‘ਗੋਲਡਨ ਗੋਲ’ ਵਾਲਾ ਬਲਬੀਰ ਸਿੰਘ

ਪ੍ਰਿੰ. ਸਰਵਣ ਸਿੰਘ
ਦੁਨੀਆਂ ਭਰ ਦੇ ਹਾਕੀ ਮੈਦਾਨਾਂ ਵਿਚ ਵੀਹ ਵਰ੍ਹੇ ‘ਬਲਬੀਰ-ਬਲਬੀਰ’ ਹੁੰਦੀ ਰਹੀ ਸੀ। ਉਦੋਂ ਹਾਕੀ ਖੇਡਣ ਵਾਲੇ ਕਈ ਬਲਬੀਰ ਸਨ। ਪੰਜ ਬਲਬੀਰ ਭਾਰਤੀ ਹਾਕੀ ਟੀਮਾਂ ਦੇ ਮੈਂਬਰ ਬਣੇ। ਤਿੰਨ ਬਲਬੀਰ ਬੈਂਕਾਕ-66 ਦੀਆਂ ਏਸਿ਼ਆਈ ਖੇਡਾਂ ਤੇ ਮੈਕਸੀਕੋ-68 ਦੀਆਂ ਓਲੰਪਿਕ ਖੇਡਾਂ `ਚ ਭਾਰਤੀ ਹਾਕੀ ਟੀਮਾਂ ਵਿਚ `ਕੱਠੇ ਖੇਡੇ। ਪੁਲਿਸ ਵਾਲਾ ਬਲਬੀਰ, ਰੇਲਵੇ ਵਾਲਾ ਬਲਬੀਰ ਤੇ ਫੌਜ ਵਾਲਾ ਬਲਬੀਰ। ਬਾਲ ਬਲਬੀਰਾਂ ਵਿਚਕਾਰ ਘੁੰਮਦੀ ਤਾਂ ਕੁਮੈਂਟੇਟਰ ਜਸਦੇਵ ਸਿੰਘ ਬਲਬੀਰ-ਬਲਬੀਰ ਕਰੀ ਜਾਂਦਾ। `ਕੇਰਾਂ ਨੌਂ ਬਲਬੀਰ ਦਿੱਲੀ ਦਾ ਨਹਿਰੂ ਹਾਕੀ ਟੂਰਨਾਮੈਂਟ ਖੇਡੇ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਟੀਮਾਂ ਵਿਚ ਹਾਕੀ ਖੇਡਣ ਵਾਲੇ ਬਲਬੀਰਾਂ ਦਾ ਤਾਂ ਕੋਈ ਲੇਖਾ ਹੀ ਨਹੀਂ! ਗੱਲ ਕਰਦੇ ਹਾਂ ਗੋਲਡਨ ਗੋਲ ਤੇ ਗੋਲਡਨ ਹੈਟ ਟ੍ਰਿਕ ਵਾਲੇ ਬਲਬੀਰ ਸਿੰਘ ਦੀ।

‘ਗੋਲਡਨ ਹੈਟ ਟ੍ਰਿਕ’ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਸਵੈ-ਜੀਵਨੀ ਹੈ। ਉਹ ਖੇਡ ਪੱਤਰਕਾਰ ਸੈਮੁਅਲ ਬੈਨਰਜੀ ਨੇ ਅੰਗਰੇਜ਼ੀ ਵਿਚ ਲਿਖੀ ਸੀ, ਜੋ ਵਿਕਾਸ ਪਬਲਿਸਿ਼ੰਗ ਹਾਊਸ ਦਿੱਲੀ ਨੇ 1977 ਵਿਚ ਪ੍ਰਕਾਸਿ਼ਤ ਕੀਤੀ। ਉਸ ਦਾ ਪੂਰਾ ਨਾਂ ‘ਗੋਲਡਨ ਹੈਟ ਟ੍ਰਿਕ: ਮਾਈ ਹਾਕੀ ਡੇਅਜ਼, ਐਜ਼ ਟੋਲਡ ਟੂ ਸੈਮੂਅਲ ਬੈਨਰਜੀ’ ਹੈ। ਇੰਜ ਸਮਝ ਲਓ, ਜਿਵੇਂ ਮਿਲਖਾ ਸਿੰਘ ਦੀ ਸਵੈ-ਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਐਜ਼ ਟੋਲਡ ਟੂ ਪਾਸ਼ ਹੈ, ਜੋ ਲਗਭਗ ਉਸੇ ਸਮੇਂ ਛਪੀ। ਉਸ ਤੋਂ ਪਹਿਲਾਂ ਬਲਬੀਰ ਸਿੰਘ ਤੇ ਮਿਲਖਾ ਸਿੰਘ ਵਿਚਕਾਰ ਪੰਜਾਬ ਖੇਡ ਵਿਭਾਗ ਦਾ ਡਾਇਰੈਕਟਰ ਬਣਨ ਲਈ ਕੇਸ ਹਾਈ ਕੋਰਟ ਵਿਚ ਚੱਲਿਆ ਸੀ, ਜਿਸ ਦਾ ਫੈਸਲਾ ਬਲਬੀਰ ਸਿੰਘ ਦੇ ਹੱਕ ਵਿਚ ਹੋਇਆ ਸੀ।
ਬਲਬੀਰ ਸਿੰਘ ਨੇ ਇਕ ਕਿਤਾਬ ਹਾਕੀ ਦੀ ਕੋਚਿੰਗ ਬਾਰੇ ਵੀ ਲਿਖੀ, ਜਿਸ ਦਾ ਨਾਂ ਹੈ ‘ਗੋਲਡਨ ਯਾਰਡਸਟਿੱਕ: ਇਨ ਕੁਇਸਟ ਆਫ ਹਾਕੀ ਐਕਸੇਲੈਂਸ’ ਜੋ 2008 ਵਿਚ ਪ੍ਰਕਾਸਿ਼ਤ ਹੋਈ। ਉਸ ਦਾ ਸਬ ਹੈਡਿੰਗ ‘ਟੈੱਸਟਸ ਫਾਰ ਅਸੈੱਸਮੈਂਟ ਐਂਡ ਡਿਵੈਲਪਮੈਂਟ ਆਫ ਗੇਮ ਸਕਿੱਲਜ਼’ ਹੈ। ਉਹ ਪੁਸਤਕ ਉਸ ਦੇ ਬਤੌਰ ਖਿਡਾਰੀ, ਕੋਚ, ਮੈਨੇਜਰ ਤੇ ਖੇਡ ਡਾਇਰੈਕਟਰ ਹੋਣ ਦੇ ਤਜਰਬਿਆਂ ਦਾ ਨਿਚੋੜ ਹੈ। ਖਿਡਾਰੀ ਉਸ ਪੁਸਤਕ ਤੋਂ ਬਹੁਤ ਕੁਝ ਸਿੱਖ ਸਕਦੇ ਹਨ ਤੇ ਹਾਕੀ ਵਿਚ ਐਕਸੇਲੈਂਸ ਹਾਸਲ ਕਰ ਸਕਦੇ ਹਨ। ਉਹ ਪੁਸਤਕ ਇਕ ਤਰ੍ਹਾਂ ਦਾ ਟ੍ਰੇਨਿੰਗ ਮੈਨੂਅਲ ਹੈ। ਉਸ ਦਾ ਮੁੱਖ ਬੰਦ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਜੈਕਸ ਰੌਗੀ ਨੇ ਲਿਖਿਆ ਅਤੇ ਭੂਮਿਕਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਨੇ ਬੰਨ੍ਹੀ। ਉਹ ਪੁਸਤਕ ਬਲਬੀਰ ਸਿੰਘ ਨੇ ਆਪਣੇ ਸਵਰਗੀ ਮਾਪਿਆਂ ਦਲੀਪ ਸਿੰਘ ਤੇ ਕਰਮ ਕੌਰ ਨੂੰ ਭੇਟ ਕੀਤੀ।
‘ਗੋਲਡਨ ਯਾਰਡਸਟਿਕ’ ਪੁਸਤਕ ਪਹਿਲੀ ਵਾਰ ਦਿੱਲੀ ਦੇ ਫੀਲਡ ਹਾਕੀ ਪਬਲੀਕੇਸ਼ਨਜ਼ ਨੇ ਛਾਪੀ ਸੀ। ਉਸ ਬਾਰੇ ਜੈਕਸ ਰੌਗੀ ਨੇ ਲਿਖਿਆ, “ਇਕ ਓਲੰਪੀਅਨ ਵਜੋਂ ਮੈਨੂੰ ਗੋਲਡਨ ਹੈਟ ਟ੍ਰਿਕ ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਖੁਸੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਟੀਮ ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸਨੇਹ ਪ੍ਰਗਟਾਉਂਦਿਆਂ ਹਾਕੀ ਦਾ ਸੰਦੇਸ਼ ਭਾਰਤ ਤੇ ਭਾਰਤ ਤੋਂ ਬਾਹਰ ਸਾਰੀ ਦੁਨੀਆਂ ਤਕ ਪਹੁੰਚਾਇਆ ਹੈ। ਹਾਕੀ ਦੀ ਖੇਡ ਨਾਲ ਉਸ ਦੀ ਲਗਨ ਤੇ ਖੇਡਾਂ ਦੀਆਂ ਕਦਰਾਂ-ਕੀਮਤਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼-ਵਿਦੇਸ਼ ਦੇ ਬੱਚੇ ਤੇ ਨੌਜੁਆਨ ਉਹਦੇ ਵਿਖਾਏ ਖੇਡ ਮਾਰਗ `ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ, ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਰੰਗ ਭਾਗ ਲਾਏ।”
ਅਸ਼ਵਨੀ ਕੁਮਾਰ ਨੇ ਲਿਖਿਆ ਕਿ ਮੈਂ ਬਲਬੀਰ ਸਿੰਘ ਨੂੰ ਪਹਿਲੀ ਵਾਰ 1945 ਵਿਚ ਮਿਲਿਆ ਤੇ ਫਿਰ ਮਿਲਦਾ ਹੀ ਰਿਹਾ। ਉਹ ਤੇਜ਼-ਤਰਾਰ ਸੈਂਟਰ ਫਾਰਵਰਡ ਸੀ, ਜੋ ਖੇਡ ਮੈਦਾਨ ‘ਚ ਦੀਵਾਲੀ ਦੇ ਪਟਾਕੇ ਵਾਂਗ ਚਲਦਾ ਸੀ। ਬਾਲ ਮਗਰ ਉਹਦੀ ਝਪਟ ਚੀਤੇ ਵਰਗੀ ਹੁੰਦੀ ਸੀ। ਸਿ਼ਕਵਾ ਸਿ਼ਕਾਇਤ ਉਹਦੇ ਸੁਭਾਅ ਵਿਚ ਨਹੀਂ ਸੀ। ਉਹਦੇ ਨਾਲ ਵਧੀਕੀ ਵੀ ਹੁੰਦੀ ਤਾਂ ਉਹ ਚੁੱਪ ਚਾਪ ਸਹਿ ਜਾਂਦਾ। ਉਹ ਅਨੁਸ਼ਾਸਨਬੱਧ ਖਿਡਾਰੀ ਸੀ, ਜੋ ਸਾਥੀਆਂ ਨੂੰ ਜ਼ਾਬਤੇ ਵਿਚ ਰਹਿਣ ਦੀ ਤਾਕੀਦ ਕਰਦਾ ਰਹਿੰਦਾ। ਅਸੀਂ ਦੋਵੇਂ ਪੰਜਾਬ ਪੁਲਿਸ ਵਿਚ ਸਾਂ। ਇਕ ਸਮਾਂ ਸੀ, ਜਦੋਂ ਭਾਰਤ ਦੀ ਲਗਭਗ ਸਾਰੀ ਹਾਕੀ ਟੀਮ ਪੰਜਾਬ ਪੁਲਿਸ ਦੇ ਖਿਡਾਰੀਆਂ ਨਾਲ ਲੈਸ ਹੁੰਦੀ ਸੀ। ਉਸ ਨੇ ਪੁਲਿਸ ਅਫਸਰ, ਹਾਕੀ ਖਿਡਾਰੀ, ਟੀਮ ਕੈਪਟਨ, ਕੋਚ, ਮੈਨੇਜਰ ਤੇ ਸਮਾਜ ਸੇਵਕ ਵਜੋਂ ਸ਼ਾਨਦਾਰ ਰੋਲ ਅਦਾ ਕੀਤਾ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਉਸ ਦੇ 5 ਗੋਲ ਅਜੇ ਵੀ ਓਲੰਪਿਕ ਰਿਕਾਰਡ ਹਨ। ਉਸ ਨੇ ਲੰਡਨ-1948 ਦੀਆਂ ਓਲੰਪਿਕ ਖੇਡਾਂ ‘ਚ ਦੋ ਮੈਚਾਂ ਵਿਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਕੀਤੇ ਸਨ। ਸੈਂਟਰ ਫਾਰਵਰਡ ਵਜੋਂ ਉਹਦੀ ਦਹਿਸ਼ਤ ਹੁੰਦੀ ਸੀ। ਬਾਲ ਡੀ ਵਿਚ ਪਹੁੰਚਿਆ ਨਹੀਂ ਤੇ ਗੋਲ ਹੋਇਆ ਨਹੀਂ। ‘ਗੋਲਡਨ ਯਾਰਡਸਟਿਕ’ ਪੁਸਤਕ ਹਾਕੀ ਖਿਡਾਰੀਆਂ ਲਈ ਅਨਮੋਲ ਤੋਹਫਾ ਹੈ।
‘ਗੋਲਡਨ ਯਾਰਡਸਟਿਕ’ ਪੁਸਤਕ ਦੇ ਪੰਜ ਭਾਗ ਤੇ ਵੀਹ ਅਧਿਆਏ ਹਨ। ਪਹਿਲੇ ਭਾਗ `ਚ ਪੁਸਿ਼ੰਗ, ਹਿਟਿੰਗ, ਸਕੂਪਿੰਗ, ਸਟਰੋਕਿੰਗ ਤੇ ਡਰਿਬਲਿੰਗ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਦੂਜੇ ਭਾਗ ਵਿਚ ਪਾਸਿੰਗ, ਟੈਕਲਿੰਗ, ਬੀਟਿੰਗ, ਸਕੋਰਿੰਗ ਤੇ ਰੋਲਿੰਗ ਆਦਿ ਦੇ ਗੁਰ ਦੱਸੇ ਗਏ ਹਨ। ਤੀਜੇ ਭਾਗ ਵਿਚ ਰੀਬਾਊਂਡ, ਟ੍ਰੈਪਿੰਗ, ਡਿਫਲੈਕਸ਼ਨਜ਼, ਸਲੈਪਿੰਗ, ਸਵੀਪਿੰਗ, ਡਿਊਲਜ਼ ਆਦਿ ਬਾਰੇ ਵੇਰਵਾ ਹੈ। ਚੌਥੇ ਭਾਗ ਵਿਚ ਪੋਜੈੱਸ਼ਨ, ਮੈਨੋਵਰਿੰਗ, ਬਾਲ ਕੰਟਰੋਲਿੰਗ, ਗੇਮ ਸੈਂਸ ਡਿਵੈਲਪਿੰਗ ਤੇ ਗੋਲ ਕੀਪਿੰਗ ਬਾਰੇ ਕੋਚਿੰਗ ਦਿੱਤੀ ਗਈ ਹੈ। ਪੰਜਵੇਂ ਭਾਗ ਵਿਚ ਫਿਜ਼ੀਕਲ ਫਿਟਨੈੱਸ ਤੇ ਮੈਂਟਲ ਫਿਟਨੈੱਸ ਕਾਇਮ ਰੱਖਣ ਲਈ ਕਸਰਤਾਂ ਦੱਸੀਆਂ ਗਈਆਂ ਹਨ ਅਤੇ ਯੋਗਾ ਕਰਨ ਦੀ ਮਹੱਤਤਾ ਦਰਸਾਈ ਗਈ ਹੈ। ਖਿਡਾਰੀਆਂ ਦੀ ਸਕਿੱਲ ਟੈੱਸਟ ਕਰਨ ਦੇ ਅਨੇਕਾਂ ਟੈੱਸਟਾਂ ਦਾ ਵੇਰਵਾ ਦਿੱਤਾ ਗਿਆ ਹੈ। ਪੁਸਤਕ ਸੌ ਤੋਂ ਵੱਧ ਡਾਇਗਰਾਮਾਂ ਤੇ ਇਤਿਹਾਸਕ ਤਸਵੀਰਾਂ ਨਾਲ ਗਲਾਸੀ ਪੇਪਰ ਉਤੇ ਛਾਪੀ ਗਈ ਹੈ, ਜਿਸ ਦਾ ਸਾਈਜ਼ ਰਜਿਸਟਰ ਅਕਾਰ ਦਾ ਹੈ। ਕੁਲ ਪੰਨੇ 172 ਹਨ, ਪਰ ਇਸ ਦੀ ਕੋਈ ਕੀਮਤ ਨਹੀਂ ਰੱਖੀ ਗਈ, ਕਿਉਂਕਿ ਇਹ ਹੈ ਹੀ ਬੇਸ਼ਕੀਮਤੀ। ਸੀਮਤ ਸਾਧਨ, ਪਰ ਸਖੀ ਦਿਲ ਵਾਲਾ ਬਲਬੀਰ ਸਿੰਘ ਆਪਣਾ ਉਮਰ ਭਰ ਦਾ ਤਜਰਬਾ ਇਸ ਪੁਸਤਕ ਵਿਚ ਹਾਕੀ ਖਿਡਾਰੀਆਂ ਨੂੰ ਮੁਫਤ ਭੇਟ ਕਰ ਗਿਆ!
ਬਲਬੀਰ ਸਿੰਘ ਦੀ ਰੀਝ ਸੀ ਕਿ ਕੋਈ ਲੇਖਕ ਉਹਦੀ ਜੀਵਨੀ ਪੰਜਾਬੀ ਵਿਚ ਲਿਖੇ, ਜੋ ਆਖਰ ਲਿਖੀ ਵੀ ਗਈ। ਮੈਂ ਉਸ ਦਾ ਨਾਂ ਗੋਲਡਨ ਹੈਟ ਟ੍ਰਿਕ ਤੇ ਗੋਲਡਨ ਯਾਰਡਸਟਿੱਕ ਵਰਗਾ ਹੀ ‘ਗੋਲਡਨ ਗੋਲ’ ਰੱਖਿਆ, ਜੋ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ 2015 ਵਿਚ ਪ੍ਰਕਾਸਿ਼ਤ ਕੀਤੀ। ਬਲਬੀਰ ਸਿੰਘ ਹਾਕੀ ਦਾ ਯੁੱਗ ਪੁਰਸ਼ ਸੀ। ਉਸ ਨੂੰ ‘ਗੋਲ ਕਿੰਗ’ ਕਿਹਾ ਜਾਂਦਾ ਸੀ। ਉਸ ਦੇ ਗੋਲਾਂ ਦਾ ਓਲੰਪਿਕ ਰਿਕਾਰਡ ਅਜੇ ਤਕ ਕਾਇਮ ਹੈ। ਲੰਡਨ ਓਲੰਪਿਕ-2012 ਵਿਚ ਉਹ ‘ਆਇਕੌਨਿਕ ਓਲੰਪੀਅਨ’ ਐਲਾਨਿਆ ਗਿਆ। ਮੈਂ ਉਸ ਨੂੰ ਪਹਿਲੀ ਵਾਰ 1962 ਵਿਚ ਮਿਲਿਆ ਸਾਂ। ਉਹ ਲੱਡਾ ਕੋਠੀ ਕੈਂਪ ਵਿਚ ਆਇਆ ਸੀ, ਜਿਥੇ ਪੰਜਾਬ ਯੂਨੀਵਰਸਿਟੀ ਦਾ ਹਾਕੀ ਤੇ ਅਥਲੈਟਿਕਸ ਦਾ ਕੋਚਿੰਗ ਕੈਂਪ ਲੱਗਾ ਹੋਇਆ ਸੀ। ਉਸ ਪਿੱਛੋਂ ਮੈਨੂੰ ਅਨੇਕਾਂ ਵਾਰ ਉਹਨੂੰ ਮਿਲਣ ਦੇ ਮੌਕੇ ਮਿਲੇ। ਉਹ ਢੁੱਡੀਕੇ ਵੀ ਆਇਆ। ਮੇਰੇ ਵੱਲੋਂ ਉਹਦੀ ਜੀਵਨੀ ਕਈ ਸਾਲ ਪਹਿਲਾਂ ਲਿਖੀ ਜਾਣੀ ਚਾਹੀਦੀ ਸੀ, ਪਰ ਮੈਥੋਂ ਘੌਲ ਹੁੰਦੀ ਗਈ। ਸਾਲ ਲੰਘਦੇ ਗਏ। ਇਹ ਘੌਲ ਹੋਰ ਵੀ ਹੋ ਜਾਂਦੀ, ਜੇ ਆਸਟ੍ਰੇਲੀਆ ਤੋਂ ਹਾਕੀ ਦਾ ਇਕ ਫੈਨ ਬਲਬੀਰ ਸਿੰਘ ਦੁਸਾਂਝ ਦੇ ਨਾਂ ਈਮੇਲ ਨਾ ਕਰਦਾ। ਉਸ ਵਿਚ ਉਹਨੇ ਬਲਬੀਰ ਸਿੰਘ ਦੇ ਦਸਤਖਤਾਂ ਵਾਲੀ ਫੋਟੋ ਹਾਸਲ ਕਰਨ ਦੀ ਬੇਨਤੀ ਕੀਤੀ ਸੀ।
ਮੈਲਬੌਰਨ ਤੋਂ ਭੇਜੀ ਈਮੇਲ ਬਲਬੀਰ ਸਿੰਘ ਨੂੰ ਮਿਲਣ ਦੀ ਥਾਂ ਵੈਨਕੂਵਰ ਵਸਦੇ ਪਿੰਡ ਦੁਸਾਂਝ ਕਲਾਂ ਦੇ ਬਲਬੀਰ ਸਿੰਘ ਦੁਸਾਂਝ ਨੂੰ ਮਿਲ ਗਈ, ਜੋ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਜੀਵਨ ਮੈਂਬਰ ਸੀ। ਉਥੇ ਮੈਂ ਪ੍ਰਿੰਸੀਪਲ ਰਿਹਾ ਸਾਂ। ਦੁਸਾਂਝ ਮੈਨੂੰ ਜਾਣਦਾ ਸੀ ਤੇ ਉਸ ਨੂੰ ਪਤਾ ਸੀ ਕਿ ਮੈਂ ਹਾਕੀ ਵਾਲੇ ਬਲਬੀਰ ਸਿੰਘ ਨੂੰ ਜਾਣਦਾ ਹਾਂ। ਉਸ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਬਲਬੀਰ ਸਿੰਘ ਸੀਨੀਅਰ ਨਾਲ। ਸਰਦੀਆਂ ਸ਼ੁਰੂ ਹੋ ਚੁਕੀਆਂ ਸਨ। ਪਰਵਾਸੀ ਪੰਜਾਬੀ ਵਤਨੀਂ ਪਰਤ ਰਹੇ ਸਨ। ਦੁਸਾਂਝਾਂ ਵਾਲਾ ਬਲਬੀਰ ਸਿੰਘ ਤੇ ਮੈਂ ਪੰਜਾਬ ਪਹੁੰਚ ਗਏ ਸਾਂ। 31 ਦਸੰਬਰ 2013 ਨੂੰ ਬਲਬੀਰ ਸਿੰਘ ਸੀਨੀਅਰ ਦਾ 90ਵਾਂ ਜਨਮ ਦਿਨ ਸੀ। ਦੁਸਾਂਝਾਂ ਵਾਲਾ ਬਲਬੀਰ ਸਿੰਘ, ਅਮਰਦੀਪ ਕਾਲਜ ਦਾ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਤੇ ਮੈਂ ਬਲਬੀਰ ਸਿੰਘ ਨੂੰ ਚੰਡੀਗੜ੍ਹ ਜਾ ਮਿਲੇ। ਗੱਲਾਂ-ਗੱਲਾਂ ਵਿਚ ਗੱਲ ਚੱਲ ਪਈ ਕਿ ਪੰਜਾਬੀ ਵਿਚ ਉਹਦੀ ਜੀਵਨੀ ਲਿਖਣ ਦਾ ਵਰ੍ਹਿਆਂ ਤੋਂ ਪਛੜ ਰਿਹਾ ਕਾਰਜ ਹੁਣ ਨੇਪਰੇ ਚਾੜ੍ਹਨਾ ਚਾਹੀਦੈ। ਸਤਿਬਚਨ ਕਹਿੰਦਿਆਂ ਮੈਂ ਹੋਰ ਕੰਮ ਛੱਡ ਕੇ ਬਲਬੀਰ ਸਿੰਘ ਦੀ ਜੀਵਨੀ ਲਿਖਣੀ ਸ਼ੁਰੂ ਕਰ ਦਿੱਤੀ। ਧੰਨਵਾਦੀ ਹਾਂ ਬਲਬੀਰ ਸਿੰਘ, ਉਨ੍ਹਾਂ ਦੀ ਸਪੁੱਤਰੀ ਬੀਬੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਦਾ, ਜਿਨ੍ਹਾਂ ਨੇ ਸਮੇਂ ਸਮੇਂ ਲੋੜੀਂਦੀ ਜਾਣਕਾਰੀ ਦਿੱਤੀ, ਜਿਸ ਨਾਲ ਇਹ ਜੀਵਨੀ ਸਿਰੇ ਲੱਗੀ।
ਬਲਬੀਰ ਸਿੰਘ ਨੂੰ ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤਣ ਕਰਕੇ ਹੀ ‘ਗੋਲਡਨ ਹੈਟ ਟਿੱ੍ਰਕ’ ਵਾਲਾ ਬਲਬੀਰ ਸਿੰਘ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਅਤੇ ਫਾਈਨਲ ਮੈਚਾਂ ‘ਚ ਭਾਰਤੀ ਟੀਮ ਦੇ 9 ਗੋਲਾਂ ‘ਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਖੇਡੇ ਗਏ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ‘ਚੋਂ ਉਸ ਦੇ 5 ਗੋਲ ਸਨ, ਜੋ ਓਲੰਪਿਕ ਖੇਡਾਂ ਦਾ ਰਿਕਾਰਡ ਹੈ ਤੇ ਗਿੱਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਪੰਨਿਆਂ ਉਤੇ ਦਰਜ ਹੈ। ਉਸ ਤੋਂ ਪਹਿਲਾਂ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਇੰਗਲੈਂਡ ਦੇ ਰੈਗੀ ਪ੍ਰਿਡਮੋਟ ਦਾ ਸੀ। ਉਸ ਨੇ ਲੰਡਨ-1908 ਦੀਆਂ ਓਲੰਪਿਕ ਖੇਡਾਂ ਵਿਚ ਇੰਗਲੈਂਡ ਤੇ ਆਇਰਲੈਂਡ ਦੀਆਂ ਟੀਮਾਂ ਵਿਚਾਲੇ ਹੋਏ ਫਾਈਨਲ ਮੈਚ ਵਿਚ 8 ਵਿਚੋਂ 4 ਗੋਲ ਕੀਤੇ ਸਨ। ਬਰਲਿਨ-1936 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਧਿਆਨ ਚੰਦ ਦੇ 8 ਵਿਚੋਂ 3 ਗੋਲ ਸਨ। ਉਪਰੋਕਤ ਖਿਡਾਰੀਆਂ ਨੇ ਕੁਦਰਤੀ ਘਾਹ ਵਾਲੇ ਮੈਦਾਨਾਂ ਉਤੇ ਗੋਲ ਕੀਤੇ ਸਨ। ਆਸਟ੍ਰੋ ਟਰਫ ਉਤੇ ਵਧੇਰੇ ਗੋਲ ਹੋਣ ਦੀ ਸੰਭਾਵਨਾ ਦੇ ਬਾਵਜੂਦ ਬਲਬੀਰ ਸਿੰਘ ਦਾ ਰਿਕਾਰਡ ਅੱਜ ਤਕ ਨਹੀਂ ਟੁੱਟਾ।
ਉਹ ਹਾਕੀ ਖੇਡਣ ਤੋਂ ਰਿਟਾਇਰ ਹੋਣ ਪਿੱਛੋਂ ਹਾਕੀ ਟੀਮਾਂ ਦਾ ਕੋਚ, ਮੈਨੇਜਰ ਤੇ ਪੰਜਾਬ ਦਾ ਸਪੋਰਟਸ ਡਾਇਰੈਕਟਰ ਰਿਹਾ। ਉਸ ਨੇ ਓਲੰਪਿਕ ਖੇਡਾਂ ਦੇ ਤਿੰਨ ਸੋਨ ਤਮਗੇ ਤੇ ਏਸਿ਼ਆਈ ਖੇਡਾਂ ‘ਚੋਂ ਚਾਂਦੀ ਦਾ ਤਮਗਾ ਜਿੱਤਣ ਨਾਲ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਦੋ ਸੋਨ ਤਮਗੇ, ਤਿੰਨ ਚਾਂਦੀ ਦੇ ਤਮਗੇ ਤੇ ਦੋ ਤਾਂਬੇ ਦੇ ਤਮਗੇ ਵੀ ਭਾਰਤ ਨੂੰ ਜਿਤਾਏ। ਭਾਰਤ ਨੇ ਵਿਸ਼ਵ ਹਾਕੀ ਕੱਪ ਸਿਰਫ ਇਕੋ ਵਾਰ ਜਿੱਤਿਆ, ਉਹ ਵੀ ਉਦੋਂ, ਜਦੋਂ ਉਹ ਭਾਰਤੀ ਟੀਮ ਦਾ ਚੀਫ ਕੋਚ/ਮੈਨੇਜਰ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਲੈ ਕੇ ਓਲੰਪਿਕ ਤੇ ਏਸ਼ੀਅਨ ਖੇਡਾਂ ਵਿਚ ਭਾਰਤੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਹੈਲਸਿੰਕੀ-1952 ਤੇ ਮੈਲਬੌਰਨ-1956 ਦੀਆਂ ਓਲੰਪਿਕ ਖੇਡਾਂ ਵਿਚ ਮਾਰਚ ਪਾਸਟ ਸਮੇਂ ਭਾਰਤੀ ਦਲ ਦਾ ਝੰਡਾਬਰਦਾਰ ਬਣਿਆ। 1954 ਵਿਚ ਸਿੰਘਾਪੁਰ ਮਲਾਇਆ ਟੂਰ ਦੇ 16 ਮੈਚਾਂ ਵਿਚ ਭਾਰਤੀ ਟੀਮ ਦੇ 121 ਗੋਲਾਂ ਵਿਚੋਂ ਉਸ ਨੇ 83 ਗੋਲ ਕੀਤੇ ਸਨ। 1955 ਵਿਚ ਨਿਊਜ਼ੀਲੈਂਡ ਦੇ ਟੂਰ ‘ਚ 37 ਮੈਚਾਂ ਵਿਚ ਭਾਰਤੀ ਟੀਮ ਦੇ 203 ਗੋਲਾਂ ਵਿਚੋਂ 141 ਗੋਲ ਬਲਬੀਰ ਸਿੰਘ ਦੀ ਹਾਕੀ ਨਾਲ ਹੋਏ। ਉਥੇ ਉਸ ਨੂੰ ‘ਗੋਲ ਕਿੰਗ’ ਦਾ ਖਿਤਾਬ ਮਿਲਿਆ।
ਉਹ 1957 ਵਿਚ ਭਾਰਤੀ ਖਿਡਾਰੀਆਂ ‘ਚੋਂ ਸਭ ਤੋਂ ਪਹਿਲਾਂ ਪਦਮਸ਼੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ ਤੇ ਦੇਸ਼ ਦਾ ਸਰਬੋਤਮ ਖਿਡਾਰੀ ਮੰਨਿਆ ਗਿਆ। 1982 ਦੀਆਂ ਏਸਿ਼ਆਈ ਖੇਡਾਂ ਮੌਕੇ ਖੇਡ ਪੱਤਰਕਾਰਾਂ ਨੇ ਉਸ ਨੂੰ ‘ਸਪੋਰਟਸਮੈਨ ਆਫ ਦਾ ਸੈਂਚਰੀ’ ਐਲਾਨਿਆ। ਉਸ ਨੂੰ ਦਿੱਲੀ ਏਸ਼ੀਆਡ ਦੀ ਜੋਤ ਜਗਾਉਣ ਦਾ ਮਾਣ ਮਿਲਿਆ। ਲੰਡਨ-2012 ਦੀ ਪ੍ਰਦਰਸ਼ਨੀ ਵਿਚ ਓਲੰਪਿਕ ਖੇਡਾਂ ਦੇ ਇਤਿਹਾਸ ‘ਚੋਂ ਜਿਹੜੇ 16 ਖਿਡਾਰੀ ‘ਆਇਕੌਨਿਕ ਓਲੰਪੀਅਨ’ ਚੁਣੇ ਗਏ, ਬਲਬੀਰ ਸਿੰਘ ਉਨ੍ਹਾਂ ਵਿਚੋਂ ਇਕ ਸੀ। ਹਾਕੀ ਦਾ ਸਿਰਫ ਉਹੀ ਇਕੋ ਇਕ ਖਿਡਾਰੀ ਸੀ, ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਪੁਰਸ਼ ਹਨ ਤੇ 8 ਔਰਤਾਂ। ਉਨ੍ਹਾਂ ਵਿਚ ਏਸ਼ੀਆ ਦੇ ਸਿਰਫ ਦੋ ਤੇ ਭਾਰਤੀ ਉਪ ਮਹਾਦੀਪ ਦਾ ਇਕੱਲਾ ਬਲਬੀਰ ਸਿੰਘ ਹੀ ਹੈ।
ਉਹ ਲਿਖਣ/ਬੋਲਣ ਲੱਗਾ ਅਕਸਰ ਆਖਦਾ, “ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਖੇਡ ਸਾਥੀਆਂ ਤੇ ਸ਼ੁਭਚਿੰਤਕਾਂ ਕਰਕੇ ਹਾਂ। ਮੇਰੇ ਗੋਲ ਤੇ ਮੇਰੀਆਂ ਜਿੱਤਾਂ, ਮੇਰੀ ਟੀਮ ਤੇ ਮੇਰੇ ਸਾਥੀਆਂ ਦੀਆਂ ਜਿੱਤਾਂ ਹਨ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਹਾਕੀ ਮੈਨੂੰ ਇਕ ਪਰੀ ਵਾਂਗ ਮਿਲੀ। ਮੈਂ ਉਸ ਨਾਲ ਖੇਡਿਆ, ਪਿਆਰ ਪਾਇਆ, ਉਸ ਦੀ ਇੱਜ਼ਤ ਕੀਤੀ ਤੇ ਪੂਜਾ ਕਰਨ ਤਕ ਗਿਆ। ਉਹ ਮੇਰੇ ਲਈ ਦੇਵੀ ਬਣ ਗਈ। ਲੰਡਨ ਵਿਚ ਸਾਡੇ ਪਿਆਰ ਨੂੰ ਰੰਗ ਭਾਗ ਲੱਗੇ। ਹੈਲਸਿੰਕੀ `ਚ ਸਾਡਾ ਵਿਆਹ ਹੋਇਆ ਤੇ ਮੈਲਬੌਰਨ ਵਿਚ ਹਨੀਮੂਨ ਮਨਾਇਆ ਗਿਆ। ਉਹ ਰੁੱਸਦੀ ਵੀ ਰਹੀ ਤੇ ਮੰਨਦੀ ਵੀ ਰਹੀ। ਨਾ ਉਹਨੇ ਸਾਥ ਛੱਡਿਆ, ਨਾ ਮੈਂ। ਮੇਰੀ ਇਕ ਪਤਨੀ ਸੁਸ਼ੀਲ ਸੀ, ਦੂਜੀ ਉਹ। ਉਹ ਕੋਈ ਹੋਰ ਨਹੀਂ, ਮੇਰੀ ਪਿਆਰੀ ਹਾਕੀ ਹੈ!”
ਬਲਬੀਰ ਸਿੰਘ ਨੇ 1985 ਵਿਚ ਆਪਣੀਆਂ ਖੇਡ ਨਿਸ਼ਾਨੀਆਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅਜਾਇਬ ਘਰ ਲਈ ਦੇ ਦਿੱਤੀਆਂ ਸਨ। ਉਨ੍ਹਾਂ ਵਿਚ ਦੋ ਦਰਜਨ ਤੋਂ ਵੱਧ ਮੈਡਲ, ਮੋਮੈਂਟੋ, ਬਲੇਜ਼ਰ ਤੇ ਅਹਿਮ ਸ਼ਖਸੀਅਤਾਂ ਨਾਲ ਨਾਯਾਬ ਤਸਵੀਰਾਂ ਸਨ। ਉਹ ਸਾਈ ਦੇ ਸੈਕਟਰੀ ਏ. ਐਸ. ਤਲਵਾਰ ਨੇ ਵਸੂਲ ਕੀਤੀਆਂ ਸਨ, ਜਿਨ੍ਹਾਂ ਨੂੰ ਵਸੂਲ ਕਰਨ ਦੀ ਫੋਟੋ ਦਾ ਸਬੂਤ ਬਲਬੀਰ ਸਿੰਘ ਦੇ ਪਰਿਵਾਰ ਪਾਸ ਮੌਜੂਦ ਹੈ। ਬਲਬੀਰ ਸਿੰਘ ਦੀਆਂ ਅਨਮੋਲ ਖੇਡ ਨਿਸ਼ਾਨੀਆਂ ਪਤਾ ਨਹੀਂ ਕਿਉਂ ਗਾਇਬ ਕਰ ਦਿੱਤੀਆਂ ਹਨ, ਜੋ ਹੁਣ ਲੱਭ ਨਹੀਂ ਰਹੀਆਂ।
‘ਗੋਲਡਨ ਗੋਲ’ ਦੇ ਪਹਿਲੇ ਪੰਨੇ `ਤੇ ਬਲਬੀਰ ਸਿੰਘ ਨੇ ਲਿਖਿਆ: 92 ਸਾਲ ਦੀ ਉਮਰ ਵਿਚ ਮੈਂ ਪਿੱਛਲਝਾਤ ਮਾਰਦਾ ਹਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦਾ ਹੈ। ਮੇਰਾ ਉਥੇ ਜਨਮ ਹੋਇਆ ਤਾਂ ਕਿਸੇ ਦੇ ਖਾਬ ਖਿਆਲ ਵਿਚ ਨਹੀਂ ਹੋਣਾ ਕਿ ਹਾਕੀ ਮੇਰਾ ਪਹਿਲਾ ਪਿਆਰ ਹੋਵੇਗੀ ਤੇ ਮੈਂ ਉਸ ਦਾ ਦੀਵਾਨਾ ਹੋ ਜਾਵਾਂਗਾ। ਮੈਂ ਪਿੰਡ ਦੇ ਨਿਆਣੇ ਖਿੱਦੋ-ਖੂੰਡੀ ਖੇਡਦੇ ਦੇਖੇ। ਲੀਰਾਂ ਦੀਆਂ ਮੜ੍ਹੀਆਂ ਖਿੱਦੋਆਂ ਹੁੰਦੀਆਂ ਤੇ ਰੁੱਖਾਂ ਤੋਂ ਵੱਢੀਆਂ ਖੂੰਡੀਆਂ। ਪੰਜ ਕੁ ਸਾਲ ਦਾ ਸਾਂ, ਜਦੋਂ ਮੈਨੂੰ ਮੋਗੇ ਲਿਜਾਇਆ ਗਿਆ। ਉਥੇ ਮੇਰੇ ਪਿਤਾ ਜੀ ਅਧਿਆਪਕ ਸਨ। ਸਕੂਲ ਦੇ ਨਾਲ ਹੀ ਬਚਨ ਸਿੰਘ ਦਾ ਹਾਤਾ ਸੀ, ਜਿਥੇ ਅਸੀਂ ਰਹਿੰਦੇ ਸਾਂ। ਮੈਂ ਬੂਹੇ `ਚ ਬੈਠਾ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਮੈਸਮਰਾਈਜ਼ ਕਰ ਦਿੰਦੀ ਤੇ ਮੈਨੂੰ ਸੁਰਤ ਨਾ ਰਹਿੰਦੀ ਕਿ ਮੈਂ ਧੁੱਪੇ ਬੈਠਾਂ ਜਾਂ ਛਾਂਵੇਂ? ਹਾਕੀ ਦੇਖਦਾ ਮੈਂ ਭੁੱਖ ਤੇਹ ਵੀ ਭੁੱਲ ਜਾਂਦਾ।
ਫਿਰ ਮੇਰਾ ਜਨਮ ਦਿਨ ਆਇਆ। ਮੇਰੇ ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ? ਮੈਂ ਹਾਕੀ ਦੀ ਮੰਗ ਕੀਤੀ, ਜੋ ਮੈਨੂੰ ਜਨਮ ਦਿਨ ਦੇ ਤੋਹਫੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਬਣੀ ਰਹੀ। ਮੈਂ ਤਾਂ ਪਤਾ ਨਹੀਂ ਹਾਕੀ ਨੂੰ ਕੁਝ ਦੇ ਸਕਿਆਂ ਜਾਂ ਨਹੀਂ, ਪਰ ਹਾਕੀ ਨੇ ਮੈਨੂੰ ਬਹੁਤ ਕੁਛ ਦਿੱਤਾ। ਮੈਂ ਦੇਵ ਸਮਾਜ ਸਕੂਲ ਮੋਗੇ ਦੀ ਹਾਕੀ ਟੀਮ ‘ਸੀ’ ਤੋਂ ‘ਏ’ ਟੀਮ ਤਕ ਖੇਡਿਆ। ਮੋਗੇ, ਲਾਹੌਰ ਤੇ ਅੰਮ੍ਰਿਤਸਰ ਦੇ ਕਾਲਜਾਂ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀਆਂ ਹਾਕੀ ਟੀਮਾਂ ਵਿਚ ਖੇਡਦਾ, ਪੰਜਾਬ ਪੁਲਿਸ, ਪੰਜਾਬ ਸਟੇਟ ਤੇ ਫਿਰ ਇੰਡੀਆ ਦੀਆਂ ਟੀਮਾਂ ਵਿਚ ਖੇਡਣ ਲੱਗਾ। ਅਨੇਕਾਂ ਕੱਪ ਜਿੱਤੇ, ਟਰਾਫੀਆਂ ਜਿੱਤੀਆਂ ਤੇ ਦਰਜਨਾਂ ਮੈਡਲ, ਜਿਨ੍ਹਾਂ ਵਿਚ ਤਿੰਨ ਤਾਂ ਓਲੰਪਿਕ ਗੋਲਡ ਮੈਡਲ ਹੀ ਹਨ। ਟੀਮਾਂ ਦਾ ਕਪਤਾਨ, ਕੋਚ ਤੇ ਮੈਨੇਜਰ ਬਣ ਕੇ ਵੀ ਬੜੇ ਮੈਡਲ ਜਿੱਤੇ-ਜਿਤਾਏ। ਮੋਗੇ ਦੇ ਨਿੱਕੇ ਜਿਹੇ ‘ਬੀਰ੍ਹੇ’ ਨੂੰ ਹਾਕੀ ਨੇ ਸੱਤਵੇਂ ਅਕਾਸ਼ ਉਤੇ ਚੜ੍ਹਾ ਦਿੱਤਾ!
ਮੈਂ ਕਈ ਵਾਰ ਸੋਚਦਾਂ, ਇਹ ਕ੍ਰਿਸ਼ਮਾ ਕਿਵੇਂ ਹੋਇਆ? ਮੈਂ ਗੋਲਚੀ ਤੋਂ ਸੈਂਟਰ ਫਾਰਵਰਡ ਕਿਵੇਂ ਬਣ ਗਿਆ? ਮੈਨੂੰ ‘ਗੋਲ ਕਿੰਗ’ ਕਿਉਂ ਕਿਹਾ ਜਾਣ ਲੱਗਾ? ਹੈਰਾਨ ਹਾਂ ਕਿ ਹੈਲਸਿੰਕੀ ਓਲੰਪਿਕ ਦੇ ਹਾਕੀ ਫਾਈਨਲ ਵਿਚ ਮੈਂ ਪੰਜ ਗੋਲ ਕਿਵੇਂ ਕਰ ਗਿਆ? ਅਜਿਹਾ ਓਲੰਪਿਕ ਰਿਕਾਰਡ, ਜੋ ਛੇ ਦਹਾਕੇ ਬੀਤ ਜਾਣ `ਤੇ ਵੀ ਨਹੀਂ ਟੁੱਟ ਰਿਹਾ! ਓਲੰਪਿਕ ਖੇਡਾਂ ਦੇ ਸਫਰ ਦੀਆਂ ਸਾਰੀਆਂ ਖੇਡਾਂ ਵਿਚੋਂ ਜਿਹੜੇ 16 ਆਇਕੌਨਿਕ ਓਲੰਪੀਅਨ ਚੁਣੇ ਗਏ, ਉਨ੍ਹਾਂ ਵਿਚ ਮੈਨੂੰ ਕਿਵੇਂ ਚੁਣ ਲਿਆ ਗਿਆ? ਉਹ ਵੀ ਹਾਕੀ ਦੀ ਦੁਨੀਆਂ ਦਾ ਇਕੋ ਇਕ ਖਿਡਾਰੀ!
ਮੈਂ ਮੁੱਢੋਂ ਹੁੰਦੜਹੇਲ ਬੱਚਾ ਨਹੀਂ ਸਾਂ। ਸਕੂਲ ਵਿਚ ਹਾਕੀ ਖੇਡਣ ਲੱਗਾ ਤਾਂ ਮੈਨੂੰ ਨਿਕੱਦਾ ਸਮਝ ਕੇ ਗੋਲ ਪੋਸਟ ਵਿਚ ਖੜ੍ਹਾ ਦਿੱਤਾ ਜਾਂਦਾ। ਮੈਂ ਗੋਲ ਹੁੰਦੇ ਦੇਖ ਸਕਦਾ ਸਾਂ, ਪਰ ਗੋਲ ਕਰ ਨਹੀਂ ਸਾਂ ਸਕਦਾ। ਫਿਰ ਮੈਂ ਫੁੱਲ ਬੈਕ ਬਣਿਆ। ਜਦੋਂ ਮੈਨੂੰ ਸੈਂਟਰ ਫਾਰਵਰਡ ਬਣਨ ਦਾ ਮੌਕਾ ਮਿਲਿਆ, ਮੇਰੀ ਗੋਲ ਕਰਨ ਦੀ ਰੀਝ ਪੂਰੀ ਹੋਣ ਲੱਗੀ। ਮੈਂ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਆ ਗਿਆ, ਜਿਨ੍ਹਾਂ ਦੀ ਹੱਲਾਸ਼ੇਰੀ ਨਾਲ ਮੇਰੀ ਖੇਡ ਦਿਨੋ ਦਿਨ ਨਿਖਰਦੀ ਗਈ। ਮੇਰੀ ਹਾਕੀ ਨਾਲ ਸੈਂਕੜੇ ਗੋਲ ਹੋਏ, ਪਰ ਮੈਂ ਆਪਣੇ ਪਿਤਾ ਜੀ ਦੀ ਸਿੱਖਿਆ ਸਦਕਾ ਕਦੇ ਹਲੀਮੀ ਦਾ ਪੱਲਾ ਨਹੀਂ ਛੱਡਿਆ। ਸਿਆਣੇ ਸੱਚ ਕਹਿੰਦੇ ਹਨ ਕਿ ਫਲ ਨੀਵਿਆਂ ਰੁੱਖਾਂ ਨੂੰ ਹੀ ਲੱਗਦੇ ਹਨ। ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ।
ਕਦੇ ਮੈਂ ਸੋਚਦਾ ਹਾਂ, ਹਾਕੀ ਦਾ ਮੈਨੂੰ ਨਸ਼ਾ ਤਾਂ ਨਹੀਂ ਚੜ੍ਹ ਗਿਆ ਹੋਇਆ? ਕਿਤੇ ਮੈਂ ਹਾਕੀ ਦਾ ਅਡਿਕਟ ਤਾਂ ਨਹੀਂ ਹੋ ਗਿਆ? ਮੈਨੂੰ ਹਰ ਵੇਲੇ ਹਾਕੀ ਦੇ ਸੁਫਨੇ ਕਿਉਂ ਆਉਂਦੇ ਹਨ? ਹਾਕੀ ਖੇਡਣੀ ਛੱਡਣ ਪਿੱਛੋਂ ਵੀ ਕਿਉਂ ਹਾਕੀ ਨਾਲ ਜੁੜਿਆ ਹੋਇਆਂ? ਹਾਕੀ ਮੇਰੇ ਬੁੱਢੇਵਾਰੇ ਵੀ ਕਿਉਂ ਸਿਰ੍ਹਾਣੇ ਪਈ ਹੈ? ਭਾਰਤੀ ਹਾਕੀ ਟੀਮ ਮੈਚ ਜਿੱਤੇ ਤਾਂ ਮੇਰਾ ਦਿਲ ਬਾਗੋਬਾਗ ਹੋ ਜਾਂਦੈ। ਹਾਰ ਜਾਵੇ ਤਾਂ ਮੈਨੂੰ ਪ੍ਰੇਸ਼ਾਨੀ ਹੁੰਦੀ ਹੈ। ਮੈਂ ਹਾਕੀ ਦੀ ਕੋਚਿੰਗ ਬਾਰੇ ਆਪਣੇ ਤਜਰਬੇ ਨਾਲ ਕਿਤਾਬ ਲਿਖੀ ਹੈ ਤੇ ਚਾਹੁੰਦਾ ਹਾਂ ਕਿ ਭਾਰਤੀ ਹਾਕੀ ਆਪਣੇ ਗੋਲਡਨ ਪੀਰੀਅਡ ਨੂੰ ਦੁਹਰਾਵੇ। ਭਾਰਤੀ ਟੀਮ ਮੁੜ ਓਲੰਪਿਕ ਚੈਂਪੀਅਨ ਬਣੇ ਤੇ ਵਰਲਡ ਕੱਪ ਜਿੱਤੇ। ਮੈਂ ਜਿੰਨੇ ਜੋਗਾ ਹਾਂ, ਯਥਾਯੋਗ ਹਿੱਸਾ ਪਾਉਣ ਦਾ ਯਤਨ ਕਰ ਰਿਹਾਂ।
ਮੈਂ ਸਮਝਦਾ ਹਾਂ ਮੇਰੇ ‘ਤੇ ਰੱਬ ਦੀ ਰਹਿਮਤ ਹੈ, ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇੱਜ਼ਤ ਕਰਨੀ ਸਿਖਾਈ। ਮੈਨੂੰ ਅਨੁਸ਼ਾਸਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਕੋਚ ਸਾਹਿਬਾਨ, ਟੀਮ ਸਾਥੀਆਂ, ਦੋਸਤਾਂ-ਮਿੱਤਰਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੈਂ ਉਨ੍ਹਾਂ ਸਭਨਾਂ ਦਾ ਰਿਣੀ ਹਾਂ, ਜਿਨ੍ਹਾਂ ਨੇ ਮੈਨੂੰ ਸਿੱਖਿਆ ਦਿੱਤੀ ਤੇ ਮੇਰੇ ਸ਼ੁਭਚਿੰਤਕ ਬਣੇ ਰਹੇ। ਮੈਂ ਆਪਣੀ ਪਤਨੀ ਸੁਸ਼ੀਲ ਦੇ ਸਹਿਯੋਗ ਬਿਨਾ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਤਾਂ ਕੀ, ਪੁਲਿਸ ਖੇਡਾਂ ਦੇ ਮੈਡਲ ਵੀ ਨਹੀਂ ਸੀ ਜਿੱਤ ਸਕਦਾ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹੀ ਹਨ। ਮੈਂ ਅਕਸਰ ਆਖਦਾ ਹਾਂ, ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ; ਪਰ ਸੁਸ਼ੀਲ ਨੇ ਹਾਕੀ ਨੂੰ ਸੌਕਣ ਸਮਝਣ ਦੀ ਥਾਂ ਭੈਣ ਸਮਝਿਆ। ਉਸ ਦੀ ਕੁਰਬਾਨੀ ਬੇਮਿਸਾਲ ਹੈ।
ਮੈਂ ਧੰਨਵਾਦੀ ਹਾਂ ਪ੍ਰਿੰਸੀਪਲ ਸਰਵਣ ਸਿੰਘ ਜੀ ਦਾ, ਜਿਨ੍ਹਾਂ ਨੇ ਮੇਰੇ ਜੀਵਨ ਤੇ ਖੇਡ ਕੈਰੀਅਰ ਦੀ ਬਾਤ ਪਾ ਕੇ ਨਵੀਆਂ ਪੀੜੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਦਾ ਉਚੇਚਾ ਉਪਰਾਲਾ ਕੀਤਾ। ਮੈਨੂੰ ਯਕੀਨ ਹੈ, ਇਹ ਪੁਸਤਕ ਉਨ੍ਹਾਂ ਬੱਚਿਆਂ ਤੇ ਨੌਜੁਆਨਾਂ ਨੂੰ ਜ਼ਰੂਰ ਪ੍ਰੇਰਿਤ ਕਰੇਗੀ, ਜਿਹੜੇ ਮਿਹਨਤ ਕਰ ਕੇ ਕੁਝ ਬਣਨਾ ਚਾਹੁੰਦੇ ਹਨ। ਮੇਰਾ ਭਵਿੱਖ ਦੇ ਖਿਡਾਰੀਆਂ ਨੂੰ ਇਹੋ ਸੰਦੇਸ਼ ਹੈ ਕਿ ਸਭ ਤੋਂ ਉਪਰਲਾ ਸਥਾਨ ਸਦਾ ਖਾਲੀ ਹੁੰਦਾ ਹੈ। ਤੁਹਾਡੀ ਮਿਹਨਤ ਤੁਹਾਨੂੰ ਸਭ ਤੋਂ ਉੱਚੇ ਸਥਾਨ ‘ਤੇ ਪੁਚਾ ਸਕਦੀ ਹੈ।
ਬਲਬੀਰ ਸਿੰਘ ਸੀਨੀਅਰ ਦਾ ਅਸਲੀ ਨਾਂ ਬਲਬੀਰ ਸਿੰਘ ਦੁਸਾਂਝ ਸੀ। ਉਹ 31 ਦਸੰਬਰ 1923 ਤੋਂ 25 ਮਈ 2020 ਤਕ 96 ਸਾਲ 4 ਮਹੀਨੇ 25 ਦਿਨ ਜੀਵਿਆ। ਪਿਛਲੇ ਸਾਲ ਉਹਦੇ ਸਸਕਾਰ ਸਮੇਂ ਪੰਜਾਬ ਸਰਕਾਰ ਵੱਲੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਐਲਾਨ ਕੀਤਾ ਸੀ ਕਿ ਮੁਹਾਲੀ ਦੇ ਆਸਟਰੋ ਟਰਫ ਹਾਕੀ ਸਟੇਡੀਅਮ ਦਾ ਨਾਂ ਓਲੰਪੀਅਨ ਬਲਬੀਰ ਸਿੰਘ ਸਟੇਡੀਅਮ ਰੱਖਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਲਿਖਿਆ ਜਾਵੇਗਾ ਕਿ ਬਲਬੀਰ ਸਿੰਘ ਦੀਆਂ ਖੇਡ ਸੇਵਾਵਾਂ ਦੀ ਕਦਰ ਕਰਦਿਆਂ ਉਸ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਆਨ ਦਿੱਤਾ ਸੀ ਕਿ ਗੁਰਸਿੱਖ ਖਿਡਾਰੀ ਬਲਬੀਰ ਸਿੰਘ ਦਾ ਚਿੱਤਰ ਸਿੱਖ ਮਿਊਜ਼ੀਅਮ ਵਿਚ ਲਾਇਆ ਜਾਵੇਗਾ। ਇਹ ਅਜੇ ਤਕ ਬਿਆਨ ਹਨ। ਬਲਬੀਰ ਸਿੰਘ ਵਰਗੇ ਖਿਡਾਰੀ ਨਿੱਤ-ਨਿੱਤ ਨਹੀਂ ਜੰਮਦੇ। ਅਜੇ ਵੀ ਮੌਕਾ ਹੈ। ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਾਲੇ ਦੱਸਣ ਕਿ ਉਹ ਆਪਣੇ ਕਥਨਾਂ ‘ਤੇ ਅਮਲ ਕਦੋਂ ਕਰਨਗੇ?