ਅਮਿਤਾਭ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਦੋ ਕਰੋੜ ਦੇਣ ਦਾ ਮਾਮਲਾ ਭਖਿਆ

ਅੰਮ੍ਰਿਤਸਰ: ਉਘੇ ਫਿਲਮ ਕਲਾਕਾਰ ਅਮਿਤਾਭ ਬੱਚਨ ਵੱਲੋਂ ਮਨੁੱਖਤਾ ਦੀ ਭਲਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੇ ਦੋ ਕਰੋੜ ਰੁਪਏ ਦਾ ਮਾਮਲਾ ਭਖ ਗਿਆ। ਕੁਝ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕਰਨ ਪਿੱਛੋਂ ਇਹ ਮਾਮਲਾ ਸ੍ਰੀ ਅਕਾਲ ਤਖਤ ‘ਤੇ ਪੁੱਜ ਗਿਆ ਹੈ। ਸ਼ਿਕਾਇਤਕਰਤਾਵਾਂ ਨੇ ਇਸ ਮਾਮਲੇ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਸ਼ਿਕਾਇਤ ਕਰਨ ਵਾਲਿਆਂ ਵਿਚ ਨਵੰਬਰ 1984 ਸਿੱਖ ਕਤਲੇਆਮ ਦੀ ਗਵਾਹ ਬੀਬੀ ਨਿਰਪ੍ਰੀਤ ਕੌਰ ਅਤੇ ਫੈਡਰੇਸ਼ਨ ਪੀਰ ਮੁਹੰਮਦ ਦੇ ਆਗੂ ਸਤਨਾਮ ਸਿੰਘ ਤੇ ਹੋਰ ਸ਼ਾਮਲ ਹਨ। ਇਨ੍ਹਾਂ ਨੇ ਈ-ਮੇਲ ਰਾਹੀਂ ਆਪਣੀ ਸ਼ਿਕਾਇਤ ਸ੍ਰੀ ਅਕਾਲ ਤਖਤ ਵਿਖੇ ਭੇਜੀ ਹੈ। ਇਸ ਤੋਂ ਇਲਾਵਾ ਕੁਝ ਵਿਅਕਤੀਆਂ ਵੱਲੋਂ ਫੋਨ ਸੁਨੇਹੇ ਰਾਹੀਂ ਵੀ ਇਸ ਸਬੰਧੀ ਸ਼ਿਕਾਇਤਾਂ ਕੀਤੀਆਂ ਹਨ। ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਵਿੱਤੀ ਮਦਦ ਸਵੀਕਾਰ ਕਰਨ ਲਈ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਤੁਰਤ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀ ਦਿੱਲੀ ਕਮੇਟੀ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਮਗਰੋਂ ਅਜਿਹੇ ਕੁਝ ਵਿਅਕਤੀਆਂ ਨੇ ਹੀ ਲੋਕਾਂ ਨੂੰ ਸਿੱਖਾਂ ਵਿਰੁੱਧ ਉਕਸਾਇਆ ਸੀ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਵੇਲੇ ਵਿਦੇਸ਼ ਦੌਰੇ ‘ਤੇ ਹਨ ਅਤੇ ਉਨ੍ਹਾਂ ਦੀ ਵਾਪਸੀ ਮਗਰੋਂ ਇਹ ਸ਼ਿਕਾਇਤਾਂ ਉਨ੍ਹਾਂ ਨੂੰ ਸੌਂਪੀਆਂ ਜਾਣਗੀਆਂ। ਸ਼ਿਕਾਇਤਕਰਤਾਵਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ੍ਰੀ ਸਿਰਸਾ ਵੱਲੋਂ ਅਮਿਤਾਭ ਬੱਚਨ ਕੋਲੋਂ ਦੋ ਕਰੋੜ ਰੁਪਏ ਦੀ ਦਾਨ ਦੀ ਰਕਮ ਸਵਿਕਾਰ ਕਰਨ ਅਤੇ ਮੁੜ ਉਨ੍ਹਾਂ ਦੀ ਸ਼ਲਾਘਾ ਕਰਨ ‘ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਸ੍ਰੀ ਬੱਚਨ ‘ਤੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਨੂੰ ਕਥਿਤ ਉਤਸ਼ਾਹਿਤ ਕਰਨ ਦਾ ਦੋਸ਼ ਵੀ ਲਾਇਆ ਹੈ। ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ‘ਤੇ ਸ਼ਿਕਾਇਤ ਪੁੱਜਣ ਤੋਂ ਪਹਿਲਾਂ ਵੱਖ-ਵੱਖ ਸਿੱਖ ਆਗੂਆਂ ਵੱਲੋਂ ਜਨਤਕ ਤੌਰ ‘ਤੇ ਵੀ ਬਿਆਨਾਂ ਰਾਹੀਂ ਇਸ ਦਾ ਵਿਰੋਧ ਕੀਤਾ ਜਾ ਚੁੱਕਾ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਗੋਲਕ ਵਿਚ ਕੋਈ ਵਿਅਕਤੀ ਆਪਣੀ ਸ਼ਰਧਾ ਨਾਲ ਮਨੁੱਖਤਾ ਦੀ ਸੇਵਾ ਵਾਸਤੇ ਕੋਈ ਵੀ ਰਕਮ ਭੇਟ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਲਈ ਭੇਟ ਕੀਤੀ ਰਕਮ ਲਈ ਕਿਸੇ ਦਾ ਗੁਣਗਾਣ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਬਾਰੇ ਪਤਾ ਲਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਦਾ ਵਿਰੋਧ ਕੀਤਾ ਜਾ ਚੁੱਕਾ ਹੈ। ਇਸ ਵੀਡੀਓ ਵਿਚ ਉਹ ਕਹਿ ਰਹੇ ਹਨ ਕਿ ਸ੍ਰੀ ਸਿਰਸਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪਰ ਹੁਣ ਉਨ੍ਹਾਂ ਇਸ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਚੁੱਪ ਵੱਟ ਲਈ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਬੱਚਨ ਵੱਲੋਂ ਮਨੁੱਖਤਾ ਦੀ ਭਲਾਈ ਲਈ ਦਿੱਲੀ ਕਮੇਟੀ ਨੂੰ ਦੋ ਕਰੋੜ ਰੁਪਏ ਦਾਨ ਵਜੋਂ ਦਿੱਤੇ ਗਏ ਹਨ, ਜਿਸ ਦਾ ਇਕ ਟਵੀਟ ਰਾਹੀਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਖੁਲਾਸਾ ਕਰਦਿਆਂ ਸ੍ਰੀ ਬੱਚਨ ਦਾ ਧੰਨਵਾਦ ਵੀ ਕੀਤਾ ਗਿਆ ਹੈ।
____________________________________________
ਅਮਿਤਾਭ ਨਾਲ ਕੋਈ ਗੱਲ ਨਹੀਂ ਹੋਈ, ਨਾ ਪੈਸੇ ਮੰਗੇ: ਸਿਰਸਾ
ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਕਤ 2 ਕਰੋੜ ਰੁਪਏ ਦੇ ਦਾਨ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਗੁੰਮਰਾਹਕੁਨ ਤਰੀਕੇ ਨਾਲ ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 2 ਕਰੋੜ ਰੁਪਏ ਦਾਨ ਬਾਰੇ ਜਾਣਕਾਰੀ ਦਿੰਦੇ ਸਿਰਸਾ ਨੇ ਦੱਸਿਆ ਕਿ 3 ਮਈ ਨੂੰ ਦਾਨ ਦੀ ਰਾਸ਼ੀ ਦਿੱਲੀ ਕਮੇਟੀ ਦੇ ਖਾਤੇ ‘ਚ ਆਈ ਸੀ ਤੇ 9 ਮਈ ਨੂੰ ਤਸਦੀਕ ਹੋਈ ਕਿ ਇਹ ਪੈਸਾ ਅਮਿਤਾਭ ਬੱਚਨ ਵੱਲੋਂ ਭੇਜਿਆ ਗਿਆ ਹੈ। ਸਿਰਸਾ ਨੇ ਮੁੜ ਦੁਹਰਾਇਆ ਕਿ ਨਾ ਤਾਂ ਮੇਰੀ ਕਦੀ ਅਮਿਤਾਭ ਬੱਚਨ ਨਾਲ ਗੱਲਬਾਤ ਹੋਈ ਤੇ ਨਾ ਹੀ ਕਦੀ ਉਸ ਕੋਲੋਂ ਪੈਸੇ ਮੰਗੇ। ਸਿਰਸਾ ਨੇ ਆਪਣੇ ਟਵੀਟ ਦਾ ਜਿਕਰ ਕਰਦੇ ਹੋਏ ਕਿਹਾ ਕਿ ਜਦੋਂ 10 ਮਈ ਨੂੰ ਉਨ੍ਹਾਂ ਦੇ ਸਟਾਫ ਵੱਲੋਂ ਅਮਿਤਾਭ ਬੱਚਨ ਨਾਲ ਗੱਲ ਕਰਵਾਈ ਜਾਂਦੀ ਹੈ ਤਾਂ ਉਸ ਸਮੇਂ ਜੋ ਅਲਫ਼ਾਜ਼ ਅਮਿਤਾਭ ਨੇ ਆਖੇ ਤਾਂ ਉਨ੍ਹਾਂ ਅਲਫ਼ਾਜ਼ਾਂ ਨੂੰ ਉਸੇ ਤਰ੍ਹਾਂ ਹੀ ਮੈਂ ਆਪਣੇ ਟਵੀਟ ‘ਚ ਲਿਖ ਦਿੱਤਾ।
_______________________________________
ਦਿੱਲੀ ਕਮੇਟੀ ਨੇ ਠੇਸ ਪਹੁੰਚਾਈ: ਭਾਈ ਰਣਜੀਤ ਸਿੰਘ
ਫਤਹਿਗੜ੍ਹ ਸਾਹਿਬ: ਪੰਥਕ ਅਕਾਲੀ ਲਹਿਰ ਦੀ ਇਥੇ ਹੋਈ ਮੀਟਿੰਗ ਵਿਚ ਕੌਮੀ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅਮਿਤਾਭ ਬਚਨ ਕੋਲੋਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 2 ਕਰੋੜ ਅਤੇ ਹਸਪਤਾਲ ਲਈ 10 ਕਰੋੜ ਦੀ ਮਦਦ ਲੈਣ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਬਾਦਲਾਂ ਨੇ ਸਿੱਖ ਇਤਿਹਾਸ ਨੂੰ ਹੋਰ ਕਲੰਕਿਤ ਕੀਤਾ ਹੈ ਕਿਉਂਕਿ 1984 ਦੇ ਦੰਗਿਆਂ ਲਈ ਅਮਿਤਾਭ ਬਚਨ ਸਿੱਧੇ ਤੌਰ ‘ਤੇ ਜਿੰਮੇਵਾਰ ਹੈ।