ਮਨੁੱਖੀ ਦੇਹ ਵਿਚ ਮੈਂ ਦਾ ਨਿਰਮਾਣ

ਡਾæ ਗੁਰਨਾਮ ਕੌਰ, ਕੈਨੇਡਾ
ਹੁਣ ਸਵਾਲ ਹੈ ‘ਮੈਂ’ ਦਾ, ਜਿਸ ਨੂੰ ਅੰਗਰੇਜ਼ੀ ਵਿਚ ‘ਈਗੋ’ ਕਹਿੰਦੇ ਹਨ। ਇਸ ਦਾ ਦਾਰਸ਼ਨਿਕ ਅਤੇ ਮਨੋਵਿਗਿਆਨਕ ਦੋਹਾਂ ਤਰ੍ਹਾਂ ਨਾਲ ਅਧਿਐਨ ਹੋਇਆ ਹੈ। ਪੰਜਾਬੀ ਅਤੇ ਹਿੰਦੀ ਵਿਚ ਇਸ ਨੂੰ ‘ਹਉਂ’ ਅਤੇ ‘ਹਉਮੈ’ ਵੀ ਕਹਿੰਦੇ ਹਨ। ਦਾਰਸ਼ਨਿਕ ਨਜ਼ਰੀਏ ਤੋਂ ‘ਮੈਂ’ (ਈਗੋ) ਮਨੁੱਖੀ-ਵਿਅਕਤਿਤਵ ਦੇ ਆਪਣੇ ਆਪ ਨਾਲ ਅਤੇ ਵਿਸਤ੍ਰਿਤ ਰੂਪ ਵਿਚ ਦੁਨੀਆਂ ਨਾਲ ਕ੍ਰਿਆਸ਼ੀਲ ਸਬੰਧਾਂ ਦਾ ਅਧਿਆਤਮਕ ਕੇਂਦਰ ਹੈ। ਉਹ ਵਿਅਕਤੀ ਜੋ ਆਪਣੇ ਵਿਹਾਰ ਨੂੰ ਨਿਯਮਤ ਕਰਦਾ ਹੈ ਅਤੇ ਪਹਿਲ ਨੂੰ ਪ੍ਰਦਰਸ਼ਿਤ ਕਰਨ ਦੇ ਯੋਗ ਹੈ, ਉਹ ‘ਮੈਂ’ ਦਾ ਸੁਆਮੀ ਹੈ, ‘ਸਵੈ’ ਹੈ। ਦਰਸ਼ਨ ਦੇ ਇਤਿਹਾਸ ਵਿਚ ਆਦਰਸ਼ਵਾਦੀ ਸੰਕਲਪਾਂ ਨੇ ਸਵੈ ਨੂੰ ਇੱਕ ਆਦਰਸ਼ਕ ਸਿਧਾਂਤ ਦੇ ਰੂਪ ਵਿਚ ਦੇਖਿਆ ਅਤੇ ਮਨੁੱਖੀ ‘ਮੈਂ’ ਦੇ ਨਿੱਗਰ, ਇਤਿਹਾਸਕ ਸੁਭਾਅ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ।
ਪੱਛਮੀ ਦਰਸ਼ਨ ਵਿਚ ਡੇ ਕਾਰਟ ਨੇ ‘ਮਨ’ (ਮਾਈਂਡ) ਅਤੇ ਸਰੀਰ (ਬੌਡੀ) ਦਾ ਦਵੈਤਵਾਦ ਦਾ ਸਿਧਾਂਤ ਦਿੱਤਾ, ਜਿਸ ਤੋਂ ਅੱਗੇ ‘ਸਵੈਵਾਦ’ ਦਾ ਸਿਧਾਂਤ ਵਿਕਸਤ ਹੋਇਆ। ਉਸ ਦੇ ਸਿਧਾਂਤ ਦਾ ਆਧਾਰ, “ਮੈਂ ਸੋਚਦਾ ਹਾਂ, ਇਸ ਲਈ ਮੈਂ ਹਾਂ” ਦਾ ਬੁਨਿਆਦੀ ਅਸੂਲ ਬਣਿਆ। ਮਨੋਵਿਗਿਆਨ ਵਿਚ ਫਰਾਇਡ ਨੇ ਖੰਡਿਤ ਵਿਅਕਤਿਤਵ ਦਾ ਵਿਚਾਰ ਦਿੱਤਾ। ਉਸ ਨੇ ਉਤੇਜਨਾਵਾਂ ਦੇ ਜੀਵੀਕਰਨ ਨੂੰ ਸਵੈ ਨੂੰ ਅੰਨੀਆਂ ਪ੍ਰਵਿਰਤੀਆਂ ਦੇ ਰਾਜ ਵਿਚ ਡੋਬ ਦੇਣਾ ਕਿਹਾ ਹੈ ਅਤੇ ਪਰਮ-ਸਵੈ ਦੇ ਨਿਯੰਤਰਣ ਦੇ ਕਾਰਨ ਵਿਅਕਤੀ ਦਾ ਆਪਣੇ ਸਮਾਜਿਕ ਸਾਰ-ਤੱਤਾਂ ਨੂੰ ਵਿਗੜੇ ਹੋਏ ਰੂਪ ਵਿਚ ਗ੍ਰਹਿਣ ਕਰਨਾ ਕਿਹਾ ਹੈ। ਮਨੁੱਖ ‘ਸਵੈ’ ਦੀ ਝੂਠੀ ਤਸਵੀਰ ਤੇ ਆਪਣੇ ਆਪ ਨੂੰ ਸਮਾਜਿਕ ਜੀਵਨ ਦੇ ਨਿਯਮਾਂ ਅਤੇ ਸਮਾਜਿਕ ਰਿਸ਼ਤਿਆਂ ਦੇ ਕ੍ਰਿਆਸ਼ੀਲ ਸਿਰਜਣਹਾਰੇ ਦੇ ਰੂਪ ਵਿਚ ਦਾਅਵੇਦਾਰ ਸਥਾਪਤ ਕਰਕੇ ਕਾਬੂ ਪਾ ਸਕਦਾ ਹੈ।
ਗੁਰਮਤਿ ਦਰਸ਼ਨ ਵਿਚ ‘ਸਵੈ’ ਵਾਸਤੇ ਸ਼ਬਦ ‘ਆਤਮ’ ਜਾਂ ‘ਆਪਾ’ ਵਰਤਿਆ ਗਿਆ ਹੈ ਜੋ ਕਿ ਜੀਵ-ਆਤਮਾ ਦਾ ਸੰਕੇਤਕ ਹੈ। ‘ਆਤਮ’ ਸ਼ਬਦ ਦਾ ਮੂਲ ਸੰਸਕ੍ਰਿਤ ਹੈ ਜਿਥੇ ਇਸ ਦਾ ਅੱਖਰੀ ਰੂਪ ‘ਆਤਮਨ’ ਹੈ। ਇਸ ਦੇ ਅਰਥ ਕਰਦਿਆਂ ਲਿਖਿਆ ਹੈ ਜਿਸ ਦੇ ਦੁਆਰਾ ਜਾਣੀਏ, ਗਿਆਨ ਦਾ ਆਧਾਰ ਰੂਪ, ਅਰਥਾਤ ਜਿਸ ਨੂੰ ਗੁਰ ਉਪਦੇਸ਼ ਰਾਹੀਂ ਜਾਂ ਉਤਮ ਗ੍ਰੰਥਾਂ ਤੋਂ ਜਾਣੀਏ, ਜੀਵਾਤਮਾ, ਰੂਹ, ਇਹ ਪ੍ਰਾਣੀਆਂ ਵਿਚ ਉਹ ਤੱਤ ਹੈ ਜੋ ਅਨੇਕ ਚੇਸ਼ਟਾ ਦਾ ਕਾਰਨ ਹੈ; ਮਨੁੱਖਾਂ ਵਿਚ ਉਹ ਹਸਤੀ ਹੈ ਜਿਸ ਤੋਂ ‘ਮੈਂ’ ਅਤੇ ‘ਮੇਰੀ’ ਦਾ ਬੋਧ ਹੁੰਦਾ ਹੈ। ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿਚ ਮੰਨਿਆ ਹੈ, ਕਿਸੇ ਨੇ ਦਿਮਾਗ ਵਿਚ ਅਤੇ ਕਿਸੇ ਨੇ ਸਰਵਾਂਗ ਪੂਰਨ ਮੰਨਿਆ ਹੈ। ਉਸ ਅਕਾਲ ਪੁਰਖ ਨੇ ਮਨੁੱਖ ਦੀ ਕਾਇਆ ਦੀ ਸਿਰਜਣਾ ਪੰਜ ਤੱਤਾਂ ਤੋਂ ਕੀਤੀ ਅਤੇ ਛੇਵਾਂ ਤੱਤ ‘ਆਪਾ’ ਜਾਂ ‘ਆਤਮ’ ਇਸ ਨੂੰ ਚਲਾਉਣ ਲਈ ਗੁਪਤ ਰੂਪ ਵਿਚ ਰੱਖ ਦਿੱਤਾ। ਮਨੁੱਖ ਅੰਦਰ ਪੰਜ-ਭੂਤਕ ਬਿਰਤੀਆਂ ਦੇ ਨਾਲ ਨਾਲ ਆਤਮਕ ਬਿਰਤੀ ਰੱਖ ਦਿੱਤੀ ਜਿਸ ਰਾਹੀਂ ‘ਆਤਮਾ’ (ਬ੍ਰਹਮ ਜਾਂ ਰੱਬੀ ਬਿਰਤੀ) ਦਾ ਅਨੁਭਵ ਕੀਤਾ ਜਾ ਸਕਦਾ ਹੈ। ਨਿਰੰਕਾਰ ਦੀ ਇਹ ਅੰਦਰਲੀ ਹੋਂਦ ਹੀ ਮਨੁੱਖ ਨੂੰ ਵਿਕਾਰਾਂ ਉਤੇ ਕਾਬੂ ਪਾਉਣ ਦੀ ਸ਼ਕਤੀ ਦਿੰਦੀ ਹੈ। ਗੁਰਮਤਿ ਚਿੰਤਨ ਅਨੁਸਾਰ ਸਭ ਕੁੱਝ ਉਹ ਆਪ ਹੀ ਆਪ ਹੈ। ਇਸ ਲਈ ਮਨੁੱਖ ਅੰਦਰ ‘ਮੈਂ’ ਜਾਂ ‘ਅਹੰ’ ਦਾ ਅਹਿਸਾਸ ਵੀ ਉਸੇ ਨੇ ਹੀ ਪਾਇਆ ਹੈ।
ਗੁਰੂ ਅਰਜਨ ਦੇਵ ਪ੍ਰਸ਼ਨ ਰੂਪ ਵਿਚ ਸਮੱਸਿਆ ਰੱਖਦੇ ਹਨ ਕਿ ਮਨੁੱਖ ਨਾਮਵਰ ਕਿਵੇਂ ਹੁੰਦਾ ਹੈ, ਉਸ ਨੁੰ ਵਡਿਆਈ ਕਿਸ ਤਰ੍ਹਾਂ ਮਿਲਦੀ ਹੈ ਅਤੇ ਕਿਸ ਗੱਲ ਕਾਰਨ ਉਸ ਦੇ ਅੰਦਰ ‘ਅਹੰਕਾਰ’ ਜਾਂ ‘ਹਉਮੈ’ ਦੀ ਭਾਵਨਾ ਪੈਦਾ ਹੁੰਦੀ ਹੈ? ਮਨੁੱਖ ਕੀ ਹੈ ਅਤੇ ਕਿੱਥੋਂ ਆਉਂਦਾ ਹੈ? ਇਸ ਦਾ ਮਨੁੱਖ ਨੂੰ ਕੋਈ ਪਤਾ ਨਹੀਂ ਹੈ ਅਤੇ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਵੀ ਉਸ ਨੂੰ ਪਤਾ ਨਹੀਂ ਲਗਦਾ। ਪੌਣ ਅਤੇ ਪਾਣੀ ਸਹਿਣਸ਼ੀਲ ਠੰਢੇ ਸੁਭਾ ਦੇ ਹਨ ਅਤੇ ਧਰਤੀ ਖਿਮਾ ਸਰੂਪ ਹੈ; ਇਨ੍ਹਾਂ ਪੰਜਾਂ ਤੱਤਾਂ ਦੇ ਸੰਜੋਗ ਤੋਂ ਮਿਲ ਕੇ ਸਰੀਰ ਬਣਦਾ ਹੈ, ਇਨ੍ਹਾਂ ਵਿਚ ਕੋਈ ਬੁਰਾਈ ਨਹੀਂ ਹੈ। ਜਿਸ ਕਰਤਾ ਪੁਰਖ ਨੇ ਇਸ ਸਰੀਰ ਦੀ ਰਚਨਾ ਕੀਤੀ ਹੈ, ਉਸ ਨੇ ਹੀ ਇਸ ਵਿਚ ‘ਮੈਂ’ ਦਾ ਨਿਰਮਾਣ ਕੀਤਾ ਹੈ, ਹਉਮੈ ਪਾਈ ਹੈ। ਉਸ ਵਾਹਿਗੁਰੂ ਦੇ ਕਾਰਨ ਹੀ ਸੰਸਾਰ ਦੀ ਹੋਂਦ ਹੈ, ਜਨਮ ਮਰਨ ਹੈ, ਆਉਣਾ ਜਾਣਾ ਹੈ, ਅਰਥਾਤ ਉਹ ਹੀ ਸਾਰੀ ਰਚਨਾ ਦਾ ਪਹਿਲਾ ਕਾਰਨ ਹੈ,
ਕਵਨ ਥਾਨ ਧੀਰਿਓ ਹੈ ਨਾਮਾ
ਕਵਨ ਬਸਤੁ ਅਹੰਕਾਰਾ॥
ਕਵਨ ਚਿਹਨ ਸੁਨਿ ਊਪਰਿ ਛੋਹਿਓ
ਮੁਖ ਤੇ ਸੁਨਿ ਕਰ ਗਾਰਾ॥1॥
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ॥
ਏਤੀ ਨ ਜਾਨਉ ਕੇਤੀਕ ਮੁਦਤਿ
ਚਲਤੇ ਖਬਰਿ ਨ ਪਾਇਓ॥1॥ਰਹਾਉ॥
ਸਹਨ ਸੀਲ ਪਵਨ ਅਰੁ ਪਾਣੀ
ਬਸੁਧਾ ਖਿਮਾ ਨਿਭਰਾਤੇ॥
ਪੰਚ ਤਤ ਮਿਲਿ ਭਇਓ ਸੰਜੋਗਾ
ਇਨ ਮਹਿ ਕਵਨ ਦੁਰਾਤ॥2॥
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ
ਨਾਲੇ ਹਉਮੈ ਪਾਈ॥
ਜਨਮ ਮਰਣੁ ਉਸ ਹੀ ਕੋ ਹੈ
ਰੇ ਓਹਾ ਆਵੈ ਜਾਈ॥ (ਪੰਨਾ 999)
ਗੁਰੂ ਅਮਰਦਾਸ ਨੇ ਰਾਗੁ ਰਾਮਕਲੀ ਦੀ ‘ਅਨੰਦ’ ਬਾਣੀ ਵਿਚ ਦੱਸਿਆ ਹੈ ਕਿ ਜਦੋਂ ਕਰਤਾ ਪੁਰਖ ਮਨੁੱਖੀ ਸਰੀਰ ਵਿਚ ਆਪਣੀ ਜੋਤਿ ਰੱਖਦਾ ਹੈ ਤਾਂ ਹੀ ਮਨੁੱਖ ਜਨਮ ਲੈਂਦਾ ਹੈ, ਇਸ ਸੰਸਾਰ ‘ਤੇ ਆਉਂਦਾ ਹੈ। ਸ੍ਰਿਸ਼ਟੀ ਦਾ ਮੂਲ ਵਾਹਿਗੁਰੂ ਨੇ ਆਪਣੀ ਜੋਤਿ ਤੋਂ ਹੀ ਰਚਿਆ ਹੈ। ਸੰਸਾਰ ਦਾ ਖੇਲ ਦਿਖਾਉਣ ਲਈ ਉਸ ਨੇ ਇਹ ਸਾਰੀ ਰਚਨਾ ਕੀਤੀ ਹੈ। ਇਸ ਤਰ੍ਹਾਂ ਗੁਰਮਤਿ ਦਰਸ਼ਨ ਵਿਚ ‘ਆਪਾ’ ਜਾਂ ‘ਆਤਮ’ ਨੂੰ ਜਗਦੀਸ਼ੈ ਅੰਸ਼ ਪ੍ਰਵਾਨ ਕੀਤਾ ਗਿਆ ਹੈ। ਇਸ ਅੰਦਰ ਰੱਖੀ ਰੱਬੀ ਜੋਤਿ ਦਾ, ਜਗਦੀਸ਼ੈ ਅੰਸ਼ ਹੋਣ ਦਾ ਅਨੁਭਵ ਕਰਨਾ ਹੀ ਮਨੁੱਖ ਦੇ ਜੀਵਨ ਦਾ ਮਨੋਰਥ ਹੈ। ਜੋਤਿ-ਸਰੂਪ ਹੋਣਾ ਸਵੈ ਦਾ ਖ਼ਾਸਾ ਹੈ,
ਏ ਸਰੀਰਾ ਮੇਰਿਆ
ਹਰਿ ਤੁਮ ਮਹਿ ਜੋਤਿ ਰਖੀ
ਤਾ ਤੂ ਜਗ ਮਹਿ ਆਇਆ॥
ਹਰਿ ਆਪੇ ਮਾਤਾ ਹਰਿ ਆਪੇ ਪਿਤਾ
ਜਿਨਿ ਜੀਉ ਉਪਾਇਜਗਤੁ ਦਿਖਾਇਆ॥
(ਪੰਨਾ 921)
ਸਿੱਖ ਧਰਮ-ਚਿੰਤਨ ਵਿਚ ਮਨੁੱਖ ਦੀਆਂ ਬਿਰਤੀਆਂ ਅਨੁਸਾਰ ਮਨੁੱਖ ਦੀ ਵੰਡ ਦੋ ਤਰ੍ਹਾਂ ਨਾਲ ਕੀਤੀ ਗਈ ਹੈ-ਮਨਮੁਖਿ ਅਤੇ ਗੁਰਮੁਖਿ। ਸ਼ਬਦ ‘ਮਨਮੁਖਿ’ (ਆਪਣੇ ਮਨ ਦੀਆਂ ਬਿਰਤੀਆਂ ਅਨੁਸਾਰ ਚੱਲਣਾ) ਮਨੁੱਖ ਦੀ ਮਾਨਸਿਕਤਾ ਦੇ ਆਮ ਹਾਲਾਤ ਨੂੰ ਦੱਸਦਾ ਹੈ ਜਿਸ ਵਿਚ ਮਨੁੱਖ ਦੀ ਸਵੈ-ਇੱਛਾ ਅਤੇ ਪਸ਼ੂ-ਬਿਰਤੀਆਂ ਪ੍ਰਧਾਨ ਹੁੰਦੀਆਂ ਹਨ। ਸ਼ਬਦ ‘ਗੁਰਮੁਖਿ’ (ਗੁਰੂ ਦੇ ਦੱਸੇ ਰਸਤੇ ‘ਤੇ ਚੱਲਣਾ) ਆਦਰਸ਼ਕ ਮਨੁੱਖ ਵੱਲ ਸੰਕੇਤਕ ਹੈ ਜੋ ਰਹੱਸਵਾਦੀ ਪ੍ਰਾਪਤੀ ਅਤੇ ਚੇਤੰਨਤਾ ਦਾ ਉਚਤਮ ਪੱਧਰ ਹੈ। ਇਸ ਨੂੰ ਗੁਰਮਤਿ ਵਿਚ ਸਚਿਆਰ, ਬ੍ਰਹਮ ਗਿਆਨੀ ਅਤੇ ਪੰਚ ਵੀ ਕਿਹਾ ਹੈ। ਮਨਮੁਖਿ ਤੋਂ ਗੁਰਮੁਖਿ ਤੱਕ ਦਾ ਵਿਕਾਸ ਹੀ ਇੱਕ ਤਰ੍ਹਾਂ ਨਾਲ ਸਿੱਖ ਰਹੱਸਵਾਦ ਦੀ ਕਹਾਣੀ ਹੈ। ਗੁਰਮਤਿ ਚਿੰਤਨ ਅਨੁਸਾਰ ਹਰ ਸਮੇਂ ਅਤੇ ਸਥਾਨ ਵਿਚ ਮਨੁੱਖ ਦੀਆਂ ਮੁੱਖ ਕਮਜ਼ੋਰੀਆਂ ਅਤੇ ਸਮੱਸਿਆਵਾਂ ਦਾ ਕਾਰਨ ਉਸ ਦੀ ਹਉਮੈ ਰਹੀ ਹੈ। ਗੁਰਮਤਿ ਜੁਗਤਿ ਨੂੰ ਸਮਝਣ ਲਈ ਹਉਮੈ ਦੇ ਸਿਧਾਂਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਹਉਮੈ ਸਧਾਰਨ ਮਨੁੱਖ ਦੀ ਮਾਨਸਿਕਤਾ ਦੀ ‘ਮੈਂ’ ਦੀ ਚੇਤੰਨਤਾ ਹੈ। ਇਹ ਮਨੁੱਖ ਦੇ ਸਾਰੇ ਅੰਗਾਂ, ਇੱਥੋਂ ਤੱਕ ਕਿ ਉਸ ਦੇ ਨਾੜੀ-ਪ੍ਰਬੰਧ ਦੀ ਵੀ ਸੰਚਾਲਕ ਹੈ। ਇਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ‘ਹਉਮੈ’ ਸਾਂਖ ਸ਼ਾਸਤਰ ਦੇ ‘ਅਹੰਕਾਰ’ ਨਾਲੋਂ ਬਿਲਕੁਲ ਭਿੰਨ ਹੈ। ਸਾਂਖ ਸ਼ਾਸਤਰ ਦਵੈਤਵਾਦੀ ਪ੍ਰਬੰਧ ਹੈ ਜਿਸ ਅਨੁਸਾਰ ਪੁਰਸ਼ ਅਤੇ ਪ੍ਰਕਿਰਤੀ ਦੋ ਸਤਿ ਹਨ। ਇਥੇ ‘ਅਹੰਕਾਰ’ ਸਦੀਵੀ ਪ੍ਰਕਿਰਤੀ ਦਾ ਕਾਇਆ-ਕਲਪ ਅਤੇ ਵਿਕਾਸ ਹੈ। ਗੁਰੂ ਸਾਹਿਬਾਨ ਨੇ ਅਜਿਹੀ ਕਿਸੇ ਪ੍ਰਕਿਰਤੀ ਨੂੰ ਨਹੀਂ ਮੰਨਿਆ। ਗੁਰਮਤਿ ਚਿੰਤਨ ਅਨੁਸਾਰ ਸਤਿ ਸਿਰਫ ਇੱਕ ਹੈ, ਵਾਹਿਗੁਰੂ ਜਾਂ ਪਰਮਸਤਿ। ਉਹ ਕਰਤਾ ਪੁਰਖ ਹੈ ਬਾਕੀ ਸਭ ਉਸ ਦੀ ਕੁਦਰਤ ਹੈ, ਉਸ ਦੀ ਰਚਨਾ ਹੈ। ਗੁਰਮਤਿ ਅਨੁਸਾਰ ਹਉਮੈ ਮਨੁੱਖੀ ਸ਼ਖਸੀਅਤ ਦੀ ਪ੍ਰਤਿਨਿਧ ਹੈ ਜੋ ਗੁਰੂ ਅਨੁਸਾਰੀ ਨਹੀਂ ਹੈ। ਇਹ “ਮੈਂ” ਹੈ, ਚੇਤੰਨਤਾ ਦੀ ‘ਧਾਰਾ’ ਹੈ ਜੋ ਕਿਸੇ ਵੀ ਜੀਵ ਜਾਂ ਹੋਂਦ ਵਿਚ ਕੰਮ ਕਰ ਰਹੀ ਸੋਚ-ਵਿਚਾਰ ਅਤੇ ਉਤੇਜਨਾ ਦਾ ਕੇਂਦਰ ਹੈ। ਗੁਰਮਤਿ ਅਨੁਸਾਰ ‘ਹਉਮੈ’ ਨਿਰੰਕਾਰ ਦੀ ਆਪ ਪੈਦਾ ਕੀਤੀ ਹੋਈ ਹੈ। ਜਦੋਂ ਪਰਮਸਤਿ ‘ਅਫੁਰ’ ਅਵਸਥਾ ਤੋਂ ‘ਫੁਰ’ ਅਵਸਥਾ ਵਿਚ ਆਇਆ ਅਰਥਾਤ ਪ੍ਰਗਟ ਰੂਪ ਵਿਚ, ਹੁਕਮ ਵਿਚ ਆਇਆ ਤਾਂ ਸਭ ਤੋਂ ਪਹਿਲਾਂ ਉਸ ਨੇ ਹਉਮੈ ਦੀ ਰਚਨਾ ਕੀਤੀ। ਹਉਮੈ ਵਿਚੋਂ ਹੀ ਫਿਰ ਸਾਰੇ ਜਗਤ ਦਾ ਵਿਕਾਸ ਹੋਇਆ ਮੰਨਿਆ ਹੈ। ਹਉਮੈ ਅਗਿਆਨ ਹੈ, ਜੋ ਜੀਵ ਦਾ ਪਰਮਸਤਿ ਤੋਂ ਵੱਖਰੇਵਾਂ ਬਣਾਈ ਰੱਖਦੀ ਹੈ ਅਤੇ ਜੀਵ ਦੇ ਬੰਧਨ ਦਾ ਕਾਰਨ ਹੈ। ਹਉਮੈ ਵਿਚ ਉਸ ਨੂੰ ‘ਨਾਮ’ ਵਿਸਰ ਜਾਂਦਾ ਹੈ ਅਤੇ ਇਹੀ ਉਸ ਦੇ ਦੁੱਖ ਦਾ ਕਾਰਨ ਹੈ,
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ
ਕਿਤੁ ਕਿਤੁ ਦੁਖਿ ਬਿਨਸਿ ਜਾਈ॥
ਹਉਮੈ ਵਿਚਿ ਜਗੁ ਉਪਜੈ ਪੁਰਖਾ
ਨਾਮਿ ਵਿਸਰਿਐ ਦੁਖੁ ਪਾਈ॥
ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ
ਹਉਮੈ ਸਬਦਿ ਜਲਾਏ॥
ਤਨੁ ਮਨੁ ਨਿਰਮਲੁ ਨਿਰਮਲ ਬਾਣੀ
ਸਾਚੈ ਰਹੈ ਸਮਾਏ॥
ਇਹ ਹਉਮੈ ਕੀ ਹੈ? ਇਹ ਹੈ ਜੀਵ ਵਿਚ ਪਰਮਾਤਮਾ ਨਾਲੋਂ ਆਪਣੀ ਵੱਖਰੀ ਹੋਂਦ ਦਾ ਅਹਿਸਾਸ। ਇਸ ਅਹਿਸਾਸ ਕਾਰਨ ਹੀ ਕਦੀ ਮਨੁੱਖ ਸੰਸਾਰ ਵਿਚ ਜਨਮ ਲੈਂਦਾ ਹੈ, ਕਦੀ ਮਰਦਾ ਹੈ। ਇਸ ਦੀ ਹੱਦ-ਬੰਦੀ ਵਿਚ ਹੀ ਉਹ ਸਾਰੇ ਸੰਸਾਰਕ ਕਾਰ-ਵਿਹਾਰ ਕਰਦਾ ਹੈ। ਹਉਮੈ ਨੂੰ ਭਰਮ (ਅਗਿਆਨ) ਕਿਹਾ ਹੈ ਜਿਸ ਕਾਰਨ ਜੀਵ ਆਪਣੇ ਪਾਪ ਅਤੇ ਪੁੰਨ ਦੀ ਗਿਣਤੀ ਵਿਚ ਪਿਆ ਰਹਿੰਦਾ ਹੈ। ਇਸ ਪਾਪ-ਪੁੰਨ ਦੀ ਗਿਣਤੀ ਅਨੁਸਾਰ ਹੀ ਉਹ ਕਦੀ ਨਰਕ ਵਿਚ ਪੈਂਦਾ ਹੈ ਅਤੇ ਕਦੀ ਸਵਰਗ ਵਿਚ। ਆਪਣੀ ਵੱਖਰੀ ਹੋਂਦ ਦੇ ਅਹਿਸਾਸ ਦੇ ਘੇਰੇ ਵਿਚ ਮਨੁੱਖ ਨੂੰ ਮੁਕਤੀ ਦੇ ਰਾਹ ਦੀ ਸੋਝੀ ਨਹੀਂ ਪੈਂਦੀ, ਇਸ ਕਰਕੇ ਕਦੀ ਉਹ ਸਿਆਣਾ ਬਣਦਾ ਹੈ, ਕਦੀ ਮੂਰਖ। ਇਸ ਦੇ ਕਾਰਨ ਹੀ ਮਨੁੱਖ ਮੋਹ-ਮਾਇਆ ਦੇ ਜਾਲ ਵਿਚ ਫਸਿਆ ਰਹਿੰਦਾ ਹੈ ਅਤੇ ਵਾਰ ਵਾਰ ਜਨਮ ਧਾਰਦਾ ਹੈ। ਗੁਰੂ ਸਾਹਿਬਾਨ  ਅਨੁਸਾਰ ਹਉਮੈ ਦੀ ਪਰਵਿਰਤੀ ਹੀ ਇਹ ਹੈ ਕਿ ਜੀਵ ਉਸ ਤਰ੍ਹਾਂ ਦੇ ਕੰਮ ਹੀ ਕਰਦਾ ਹੈ ਜਿਸ ਨਾਲ ਉਸ ਦੀ ਵੱਖਰੀ ਹਸਤੀ ਹੋਣ ਦਾ ਸੁਭਾ ਟਿਕਿਆ ਰਹੇ। ਇਹੀ ਉਸ ਦੇ ਬੰਧਨ ਦਾ ਕਾਰਨ ਹੈ ਜਿਸ ਨਾਲ ਉਹ ਵਾਰ ਵਾਰ ਜੂਨਾਂ ਵਿਚ ਪੈਂਦਾ ਹੈ। ਗੁਰਮਤਿ ਚਿੰਤਨ ਵਿਚ ਹਉਮੈ ਨੂੰ ਪੂਰੀ ਤਰ੍ਹਾਂ ਮਾਰਨ ਲਈ, ਇਸ ਦਾ ਪੂਰਨ ਵਿਰੋਧ ਕਰਨ ਲਈ ਘਰ-ਬਾਰ ਛੱਡ ਕੇ ਸੰਨਿਆਸ ਲੈਣ ਦੀ ਸਿਫਾਰਸ਼ ਨਹੀਂ ਕੀਤੀ ਗਈ ਕਿਉਂਕਿ ਇਸ ਤਰ੍ਹਾਂ ਹਉਮੈ ਨਹੀਂ ਮਰਦੀ, ਹਉਮੈ ਦੀ ਸਮਝ ਨਹੀਂ ਲੱਗਦੀ, ਪੂਰਨ ਵਿਚ ਅਪੂਰਨ ਦੀ ਸਮਝ ਨਹੀਂ ਲੱਗਦੀ। ਹਉਮੈ ਨੂੰ ਗੁਰਮਤਿ ਵਿਚ ਇੱਕ ਲੰਬਾ ਰੋਗ ਮੰਨਿਆ ਹੈ ਪਰ ਇਹ ਰੋਗ ਲਾ-ਇਲਾਜ ਨਹੀਂ ਹੈ। ਇਸ ਦਾ ਇਲਾਜ ਵੀ ਇਸ ਦੇ ਵਿਚ ਹੀ ਹੈ, ਇਸ ਦਾ ਅਹਿਸਾਸ ਹੋ ਜਾਣ ਦੇ ਵਿਚ ਹੀ ਹੈ ਅਤੇ ਗੁਰੂ ਦੀ ਨਦਰਿ ਪ੍ਰਾਪਤੀ ਲਈ ਯਤਨਸ਼ੀਲ ਹੋਣ ਵਿਚ ਹੈ। ਇਸ ਦਾ ਇਲਾਜ ਗੁਰੂ ਦੀ ਨਦਰਿ ਵਿਚ ਹੈ। ਜੇ ਉਸ ਦੀ ਮਿਹਰ ਹੋ ਜਾਵੇ, ਨਦਰਿ ਹੋ ਜਾਵੇ ਤਾਂ ਜੀਵ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੈ, ਜਿਸ ਰਾਹੀਂ ਉਸ ਨੂੰ ਆਪਣੇ ਅਸਲੀ ‘ਆਪੇ’, ਆਪਣੇ ਮੂਲ ਦੀ ਸੋਝੀ ਹੁੰਦੀ ਹੈ,
ਹਉਮੈ ਏਹਾ ਜਾਤਿ ਹੈ
ਹਉਮੈ ਕਰਮ ਕਮਾਹਿ॥

ਕਿਰਪਾ ਕਰੇ ਜੇ ਆਪਣੀ ਤਾ
ਗੁਰ ਕਾ ਸਬਦੁ ਕਮਾਹਿ॥
ਨਾਨਕੁ ਕਹੈ ਸੁਣਹੁ ਜਨਹੁ
ਇਤੁ ਸੰਜਮਿ ਦੁਖ ਜਾਹਿ॥ (ਪੰਨਾ 466)
ਆਪਣੇ ਮੂਲ ਦੀ ਸੋਝੀ ਵਾਸਤੇ ਜੋ ਗੁਰਮਤਿ ਜੁਗਤਿ ਦੱਸੀ ਹੈ, ਉਹ ਹੈ ਗੁਰੂ ਦਾ ਅਨੁਸਾਰੀ ਹੋ ਕੇ ਚੱਲਣਾ, ਗੁਰੂ ਦੇ ਦੱਸੇ ਰਸਤੇ ‘ਤੇ ਚੱਲਣਾ ਅਤੇ ਗੁਰਮਤਿ ਚਿੰਤਨ ਅਨੁਸਾਰ ਗੁਰੂ ਸ਼ਬਦ ਗੁਰੂ ਹੈ। ਗੁਰੂ ਦੀ ਦੱਸੀ ਜੁਗਤਿ ‘ਤੇ ਚੱਲਣ ਨਾਲ ਮਨੁੱਖ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦਾ ਹੈ। ਗੁਰਮਤਿ ਚਿੰਤਨ ਅਨੁਸਾਰ ਗੁਰੂ ਦਾ ਮਾਰਗ ਸਤਿ ਦਾ ਮਾਰਗ ਹੈ ਅਤੇ ਇਸ ਰਾਹੀਂ ਮਨੁੱਖ ਨੂੰ ਇਹ ਸੋਝੀ ਹੁੰਦੀ ਹੈ ਕਿ ਅਕਾਲ ਪੁਰਖ ਬਾਹਰ ਨਹੀਂ ਹੈ। ਉਹ ਮਨੁੱਖ ਦੇ ਆਪਣੇ ਹਿਰਦੇ ਦੇ ਅੰਦਰ ਹੈ, ਸਿਰਫ ਉਸ ਨੂੰ ਦੇਖਣ ਵਾਲੀ ਨਜ਼ਰ ਨੂੰ ਪੈਦਾ ਕਰਨ ਦੀ ਲੋੜ ਹੈ। ਇਸ ਦੇਹੀ ਦੇ ਅੰਦਰ ਹੀ ਨਾਮ ਦਾ ਨਿਵਾਸ ਹੈ, ਜਿਸ ਨੂੰ ਖੋਜਣਾ ਹੈ। ਉਹ ਕਰਤਾ ਅਬਿਨਾਸ਼ੀ ਹੈ ਜੋ ਮਨੁੱਖ ਦੇ ਅੰਦਰ ਨਿਵਾਸ ਕਰਦਾ ਹੈ। ਇਸ ਲਈ ਉਹ ‘ਜੀਉ’ ਨਾ ਮਰਦਾ ਹੈ, ਨਾ ਜੰਮਦਾ ਹੈ। ਉਹ ਹੁਕਮੀ ਹੈ ਜਿਸ ਤੱਕ ਉਸ ਦੇ ਹੁਕਮ ਨੂੰ ਸਮਝਿਆਂ ਪਹੁੰਚ ਸਕੀਦਾ ਹੈ,
ਬੋਲਹੁ ਸਾਚੁ ਪਛਾਣਹੁ ਅੰਦਰਿ॥
ਦੂਰਿ ਨਾਹੀ ਦੇਖਹੁ ਕਰਿ ਨੰਦਰਿ॥
ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ
ਇਉ ਭਵਜਲੁ ਪਾਰਿ ਲੰਘਾਈ ਹੇ॥12॥
ਦੇਹੀ ਅੰਦਰਿ ਨਾਮੁ ਨਿਵਾਸੀ॥
ਆਪੇ ਕਰਤਾ ਹੈ ਅਬਿਨਾਸੀ॥
ਨਾ ਜੀਉ ਮਰੈ ਨ ਮਾਰਿਆ ਜਾਈ
ਕਰਿ ਦੇਖੈ ਸਬਦਿ ਰਜਾਈ ਹੇ॥13॥
(ਪੰਨਾ 1026)
ਇਸ ਤਰ੍ਹਾ ਗੁਰਮਤਿ ਜੁਗਤਿ ਇਕਾਂਤਕ ਨਹੀਂ ਹੈ, ਸੰਗਤੀ ਹੈ। ਸੰਗਤ ਵਿਚ ਜਾ ਕੇ ਮਨੁੱਖ ਨਾਮ ਸਿਮਰਨ ਅਤੇ ਸੇਵਾ ਰਾਹੀਂ ਆਪਣੀ ਹਉਮੈ ਨੂੰ ਦੂਰ ਕਰਕੇ ਆਪਣੇ ਅੰਦਰ ਸ਼ੁਭ ਗੁਣ ਪੈਦਾ ਕਰ ਸਕਦਾ ਹੈ ਅਤੇ ਦੂਸਰਿਆਂ ਦੀ ਇਸ ਮਾਰਗ ‘ਤੇ ਚੱਲਣ ਵਿਚ ਸਹਾਇਤਾ ਕਰ ਸਕਦਾ ਹੈ ਕਿਉਂਕਿ ਗੁਰਮਤਿ ਅਨੁਸਾਰ ਮਨੁੱਖ ਨੇ ਆਪਣੇ ਕਲਿਆਣ-ਹਿਤ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋਣਾ ਹੈ। ਗੁਰਮਤਿ ਜੁਗਤ ਵਿਚ ਸਰੀਰ ਨੂੰ ਨਕਾਰਿਆ ਨਹੀਂ ਗਿਆ ਅਤੇ ਨਾ ਹੀ ਇਸ ਨੂੰ ਇਕਾਂਤ ਵਿਚ ਕਠਿਨ ਤਪੱਸਿਆ ਕਰਕੇ, ਸਰੀਰਕ ਕਸ਼ਟ ਦੇ ਕੇ ਮੁਕਤੀ ਪ੍ਰਾਪਤੀ ਦਾ ਕੋਈ ਮਾਰਗ ਦਰਸਾਇਆ ਹੈ। ਸਰੀਰ ਤਾਂ ਵਾਹਿਗੁਰੂ ਦੇ ਹੁਕਮ ਨਾਲ ਪ੍ਰਾਪਤ ਹੁੰਦਾ ਹੈ ਅਤੇ ‘ਨਾਮ’ ਦਾ ਵਾਹਕ ਹੈ। ਨਾਮ ਦਾ ਵਾਸਾ ਇਸ ਦੇਹੀ ਦੇ ਅੰਦਰ ਹੈ। ਅਸਲ ਵਸਤੂ ਇਸ ਸਰੀਰ ਵਿਚ ਹੀ ਨਿਵਾਸ ਕਰਦੀ ਹੈ। ਮਨੁੱਖ ਦੇ ਆਪੇ ਦੀ ਪਛਾਣ, ਉਸ ਦਾ ਅਨੁਭਵ ਇਸ ਸੰਸਾਰ ਵਿਚ ਰਹਿੰਦਿਆਂ ਹੀ ਹੋਣਾ ਹੈ। ਇਥੇ ਹੀ ਉਸ ਨੇ ਵਿਕਾਸ ਕਰਕੇ ‘ਸਚਿਆਰ’ ਅਥਵਾ ਗੁਰਮੁਖਿ ਅਥਵਾ ਬ੍ਰਹਮਗਿਆਨੀ ਬਣਨਾ ਹੈ ਅਤੇ ਆਪਣੇ ਗਿਆਨ ਨੂੰ ਸੰਸਾਰ ਦੀ ਭਲਾਈ ਦੇ ਹਿਤ ਵਿਚ ਵਰਤਣਾ ਅਤੇ ਵੰਡਣਾ ਹੈ, “ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥”
ਇਥੇ ਇੱਕ ਗੱਲ ਹੋਰ ਸਪਸ਼ਟ ਕਰ ਦੇਣੀ ਕੁਥਾਂ ਨਹੀਂ ਹੋਵੇਗੀ ਕਿ ਗੁਰੂ ਨੇ ਸਿੱਖ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ, ਜਿਸ ਦੇ ਲੜ ਲੱਗਣ ਲਈ ਕਿਸੇ ਸਾਧ, ਕਿਸੇ ਡੇਰੇਦਾਰ ਦੀ ਵਿਚੋਲਗਿਰੀ ਦੀ ਕੋਈ ਲੋੜ ਨਹੀਂ ਹੈ। ਸ਼ਬਦ ਨੂੰ ਆਪਣੇ ਅੰਦਰ ਵਸਾਉਣਾ ਹੈ, ਉਸ ਵਿਚ ਦੱਸੇ ਸਤਿ, ਸੰਤੋਖ, ਗਿਆਨ ਦੇ ਮਾਰਗ ‘ਤੇ ਚੱਲਣਾ ਹੈ, ਆਪਣੇ ਅੰਦਰ ਗੁਣ ਪੈਦਾ ਕਰਨੇ ਹਨ ਅਤੇ ਹੱਥੀਂ ਕਿਰਤ ਕਰਕੇ ਲੋੜਵੰਦਾਂ ਨਾਲ ਵੰਡ ਕੇ ਛਕਣਾ ਹੈ। ਬਾਣੀ ਦੀ ਰਚਨਾ ਲੋਕਾਂ ਦੀ ਆਮ ਬੋਲਣ ਵਾਲੀ ਭਾਸ਼ਾ ਵਿਚ ਇਸ ਲਈ ਕੀਤੀ ਗਈ ਤਾਂ ਕਿ ਆਮ ਮਨੁੱਖ ਇਸ ਨੁੰ ਸਮਝ ਸਕੇ ਅਤੇ ਵੇਦਾਂ-ਸ਼ਾਸਤਰਾਂ ਨੂੰ ਸਮਝਣ ਲਈ ਬ੍ਰਾਹਮਣ ਵਾਂਗ ਕਿਸੇ ਵਿਚੋਲੇ ਦੀ ਲੋੜ ਨਾ ਪਵੇ। ਅੱਜ ਕੱਲ ਦੇ ਡੇਰੇਦਾਰਾਂ ਦੇ ਰੂਪ ਵਿਚ ਨਵੀਂ ਬ੍ਰਾਹਮਣ ਜਮਾਤ ਪੈਦਾ ਹੋ ਗਈ ਹੈ ਜੋ ਧਰਮ ਦੇ ਨਾਂ ‘ਤੇ ਨਾਮ ਦੇ ਕੇ ਭੋਲੇ ਭਾਲੇ ਮਨੁੱਖਾਂ ਦਾ ਸੋਸ਼ਣ ਕਰਦੇ ਹਨ। ਪੰਜਾਬ ਦੇ ਪੁਰਾਣੇ ਤਿੰਨ ਕੁ ਸਾਧਾਂ ਦੇ ਡੇਰਿਆਂ ਵਿਚ ਸਿਖਿਅਤ ਹੋ ਰਹੇ ਚੇਲਿਆਂ ਨੂੰ ਐਡਜਸਟ ਕਰਨ ਲਈ ਨਿੱਤ ਨਵੇਂ ਡੇਰੇ ਬਣਾਏ ਜਾ ਰਹੇ ਹਨ। ਸਾਧਾਂ ਨੂੰ ਪੈਸਾ ਲੁਟਾਉਣ ਨਾਲੋਂ ਬਿਹਤਰ ਹੈ ਕਿਸੇ ਗ਼ਰੀਬ ਸਿੱਖ ਬੱਚੇ ਦੀ ਪੜ੍ਹਾਈ ਦਾ ਖਰਚਾ ਓਟ ਲਿਆ ਜਾਵੇ, “ਗਰੀਬ ਦਾ ਮੂੰਹ ਗੁਰੂ ਦੀ ਗੋਲਕ।”

Be the first to comment

Leave a Reply

Your email address will not be published.