ਮੇਰਾ ਨਾਟਕ ‘ਹਿੰਦ ਦੀ ਚਾਦਰ’

ਰਵਿੰਦਰ ਸਿੰਘ ਸੋਢੀ
ਫੋਨ: 604-369-2371
ਨਾਟਕ ਦੇਖਣ ਦੀ ਚੇਟਕ ਤਾਂ ਬੀ. ਏ. (1967-70) ਦੌਰਾਨ ਹੀ ਲੱਗ ਗਈ ਸੀ, ਹਰਪਾਲ ਟਿਵਾਣਾ ਦੇ ਨਾਟਕ ਦੇਖ ਕੇ। 1972 ਵਿਚ ਐਮ. ਏ. ਕਰਨ ਤੱਕ ਰੰਗਮੰਚ ਦੇਖਣ ਦਾ ਸ਼ੌਕ ਬਰਕਰਾਰ ਹੀ ਨਹੀਂ ਰਿਹਾ, ਸਗੋਂ ਰੰਗਮੰਚ ਕਰਨ ਦੀ ਇੱਛਾ ਵੀ ਪੈਦਾ ਹੋ ਗਈ ਸੀ, ਪਰ ਮੌਕਾ ਨਹੀਂ ਸੀ ਮਿਲ ਰਿਹਾ। ਐਮ. ਏ. ਪਿਛੋਂ ਸਰਕਾਰੀ ਸਕੂਲ ਵਿਚ ਲੈਕਚਰਾਰ ਦੀ ਨੌਕਰੀ ਵੀ ਕੀਤੀ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੀ ਨੌਕਰੀ ਵੀ। ਬਿਜਲੀ ਮਹਿਕਮੇ ਦੀ ਨੌਕਰੀ ਦੌਰਾਨ ਇਕ ਦਿਨ ਪਤਾ ਲੱਗਾ ਕਿ ਬਿਜਲੀ ਬੋਰਡ ਦੀ ਇਕ ਸਭਿਆਚਾਰਕ ਟੋਲੀ ਵਲੋਂ ਕੋਈ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਮੈਂ ਨਾਲ ਦੇ ਸਾਥੀ (ਸੁਰਿੰਦਰ ਸਿੰਘ ਨਰੂਲਾ) ਨੂੰ ਮਨਾ ਲਿਆ ਕਿ ਆਪਾਂ ਵੀ ਕੋਈ ਆਈਟਮ ਪੇਸ਼ ਕਰੀਏ। ਮੈਂ ਕਾਲਜ ਸਮੇਂ ਇਕ ਸਕਿੱਟ ‘ਮਦਾਰੀ ਦਾ ਤਮਾਸ਼ਾ’

ਦੇਖੀ ਹੋਈ ਸੀ। ਉਸ ਨੇ ਮੇਰਾ ਸਾਥ ਦੇਣਾ ਮੰਨ ਲਿਆ। ਜਦੋਂ ਪ੍ਰੋਗਰਾਮ ਹੋਇਆ ਤਾਂ ਦੋ ਕੁ ਘੰਟੇ ਦੇ ਪ੍ਰੋਗਰਾਮ ਵਿਚੋਂ ਜੋ 4-5 ਆਈਟਮਾਂ ਵੱਧ ਪਸੰਦ ਕੀਤੀਆਂ ਗਈਆਂ, ਉਨ੍ਹਾਂ ’ਚ ਸਾਡੀ ਆਈਟਮ ਵੀ ਸੀ।
ਉਸ ਪ੍ਰੋਗਰਾਮ ਤੋਂ ਕੁਝ ਦਿਨਾਂ ਬਾਅਦ ਮੈਂ ਬਾਜ਼ਾਰ ਜਾ ਰਿਹਾ ਸਾਂ ਤਾਂ ਰਸਤੇ ਵਿਚ ਮੇਰੇ ਇਕ ਹਮ-ਉਮਰ ਨੇ ਰੋਕ ਲਿਆ। ਉਨ੍ਹਾਂ ਨੇ ਮੇਰਾ ਬਿਜਲੀ ਬੋਰਡ ਵਾਲਾ ਸਕਿੱਟ ਦੇਖਿਆ ਹੋਇਆ ਸੀ ਅਤੇ ਦੱਸਿਆ ਕਿ ਉਨ੍ਹਾਂ ਦਾ ਰੰਗਕਰਮੀਆਂ ਦਾ ਇਕ ਗਰੁੱਪ ਹੈ। ਉਨ੍ਹਾਂ ਨੇ ਮੈਨੂੰ ਆਪਣੇ ਗਰੁੱਪ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਹ ਸ਼ਖਸੀਅਤ ਸੀ ਜਗਜੀਤ ਸਰੀਨ, ਜਿਸ ਨੇ ਟਿਵਾਣਾ ਸਾਹਿਬ ਨਾਲ ਲੰਬਾ ਸਮਾਂ ਨਾਟਕ ਕੀਤੇ ਸਨ। ਫਿਰ ਪਤਾ ਲੱਗਾ ਕਿ ਸਰੀਨ ਸਾਹਿਬ ਅਤੇ ਮੈਂ ਮਹਿੰਦਰਾ ਕਾਲਜ ਵਿਚ ਇਕੋ ਸਮੇਂ ਪੜ੍ਹੇ ਸਾਂ। ਉਹ ਬੀ. ਐਸ. ਸੀ. ਵਿਚ ਅਤੇ ਮੈਂ ਬੀ. ਏ. ਵਿਚ। ਉਨ੍ਹਾਂ ਦੇ ਨਿਰਦੇਸ਼ਨ ਅਧੀਨ ਕਈ ਨਾਟਕ ਖੇਡੇ ਅਤੇ ਰੰਗ-ਮੰਚ ਦੀਆਂ ਕਈ ਬਾਰੀਕੀਆਂ ਦਾ ਆਪ ਮੁਹਾਰੇ ਹੀ ਪਤਾ ਲੱਗਦਾ ਰਿਹਾ।
ਇਕ ਦਿਨ ਮੈਂ (ਸੰਨ 1975) ਕਪੂਰਥਲਾ ਜਾ ਰਿਹਾ ਸਾਂ, ਕਿਸੇ ਕਾਲਜ ਵਿਚ ਲੈਕਚਰਾਰ ਦੀ ਇੰਟਰਵਿਊ ਦੇਣ। ਗੁਰੂ ਤੇਗ ਬਹਾਦਰ ਸੰਬੰਧੀ ਇਕ ਦ੍ਰਿਸ਼ ਮੇਰੇ ਦਿਮਾਗ ਵਿਚ ਘੁੰਮਣ ਲੱਗਾ। ਉਨ੍ਹੀਂ ਦਿਨੀਂ ਨੌਂਵੀਂ ਪਾਤਸ਼ਾਹੀ ਦੇ ਤਿੰਨ ਸੌ ਸਾਲਾ ਸ਼ਹੀਦੀ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਘਰ ਆ ਕੇ ਮੈਂ ਨਾਟਕ ਲਿਖਣਾ ਸ਼ੁੁਰੂ ਕੀਤਾ। ਮੈਨੂੰ ਨਹੀਂ ਸੀ ਪਤਾ ਕਿ ਕਿਹੜਾ ਪਾਤਰ ਕਦੋਂ ਆਵੇਗਾ, ਕਿਹੜੇ ਕਿਹੜੇ ਪਾਤਰ ਹੋਣਗੇ ਅਤੇ ਨਾਟਕ ਵਿਚ ਕਿੰਨੇ ਦ੍ਰਿਸ਼ ਹੋਣਗੇ? ਦਿਮਾਗ ’ਚ ਜੋ ਆਇਆ, ਉਹੀ ਲਿਖਦਾ ਰਿਹਾ। ਜਦੋਂ ਕੁਝ ਸਮਝ ਨਾ ਆਉਂਦਾ ਕਿ ਅੱਗੇ ਕੀ ਲਿਖਿਆ ਜਾਵੇ, ਲਿਖਣਾ ਬੰਦ ਕਰ ਦਿੰਦਾ। ਪੰਦਰਾਂ-ਵੀਹ ਦਿਨਾਂ ਵਿਚ ਨਾਟਕ ਦਾ ਮੁਢਲਾ ਢਾਂਚਾ ਤਿਆਰ ਹੋ ਗਿਆ, ਪਰ ਮੈਨੂੰ ਲੱਗ ਰਿਹਾ ਸੀ ਕਿ ਨਾਟਕ ਦਾ ਅੰਤ ਮੇਰੀ ਮਰਜ਼ੀ ਅਨੁਸਾਰ ਨਹੀਂ ਸੀ ਹੋਇਆ। ਇਕ ਦਿਨ ਮੈਂ ਤੇ ਸਰੀਨ ਸਾਹਿਬ ਨੇ ਨਾਟਕ ਇਕੱਠਿਆਂ ਪੜ੍ਹਿਆ। ਉਨ੍ਹਾਂ ਦਾ ਹੁੰਗਾਰਾ ਹਾਂ-ਪੱਖੀ ਸੀ, ਪਰ ਉਨ੍ਹਾਂ ਨੂੰ ਵੀ ਲੱਗਾ ਕਿ ਨਾਟਕ ਵਿਚ ਹੋਰ ਵਾਧੇ ਦੀ ਗੁੰਜਾਇਸ਼ ਹੈ।
ਉਨ੍ਹੀਂ ਦਿਨੀਂ ਪ੍ਰਸਿੱਧ ਰੰਗਕਰਮੀ ਯੋਗਰਾਜ ਸੇਢਾ ਅਤੇ ਮੋਹਨ ਬੱਗਨ ਕੈਨੇਡਾ ਤੋਂ ਵਾਪਿਸ ਆਏ ਸਨ। ਯੋਗਰਾਜ ਜੀ ਨੇ ਬਿਜਲੀ ਬੋਰਡ ਵਿਚ ਜੇ. ਈ. ਦੀ ਨੌਕਰੀ ਮੁੜ ਸ਼ੁਰੂ ਕਰ ਲਈ ਸੀ। ਬਿਜਲੀ ਬੋਰਡ ਦੇ ਉਸ ਸਮੇਂ ਦੇ ਪੀ. ਆਰ. ਓ. ਵਿਭਾਗ ਦੇ ਮੁਖੀ ਨਿਰੰਜਣ ਸਿੰਘ ਮੀਠਾ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸੰਬੰਧੀ ਨਾਟਕ ‘ਸਿਰ ਦੀਜੈ ਬਾਂਹਿ ਨਾ ਛੋੜੀਐ’ ਲਿਖ ਰਹੇ ਸਨ। ਉਨ੍ਹਾਂ ਨੇ ਬਿਜਲੀ ਬੋਰਡ ਵੱਲੋਂ ਉਹ ਨਾਟਕ ਤਿਆਰ ਕਰਵਾਉਣ ਦੀ ਜਿ਼ੰਮੇਵਾਰੀ ਯੋਗਰਾਜ ਸੇਢਾ ਦੀ ਲਾ ਦਿੱਤੀ। ਯੋਗਰਾਜ ਨੂੰ ਜਦੋਂ ਪਤਾ ਲੱਗਾ ਕਿ ਮੈਂ ਵੀ ਗੁਰੂ ਸਾਹਿਬ ਸੰਬੰਧੀ ਨਾਟਕ ਲਿਖ ਰਿਹਾ ਹਾਂ ਤਾਂ ਬੜੇ ਖੁਸ਼ ਹੋਏ। ਮੈਂ ਉਨ੍ਹਾਂ ਨੂੰ ਵੀ ਆਪਣੇ ਨਾਟਕ ‘ਹਿੰਦ ਦੀ ਚਾਦਰ’ ਦਾ ਖਰੜਾ ਪੜ੍ਹਨ ਨੂੰ ਦਿੱਤਾ। ਨਾਟਕ ਪੜ੍ਹ ਕੇ ਉਨ੍ਹਾਂ ਨੂੰ ਇਹ ਖੁਸ਼ੀ ਹੋਈ ਕਿ ਮੀਠਾ ਸਾਹਿਬ ਅਤੇ ਮੇਰੇ ਨਾਟਕ, ਦੋਵਾਂ ਦਾ ਭਾਵੇਂ ਕੇਂਦਰੀ ਵਿਸ਼ਾ ਇੱਕੋ ਹੀ ਹੈ, ਪਰ ਨਿਭਾਅ ਬਿਲਕੁਲ ਹੀ ਵੱਖਰਾ ਹੈ। ਮੇਰੇ ਵਾਲੇ ਨਾਟਕ ਵਿਚ ਔਰੰਗਜ਼ੇਬ ਦਾ ਪਾਤਰ ਹੋਣ ਕਰਕੇ, ਉਨ੍ਹਾਂ ਨੂੰ ਨਾਟਕ ਜਿ਼ਆਦਾ ਪਸੰਦ ਆਇਆ, ਪਰ ਉਨ੍ਹਾਂ ਨੇ ਵੀ ਸੁਝਾਅ ਦਿੱਤਾ ਕਿ ਨਾਟਕ ਦਾ ਅੰਤ ਕੁਝ ਨਾਟਕੀ ਟੱਕਰ ਵਾਲਾ ਹੋਣਾ ਚਾਹੀਦਾ ਹੈ। ਸਾਫਗੋਈ ਹੈ ਕਿ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰੀ ਦ੍ਰਿਸ਼ ਵਿਚ ਕੀ ਦਰਸਾਇਆ ਜਾਵੇ?
ਭਾਵੇਂ ਨਾਟਕ ਦੇ ਹਰ ਦ੍ਰਿਸ਼ ਦੀ ਹੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਪਰ ਨਾਟਕ ਦੀ ਸਫਲਤਾ ਦਾ ਸਾਰਾ ਦਾਰੋਮਦਾਰ ਆਖਰੀ ਦ੍ਰਿਸ਼ `ਤੇ ਹੀ ਨਿਰਭਰ ਕਰਦਾ ਹੈ। ਜਦੋਂ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰਾਂ ਤਾਂ ਇਕ ਰਾਤ, ਸੌਣ ਤੋਂ ਪਹਿਲਾਂ ਪਤਾ ਨਹੀਂ ਮੇਰੇ ਦਿਲ ਵਿਚ ਕੀ ਆਇਆ, ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਜਦੋਂ ਮੈਨੂੰ ਮਹਿਸੂਸ ਹੋਇਆ ਕਿ ਹੁਣ ਹੋਰ ਨਹੀਂ ਲਿਖਿਆ ਜਾਂਦਾ, ਮੈਂ ਸੌਂ ਗਿਆ। ਸਵੇਰੇ ਉੱਠ ਕੇ ਜਦੋਂ ਮੈਂ ਰਾਤ ਦਾ ਲਿਖਿਆ ਪੜ੍ਹਨ ਲੱਗਾ ਤਾਂ ਮੈਨੂੰ ਆਪ ਹੈਰਾਨੀ ਹੋ ਰਹੀ ਸੀ ਕਿ ਬਿਨਾ ਕੁਝ ਸੋਚੇ ਮੈਂ ਏਨਾ ਕੁਝ ਕਿਵੇਂ ਲਿਖ ਗਿਆ? ਮੈਨੂੰ ਮਹਿਸੂਸ ਹੋਇਆ ਕਿ ਨਾਟਕ ਪੂਰਾ ਹੋ ਗਿਆ ਹੈ। ਮੇਰੇ ਲਈ ਤਾਂ ਇਹ ਰੱਬੀ ਕ੍ਰਿਸ਼ਮਾ ਹੀ ਸੀ।
ਸਾਰਾ ਦ੍ਰਿਸ਼ ਮੁੜ ਲਿਖਿਆ ਅਤੇ ਸਰੀਨ ਸਾਹਿਬ ਕੋਲ ਬੈਂਕ ਪਹੁੰਚ ਗਿਆ। ਉਨ੍ਹਾਂ ਨੂੰ ਲਿਖੇ ਹੋਏ ਪੰਨੇ ਫੜਾ ਕੇ ਕਿਹਾ ਕਿ ਮੇਰੇ ਵੱਲੋਂ ਨਾਟਕ ‘ਹਿੰਦ ਦੀ ਚਾਦਰ’ ਪੂਰਾ ਹੈ, ਜੇ ਤੁਹਾਨੂੰ ਪਸੰਦ ਹੈ ਤਾਂ ਖੇਡਣ ਦੀ ਤਿਆਰੀ ਕਰ ਲਉ। ਇਹ ਵੀ ਕਹਿ ਦਿੱਤਾ ਕਿ ਪਹਿਲਾਂ ਤੁਸੀਂ ਪੜ੍ਹ ਲਉ, ਫੇਰ ਯੋਗਰਾਜ ਜੀ ਨੂੰ ਪੜ੍ਹਨ ਨੂੰ ਦੇਵਾਂਗੇ।
ਸ਼ਾਮ ਦੇ ਸਮੇਂ ਸਰੀਨ ਸਾਹਿਬ ਬਿਜਲੀ ਬੋਰਡ ਹੀ ਪਹੁੰਚ ਗਏ, ਜਿੱਥੇ ਅਸੀਂ ‘ਸਿਰ ਦੀਜੈ ਬਾਂਹਿ ਨਾ ਛੋੜੀਐ’ ਦੀ ਰਿਹਰਸਲ ਕਰਦੇ ਸਾਂ। ਉਹ ਮੈਨੂੰ ਇਸ਼ਾਰਾ ਕਰਕੇ ਕੁਝ ਦੂਰ ਲੈ ਗਏ ਅਤੇ ਖੁਸ਼ ਹੋ ਕੇ ਕਹਿਣ ਲੱਗੇ ਕਿ ‘ਹਿੰਦ ਦੀ ਚਾਦਰ’ ਨਾਟਕ ਦਾ ਅੰਤ ਬਹੁਤ ਹੀ ਭਾਵਪੂਰਤ ਬਣ ਗਿਆ ਹੈ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੇ ਉਸ ਸਮੇਂ ਦੇ ਆਮ ਲੋਕਾਂ ਵਿਚ ਜੋ ਨਵਾਂ ਹੌਸਲਾ, ਦਲੇਰੀ ਅਤੇ ਜ਼ਾਲਮ ਹਕੂਮਤ ਵਿਰੁੱਧ ਨਫਰਤ ਦੀ ਭਾਵਨਾ ਪੈਦਾ ਕੀਤੀ ਸੀ, ਉਹ ਨਾਟਕ ਦੇ ਆਖਰੀ ਦ੍ਰਿਸ਼ ਵਿਚ ਪੂਰੀ ਤਰ੍ਹਾਂ ਉਜਾਗਰ ਹੁੰਦੀ ਹੈ। ਇਨ੍ਹਾਂ ਸ਼ਬਦਾਂ ਨਾਲ ਬਹੁਤ ਹੌਸਲਾ ਮਿਲਿਆ।
ਨਾਟਕ ਦੀ ਰਿਹਰਸਲ ਪਿਛੋਂ ਸਰੀਨ ਸਾਹਿਬ ਅਤੇ ਮੈਂ, ਯੋਗਰਾਜ ਜੀ ਨਾਲ ਉਨ੍ਹਾਂ ਦੇ ਘਰ ਹੀ ਚਲੇ ਗਏ ਤੇ ਉਨ੍ਹਾਂ ਨੂੰ ਕਿਹਾ ਕਿ ਨਾਟਕ ਦਾ ਆਖਰੀ ਦ੍ਰਿਸ਼ ਉਹ ਵੀ ਪੜ੍ਹ ਕੇ ਆਪਣੀ ਸਲਾਹ ਦੇਣ ਤਾਂ ਜੋ ਨਾਟਕ ਦੀ ਤਿਆਰੀ ਸ਼ੁਰੂ ਕੀਤੀ ਦਾ ਸਕੇ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਜਲਦੀ ਹੀ ਪੜ੍ਹ ਲੈਣਗੇ, ਪਰ ਨਾਟਕ ਦੀ ਤਿਆਰੀ ਲਈ ਕੁਝ ਦੇਰ ਰੁਕਣ ਲਈ ਕਿਹਾ, ਤਾਂ ਜੋ ਪਹਿਲਾਂ ਬਿਜਲੀ ਬੋਰਡ ਵਾਲੇ ਨਾਟਕ ਦੇ ਕੁਝ ਸ਼ੋਅ ਹੋ ਜਾਣ, ਕਿਉਂਕਿ ਦੋਹਾਂ ਨਾਟਕਾਂ ਵਿਚ ਕਈ ਕਲਾਕਾਰ ਸਾਂਝੇ ਹੀ ਸਨ। ਯੋਗਰਾਜ ਜੀ ਨੇ ਹੀ ਮੇਰੇ ਵਾਲੇ ਨਾਟਕ ਵਿਚ ਔਰੰਗਜ਼ੇਬ ਦਾ ਕਿਰਦਾਰ ਨਿਭਾਉਣਾ ਸੀ। ਮੀਠਾ ਸਾਹਿਬ ਵਾਲੇ ਨਾਟਕ ਦੇ ਉਹ ਨਿਰਦੇਸ਼ਕ ਵੀ ਸਨ ਅਤੇ ਭਾਈ ਜੈਤਾ ਜੀ ਦਾ ਰੋਲ ਵੀ ਕਰ ਰਹੇ ਸਨ। ਮੋਹਨ ਬੱਗਨ, ਭਾਰਤ ਭੂਸ਼ਨ ਵਰਮਾ, ਸੁਰਿੰਦਰ ਮਹਿਤਾ, ਪ੍ਰੇਮ ਚੰਦ ਆਦਿ ਵੀ ਦੋਹਾਂ ਨਾਟਕਾਂ ਵਿਚ ਸਨ।
ਯੋਗਰਾਜ ਜੀ ਨੇ ਵੀ ‘ਹਿੰਦ ਦੀ ਚਾਦਰ’ ਨਾਟਕ ਦਾ ਆਖਰੀ ਦ੍ਰਿਸ਼ ਬਹੁਤ ਪਸੰਦ ਕੀਤਾ ਅਤੇ ਕਿਹਾ ਕਿ ਇਹ ਨਵਾਂ ਸੀਨ ਜਿਥੇ ਕਲਾਕਾਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਦੇਵੇਗਾ, ਉਥੇ ਹੀ ਦਰਸ਼ਕਾਂ ਨੂੰ ਵੀ ਝੰਜੋੜੇਗਾ। ਸਰੀਨ ਸਾਹਿਬ ਅਤੇ ਯੋਗਰਾਜ ਜੀ ਤੋਂ ਮਿਲਿਆ ਹੁੰਗਾਰਾ ਮੇਰੇ ਲਈ ਕਿਸੇ ਇਨਾਮ ਤੋਂ ਘੱਟ ਨਹੀਂ ਸੀ।
ਮੰਚ `ਤੇ ਨਾਟਕ ਪੇਸ਼ ਕਰਨ ਲਈ ਅਜੇ ਕੁਝ ਸਮਾਂ ਲੱਗਣਾ ਸੀ, ਇਸ ਲਈ ਮੈਂ ਨਾਟਕ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਫੈਸਲਾ ਕੀਤਾ। ਮੇਰਾ ਨਾਟਕ ਪੜ੍ਹ ਕੇ ਪ੍ਰਸਿੱਧ ਨਾਟਕਕਾਰ ਡਾ. ਸੁਰਜੀਤ ਸਿੰਘ ਸੇਠੀ ਨੇ ਮੁੱਖ ਬੰਦ ਲਿਖਿਆ ਅਤੇ ਆਲ ਇੰਡੀਆ ਰੇਡੀਓ, ਜਲੰਧਰ ਤੋਂ ਇਸ ਦਾ ਰਿਵਿਊ ਵੀ ਕੀਤਾ। ਡਾ. ਰੌਸ਼ਨ ਲਾਲ ਆਹੂਜਾ ਨੇ ‘ਦਿ ਟ੍ਰਿਬਿਊਨ’ ਵਿਚ ਵੀ ਹਿੰਦ ਦੀ ਚਾਦਰ ਦਾ ਰਿਵਿਊ ਕੀਤਾ। ਵਿਦਵਾਨ ਨਾਟਕਕਾਰਾਂ ਵੱਲੋਂ ਮਿਲੇ ਇਸ ਥਾਪੜੇ ਨੇ ਮੇਰਾ ਹੌਸਲਾ ਹੋਰ ਵਧਾ ਦਿੱਤਾ।
ਜਿ਼ਕਰਯੋਗ ਹੈ ਕਿ ਮੇਰੇ ਗੁਰੂਦੇਵ ਅਤੇ ਪੰਜਾਬੀ ਦੇ ਮਹਾਨ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਟਕ ਦਾ ਨਾਂ ਵੀ ‘ਹਿੰਦ ਦੀ ਚਾਦਰ’ ਹੀ ਸੀ। ਉਸ ਨੂੰ ਨਾਮਵਰ ਨਿਰਦੇਸ਼ਕ ਹਰਪਾਲ ਟਿਵਾਣਾ ਤਿਆਰ ਕਰ ਰਹੇ ਸਨ। ਮੇਰੇ ਨਾਟਕ ਦੇ ਨਿਰਦੇਸ਼ਕ ਜਗਜੀਤ ਸਰੀਨ ਵੀ ਟਿਵਾਣਾ ਸਾਹਿਬ ਦੇ ਸ਼ਾਗਿਰਦ ਰਹਿ ਚੁਕੇ ਸਨ ਅਤੇ ਨਾਟਕ ਦੇ ਦੋ ਮੁੱਖ ਅਦਾਕਾਰ-ਯੋਗਰਾਜ ਸੇਢਾ ਅਤੇ ਮੋਹਨ ਬੱਗਨ ਵੀ ਟਿਵਾਣਾ ਸਾਹਿਬ ਨਾਲ ਕਈ ਨਾਟਕਾਂ ਵਿਚ ਅਦਾਕਾਰੀ ਕਰ ਚੁਕੇ ਸਨ।
ਦਸੰਬਰ 1975 ਦੇ ਅੱਧ ਤੋਂ ਬਾਅਦ ਅਸੀਂ ਨਾਟਕ ਦੀਆਂ ਰਿਹਰਸਲਾਂ ਸੁ਼ਰੂ ਕਰ ਦਿੱਤੀਆਂ। ਜਨਵਰੀ ਦੇ ਪਹਿਲੇ ਹਫਤੇ ਤੱਕ ਨਾਟਕ ਪੂਰੀ ਤਰ੍ਹਾਂ ਤਿਆਰ ਸੀ। ਨਾਟਕ ਦਾ ਕੋਈ ਵੀ ਵਾਰਤਾਲਾਪ ਜਾਂ ਦ੍ਰਿਸ਼ ਬਦਲਣਾ ਨਹੀਂ ਪਿਆ। ਸਿਰਫ ਇਕ ਛੋਟਾ ਜਿਹਾ ਵਾਕ ਹੀ ਕੱਟਿਆ, ਉਹ ਵੀ ਮੇਰੇ ਕਹਿਣ `ਤੇ। ਅਸਲ ਵਿਚ ਉਹ ਵਾਕ ਬੋਲਣ ਵੇਲੇ ਉਸ ਦੇ ਅਰਥ ਦੇ ਅਨਰਥ ਹੋ ਰਹੇ ਸਨ।
ਅਸੀਂ 25 ਜਨਵਰੀ 1976 ਨੂੰ ਸੈਂਟਰਲ ਲਾਇਬ੍ਰੇਰੀ ਦੇ ਆਡੀਟੋਰੀਅਮ ਵਿਚ ਨਾਟਕ ਦੀ ਪੇਸ਼ਕਾਰੀ ਦੀ ਤਿਆਰੀ ਕਰ ਲਈ। ਕਲਾਕਾਰਾਂ ਦੀਆਂ ਪੁਸ਼ਾਕਾਂ ਦਾ ਸਾਨੂੰ ਬਹੁਤਾ ਇੰਤਜ਼ਾਮ ਨਾ ਕਰਨਾ ਪਿਆ, ਕਿਉਂਕਿ ਬਿਜਲੀ ਬੋਰਡ ਵਾਲੇ ਨਾਟਕ ਦੀਆਂ ਪੁਸ਼ਾਕਾਂ ਨਾਲ ਸਾਡਾ ਕੰਮ ਚੱਲ ਗਿਆ। ਸਮੱਸਿਆ ਆਈ ਔਰੰਗਜ਼ੇਬ ਦੀ ਸ਼ਾਹੀ ਟੋਪੀ ਦੀ। ਸਾਨੂੰ ਪਟਿਆਲਾ ਸ਼ਹਿਰ ਵਿਚ ਅਜਿਹਾ ਕਾਰੀਗਰ ਨਾ ਮਿਲਿਆ, ਜੋ ਟੋਪੀ ਬਣਾ ਦਿੰਦਾ; ਪਰ ਨਾਟਕ ਤੋਂ ਇਕ ਦਿਨ ਪਹਿਲਾਂ ਗੁਰਚਰਨ ਚੰਨੀ (ਪ੍ਰਸਿੱਧ ਨਾਟ ਕਰਮੀ) ਨੇ ਸਾਡੀ ਇਹ ਸਮੱਸਿਆ ਹੱਲ ਕਰ ਦਿੱਤੀ। ਉਂਜ ਮੁਸ਼ਕਿਲਾਂ ਕਦਮ ਕਦਮ `ਤੇ ਸਾਡਾ ਇਮਤਿਹਾਨ ਲੈ ਰਹੀਆਂ ਸਨ। 24 ਜਨਵਰੀ ਦੀ ਰਾਤ ਨੂੰ ਯੋਗਰਾਜ ਸੇਢਾ ਦਾ ਇਕ ਕਰੀਬੀ ਰਿਸ਼ਤੇਦਾਰ ਅਚਾਨਕ ਹੀ ਅਕਾਲ ਚਲਾਣਾ ਕਰ ਗਿਆ ਅਤੇ ਉਨ੍ਹਾਂ ਨੂੰ ਜਾਣਾ ਪਿਆ, ਪਰ ਉਹ ਜਾਂਦੇ ਜਾਂਦੇ ਕਿਸੇ ਨੂੰ ਸੁਨੇਹਾ ਦੇ ਗਏ ਕੇ ਉਹ ਨਾਟਕ ਦੇ ਸਮੇਂ ਤੱਕ ਪਹੁੰਚ ਜਾਣਗੇ। ਨਾਟਕ ਅਸੀਂ ਸੱਤ ਵਜੇ ਸ਼ੁਰੂ ਕਰਨਾ ਸੀ। ਚਾਰ ਕੁ ਵਜੇ ਪ੍ਰੋਫੈਸਰ ਕ੍ਰਿਸ਼ਨ ਦਿਵੇਦੀ ਨੇ ਕਲਾਕਾਰਾਂ ਦਾ ਮੇਕ-ਅੱਪ ਸ਼ੁਰੂ ਕਰ ਦਿੱਤਾ। ਸਰੀਨ ਸਾਹਿਬ ਨੇ ਮੈਨੂੰ ਕਿਹਾ ਕਿ ਔਰੰਗਜ਼ੇਬ ਦੇ ਰੋਲ ਲਈ ਕਿਸੇ ਦੂਜੇ ਕਲਾਕਾਰ ਨੂੰ ਤਿਆਰ ਕਰੋ। ਉਹ ਕਲਾਕਾਰ ਰਿਹਰਸਲਾਂ ਦੌਰਾਨ ਹਾਜ਼ਰ ਹੁੰਦਾ ਸੀ ਅਤੇ ਬਹੁਤ ਹੀ ਵਧੀਆ ਕਲਾਕਾਰ ਸੀ। ਮੈਨੂੰ ਵੀ ਯਕੀਨ ਸੀ ਕਿ ਉਹ ਕੰਮ ਸਾਰ ਦੇਵੇਗਾ, ਪਰ ਪੰਜ ਵਜੇ ਯੋਗਰਾਜ ਜੀ ਪਹੁੰਚ ਗਏ।
ਆਡੀਟੋਰੀਅਮ ਦਾ ਹਾਲ ਤੇ ਗੈਲਰੀ ਪੂਰੀ ਤਰ੍ਹਾਂ ਭਰੇ ਹੋਏ ਸਨ। ਅਸੀਂ ਨਾਟਕ ਸਮੇਂ ਸਿਰ ਸ਼ੁਰੂ ਕਰ ਦਿੱਤਾ। ਸਾਰੇ ਨਾਟਕ ਦੌਰਾਨ ਦਰਸ਼ਕਾਂ ਨੇ ਚੁੱਪੀ ਸਾਧੀ ਰੱਖੀ ਤੇ ਨਾਟਕ ਨੂੰ ਮਾਣਦੇ ਰਹੇ। ਨਾਟਕ ਦੀ ਪੇਸ਼ਕਾਰੀ ਸਾਡੀ ਆਸ ਤੋਂ ਕਿਤੇ ਵੱਧ ਸਫਲ ਰਹੀ। ਅਗਲੇ ਕੁਝ ਦਿਨ ਸਾਨੂੰ ਵਧੀਆ ਨਾਟਕ ਪੇਸ਼ ਕਰਨ ਦੀਆਂ ਵਧਾਈਆਂ ਮਿਲਦੀਆਂ ਰਹੀਆਂ। ਰੰਗਮੰਚ ਦੀਆਂ ਕਈ ਨਾਮੀ ਸ਼ਖਸੀਅਤਾਂ ਨੇ ਸਾਡਾ ਹੌਸਲਾ ਵਧਾਇਆ ਅਤੇ ਨਾਟਕ ਦੇ ਹੋਰ ਸ਼ੋਅ ਕਰਨ ਲਈ ਪ੍ਰੇਰਿਆ। ਭਾਵੇਂ ਸਾਡਾ ਗਰੁੱਪ, ਪੰਜਾਬ ਨਾਟ ਸ਼ਾਲਾ, ਕੋਈ ਪੇਸ਼ੇਵਰ ਗਰੁੱਪ ਨਹੀਂ ਸੀ, ਪਰ ਨਾਟਕ ‘ਹਿੰਦ ਦੀ ਚਾਦਰ’ ਦੀ ਪੇਸ਼ਕਾਰੀ ਜਰੂਰ ਪੇਸ਼ੇਵਰ ਪੱਧਰ ਦੀ ਰਹੀ। ਨਾਟਕ ਦਾ ਹਰ ਦ੍ਰਿਸ਼ ਹੀ ਆਪਣਾ ਪ੍ਰਭਾਵ ਪਾ ਰਿਹਾ ਸੀ। ਮੈਂ ਵੀ ਦਰਸ਼ਕਾਂ ਵਿਚ ਬੈਠ ਕੇ ਨਾਟਕ ਦਾ ਅਨੰਦ ਮਾਣਿਆ। ਆਖਰੀ ਦ੍ਰਿਸ਼ ਨੇ ਦਰਸ਼ਕਾਂ ਨੂੰ ਖੂਬ ਟੁੰਬਿਆ। ਨਾਟਕ ਦੀ ਸਫਲਤਾ ਦਾ ਸਿਹਰਾ ਨਿਰਦੇਸ਼ਕ ਜਗਜੀਤ ਸਰੀਨ, ਯੋਗਰਾਜ ਸੇਢਾ (ਔਰੰਗਜ਼ੇਬ), ਭਾਰਤ ਭੂਸ਼ਨ ਵਰਮਾ (ਨਵਾਬ), ਮੋਹਨ ਬੱਗਨ (ਦੂਜਾ ਸਿਪਾਹੀ), ਸਰੀਨ ਸਾਹਿਬ (ਕਾਜ਼ੀ), ਮਹਿੰਦਰ ਸਿੰਘ (ਅਫਜ਼ ਬੇਗ), ਕਲਾਕਾਰਾਂ ਦੇ ਮੇਕ-ਅੱਪ ਲਈ ਪ੍ਰੋਫੈਸਰ ਕ੍ਰਿਸ਼ਨ ਦਿਵੇਦੀ ਅਤੇ ਨਾਟਕ ਦੇ ਬਾਕੀ ਸਾਰੇ ਕਲਾਕਾਰਾਂ ਨੂੰ ਜਾਂਦਾ ਹੈ।
ਪੰਤਾਲੀ ਸਾਲ ਪਹਿਲਾਂ ਦੀ ‘ਹਿੰਦ ਦੀ ਚਾਦਰ’ ਨਾਟਕ ਦੀ ਪਹਿਲੀ ਪੇਸ਼ਕਾਰੀ ਹੁਣ ਵੀ ਜਦੋਂ ਯਾਦ ਆਉਂਦੀ ਹੈ ਤਾਂ ਦਿਲ ਖੁਸ਼ ਹੋਣ ਦੇ ਨਾਲ-ਨਾਲ ਉਦਾਸ ਵੀ ਹੋ ਜਾਂਦਾ ਹੈ, ਕਿਉਂਕਿ ਸਾਡੇ ਕੁਝ ਸਾਥੀ, ਜਿਨ੍ਹਾਂ ਨੇ ਨਾਟਕ ਦੀ ਪੇਸ਼ਕਾਰੀ ਵਿਚ ਅਹਿਮ ਯੋਗਦਾਨ ਪਾਇਆ ਸੀ, ਉਹ ਸਾਥੋਂ ਸਦਾ ਲਈ ਵਿਛੜ ਚੁਕੇ ਹਨ। ਉਹ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਵੀ ਸਨ, ਜਿਵੇਂ ਕਿ ਯੋਗਰਾਜ ਸੇਢਾ, ਮਹਿੰਦਰ ਸਿੰਘ, ਸੁਰਿੰਦਰ, ਸਤਵੰਤ ਕੈਂਥ, ਅੰਬਾਖਸ਼, ਹਰਗੱਜਣ ਸਿੰਘ, ਪ੍ਰੋਫੈਸਰ ਕ੍ਰਿਸ਼ਨ ਦਿਵੇਦੀ ਆਦਿ।
ਗੁਲਜ਼ਾਰ ਪਵਾਰ ਨੇ ਵੀ ਪੰਜਾਬ ਆਰਟ ਥੀਏਟਰ ਵੱਲੋਂ ‘ਹਿੰਦ ਦੀ ਚਾਦਰ’ ਨਾਟਕ ਦੀਆਂ ਕਰੀਬ ਵੀਹ ਪੇਸ਼ਕਾਰੀਆਂ ਕੀਤੀਆਂ। 2003 ਵਿਚ ਗੁਲਜ਼ਾਰ ਮੇਰੇ ਇਕ ਮਿੱਤਰ ਨੂੰ ਲੈ ਕੇ ਮੈਨੂੰ ਨਾਭੇ ਮਿਲਣ ਆਇਆ। ਮੈਂ ਉਸ ਤੋਂ ਪਹਿਲਾਂ ਗੁਲਜ਼ਾਰ ਨੂੰ ਕਦੇ ਮਿਲਿਆ ਨਹੀਂ ਸੀ। ਉਹ ਮੇਰਾ ਨਾਟਕ ‘ਹਿੰਦ ਦੀ ਚਾਦਰ’ ਖੇਡਣ ਦਾ ਇਛੁੱਕ ਸੀ। ਮੈਨੂੰ ਖੁਸ਼ੀ ਹੋਈ ਕਿ ਅਠਾਈ ਸਾਲ ਪਹਿਲਾਂ ਲਿਖੇ ਨਾਟਕ ਨੂੰ ਕੋਈ ਨਿਰਦੇਸ਼ਕ ਮੁੜ ਮੰਚ `ਤੇ ਪੇਸ਼ ਕਰਨਾ ਚਾਹੁੰਦਾ ਹੈ, ਭਾਵੇਂ ਦਿਲ ਵਿਚ ਕੁਝ ਤੌਖਲਾ ਵੀ ਸੀ ਕਿ ਪਤਾ ਨਹੀਂ ਇਨ੍ਹਾਂ ਕੋਲ ਕਲਾਕਾਰ ਕਿਸ ਤਰ੍ਹਾਂ ਦੇ ਹਨ? ਪਰ ਮੈਂ ਉਨ੍ਹਾਂ ਨੂੰ ਆਪਣੀ ਲਿਖਤੀ ਮਨਜ਼ੂਰੀ ਦੇ ਦਿੱਤੀ। ਪੰਜਾਬ ਆਰਟ ਥੀਏਟਰ ਨੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਇਸ ਨਾਟਕ ਦੀਆਂ ਕਈ ਸਫਲ ਪੇਸ਼ਕਾਰੀਆਂ ਕੀਤੀਆਂ। ਗੁਲਜ਼ਾਰ ਪਵਾਰ ਨੇ ਕਈ ਵਾਰ ਮੈਨੂੰ ਨਾਟਕ ਦੇਖਣ ਲਈ ਸੁਨੇਹਾ ਭੇਜਿਆ, ਪਰ ਮੈਂ ਆਪਣੇ ਰਿਹਾਇਸ਼ੀ ਪਬਲਿਕ ਸਕੂਲ ਦੀ ਨੌਕਰੀ ਦੇ ਰੁਝੇਵਿਆਂ ਕਾਰਨ ਆਪਣਾ ਹੀ ਨਾਟਕ ਦੇਖਣ ਨਾ ਜਾ ਸਕਿਆ।
ਗੁਲਜ਼ਾਰ ਪਵਾਰ ਨੇ ਆਪ ਹੀ ਹਿੰਮਤ ਕਰਕੇ ਸਾਡੇ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਨਾਟਕ ਕਰਨ ਦਾ ਉੱਦਮ ਕਰ ਲਿਆ। ਮੈਨੂੰ ਖੁਸ਼ੀ ਵੀ ਹੋ ਰਹੀ ਸੀ ਕਿ ਮੇਰਾ ਲਿਖਿਆ ਨਾਟਕ ਮੇਰੇ ਸਕੂਲ ਵਿਚ ਖੇਡਿਆ ਜਾ ਰਿਹਾ ਹੈ, ਪਰ ਦਿਲ ਦੀ ਕਿਸੇ ਨੁੱਕਰੇ ਡਰ ਵੀ ਸੀ, ਜਿਵੇਂ ਹਰ ਵਿਦਿਆਰਥੀ ਦੇ ਦਿਲ ਵਿਚ ਇਮਤਿਹਾਨ ਤੋਂ ਪਹਿਲਾਂ ਹੁੰਦਾ ਹੈ। ਅਸਲ ਵਿਚ ਸਕੂਲ ਦੇ ਮੁੱਖ ਅਧਿਆਪਕ, ਸਾਥੀ ਅਧਿਆਪਕਾਂ ਅਤੇ ਆਪਣੇ ਵਿਦਿਆਰਥੀਆਂ ਦੇ ਸਾਹਮਣੇ ਮੇਰਾ ਇਮਤਿਹਾਨ ਹੀ ਸੀ। ਪਰਦਾ ਉਠਦਾ ਹੈ ਅਤੇ ਨਾਟਕ ਦੇ ਸਾਰੇ ਪਾਤਰ ਮੰਚ `ਤੇ ਬੈਠੇ ਹਨ ਤੇ ਗਾਇਕ ਮੰਡਲੀ ‘ਅਵਲਿ ਅਲਾਹ ਨੂਰੁ ਉਪਾਇਆ’ ਸ਼ਬਦ ਗਾ ਰਹੀ ਹੈ। ਮੇਰੇ ਨਾਟਕ ਵਿਚ ਇਹ ਦ੍ਰਿਸ਼ ਨਹੀਂ ਸੀ। ਇਸ ਸ਼ਬਦ ਤੋਂ ਬਾਅਦ ਨਾਟਕ ਸ਼ੁਰੂ ਹੁੰਦਾ ਹੈ। ਪਹਿਲੇ ਦ੍ਰਿਸ਼ ਵਿਚ ਹੀ ਨਿਰਦੇਸ਼ਕ ਨੇ ‘ਔਰਤ’ ਪਾਤਰ ਦੀ ਥਾਂ ‘ਦਰਵੇਸ਼’ ਦਾ ਨਵਾਂ ਪਾਤਰ ਜੋੜ ਲਿਆ। ਗੁਲਜ਼ਾਰ ਨੇ ਇਹ ਕਿਰਦਾਰ ਆਪ ਨਿਭਾਇਆ। ਨਾਟਕ ਦਾ ਪਹਿਲਾ ਦ੍ਰਿਸ਼ ਖਤਮ ਹੁੰਦੇ ਹੀ ਮੇਰਾ ਸਾਰਾ ਡਰ ਖਤਮ ਹੋ ਗਿਆ। ਨਾਟਕ ਸਹੀ ਦਿਸ਼ਾ ਵੱਲ ਜਾ ਰਿਹਾ ਸੀ ਅਤੇ ਸਾਰੇ ਕਲਾਕਾਰ ਵੀ ਹੰਢੇ ਹੋਏ ਸਨ। ਰਾਜੇਸ਼ ਸ਼ਰਮਾ (ਨਵਾਬ), ਲੱਖਾ ਲਹਿਰੀ (ਔਰੰਗਜ਼ੇਬ), ਕਾਜ਼ੀ (ਰਵੀ ਭੂਸ਼ਨ), ਦੂਜਾ ਸਿਪਾਹੀ (ਅਨਿਲ ਸਨੌਰੀ), ਮੱਖਣ ਸ਼ਾਹ (ਪਰਮਜੀਤ) ਅਤੇ ਬਾਕੀ ਕਲਾਕਾਰਾਂ ਨੇ ਵੀ ਆਪਣੇ ਆਪਣੇ ਕਿਰਦਾਰ ਬਾਖੂਬੀ ਨਿਭਾਏ। ਕਲਾਕਾਰਾਂ ਦੀਆਂ ਪੁਸ਼ਾਕਾਂ, ਮੇਕ-ਅੱਪ, ਪਿੱਠਵਰਤੀ ਸੰਗੀਤ ਅਤੇ ਨਿਰਦੇਸ਼ਨ ਨੇ ਨਾਟਕ ਦੀ ਪੇਸ਼ਕਾਰੀ ਨੂੰ ਸਫਲ ਬਣਾਇਆ। ਵਿਦਿਆਰਥੀਆਂ ਨੂੰ ਨਾਟਕ ਵਧੀਆ ਲੱਗਾ। ਨਾਟਕ ਦੇ ਲੇਖਕ ਦੇ ਤੌਰ `ਤੇ ਮੈਂ ਇਸ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ, ਪਰ ਅਨਿਲ ਸਨੌਰੀ ਵਰਗੇ ਵਧੀਆ ਕਲਾਕਾਰ ਦਾ ਜਵਾਨੀ ਵਿਚ ਹੀ ਵਿਛੋੜਾ ਬਹੁਤ ਦੁਖਦਾਈ ਹੈ।
2016 ਵਿਚ ਮੈਂ ਕੈਨੇਡਾ ਆਇਆ ਹੋਇਆ ਸਾਂ। ਇਕ ਦਿਨ ਇੰਪੈਕਟ ਆਰਟਸ, ਚੰਡੀਗੜ੍ਹ ਦੇ ਨਿਰਦੇਸ਼ਕ ਬਨਿੰਦਰਜੀਤ ਸਿੰਘ ਬਨੀ ਦੀ ਈਮੇਲ ਆਈ ਕਿ ਉਨ੍ਹਾਂ ਦਾ ਗਰੁੱਪ ਮੇਰਾ ਨਾਟਕ ‘ਸੂਰਾ ਸੋ ਪਹਿਚਾਨੀਐ’ ਖੇਡਣਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਨਾਟਕ ਖੇਡਣ ਦੀ ਇਜਾਜ਼ਤ ਦੇ ਦਿੱਤੀ। ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਮੈਨੂੰ ਜਗਜੀਤ ਸਰੀਨ ਅਤੇ ਭਾਰਤ ਭੂਸ਼ਨ ਵਰਮਾ ਦਾ ਫੋਨ ਆ ਗਿਆ ਕਿ ਨਾਟਕ ਦੀ ਪੇਸ਼ਕਾਰੀ ਬਹੁਤ ਹੀ ਸ਼ਾਨਦਾਰ ਸੀ। ਕਰੀਬ ਹਰ ਅਖਬਾਰ ਵਿਚ ਹੀ ਉਸ ਪੇਸ਼ਕਾਰੀ ਸੰਬੰਧੀ ਲੇਖ ਲੱਗੇ ਹੋਏ ਸਨ। 2017 ਵਿਚ ਹੀ ਬਨਿੰਦਰਜੀਤ ਬਨੀ ਦੀ ਨਿਰਦੇਸ਼ਨਾ ਅਧੀਨ ਮੇਰਾ ਨਾਟਕ ‘ਹਿੰਦ ਦੀ ਚਾਦਰ’ ਵੀ ਇੰਪੈਕਟ ਆਰਟਸ ਵੱਲੋਂ ਖੇਡਿਆ ਗਿਆ। ਮੈਂ ਜਨਵਰੀ 2017 ਦੇ ਆਖਰੀ ਹਫਤੇ ਇੰਡੀਆ ਪਹੁੰਚਣਾ ਸੀ, ਪਰ ਉਨ੍ਹਾਂ ਦਾ ਇਹ ਨਾਟਕ ਪਹਿਲਾਂ ਖੇਡਣ ਦਾ ਪ੍ਰੋਗਰਾਮ ਬਣ ਚੁਕਾ ਸੀ। ਮੈਂ ਸਰੀਨ ਸਾਹਿਬ ਅਤੇ ਭਾਰਤ ਭੂਸ਼ਨ ਵਰਮਾ ਨੂੰ ਉਚੇਚੇ ਤੌਰ `ਤੇ ਕਿਹਾ ਕਿ ਉਹ ਇਹ ਪੇਸ਼ਕਾਰੀ ਜਰੂਰ ਦੇਖ ਕੇ ਆਉਣ। ਸਰੀਨ ਸਾਹਿਬ, ਜਿਨ੍ਹਾਂ ਨੇ ਆਪ ਇਹ ਨਾਟਕ ਖੇਡਿਆ ਸੀ, ਉਹ ਇਸ ਪੇਸ਼ਕਾਰੀ ਤੋਂ ਵੀ ਪੂਰੀ ਤਰ੍ਹਾਂ ਸੰਤੁਸ਼ਟ ਸੀ। ਉਨ੍ਹਾਂ ਅਨੁਸਾਰ ਸਾਰੇ ਕਲਾਕਾਰਾਂ ਨੇ ਨਾਟਕ ਦੇ ਪਾਤਰਾਂ ਨੂੰ ਸਹੀ ਢੰਗ ਨਾਲ ਮੰਚ `ਤੇ ਸਜੀਵ ਕੀਤਾ। ਉਨ੍ਹਾਂ ਨੇ ਨਾਟਕ ਦੇ ਨਿਰਦੇਸ਼ਕ ਬਨਿੰਦਰਜੀਤ ਦੀ ਵੀ ਵਿਸ਼ੇਸ਼ ਪ੍ਰਸ਼ੰਸਾ ਕੀਤੀ। ਬਨੀ ਅੱਜ ਕੱਲ੍ਹ ਪੰਜਾਬੀ ਫਿਲਮਾਂ ਵੱਲ ਜਿ਼ਆਦਾ ਧਿਆਨ ਦੇ ਰਿਹਾ ਹੈ, ਰੰਗਮੰਚ ਵੱਲ ਘੱਟ, ਪਰ ਖੁਸ਼ੀ ਹੈ ਕਿ ਉਸ ਨੇ ਪੰਜਾਬੀ ਫਿਲਮਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ ਹੈ।
ਅੱਜ ਕੱਲ੍ਹ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਦੇ ਚਾਰ ਸੌ ਸਾਲਾ ਗੁਰਪੁਰਬ ਦੇ ਪ੍ਰੋਗਰਾਮ ਚੱਲ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਪਟਿਆਲਾ ਦਾ ਇਕ ਰੰਗਮੰਚ ਗਰੁੱਪ (ਸੁਖਨਵਰ ਰੰਗਮੰਚ ਟੋਲੀ) ਮੇਰਾ ਨਾਟਕ ‘ਹਿੰਦ ਦੀ ਚਾਦਰ’ ਨੂੰ ਲਾਈਟ ਐਂਡ ਸਾਊਂਡ ਦੀ ਵਿਧੀ ਨਾਲ ਪੇਸ਼ ਕਰਨ ਦੀ ਤਿਆਰੀ ਵਿਚ ਹੈ। ਇਸ ਦਾ ਨਿਰਦੇਸ਼ਨ ਇਕ ਪੁਰਾਣੇ ਰੰਗਕਰਮੀ ਜੋਗਾ ਸਿੰਘ ਖੀਵਾ ਕਰ ਰਹੇ ਹਨ। ਪੰਜਾਬੀ ਰੰਗ-ਮੰਚ ਦੀ ਇਕ ਉੱਘੀ ਹਸਤੀ ਨੇ ਗੁਰੂ ਤੇਗ ਬਹਾਦਰ ਜੀ ਸੰਬੰਧੀ ਨਾਟਕਾਂ ਦਾ ਸੰਗ੍ਰਹਿ ਸੰਪਾਦਿਤ ਕੀਤਾ ਹੈ, ਜਿਸ ਵਿਚ ਮੇਰਾ ਨਾਟਕ ‘ਹਿੰਦ ਦੀ ਚਾਦਰ’ ਵੀ ਸ਼ਾਮਲ ਹੈ (ਭਾਵੇਂ ਇਸ ਲਈ ਮੇਰੀ ਇਜਾਜ਼ਤ ਨਹੀਂ ਸੀ ਲਈ ਗਈ)।
ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜਾ ਨਾਟਕ ਮੈਂ 24-25 ਸਾਲ ਦੀ ਉਮਰ ਵਿਚ ਲਿਖਿਆ ਸੀ, ਉਹ ਪੰਤਾਲੀ ਸਾਲ ਬਾਅਦ ਵੀ ਕਿਸੇ ਨਾ ਕਿਸੇ ਨਿਰਦੇਸ਼ਕ ਦੀ ਨਜ਼ਰ ਚੜ੍ਹ ਜਾਂਦਾ ਹੈ। ਇਹ ਪ੍ਰਾਪਤੀ ਸਿਰਫ ਮੇਰੀ ਨਹੀਂ, ਸਗੋਂ ਮੇਰੇ ਰੰਗਕਰਮੀ ਸਾਥੀਆਂ ਦੀ ਵੀ ਹੈ, ਜੋ ਹਮੇਸ਼ਾ ਮੈਨੂੰ ਹੱਲਾਸ਼ੇਰੀ ਦਿੰਦੇ ਰਹੇ। ਪਰਿਵਾਰ ਵੱਲੋਂ ਮਿਲੇ ਸਨੇਹ, ਪਿਆਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਅਤੇ ਮੈਂ ਸਮਝਦਾ ਹਾਂ ਕਿ ਅਜਿਹੀਆਂ ਪ੍ਰਾਪਤੀਆਂ ਪਿੱਛੇ ਕਿਸੇ ਅਦਿੱਖ ਸ਼ਕਤੀ ਦਾ ਹੱਥ ਵੀ ਜ਼ਰੂਰ ਹੁੰਦਾ ਹੈ।