ਖਿੜੇ ਹੋਏ ਮਸਤਕ ਵਾਲਾ ਜਥੇਦਾਰ

ਡਾ. ਬਲਕਾਰ ਸਿੰਘ
ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਤੋਂ ਪਹਿਲਾਂ ਹੀ ਜੋਗਿੰਦਰ ਸਿੰਘ ਵੇਦਾਂਤੀ, ਸਿੰਘ ਸਾਹਿਬ ਸਨ, ਕਿਉਂਕਿ ਉਸ ਵੇਲੇ ਉਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਨ। ਉਨ੍ਹਾਂ ਨੇ ਸੰਤੋਖੀ ਜੀਵਨ ਜੀਵਿਆ ਸੀ ਅਤੇ ਮਿਲੀਆਂ ਹੋਈਆਂ ਪਦਵੀਆਂ ਨਾਲ ਉਹ ਗੁਰੂ ਦੀ ਮਿਹਰ ਵਾਂਗ ਨਿਭਦੇ ਰਹੇ ਸਨ। ਤਤਕਾਲੀ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਵਿਚਕਾਰ ਜਦੋਂ ਵੀ ਤਣਾਓ ਪੈਦਾ ਹੁੰਦਾ ਰਿਹਾ ਹੈ, ਕਿਸੇ ਇਕ ਨੂੰ ਪਦਵੀ ਤੋਂ ਵੱਖ ਹੋਣਾ ਪੈਂਦਾ ਰਿਹਾ ਹੈ।

ਇਸ ਸਥਿਤੀ ਵਿਚ ਜਦੋਂ ਵੇਦਾਂਤੀ ਜੀ ਨੂੰ ਜਥੇਦਾਰ ਲਾਏ ਜਾਣ ਦੀ ਸਥਿਤੀ ਪੈਦਾ ਹੋ ਗਈ ਸੀ ਤਾਂ ਉਹ ਸੱਚੀਂ-ਮੁੱਚੀਂ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਸਨ ਲਗਣਾ ਚਾਹੁੰਦੇ, ਕਿਉਂਕਿ ਦਰਬਾਰ ਸਾਹਿਬ ਦੀ ਸੇਵਾ ਵਿਚ ਉਹ ਪੂਰੀ ਤਰ੍ਹਾਂ ਰੰਗੇ ਹੋਏ ਸਨ। ਵੈਸੇ ਵੀ ਉਹ ਬਾਣੀ ਤੋਂ ਪੰਥਕਤਾ ਦਾ ਸਫਰ ਲਗਾਤਾਰ ਤੈਅ ਕਰਦੇ ਆ ਰਹੇ ਸਨ। ਇਹ ਬਦਲਾਓ ਲਾਜ਼ਮੀ ਉਨ੍ਹਾਂ ਨੂੰ ਸ਼ੇਰ ਦੀ ਸਵਾਰੀ ਵਰਗਾ ਲਗਿਆ ਹੋਵੇਗਾ। ਉਨ੍ਹਾਂ ਦੀ ਮਿੱਤਰ ਮੰਡਲੀ ਵਿਚੋਂ ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪੈਦਾ ਹੋ ਗਏ ਤਣਾਓ ਵਾਲੇ ਮਾਹੌਲ ਵਿਚੋਂ ਤੁਹਾਡੀ ਨਿਯੁਕਤੀ ਨਾਲ ਬਾਹਰ ਆਇਆ ਜਾ ਸਕਦਾ ਹੈ। ਦੋਸਤਾਂ ਦੀ ਦੋਸਤੀ ਵਿਚ ਵੇਦਾਂਤੀ ਜੀ ਫੜੀਆਂ ਹੋਈਆਂ ਗੱਲਾਂ ਛੱਡ ਸਕਦੇ ਸਨ ਅਤੇ ਛੱਡੀਆਂ ਹੋਈਆਂ ਗੱਲਾਂ ਫੜ ਸਕਦੇ ਸਨ। ਜਿੰਨੇ ਉਹ ਕੂਲੇ ਨਜ਼ਰ ਆਉਂਦੇ ਸਨ, ਬੇਸ਼ਕ ਉਨੇ ਉਹ ਕੂਲੇ ਵੀ ਨਹੀਂ ਸਨ, ਕਿਉਂਕਿ ਉਨ੍ਹਾਂ ਦੀ ਮਾਨਸਿਕਤਾ ਵਿਚ ਬੌਧਿਕਤਾ ਅਤੇ ਪੰਥਕਤਾ ਇਕਠਿਆਂ ਵਹਿੰਦੀਆਂ ਸਨ। ਜਿੰਨੇ ਧਿਆਨ ਨਾਲ ਉਹ ਸੁਣਦੇ ਸਨ, ਉਨੀ ਛੇਤੀ ਉਹ ਮੰਨਦੇ ਨਹੀਂ ਸਨ। ਤਲਵਾੜਾ ਜੀ ਤੇ ਹੋਰ ਦੋਸਤਾਂ ਨਾਲ ਵਿਚਾਰ-ਵਟਾਂਦਰੇ ਤੋਂ ਪਿਛੋਂ ਵੇਦਾਂਤੀ ਜੀ ਇਸ ਸ਼ਰਤ ‘ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਣਾ ਮੰਨ ਗਏ ਸਨ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਦੀ ਸੇਵਾ ਕਰਨ ਤੋਂ ਨਹੀਂ ਰੋਕਿਆ ਜਾਵੇਗਾ। ਇਹੋ ਜਿਹੀ ਸ਼ਰਤ ਨਵਾਬੀ ਲੈਣ ਲੱਗਿਆਂ ਨਵਾਬ ਕਪੂਰ ਸਿੰਘ ਨੇ ਵੀ ਮੰਨਵਾਈ ਸੀ। ਅਹੁਦੇ ਨਾਲ ਸੇਵਾ ਭਾਵਨਾ ਵਿਚ ਨਿਭਣ ਦੀ ਪੰਥਕ ਪਰੰਪਰਾ ਵੇਦਾਂਤੀ ਜੀ ਕੋਲੋਂਂ ਸੁਤੇ ਹੀ ਨਿਭਾਈ ਗਈ ਸੀ। ਗੁਰੂ ਦਾ ਭਾਣਾ ਇਵੇਂ ਹੀ ਵਰਤਦਾ ਰਹਿੰਦਾ ਹੈ। ਅਹੁਦੇ ਵਜੋਂ ਜਦੋਂ ਉਹ ਯੋਗੀ ਹਰਿਭਜਨ ਸਿੰਘ ਦੇ ਸੱਦੇ ‘ਤੇ ਐਸਪੇਨੋਲਾ (ਅਮਰੀਕਾ) ਗਏ ਸਨ ਤਾਂ ਉਨ੍ਹਾਂ ਦੇ ਨਾਲ ਦਰਬਾਰ ਸਾਹਿਬ ਦੇ ਤਤਕਾਲੀ ਹੈਡ ਗ੍ਰੰਥੀ ਸਿੰਘ ਸਾਹਿਬ ਗੁਰਬਚਨ ਸਿੰਘ ਵੀ ਸਨ। ਮੇਰੀ ਜਿ਼ੰਮੇਵਾਰੀ ਇਨ੍ਹਾਂ ਪੰਥਕ ਹਸਤੀਆਂ ਦੀ ਦੇਖਭਾਲ ਦੀ ਸੀ, ਕਿਉਂਕਿ ਉਨ੍ਹਾਂ ਦਿਨਾਂ ਵਿਚ ਮੈਂ ਉਥੇ ਅਮਰੀਕਨ ਸਿੰਘਾਂ ਨੂੰ ਭਾਸ਼ਾ, ਸਭਿਆਚਾਰ ਅਤੇ ਸਿੱਖ ਧਰਮ ਪੜ੍ਹਾ ਰਿਹਾ ਸਾਂ। ਉਨ੍ਹਾਂ ਨੂੰ ਨੇੜਿਉਂ ਵੇਖਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਉਨ੍ਹਾਂ ਨੂੰ ਦੂਰੋਂ ਜਾਣਨ ਅਤੇ ਨੇੜਿਓਂ ਵੇਖਣ ਵਿਚ ਫਰਕ ਮੈਨੂੰ ਉਦੋਂ ਸਮਝ ਆ ਗਿਆ ਸੀ। ਵੱਖਰੀ ਜਥੇਦਾਰੀ ਦਿੱਖ ਦੇ ਬਾਵਜੂਦ ਉਨ੍ਹਾਂ ਦਾ ਸਹਿਚਾਰ ਨਿਮਰ, ਖੁੱਲ੍ਹਾ ਅਤੇ ਪਾਰਦਰਸ਼ੀ ਸੀ। ਉਹ ਇਤਿਹਾਸ ਨਾਲੋਂ ਵਧ ਬਾਣੀ ਬਾਰੇ ਬੋਲਦੇ ਸਨ ਅਤੇ ਇਤਿਹਾਸ ਦਾ ਸ੍ਰੋਤ, ਬਾਣੀ ਨੂੰ ਹੀ ਮੰਨਦੇ ਸਨ। ਹੁਣ ਜਦੋਂ ਇਤਿਹਾਸ ਦੀ ਪੁਸ਼ਟੀ ਵਾਸਤੇ ਬਾਣੀ ਨੂੰ ਵਰਤਣਾ ਸ਼ੁਰੂ ਹੋ ਗਿਆ ਹੈ ਤਾਂ ਵੇਦਾਂਤੀ ਜੀ ਇਸ ਕਰਕੇ ਵੀ ਯਾਦ ਆਉਂਦੇ ਹਨ, ਕਿਉਂਕਿ ਉਹ ਇਤਿਹਾਸ ਨੂੰ ਬਾਣੀ ਦੀ ਲੋੜ ਮੁਤਾਬਿਕ ਹੀ ਵਰਤਦੇ ਸਨ। ਸਿੱਖ ਪ੍ਰਬੰਧਨ ਅੰਦਰ ਪੈਦਾ ਹੋ ਗਈ ਗ੍ਰੰਥੀ ਸ਼੍ਰੇਣੀ ਦੀ ਸ਼ੈਲੀ ਨਾਲੋਂ ਵੱਖਰੇ ਲਗਣ ਕਰਕੇ ਉਹ ਮੈਨੂੰ ਗ੍ਰੰਥੀ ਸ਼੍ਰੇਣੀ ਅਤੇ ਸਿੱਖ ਅਕਾਦਮਿਕਤਾ ਵਿਚਕਾਰ ਪੁਲ ਵਾਂਗ ਨਜ਼ਰ ਆਏ ਸਨ। ਉਨ੍ਹਾਂ ਨੂੰ ਸਿੱਖ ਇਤਿਹਾਸ ਦੇ ਸੋਮਿਆਂ ਦੀ ਬਹੁਤ ਸਮਝ ਸੀ ਅਤੇ ਗੁਰਬਾਣੀ ਵਿਆਕਰਣ ਦੇ ਉਹ ਵਿਸ਼ੇਸ਼ੱਗ ਸਨ। ਪ੍ਰੋ. ਸਾਹਿਬ ਸਿੰਘ ਦਾ ਵਿਦਿਆਰਥੀ ਹੋਣ ਕਰਕੇ ਮੈਨੂੰ ਉਨ੍ਹਾਂ ਦੀ ਇਹ ਪਹੁੰਚ ਬਹੁਤ ਚੰਗੀ ਲੱਗਦੀ ਸੀ। ਕਹਿੰਦਿਆਂ-ਸੁਣਦਿਆਂ ਅਜਿਹੀ ਨੇੜਤਾ ਬਣੀ ਕਿ ਲਗਾਤਾਰ ਨਿਭਦੀ ਰਹੀ ਸੀ। ਉਨ੍ਹਾਂ ਨਾਲ ਹਰ ਕਿਸੇ ਦੀ ਮਿਸ਼ਨਰੀ ਅਤੇ ਅਕਾਦਮਿਕ ਸਾਂਝ ਸਹਿਜ ਨਾਲ ਹੀ ਨਿਭਦੀ ਰਹੀ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਚ ਮੇਰਾ ਵਿਦਿਆਰਥੀ ਡਾ. ਗੁਲਜ਼ਾਰ ਸਿੰਘ ਕੰਗ ਮੁਖੀ ਬਣ ਗਿਆ ਸੀ ਅਤੇ ਵੇਦਾਂਤੀ ਜੀ ਨਾਲ ਰਲ ਕੇ ਗੁਰਬਾਣੀ ਦੇ ਟਕਸਾਲੀ ਟੀਕੇ ਨਾਲ ਸਬੰਧਤ ਪ੍ਰਾਜੈਕਟ `ਤੇ ਕੰਮ ਕਰ ਰਿਹਾ ਸੀ। ਅਕਸਰ ਇਸ ਪ੍ਰਾਜੈਕਟ ਨੂੰ ਲੈ ਕੇ ਇਕੱਠੇ ਹੋਣ ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਦਾ ਰਹਿੰਦਾ ਸੀ ਅਤੇ ਵੇਦਾਂਤੀ ਜੀ ਦੀ ਸਮਝ ਤੇ ਅਨੁਭਵ ਦਾ ਪ੍ਰਭਾਵ ਮੇਰੀ ਮਾਨਸਿਕਤਾ `ਤੇ ਲਗਾਤਾਰ ਪੈਂਦਾ ਰਿਹਾ ਸੀ। ਉਹ ਆਪਣੀ ਤਕਨੀਕੀ ਪੁਖਤਗੀ ਨੂੰ ਆਮ ਬੋਲ-ਚਾਲ ਉਤੇ/ਵਿਚ ਹਾਵੀ ਨਹੀਂ ਹੋਣ ਦਿੰਦੇ ਸਨ ਅਤੇ ਅਕਾਦਮਿਕ ਫਿਕਰੇਬਾਜ਼ੀ ਦਾ ਬੇਬਾਕ ਅਨੰਦ ਲੈਂਦੇ ਰਹਿੰਦੇ ਸਨ। ਉਹ ਨਾਲ ਨਾਲ ਚਲ ਰਹੇ ਸਨ ਤਾਂ ਇਸ ਤਰ੍ਹਾਂ ਨਹੀਂ ਲੱਗਦਾ ਸੀ, ਜਿਵੇਂ ਅੱਜ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਲੱਗ ਰਿਹਾ ਹੈ। ਉਨ੍ਹਾਂ ਦੀ ਗੈਰਹਾਜ਼ਰੀ ਵਿਚ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਗ੍ਰੰਥੀਪਨ ਵਿਚੋਂ ਪੁਜਾਰੀ ਪ੍ਰਭਾਵ ਮਨਫੀ ਸੀ ਅਤੇ ਉਨ੍ਹਾਂ ਦੀ ਵਿਦਵਤਾ ਵਿਚੋਂ ਫੂਹੜ ਸਿਆਣਪ ਵੀ ਮਨਫੀ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਉਨ੍ਹਾਂ ਵਿਚੋਂ ਅਹੁਦੇ ਦਾ ਪ੍ਰਭਾਵ “ਚਖਿ ਛੋਡੀ ਸਹਸਾ ਨਹਿ ਕੋਇ॥ (ਪੰਨਾ 796)” ਦੀ ਭਾਵਨਾ ਵਿਚ ਮਨਫੀ ਸੀ। ਉਨ੍ਹਾਂ ਨੇ ਨਾ ਕਦੇ ਆਪਣੇ ਯੋਗਦਾਨ ਦਾ ਢੰਡੋਰਾ ਪਿਟਿਆ ਸੀ ਅਤੇ ਨਾ ਹੀ ਆਪਣੇ ਅਹੁਦੇ ਨੂੰ ਦੂਸਰੇ ਦੇ ਦੂਸਰੇਪਨ ਵਿਚ ਦਖਲ ਦੇਣ ਦਿੱਤਾ ਸੀ। ਸਾਕਾ ਨੀਲਾ ਤਾਰਾ ਦੇ ਉਹ ਚਸ਼ਮਦੀਦ ਗਵਾਹ ਸਨ। ਹਾਲਾਤ ਨਾਲ ਉਹ ਭਾਣੇ ਵਿਚ ਨਿਭਦੇ ਰਹੇ ਸਨ। ਅਣਕਿਆਸੀਆਂ ਇਨ੍ਹਾਂ ਸੰਕਟ ਦੀਆਂ ਘੜੀਆਂ ਵਿਚ ਉਨ੍ਹਾਂ ਨੇ ਆਪਣਾ ਸਹਿਜ, ਸੰਤੋਖ ਅਤੇ ਬਿਬੇਕ ਕਾਇਮ ਰਖਿਆ ਸੀ। ਜਦੋਂ ਕਦੇ ਉਨ੍ਹਾਂ ਨਾਲ ਧਰਮ ਅਤੇ ਸਿਆਸਤ ਨੂੰ ਲੈ ਕੇ ਗੱਲ ਹੁੰਦੀ ਸੀ, ਤਾਂ ਉਹ ਬਿਨਾ ਲੁਕਾਇਆਂ ਇਹੋ ਜਿਹੀਆਂ ਟਿੱਪਣੀਆਂ ਕਰ ਦਿੰਦੇ ਸਨ, ਜਿਨ੍ਹਾਂ ਨੂੰ ਆਮ ਤੌਰ `ਤੇ ਕਹਿਣ ਤੋਂ ਗੁਰੇਜ਼ ਕਰਨਾ ਵੀ ਚਾਹੀਦਾ ਹੈ ਅਤੇ ਕੀਤਾ ਵੀ ਜਾ ਰਿਹਾ ਹੈ। ਉਨ੍ਹਾਂ ਨੇ ਚਸ਼ਮਦੀਦ ਗਵਾਹੀਆਂ ਨੂੰ ਹਿਕ ਨਾਲ ਲਾ ਕੇ ਰਖਿਆ ਹੋਇਆ ਸੀ ਅਤੇ ਖਾਸ ਮੌਕਿਆਂ ‘ਤੇ ਵੀ ਇਸ ਤਰ੍ਹਾਂ ਦੱਸਦੇ ਹੁੰਦੇ ਸਨ, ਜਿਵੇਂ ਉਹ ਤੱਥਾਂ ਨੂੰ ਕੌਮ ਦੇ ਗਲ ਪੈਣ ਤੋਂ ਬਚਾ ਰਹੇ ਹੋਣ। ਆਪਣਿਆਂ ਦੀਆਂ ਵਧੀਕੀਆਂ ਉਨ੍ਹਾਂ ਨੂੰ ਦੁਸ਼ਮਣਾਂ ਦੀਆਂ ਵਧੀਕੀਆਂ ਵਾਂਗ ਹੀ ਚੁਭਦੀਆਂ ਸਨ, ਪਰ ਉਨ੍ਹਾਂ ਨੇ ਆਪਣੇ ਪੈਰੋਂ ਕਦੇ ਵਿਵਾਦ ਪੈਦਾ ਨਹੀਂ ਹੋਣ ਦਿੱਤਾ ਸੀ। ਬਾਣੀ ਦੀ ਤਾਬਿਆ ਵਿਚ ਘੜੀ ਤੇ ਪਰਵਾਨ ਚੜ੍ਹੀ ਹੋਈ ਉਨ੍ਹਾਂ ਦੀ ਮਾਨਸਿਕਤਾ ਵਿਚ ਆਪਣੇ ਅਤੇ ਬੇਗਾਨੇ ਆਪਣੀ ਆਪਣੀ ਮੌਜ ਨਾਲ ਵਿਚਰਦੇ ਰਹਿੰਦੇ ਸਨ। ਇਸ ਦਾ ਰਾਜ਼ ਮੈਨੂੰ ਅੱਜ ਇਹੀ ਸਮਝ ਆ ਰਿਹਾ ਹੈ ਕਿ ਉਨ੍ਹਾਂ ਦੀ ਮੁਹੱਬਤੀ ਅਤੇ ਪਾਰਦਰਸ਼ੀ ਮਾਨਸਿਕਤਾ ਦਾ ਕਦੇ ਕਿਸੇ ਨੇ ਨਾਜਾਇਜ਼ ਲਾਭ ਨਹੀਂ ਉਠਾਇਆ ਸੀ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੀ ਸੁਜਗਤਾ ਅਤੇ ਸਮਝ ਇਹੋ ਜਿਹੇ ਮੌਕੇ ਪੈਦਾ ਹੀ ਨਾ ਹੋਣ ਦਿੰਦੀ ਹੋਵੇ। ਉਨ੍ਹਾਂ ਨੇ ਸ਼ਿਕਾਇਤੀ ਖਿੜਕੀ ਸ਼ਾਇਦ ਕਦੇ ਖੋਲ੍ਹੀ ਹੀ ਨਹੀਂ ਸੀ। ਉਹ ਬੇਲੋੜਾ ਨਹੀਂ ਸਨ ਬੋਲਦੇ ਅਤੇ ਕੁਝ ਕਹੇ ਜਾਣ ਦੀ ਲੋੜ ਵਿਚੋਂ ਮਾਪ-ਤੋਲ ਕੇ ਹੀ ਬੋਲਦੇ ਹੁੰਦੇ ਸਨ। ਐਸਪੇਨੋਲਾ (ਅਮਰੀਕਾ) ਦੀ ਫੇਰੀ ਸਮੇਂ ਮੈਂ ਉਨ੍ਹਾਂ ਦੇ ਨਾਲ ਬੈਠਾ ਲੰਗਰ ਛਕ ਰਿਹਾ ਸਾਂ ਕਿ ਇਕ ਪੰਜਾਬੀ ਅਮਰੀਕਨ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੇਦਾਂਤੀ ਜੀ ਨੂੰ ਖੁਲ੍ਹ ਕੇ ਫੈਸਲੇ ਲੈਣ ਲਈ ਲਲਕਾਰਿਆ ਹੀ ਕਹਿਣਾ ਚਾਹੀਦਾ ਹੈ। ਇਹੋ ਜਿਹੇ ਮੌਕਿਆਂ `ਤੇ ਵੇਦਾਂਤੀ ਜੀ ਬਹੁਤ ਧਿਆਨ ਨਾਲ ਸੁਣ ਕੇ ਵੀ ਜਵਾਬ ਦੇਣ ਤੋਂ ਪਾਸਾ ਵੱਟ ਜਾਂਦੇ ਹੁੰਦੇ ਸਨ। ਗੱਲ ਨੂੰ ਟਾਲਣ ਲਈ ਮੈਂ ਉਸ ਸਿੱਖ ਨੂੰ ਕਿਹਾ ਕਿ ਜਥੇਦਾਰ ਦੇ ਹੱਕ ਵਿਚ ਹੋ ਕਿ ਜਥੇਦਾਰ ਦੇ ਵਿਰੋਧ ਵਿਚ ਹੋ, ਕਿਉਂਕਿ ਉਸ ਨੂੰ ਇਹ ਤਾਂ ਕਿਹਾ ਨਹੀਂ ਜਾ ਸਕਦਾ ਸੀ ਕਿ 1925 ਦੇ ਐਕਟ ਨੇ ਜਥੇਦਾਰੀ ਸੰਸਥਾ ਨੂੰ ਇੰਨਾ ਵੀ ਸੁਤੰਤਰ ਨਹੀਂ ਰਹਿਣ ਦਿੱਤਾ, ਜਿੰਨਾ ਸੁਤੰਤਰ ਸਮਝ ਕੇ ਤੁਸੀਂ ਫੈਸਲਿਆਂ ਦੀ ਆਸ ਕਰੀ ਜਾ ਰਹੇ ਹੋ। ਵੇਦਾਂਤੀ ਜੀ ਬਿਨਾ ਮੇਰੇ ਵਲ ਵੇਖੇ ਸਿਰਫ ਮੁਸਕਰਾਏ ਸਨ। ਇਸ ਮੁਸਕਰਾਹਟ ਨਾਲ ਉਹ ਹਨੇਰੇ ਰਾਹ ਪਾਰ ਕਰਨ ਦੇ ਮਾਹਰ ਹੋ ਚੁਕੇ ਸਨ ਅਤੇ ਉਨ੍ਹਾਂ ਦੀ ਇਹੀ ਮੁਸਕਰਾਹਟ, ਜੀਭ ਵਾਂਗ ਬੇਲੋੜੇ ਨੂੰ ਬਾਹਰ ਕੱਢ ਦਿੰਦੀ ਸੀ। ਇਸੇ ਕਰਕੇ ਮੈਨੂੰ ਉਹ ਖਿੜੇ ਹੋਏ ਮਸਤਿਕ ਵਾਲੇ ਗੁਰਸਿੱਖ ਲਗਦੇ ਹਨ।
ਵੇਦਾਂਤੀ ਜੀ ਨਹੀਂ ਰਹੇ ਤਾਂ ਲਗਦਾ ਹੈ ਕਿ ਸਿੱਖ ਸਰਗਰਮੀਆਂ ਨਾਲ ਜੁੜੀ ਹੋਈ ਉਹ ਕਿੰਨੀ ਅਹਿਮ ਸਪੇਸ ਸੰਭਾਲੀ ਬੈਠੇ ਸਨ। ਉਹ ਪੰਥਕਤਾ ਅਤੇ ਅਕਾਦਮਿਕਤਾ ਨਾਲ ਸਹਿਜ ਨਾਲ ਨਿਭੀ ਜਾ ਰਹੇ ਸਨ। ਸਾਬਕਾ ਚੇਅਰਮੈਨ ਘਟਗਿਣਤੀ ਕਮਿਸ਼ਨ ਸ. ਤਰਲੋਚਨ ਸਿੰਘ ਨੇ ਮੈਨੂੰ ਦਸਿਆ ਸੀ ਕਿ ਵੇਦਾਂਤੀ ਜੀ ਪਹਿਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਜਿਨ੍ਹਾਂ ਨੇ ਕੇਂਦਰੀ ਸਰਕਾਰ ਵੱਲੋਂ ਸੱਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ। ਉਹ ਦੱਸਦੇ ਸਨ ਕਿ ਸਿੱਖਾਂ ਨੂੰ ਕੁੜੀ-ਮਾਰ ਦੇ ਇਲਜ਼ਾਮ ਵਿਚ ਉਲਝਾਇਆ ਜਾ ਰਿਹਾ ਸੀ। ਇਸ ਬਾਰੇ ਫੈਸਲਾ ਲੈਣ ਲਈ ਚੋਣਵੇਂ ਸਿੱਖ ਪ੍ਰਤੀਨਿਧਾਂ ਦੀ ਮੀਟਿੰਗ ਬੁਲਾਈ ਗਈ ਸੀ। 200 ਚੋਣਵੇਂ ਸਿੱਖ ਸ਼ਾਮਲ ਹੋਏ ਸਨ ਅਤੇ ਮੀਟਿੰਗ ਦੋ ਘੰਟੇ ਚੱਲੀ ਸੀ। ਵੇਦਾਂਤੀ ਜੀ ਦੇ ਪ੍ਰਧਾਨਗੀ ਭਾਸ਼ਣ ਨੂੰ ਸਭ ਨੇ ਸਲਾਹਿਆ ਸੀ। ਵੇਦਾਂਤੀ ਜੀ ਨੇ ਗੁਰਦੁਆਰਿਆਂ ਵਿਚ ਕੁੜੀ ਬਚਾਓ ਮੁਹਿੰਮ ਚਲਾਉਣ ਲਈ ਕਿਹਾ ਸੀ। ਜਥੇਦਾਰ ਬਣਦਿਆਂ ਹੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਅਤੇ ਬਰਖਾਸਤਗੀ ਬਾਰੇ ਨਿਯਮਾਵਲੀ ਬਣਾ ਲੈਣੀ ਚਾਹੀਦੀ ਹੈ। ਕਿਸੇ ਵੀ ਪ੍ਰਧਾਨ ਨੇ ਇਸ ਵਲ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਅਤੇ ਨਾ ਹੀ ਕਿਸੇ ਹੋਰ ਜਥੇਦਾਰ ਨੇ ਇਸ ਦੀ ਪੈਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਕਾਦਮਿਕ ਹਲਕਿਆਂ ਵਿਚ ਇਸ ਬਾਰੇ ਚਰਚਾ ਜ਼ਰੂਰ ਚੱਲੀ ਸੀ, ਪਰ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀ ਦਿਲਚਸਪੀ ਨਾ ਹੋਣ ਕਰਕੇ ਅਕਾਦਮਿਕਤਾ ਵੀ ‘ਚੁਪ ਵੀ ਕਰ ਜਾਹਿ’ ਵਾਲੇ ਰਾਹ ਪੈ ਗਈ ਸੀ। ਰੋਣ ਵਾਲੀਆਂ ਸਥਿਤੀਆਂ ਵਿਚ ਹੱਸਣ ਦੀ ਢੀਠਤਾਈ ਤੋਂ ਵੇਦਾਂਤੀ ਜੀ ਭਲੀ-ਭਾਂਤ ਵਾਕਫ ਸਨ। ਇਸੇ ਕਰਕੇ ਉਨ੍ਹਾਂ ਨੇ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਾਰਜਕਾਰੀ ਕਿਉਂ? ਦਾ ਜਵਾਬ ਮੰਗਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਸੀ। ਉਹ ਬਿਨਾ ਲੁਕਾਏ ਦੱਸ ਦਿੰਦੇ ਹੁੰਦੇ ਸਨ ਕਿ ਸਿਆਸਤ ਵਿਚ ਸਭ ਕੁਝ ਮੁਮਕਿਨ ਹੁੰਦਾ ਹੈ। ਆਪਣੇ ਸਮਿਆਂ ਦੇ ਸੁਜੱਗ ਸਿੱਖ ਵੇਦਾਂਤੀ ਜੀ ਬੋਲਦੇ ਤਾਂ ਵਿਦਵਾਨਾਂ ਵਾਂਗ ਸਨ, ਪਰ ਵਿਚਰਦੇ ਹਲੀਮ ਸਿੱਖ ਵਾਂਗ ਸਨ। ਉਨ੍ਹਾਂ ਨੂੰ ਵਿਰਾਸਤੀ ਪੁਰਖਿਆਂ ਦੇ ਪ੍ਰਸੰਗ ਵਿਚ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਨਾ ਹੋ ਕੇ ਵੀ ਨਾਲ ਤੁਰਦੇ ਲਗਣ ਲੱਗ ਪੈਣਗੇ। ਉਹ ਪਰੰਪਰਕ ਪੁਰਖਿਆਂ ਵਾਂਗ ਉਨਾ ਕੁ ਹੀ ਉਧੜਦੇ ਸਨ, ਜਿੰਨੀ ਕਿਸੇ ਵਿਚ ਉਧੇੜਣ ਦੀ ਰੀਝ ਤੇ ਸਮਰਥਾ ਹੁੰਦੀ ਸੀ।
ਉਹ ਨਹੀਂ ਰਹੇ ਤਾਂ ਮੈਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਜੜ੍ਹੀ-ਬੂਟੀਆਂ ਦਾ ਵੀ ਬਹੁਤ ਗਿਆਨ ਸੀ। ਉਨ੍ਹਾਂ ਦੀ ਇਸ ਸਮਝ ਤੋਂ ਨਾਵਾਕਫ ਹੋਣ ਦਾ ਮੈਨੂੰ ਜੋ ਨੁਕਸਾਨ ਹੋਇਆ, ਉਹ ਜਿਵੇਂ ਹੁਣ ਸਮਝ ਆ ਰਿਹਾ ਹੈ, ਉਸ ਦਾ ਕੀ ਲਾਭ ਹੈ? ਵੈਸੇ ਵੀ ਪਰੰਪਰਕ ਹਕੀਮਾਂ ਵਾਂਗ ਬਹੁਤ ਕੁਝ ਉਹ ਆਪਣੇ ਨਾਲ ਲੈ ਕੇ ਹੀ ਤੁਰ ਗਏ ਹਨ। ਉਨ੍ਹਾਂ ਨੂੰ ਸੁਣਦੇ ਸਾਂ ਤਾਂ ਬਹੁਤ ਕੁਝ ਸਿੱਖਦੇ ਸਾਂ। ਅਕਾਲ ਦੀ ਪਾਲਕ ਸਮਰਥਾ ਦਾ ਜ਼ਿਕਰ ਜਦੋਂ ਉਹ ਕੂੰਜ (ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥ 495) ਅਤੇ ਕੱਛੂ (ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ॥ 488) ਦੇ ਹਵਾਲੇ ਨਾਲ ਕਰਦੇ ਸਨ ਤਾਂ ਉਨ੍ਹਾਂ ਦਾ ਵਜਦ ਅਤੇ ਵਜੂਦ ਸਮੋਈ ਪਾਰਦਰਸ਼ਤਾ, ਅਰਥਾਂ ਨਾਲੋਂ ਵਧ ਸਮਝ ਆਉਂਦੀ ਸੀ। ਉਹ ਮੇਰੇ ਹਾਣੀ ਸਨ, ਪਰ ਗੁਰਮਤਿ ਗਿਆਨ ਵਿਚ ਮੇਰੇ ਨਾਲੋਂ ਬਹੁਤ ਅੱਗੇ ਸਨ। ਉਹ ਅੱਖਾਂ-ਮੁੰਦੀ ਅਧਿਆਤਮਿਕਤਾ ਨਾਲੋਂ ਅੱਖਾਂ-ਖੁੱਲ੍ਹੀ ਧਾਰਮਿਕਤਾ ਦੇ ਪ੍ਰਤੀਨਿਧ ਲਗਦੇ ਸਨ। ਉਹ ਦਖਲ ਦਿੱਤੇ ਬਿਨਾ ਵਿਚਾਰ-ਵਟਾਂਦਰਿਆਂ ਨਾਲ ਨਿਭਦੇ ਰਹਿੰਦੇ ਸਨ। ਉਨ੍ਹਾਂ ਦੀ ਹਾਜਰ-ਜਵਾਬੀ ਰੀਸ ਕਰਨਯੋਗ ਸੀ। ਸਮਝਣ ਦੀ ਕੋਸ਼ਿਸ਼ ਕਰਕੇ ਹੀ ਉਹ ਧਿਆਨ ਨਾਲ ਸੁਣਦੇ ਹੁੰਦੇ ਸਨ। ਉਨ੍ਹਾਂ ਨੇ ਜੀਵਨ ਚੜ੍ਹਦੀ ਕਲਾ ਵਿਚ ਜੀਵਿਆ ਸੀ ਅਤੇ ਜਿਸ ਤਰ੍ਹਾਂ ਸਿਹਤ ਨੂੰ ਸੰਭਾਲ ਕੇ ਰਖਿਆ ਹੋਇਆ ਸੀ, ਉਸ ਦੇ ਹਵਾਲੇ ਨਾਲ ਵਿਛੋੜਾ ਦੁਖਦਾਈ ਲਗਦਾ ਹੈ। ਦਿਲ ਹੀ ਤਾਂ ਹੈ, ਜਿਹੜਾ ਦਗਾ ਦੇਣ ਲੱਗਿਆਂ ਅੱਗਾ-ਪਿੱਛਾ ਨਹੀਂ ਵੇਖਦਾ।
ਕੁਲ ਮਿਲਾ ਕੇ ਵੇਦਾਂਤੀ ਜੀ ਚਿਰ ਤੱਕ ਯਾਦ ਆਉਂਦੇ ਰਹਿਣਗੇ, ਕਿਉਂਕਿ ਉਹ ਮਿੱਤਰਾਂ ਨਾਲ ਬੱਚਿਆਂ ਵਾਂਗ ਅਤੇ ਬੱਚਿਆਂ ਨਾਲ ਮਿੱਤਰਾਂ ਵਾਂਗ ਵਿਚਰਦੇ ਰਹੇ ਸਨ। ਇਹੋ ਜਿਹਾ ਹਰ ਕੋਈ ਨਹੀਂ ਹੋ ਸਕਦਾ। ਉਨ੍ਹਾਂ ਦੀਆਂ ਵਿਲੱਖਣਤਾਵਾਂ ਨੂੰ ਲੈ ਕੇ ਕਹਿਣ ਦੇ ਮੌਕੇ ਆਉਂਦੇ ਰਹਿਣਗੇ, ਕਿਉਂਕਿ ਉਨ੍ਹਾਂ ਦੇ ਹਵਾਲੇ ਤੋਂ ਬਿਨਾ ਗ੍ਰੰਥੀਆਂ ਤੇ ਵਿਦਵਾਨਾਂ ਦੇ ਅਤਿ ਲੋੜੀਂਦੇ ਸੰਜੋਗੀ ਮੇਲ ਅਰਥਾਤ ਸਹਿਚਾਰ ਬਾਰੇ ਨਹੀਂ ਸੋਚਿਆ ਜਾ ਸਕਦਾ। ਉਨ੍ਹਾਂ ਨੂੰ ਸਮਝ ਅਤੇ ਅਹੁਦਿਆਂ ਨੇ ਕਦੇ ਇਸ ਤਰ੍ਹਾਂ ਨਹੀਂ ਸਤਾਇਆ ਸੀ, ਜਿਵੇਂ ਸਿੱਖ ਭਾਈਚਾਰੇ ਵਿਚ ਇਸ ਵੇਲੇ ਆਮ ਵੇਖਣ ਨੂੰ ਮਿਲ ਰਿਹਾ ਹੈ। ਉਹ ਨਵਾਜੇ ਹੋਏ ਸਿੱਖ ਵਾਂਗ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਗੁਰੂ ਜੀ ਅੰਗ-ਸੰਗ ਸਹਾਈ ਹੋਵਣ ਅਤੇ ਹਾਮੀਆਂ ਹਿਤੈਸ਼ੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।