ਕੈਪਟਨ ਖਿਲਾਫ ਬੋਲਣ ਵਾਲੇ ਸਿੱਧੂ ਉਤੇ ਵਿਜੀਲੈਂਸ ਦੇ ਸ਼ਿਕੰਜੇ ਦੀ ਤਿਆਰੀ

ਮੁਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਦੂਜੇ ਖਿਲਾਫ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਬਾਅਦ ਜਿਥੇ ਸਿਆਸੀ ਮਾਹੌਲ ਭਖ ਗਿਆ ਹੈ, ਉਥੇ ਸਰਕਾਰ ਦਾ ਇਸ਼ਾਰਾ ਮਿਲਦੇ ਹੀ ਵਿਜੀਲੈਂਸ ਅਧਿਕਾਰੀਆਂ ਨੇ ਨਵਜੋਤ ਸਿੱਧੂ ਨੂੰ ਕਥਿਤ ਤੌਰ ‘ਤੇ ਡੱਕਣ ਲਈ ਦਫਤਰੀ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਇਥੋਂ ਦੇ ਸੈਕਟਰ-68 ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫਤਰ ਵਿਚ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਐਸ.ਐਸ.ਪੀ. ਪਰਮਪਾਲ ਸਿੰਘ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੁਝ ਪੁਰਾਣੀਆਂ ਫਾਈਲਾਂ ਦੀ ਫਰੋਲਾ-ਫਰੋਲੀ ਕੀਤੀ ਗਈ।

ਵਿਜੀਲੈਂਸ ਨੇ ਕੁਝ ਅਹਿਮ ਫਾਈਲਾਂ ਅਤੇ ਦਸਤਾਵੇਜ਼ ਕਬਜ਼ੇ ਵਿਚ ਲੈ ਕੇ ਅੰਦਰਖਾਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਵਿਜੀਲੈਂਸ ਦੇ ਇਕ ਉੱਚ ਅਧਿਕਾਰੀ ਨੇ ਕੀਤੀ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ‘ਤੇ ਕਾਨੂੰਨੀ ਸ਼ਿਕੰਜਾ ਕੱਸਣ ਲਈ ਸਭ ਤੋਂ ਪਹਿਲਾਂ ਉਸ ਦੇ ਕੁਝ ਕਰੀਬੀਆਂ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਸਿੱਧੂ ਦੇ ਸਾਬਕਾ ਓ.ਐੱਸ.ਡੀ. ਅਤੇ ਇਕ ਨਿੱਜੀ ਸਹਾਇਕ ਖਿਲਾਫ ਕਾਰਵਾਈ ਹੋਣ ਦੇ ਸੰਕੇਤ ਮਿਲੇ ਹਨ। ਇਨ੍ਹਾਂ ਦੋਹਾਂ ਕਰਮਚਾਰੀਆਂ ‘ਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਵਿਕਾਸ ਪ੍ਰੋਜੈਕਟਾਂ, ਜ਼ਮੀਨ ਅਲਾਟਮੈਂਟ ਸਮੇਤ ਬਿੱਲਾਂ ਦੇ ਭੁਗਤਾਨ ਆਦਿ ਕੰਮ ਸਿੱਧੂ ਨੂੰ ਭਰੋਸੇ ਵਿਚ ਲੈ ਕੇ ਕਰਵਾਉਣ ਦੇ ਦੋਸ਼ ਲੱਗੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੇ ਕੈਬਨਿਟ ਮੰਤਰੀ ਹੁੰਦਿਆਂ ਅਜਿਹੇ ਕਈ ਕਥਿਤ ਘੁਟਾਲੇ ਸਿਆਸੀ ਦਬਾਅ ਕਾਰਨ ਦੱਬੇ ਜਾਂਦੇ ਰਹੇ ਹਨ ਅਤੇ ਹੁਣ ਜਦੋਂ ਸਿੱਧੂ ਅਤੇ ਮੁੱਖ ਮੰਤਰੀ ਸਿਆਸੀ ਤੌਰ ‘ਤੇ ਇਕ ਦੂਜੇ ਖਿਲਾਫ ਸਾਹਮਣੇ ਆ ਗਏ ਹਨ ਤਾਂ ਅਜਿਹੇ ਸਮੇਂ ਸਿੱਧੂ ਦੀਆਂ ਮੁੱਖ ਮੰਤਰੀ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਕਾਨੂੰਨੀ ਪੈਂਤੜਾ ਖੇਡਿਆ ਜਾ ਰਿਹਾ ਹੈ। ਪਹਿਲਾਂ ਵੀ ਜਦੋਂ ਕਿਸੇ ਵੱਡੇ ਸਿਆਸਤਦਾਨ ਖਿਲਾਫ ਕੋਈ ਵਿਅਕਤੀ ਸੱਚ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਦੀ ਆਵਾਜ਼ ਦਬਾਉਣ ਲਈ ਹੁਕਮਰਾਨਾਂ ਵੱਲੋਂ ਵਿਜੀਲੈਂਸ, ਸੀ.ਬੀ.ਆਈ. ਅਤੇ ਐਨ.ਆਈ.ਏ. ਨੂੰ ਆਪਣੇ ਬਚਾਅ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਰਿਹਾ ਹੈ। ਜਾਣਕਾਰੀ ਅਨੁਸਾਰ ਸੱਤਾਧਾਰੀ ਦਲ ਨੇ ਮਾਈਨਿੰਗ, ਗੁੰਡਾ ਪਰਚੀ, ਨਕਲੀ ਸ਼ਰਾਬ, ਟਰਾਂਸਪੋਰਟ, ਸ਼ਹਿਰੀ ਜਾਇਦਾਦ ਅਤੇ ਸਰਕਾਰੀ ਠੇਕਿਆਂ ਨਾਲ ਸਬੰਧਤ ਰਹੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਸੀਨੀਅਰ ਆਗੂਆਂ ਦੀਆਂ ਫਾਈਲਾਂ ਵੀ ਤਿਆਰ ਕਰ ਕੇ ਰੱਖੀਆਂ ਹੋਈਆਂ ਹਨ ਤਾਂ ਜੋ ਉਨ੍ਹਾਂ ਵੱਲੋਂ ਬਗਾਵਤ ਕਰਨ ‘ਤੇ ਅਜਿਹੀ ਕਾਰਵਾਈ ਕੀਤੀ ਜਾ ਸਕੇ।
__________________________________________
ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਪੁੱਜਾ ਹਾਈਕਮਾਨ ਕੋਲ
ਚੰਡੀਗੜ੍ਹ: ਪੰਜਾਬ ਕਾਂਗਰਸ ‘ਚ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਅਤੇ ਬਾਦਲ ਪ੍ਰਤੀ ਸਰਕਾਰ ਦੀ ਨਰਮੀ ਦੇ ਦੋਸ਼ਾਂ ਨੂੰ ਲੈ ਕੇ ਉਠਿਆ ਵਿਰੋਧ ਪਾਰਟੀ ਹਾਈਕਮਾਨ ਤੱਕ ਪੁੱਜ ਗਿਆ ਹੈ ਅਤੇ ਪਾਰਟੀ ਸੂਤਰਾਂ ਅਨੁਸਾਰ ਮਸਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਹਾਈਕਮਾਨ ਵੱਲੋਂ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਕੁਝ ਦਿਨਾਂ ਤੱਕ ਖੁਦ ਦੋਵਾਂ ਧਿਰਾਂ ਦੇ ਵਿਚਾਰ ਸੁਣਨਗੇ। ਰਾਹੁਲ ਗਾਂਧੀ ਜੋ ਕਰੋਨਾ ਪਾਜੀਟਿਵ ਹੋਣ ਕਾਰਨ ਇਕਾਂਤਵਾਸ ‘ਚ ਸਨ, ਹੁਣ ਕਰੋਨਾ ਨੈਗੇਟਿਵ ਤਾਂ ਹੋ ਗਏ ਹਨ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਹੋਰ ਆਰਾਮ ਦੀ ਸਲਾਹ ਦਿੱਤੀ ਹੈ। ਸੂਚਨਾ ਅਨੁਸਾਰ ਪਾਰਟੀ ਹਾਈਕਮਾਨ ਦੇ ਦਖਲ ਕਾਰਨ ਹੀ ਨਾਰਾਜ਼ ਧੜੇ ਵਲੋਂ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ, ਹਾਲਾਂਕਿ ਇਸ ਧੜੇ ਵੱਲੋਂ ਮੀਟਿੰਗਾਂ ਤੇ ਸਰਗਰਮੀਆਂ ਜਾਰੀ ਹਨ। ਦੂਜੇ ਪਾਸੇ ਮੁੱਖ ਮੰਤਰੀ ਦੀ ਟੀਮ ਵੱਲੋਂ ਵੀ ਨਾਰਾਜ਼ ਵਿਧਾਇਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।