ਬੈਚ ਫੁੱਲ ਹਨੀਸੱਕਲ: ਅਤੀਤ ਦਾ ਹੇਰਵਾ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਿਵੇਂ ਹਰ ਦੇਸ ਦਾ ਇਤਿਹਾਸ ਹੁੰਦਾ ਹੈ, ਉਵੇਂ ਹੀ ਹਰ ਵਿਅਕਤੀ ਦਾ ਵੀ ਆਪਣਾ ਇਕ ਇਤਿਹਾਸ ਹੁੰਦਾ ਹੈ। ਇਹ ਇਤਿਹਾਸ ਉਸ ਦੇ ਜੀਵਨ ਦੀਆਂ ਘਟਨਾਵਾਂ ਨੇ ਰਚਿਆ ਹੁੰਦਾ ਹੈ ਤੇ ਯਾਦਾਂ ਦੀ ਸ਼ਕਲ ਵਿਚ ਉਸ ਦੇ ਮਨ ਦੀਆਂ ਤਹਿਆਂ ਵਿਚ ਪਿਆ ਹੁੰਦਾ ਹੈ। ਇਹ ਸਿਰਫ ਉਸ ਦੀਆਂ ਹੱਡਬੀਤੀਆਂ ਦਾ ਸਿੱਧਾ ਸਾਦਾ ਪੰਜੀਕਰਣ ਨਹੀਂ ਹੁੰਦਾ, ਸਗੋਂ ਉਸ ਦੇ ਗਹਿਰੇ ਜੈਵਿਕ ਅਨੁਭਵਾਂ ਦਾ ਸੰਗ੍ਰਹਿ ਹੁੰਦਾ ਹੈ। ਇਹ ਉਹ ਅਦੁੱਤੀ ਅਨੁਭਵ ਹੁੰਦੇ ਹਨ, ਜੋ ਉਸ ਨੇ ਹੀ ਹੰਢਾਏ ਹੁੰਦੇ ਹਨ, ਕਿਸੇ ਹੋਰ ਨੇ ਨਹੀਂ। ਉਸ ਨੇ ਇਨ੍ਹਾਂ ਨੂੰ ਆਪਣੀ ਇਕ ਵਿਲੱਖਣ ਰੰਗਤ ਤੇ ਆਪਣੇ ਮੁੱਲ (ੜਅਲੁੲਸ) ਦਿੱਤੇ ਹੁੰਦੇ ਹਨ।

ਇਹੀ ਨਹੀਂ, ਇਨ੍ਹਾਂ ਅਨੁਭਵਾਂ ਨੇ ਹੀ ਉਸ ਦੀ ਸੋਚ ਤੇ ਮੁੱਲਾਂ ਨੂੰ ਵੀ ਸਿਰਜਿਆ ਹੁੰਦਾ ਹੈ। ਇਉਂ ਕਹੋ ਕਿ ਉਸ ਦੇ ਅਨੁਭਵ ਤੇ ਇਨ੍ਹਾਂ ਨਾਲ ਸਬੰਧਤ ਪ੍ਰਾਚੀਨ ਘਟਨਾਵਾਂ ਉਸ ਦੇ ਵਿਅਕਤੀਤਵ ਨਾਲ ਇੰਨੀਆਂ ਇੱਕ-ਮਿੱਕ ਹੋ ਗਈਆਂ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਅਰਥਾਤ ਉਸ ਨੂੰ ਆਪਣੇ ਪਿਛੋਕੜ ਨੂੰ ਕਿਤਾਬ ਵਾਂਗੂੰ ਕੱਢ ਕੇ ਪੜ੍ਹਨਾ ਤੇ ਚਿਤਾਰਨਾ ਨਹੀਂ ਪੈਂਦਾ, ਸਗੋਂ ਇਸ ਦੇ ਲੜੀਵਾਰ ਹਵਾਲੇ ਭੂਮਿਕਾ ਵਜੋਂ ਆਪ ਹੀ ਉਸ ਅੱਗੇ ਖੁਲ੍ਹਦੇ ਰਹਿੰਦੇ ਹਨ ਤੇ ਉਸ ਨੂੰ ਵਾਹ ਲਗਦੇ ਪ੍ਰਭਾਵਿਤ ਕਰਦੇ ਰਹਿੰਦੇ ਹਨ। ਇਸ ਲਈ ਸਾਧਾਰਣ ਮਨੁੱਖ ਲਈ ਉਸ ਦਾ ਅਤੀਤ ਮੁੱਖ ਤੌਰ `ਤੇ ਇਕ ਸੰਦਰਵਮਈ ਪਛਾਣ ਦਾ ਕੰਮ ਕਰਦਾ ਹੈ, ਪਰ ਇਹ ਉਸ ਦੇ ਮਨਸ਼ਿਆਂ ਦਾ ਦਿਸ਼ਾ ਨਿਰਦੇਸ਼ਨ ਨਹੀਂ ਕਰਦਾ। ਦਿਸ਼ਾ ਨਿਰਧਾਰਤ ਕਰਨ ਲਈ ਇਸ ਵਿਚ ਕਈ ਹੋਰ ਵਰਤਮਾਨ ਤੇ ਭਵਿੱਖਮੁਖੀ ਤੱਤਾਂ ਦੀ ਲੋੜ ਹੁੰਦੀ ਹੈ।
ਕਈ ਲੋਕ ਅਤੀਤ ਪ੍ਰਤੀ ਇੰਨੇ ਲਗਾਉਵਾਦੀ ਹੋ ਜਾਂਦੇ ਹਨ ਕਿ ਉਹ ਇਸ ਨਾਲ ਚੰਬੜ ਕੇ ਬੈਠ ਜਾਂਦੇ ਹਨ। ਇਹ ਅਤੀਤਜੀਵੀ ਆਪਣੇ ਉਦੇਸ਼ਾਂ ਤੇ ਭਾਵਨਾਵਾਂ ਦਾ ਮੂੰਹ ਪਿਛਾਂਹ ਵੱਲ ਖੋਲ੍ਹ ਕੇ ਰੱਖਦੇ ਹਨ। ਉਨ੍ਹਾਂ ਦੀ ਆਪਣੇ ਵਰਤਮਾਨ ਤੇ ਭਵਿੱਖ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ ਤੇ ਉਹ ਆਪਣੇ ਬੀਤ ਚੁਕੇ ਸਮੇਂ ਨੂੰ ਨਿਹਾਰਦੇ ਰਹਿੰਦੇ ਹਨ। ਉਨ੍ਹਾਂ ਨੂੰ ਆਪਣੇ ਪਿਛੋਕੜ ਨਾਲ ਇੰਨਾ ਮੋਹ ਬਣ ਜਾਂਦਾ ਹੈ ਕਿ ਇਹ ਉਨ੍ਹਾਂ ਦੇ ਅੱਗੇ ਚਲਣ ਵਿਚ ਰੁਕਾਵਟ ਬਣ ਜਾਂਦਾ ਹੈ। ਉਹ ਵਰਤਮਾਨ ਨਾਲ ਨਜਿੱਠਣ ਤੇ ਭਵਿੱਖ ਦੀ ਯੋਜਨਾ ਕਰਨ ਦੀ ਥਾਂ ਪਿਛਾਂਹ ਵਲ ਤੱਕਦੇ ਰਹਿੰਦੇ ਹਨ। ਆਪਣੇ ਜੀਵਨ ਦੀਆਂ ਲਾਹੇਵੰਦ ਘੜੀਆਂ, ਜਿਨ੍ਹਾਂ ਵਿਚ ਅਗਾਂਹ ਵਲ ਚਲਣਾ ਹੁੰਦਾ ਹੈ, ਉਹ ਅਤੀਤ ਵਲ ਝਾਕਦੇ ਬਿਤਾ ਦਿੰਦੇ ਹਨ। ਅਤੀਤ ਦੇ ਸਿੱਟਿਆਂ ਤੋਂ ਸੇਧ ਲੈ ਕੇ ਅਗਲਾ ਕਦਮ ਚੁੱਕਣਾ ਹੋਰ ਗੱਲ ਹੈ, ਪਰ ਇਹ ਲੋਕ ਤਾਂ ਪਿੱਛਲਝਾਤ ਵਿਚ ਲੀਨ ਹੋ ਕੇ ਇਸ ਤੋਂ ਬਾਹਰ ਆਉਣਾ ਹੀ ਨਹੀਂ ਚਾਹੁੰਦੇ। ਕਈ ਲੋਕ ਇਨ੍ਹਾਂ ਨੂੰ ਅੰਤਰਮੁਖੀ ਕਹਿੰਦੇ ਹਨ, ਕਈ ਸੁਪਨਸਾਜ਼, ਪਰ ਹੁੰਦੇ ਇਹ ਇਕ ਤਰ੍ਹਾਂ ਦੇ ਬੀਮਾਰ ਹੀ ਹਨ, ਜਿਨ੍ਹਾਂ ਦੀ ਸੋਚ ਦਾ ਘੁੰਡ ਅੰਦਰਵਾਰ ਮੁੜਿਆ ਹੁੰਦਾ ਹੈ। ਕੋਈ ਘੱਟ ਤੇ ਕੋਈ ਵੱਧ, ਸਮੇਂ ਦੀ ਵੰਗਾਰ ਵੇਲੇ ਇਹ ਸਾਰੇ ਹੀ ਆਪਣੀ ਸੋਚ ਦੇ ਆਕਾਸ਼ ਵਿਚ ਤਾਰੀਆਂ ਲਾਉਂਦੇ ਰਹਿੰਦੇ ਹਨ। ਪਿੱਛਲਮੁਖੀ ਸੋਚ ਦੇ ਧਾਰਨੀ ਕਿੰਨੇ ਹੀ ਇਹ ਲੋਕ ਸਾਡੇ ਇਰਦ-ਗਿਰਦ ਘੁੰਮਦੇ ਮਿਲ ਜਾਣਗੇ। ਗੱਲ ਸਿਰਫ ਇਨ੍ਹਾਂ ਨੂੰ ਪਛਾਣਨ ਦੀ ਹੈ।
ਬੀਮਾਰ ਤਾਂ ਇਹ ਹੁੰਦੇ ਹੀ ਹਨ, ਪਰ ਕੀ ਇਹ ਲੋਕ ਸ਼ਦਾਈ ਭਾਵ ਨੀਮ-ਪਾਗਲ (ੰਅਨਅਿਚ) ਹੁੰਦੇ ਹਨ ਜਾਂ ਸਿਰਫ ਆਦਤਨ ਫੁਖਰੇ, ਨਿਕੰਮੇ ਤੇ ਭੂਤਕਾਲ-ਪ੍ਰਸਤੀ? ਇਹ ਕੁਝ ਵੀ ਹੋ ਸਕਦੇ ਹਨ। ਸਾਧਾਰਨ ਪੁਰਾ-ਪ੍ਰਸ਼ੰਸਨ ਤੋਂ ਲੈ ਕੇ ਪੂਰੇ ਪਾਗਲਪਣ ਤੀਕ ਇਨ੍ਹਾਂ ਦੀਆਂ ਅਨੇਕ ਕਿਸਮਾਂ ਹੋ ਸਕਦੀਆਂ ਹਨ, ਪਰ ਇਨ੍ਹਾਂ ਸਭ ਵਿਚ ਬੀਤੇ ਕੱਲ੍ਹ ਦਾ ਮੋਹ ਇਕ ਸਾਂਝੀ ਗੱਲ ਹੈ, ਜੋ ਰਿਣਾਤਮਿਕ ਹੋਣ ਕਰਕੇ ਸਿਹਤਮੰਦੀ ਦੀ ਨਿਸ਼ਾਨੀ ਨਹੀਂ। ਕਈ ਕਹਿਣਗੇ ਕਿ ਬੀਤੇ ਕੱਲ੍ਹ ਦਾ ਮੋਹ ਤਾਂ ਚੰਗੀ ਗੱਲ ਹੈ, ਵਿਰਸੇ ਨਾਲ ਜੋੜਦਾ ਹੈ, ਫਿਰ ਇਹ ਰਿਣਾਤਮਿਕ ਕਿਵੇਂ ਹੋਇਆ? ਇਹ ਉਵੇਂ ਹੀ ਹੈ, ਜਿਵੇਂ ਸਹਿਜ ਮਾਤਰਾ ਵਿਚ ਨਮਕ ਖਾਣੇ ਨੂੰ ਸਵਾਦੀ ਬਣਾਉਂਦਾ ਹੈ ਤੇ ਵਧੀਕ ਮਾਤਰਾ ਵਿਚ ਬੇਸਵਾਦੀ। ਇਹ ਇਵੇਂ ਵੀ ਹੈ, ਜਿਵੇਂ ਕੱਲ੍ਹ ਦਾ ਖਾਧਾ ਸਵਾਦੀ ਭੋਜਨ ਸੌ ਵਾਰ ਯਾਦ ਕਰਨ ਤੇ ਗੁਣਗਾਣ ਕਰਨ `ਤੇ ਵੀ ਅੱਜ ਦੀ ਭੁੱਖ ਨਹੀਂ ਮਿਟਾ ਸਕਦਾ। ਜੀਵਨ ਦੀ ਦਿਸ਼ਾ ਅਗਾਂਹ-ਮੁਖੀ ਹੈ, ਪਰ ਇਨ੍ਹਾਂ ਲੋਕਾਂ ਦੀ ਮੱਤ ਅੰਤਰ-ਮੁਖੀ ਭਾਵ ਪਿਛਾਂਹ-ਮੁਖੀ ਹੁੰਦੀ ਹੈ। ਮਨੁੱਖੀ ਵਿਹਾਰ `ਤੇ ਭਾਰੂ ਬਣਨ ਨਾਲ ਇਸ ਸੋਚ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਇਹ ਮਨੁੱਖ ਨੂੰ ਦਿਸ਼ਾ-ਹੀਣ ਕਰਦੀ ਹੈ। ਪੂਰੀ ਤਰ੍ਹਾਂ ਵਿਅਕਤੀਗਤ ਮੁੱਲਾਂ `ਤੇ ਖੜ੍ਹੀ ਹੋਣ ਕਰ ਕੇ ਇਸ ਸੋਚ ਦਾ ਦਾਇਰਾ ਵਿਅਕਤੀ ਦੇ ਆਪਣੇ ਭੀਤਰੀ ਅਨੁਭਵਾਂ ਤੀਕ ਹੀ ਸੀਮਤ ਹੁੰਦਾ ਹੈ।
ਦੂਜੀਆਂ ਮਨੋਵਿਗਿਆਨਕ ਹਾਲਤਾਂ ਵਾਂਗ ਇਸ ਪਿਛਲੋਚਨੀ ਸੋਚ ਦਾ ਵੀ ਬੈਚ ਫੁੱਲ-ਪ੍ਰਣਾਲੀ ਤੋਂ ਬਿਨਾ ਕਿਸੇ ਮੈਡੀਕਲ ਸਿਸਟਮ ਵਿਚ ਕੋਈ ਇਲਾਜ ਨਹੀਂ ਹੈ। ਇਸ ਦੇ ਰੋਗੀਆਂ ਨੂੰ ਅੱਵਲ ਤਾਂ ਬਿਮਾਰ ਸਮਝਿਆ ਹੀ ਨਹੀਂ ਜਾਂਦਾ, ਕਿਉਂਕਿ ਭੂਤ ਕਾਲ ਨਾਲ ਖੋਏ (ੌਬਸੲਸਸੲਦ) ਰਹਿੰਦਿਆਂ ਵੀ ਉਹ ਕੋਈ ਬਹੁਤੀ ਬੇਤੁਕੀ ਜਾਂ ਬੇ-ਤਰਕੀ ਗੱਲ ਤਾਂ ਕਰਦੇ ਨਹੀਂ, ਜੋ ਦੂਜਿਆਂ ਦੇ ਸਮਝ ਵਿਚ ਨਾ ਆ ਸਕਣ। ਡਾਕਟਰ ਲੋਕ ਆਮ ਤੌਰ `ਤੇ ਉਨ੍ਹਾਂ ਨੂੰ ਖਬਤੀ ਕਹਿ ਕੇ ਸਾਰ ਦਿੰਦੇ ਹਨ ਤੇ ਉਨ੍ਹਾਂ ਦੀਆਂ ਗੱਲਾਂ ਵਲ ਬਹੁਤਾ ਧਿਆਨ ਨਹੀਂ ਦਿੰਦੇ। ਜੇ ਹਾਲਤ ਹੱਦੋਂ ਬਾਹਰ ਹੋਵੇ ਤਾਂ ਉਨ੍ਹਾਂ ਨੂੰ ਕਿਸੇ ਸਿਆਣੇ ਜਾਂ ਸਲਾਹਕਾਰ ਕੋਲ ਲਿਜਾਇਆ ਜਾਂਦਾ ਹੈ, ਜੋ ਉਸ ਨੂੰ ਆਪਣੇ ਇਲਮ ਨਾਲ ਠੀਕ ਕਰਨ ਦਾ ਭਰੋਸਾ ਦਿੰਦਾ ਹੈ। ਹਸਪਤਾਲ ਵਿਚ ਕੇਸ ਚਲਾ ਜਾਵੇ ਤਾਂ ਕਿਸੇ ਮਨੋਵਿਗਿਆਨੀ ਕੋਲ ਭੇਜ ਦਿੱਤਾ ਜਾਂਦਾ ਹੈ, ਜੋ ਆਪਣੀ ਪ੍ਰੈਕਟਿਸ ਦੇ ਹੁਨਰ ਤੇ ਮਨ ਨੂੰ ਕਾਬੂ ਕਰਨ ਵਾਲੀਆਂ ਨੀਮ ਨਸ਼ੀਲੀਆਂ ਦਵਾਈਆਂ ਨਾਲ ਉਸ ਨੂੰ ਸਹੀ ਰੱਖਣ ਦਾ ਯਤਨ ਕਰਦਾ ਹੈ; ਪਰ ਇਹ ਇਲਾਜ ਨਹੀਂ ਕਹੇ ਜਾ ਸਕਦੇ, ਸਿਰਫ ਡੰਗ-ਟਪਾਊ ਉਪਰਾਲੇ ਹੁੰਦੇ ਹਨ। ਇਨ੍ਹਾਂ ਮਰੀਜ਼ਾਂ ਨੂੰ ਅੰਤਰਮੁਖੀ ਰਟ ਵਿਚੋਂ ਬਾਹਰ ਕੱਢਣ ਦਾ ਇਕੋ ਇਕ ਰਸਤਾ ਬੈਚ ਫੁੱਲ ਦਵਾ ਹਨੀਸੱਕਲ (੍ਹੋਨਏਸੁਚਕਲੲ) ਹੈ, ਜਿਸ ਦੇ ਸੇਵਨ ਨਾਲ ਉਸ ਦੀ ਸੋਚ ਤੇ ਵਿਹਾਰ ਸਾਵੇ ਹੋ ਜਾਂਦੇ ਹਨ।
ਹਨੀਸੱਕਲ ਬਾਰੇ ਡਾ. ਬੈਚ ਲਿਖਦੇ ਹਨ ਕਿ ਇਹ ਫੁੱਲ ਦਵਾਈ ਉਨ੍ਹਾਂ ਵਿਅਕਤੀਆਂ ਲਈ ਹੈ, “ਜੋ ਵਧੇਰੇ ਕਰਕੇ ਭੂਤ ਕਾਲ ਵਿਚ ਵਿਚਰਦੇ ਹਨ, ਇਸ ਨੂੰ ਆਪਣਾ ਸਭ ਤੋਂ ਖੁਸ਼ਹਾਲ ਭਾਵ ਖੁਸ਼ੀਆਂ ਭਰਿਆ ਸਮਾਂ ਮੰਨਦੇ ਹਨ ਜਾਂ ਕਿਸੇ ਵਿਛੜੇ ਦੋਸਤ ਦੀ ਯਾਦ ਵਿਚ ਲਾਉਂਦੇ ਹਨ ਜਾਂ ਉਨ੍ਹਾਂ ਖੁਆਹਿਸ਼ਾਂ ਬਾਰੇ ਸੋਚਦੇ ਰਹਿੰਦੇ ਹਨ, ਜੋ ਪੂਰੀਆਂ ਨਹੀਂ ਹੋ ਸਕੀਆਂ। ਉਹ ਜਿਸ ਸਮੇਂ ਨੂੰ ਪਿੱਛੇ ਹੰਢਾ ਚੁਕੇ ਹਨ, ਉਸ ਜਿਹਾ ਭਵਿੱਖ ਵਿਚ ਆਉਣ ਦੀ ਕਦੇ ਉਮੀਦ ਨਹੀਂ ਰੱਖਦੇ।” ਡਾ. ਬੈਚ ਨੇ ਇਸ ਸੰਖੇਪ ਵਰਣਨ ਵਿਚ ਹਨੀਸੱਕਲ ਬਾਰੇ ਉਹ ਕੁਝ ਸਭ ਕਹਿ ਦਿੱਤਾ ਹੈ, ਜੋ ਇਸ ਬਾਰੇ ਕਿਹਾ ਜਾ ਸਕਦਾ ਹੈ।
ਹਨੀਸੱਕਲ ਦੇ ਮਰੀਜ਼ ਆਪਣੇ ਭੂਤ ਕਾਲ ਦੇ ਸਮੇਂ ਨੂੰ ਕਦੇ ਨਾ ਆਉਣ ਵਾਲਾ ਸੁਨਹਿਰੀ ਯੁਗ ਸਮਝ ਕੇ ਵਡਿਆਉਂਦੇ ਹਨ। ਇਹ ਉਹੀ ਲੋਕ ਹੁੰਦੇ ਹਨ, ਜੋ ਪੁਰਾਤਨ ਲੋਕ-ਗਾਥਾਵਾਂ ਸੰਗ ਜਿਉਂਦੇ ਹਨ ਤੇ ਇਤਿਹਾਸ ਦਾ ਪਹੀਆਂ ਪਿਛਾਂਹ ਵਲ ਮੋੜਨਾ ਚਾਹੁੰਦੇ ਹਨ। ਇਹ ਉਹੀ ਲੋਕ ਹਨ, ਜੋ ਮਿਥਿਹਾਸਕ ਸੂਰਮਿਆਂ ਦੇ ਘਰ-ਸਮਾਰਕ ਬਣਾਉਂਦੇ ਹਨ, ਪਰ ਝੋਪੜੀਆਂ ਵਿਚ ਰੁਲਦੀ ਖਲਕਤ ਵਲ ਵੇਖਦੇ ਨਹੀਂ। ਇਹ ਉਹੀ ਲੋਕ ਹਨ, ਜੋ ਵੈਦਿਕ ਕਾਲ ਜਾਂ ਰਾਮ ਰਾਜ ਬਾਰੇ ਪੜ੍ਹ-ਸੁਣ ਕੇ ਇਸ ਨੂੰ ਆਪਣਾ ਸਵਰਨ ਯੁਗ ਮੰਨਦੇ ਹਨ ਤੇ ਇਸ ਦੀ ਮੁੜ ਸਥਾਪਨਾ ਨੂੰ ਆਪਣੀ ਕਲਪਨਾ ਦਾ ਧੁਰਾ ਮੰਨਦੇ ਹਨ, ਪਰ ਯਥਾਰਥਿਕ ਜੀਵਨ ਵਿਚ ਇਸ ਦੇ ਭਾਈਚਾਰਕ ਮਨੋਰਥਾਂ ਦਾ ਘਾਣ ਕਰਦੇ ਹਨ। ਇਨ੍ਹਾਂ ਭੂਤ-ਕਾਲੀ ਯੂਟੋਪੀਆਈ ਲੋਕਾਂ ਸਾਹਮਣੇ ਆਰਥਿਕ, ਵਿਗਿਆਨਕ, ਭਾਈਚਾਰਕ ਤੇ ਵਾਤਾਵਾਰਣਕ ਸਮੱਸਿਆਵਾਂ ਦੀ ਵੰਗਾਰ ਕੋਈ ਅਰਥ ਨਹੀਂ ਰੱਖਦੀ, ਕਿਉਂਕਿ ਇਹ ਵਰਤਮਾਨ ਵਿਚ ਰਹਿੰਦੇ ਹੀ ਨਹੀਂ। ਇਨ੍ਹਾਂ ਲਈ ਆਪਣੇ ਸਾਹਮਣੇ ਵਿਚਰਦੀ ਜਨਤਾ ਦੀ ਅਨਪੜ੍ਹਤਾ, ਗਰੀਬੀ, ਲਾਚਾਰੀ, ਭੁੱਖਮਰੀ, ਸੋਸ਼ਣ, ਬਿਮਾਰੀ, ਬੇਰੁਜ਼ਗਾਰੀ ਤੇ ਬੇਆਵਾਸੀ ਦੀਆਂ ਸਮੱਸਿਆਵਾਂ ਦੀ ਕੋਈ ਚਿੰਤਾ ਨਹੀਂ, ਇਨ੍ਹਾਂ ਸਾਹਮਣੇ ਤਾਂ ਕਿਸੇ ਲੁਭਾਉਣੀ ਕਾਲਪਨਿਕ ਵਿਵਸਥਾ ਦਾ ਅਕਸ਼ ਹੁੰਦਾ ਹੈ, ਜਿਸ ਵਿਚ ਇਹ ਰੰਗ ਭਰਦੇ ਰਹਿੰਦੇ ਹਨ। ਜਿਹੜੀਆਂ ਥਾਂਵਾਂ ਜਾਂ ਵਿਵਸਥਾਵਾਂ ਕਿਸੇ ਨੇ ਦੇਖੀਆਂ ਨਹੀਂ, ਉਹ ਇਨ੍ਹਾਂ ਦੇ ਮਨ ਨੂੰ ਇੰਨਾ ਟੁੰਬਦੀਆਂ ਹਨ ਕਿ ਇਹ ਉਨ੍ਹਾਂ ਵਿਚ ਹੀ ਲੁਪਤ ਹੋਏ ਰਹਿੰਦੇ ਹਨ।
ਲਗਦਾ ਹੈ ਕਿ ਅਤੀਤ ਨੂੰ ਕਲਪਣ ਤੇ ਇਸ ਦੇ ਲੁਭਾਵਣ ਵਿਚ ਆਉਣ ਵਾਲੇ ਬਹੁਤੇ ਵਿਅਕਤੀ ਭਾਰਤ ਵਿਚ ਰਹਿੰਦੇ ਹਨ। ਉੱਥੇ ਤਾਂ ਕਈ ਸਮੁਦਾਇਆਂ ਤੇ ਰਾਜਨੀਤਕ ਦਲਾਂ ਨੇ ਪ੍ਰਾਚੀਨ ਇਤਿਹਾਸਕ ਦੌਰਾਂ ਤੇ ਉਨ੍ਹਾਂ ਦੀਆਂ ਸਮਾਜਿਕ ਸੰਸਥਾਵਾਂ ਦੀ ਮੁੜ-ਸੁਰਜੀਤੀ ਨੂੰ ਆਪਣੇ ਰਾਜਨੀਤਕ ਮਨੋਰਥਾਂ ਦੀ ਲਿਸਟ ਵਿਚ ਪਾ ਰੱਖਿਆ ਹੈ। ਜਨਤਾ ਦੀਆਂ ਅੱਖਾਂ ਚੁੰਧਿਆਉਣ ਲਈ ਸੁਪਨਮਈ ਸੁਨਹਿਰੀ ਕਾਲ ਬਾਰੇ ‘ਸੋਨੇ ਕੀ ਚਿੜੀਆ’ ਤੇ ‘ਸੋਨ ਬੰਗਲਾ’ ਜਿਹੇ ਕਈ ਦਿਲਚਸਪ ਜੁਮਲੇ ਘੜ ਲਏ ਹਨ। ਇਹ ਖੇਡ ਹੁਣ ਤੋਂ ਨਹੀਂ, ਸਾਲਾਂ ਤੋਂ ਚਲ ਰਹੀ ਹੈ। ਸੁਨਹਿਰੀ ਕਾਲ ਹਰ ਦੇਸ ਦੇ ਇਤਿਹਾਸ ਵਿਚ ਹੁੰਦੇ ਹਨ, ਪਰ ਕੋਈ ਮੁਲਕ ਭੂਤ ਕਾਲ ਨੂੰ ਮੁੜ ਖੜ੍ਹਾ ਕਰਨ ਬਾਰੇ ਸੋਚ ਕੇ ਸਮਾਂ ਬਰਬਾਦ ਨਹੀਂ ਕਰਦਾ। ਇੰਗਲੈਂਡ ਦੇ ਲੋਕ ਕਦੇ ਮਹਾਰਾਣੀ ਐਲਿਜਾਬੈਥ ਪਹਿਲੀ ਦੇ ਰਾਜ ਕਾਲ ਨਾਲ ਦਿਵਾਨਗੀ ਦੀ ਹੱਦ ਤੀਕ ਨਹੀਂ ਜੁੜੇ। ਕਿਸੇ ਕਾਲ ਨੂੰ ਚੰਗਾ ਜਾਂ ਮਾੜਾ ਕਹਿ ਕੇ ਮੁਲੰਕਣ ਕਰਨ ਵਿਚ ਕੋਈ ਦੋਸ਼ ਨਹੀਂ ਹੁੰਦਾ, ਪਰ ਜੇ ਕੋਈ ਕਿਸੇ ਪੁਰਾਤਨ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੀ ਗੱਲ `ਤੇ ਲੱਕ ਬੰਨ੍ਹ ਕੇ ਵਰਤਮਾਨ ਵਲੋਂ ਅੱਖਾਂ ਮੀਟ ਲਵੇ ਤਾਂ ਉਹ ਇਤਿਹਾਸਕ ਭੁੱਲ ਦਾ ਹੀ ਗੁਨਾਹਗਾਰ ਨਹੀਂ ਹੁੰਦਾ, ਟੇਢੀ ਸੋਚ ਦਾ ਵੀ ਭਾਗੀਦਾਰ ਹੁੰਦਾ ਹੈ। ਅਜਿਹੀ ਬਿਮਾਰ ਮਾਨਸਿਕ ਦਸ਼ਾ ਦਾ ਇਲਾਜ ਸਿਰਫ ਹਨੀਸੱਕਲ ਕਰ ਸਕਦੀ ਹੈ, ਪਰ ਇਹ ਵੀ ਅਸਲ ਬੀਮਾਰਾਂ ਨੂੰ ਹੀ ਠੀਕ ਕਰ ਸਕਦੀ ਹੈ; ਰਾਜਨੀਤਕ ਡਰਾਮੇਬਾਜਾਂ (ਫਰੲਟੲਨਦੲਰਸ) ਦਾ ਇਹ ਕੁਝ ਨਹੀਂ ਕਰ ਸਕਦੀ।
ਹਨੀਸੱਕਲ ਜਿਹੀ ਰਿਣਾਤਮਿਕਤਾ ਕਈ ਹੋਰ ਰੂਪਾਂ ਵਿਚ ਵੀ ਉੱਭਰ ਸਕਦੀ ਹੈ। ਬਹੁਤ ਸਾਰੇ ਲੋਕ ਆਪਣੇ ਪਿਓ-ਦਾਦੇ ਨਾਲ ਬਿਤਾਏ ਦਿਨਾਂ ਨੂੰ ਬਹੁਤ ਯਾਦ ਕਰਦੇ ਰਹਿੰਦੇ ਹਨ ਤੇ ਕਈ ਮਾਂਵਾਂ ਠੰਡੀਆਂ ਛਾਂਵਾਂ ਨੂੰ ਯਾਦ ਕਰ ਕੇ ਝੂਰੀ ਜਾਂਦੇ ਹਨ। ਕਈ ਬਚਪਨ ਦੇ ਸਾਥੀਆਂ ਨੂੰ ਨਹੀਂ ਭੁੱਲਦੇ ਤੇ ਕਈਆਂ ਨੂੰ ਸਹਿਪਾਠੀਆਂ ਦਾ ਉਦਰੇਵਾਂ ਸਤਾਈ ਜਾਂਦਾ ਹੈ। ਫੇਸਬੁੱਕ ਤਾਂ ਸ਼ੁਰੂ ਹੀ ਇਨ੍ਹਾਂ ਲਈ ਹੋਇਆ ਸੀ। ਆਪਣੀ ਵਿਹਲ ਦੇ ਸਮੇਂ ਨੂੰ ਕਿਸੇ ਸਿਰਜਣਾਤਮਕ ਗਤੀਵਿਧੀ ਵਿਚ ਲਾਉਣ ਦੀ ਥਾਂ ਇਹ ਲੋਕ ਪਿਛਲਿਆਂ ਨੂੰ ਯਾਦ ਕਰਨ ਵਿਚ ਬਤੀਤ ਕਰੀ ਜਾਂਦੇ ਹਨ। ਜੇ ਕਿਸੇ ਦਾ ਜੀਵਨ ਸਾਥੀ ਵਿਛੜ ਜਾਵੇ ਤਾਂ ਇਹ ਬੜੇ ਹੀ ਸਦਮੇ ਵਾਲੀ ਗੱਲ ਹੁੰਦੀ ਹੈ, ਪਰ ਭਾਣਾ ਮੰਨਣ ਦੀ ਥਾਂ ਇਸ ਗੱਲ ਨੂੰ ਦਿਲ ਨਾਲ ਲਾ ਕੇ ਕਈ ਵਿਅਕਤੀ ਸਾਰੀ ਉਮਰ ਵਿਲ੍ਹਕਦੇ ਰਹਿੰਦੇ ਹਨ। ਉਹ ਹਰ ਗੱਲ ਵਿਚ ਉਸ ਦਾ ਜਿ਼ਕਰ ਕਰਦੇ ਹਨ ਤੇ ਹਰ ਜਿ਼ਕਰ `ਤੇ ਰੋਂਦੇ ਰਹਿੰਦੇ ਹਨ। ਕਈ ਤਾਂ ਉੱਠਦੇ-ਬੈਠਦੇ ਆਪਣੇ ਵਿਛੜੇ ਮਿੱਤਰ-ਪਿਆਰੇ ਨੂੰ ਆਪਣੀਆਂ ਅੱਖਾਂ ਅੱਗੇ ਰੱਖਦੇ ਹਨ। ਕਈ ਉਨ੍ਹਾਂ ਨਾਲ ਆਹਮੋ-ਸਾਹਮਣੇ ਗੱਲਾਂ ਕਰਦੇ ਹਨ ਤੇ ਕਈ ਸੁਪਨਿਆਂ ਵਿਚ ਮਿਲਦੇ ਹਨ।
ਕਈ ਨੌਜਵਾਨ ਵਿਧਵਾਵਾਂ ਨੂੰ ਆਪਣੀ ਸੁੱਧ-ਬੁੱਧ ਨਹੀਂ ਰਹਿੰਦੀ, ਉਹ ਆਪਣੇ ਵਿਛੜੇ ਸੁਹਾਗਾਂ ਦੀ ਯਾਦ ਵਿਚ ਹੀ ਜੀਵਨ ਬਿਤਾ ਦਿੰਦੀਆਂ ਹਨ। ਕਈਆਂ ਦੇ ਜੀਵਨ ਸਾਥੀ ਉਨ੍ਹਾਂ ਨੂੰ ਛੱਡ ਕੇ ਚਲੇ ਜਾਂਦੇ ਹਨ, ਪਰ ਉਹ ਉਨ੍ਹਾਂ ਦੇ ਮੋਹ ਤੋਂ ਬਾਹਰ ਨਹੀਂ ਆ ਸਕਦੇ। ਸਾਡੀ ਇਕ ਅਣਵਿਆਹੀ ਸਹਿਕਰਮੀ ਦਾ ਪ੍ਰੇਮੀ ਖਾੜਕੂਵਾਦ ਦੀ ਭੇਟ ਚੜ੍ਹ ਗਿਆ। ਉਸ ਨੇ ਸਾਰੀ ਉਮਰ ਉਸ ਦੇ ਗਮ ਵਿਚ ਰੋ ਕੇ ਗੁਜ਼ਾਰ ਦਿੱਤੀ ਤੇ ਕਦੇ ਵਿਆਹ ਨਾ ਕਰਵਾਇਆ। ਪੁੱਛਣ `ਤੇ ਇਹੀ ਕਹਿੰਦੀ ਕਿ ਨਾ ਉਸ ਜਿਹਾ ਕੋਈ ਮਿਲੇਗਾ ਤੇ ਨਾ ਉਹ ਕਿਸੇ ਨੂੰ ਪ੍ਰਣਾਏਗੀ। ਡਾ. ਬੈਚ ਅਨੁਸਾਰ ਇਸ ਤਰ੍ਹਾਂ ਦੇ ਵਿਅਕਤੀ ਲੋੜ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਸਿਰਫ ਹਨੀਸੱਕਲ ਇਨ੍ਹਾਂ ਦੇ ਮਨ ਨੂੰ ਤਰਕ ਨਾਲ ਤਰ ਕਰ ਕੇ ਇਨ੍ਹਾਂ ਨੂੰ ਖੁਸ਼ੀ ਭਰਪੂਰ ਜੀਵਨ ਦਾ ਲੜ ਪਕੜਾ ਸਕਦੀ ਹੈ।
ਡਾ. ਸੋਹਨ ਰਾਜ ਤੇਤਰ ਤੇ ਮੋਹਨ ਲਾਲ ਜੈਨ ਹਨੀਸੱਕਲ ਦੇ ਲੱਛਣ ਦੱਸਦੇ ਲਿਖਦੇ ਹਨ, “ਹਮੇਸ਼ਾ ਪੁਰਾਣੀਆਂ ਯਾਦਾਂ ਵਿਚ ਖੋਏ ਰਹਿਣਾ, ਅਤੀਤ ਤੋਂ ਬਾਹਰ ਨਾ ਆਉਣਾ; ਪੁਰਾਣੀਆਂ ਗਲਤੀਆਂ ਤੇ ਪਛਤਾਉਂਦੇ ਰਹਿਣਾ ਤੇ ਦੁਖੀ ਹੁੰਦੇ ਰਹਿਣਾ; ਵਰਤਮਾਨ ਵਿਚ ਕੋਈ ਦਿਲਚਸਪੀ ਨਾ ਰੱਖਣਾ; ਪਰਿਵਾਰਕ ਮੈਂਬਰਾਂ ਤੋਂ ਪਰੇ ਨਾ ਰਹਿ ਸਕਣਾ ਤੇ ਉਨ੍ਹਾਂ ਨਾਲੋਂ ਵਿਛੜ ਕੇ ਨਾ-ਖੁਸ਼ ਰਹੀ ਜਾਣਾ।” ਇਨ੍ਹਾਂ ਡਾਕਟਰਾਂ ਨੇ ਸੱਚੀ ਮੁੱਚੀਂ ਹਨੀਸੱਕਲ ਦੀ ਥਾਹ ਪਾਈ ਲਗਦੀ ਹੈ। ਇਨ੍ਹਾਂ ਦਾ ਲਿਖਿਆ ਇਕ ਇਕ ਸ਼ਬਦ ਸੋਨਾ ਹੈ। ਇਹ ਮੈਂ ਆਪਣੀ ਪ੍ਰੈਕਟਿਸ ਵਿਚ ਆਪ ਅਜ਼ਮਾਇਆ ਹੈ।
ਦੋ ਸਾਲ ਦੀ ਗੱਲ ਹੈ, ਮੈਨੂੰ ਇਕ ਨੌਜਵਾਨ ਔਰਤ ਦਾ ਫੋਨ ਆਇਆ। ਉਸ ਨੇ ਮਿਲ ਕੇ ਆਪਣਾ ਦੁੱਖ ਦੱਸਣ ਦੀ ਮੰਗ ਕੀਤੀ। ਜਦੋਂ ਆਈ ਤਾਂ ਆ ਕੇ ਦੱਸਿਆ ਕਿ ਕਈ ਸਾਲ ਪਹਿਲਾਂ ਉਸ ਦਾ ਪਤੀ ਉਸ ਨੂੰ ਤਲਾਕ ਦੇ ਕੇ ਛੱਡ ਗਿਆ ਸੀ। ਉਸ ਦੇ ਜਾਣ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨਾਲ ਰਹਿ ਕੇ ਜਿਵੇਂ ਕਿਵੇਂ ਆਪਣੇ ਦੋ ਬੱਚਿਆਂ ਨੂੰ ਪਾਲਦੀ ਰਹੀ, ਪਰ ਫਿਰ ਉਸ ਦੇ ਦੋਵੇਂ ਮਾਪੇ ਉਪਰੋਥਲੀ ਪਰਲੋਕ ਸਿਧਾਰ ਗਏ। ਉਹ ਉਨ੍ਹਾਂ ਨਾਲ ਬੇਹੱਦ ਲਗਾਓ ਰੱਖਦੀ ਸੀ, ਇਸ ਲਈ ਉਨ੍ਹਾਂ ਦੇ ਵਿਛੋੜੇ ਦਾ ਗਮ ਦਿਲ ਨੂੰ ਲਾ ਗਈ। ਉਹ ਬੇਸਹਾਰਾ ਹੋ ਕੇ ਇੰਨੀ ਟੁੱਟ ਗਈ ਕਿ ਉਸ ਨੂੰ ਜੀਵਨ ਵਿਚ ਕੋਈ ਦਿਲਚਸਪੀ ਨਾ ਰਹੀ। ਸਾਰਾ ਦਿਨ ਬੀਤੇ ਪਲਾਂ ਨੂੰ ਯਾਦ ਕਰ ਕੇ ਰੋਂਦੀ ਰਹਿੰਦੀ। ਕਈ ਵਾਰ ਜੀਵਨ ਲੀਲਾ ਸਮਾਪਤ ਕਰਨ ਦੀ ਸੋਚਦੀ, ਪਰ ਬੱਚਿਆਂ ਕਾਰਨ ਉਹ ਵੀ ਨਾ ਕਰ ਸਕਦੀ। ਜਿੰਨੀ ਦੇਰ ਉਹ ਮੇਰੇ ਕੋਲ ਬੈਠੀ ਰਹੀ, ਰੋਂਦੀ ਹੀ ਰਹੀ। ਇਸ ਭਾਵੁਕ ਦੁਰਦਸ਼ਾ ਦੇ ਨਾਲ ਨਾਲ ਉਸ ਨੂੰ ਕਈ ਸਰੀਰਕ ਤਕਲੀਫਾਂ ਵੀ ਆ ਚੰਬੜੀਆਂ। ਇਨ੍ਹਾਂ ਦਾ ਇਲਾਜ ਕਰਨ ਲਈ ਉਸ ਨੇ ਬਹੁੜ ਕੀਤੀ। ਕੋਈ ਹੋਰ ਦਵਾਈ ਦੇਣ ਤੋਂ ਪਹਿਲਾਂ ਮੈਂ ਉਸ ਨੂੰ ਉਸ ਦੇ ਅਤੀਤ ਤੇ ਸਵਰਗਵਾਸੀ ਮਾਤਾ-ਪਿਤਾ ਦੇ ਮੋਹ-ਚੱਕਰ `ਚੋਂ ਬਾਹਰ ਕੱਢਣ ਲਈ ਹਨੀਸੱਕਲ ਦਿੱਤੀ। ਇਕ ਮਹੀਨਾ ਇਹ ਦਵਾਈ ਖਾਣ ਤੋਂ ਬਾਅਦ ਜਦੋਂ ਉਹ ਫਿਰ ਆਈ ਤਾਂ ਰੋਣਾ-ਧੋਣਾ ਉਸ ਦੇ ਨੇੜੇ ਨਹੀਂ ਸੀ। ਕੁਝ ਸਮਾਂ ਹੋਰ ਉਸ ਦੀਆਂ ਦੂਜੀਆਂ ਤਕਲੀਫਾਂ ਦਾ ਇਲਾਜ ਚੱਲਿਆ। ਅੰਤ ਵਿਚ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਤਰੱਕੀ ਲਈ ਇਕ ਆਨ-ਲਾਈਨ ਕੋਰਸ ਸ਼ੁਰੂ ਕੀਤਾ ਹੈ ਤੇ ਇਕ ਜੀਵਨ ਸਾਥੀ ਦੀ ਤਾਲਾਸ਼ ਕਰ ਕੇ ਵਿਆਹ ਕਰਨ ਦਾ ਮਨ ਵੀ ਬਣਾਇਆ ਹੈ।
ਜਦੋਂ ਮੈਂ ਕਾਲਜ ਵਿਚ ਦਾਖਲ ਹੋਇਆ, ਉਦੋਂ ਦੇਸ ਨਵਾਂ ਨਵਾਂ ਆਜ਼ਾਦ ਹੋਇਆ ਸੀ। ਸਾਡੇ ਕਈ ਅਧਿਆਪਕ ਪੱਛਮੀ ਪੰਜਾਬ ਤੋਂ ਆਏ ਹੋਏ ਸਨ। ਦਰਅਸਲ ਉਹ ਸਾਰਾ ਕਾਲਜ ਹੀ ਲਾਹੌਰ ਤੋਂ ਉੱਖੜ ਕੇ ਇੱਧਰ ਮੁੜ-ਸਥਾਪਿਤ ਹੋਇਆ ਸੀ। ਉਸ ਦੇ ਨਾਂ ਵਿਚ ਹਾਲੇ ਵੀ ਕੌਮਿਆਂ ਵਿਚ (ਲਾਹੌਰ) ਲਿਖਿਆ ਹੋਇਆ ਸੀ। ਇਸ ਦਾ ਲਾਹੌਰ ਵਾਲਾ ਹੀ ਪੁਰਾਣਾ ਪ੍ਰਿੰਸੀਪਲ ਚਲਿਆ ਆ ਰਿਹਾ ਸੀ, ਜੋ ਕੋਟ-ਪੈਂਟ ਨਾਲ ਤੁੱਰਰੇ ਤੇ ਟੋਪੀ ਵਾਲੀ ਪਗੜੀ ਪਹਿਨਦਾ ਸੀ। ਇਨ੍ਹਾਂ ਲਹਿੰਦੇ ਪੰਜਾਬੋਂ ਆਏ ਲੋਕਾਂ ਵਿਚੋਂ ਸਾਡਾ ਇਕ ਅਧਿਆਪਕ ਲਾਹੌਰ ਦੇ ਹੀ ਗੁਣ ਗਾਈ ਜਾਂਦਾ ਹੁੰਦਾ ਸੀ। ਉਸ ਨੂੰ ਸੁਤੰਤਰਤਾ ਨਾਲ, ਆਪਣੇ ਨਵੇਂ ਦੇਸ ਨਾਲ ਤੇ ਇਸ ਦੇ ਮੌਜੂਦਾ ਹਾਲਾਤ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਉਸ ਦੇ ਦਿਮਾਗ ਤੇ ਤਾਂ ਲਾਹੌਰ ਹੀ ਇਸ ਕਦਰ ਛਾਇਆ ਹੋਇਆ ਸੀ, ਜਿਵੇਂ ਉਸ ਤੋਂ ਬਿਨਾ ਦੁਨੀਆਂ ਵਿਚ ਹੋਰ ਕੁਝ ਹੋਵੇ ਹੀ ਨਾ। ਇਸ ਸ਼ਹਿਰ ਦੇ ਜਿ਼ਕਰ ਤੋਂ ਬਿਨਾ ਕਿਸੇ ਗੱਲ ਨੂੰ ਕਰ ਸਕਣਾ ਉਸ ਦੇ ਵੱਸ ਨਹੀਂ ਸੀ। ਉਸ ਦੇ ਲੈਕਚਰਾਂ ਨਾਲ ਸਾਨੂੰ ਭਾਵੇਂ ਹੋਰ ਕੁਝ ਪਤਾ ਲੱਗਿਆ ਹੋਵੇ ਜਾਂ ਨਾ, ਪਰ ਲਾਹੌਰ ਦੇ ਸਭਿਆਚਾਰ ਦਾ ਪੂਰਾ ਗਿਆਨ ਹੋ ਗਿਆ ਸੀ। ਉਸ ਵੇਲੇ ਤਾਂ ਮੈਨੂੰ ਹੱਨੀਸੱਕਲ ਦਾ ਪਤਾ ਨਹੀਂ ਸੀ, ਪਰ ਹੁਣ ਸੋਚਦਾ ਹਾਂ ਕਿ ਉਹ ਅਧਿਆਪਕ ਇਸ ਫੁੱਲ ਦਵਾਈ ਨੂੰ ਲੈ ਕੇ ਵਰਤਮਾਨ ਨੂੰ ਵਧੇਰੇ ਚੰਗੀ ਤਰ੍ਹਾਂ ਜੀ ਸਕਦਾ ਸੀ। ਇਸ ਦੇ ਸੇਵਨ ਉਪਰੰਤ ਉਹ ਭੂਤ-ਕਾਲ ਦੀਆਂ ਯਾਦਾਂ ਤੋਂ ਬਾਹਰ ਆ ਸਕਦਾ ਸੀ ਤੇ ਬਦਲੇ ਹਾਲਾਤ ਨੂੰ ਪਛਾਣ ਕੇ ਆਪਣਾ ਵਿਸ਼ਾ ਪੜ੍ਹਾਉਣ ਵੱਲ ਵਧੇਰੇ ਧਿਆਨ ਦੇ ਸਕਦਾ ਸੀ।
ਪੰਜਾਬ ਯੂਨੀਵਰਸਿਟੀ ਵਿਚ ਹਰ ਤੀਜੇ ਦਿਨ ਕਿਸੇ ਨਾ ਕਿਸੇ ਵਿਭਾਗ ਵਿਚ ਕੋਈ ਨਾ ਕੋਈ ਅਕਾਦਮਿਕ ਸੈਮੀਨਾਰ ਹੁੰਦਾ ਰਹਿੰਦਾ ਸੀ। ਭਾਵੇਂ ਇਹ ਸੈਮੀਨਾਰ ਮੁੱਖ ਤੌਰ `ਤੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਲਾਏ ਜਾਂਦੇ ਸਨ, ਪਰ ਇਨ੍ਹਾਂ ਵਿਚ ਹਿੱਸਾ ਲੈਣ `ਤੇ ਕੋਈ ਪਾਬੰਦੀ ਨਹੀਂ ਸੀ। ਇਸ ਲਈ ਕਈ ਬਾਹਰਲੇ ਬੁੱਧੀਜੈਵਿਕ ਰੁਚੀਆਂ ਵਾਲੇ ਵਿਅਕਤੀ ਵੀ ਇਨ੍ਹਾਂ ਵਿਚ ਹਿੱਸਾ ਲੈਣ ਆ ਜਾਂਦੇ ਸਨ ਜਾਂ ਸੱਦ ਲਏ ਜਾਂਦੇ ਸਨ। ਅਜਿਹੇ ਵਿਅਕਤੀਆਂ ਵਿਚ ਸਭ ਤੋਂ ਵੱਧ ਫੇਰਾ ਪਾਉਣ ਵਾਲਾ ਇਕ ਰਿਟਾਇਰਡ ਆਈ. ਏ. ਐਸ. ਅਫਸਰ ਸੀ, ਜੋ ਹਰ ਸੈਮੀਨਾਰ ਵਿਚ ਦੇਖਣ ਨੂੰ ਮਿਲਦਾ ਸੀ। ਇਸ ਵਿਅਕਤੀ ਨੂੰ ਆਪਣੇ ਸੇਵਾਕਾਲ ਵਿਚ ਇਕ ਡੈਲੀਗੇਸ਼ਨ ਦੇ ਮੈਂਬਰ ਵਜੋਂ ਕੁਝ ਹਫਤੇ ਜਾਪਾਨ ਦਾ ਦੌਰਾ ਕਰਨ ਦਾ ਅਵਸਰ ਮਿਲਿਆ ਸੀ। ਉਹ ਇਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਜਾਪਾਨ ਉਸ ਦੇ ਸਿਰ ਨੂੰ ਚੜ੍ਹ ਗਿਆ। ਕਈ ਸਾਲ ਬੀਤ ਜਾਣ `ਤੇ ਵੀ ਉਹ ਇਸ ਤੋਂ ਬਾਹਰ ਨਾ ਨਿਕਲ ਪਾਇਆ। ਉਹ ਹਰ ਸੈਮੀਨਾਰ ਵਿਚ, ਭਾਵੇਂ ਵਿਸ਼ਾ ਕੋਈ ਵੀ ਹੋਵੇ, ਜਾਪਾਨ ਦੇ ਗੁਣਗਾਣ ਕਰਨ ਦਾ ਮੌਕਾ ਲੱਭਦਾ ਰਹਿੰਦਾ। ਉਸ ਦਾ ਨਾਂ ਜਾਪਾਨ ਨਾਲ ਇੰਨਾ ਜੁੜ ਗਿਆ ਕਿ ਕਈ ਉਸ ਨੂੰ ਜਾਪਾਨੀ ਮਾਡਲ ਪੱਖੋਂ ਆਪਣੀ ਟਿੱਪਣੀ ਪੇਸ਼ ਕਰਨ ਲਈ ਕਹਿੰਦੇ। ਅਜਿਹੇ ਮੌਕਿਆਂ `ਤੇ ਹਾਸਾ-ਮਜ਼ਾਕ ਵੀ ਉੱਠਦੇ, ਪਰ ਉਸ ਨੂੰ ਕੁਝ ਪਤਾ ਨਾ ਚਲਦਾ। ਹੋ ਸਕਦਾ ਹੈ ਕਿ ਉਸ ਨੂੰ ਜਾਪਾਨੀ ਮਾਡਲ ਨਾਲ ਇੰਨਾ ਮੋਹ ਪੈ ਗਿਆ ਹੋਵੇ ਕਿ ਉਹ ਉਸ ਦੀ ਸੋਚ ਵਿਚ ਰਚ ਗਿਆ ਹੋਵੇ, ਪਰ ਉਸ ਨੂੰ ਮੁੜ ਉੱਥੇ ਜਾਣ ਦਾ ਮੌਕਾ ਨਾ ਮਿਲਿਆ ਹੋਵੇ। ਹਨੀਸੱਕਲ ਉਸ ਦੇ ਇਸ ਹੇਰਵੇ ਨੂੰ ਸਾਵਾ ਕਰ ਕੇ ਉਸ ਨੂੰ ਬਾਕੀ ਦੁਨੀਆਂ, ਖਾਸ ਕਰ ਕੇ ਉਸ ਦੇ ਆਪਣੇ ਦੇਸ ਪ੍ਰਤੀ ਸੁਚੇਤ ਕਰ ਸਕਦੀ ਸੀ।
ਇਸ ਤਰ੍ਹਾਂ ਦੇ ਅਨੁਭਵ ਵਿਚ ਉਹ ਇੱਕਲਾ ਨਹੀਂ, ਸਗੋਂ ਬਹੁਤ ਸਾਰੇ ਵਿਅਕਤੀ ਭਾਗੀਦਾਰ ਹੁੰਦੇ ਹਨ। ਸੱਚ ਪੁੱਛੋ ਤਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਵਿਚ ਭਾਰਤ ਤੇ ਹੋਰ ਦੇਸਾਂ ਤੋਂ ਆ ਕੇ ਵਸੇ ਸਾਰੇ ਦੇ ਸਾਰੇ ਲੋਕ ਮਾਤਰਭੂਮੀ ਦੀ ਯਾਦ ਵਿਚ ਪੀੜਿਤ ਹਨ। ਵਿਛੋੜੇ ਦੀ ਤਾਬ ਨਾ ਝੱਲਦਿਆਂ ਕਈ ਇੱਥੋਂ ਆ ਕੇ ਵਾਪਸ ਚਲੇ ਜਾਂਦੇ ਹਨ ਤੇ ਕਈ ਮਜਬੂਰੀ ਵਸ ਉਮਰ ਭਰ ਦਾ ਝੋਰਾ ਹੰਢਾਈ ਜਾਂਦੇ ਹਨ। ਕਈ ਇਸ ਧਰਤੀ ਨਾਲ ਓਪਰੀਆਂ ਸਾਂਝਾਂ ਪਾ ਕੇ, ਕਈ ਕਹਾਣੀਆਂ-ਨਾਵਲ ਲਿਖ ਕੇ, ਕਈ ਸਕੇ ਸਨੇਹੀਆਂ ਨੂੰ ਆਪਣੇ ਕੋਲ ਸੱਦ ਕੇ ਤੇ ਕਈ ਉਨ੍ਹਾਂ ਨੂੰ ਉੱਥੇ ਮਦਦ ਭੇਜ ਕੇ ਆਪਣਾ ਦੁਖ ਘਟਾਉਣ ਦੀ ਕੋਸਿ਼ਸ਼ ਕਰਦੇ ਹਨ। ਕਈ ਵਿਛੜੇ ਵਤਨ ਦੀਆਂ ਯਾਦਾਂ ਨਾਲ ਜੁੜੇ ਰਹਿਣ ਦੀ ਤਾਂਘ ਕਾਰਨ ਸਾਲ ਛਿਮਾਹੀ ਉੱਥੇ ਜਾਂਦੇ ਰਹਿੰਦੇ ਹਨ, ਪਰ ਬਹੁਤੇ ਜੋ ਜਾ ਨਹੀਂ ਸਕਦੇ, ਉਹ ਇੱਥੇ ਹੀ ਵਿਲ੍ਹਕਦੇ ਰਹਿੰਦੇ ਹਨ ਤੇ ਦੇਸੋਂ ਆਏ ਸਹਿਵਤਨੀਆਂ ਨੂੰ ਦੇਖ ਕੇ ਮਨ ਹਲਕਾ ਕਰੀ ਜਾਂਦੇ ਹਨ। ਆਪਣੀ ਜਨਮ-ਭੂਮੀ ਦੇ ਹੇਜ ਵਿਚ ਤੜਪਦੇ ਅਜਿਹੇ ਵਿਅਕਤੀਆਂ ਲਈ ਹਨੀਸੱਕਲ ਇਕ ਵਰਦਾਨ ਹੈ। ਹੋਮਿਓਪੈਥੀ ਵਿਚ ਕਾਲੀ ਮਿਰਚ ਤੋਂ ਤਿਆਰ ਕੀਤੀ ਇਸ ਨਾਲ ਦੀ ਦਵਾਈ ਕੈਪਸੀਕਮ (ਛਅਪਸਚਿੁਮ) ਹੈ, ਪਰ ਪੋਟੈਂਸੀ ਰੂਪ ਵਿਚ ਹੋਣ ਕਰ ਕੇ ਇਸ ਦੀ ਚੋਣ ਪੂਰੇ ਰੋਗ-ਨਿਸ਼ਾਨਾਂ ਅਨੁਸਾਰ ਕਰਨੀ ਪੈਂਦੀ ਹੈ, ਜੋ ਕਠਿਨ ਕੰਮ ਹੈ। ਬੈਚ ਫੁੱਲ ਦਵਾਈਆਂ ਪੋਟੈਂਸੀ ਰੂਪ ਵਿਚ ਨਾ ਹੋਣ ਕਰਕੇ ਇਕਹਿਰੀਆਂ ਨਿਸ਼ਾਨੀਆਂ ਦੇ ਆਧਾਰ `ਤੇ ਵੀ ਦਿੱਤੀਆਂ ਜਾ ਸਕਦੀਆਂ ਹਨ, ਇਸ ਲਈ ਇਹ ਆਮ ਲੋਕਾਂ ਦੇ ਵਰਤਣ ਲਈ ਆਸਾਨ ਹਨ।
ਜਿਨ੍ਹਾਂ ਜਿਨ੍ਹਾਂ ਹਾਲਤਾਂ ਵਿਚ ਤੇ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੂੰ ਹਨੀਸੱਕਲ ਦਿੱਤੀ ਜਾ ਸਕਦੀ ਹੈ, ਉਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ। ਸਭ ਤੋਂ ਪਹਿਲਾਂ ਇਹ ਉਨ੍ਹਾਂ ਬਾਲਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੋ ਆਯਾ ਜਾਂ ਬੇਬੀ ਸਿਟਰ ਕੋਲ ਜਾ ਕੇ ਰੋਂਦੇ ਰਹਿੰਦੇ ਹਨ ਤੇ ਘਰ ਭੇਜਣ ਲਈ ਸਿਸਕਦੇ ਹਨ। ਮਾਤਾ-ਪਿਤਾ ਨੂੰ ਦੇਖਦਿਆਂ ਹੀ ਇਹ ਉਨ੍ਹਾਂ ਨੂੰ ਭੱਜ ਕੇ ਜਾ ਚੰਬੜਦੇ ਹਨ। ਜਿਸ ਬੱਚੇ ਦਾ ਬੋਰਡਿੰਗ ਸਕੂਲ ਵਿਚ ਦਿਲ ਨਾ ਲਗਦਾ ਹੋਵੇ, ਉਹ ਵੀ ਇਸ ਨਾਲ ਠੀਕ ਹੋ ਜਾਵੇਗਾ। ਕਈ ਬੱਚੇ, ਜੋ ਛੁੱਟੀਆਂ ਕੱਟਣ ਲਈ ਰਿਸ਼ਤੇਦਾਰਾਂ ਕੋਲ ਭੇਜ ਦਿੱਤੇ ਜਾਂਦੇ ਹਨ ਤੇ ਉੱਥੇ ਜਾ ਕੇ ਉਹ ਓਦਰ ਜਾਂਦੇ ਹਨ, ਉਨ੍ਹਾਂ ਲਈ ਵੀ ਇਹ ਲੋੜੀਂਦੀ ਹੈ। ਕਈ ਨਵ-ਵਿਆਹੀਆਂ ਬੀਬੀਆਂ, ਜੋ ਸਹੁਰੇ ਘਰ ਜਾ ਕੇ “ਬਾਬਲ ਦੇ ਵਿਹੜੇ” ਨੂੰ ਇੰਨਾ ਯਾਦ ਕਰਦੀਆਂ ਹਨ ਕਿ “ਕੋਠੀ ਵਿਚ ਮੂੰਹ ਦੇ ਕੇ” ਰੋਂਦੀਆਂ ਰਹਿੰਦੀਆਂ ਹਨ, ਉਹ ਵੀ ਇਸ ਨੂੰ ਜਰੂਰ ਲੈਣ।
ਬਜ਼ੁਰਗ ਤਾਂ ਆਮ ਤੌਰ `ਤੇ ਆਪਣੇ ਭੂਤ-ਕਾਲ ਦੇ ਸੁਪਨਿਆਂ ਵਿਚ ਵਸਦੇ ਹੀ ਹਨ ਤੇ ਬੀਤੇ ਸਮੇਂ ਦੇ ਕਿੱਸੇ ਸੁਣਾ ਕੇ ਵਰਤਮਾਨ ਨੂੰ ਮਾੜਾ ਦੱਸੀ ਜਾਂਦੇ ਹਨ। ਉਨ੍ਹਾਂ ਲਈ ਆਪਣੀ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਣ ਲਈ ਹਨੀਸੱਕਲ ਇਕ ਵਰਦਾਨ ਤੋਂ ਘੱਟ ਨਹੀਂ। ਇਹ ਲੈ ਕੇ ਉਹ ਵਰਤਮਾਨ ਵਿਚ ਦਿਲਚਸਪੀ ਲੈਣ ਲੱਗਣਗੇ ਤੇ ਆਪਣੇ ਤਜ਼ਰਬਿਆਂ ਦਾ ਲਾਭ ਸਮਾਜ ਨੂੰ ਦੇਣ ਲੱਗਣਗੇ। ਕਈ ਬਜ਼ੁਰਗਾਂ ਨੂੰ ਕਿਸੇ ਕਾਰਨਵਸ ਬੁਢੇਪਾ-ਘਰਾਂ ਵਿਚ ਜਾਣਾ ਪੈਂਦਾ ਹੈ। ਉਹ ਉੱਥੇ ਬੈਠੇ ਆਪਣੇ ਜੀਵਨ ਦੀਆਂ ਪਿਛਲੀਆਂ ਗੱਲਾਂ ਤੇ ਪਰਿਵਾਰ ਵਿਚ ਭੋਗੇ ਸੁੱਖਾਂ ਨੂੰ ਯਾਦ ਕਰ ਕੇ ਹੰਝੂ ਕੇਰੀ ਜਾਂਦੇ ਹਨ। ਉਨ੍ਹਾਂ ਦੀ ਭਲਾਈ ਇਸੇ ਵਿਚ ਹੈ ਕਿ ਉਹ ਵੀ ਇਸ ਦਵਾਈ ਦਾ ਸੇਵਨ ਕਰਨ। ਹਾਂ, ਜਿਨ੍ਹਾਂ ਤੋਂ ਬੀਤੇ ਸਮੇਂ ਵਿਚ ਪਾਪ ਹੋਏ ਹਨ ਜਾਂ ਜਿਹੜੇ ਪਾਪਾਂ ਦਾ ਸ਼ਿਕਾਰ ਹੋਏ ਹਨ, ਉਹ ਵੀ ਅਤੀਤ ਦੇ ਗਿਲੇ-ਸ਼ਿਕਵਿਆਂ ਵਿਚ ਉਲਝੇ ਚੰਗਾ-ਮਾੜਾ ਸੋਚਦੇ ਰਹਿੰਦੇ ਹਨ। ਇਨ੍ਹਾਂ ਲੋਕਾਂ ਦੀ ਮੁਕਤੀ ਵੀ ਹਨੀਸੱਕਲ ਦੇ ਹੱਥ ਹੈ।
ਕਈ ਸੱਜਣ ਪੁਰਾਤਨ ਵੇਲਿਆਂ ਨੂੰ ਯਾਦ ਕਰ ਕੇ ਉਂਜ ਹੀ ਭਾਵੁਕ ਹੋਏ ਰਹਿੰਦੇ ਹਨ। ਉਹ ਪੁਰਾਣੀਆਂ ਫਿਲਮਾਂ, ਪੁਰਾਣਾ ਸੰਗੀਤ, ਪੁਰਾਣੀ ਵੇਸਭੂਸਾ, ਪੁਰਾਤਨ ਪੇਂਡੂ ਸਭਿਆਚਾਰ ਤੇ ਪੁਰਾਣੀਆਂ ਰਹੁਰੀਤਾਂ ਦੇ ਦਿਵਾਨੇ ਬਣੇ ਰਹਿੰਦੇ ਹਨ। ਬੀਤੇ ਨੂੰ ਯਾਦ ਕਰਨਾ ਤੇ ਇਸ ਤੋਂ ਸੇਧ ਲੈਣਾ ਬੁਰੀ ਗੱਲ ਨਹੀਂ, ਪਰ ਇਸ ਨੂੰ ਯਾਦ ਕਰਦਿਆਂ ਵਰਤਮਾਨ ਨੂੰ ਭੁਲਾ ਦੇਣਾ ਜਾਂ ਤੁੱਛ ਸਮਝਣਾ ਬੱਜਰ ਭੁੱਲ ਹੈ। ਕੋਈ ਮੰਨੇ ਜਾਂ ਨਾ ਮੰਨੇ, ਭੂਤ ਤੇ ਭਵਿੱਖ ਸਿਰਫ ਸੋਚ-ਵਿਚਾਰ ਦੀ ਅਵਸਥਾ ਹਨ। ਰਹਿਣਾ ਸਭ ਨੂੰ ਵਰਤਮਾਨ ਵਿਚ ਹੀ ਪੈਂਦਾ ਹੈ ਤੇ ਇੱਥੋਂ ਹੀ ਸਭ ਲੋੜਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਵਰਤਮਾਨ ਵਿਚ ਦਿਲ ਲਾ ਕੇ ਰਹਿਣਾ ਕਾਮਯਾਬੀ ਦੀ ਨਿਸ਼ਾਨੀ ਹੈ ਤੇ ਹਨੀਸੱਕਲ ਇਸ ਕਾਮਯਾਬੀ ਦੀ ਚਾਬੀ ਹੈ। ਇਸ ਨੂੰ ਦੇਣ ਵੇਲੇ ਇਸ ਦਾ ਇਸੇ ਵਰਗੀ ਦੂਜੀ ਫੁੱਲ ਦਵਾਈ ਕਲੀਮੈਟਿਸ ਨਾਲੋਂ ਨਿਖੇੜਾ ਕਰ ਲਿਆ ਜਾਣਾ ਜਰੂਰੀ ਹੈ। ਇਸ ਦੇ ਬੀਮਾਰਾਂ ਸਿਰ ਅਤੀਤ ਦਾ ਹੇਜ ਚੜ੍ਹਿਆ ਹੁੰਦਾ ਹੈ ਤੇ ਕਲੀਮੈਟਿਸ ਦੇ ਰੋਗੀ ਆਪਣੇ ਖਿਆਲਾਂ ਦੀਆਂ ਉਡਾਰੀਆਂ ਵਿਚ ਖੋਏ ਰਹਿੰਦੇ ਹਨ।