ਇਜ਼ਰਾਈਲ-ਫਲਸਤੀਨ ਟਕਰਾਅ ਕਾਰਨ ਹਾਲਾਤ ਵਿਗੜੇ

ਗਾਜ਼ਾ ਸਿਟੀ: ਇਜ਼ਰਾਇਲੀ ਅਤੇ ਫਲਸਤੀਨੀਆਂ ਦਰਮਿਆਨ ਟਕਰਾਅ ਦੇ ਹਿੰਸਕ ਰੂਪ ਲੈਣ ਕਾਰਨ ਹਾਲਾਤ ਬਹੁਤ ਵਿਗੜ ਰਹੇ ਹਨ। ਗਾਜ਼ਾ ਸਿਹਤ ਮਹਿਕਮੇ ਮੁਤਾਬਕ ਹੁਣ ਤੱਕ 201 ਫਲਸਤੀਨੀ ਹਮਲਿਆਂ ਵਿਚ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿਚ 58 ਬੱਚੇ ਤੇ 34 ਔਰਤਾਂ ਸ਼ਾਮਲ ਹਨ। ਉਤਰੀ ਗਾਜ਼ਾ ਦੇ ਇਸਲਾਮਿਕ ਜਹਾਦ ਕਮਾਂਡਰ ਹੁਸਾਮ ਅਬੂ ਹਰਬੀਦ ਦੇ ਮਰਨ ਤੋਂ ਬਾਅਦ ਦਹਿਸ਼ਤਗਰਦ ਗਰੁੱਪ ਹਮਾਸ ਨੇ ਹਮਲੇ ਤਿੱਖੇ ਕਰ ਦਿੱਤੇ ਹਨ। ਇਕ ਇਜ਼ਰਾਇਲੀ ਜਨਰਲ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਜੰਗ ਨੂੰ ‘ਸਦਾ ਲਈ` ਵੀ ਜਾਰੀ ਰੱਖ ਸਕਦਾ ਹੈ।

ਗਾਜ਼ਾ ਦੇ ਕੱਟੜਪੰਥੀ ਹਮਾਸ ਸ਼ਾਸਕਾਂ ਨਾਲ ਲੜਾਈ ਸ਼ੁਰੂ ਹੋਣ ਤੋਂ ਬਾਅਦ ਤੋਂ ਇਜ਼ਰਾਈਲ ਦੇ ਇਕ ਹਮਲੇ `ਚ ਮਰਨ ਵਾਲੇ ਲੋਕਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਪਿਛਲੇ ਮਹੀਨੇ ਯੋਰੋਸ਼ਲਮ `ਚ ਤਣਾਅ ਮਗਰੋਂ ਸ਼ੁਰੂ ਹੋਇਆ ਇਹ ਸੰਘਰਸ਼ ਵੱਡੇ ਪੱਧਰ `ਤੇ ਫੈਲ ਗਿਆ ਹੈ। ਅਰਬ ਤੇ ਯਹੂਦੀਆਂ ਦੀ ਰਲੀ ਮਿਲੀ ਆਬਾਦੀ ਵਾਲੇ ਇਜ਼ਰਾਇਲੀ ਸ਼ਹਿਰਾਂ `ਚ ਰੋਜ਼ਾਨਾ ਹਿੰਸਾ ਦੇਖੀ ਜਾ ਰਹੀ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਲੜਾਈ ਦੌਰਾਨ ਪੱਛਮੀ ਕੰਢੇ `ਚ ਵੀ ਫਲਸਤੀਨੀਆਂ ਨੇ ਵੱਡੇ ਪੱਧਰ `ਤੇ ਪ੍ਰਦਰਸ਼ਨ ਕੀਤਾ ਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਦੀ ਕਈ ਸ਼ਹਿਰਾਂ `ਚ ਇਜ਼ਰਾਇਲੀ ਸੈਨਾ ਨਾਲ ਝੜਪ ਹੋਈ। ਇਹ ਹਿੰਸਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਫਲਸਤੀਨੀ ‘ਨਕਬਾ ਦਿਵਸ` ਮਨਾ ਰਹੇ ਹਨ ਜੋ 1948 ਦੀ ਜੰਗ `ਚ ਇਜ਼ਰਾਈਲ ਵੱਲੋਂ ਮਾਰੇ ਗਏ ਹਜ਼ਾਰਾਂ ਫਲਸਤੀਨੀਆਂ ਦੀ ਯਾਦ `ਚ ਮਨਾਇਆ ਜਾਂਦਾ ਹੈ। ਇਸ ਨਾਲ ਸੰਘਰਸ਼ ਹੋਰ ਮਘਣ ਦਾ ਖਦਸ਼ਾ ਵਧ ਗਿਆ ਹੈ।
ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਬਹਾਲੀ ਲਈ ਵੀ ਕੌਮਾਂਤਰੀ ਪੱਧਰ `ਤੇ ਆਵਾਜ਼ ਉਠ ਰਹੀ ਹੈ। ਇਸੇ ਦੌਰਾਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਰਾਜਦੂਤਾਂ ਤੇ ਮੁਸਲਿਮ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਐਮਰਜੈਂਸੀ ਬੈਠਕ ਕਰ ਕੇ ਮੰਗ ਕੀਤੀ ਹੈ ਕਿ ਲੋਕਾਂ ਦਾ ਕਤਲੇਆਮ ਰੋਕਿਆ ਜਾਵੇ।
ਚੇਤੇ ਰਹੇ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਪੁਰਾਣੇ ਸ਼ਹਿਰ ਦੇ ਬਾਹਰ ਇਜ਼ਰਾਇਲੀ ਪੁਲਿਸ ਨੇ ਫਲਸਤੀਨੀਆਂ ਦੇ ਇਕੱਠੇ ਹੋਣ ਉਤੇ ਰੋਕ ਲਗਾਉਣ ਲਈ ਬੈਰੀਕੇਡ ਲਗਾ ਦਿੱਤੇ ਸਨ। ਆਪਣੇ ਮਕਾਨਾਂ ਦੀ ਮਾਲਕੀ ਦੇ ਹੱਕ ਲਈ ਸੁਪਰੀਮ ਕੋਰਟ ਤੱਕ ਲੜਾਈ ਲੜ ਰਹੇ ਫਲਸਤੀਨੀਆਂ ਨੂੰ ਜਬਰੀ ਉਠਾਏ ਜਾਣ ਦਾ ਡਰ ਪੈਦਾ ਹੋਣ ਕਾਰਨ ਸੈਂਕੜੇ ਫਲਸਤੀਨੀਆਂ ਨੇ ਰੋਸ ਮੁਜ਼ਾਹਰਾ ਕੀਤਾ ਪਰ ਇਜ਼ਰਾਇਲੀ ਪੁਲਿਸ ਨਾਲ ਹੋਏ ਝਗੜੇ ਦੌਰਾਨ ਦਰਜਨਾਂ ਫਲਸਤੀਨੀ ਫੱਟੜ ਹੋ ਗਏ। ਇਸੇ ਦੌਰਾਨ ਗਾਜ਼ਾ ਪੱਟੀ ਉਤੇ ਫਲਸਤੀਨੀ ਜਥੇਬੰਦੀ ਹਮਾਸ ਨੇ ਇਜ਼ਰਾਇਲੀ ਆਬਾਦੀ ਵਾਲੇ ਖੇਤਰ ਵਿਚ ਰਾਕਟ ਲਾਂਚਰ ਦਾਗਣੇ ਸ਼ੁਰੂ ਕਰ ਦਿੱਤੇ।
ਮਸਲਾ ਅਸਲ `ਚ ਇਜ਼ਰਾਈਲ ਦੇ ਹੋਂਦ `ਚ ਆਉਣ ਵੇਲੇ ਦਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ 1948 `ਚ ਫਲਸਤੀਨੀ ਖੇਤਰ ਵਿਚ ਹੀ ਇਜ਼ਰਾਈਲ ਨਾਮ ਦਾ ਨਵਾਂ ਦੇਸ਼ ਬਣਾਇਆ ਗਿਆ। 1967 ਤੋਂ ਪਹਿਲਾਂ ਪੂਰਬੀ ਯੋਰੋਸ਼ਲਮ `ਤੇ ਜੌਰਡਨ ਦਾ ਕਬਜ਼ਾ ਸੀ, 1967 ਤੋਂ ਪੂਰਬੀ ਯੋਰੋਸ਼ਲਮ `ਤੇ ਇਜ਼ਰਾਈਲ ਕਾਬਜ਼ ਹੋ ਗਿਆ। ਉਸ ਪਿੱਛੋਂ ਇਜ਼ਰਾਈਲ ਨੇ ਪੂਰਬੀ ਯੋਰੋਸ਼ਲਮ ਵਿਖੇ ਰਹਿੰਦੇ ਫਲਸਤੀਨੀਆਂ ਨੂੰ ਜਬਰੀ ਉਠਾ ਦਿੱਤਾ। ਫਿਰ ਵੀ ਕਈ ਪਰਿਵਾਰ ਆਪਣੇ ਘਰਾਂ `ਚ ਪਰਤ ਆਏ ਤੇ ਉਨ੍ਹਾਂ ਮਾਲਕੀ ਦੇ ਹੱਕ ਹਾਸਲ ਕਰਨ ਲਈ ਅਦਾਲਤੀ ਰਾਹ ਅਪਣਾਇਆ। 2014 ਵਿਚ ਵੀ ਇਜ਼ਰਾਈਲ ਅਤੇ ਹਮਾਸ ਦਰਮਿਆਨ ਜ਼ੋਰਦਾਰ ਝੜਪਾਂ ਹੋਈਆਂ ਸਨ। ਅਮਰੀਕਾ ਸ਼ੁਰੂ ਤੋਂ ਹੀ ਖੁੱਲ੍ਹੇ ਤੌਰ `ਤੇ ਇਜ਼ਰਾਈਲ ਦਾ ਪੱਖ ਪੂਰ ਰਿਹਾ ਹੈ। ਇਸੇ ਕਰ ਕੇ ਦਹਾਕਿਆਂ ਤੋਂ ਇਸ ਮਾਮਲੇ ਦਾ ਕੋਈ ਸਥਾਈ ਹੱਲ ਨਹੀਂ ਨਿਕਲ ਰਿਹਾ। ਹੁਣ ਟਕਰਾਅ ਦੇ ਹਿੰਸਕ ਰੂਪ ਲੈਣ ਕਾਰਨ ਹਾਲਾਤ ਮੁੜ ਵਿਗੜ ਰਹੇ ਹਨ।

ਆਸਟਰੇਲੀਆ ਦੇ ਸਰਕਾਰੀ ਸਕੂਲਾਂ `ਚ ਕਿਰਪਾਨ ਪਹਿਨਣ `ਤੇ ਪਾਬੰਦੀ
ਸਿਡਨੀ: ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ ਦੇ ਸਰਕਾਰੀ ਸਕੂਲਾਂ ਵਿਚ ਕਿਰਪਾਨ ਪਹਿਨਣ `ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬੇ ਦੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰਬੰਧਕੀ ਕਦਮ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਗਿਆ ਹੈ। ਸਿੱਖ ਹਲਕਿਆਂ ਨੇ ਇਸ ਨੂੰ ਸਰਕਾਰ ਵੱਲੋਂ ਕਾਹਲੀ ਵਿਚ ਲਿਆ ਗਿਆ ਫੈਸਲਾ ਕਿਹਾ। ਜਾਣਕਾਰੀ ਮੁਤਾਬਕ ਭਾਰਤੀ ਪੰਜਾਬੀਆਂ ਦੀ ਵੱਧ ਵਸੋਂ ਵਾਲੇ ਪੱਛਮੀ ਸਿਡਨੀ ਦੇ ਇਕ ਸਕੂਲ `ਚ 6 ਮਈ ਨੂੰ ਵਿਦਿਆਰਥੀਆਂ ਦੀ ਲੜਾਈ ਹੋ ਗਈ ਸੀ ਜਿਸ `ਚ ਇਕ 16 ਸਾਲਾ ਵਿਦਿਆਰਥੀ ਗੰਭੀਰ ਜਖਮੀ ਹੋ ਗਿਆ ਸੀ। ਉਸ ਦੇ ਢਿੱਡ ਵਿਚ ਇਕ 14 ਸਾਲਾ ਵਿਦਿਆਰਥੀ ਨੇ ਦੋ ਵਾਰ ਕਿਰਪਾਨ ਮਾਰੀ ਸੀ। ਪੁਲਿਸ ਨੇ ਹਮਲਾਵਰ ਵਿਦਿਆਰਥੀ ਉਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।