ਕੈਪਟਨ ਦੀ ਕਪਤਾਨੀ ਨੂੰ ਵੰਗਾਰ

ਕੈਪਟਨ ਨੇ ਬਾਗੀਆਂ ਲਈ ਭਾਜਪਾ ਵਾਲਾ ਫਾਰਮੂਲਾ ਅਪਣਾਇਆ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਾਗੀ ਸੁਰਾਂ ਚੁੱਕਣ ਵਾਲੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਧਮਕਾਉਣ ਅਤੇ ਪੁਰਾਣੇ ਕੇਸ ਖੋਲ੍ਹਣ ਦੇ ਡਰਾਵੇ ਦੇਣ ਪਿੱਛੋਂ ਸੱਤਾਧਾਰੀ ਧਿਰ ਵਿਚ ਅੰਦਰੂਨੀ ਕਲੇਸ਼ ਹੋਰ ਤਿੱਖਾ ਹੋ ਗਿਆ ਹੈ। ਚਰਚਾ ਹੈ ਕਿ ਕੈਪਟਨ ਨੇ ਸਰਕਾਰੀ ਨਾਕਾਮੀਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਖਿਲਾਫ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਾਲਾ ਹਥਿਆਰ ਚੁੱਕ ਲਿਆ ਹੈ।

ਕੈਪਟਨ ਉਤੇ ਸਵਾਲ ਖੜ੍ਹੇ ਕਰਨ ਵਾਲੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ। ਸਿੱਧੂ ਖਿਲਾਫ ਵਿਜੀਲੈਂਸ ਵੱਲੋਂ ਪੁਰਾਣਾ ਕੇਸ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ। ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਚਰਨਜੀਤ ਚੰਨੀ ਖਿਲਾਫ ਮਹਿਲਾ ਅਫਸਰ ਨਾਲ ਛੇੜਛਾੜ ਦਾ 3 ਸਾਲ ਪੁਰਾਣਾ ਮਾਮਲਾ ਮੁੜ ਚਰਚਾ ਵਿਚ ਆ ਗਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਹਫਤੇ ਵਿਚ ਜਵਾਬ ਮੰਗ ਗਿਆ ਹੈ। ਪਰਗਟ ਸਿੰਘ ਨੇ ਦੋਸ਼ ਲਾਇਆ ਹੈ ਕੈਪਟਨ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਬਗਾਵਤੀ ਸੁਰਾਂ ਬੰਦ ਕਰਨ ਨਹੀਂ ਤਾਂ ਸਿੱਟੇ ਭੁਗਤਣ ਲਈ ਤਿਆਰ ਰਹਿਣ। ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਇਸ ਤੋਂ ਪਹਿਲਾਂ ਅਜਿਹਾ ਹੀ ਫੋਨ ਆਇਆ ਸੀ।
ਚੰਨੀ ਉਤੇ ਸਾਲ 2018 ਵਿਚ ਸੂਬੇ ਦੀ ਇਕ ਮਹਿਲਾ ਆਈ.ਏ.ਐਸ. ਅਫਸਰ ਨੂੰ ਭੇਜੇ ‘ਵ੍ਹਟਸਐਪ` ਸੰਦੇਸ਼ਾਂ ਦਾ ਦੋਸ਼ ਹੈ। ਉਸ ਸਮੇਂ ਇਹ ਮਾਮਲਾ ਕਾਫੀ ਭਖਿਆ ਸੀ ਤੇ ਕੈਪਟਨ ਨੇ ਇਹ ਆਖ ਕੇ ਗੱਲ ਨਬੇੜ ਦਿੱਤੀ ਸੀ ਕਿ ਮੰਤਰੀ ਨੇ ਮੁਆਫੀ ਮੰਗ ਲਈ ਹੈ। ਹੁਣ ਤਿੰਨ ਸਾਲ ਬਾਅਦ ਇਸ ਮਾਮਲੇ ਨੂੰ ਉਭਾਰਨ ਉਤੇ ਸਵਾਲ ਉਠ ਰਹੇ ਹਨ।
ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦਾ ਘਟਨਾਕ੍ਰਮ ਸਾਹਮਣੇ ਆ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਮੁੱਖ ਮੰਤਰੀ ਦੇ ਧੜੇ ਵੱਲੋਂ ਬਗਾਵਤੀ ਸੁਰਾਂ ਮੱਠੀਆਂ ਕਰਨ ਲਈ ਹਰ ਨੀਤੀ ਦਾ ਸਹਾਰਾ ਲਿਆ ਜਾ ਰਿਹਾ ਹੈ। ਵਿਰੋਧੀ ਧੜਿਆਂ ਵੱਲੋਂ ਵੀ ਸਰਗਰਮੀਆਂ `ਚ ਤੇਜ਼ੀ ਲਿਆਂਦੀ ਗਈ ਹੈ। ਇਨ੍ਹਾਂ ਆਗੂਆਂ ਦਾ ਦੋਸ਼ ਹੈ ਕਿ ਬੇਅਦਬੀ ਮਾਮਲਿਆਂ `ਤੇ ਲੋਕਾਂ ਨੂੰ ਇਨਸਾਫ ਨਾ ਮਿਲਣ, ਰੇਤ ਦੀ ਨਾਜਾਇਜ਼ ਮਾਈਨਿੰਗ ਹੋਣ, ਸ਼ਰਾਬ ਦੇ ਧੰਦੇ ਦੀ ਕਾਲਾਬਾਜ਼ਾਰੀ ਅਤੇ ਹੋਰਨਾਂ ਜਨਤਕ ਮੁੱਦਿਆਂ `ਤੇ ਬੋਲਣ ਲਈ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ।
ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਕੋਈ ਗਲਤੀ ਕੀਤੀ ਹੈ ਤਾਂ ਫਾਈਲ ਨੂੰ ਦੋ ਸਾਲਾਂ ਲਈ ਦੱਬ ਕੇ ਕਿਉਂ ਰੱਖਿਆ ਗਿਆ। ਪਿਛਲੇ ਦਿਨਾਂ ਦੌਰਾਨ ਸਿੱਧੂ, ਮੰਤਰੀ ਰੰਧਾਵਾ, ਚੰਨੀ ਤੇ ਹੋਰਨਾਂ ਵਿਧਾਇਕਾਂ ਦਰਮਿਆਨ ਹੋਈ ਇਕ ਗੁਪਤ ਮੀਟਿੰਗ ਤੋਂ ਬਾਅਦ ਮਾਮਲਾ ਅਜਿਹਾ ਭਖਿਆ ਹੈ ਕਿ ਮੁੱਖ ਮੰਤਰੀ ਦਾ ਧੜਾ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮੁੱਖ ਮੰਤਰੀ ਦੇ ਧੜੇ ਵੱਲੋਂ ਇਸ ਮੀਟਿੰਗ ਦਾ ਮੁੱਖ ਸੂਤਰਧਾਰ ਪਰਗਟ ਸਿੰਘ ਨੂੰ ਹੀ ਮੰਨਿਆ ਜਾ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਦੇ ਨਾਲ ਮੰਤਰੀ ਹੁੰਦਿਆਂ ਤਾਇਨਾਤ ਰਹੇ ਵਿਅਕਤੀਆਂ ਵਿਰੁੱਧ ਵੀ ਵਿਜੀਲੈਂਸ ਦੀ ਸੰਭਾਵੀ ਕਾਰਵਾਈ ਹੋਣ ਦੀਆਂ ਅਫਵਾਹਾਂ ਦਾ ਦੌਰ ਚੱਲਦਾ ਰਿਹਾ ਹੈ। ਇਸੇ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸਿੱਧੂ ਤੇ ਪਰਗਟ ਜਦੋਂ ਤੱਕ ਸੱਚ ਦੀ ਲੜਾਈ ਲੜ ਰਹੇ ਹਨ, ਉਨ੍ਹਾਂ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ। ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿਚ ਕਾਂਗਰਸ ਦੀ ਸਥਿਤੀ ਨੂੰ ਲੈ ਕੇ ਦਖਲ ਦੇਵੇ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਸੂਬਾਈ ਮਾਮਲਿਆਂ ਦੇ ਇੰਚਾਰਜ ਥਾਪੇ ਗਏ ਹਰੀਸ਼ ਰਾਵਤ ਵੱਲੋਂ ਦੋਹਾਂ ਧਿਰਾਂ ਨਾਲ ਰਾਬਤਾ ਕਾਇਮ ਕਰ ਕੇ ਮਾਮਲੇ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਚਰਚਾ ਹੈ ਕਿ ਕਾਂਗਰਸ ਅੰਦਰ ਇਹ ਬਗਾਵਤ ਇੰਨੀ ਛੋਟੀ ਨਹੀਂ ਜਿੰਨੀ ਦਿਖਾਈ ਦੇ ਰਹੀ ਹੈ। ਕੈਪਟਨ ਵੱਲੋਂ ਜਿਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਆਪਣੇ ਹੱਕ ਵਿਚ ਦੱਸ ਕੇ ਪ੍ਰੈਸ ਨੋਟ ਜਾਰੀ ਕਰਵਾਏ ਜਾ ਰਹੇ ਹਨ, ਉਨ੍ਹਾਂ ਨੇ ਇਕ ਵਾਰ ਵੀ ਸਾਹਮਣੇ ਆ ਕੇ ਕੈਪਟਨ ਦੇ ਹੱਕ ਵਿਚ ਆਵਾਜ਼ ਨਹੀਂ ਚੁੱਕੀ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਬਾਗੀਆਂ ਵਾਲੇ ਧੜੇ ਵਿਚ ਸ਼ਾਮਲ ਦੱਸਿਆ ਜਾ ਰਿਹਾ ਹੈ। ਕੈਬਨਿਟ ਮੀਟਿੰਗ ਵਿਚ ਉਹ ਕੈਪਟਨ ਨੂੰ ਆਪਣੇ ਅਸਤੀਫੇ ਦੀ ਪੇਸ਼ਕਸ਼ ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਵ੍ਹਟਸਐਪ `ਤੇ ਕਾਫੀ ਸਮੇਂ ਤੋਂ ਲਗਾਈ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਅਤੇ ਕੈਪਟਨ 2022 ਵਾਲੀ ਡੀ.ਪੀ. ਉਤਾਰ ਲਈ। ਇਹ ਡੀ.ਪੀ. ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਚੋਣਾਂ ਦੀ ਅਗਵਾਈ ਕਰਨ ਦੇ ਮੰਤਵ ਨਾਲ ਲਗਾਈ ਗਈ ਸੀ। ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਵੱਲੋਂ ਆਪਣੇ ਪੱਧਰ ਉਤੇ ਹੀ ਆਪਣੇ ਹੱਕ ਵਿਚ ਮੰਤਰੀਆਂ ਦੇ ਪ੍ਰੈਸ ਨੋਟ ਜਾਰੀ ਕਰਵਾਏ ਜਾ ਰਹੇ ਹਨ ਜਦੋਂ ਕਿ ਖੁੱਲ੍ਹ ਕੇ ਉਸ ਦੀ ਕੋਈ ਵੀ ਹਮਾਇਤ ਨਹੀਂ ਕਰ ਰਿਹਾ।
ਯਾਦ ਰਹੇ ਕਿ ਆਪਣੇ ਸਿਆਸੀ ਵਿਰੋਧੀਆਂ ਤੇ ਪਾਰਟੀ ਅੰਦਰ ਆਵਾਜ਼ ਚੁੱਕਣ ਵਾਲਿਆਂ ਖਿਲਾਫ ਭਾਜਪਾ ਅਜਿਹੀ ਹੀ ਰਣਨੀਤੀ ਅਪਣਾ ਰਹੀ ਹੈ। ਚੋਣਾਂ ਵੇਲੇ ਸਿਆਸੀ ਆਗੂਆਂ ਨੂੰ ਪੁਰਾਣੇ ਕੇਸ ਖੋਲ੍ਹਣ ਦੀ ਧਮਕੀ ਭਾਜਪਾ ਦਾ ਸਭ ਤੋਂ ਵੱਡਾ ਹਥਿਆਰ ਰਿਹਾ ਹੈ ਜਿਸ ਦੀ ਵਰਤੋਂ ਪੱਛਮੀ ਬੰਗਾਲ ਚੋਣਾਂ ਵਿਚ ਖੁੱਲ੍ਹ ਕੇ ਹੋਈ। ਵੱਡੀ ਗਿਣਤੀ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਤੇ ਮੰਤਰੀਆਂ ਦਾ ਭਾਜਪਾ ਨਾਲ ਰਲਣਾ ਇਸੇ ਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਚੋਣਾਂ ਪਿੱਛੋਂ ਤ੍ਰਿਣਮੂਲ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਗ੍ਰਿਫਤਾਰੀਆਂ ਇਸ ਦੀ ਪੁਸ਼ਟੀ ਕਰ ਰਹੀਆਂ ਹਨ।
ਸੀ.ਬੀ.ਆਈ. ਨੇ ਮਮਤਾ ਸਰਕਾਰ ਦੇ ਦੋ ਮੰਤਰੀਆਂ ਫਿਰਹਾਦ ਹਕੀਮ ਤੇ ਸੁਬਰਤਾ ਮੁਖਰਜੀ, ਵਿਧਾਇਕ ਮਦਨ ਮਿੱਤਰਾ ਤੇ ਕਲਕੱਤਾ ਦੇ ਸਾਬਕ ਮੇਅਰ ਸੋਵਨ ਚੱਟੋਪਾਧਿਆ ਨੂੰ ਨਾਰਦਾ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ। ਨਾਰਦਾ ਰਿਸ਼ਵਤ ਮਾਮਲਾ 2014 ਦਾ ਹੈ ਜਦੋਂ ਦਿੱਲੀ ਤੋਂ ਗਏ ਇਕ ਪੱਤਰਕਾਰ ਨੇ ਫਰਜ਼ੀ ਕੰਪਨੀ ਬਣਾ ਕੇ ਤਤਕਾਲੀ ਮੰਤਰੀਆਂ, ਵਿਧਾਇਕਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਪੈਸਾ ਦੇਣ ਦਾ ਸਟਿੰਗ ਅਪਰੇਸ਼ਨ ਕੀਤਾ ਸੀ। ਮੀਟਿੰਗ ਵਿਚ ਜਿਹੜੇ ਸਿਆਸੀ ਆਗੂ ਪੈਸੇ ਲੈਂਦੇ ਦਿਖਾਈ ਦਿੱਤੇ ਸਨ, ਉਨ੍ਹਾਂ ਵਿਚ ਹੁਣ ਗ੍ਰਿਫਤਾਰ ਕੀਤੇ ਚਾਰਾਂ ਆਗੂਆਂ ਦੇ ਨਾਲ-ਨਾਲ ਭਾਜਪਾ ਵਿਚ ਸ਼ਾਮਲ ਹੋਏ ਸਵੇਂਦੂ ਅਧਿਕਾਰੀ ਤੇ ਮੁਕੁਲ ਰਾਏ ਵੀ ਸ਼ਾਮਲ ਸਨ। ਸਵੇਂਦੂ ਅਧਿਕਾਰੀ ਹੁਣ ਵਿਧਾਨ ਸਭਾ ਵਿਚ ਭਾਜਪਾ ਦਾ ਆਗੂ ਹੈ। ਸਵਾਲ ਕੀਤਾ ਜਾ ਰਿਹਾ ਹੈ ਕਿ ਇਸ ਕੇਸ ਵਿਚ ਭਾਜਪਾ ਵਿਚ ਚਲੇ ਗਏ ਆਗੂਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ।
ਭਾਜਪਾ ਆਪਣੇ ਏਜੰਡੇ ਨੂੰ ਹਰ ਹਾਲ ਵਿਚ ਲਾਗੂ ਕਰਨ ਦੇ ਮਕਸਦ ਨਾਲ ਤਾਕਤਾਂ ਦੇ ਕੇਂਦਰੀਕਰਨ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾ ਰਹੀ ਹੈ। ਭਾਜਪਾ ਵੱਲੋਂ ਬਾਗੀਆਂ ਤੇ ਸਿਆਸੀ ਵਿਰੋਧੀਆਂ ਖਿਲਾਫ ਇਸ ਹਥਿਆਰ ਦੀ ‘ਸਫਲ ਵਰਤੋਂ` ਨੇ ਹੋਰ ਧਿਰਾਂ ਨੂੰ ਵੀ ਲਲਚਾਇਆ। ਪੰਜਾਬ ਵਿਚ ਤਾਜ਼ਾ ਸਿਆਸੀ ਹਾਲਾਤ ਨੂੰ ਇਸੇ ਰਣਨੀਤੀ ਨਾਲ ਜੋੜਿਆ ਜਾ ਰਿਹਾ ਹੈ। ਕਾਂਗਰਸ ਦਾ ਇਕ ਵੱਡਾ ਧੜਾ ਕੈਪਟਨ ਨੂੰ 2022 ਦੀਆਂ ਚੋਣਾਂ ਵਿਚ ਮੁੱਖ ਮੰਤਰੀ ਉਮੀਦਵਾਰ ਵਜੋਂ ਵੇਖਣ ਤੋਂ ਬਾਗੀ ਹੈ। ਇਨ੍ਹਾਂ ਆਗੂਆਂ ਦਾ ਤਰਕ ਹੈ ਕਿ ਕੈਪਟਨ ਦੀਆਂ ਨਕਾਮੀਆਂ ਕਾਂਗਰਸ ਦਾ ਵੱਡਾ ਨੁਕਸਾਨ ਕਰ ਸਕਦੀਆਂ ਹਨ। ਹਾਈਕਮਾਨ ਦੀ ਚੁੱਪ ਤੋਂ ਜਾਪ ਰਿਹਾ ਹੈ ਕਿ ਉਹ ਵੀ ਹਾਲੇ ਪਾਸੇ ਖੜ੍ਹ ਕੇ ਤਮਾਸ਼ਾ ਵੇਖ ਰਹੀ ਹੈ।
______________________________________

ਕਾਂਗਰਸ ਨੇ ਵਿਜੀਲੈਂਸ ਜਾਂਚ ਨੂੰ ਅਫਵਾਹ ਦੱਸਿਆ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਪਾਰਟੀ ਦੇ ਆਗੂਆਂ ਖਿਲਾਫ ਵਿਜੀਲੈਂਸ ਜਾਂਚ ਦੀ ਗੱਲ ਕੋਰੀ ਅਫਵਾਹ ਹੈ ਅਤੇ ਜ਼ਮੀਨੀ ਪੱਧਰ `ਤੇ ਇਸ `ਚ ਕੋਈ ਸੱਚਾਈ ਨਹੀਂ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਬਦਲੇ ਦੀ ਰਾਜਨੀਤੀ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਅਸੂਲ ਰਿਹਾ ਹੈ ਕਿ ਇਹ ਸੰਵਿਧਾਨਕ ਅਦਾਰਿਆਂ ਦਾ ਆਪਣੇ ਨਿੱਜੀ ਹਿੱਤਾਂ ਲਈ ਇਸਤੇਮਾਲ ਨਹੀਂ ਕਰਦੀ ਹੈ ਅਤੇ ਆਪਣੇ ਵਿਧਾਇਕ ਖਿਲਾਫ ਅਜਿਹਾ ਕਰਨ ਦਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਹੈ।