਹੈ, ਇਹ ਦਿਮਾਗ ਦਾ ਸਟੋਰ ਹੀ ਵਰਤਦਾ ਹੈ।
ਅਸਲ ਵਿਚ ਦਿਮਾਗ ਸਾਡੇ ਕੰਪਿਊਟਰ ਦਾ ਹਾਰਡਵੇਅਰ ਹੈ ਅਤੇ ਮਨ ਇਸ ਦਾ ਸੌਫਟਵੇਅਰ ਹੈ। ਦਿਮਾਗ ਤੇ ਮਨ ਇਕੱਠੇ ਹੀ ਕੰਮ ਕਰ ਸਕਦੇ ਹਨ, ਵੱਖਰੇ ਵੱਖਰੇ ਕੰਮ ਨਹੀਂ ਕਰ ਸਕਦੇ। ਉਪਰਲੀ ਸਤਹਾ ਦੀ ਯਾਦਦਾਸ਼ਤ ਨੂੰ ਸਾਡਾ ਚੇਤਨ ਮਨ ਕਾਬੂ (ਕੰਟਰੋਲ) ਕਰਦਾ ਹੈ, ਇਸ ਦਾ ਦੂਸਰੇ ਡਾਟੇ ਨਾਲ ਮੁਕਾਬਲਾ ਕਰਦਾ ਹੈ। ਵਰਤਮਾਨ ਸਮੇਂ ਵਿਚ ਫੈਸਲੇ ਕਰਨਾ, ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਕਰਨਾ, ਹਰ ਤਰ੍ਹਾਂ ਦੇ ਹਾਲਾਤ ਦਾ ਜੁਆਬ ਦੇਣ ਲਈ ਹਰ ਵੇਲੇ ਤਿਆਰ ਰਹਿਣਾ ਅਤੇ ਕੁਝ ਨਵਾਂ ਪੈਦਾ ਕਰਦੇ ਰਹਿਣਾ ਇਸ ਦਾ ਕੰਮ ਹੈ। ਇਸ ਦਾ ਦੂਜਾ ਭਾਗ ਅਰਧ-ਚੇਤਨ ਮਨ ਹੈ। ਇਸ ਭਾਗ ਵਿਚ ਸਾਡੀ ਉਹ ਚੇਤਨਾ ਜਾਂ ਯਾਦਦਾਸ਼ਤ ਪਈ ਹੁੰਦੀ ਹੈ, ਜੋ ਵਰਤਮਾਨ ਸਮੇਂ ਵਿਚ ਯਾਦ ਨਹੀਂ ਹੁੰਦੀ, ਪਰ ਅਸੀਂ ਥੋੜ੍ਹਾ ਜਿਹਾ ਸੋਚ ਕੇ ਯਾਦ ਕਰ ਸਕਦੇ ਹਾਂ ਜਿਵੇਂ ਕਿ ਸਾਡੀਆਂ ਬਚਪਨ ਦੀਆਂ ਯਾਦਾਂ।
ਬਹੁਤੇ ਮਨੋਵਿਗਿਆਨੀ ਇਸ ਨੂੰ ਚੇਤਨ ਮਨ ਦਾ ਹੀ ਹਿੱਸਾ ਮੰਨਦੇ ਹਨ। ਮਨ ਦਾ ਸਭ ਤੋਂ ਵੱਡਾ ਭਾਗ ਅਚੇਤਨ ਮਨ ਹੈ। ਇਸ ਵਿਚ ਕੀ ਚਲਦਾ ਹੈ, ਇਸ ਬਾਰੇ ਚੇਤਨ ਤੌਰ `ਤੇ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ। ਇਸ ਵਿਚ ਗਏ ਡਾਟੇ ਨੂੰ ਅਸੀਂ ਆਪਣੇ ਆਪ ਕੱਢ ਨਹੀਂ ਸਕਦੇ। ਇਸ ਨੂੰ ਪੜ੍ਹਨ ਲਈ ਮਨੋਵਿਗਿਆਨੀਆਂ ਨੇ ਕਈ ਢੰਗ ਲੱਭੇ ਹਨ, ਜਿਨ੍ਹਾਂ ਵਿਚੋਂ ਇਕ ਸੰਮੋਹਨ (ਹਿਪਨੋਟਿਜ਼ਮ) ਹੈ। ਉਂਜ ਇਹ ਬਿਨਾ ਦੱਸਿਆਂ ਹੀ ਸਾਡੀ ਸਾਹ ਦੀ ਕ੍ਰਿਆ, ਪਚਾਉਣ ਦੀ ਕ੍ਰਿਆ, ਸੌਣ ਅਤੇ ਦਿਲ ਦਾ ਕੰਮ ਤੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਵਿਚ ਮਦਦ ਕਰਦਾ ਰਹਿੰਦਾ ਹੈ। ਇਹ ਸਾਨੂੰ ਖਤਰਿਆਂ ਆਦਿ ਤੋਂ ਬਚਾਉਣ ਲਈ ਇਸ਼ਾਰੇ ਕਰਦਾ ਰਹਿੰਦਾ ਹੈ, ਜਿਸ ਨੂੰ ਕਈ ਵਾਰੀ ਅਸੀਂ ਆਤਮਾ ਦੀ ਆਵਾਜ਼ ਵੀ ਕਹਿ ਦਿੰਦੇ ਹਾਂ। ਇਸ ਵਿਚ ਲੰਬੇ ਸਮੇਂ ਦੀ ਯਾਦਦਾਸ਼ਤ ਜਮ੍ਹਾਂ ਰਹਿੰਦੀ ਹੈ। ਇਸ ਵਿਚ ਸਾਡੀਆਂ ਅਪੂਰਣ ਖਾਹਿਸ਼ਾਂ, ਭਾਵਨਾਵਾਂ, ਜਜ਼ਬਾਤ ਆਦਿ ਸਭ ਜਮ੍ਹਾਂ ਰਹਿੰਦੇ ਹਨ। ਸਾਡੇ ਵੰਸ/ਕਣ (ਜ਼ੀਨਜ਼) ਰਾਹੀਂ ਵੀ ਸਾਨੂੰ ਜੋ ਤਜ਼ਰਬੇ ਆਪਣੇ ਵੱਡੇ ਵਡੇਰਿਆਂ ਤੋਂ ਮਿਲਦੇ ਹਨ, ਉਨ੍ਹਾਂ ਨੂੰ ਵੀ ਸੰਭਾਲਣ ਦਾ ਕੰਮ ਇਹੀ ਕਰਦਾ ਹੈ। ਇਹ ਚੇਨ ਪਿਛਲੀਆਂ ਕਿੰਨੀਆਂ ਪੀੜ੍ਹੀਆਂ ਤੋਂ ਚਲੀ ਆਉਂਦੀ ਹੈ। ਚੇਤਨ ਮਨ ਦੀਆਂ ਹਦਾਇਤਾਂ ਨੂੰ ਅਰਧ-ਚੇਤਨ ਮਨ ਤਾਂ ਸਵੀਕਾਰ ਕਰਦਾ ਹੈ, ਪਰ ਅਚੇਤਨ ਮਨ ਉਸ ਨੂੰ ਸਵੀਕਾਰ ਨਹੀਂ ਕਰਦਾ। ਅਚੇਤਨ ਮਨ ਗਲਤ-ਠੀਕ ਜਾਂ ਚੰਗੇ-ਮਾੜੇ ਬਾਰੇ ਨਹੀਂ ਜਾਣਦਾ, ਸਗੋਂ ਇਸ ਵਿਚ ਜਮ੍ਹਾਂ ਡਾਟੇ ਮੁਤਾਬਕ ਹੀ ਕੰਮ ਕਰਦਾ ਹੈ।
ਹੁਣ ਜੇ ਅਸੀਂ ਦਿਲ, ਦਿਮਾਗ ਅਤੇ ਮਨ ਬਾਰੇ ਇਨ੍ਹਾਂ ਦੀ ਸਾਂਝ ਦੀ ਗੱਲ ਕਰੀਏ ਤਾਂ ਇਉਂ ਲੱਗਦਾ ਹੈ ਕਿ ਦਿਮਾਗ ਤੇ ਮਨ ਤਾਂ ਆਪਸ ਵਿਚ ਘਿਓ-ਖਿਚੜੀ ਹੋਏ ਰਹਿੰਦੇ ਹਨ, ਭਾਵੇਂ ਹਮੇਸ਼ਾ ਮਨ ਦਾ ਪਲੜਾ ਭਾਰੂ ਰਹਿੰਦਾ ਹੈ। ਬਾਹਰੀ ਵਰਤਾਰੇ ਸਭ ਤੋਂ ਪਹਿਲਾਂ ਮਨ `ਤੇ ਪ੍ਰਭਾਵ ਪਾਉਂਦੇ ਹਨ, ਫਿਰ ਮਨ ਖੁਸ਼ੀ ਜਾਂ ਗਮੀ ਵਾਲੇ ਪ੍ਰਭਾਵਾਂ ਨੂੰ ਦਿਮਾਗ ਵਲ ਭੇਜਦਾ ਹੈ। ਦਿਮਾਗ ਇਸ ਦੇ ਅਸਰ ਨੂੰ ਸਰੀਰ ਦੇ ਸਾਰੇ ਅੰਗਾਂ ਸਮੇਤ ਦਿਲ ਦੇ ਇਸ `ਤੇ ਪ੍ਰਤੀਕਰਮ ਦੇਣ ਲਈ ਆਪਣੇ ਦੂਤਾਂ ਰਾਹੀਂ ਭੇਜਦਾ ਹੈ। ਇਹ ਅਸਰ ਹੀ ਸਾਡੇ ਸਾਰੇ ਗਲੈਡਜ਼ ਦੇ ਰਸ ਵਿਚ ਵਾਧਾ-ਘਾਟਾ ਕਰਦਾ ਹੈ, ਜਿਸ ਨਾਲ ਸਾਡੇ ਸੁਭਾਅ, ਮੂਡ, ਸਿਹਤ ਦੇ ਉਤਰਾ-ਚੜ੍ਹਾਅ ਆਉਂਦੇ ਹਨ। ਇਸ ਤਰ੍ਹਾਂ ਭੇਜੇ ਸੁਨੇਹੇ ਸਾਡੇ ਸਰੀਰ ਦੇ ਰਸਾਇਣ (ਕਮਿਸਟਰੀ) ਬਦਲ ਦਿੰਦੇ ਹਨ। ਗਮ ਦੇ ਸੁਨੇਹੇ ਨਕਾਰਾਤਮਕ ਬਦਲਾਓ ਲਿਆਉਂਦੇ ਹਨ ਅਤੇ ਖੁਸ਼ੀ ਦੇ ਸੁਨੇਹੇ ਸਕਾਰਾਤਮਕ ਬਦਲਾਓ ਲਿਆਉਂਦੇ ਹਨ। ਇਹ ਸੁਨੇਹੇ ਹੀ ਸਾਡੀ ਸੋਚ, ਸੰਵੇਦਨਾਵਾਂ, ਆਦਤਾਂ, ਵਿਸ਼ਵਾਸ, ਸਾਡੀ ਚੇਤਨਤਾ ਅਤੇ ਕਲਪਨਾ `ਤੇ ਅਸਰ ਕਰਦੇ ਹਨ। ਲੇਖਕਾਂ-ਸ਼ਾਇਰਾਂ ਨੇ ਦਿਲ ਬੇਚਾਰੇ ਨੂੰ ਕਸੂਰਵਾਰ ਠਹਿਰਾਇਆ ਹੈ, ਜਦੋਂ ਕਿ ਅਸਲ ਜ਼ਿੰਮੇਵਾਰ ਮਨ ਤੇ ਦਿਮਾਗ ਹੈ। ਬਹੁਤ ਸਾਰੇ ਫਾਰਸੀ, ਉਰਦੂ, ਹਿੰਦੀ ਅਤੇ ਪੰਜਾਬੀ ਦੇ ਸ਼ਾਇਰਾਂ ਨੇ ‘ਦਿਲ’ ਨੂੰ ਵੱਖਰੇ ਵੱਖਰੇ ਅੰਦਾਜ਼ ਵਿਚ ਵਰਤਿਆ ਹੈ, ਪਰ ਕੁਝ ਕੁ ਸ਼ਾਇਰਾਂ ਦੇ ਸ਼ਿਅਰ ਹਾਜ਼ਰ ਹਨ। ਸਾਡੇ ਬਹੁਤ ਵੱਡੇ ਕਵੀ ਗੁਲਾਮ ਫਰੀਦ ਨੇ ਫਰਮਾਇਆ,
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ।
ਗੁਲਾਮ ਫਰੀਦਾ ਦਿਲ ਉਥੇ ਦਈਏ
ਜਿਥੇ ਅਗਲਾ ਕਦਰ ਵੀ ਜਾਣੇ।
ਫਾਰਸੀ ਦੇ ਆਲਮ ਫਾਜ਼ਲ ਸ਼ਾਇਰ ਸੁਲਤਾਨ ਬਾਹੂ ਨੇ ਦਿਲ ਬਾਰੇ ਆਪਣੀ ਇਕ ਸ਼ੀਹਰਫੀ ਵਿਚ ਇਸ ਤਰ੍ਹਾਂ ਲਿਖਿਆ,
ਦਾਲ ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ
ਜੋ ਕੋਈ ਉਸ ਨੂੰ ਜਾਣੇ ਹੂ।
ਮੂੰਹ ਕਾਲਾ ਦਿਲ ਅੱਛਾ ਹੋਵੇ
ਤਾਂ ਦਿਲ ਯਾਰ ਪਛਾਣੇ ਹੂ।
ਮਨ ਦੁਖੀ ਹੁੰਦਾ ਹੈ, ਪਰ ਧੂੰਆਂ ਦਿਲ `ਚੋਂ ਨਿਕਲਦਾ ਹੈ। ਮੀਰ ਤਕੀ ਮੀਰ ਨੇ ਫਰਮਾਇਆ,
ਦੇਖ ਤੋ ਦਿਲ ਕਿ ਜਾਂ ਸੇ ਉਠਤਾ ਹੈ
ਯਹ ਧੂੰਆਂ ਸਾ ਕਹਾਂ ਸੇ ਉਠਤਾ ਹੈ।
ਗਜ਼ਲ ਖੇਤਰ ਵਿਚ ਦਾਗ ਸਕੂਲ ਦੇ ਮੋਢੀ ਜਨਾਬ ਦਾਗ ਦੇਹਲਵੀ ਦਰਦ ਨੂੰ ਦਿਲ ਵਿਚ ਥਾਂ ਦਿੰਦੇ ਹਨ,
ਰਹਾ ਨ ਦਿਲ ਮੇ, ਵੋਹ ਬੇਦਰਦ
ਔਰ ਦਰਦ ਰਹਾ,
ਮੁਕੀਮ ਕੌਨ ਹੂਆ ਹੈ,
ਮੁਕਾਮ ਕਿਸ ਕਾ ਥਾ।
ਉਰਦੂ ਦੇ ਮਸ਼ਹੂਰ ਸ਼ਾਇਰ ਜਨਾਬ ਆਬਰੂ ਵੀ ਆਪਣੇ ਦਿਲ ਨੂੰ ਖੁਸ਼ ਕਰਦੇ ਹਨ, ਚਨੇ ਵਾਂਗ ਭੁੰਨ ਕੇ,
ਯੂੰ ਦਿਲ ਹਮਾਰਾ ਇਸ਼ਕ ਕੀ
ਆਤਿਸ਼ ਮੇ ਖੁਸ਼ ਹੂਆ,
ਭੂੰਨ ਕਰ ਤਮਾਮ ਆਗ ਮੇ
ਖੁਲਤਾ ਹੈ ਜੂੰ ਚਨਾ।
ਗਜ਼ਲ ਦੇ ਦੀਪਕ ਸਕੂਲ ਦੇ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋਈ ਆਪਣਾ ਦਿਲ ਮਹਿਬੂਬ ਅੱਗੇ ਇਉਂ ਰੱਖਦੇ ਹਨ,
ਚੀਰ ਕੇ ਸੀਨਾ ਮੈਂ ਦਿਲ ਰੱਖਿਆ ਸੀ
ਜਿਸ ਦੇ ਸਾਹਮਣੇ,
ਉਸ ਦੇ ਦਿਲ ਵਿਚ ਭੀ
ਭੁਲੇਖੇ ਕਿਉਂ ਮੇਰੇ ਬਾਰੇ ਰਹੇ।
ਉਸਤਾਦ ਗਜ਼ਲਕਾਰ ਜਨਾਬ ਸਾਧੂ ਸਿੰਘ ਹਮਦਰਦ ਵੀ ਆਪਣੀ ਇਕ ਗਜ਼ਲ ਦੇ ਮਕਤੇ ਵਿਚ ਆਪਣੇ ਦਿਲ ਵਿਚ ਝਾਤੀ ਇਸ ਤਰ੍ਹਾਂ ਪਾਉਂਦੇ ਹਨ,
ਉਹਦੇ ਅੰਦਰ ਬੋਲਦਾ ਸੀ ਆਪ ਰੱਬ
ਦੋਸ਼ ਕਿਉਂ ਮੰਨਿਆ ਗਿਆ ਮਨਸੂਰ ਦਾ,
ਦਿਲ ਦੇ ਅੰਦਰ ਪਾ ਕੇ ਇਕ ਝਾਤੀ ਕਦੀ
ਵੇਖ ਲੈ ‘ਹਮਦਰਦ’ ਜਲਵਾ ਤੂਰ ਦਾ।
ਜਨਾਬ ਠਾਕੁਰ ਭਾਰਤੀ ਵੀ ਆਪਣੇ ਹੀ ਵੱਖਰੇ ਅੰਦਾਜ਼ ਆਪਣੇ ਦਿਲ ਦਾ ਹਾਲ ਪੁੱਛਦੇ ਹਨ,
ਗਮ ਦੀ ਮਸਤੀ ਸ਼ਰਾਬ ਵਰਗੀ ਏ
ਜ਼ਿੰਦਗੀ ਲਾ-ਜਵਾਬ ਵਰਗੀ ਏ,
ਖਬਰੇ ਕੀ ਹਾਲ ਹੈ ਮੇਰੇ ਦਿਲ ਦਾ
ਸਾਹ ਦੇ ਵਿਚ ਬੋ ਕਬਾਬ ਵਰਗੀ ਏ।
ਗਜ਼ਲ ਦੇ ਚਾਨਣ ਜਨਾਬ ਚਾਨਣ ਗੋਬਿੰਦਪੁਰੀ ਦਿਲ ਬਾਰੇ ਆਪਣੇ ਮਹਿਬੂਬ ਨੂੰ ਮੁਖਾਤਿਬ ਹੁੰਦੇ ਹਨ,
ਚਲ ਕੇ ਤੂੰ ਦੋ ਹੀ ਚਾਲਾਂ
ਬਾਜ਼ੀ ਏ ਮਾਤ ਕੀਤੀ,
ਹੱਸ ਕੇ ਖੋਹ ਲਿਆ ਦਿਲ
ਰੁਸ ਕੇ ਤੂੰ ਜਾਨ ਲਿਤੀ।
ਡਾ. ਇਕਬਾਲ ਚਾਹੁੰਦੇ ਹਨ ਕਿ ਅਕਲ ਵੀ ਦਿਲ ਦੇ ਵਰਤਾਰੇ ਨੂੰ ਕੰਟਰੋਲ ਕਰੇ,
ਅੱਛਾ ਹੈ ਦਿਲ ਕੇ ਸਾਥ ਰਹੇ ਪਾਸਬਾਨੇ ਅਕਲ,
ਲੇਕਿਨ ਕਭੀ ਕਭੀ ਇਸੇ ਤਨਹਾ ਭੀ ਛੋਡ ਦੇ।
ਡਾ. ਜਗਤਾਰ ਵੀ ਦਿਲ ‘ਚ ਮੰਦਰ ਦੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦੇ ਹਨ,
ਕਰ ਲਏ ਤ੍ਰਿਸ਼ੂਲ, ਤੇਗਾਂ
ਖੂਬ ਸਭ ਨੇ ਤੇਜ ਸਾਫ,
ਕੀ ਕਿਸੇ ਦੇ ਦਿਲ ‘ਚ
ਬਚਿਆ ਪਾਕ ਮੰਦਰ ਹੈ ਅਜੇ।
ਸਾਡੇ ਪ੍ਰਸਿੱਧ ਕਵੀ ਪ੍ਰੋਫੈਸਰ ਮੋਹਨ ਸਿੰਘ ਨੇ ਮਹਿਸੂਸ ਕੀਤਾ ਕਿ ਦਿਲ/ਮਨ ਨੂੰ ਫੜਿਆ ਨਹੀਂ ਜਾ ਸਕਦਾ,
ਸ਼ੋਖ ਦਿਲ ਨੂੰ ਨਾ ਵਲੀ
ਨਾ ਪੈਗੰਬਰ ਫੜ ਸਕੇ,
ਆ ਕਿ ਤੈਨੂੰ ਅਜ ਮੈਂ
ਉਡਦਾ ਟਟਹਿਣਾ ਫੜ ਦਿਆਂ।
ਇਸੇ ਤਰ੍ਹਾਂ ਪ੍ਰਸਿੱਧ ਗਜ਼ਲਕਾਰ ਉਲਫਤ ਬਾਜਵਾ ਵੀ ਦਿਲ ਨੂੰ ਉਲਾਂਭਾ ਦਿੰਦੇ ਹਨ,
ਮੇਰੇ ਦਿਲ ‘ਚੋਂ ਅਜੇ ਓਸ ਦਾ
ਸਾਇਆ ਨਹੀਂ ਜਾਂਦਾ,
ਜਵਾਨੀ ਵਿਚ ਪਰੀ ਬਣ ਕੇ
ਮਿਲੀ ਸੀ ਇਕ ਬਲਾ ਮੈਨੂੰ।
ਹਾਂ, ਇਕ ਪਰਵਾਸੀ ਕਵੀ ਸੰਤੋਖ ਸਿੰਘ ਗਿੱਲ ਨੇ ਦਿਲ ਨੂੰ ਕੋਸਣ ਦੀ ਥਾਂ ਉਸ ਨੇ ਸਿੱਧਾ ਮਨ ਨੂੰ ਦੋਸ਼ੀ ਠਹਿਰਾਇਆ ਹੈ,
ਸੋਚ ਮੇਰੇ ਮਨ ਦੀ ਹੈ
ਦਰਦ ਮੇਰੇ ਦਿਲ ਦਾ,
ਪੀੜ ਮੇਰੇ ਤਨ ਦੀ ਹੈ
ਦਰਦ ਮੇਰੇ ਦਿਲ ਦਾ।
ਪੰਜਾਬੀ ਦੀ ਸੰਜੀਦਾ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਵੀ ਸਵਾਲ ਦਿਲ ਨੂੰ ਹੀ ਕਰਦੀ ਹੈ,
ਸਾਂਭੇ ਹੋਏ ਨੇ ਤੇਰੇ ਸਾਰੇ ਗੁਲਾਬ ਹਾਲੇ
ਉਵੇਂ ਹੀ ਮਹਿਕਦੀ ਹੈ ਦਿਲ ਦੀ ਕਿਤਾਬ ਹਾਲੇ।
ਦੱਸਾਂ ਕੀ ਪਿਆਰ ਕੀ ਹੈ
ਫੁੱਲ ਹੈ ਜਾਂ ਖਾਰ ਕੀ ਹੈ,
ਪੁੱਛਣਾ ਹੈ ਮੈਂ ਵੀ ਦਿਲ ਤੋਂ
ਇਸ ਦਾ ਜੁਆਬ ਹਾਲੇ।
ਅਖੀਰ `ਤੇ ਸਾਡੇ ਸਿਰਮੌਰ ਕਵੀ ਪਦਮਸ੍ਰੀ ਸੁਰਜੀਤ ਪਾਤਰ ਦੇ ਇਸ ਸ਼ਿਅਰ ਨਾਲ ਆਪਣੀ ਗੱਲ ਖਤਮ ਕਰਦੇ ਹਾਂ,
ਖੋਲ੍ਹ ਦਿੰਦਾ ਦਿਲ ਜੇ ਤੂੰ
ਲਫਜ਼ਾਂ ਦੇ ਵਿਚ ਯਾਰਾਂ ਦੇ ਨਾਲ,
ਖੋਲ੍ਹਣਾ ਪੈਂਦਾ ਨਾ ਏਦਾਂ
ਅੱਜ ਔਜ਼ਾਰਾਂ ਦੇ ਨਾਲ।