ਕਰੋਨਾ ਵਾਇਰਸ ਨਾਲ ਮੌਤਾਂ ਦੇ ਅੰਕੜੇ ਲੁਕਾਉਣ ਦਾ ਮਾਮਲਾ ਭਖਿਆ

ਨਵੀਂ ਦਿੱਲੀ: ਭਾਰਤ ਵਿਚ ਕਰੋਨਾ ਮਹਾਮਾਰੀ ਨਾਲ ਮੌਤਾਂ ਦੇ ਅੰਕੜੇ ਲੁਕਾਉਣ ਦਾ ਮਾਮਲਾ ਭਖਣ ਲੱਗਾ ਹੈ। ਕਾਂਗਰਸ ਨੇ ਕੁਝ ਰਾਜਾਂ ਤੇ ਖਾਸ ਤੌਰ ‘ਤੇ ਗੁਜਰਾਤ ‘ਚ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਕਰਕੇ ਦਿਖਾਉਣ ਦਾ ਦੋਸ਼ ਲਾਇਆ ਅਤੇ ਕੇਂਦਰ ਤੇ ਰਾਜ ਸਰਕਾਰ ਦੋਵਾਂ ਤੋਂ ਸਪੱਸ਼ਟੀਕਰਨ ਮੰਗਿਆ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸੈਲਜਾ ਨੇ ਕਿਹਾ ਕਿ ਹਰਿਆਣਾ ਸਰਕਾਰ ਕਰੋਨਾ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ ਅਤੇ ਪੀ.ਐਮ. ਕੇਅਰ ਫੰਡ ਤੋਂ ਮਿਲਣ ਵਾਲੇ ਵੈਂਟੀਲੇਟਰ ਜਾਂ ਹੋਰ ਸਹੂਲਤਾਂ ਨੂੰ ਲੁਕਾ ਰਹੀ ਹੈ।

ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਬੈੱਡਾਂ ਨਹੀਂ ਮਿਲ ਰਹੇ। ਪਿੰਡਾਂ ਵਿਚ ਹਾਲਾਤ ਵਿਗੜਦੇ ਜਾ ਰਹੇ ਹਨ। ਸੂਬਾ ਸਰਕਾਰ ਨੂੰ ਸਾਰੀ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ। ਹਰਿਆਣਾ ਕਾਂਗਰਸ ਦੀ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਪਿੰਡਾਂ ‘ਚ ਕਰੋਨਾ ਕਰਕੇ ਰੋਜ਼ਾਨਾ ਸੈਂਕੜੇ ਮੌਤਾਂ ਹੋ ਰਹੀਆਂ ਹਨ। ਸਿਰਸਾ ਦੇ ਪਿੰਡ ਮੰਡੀ ਕਾਲਾਂਵਾਲੀ ਅਤੇ ਰੋੜੀ ਵਿਚ ਸਰਕਾਰੀ ਅੰਕੜਿਆਂ ਅਨੁਸਾਰ 7-7 ਦੀ ਮੌਤਾਂ ਹੋਈਆਂ ਹਨ ਪਰ ਪਿੰਡ ਵਾਸੀਆਂ ਅਨੁਸਾਰ 10 ਦਿਨਾਂ ਵਿਚ 13 ਮੌਤਾਂ ਹੋ ਚੁੱਕੀਆਂ ਹਨ। ਪਿੰਡ ਚੌਟਾਲਾ ਦੇ ਹਰ ਘਰ ਵਿਚ ਕਰੋਨਾ ਮਰੀਜ਼ ਹਨ। ਰੋਹਤਕ ਤੇ ਹਿਸਾਰ ਦੇ ਕੁਝ ਪਿੰਡਾਂ ਵਿਚ 50-50 ਮੌਤਾਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਪਲਵਲ ਦੇ ਪਿੰਡ ਔਰੰਗਾਬਾਦ ਤੇ ਮਿਤਰੋਲ ਵਿੱਚ ਵੀ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਕਾਂਗਰਸ ਆਗੂਆਂ ਪੀ ਚਿਦੰਬਰਮ ਤੇ ਸ਼ਕਤੀ ਸਿੰਘ ਗੋਹਿਲ ਨੇ ਦੋਸ਼ ਲਾਇਆ ਕਿ ਇਸ ਸਾਲ ਗੁਜਰਾਤ ‘ਚ 2020 ਮੁਕਾਬਲੇ ਦੁੱਗਣੀਆਂ ਮੌਤਾਂ ਹੋਈਆਂ ਹਨ ਅਤੇ ਦਾਅਵਾ ਕੀਤਾ ਕਿ ਇਸ ਵਾਧੇ ਨੂੰ ਸੁਭਾਵਿਕ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਇਸ ਲਈ ਸਿਰਫ ਮਹਾਮਾਰੀ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਦੋਵਾਂ ਆਗੂਆਂ ਨੇ ਇਕ ਖਬਰ ਦਾ ਹਵਾਲਾ ਦਿੱਤਾ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਗੁਜਰਾਤ ਨੇ 1 ਮਾਰਚ ਤੋਂ 10 ਮਈ ਵਿਚਾਲੇ ਤਕਰੀਬਨ 1.23 ਲੱਖ ਮੌਤ ਸਰਟੀਫਿਕੇਟ ਜਾਰੀ ਕੀਤੇ ਹਨ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਤਕਰੀਬਨ 58 ਹਜ਼ਾਰ ਮੌਤ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਰਾਜ ਦੇ 33 ਜਿਲ੍ਹਿਆਂ ਤੋਂ ਅੰਕੜੇ ਇਕੱਠੇ ਕਰਨ ਤੋਂ ਬਾਅਦ ਇਸ ਦੀ ਪੁਸ਼ਟੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਕੱਠੇ ਕੀਤੇ ਗਏ ਮੌਤ ਸਰਟੀਫਿਕੇਟਾਂ ਦੀ ਗਿਣਤੀ ਪ੍ਰਕਾਸ਼ਿਤ ਗਿਣਤੀ ਨਾਲ ਤਕਰੀਬਨ ਮੇਲ ਖਾਂਦੀ ਹੈ ਅਤੇ ਇਹ ਪਿਛਲੇ ਸਾਲ ਦੇ 58068 ਸਰਟੀਫਿਕੇਟਾਂ ਮੁਕਾਬਲੇ 1,23,873 ਬਣਦੀ ਹੈ। ਹਾਲਾਂਕਿ ਗੁਜਰਾਤ ਸਰਕਾਰ ਨੇ ਇਸ ਦੌਰਾਨ ਅਧਿਕਾਰਤ ਤੌਰ ‘ਤੇ ਕਰੋਨਾ ਕਾਰਨ ਸਿਰਫ 4218 ਮੌਤਾਂ ਹੋਣ ਦੀ ਗੱਲ ਕਹੀ ਹੈ।
ਚਿਦੰਬਰਮ ਨੇ ਕਿਹਾ ਕਿ ਮੌਤ ਸਰਟੀਫਿਕੇਟਾਂ ਦੀ ਗਿਣਤੀ ‘ਚ ਵਾਧੇ ਅਤੇ ਕੋਵਿਡ-19 ਨਾਲ ਸਬੰਧਤ ਅਧਿਕਾਰਤ ਮੌਤਾਂ ਵਿਚਾਲੇ ਫਰਕ ਨੂੰ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਾਨੂੰ ਸ਼ੱਕ ਹੈ ਕਿ ਮੌਤਾਂ ਦੀ ਵਧੀ ਹੋਈ ਗਿਣਤੀ ਦਾ ਵੱਡਾ ਹਿੱਸਾ ਕੋਵਿਡ-19 ਕਾਰਨ ਅਤੇ ਰਾਜ ਸਰਕਾਰ ਮੌਤਾਂ ਦੀ ਸਹੀ ਗਿਣਤੀ ਨੂੰ ਦਬਾ ਰਹੀ ਹੈ।‘
ਦੇਹਰਾਦੂਨ ਦੇ ਇਕ ਨਿੱਜੀ ਹਸਪਤਾਲ ਨੇ 15 ਦਿਨਾਂ ਵਿਚ ਕਰੋਨਾ ਕਾਰਨ ਮਰੇ 65 ਮਰੀਜ਼ਾਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਨਹੀਂ ਦਿੱਤੀ। ਰਾਜ ਸਰਕਾਰ ਦੇ ਬੁਲਾਰੇ ਤੇ ਕੈਬਨਿਟ ਮੰਤਰੀ ਸੁਬੋਧ ਉਨੀਆਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਥੋਂ ਦੇ ਬਾਬਾ ਬਰਫਾਨੀ ਹਸਪਤਾਲ ਵਿਚ 25 ਅਪਰੈਲ ਤੋਂ 12 ਮਈ ਦਰਮਿਆਨ 65 ਮੌਤਾਂ ਹੋਈਆਂ ਪਰ ਇਸ ਦੀ ਜਾਣਕਾਰੀ ਰਾਜ ਦੇ ਕੋਵਿਡ ਕੰਟਰੋਲ ਰੂਮ ਨੂੰ ਨਹੀਂ ਦਿੱਤੀ ਗਈ।
_______________________________________
ਕੋਵਿਡ ਕੇਸਾਂ ਦੇ ਅੰਕੜੇ ਨਾ ਲੁਕੋਣ ਸੂਬੇ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਹਾਤੀ ਖੇਤਰਾਂ ਵਿਚ ਸਿਹਤ ਸੰਭਾਲ ਢਾਂਚੇ ਦੇ ਵਿਸਤਾਰ ‘ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਟੈਸਟ ਕਰਨ ਤੇ ਨਿਗਰਾਨੀ ਰੱਖਣ ਦੀ ਲੋੜ ਹੈ। ਮੋਦੀ ਨੇ ਜੋਰ ਦਿੱਤਾ ਕਿ ਸਥਾਨਕ ਪੱਧਰ ਉਤੇ ਕੰਟੇਨਮੈਂਟ ਰਣਨੀਤੀ ਸਮੇਂ ਦੀ ਲੋੜ ਹੈ, ਖਾਸ ਤੌਰ ਉਤੇ ਉਨ੍ਹਾਂ ਸੂਬਿਆਂ ਵਿਚ ਜਿਥੇ ਪਾਜੇਟਿਵਿਟੀ ਦਰ ਬਹੁਤ ਜਿਆਦਾ ਹੈ। ਇਕ ਉੱਚ ਪੱਧਰੀ ਬੈਠਕ ਦੀ ਅਗਵਾਈ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ ਕੋਵਿਡ-19 ਕੇਸਾਂ ਦੀ ਗਿਣਤੀ ਪਾਰਦਰਸ਼ਤਾ ਨਾਲ ਦੱਸਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਰਾਜਾਂ ਨੂੰ ‘ਇਸ ਗੱਲ ਦੇ ਦਬਾਅ ਹੇਠ ਬਿਲਕੁਲ ਨਹੀਂ ਆਉਣਾ ਚਾਹੀਦਾ ਕਿ ਵੱਡੀ ਗਿਣਤੀ ਕੇਸ ਉਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਨੂੰ ਦਰਸਾਉਣਗੇ।‘ ਜਿਕਰਯੋਗ ਹੈ ਕਿ ਕਈ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸੂਬੇ ਕੇਸਾਂ ਦੀ ਸਹੀ ਗਿਣਤੀ ਨਹੀਂ ਦੱਸ ਰਹੇ।