ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦਾ ਕੋਹਿਨੂਰ-ਬਖਸ਼ੀਸ਼ ਸਿੰਘ ‘ਹੀਰਾ’

ਨਿਰਮਲ ਸਿੰਘ ਧਾਰਨੀ
ਫੋਨ: 905-497-1173
ਧਿਆਨ ਨਾਲ ਦੇਖਿਆਂ ਪਤਾ ਲਗਦਾ ਹੈ ਕਿ ਪਿੰਡਾਂ ਸ਼ਹਿਰਾਂ, ਕਸਬਿਆਂ ਅਤੇ ਇਲਾਕਿਆਂ ਦੇ ਵੀ ਸੁਭਾਅ ਹੁੰਦੇ ਹਨ। ਇਹ ਸੁਭਾਅ ਅਤੇ ਵਰਤਾਰੇ ਆਮ ਲੋਕਾਂ ਉਤੇ ਅਸਰ ਪਾਉਂਦੇ ਹਨ। ਕਿਸੇ ਇਲਾਕੇ ਅਤੇ ਪਿੰਡ ਦੇ ਲੋਕ ਕੁਸ਼ਤੀਆਂ ਕਰਦੇ ਹਨ, ਕਿਸੇ ਹੋਰ ਇਲਾਕੇ ਵਾਲੇ ਬਾਕਸਿੰਗ ਕਰਦੇ ਹਨ। ਕਿਸੇ ਹੋਰ ਥਾਂ ਹਾਕੀ ਖੇਡੀ ਜਾਂਦੀ ਹੈ ਅਤੇ ਕਿਧਰੇ ਫੁਟਬਾਲ। ਇਹ ਇਲਾਕੇ ਦੇ ਚੌਗਿਰਦੇ ਦਾ ਹੀ ਅਸਰ ਹੁੰਦਾ ਹੈ। ਸ੍ਰੀ ਚਮਕੌਰ ਸਾਹਿਬ ਸਿੱਖਾਂ ਦਾ ਧਾਰਮਿਕ ਅਤੇ ਇਤਿਹਾਸਕ ਸਥਾਨ ਹੈ। ਇਸ ਅਸਥਾਨ ਉਤੇ ਵਾਪਰੀਆਂ ਘਟਨਾਵਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਅਸਰ ਪਾਇਆ ਹੈ। ਇਲਾਕੇ ਦੇ ਲੋਕਾਂ ਦੇ ਸੁਭਾਅ ਘੜਨ ਵਿਚ ਵੀ ਇਸ ਨੇ ਵੱਡਾ ਯੋਗਦਾਨ ਪਾਇਆ ਹੈ।

ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਯਾਦ ਵਿਚ ਖਾਲਸਾ ਹਾਈ ਸਕੂਲ ਚਲਦਿਆਂ ਸੌ ਤੋਂ ਉਤੇ ਵਰ੍ਹੇ ਹੋ ਗਏ ਹਨ। ਇਸ ਸਕੂਲ ਨੇ ਕੁਦਰਤ-ਉਲਾ-ਸ਼ਆਬ ਵਰਗੇ ਪ੍ਰਬੰਧਕ ਪੈਦਾ ਕੀਤੇ ਹਨ। ਮਿਲਟਰੀ ਅਤੇ ਏਅਰ ਫੋਰਸ ਅਦਾਰਿਆਂ ਨੂੰ ਕਾਬਲ ਅਫਸਰ ਦਿੱਤੇ ਹਨ। ਇੱਥੋਂ ਲਾਗੇ ਪਿੰਡ ਖੇੜੀ ਸਲਾਬਤਪੁਰ ਦੇ ਜਵਾਨਾਂ ਦੀ ਫੌਜ ਵਿਚ ਗਿਣਤੀ ਸ਼ਾਇਦ ਇੰਡੀਆ ਵਿਚੋਂ ਸਭ ਤੋਂ ਵੱਧ ਹੋਵੇ। ਇੱਥੋਂ ਚੰਗੇ ਲਿਖਾਰੀ ਵੀ ਪੈਦਾ ਹੋਏ ਅਤੇ ਚੰਗੇ ਖਿਡਾਰੀ ਵੀ। ਹੈਡਮਾਸਟਰ ਸ. ਜਗਤ ਸਿੰਘ, ਜਿਨ੍ਹਾਂ ਦਾ ਪਿੰਡ ਲਾਗੇ ਹੀ ਸੀ, ਨੇ ਖੇਡਾਂ ਵੱਲ ਬਹੁਤ ਧਿਆਨ ਦਿੱਤਾ। ਕਬੱਡੀ ਅਤੇ ਵਾਲੀਬਾਲ ਦੀਆਂ ਚੰਗੀਆਂ ਟੀਮਾਂ ਤਿਆਰ ਕੀਤੀਆਂ। 30 ਫੁੱਟ ਸਰਕਲ ਦੀ ਕਬੱਡੀ ਸ਼ਾਇਦ ਇਸੇ ਸਕੂਲ ਵਿਚ ਚਲਦੀ ਸੀ। ਗਰਾਊਂਡ ਵੀ ਹੈਡਮਾਸਟਰ ਦੇ ਦਫਤਰ ਦੇ ਲਾਗੇ ਹੀ ਸੀ। ਮਿਹਨਤ ਸਦਕਾ ਇੱਥੋਂ ਬਿਕਰਮ ਸਿੰਘ ਮਹਿਤੋਤ, ਬਖਤੌਰ ਸਿੰਘ ਟੱਪਰੀਆਂ, ਸੀਤਲ ਸਿੰਘ ਰੌਣੀ, ਇੰਦਰਵੀਰ ਸਿੰਘ ਬਹਿਰਾਮਪੁਰ, ਪ੍ਰੇਮ ਸਿੰਘ ਸਾਂਤਪੁਰ ਅਤੇ ਗੁਰਦੇਵ ਸਿੰਘ ਸਿੱਧੂਪੁਰ ਵਰਗੇ ਖਿਡਾਰੀ ਪੈਦਾ ਹੋਏ, ਜਿਨ੍ਹਾਂ ਨੇ ਸਰਕਾਰੀ ਕਾਲਜ ਰੋਪੜ ਵਿਚ ਦਾਖਲ ਹੋ ਕੇ 1954, 1955 ਅਤੇ 1956 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਹਰਾ ਕੇ ਪੰਜਾਬ ਯੂਨੀਵਰਸਿਟੀ ਦੀ ਕਬੱਡੀ ਟਰਾਫੀ ਜਿੱਤੀ। ਇਸੇ ਸਕੂਲ ਤੋਂ ਪੈਦਾ ਹੋਇਆ ਸ. ਬਖਸ਼ੀਸ਼ ਸਿੰਘ ‘ਹੀਰਾ’, ਜਿਸ ਦਾ ਪਿੰਡ ਹੈ ‘ਰੁੜਕੀ’ ਹੀਰਾਂ।
ਬਖਸ਼ੀਸ਼ ਸਿੰਘ ਦੇ ਦੋ ਵੱਡੇ ਭਰਾ ਖੇਤੀ ਕਰਦੇ ਹਨ। ਚਾਰ ਛੋਟੇ ਅਤੇ ਸਤਵਾਂ ਬਖਸ਼ੀਸ਼ ਸਿੰਘ। ਪਿਤਾ ਘਰ ਦਾ ਕੰਮ ਕਰਨ ਦੇ ਨਾਲ ਨਾਲ ਆਪਣੇ ਪੁੱਤਰਾਂ ਨੂੰ ਪੜ੍ਹਾਉਣ ਅਤੇ ਖਿਡਾਰੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਦਾ। ਉਸ ਦਾ ਛੋਟਾ ਭਰਾ, ਬਖਸ਼ੀਸ਼ ਸਿੰਘ ਦਾ ਚਾਚਾ ਪਰਤਾਪ ਸਿੰਘ ਸਰਵਿਸਜ਼ ਦੀ ਟੀਮ ਵਿਚ ਹਾਕੀ ਖੇਡਦਾ ਸੀ, ਜਿਸ ਦੇ ਨਾਂ ਉਤੇ ਹਰ ਸਾਲ ਰੁੜਕੀ ਵਿਚ ਖੇਡ ਮੇਲਾ ਹੁੰਦਾ ਸੀ। ਇਸੇ ਖੇਡ ਮੇਲੇ ਸਮੇਂ 1967 ਵਿਚ ਮੈਂ ਪਹਿਲੀ ਵਾਰੀ ਸ. ਬਖਸ਼ੀਸ਼ ਸਿੰਘ ਨੂੰ ਦੇਖਿਆ, ਜਦੋਂ ਉਹ ਸਟੇਜ ਤੋਂ ਉਠ ਕੇ ਮੈਨੂੰ ਮਿਲਣ ਆਇਆ, ਕਿਉਂਕਿ ਮੈਂ ਉਸ ਦੀ ਆਸ ਤੋਂ ਉਲਟ ਮਾੜੇ ਪਿਟ ਵਿਚ ਸਾਢੇ ਵੀਹ ਫੁੱਟ ਲੰਮੀ ਛਾਲ ਮਾਰ ਦਿੱਤੀ ਸੀ। ਮਗਰੋਂ ਮੈਂ ਬਖਸ਼ੀਸ਼ ਸਿੰਘ ਦੇ ਨਾਲ ਜਾਂ ਵਿਰੋਧ ਵਿਚ ਵਾਲੀਬਾਲ ਦੇ ਮੈਚ ਵੀ ਖੇਡੇ।
ਸ੍ਰੀ ਚਮਕੌਰ ਸਾਹਿਬ ਦੇ ਸਕੂਲੀ ਜੀਵਨ ਸਮੇਂ ਸ. ਬਖਸ਼ੀਸ਼ ਸਿੰਘ ਹੋਰੀਂ ਪੰਜੇ ਭਰਾ ਕਬੱਡੀ ਖੇਡਦੇ ਰਹੇ। ਦਸਵੀਂ ਪਾਸ ਕਰਨ ਮਗਰੋਂ ਬਖਸ਼ੀਸ਼ ਸਿੰਘ ਮਹਿੰਦਰਾ ਕਾਲਜ ਪਟਿਆਲਾ ਵਿਚ ਦਾਖਲ ਹੋ ਗਿਆ। ਜਿੱਥੇ ਚਮਕੌਰ ਸਾਹਿਬ ਇਲਾਕੇ ਦੇ ਕਬੱਡੀ ਖਿਡਾਰੀ ਕਰਨਲ ਤਰਲੋਚਨ ਸਿੰਘ ਹੋਰੀਂ ਉਸ ਨੂੰ ਲੈ ਗਏ ਸਨ। 1958 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਮਹਿੰਦਰਾ ਕਾਲਜ ਨੂੰ ਟਾਸ ਨਾਲ ਜਿੱਤਿਆ ਸੀ। ਅੱਧੇ ਸਮੇਂ ਤੱਕ ਮਹਿੰਦਰਾ ਕਾਲਜ ਦੇ ਹੱਕ ਵਿਚ 15 ਅਤੇ ਖਾਲਸਾ ਕਾਲਜ ਦਾ ਇੱਕ ਅੰਕ ਸੀ। ਬਖਸ਼ੀਸ਼ ਸਿੰਘ ਨੂੰ ਆਪਣੀ ਖੇਡ ਦਿਖਾਉਣ ਦਾ ਮੌਕਾ ਨਾ ਮਿਲਣ ਕਾਰਨ ਉਹ ਉਸੇ ਸਾਲ ਜੈਨ ਕਾਲਜ ਅੰਬਾਲਾ ਆ ਗਿਆ। ਅੰਬਾਲੇ ਆ ਕੇ ਉਹ ਹਾਕੀ ਵੀ ਖੇਡਿਆ, ਵਾਲੀਬਾਲ ਵੀ, ਅਥਲੈਟਿਕਸ ਵੀ ਕੀਤੀ ਅਤੇ ਕਬੱਡੀ ਵੀ ਖੇਡੀ। 1961 ਵਿਚ ਕਬੱਡੀ ਖੇਡਣ ਲਈ ਪੰਜਾਬ ਸਟੇਟ ਦੀ ਟੀਮ ਵਿਚ ਸ਼ਾਮਲ ਹੋ ਗਿਆ। ਇਸ ਤੋਂ ਪਿੱਛੋਂ ਕਈ ਵਾਰ ਪੰਜਾਬ ਵੱਲੋਂ ਖੇਡਣ ਦਾ ਮੌਕਾ ਮਿਲਿਆ। 1962 ਵਿਚ ਬੀ. ਏ. ਪਾਸ ਕਰਨ ਮਗਰੋਂ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਤੋਂ ਵਾਲੀਬਾਲ ਅਤੇ ਅਥਲੈਟਿਕਸ ਦਾ ਡਿਪਲੋਮਾ ਪਾਸ ਕੀਤਾ। ਜਰਨਲ ਸਪੋਰਟਸ ਇੰਸਟੀਚਿਊਟ, ਯੂਨੀਵਰਸਿਟੀ ਆਫ ਕੋਲੋਨ ਤੋਂ ਐਮ. ਐਸ. ਐਸ. ਪਾਸ ਕੀਤੀ। ਬਖਸ਼ੀਸ਼ ਸਿੰਘ ਦਾ ਵਿਆਹ ਜੱਬਲਪੁਰ ਦੇ ਆਰਮੀ ਅਫਸਰ ਦੀ ਡਾਕਟਰ ਲੜਕੀ ਨਾਲ ਹੋਇਆ, ਜੋ ਮਗਰੋਂ ਟੀਚਰ ਵੀ ਰਹੀ। ਪਰਿਵਾਰ ਵਿਚ ਦੋ ਬੇਟੇ ਅਤੇ ਦੋ ਬੇਟੀਆਂ ਹਨ। ਦੋ ਜੁਆਈ ਅਤੇ ਦੋ ਨੂੰਹਾਂ ਸਣੇ ਪਰਿਵਾਰ ਦੇ ਅੱਠ ਬੱਚੇ ਆਸਟ੍ਰੇਲੀਆ ਵਿਚ ਡਾਕਟਰ ਹਨ।
ਬਤੌਰ ਕੋਚ ਨਿਯੁਕਤੀ ਹੋ ਜਾਣ ਤੇ 1964 ਤੋਂ 1966 ਪੰਜਾਬ, 1966 ਤੋਂ ਹਰਿਆਣਾ ਵਿਚ ਕੰਮ ਕੀਤਾ। ਥੋੜ੍ਹੇ ਥੋੜ੍ਹੇ ਸਮੇਂ ਲਈ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਕੋਚਿੰਗ ਕੀਤੀ। ਭਾਰਤ ਦੇ ਨਾਰਥ ਜੋਨ ਮੁਕਾਬਲਿਆਂ ਵਿਚ ਵੱਖ ਵੱਖ ਸਮੇਂ, ਪੰਜਾਬ, ਹਿਮਾਚਲ ਅਤੇ ਰਾਜਸਥਾਨ ਵੱਲੋਂ ਕਬੱਡੀ, ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ। 1965 ਵਿਚ ਸ਼ਿਮਲਾ ਵਿਖੇ ਆਲ ਰਾਊਂਡ ਸਪੋਰਟਸਮੈਨ ਆਫ ਇੰਡੀਆ ਐਲਾਨਿਆ ਗਿਆ। 1966 ਤੋਂ ਮਗਰੋਂ ਪੰਜਾਬ ਕਬੱਡੀ ਚੈਂਪੀਅਨਸ਼ਿਪ, ਹਰਿਆਣਾ ਕਬੱਡੀ ਚੈਂਪੀਅਨਸ਼ਿਪ ਅਤੇ ਸਟੇਟ ਲੈਵਲ ਦੇ ਹੋਰ ਟੂਰਨਾਮੈਂਟਾਂ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਹਿੱਸਾ ਲਿਆ। ਸਮਾਲਖਾ ਉਦੋਂ ਪੰਜਾਬ ਅਤੇ ਹੁਣ ਹਰਿਆਣਾ ਵਿਚ ਹੋਏ ਪੰਜਾਬ ਪੰਚਾਇਤੀ ਰਾਜ ਖੇਡ ਮੇਲੇ ਵਿਚ ਬੈਸਟ ਖਿਡਾਰੀ ਐਲਾਨਿਆ ਗਿਆ।
1966 ਵਿਚ ਰੋਪੜ ਜਿਲਾ ਹੋਂਦ ਵਿਚ ਆਉਣ `ਤੇ ਹੀਰਾ ਜਿਲਾ ਕਬੱਡੀ ਐਸੋਸੀਏਸ਼ਨ ਦਾ ਜਨਰਲ ਸਕੱਤਰ ਬਣਿਆ। ਪੰਜਾਬ ਕਬੱਡੀ ਐਸੋਸੀਏਸ਼ਨ ਅਤੇ ਆਲ ਇੰਡੀਆ ਕਬੱਡੀ ਫੈਡਰੇਸ਼ਨ ਦਾ ਜੁਆਇੰਟ ਸਕੱਤਰ ਬਣਨ ਦਾ ਮੌਕਾ ਵੀ ਮਿਲਿਆ। 1972 ਵਿਚ ਜਲੰਧਰ ਵਿਚ ਆਲ ਇੰਡੀਆ ਸਰਕਲ ਸਟਾਈਲ ਕਬੱਡੀ ਦੇ ਮੈਚ ਕਰਵਾਏ, ਜਿਸ ਵਿਚ ਚਾਰ ਟੀਮਾਂ ਨੇ ਹਿੱਸਾ ਲਿਆ।
1973 ਵਿਚ ਜਰਮਨੀ ਦੇ ਸ਼ਹਿਰ ਡੁਜ਼ਲਡਰਟ ਵਿਚ ਪਾਕਿਸਤਾਨ ਨਾਲ ਹੋਏ ਮੈਚ ਦੇ ਸਮੇਂ ਭਾਰਤ ਦੀ ਕਪਤਾਨੀ ਕੀਤੀ। ਹੋਰ ਦੇਸ਼ਾਂ ਵਿਚ ਵੀ ਮੈਚ ਖੇਡੇ। ਇਰਾਨ ਵਿਚ ਕਬੱਡੀ ਟਰੇਨਿੰਗ ਸੈਮੀਨਾਰ ਆਰਗੇਨਾਈਜ਼ ਕੀਤਾ। 1970 ਵਿਚ ਆਨੰਦਪੁਰ ਸਾਹਿਬ ਵਿਖੇ ਖੇਡ ਮੇਲਾ ਸ਼ੁਰੂ ਕਰਵਾਇਆ। ਸਾਰੇ ਜਿਲਿਆਂ ਦੀਆਂ ਟੀਮਾਂ ਸ਼ਾਮਿਲ ਹੋਈਆਂ। ਦੇਵੀ ਦਿਆਲ ਵੀ ਇਹ ਮੈਚ ਰੋਪੜ ਵੱਲੋਂ ਖੇਡਿਆ ਅਤੇ ਰੋਪੜ ਹੀ ਫਸਟ ਆਇਆ।
1972-73 ਤੋਂ ਆਸਟ੍ਰੇਲੀਆ ਚਲਿਆ ਗਿਆ, ਜਿਥੇ ਸਪੋਰਟਸ ਮੈਡੀਕਲ ਸਾਇੰਸ ਦੀ ਪੜ੍ਹਾਈ ਕੀਤੀ। 1973 ਵਿਚ ਹੀ ਏਥਨਜ਼ ਵਿਖੇ ਆਸਟ੍ਰੇਲੀਆ ਵੱਲੋਂ ਖੇਡਣ ਦਾ ਮੌਕਾ ਮਿਲਿਆ। ਖੇਡ ਆਬਜ਼ਰਵਰ ਦੇ ਤੌਰ `ਤੇ ਗਰੀਸ, ਇਰਾਨ, ਹਾਲੈਂਡ, ਜਰਮਨੀ ਨਿਊਜ਼ੀਲੈਂਡ ਅਤੇ ਬ੍ਰਾਜ਼ੀਲ ਵਿਚ ਗਿਆ। ਆਸਟ੍ਰੇਲੀਆ ਵਿਚ ਬਤੌਰ ਕੋਚ ਰਾਸ਼ਟਰੀ ਟੀਮਾਂ ਨੂੰ ਟਰੇਨਿੰਗ ਦੇਣ ਦਾ ਮੌਕਾ ਵੀ ਮਿਲਿਆ।
1979 ਤੋਂ ਆਸਟ੍ਰੇਲੀਆ ਵਿਚ ਅਤੇ ਨਿਊਜ਼ੀਲੈਂਡ ਵਿਚ ਜਿੱਥੇ ਰੇਡੀਓ ਅਤੇ ਟੈਲੀਵਿਜ਼ਨ ਉਤੇ ਵਾਲੀਬਾਲ ਅਤੇ ਅਥਲੈਟਿਕਸ ਬਾਰੇ ਟਾਕ ਸ਼ੋਅ ਕੀਤੇ, ਉਥੇ ਕਬੱਡੀ ਨੂੰ ਉਤਸ਼ਾਹ ਦੇਣ ਲਈ ਵੀ ਟੀ. ਵੀ. ਅਤੇ ਰੇਡੀਓ ਰਾਹੀਂ ਯੋਗਦਾਨ ਪਾਇਆ। ਇਨ੍ਹਾਂ ਤਿੰਨਾਂ ਗੇਮਾਂ ਦੀਆਂ ਟੀਮਾਂ ਤਿਆਰ ਕਰਨ ਵਿਚ ਬਣਦਾ ਯੋਗਦਾਨ ਪਾਇਆ। ਅਟਲਾਂਟਾ ਓਲੰਪਿਕਸ ਸਮੇਂ ਨਿਊਜ਼ੀਲੈਂਡ ਦੀ ਟੀਮ ਦਾ ਆਫੀਸ਼ੀਅਲ ਕੋਚ ਬਣ ਕੇ ਹਿੱਸਾ ਲਿਆ।
ਆਸਟ੍ਰੇਲੀਆ ਵਿਚ ਰਹਿੰਦਿਆਂ ਆਪਣੀਆਂ ਯੋਗਤਾਵਾਂ ਵਧਾਉਣੀਆਂ ਜਾਰੀ ਰੱਖੀਆਂ। ਮਾਸਟਰ ਆਫ ਫਿਜ਼ਿਓਲੋਜੀ ਆਫ ਐਕਸਰਸਾਈਜ਼ ਐਂਡ ਸਪੋਰਟਸ ਸਾਇੰਸ ਯੂਨੀਵਰਸਿਟੀ ਉਦਕੌਂਬੇ (ਸਿਡਨੀ) ਤੋਂ ਪਾਸ ਕੀਤਾ। ਮਾਸਟਰ ਆਫ ਰੀਕ੍ਰੀਏਸ਼ਨ ਅਤੇ ਲਈਅਰ ਰੂ ਰਿੰਗ ਗਾਲ ਅਡਵਾਂਸ ਕਾਲਜ, ਯੂਨੀਵਰਸਿਟੀ ਲਿੰਡਫੀਲਡ ਸਿਡਨੀ ਤੋਂ ਪਾਸ ਕੀਤਾ। ਬਿਜਨਸ ਸਟੱਡੀ ਕਾਲਜ ਸਿਡਨੀ ਤੋਂ ਡਿਪਲੋਮਾ ਪਾਸ ਕੀਤਾ।
2010 ਵਿਚ ਦਿੱਲੀ ਵਿਚ ਹੋਈਆਂ ਕਾਮਨਵੈਲਥ ਖੇਡਾਂ ਸਮੇਂ ਭਾਰਤੀ ਟੀਮਾਂ ਨੂੰ ਸਪੋਰਟਸ ਇੰਜਰੀ ਟਰੀਟਮੈਂਟ ਦੀ ਸੇਵਾ ਵੀ ਨਿਭਾਈ। ਇਨ੍ਹਾਂ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੀ ਨੈੱਟਬਾਲ ਟੀਮ ਦੀਆਂ ਸਾਰੀਆਂ ਲੜਕੀਆਂ ਨੇ ਇਨ੍ਹਾਂ ਤੋਂ ਮਿਲੇ ਮਾਂ ਵਰਗੇ ਪਿਆਰ ਅਤੇ ਪਿਤਾ ਵਰਗੀ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ। ਨਿਊਜ਼ੀਲੈਂਡ ਦੇ ਡਿਊਨਡਿਨ ਮਿਲੇਨੀਅਮ ਮਾਸਟਰਜ਼ ਗੇਮਜ਼ ਸਮੇਂ ਜਦੋਂ ਇਨ੍ਹਾਂ ਦੀ ਹਾਰਟ ਸਰਜਰੀ ਹੋਈ ਸੀ, 29 ਦੇਸ਼ਾਂ ਦੇ ਲਗਭਗ 8000 ਖਿਡਾਰੀ ਹਿੱਸਾ ਲੈ ਰਹੇ ਸਨ, ਇਨ੍ਹਾਂ ਨੇ ਸ਼ਾਟਪੁੱਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਹੈਮਰ ਥਰ੍ਹੋ ਤੇ ਡਿਸਕਸ ਥਰ੍ਹੋ ਵਿਚ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹੌਲੀ ਹੌਲੀ ਬੀਮਾਰੀ ਤੋਂ ਠੀਕ ਹੋਇਆ ਅਤੇ 3 ਤੋਂ 11 ਫਰਵਰੀ 2018 ਨੂੰ ਹੋਈਆਂ ਖੇਡਾਂ ਸਮੇਂ ਗੋਲਾ ਸੁੱਟਣ, ਹੈਮਰ ਥਰ੍ਹੋ, ਜੈਵਲਿਨ ਥਰ੍ਹੋ ਅਤੇ ਡਿਸਕਸ ਥਰ੍ਹੋ ਵਿਚ ਪਹਿਲਾ ਸਥਾਨ ਹਾਸਿਲ ਕੀਤਾ; ਚਾਰ ਗੋਲਡ ਮੈਡਲ ਜਿੱਤੇ।
ਪਹਿਲੀ ਤੋਂ 9 ਫਰਵਰੀ 2020 ਨੂੰ ਹੋਈਆਂ ਮਾਸਟਰਜ਼ ਖੇਡਾਂ ਵਿਚ ਫੇਰ ਚਾਰ ਗੋਲਡ ਮੈਡਲ ਜਿੱਤੇ। ਰੱਬ ਕਰੇ 2022 `ਚ ਵੀ ਇਹ ਆਪਣੀ ਚੜ੍ਹਦੀ ਕਲਾ ਇਸੇ ਤਰ੍ਹਾਂ ਹੀ ਜਾਰੀ ਰੱਖਣ। ਇਨ੍ਹਾਂ ਦੀਆਂ ਖੇਡ ਪ੍ਰਾਪਤੀਆਂ, ਕੋਚਿੰਗ ਸੇਵਾਵਾਂ ਅਤੇ ਖੇਡ ਮੁਕਾਬਲਿਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਬਦਲੇ ਬਹੁਤ ਸਾਰੇ ਪ੍ਰਸ਼ੰਸਾ ਪੱਤਰ ਮਿਲੇ ਹਨ। ਇਨ੍ਹਾਂ ਵਿਚ ਸ਼ਾਮਲ ਹਨ: ਅਮੈਚੁਅਰ ਅਥਲੈਟਿਕ ਫੈਡਰੇਸ਼ਨ ਆਫ ਇੰਡੀਆਂ ਵੱਲੋਂ ਦਿੱਤਾ ਗਿਆ ਪੱਤਰ, ਜਿਸ ਵਿਚ ਲਿਖਿਆ ਗਿਆ ਹੈ ਕਿ ਬਖਸ਼ੀਸ਼ ਸਿੰਘ ਹੀਰਾ ਡਿਕੈਥਲਨ ਵਿਚ ਭਾਰਤ ਦਾ ਚੈਂਪੀਅਨ ਹੈ ਅਤੇ ਭਾਰਤ ਦਾ ਅਥਲੈਟਿਕਸ ਕੋਚ ਹੈ। ਉਸ ਨੇ ਭਾਰਤ ਦੀ ਡਿਕੈਥਲਨ ਅਤੇ ਪੈਨਟੈਥਲਿਨ ਟੀਮ ਨੂੰ ਕਈ ਵਾਰ ਕੋਚਿੰਗ ਦਿੱਤੀ ਹੈ। ਉਸ ਨੇ ਥਰ੍ਹੋਜ਼ ਦੇ ਖੇਤਰ ਵਿਚ ਕੋਚਿੰਗ ਦਿੱਤੀ ਹੈ। ਉਸ ਦੀ ਯੋਗ ਅਗਵਾਈ ਅਤੇ ਮਿਕਨਾਤੀਸੀ ਕੋਚਿੰਗ ਅਧੀਨ ਭਾਰਤੀ ਅਥਲੈਟਿਕ ਟੀਮ ਨੇ ਬਹੁਤ ਸਾਰੇ ਮੁਕਾਬਲਿਆਂ ਵਿਚ ਹਿੱਸਾ ਲਿਆ।
ਉਸ ਨੂੰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਵੀ ਸਨਮਾਨਿਤ ਕੀਤਾ ਗਿਆ, ਕਿਉਂਕਿ ਉਸ ਨੇ ਸਿੱਖ ਖੇਡਾਂ ਦਾ ਆਯੋਜਨ ਕਰਨ ਵਿਚ ਵੱਡਾ ਯੋਗਦਾਨ ਪਾਇਆ। ਪਾਪਾਕੁਰਾ ਅਥਲੈਟਿਕ ਕਲੱਬ ਦੇ ਕੋਚਿੰਗ ਡਾਇਰੈਕਟਰ ਨੇ ਕਲੱਬ ਵਲੋਂ ਸਨਮਾਨਿਤ ਕੀਤਾ।
ਉਹ ਆਸਟ੍ਰੇਲੀਆ ਵਿਚ ਟਰੈਕ ਐਂਡ ਫੀਲਡ ਕੋਚਜ਼ ਐਸੋਸੀਏਸ਼ਨ ਦਾ ਮੈਂਬਰ ਹੈ। ਹੁਣ ਵੀ ਉਹ ਸਮੇਂ ਸਮੇਂ ਇੰਡੀਆ ਆਉਂਦੇ ਹਨ। ਬਹੁਤ ਸਾਰੀਆਂ ਖੇਡ ਸੰਸਥਾਵਾਂ ਨਾਲ ਜੁੜੇ ਹੋਏ ਹਨ। ਹਰਿਆਣਾ ਕਬੱਡੀ ਐਸੋਸੀਏਸ਼ਨ ਦੇ ਸਲਾਹਕਾਰ ਹਨ। ਭਾਰਤ ਆ ਕੇ ਇਲਾਕੇ ਦੇ ਖੇਡ ਮੇਲਿਆਂ ਵਿਚ ਯੋਗਦਾਨ ਪਾਉਂਦੇ ਹਨ। ਸੈਮੀਨਾਰ ਕਰਵਾਉਂਦੇ ਹਨ, ਜਿਨ੍ਹਾਂ ਦਾ ਵਿਸ਼ਾ ਹੁੰਦਾ ਹੈ-ਸੱਟਾਂ ਤੋਂ ਰੋਕਥਾਮ, ਕੰਡੀਸ਼ਨਿੰਗ ਅਤੇ ਫਿਟਨੈਸ। ਉਹ 3713 ਸੈਕਟਰ-46 ਵਿਚ ਸਪੋਰਟਸ ਮੈਡੀਸਿਨ ਕਲਿਨਿਕ ਚਲਾਉਂਦੇ ਹਨ, ਜਿੱਥੇ ਬਿਨਾ ਕਿਸੇ ਖਰਚ ਤੋਂ ਇਲਾਜ ਕੀਤਾ ਜਾਂਦਾ ਹੈ। ਇਸ ਇੰਟਰਨੈਸ਼ਨਲ ਹੈਲਥ-ਸਪੋਰਟਸ ਅਕੈਡਮੀ ਦੇ ਚੇਅਰਮੈਨ ਸ. ਮਹਿਤਾਬ ਸਿੰਘ ਭੰਗੂ ਏ. ਡੀ. ਸੀ ਹਨ। ਪ੍ਰਧਾਨ ਸ. ਬਖਸ਼ੀਸ਼ ਸਿੰਘ ਆਪ ਹਨ। ਉਹ ਆਪਣੀਆਂ ਵਿੱਦਿਅਕ ਪ੍ਰਾਪਤੀਆਂ ਅਤੇ ਖੇਡ ਪ੍ਰਾਪਤੀਆਂ ਨੂੰ ਆਪਣੀ ਸਤਿਕਾਰਯੋਗ ਮਾਂ ਦੀ ਦੇਣ ਸਮਝਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਹੌਸਲੇ ਵਾਲੀ, ਇਮਾਨਦਾਰ ਅਤੇ ਹਰੇਕ ਦੇ ਕੰਮ ਆਉਣ ਵਾਲੀ ਔਰਤ ਸੀ। ਜੇ ਸਾਰੀਆਂ ਮਾਂਵਾਂ ਇਸ ਰਸਤੇ ਤੁਰ ਪੈਣ ਤਾਂ ਖੇਡਾਂ ਤਾਂ ਤਰੱਕੀ ਕਰਨਗੀਆਂ ਹੀ, ਨਸ਼ਿਆਂ ਤੋਂ ਵੀ ਪੰਜਾਬ ਦਾ ਖਹਿੜਾ ਛੁਟ ਜਾਵੇਗਾ। 10 ਫਰਵਰੀ 1941 ਨੂੰ ਜਨਮਿਆ ਬਖਸ਼ੀਸ਼ ਸਿੰਘ 82ਵੇਂ ਸਾਲ ਵਿਚ ਪਰਵੇਸ਼ ਕਰ ਗਿਆ ਹੈ। ਸ਼ਾਲਾ! ਉਹਦੀ ਲੰਮੀ ਉਮਰ ਹੋਵੇ!