ਕੈਪਟਨ ਹਮਾਇਤੀ ਮੰਤਰੀਆਂ ਵੱਲੋਂ ਨਵਜੋਤ ਸਿੰਘ ਸਿੱਧੂ ਖਿਲਾਫ ਲਾਮਬੰਦੀ

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਦਰਮਿਆਨ ਚੱਲ ਰਹੀ ਜੰਗ ਵਿਚ ਚਾਰ ਹੋਰ ਮੰਤਰੀਆਂ ਨੇ ਮੁੱਖ ਮੰਤਰੀ ਦੇ ਪੱਖ ‘ਚ ਨਿੱਤਰਦਿਆਂ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਮ ‘ਤੇ ਜਾਰੀ ਬਿਆਨ ਰਾਹੀਂ ਕਿਹਾ ਗਿਆ ਹੈ ਕਿ ਨਵਜੋਤ ਸਿੱਧੂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲੇ ਕਾਂਗਰਸ ਲਈ ਤਬਾਹੀ ਦਾ ਸੱਦਾ ਦਿੰਦੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਵੀ ਜਾਰੀ ਬਿਆਨ ਰਾਹੀਂ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਤਰ੍ਹਾਂ ਨਾਲ ਸਿੱਧੂ ਖਿਲਾਫ ਤੇ ਮੁੱਖ ਮੰਤਰੀ ਦੇ ਪੱਖ ‘ਚ ਖੜ੍ਹਨ ਵਾਲੇ ਮੰਤਰੀਆਂ ਦੀ ਗਿਣਤੀ ਸੱਤ ਹੋ ਗਈ ਹੈ। ਮੰਤਰੀਆਂ ਨੇ ਕਿਹਾ ਕਿ ਸਿੱਧੂ ਅਤੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ ਜਾਂ ਭਾਜਪਾ ਵਿਚਾਲੇ ਆਪਸੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਿੱਧੂ ਵੱਲੋਂ ਮੁੱਖ ਮੰਤਰੀ ‘ਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲੇ ਸੂਬੇ ਵਿਚ ਆਪਣੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਲਈ ਪੰਜਾਬ ਕਾਂਗਰਸ ਵਿੱਚ ਸਮੱਸਿਆ ਪੈਦਾ ਕਰਨ ਲਈ ‘ਆਪ‘ ਜਾਂ ਭਾਜਪਾ ਆਗੂਆਂ ਵੱਲੋਂ ਉਕਸਾ ਕੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ,”ਜਿਸ ਤਰੀਕੇ ਨਾਲ ਸਿੱਧੂ ਵੱਲੋਂ ਸੂਬਾ ਸਰਕਾਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਹਮਲਾਵਰ ਢੰਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਤੋਂ ਤਾਂ ਮੁੱਖ ਮੰਤਰੀ ਖਿਲਾਫ ਸਾਜ਼ਿਸ਼ ਦਾ ਹੀ ਅਨੁਮਾਨ ਲੱਗਦਾ ਹੈ।“ ਚਾਰਾਂ ਮੰਤਰੀਆਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਦੇ ਬੇਅਦਬੀ ਅਤੇ ਹੋਰ ਮੁੱਦਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਜ਼ੁਬਾਨੀ ਹਮਲੇ ਪਾਰਟੀ ਖਿਲਾਫ ਸ਼ਰ੍ਹੇਆਮ ਬਗਾਵਤ ਹੈ। ਸਿੱਧੂ ਦੀ ਹੁਕਮ ਅਦੂਲੀ ਨੂੰ ਪੂਰੀ ਤਰ੍ਹਾਂ ਅਨੁਸ਼ਾਸਨਹੀਣ ਕਰਾਰ ਦਿੰਦਿਆਂ ਮੰਤਰੀਆਂ ਨੇ ਕਿਹਾ ਕਿ ਅਜਿਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਉਹ ਵੀ ਉਸ ਸਮੇਂ ਜਦੋਂ ਸੂਬੇ ਵਿਚ ਚੋਣਾਂ ਹੋਣ ਵਾਲੀਆਂ ਹੋਣ। ਉਨ੍ਹਾਂ ਕਿਹਾ, ”ਉਸ ਨੂੰ ਤੁਰਤ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ, ਜੇਕਰ ਉਹ ਕੱਢਿਆ ਨਹੀਂ ਗਿਆ ਤਾਂ ਪੰਜਾਬ ਕਾਂਗਰਸ ਵਿਚ ਉਸ ਦੀ ਲਗਾਤਾਰ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿਚ ਗੜਬੜ ਪੈਦਾ ਕਰ ਰਹੀ ਹੈ ਅਤੇ ਚੋਣਾਂ ਦੀ ਤਿਆਰੀ ਦੇ ਮਹੱਤਵਪੂਰਨ ਕੰਮ ਤੋਂ ਧਿਆਨ ਭਟਕਾ ਰਹੀ ਹੈ।“ ਸਿੱਧੂ ਦੇ ਵਿਵਾਦਪੂਰਨ ਬਿਆਨਾਂ ਦੇ ਰਿਕਾਰਡ ਵੱਲ ਇਸ਼ਾਰਾ ਕਰਦਿਆਂ ਚਾਰਾਂ ਮੰਤਰੀਆਂ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਸਪੱਸ਼ਟ ਤੌਰ ‘ਤੇ ਆਪਣੇ ਲਈ ਬੱਲੇਬਾਜ਼ੀ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਅਤੇ ਉਸ ਵਿੱਚ ਟੀਮ ਭਾਵਨਾ ਦੀ ਘਾਟ ਹੈ। ਇਹ ਉਹ ਗੁਣ ਹੈ ਜਿਸ ਨੂੰ ਉਨ੍ਹਾਂ ਨੇ ਰਾਜਨੀਤਕ ਖੇਤਰ ਵਿਚ ਇਕ ਤੋਂ ਵੱਧ ਵਾਰ ਉਜਾਗਰ ਕੀਤਾ। ਵਿਧਾਇਕ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਜਿਸ ਥਾਲੀ ਵਿਚ ਖਾਣਾ, ਉਸੇ ਵਿੱਚ ਛੇਕ ਕਰਨ ਦੀ ਉਸ ਦੀ ਆਦਤ ਕਾਰਨ ਉਸ ਨੇ ਆਪਣੀ ਸਾਬਕਾ ਪਾਰਟੀ ਵਿਚ ਆਪਣੀ ਅਹਿਮੀਅਤ ਗੁਆ ਲਈ ਹੈ।
ਪਾਰਟੀ ਵੱਲੋਂ ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿਚ ਰੁੱਝੇ ਹੋਣ ਅਤੇ ਸੂਬਾ ਸਰਕਾਰ ਖਤਰਨਾਕ ਕੋਵਿਡ ਸੰਕਟ ਨਾਲ ਜੂਝਣ ਸਮੇਂ ਕਾਂਗਰਸ ਪਾਰਟੀ ਵਿਚ ਉਸ ਦੀ ਥਾਂ ਬਣਾਈ ਰੱਖਣ ਪਿੱਛੇ ਦਲੀਲ ‘ਤੇ ਸਵਾਲ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਉਹ ਇਕ ਮੁਸੀਬਤ ਤੋਂ ਇਲਾਵਾ ਕੁਝ ਨਹੀਂ ਹੈ ਜੋ ਇੰਨੇ ਸਾਲਾਂ ਦੌਰਾਨ ਪੰਜਾਬ ਵਿੱਚ ਕਾਂਗਰਸ ਅਤੇ ਸੂਬਾ ਸਰਕਾਰ ਲਈ ਯੋਗਦਾਨ ਪਾਉਣ ਵਿੱਚ ਅਸਫ਼ਲ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਉਨ੍ਹਾਂ ਖਿਲਾਫ ਜਨਤਕ ਤੌਰ ‘ਤੇ ਭੜਾਸ ਕੱਢਣ ਦੀ ਬਜਾਇ ਸਿੱਧੂ ਖਿਲਾਫ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ ਦਾ ਹਵਾਲਾ ਦਿੰਦਿਆਂ ਮੰਤਰੀਆਂ ਨੇ ਕਿਹਾ ਕਿ ਵਿਧਾਇਕ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਛੱਡ ਦੇਵੇ ਅਤੇ ਮੁੱਖ ਮੰਤਰੀ ਦੇ ਵਿਰੁੱਧ ਅਖਾੜੇ ਵਿਚ ਆਵੇ, ਜੇਕਰ ਉਸ ਨੂੰ ਸੱਚਮੁੱਚ ਆਪਣੀ ਸਿਆਸੀ ਸ਼ਕਤੀ ‘ਤੇ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਵਿਰੁੱਧ ਸ਼ਬਦੀ ਹਮਲੇ ਕਰਨਾ ਉਨ੍ਹਾਂ ਦਾ ਰਾਜਨੀਤਕ ਰਸੂਖ ਜਾਂ ਪ੍ਰਸਿੱਧੀ ਹੀ ਹੋ ਸਕਦਾ ਹੈ।
_____________________________________________
ਬੰਦੂਕ ਚਲਾਉਣ ਲਈ ਸਹਿਯੋਗੀਆਂ ਦੇ ਮੋਢੇ ਨਾ ਵਰਤੋ: ਸਿੱਧੂ
ਪਟਿਆਲਾ: ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਆ ਰਹੇ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਚਾਰ ਵਜ਼ੀਰਾਂ ਦੇ ਦੀਆਂ ਅਖਬਾਰਾਂ ‘ਚ ਛਪੇ ਬਿਆਨ ਦਾ ਸਿੱਧੂ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ। ਇਸ ਸਬੰਧੀ ਕੀਤੇ ਟਵੀਟ ‘ਚ ਸਿੱਧੂ ਨੇ ਭਾਵੇਂ ਕਿ ਕਿਸੇ ਦਾ ਨਾਂ ਨਹੀਂ ਲਿਆ, ਪਰ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਤ ਹੋਏ ਹਨ। ਨਵਜੋਤ ਸਿੱਧੂ ਨੇ ਟਵੀਟ ਕੀਤਾ, ‘ਪਾਰਟੀ ਮੈਂਬਰਾਂ ਦੇ ਮੋਢੇ ‘ਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਨਾਲ ਹੀ ਮੁੱਦੇ ‘ਤੇ ਆਓ ਅਤੇ ਭੜਕਾਉਣਾ ਬੰਦ ਕਰੋ।‘