ਹੁਣ ਪਿੰਡਾਂ ‘ਤੇ ਕਰੋਨਾ ਦਾ ਹੱਲਾ; ਕੈਪਟਨ ਵੱਲੋਂ ਮੁਹੱਲੇ ਤੇ ਪਿੰਡ ਬਚਾਉਣ ਦਾ ਸੱਦਾ

ਨਵੀਂ ਦਿੱਲੀ: ਕਰੋਨਾ ਦਾ ਕਹਿਰ ਪਿੰਡਾਂ ‘ਚ ਟੁੱਟਣ ਮਗਰੋਂ ਕੇਂਦਰ ਸਰਕਾਰ ਨੇ ਵਾਇਰਸ ਨਾਲ ਸਿੱਝਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਦਿਹਾਤੀ ਖੇਤਰ ਵਿਚ ਕਰੋਨਾ ਦਾ ਪਸਾਰ ਰੋਕਣ ਲਈ ਪਿੰਡ ਵਾਸੀਆਂ ਨੂੰ ਆਪੋ-ਆਪਣੇ ਪਿੰਡਾਂ ਵਿਚ ਸਿਰਫ ਕਰੋਨਾ ਮੁਕਤ ਲੋਕਾਂ ਨੂੰ ਹੀ ਦਾਖਲ ਹੋਣ ਦੇਣ ਦੀ ਅਪੀਲ ਕੀਤੀ ਹੈ।

ਪੰਜਾਬ ਵਾਸੀਆਂ ਨੂੰ ਮੁਖ਼ਾਤਬ ਹੁੰਦਿਆਂ ਮੁੱਖ ਮੰਤਰੀ ਨੇ ਅਗਲੇ ਦੋ ਮਹੀਨੇ ਪੇਂਡੂ ਇਲਾਕਿਆਂ ਵਿਚ ਸਖਤ ਕਦਮ ਉਠਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਦਿਹਾਤੀ ਖੇਤਰਾਂ ‘ਚ ਕਰੋਨਾ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਜਿਸ ਕਰਕੇ ਬਹੁਤ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਬਾਹਰੀ ਲੋਕਾਂ ਨੂੰ ਦੂਰ ਰੱਖਣ ਅਤੇ ਸਿਰਫ ਕਰੋਨਾ ਮੁਕਤ ਲੋਕਾਂ ਨੂੰ ਪਿੰਡਾਂ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।
ਕੇਂਦਰ ਵੱਲੋਂ ਵੀ ਪਿੰਡਾਂ ਅਤੇ ਨੀਮ ਸ਼ਹਿਰੀ ਕਸਬਿਆਂ ‘ਚ ਘੱਟੋ ਘੱਟ 30 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹਲਕੇ ਲੱਛਣਾਂ ਜਾਂ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘਰਾਂ ‘ਚ ਇਕਾਂਤਵਾਸ ਦੀ ਥਾਂ ‘ਤੇ ਉਥੇ ਰੱਖਿਆ ਜਾ ਸਕੇ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਰੈਪਿਡ ਐਂਟੀਜਨ ਟੈਸਟ ਕਿੱਟਾਂ ਉਪ ਕੇਂਦਰਾਂ ਜਾਂ ਸਿਹਤ ਤੇ ਵੈੱਲਨੈੱਸ ਸੈਂਟਰਾਂ ਅਤੇ ਮੁਢਲੇ ਸਿਹਤ ਕੇਂਦਰਾਂ ਸਮੇਤ ਸਾਰੇ ਜਨ-ਸਿਹਤ ਕੇਂਦਰਾਂ ‘ਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪਿੰਡਾਂ, ਸ਼ਹਿਰਾਂ ਨਾਲ ਲੱਗਦੇ ਕਸਬਿਆਂ ਅਤੇ ਆਦਿਵਾਸੀ ਇਲਾਕਿਆਂ ‘ਚ ਕਰੋਨਾ ਦੀ ਲਾਗ ਫੈਲਣ ਮਗਰੋਂ ਸਿਹਤ ਮੰਤਰਾਲੇ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਸਥਾਨਕ ਪੱਧਰ ‘ਤੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਮੰਤਰਾਲੇ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰਾਂ ‘ਚ ਕਰੋਨਾ ਦੇ ਸ਼ੱਕੀ ਜਾਂ ਪੀੜਤ ਵਿਅਕਤੀਆਂ ਨੂੰ ਦਾਖਲ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਲਈ ਵੱਖਰਾ ਸਥਾਨ ਹੋਣਾ ਚਾਹੀਦਾ ਹੈ ਜਿਥੋਂ ਉਹ ਅੰਦਰ ਅਤੇ ਬਾਹਰ ਆ-ਜਾ ਸਕਣ। ਸ਼ੱਕੀ ਅਤੇ ਬਿਮਾਰ ਮਰੀਜ਼ਾਂ ਨੂੰ ਕਿਸੇ ਵੀ ਹਾਲਤ ‘ਚ ਮਿਲਣ-ਜੁਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਹਦਾਇਤਾਂ ਮੁਤਾਬਕ ਹਰੇਕ ਪਿੰਡ ‘ਚ ਫਲੂ ਵਰਗੀ ਬਿਮਾਰੀ ਅਤੇ ਸਾਹ ਲੈਣ ਦੀ ਤਕਲੀਫ ਵਾਲੇ ਕੇਸਾਂ ਦੀ ਸਮੇਂ ਸਮੇਂ ਸਿਰ ਆਸ਼ਾ ਵਰਕਰਾਂ ਵੱਲੋਂ ਪਿੰਡ ਦੇ ਸਿਹਤ ਸੈਨੀਟੇਸ਼ਨ ਅਤੇ ਨਿਊਟ੍ਰੀਸ਼ਨ ਕਮੇਟੀ ਦੀ ਸਹਾਇਤਾ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀਆਂ ਦਾ ਸਮੁਦਾਇਕ ਸਿਹਤ ਅਧਿਕਾਰੀ ਨਾਲ ਟੈਲੀਫੋਨ ‘ਤੇ ਇਲਾਜ ਕੀਤਾ ਜਾਵੇ ਅਤੇ ਘੱਟ ਆਕਸੀਜਨ ਜਾਂ ਸਾਹ ‘ਚ ਤਕਲੀਫ ਵਾਲੇ ਗੰਭੀਰ ਮਰੀਜ਼ਾਂ ਨੂੰ ਵੱਡੇ ਕੇਂਦਰਾਂ ‘ਚ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ‘ਚ ਢੁਕਵੇਂ ਆਕਸੀਮੀਟਰਾਂ ਅਤੇ ਥਰਮਾਮੀਟਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮੋਹਰਲੀ ਕਤਾਰ ਦੇ ਵਰਕਰਾਂ, ਵਾਲੰਟੀਅਰਾਂ ਆਦਿ ਵੱਲੋਂ ਇਕਾਂਤਵਾਸ ‘ਚ ਰਹਿ ਰਹੇ ਮਰੀਜ਼ਾਂ ਦਾ ਹਾਲ-ਚਾਲ ਨਿਯਮਤ ਤੌਰ ‘ਤੇ ਲਿਆ ਜਾਵੇ। ਹਦਾਇਤਾਂ ਮੁਤਾਬਕ ਅਜਿਹੇ ਸਾਰੇ ਕੇਸਾਂ ਲਈ ਘਰੇਲੂ ਇਕਾਂਤਵਾਸ ਕਿੱਟ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਿਸ ‘ਚ ਦਵਾਈਆਂ ਦੇ ਨਾਲ ਨਾਲ ਇਹਤਿਆਤ ਰੱਖੇ ਜਾਣ ਵਾਲੇ ਪਰਚੇ ਵੀ ਹੋਣੇ ਚਾਹੀਦੇ ਹਨ। ਕੋਵਿਡ ਕੇਅਰ ਸੈਂਟਰ ਸਕੂਲਾਂ, ਕਮਿਊਨਿਟੀ ਹਾਲਾਂ, ਮੈਰਿਜ ਹਾਲਾਂ, ਪੰਚਾਇਤ ਇਮਾਰਤਾਂ ਅਤੇ ਹੋਰ ਖੁੱਲ੍ਹੇ ਸਥਾਨਾਂ ‘ਤੇ ਵੀ ਬਣਾਏ ਜਾ ਸਕਦੇ ਹਨ। ਇਹ ਸੈਂਟਰ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਘੱਟੋ ਘੱਟ ਇਕ ਕੋਵਿਡ ਹਸਪਤਾਲ ਨਾਲ ਜੁੜੇ ਹੋਣੇ ਚਾਹੀਦੇ ਹਨ ਤਾਂ ਜੋ ਹਾਲਤ ਗੰਭੀਰ ਹੋਣ ਮਗਰੋਂ ਮਰੀਜ਼ਾਂ ਨੂੰ ਉਥੇ ਤਬਦੀਲ ਕੀਤਾ ਜਾ ਸਕੇ।
_____________________________________________
ਪੰਜਾਬ ਦੇ ਪਿੰਡਾਂ ਵਿਚ ‘ਕੋਵਿਡ ਫਤਿਹ` ਪ੍ਰੋਗਰਾਮ ਚਲਾਉਣ ਦੇ ਆਦੇਸ਼
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਵਿਚ ਕਰੋਨਾ ਦੀ ਰੋਕਥਾਮ ਲਈ ‘ਕੋਵਿਡ ਫਤਿਹ` ਪ੍ਰੋਗਰਾਮ ਚਲਾਉਣ ਦੇ ਆਦੇਸ਼ ਦਿੱਤੇ ਹਨ। ਇਸ ਪ੍ਰੋਗਰਾਮ ਤਹਿਤ ਪਿੰਡਾਂ ਵਿਚ ਘਰ-ਘਰ ਪਹੁੰਚ ਕੇ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਰੋਨਾ ਟੀਕਾਕਰਨ ਵੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪਾਵਰਕਾਮ ਨੂੰ ਹਦਾਇਤ ਦਿੱਤੀ ਕਿ ਹਸਪਤਾਲਾਂ ਵਿਚ ਬਿਨਾਂ ਰੁਕਾਵਟ ਬਿਜਲੀ ਸਪਲਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਦੇਖਭਾਲ ਯਕੀਨੀ ਬਣਾਈ ਜਾਵੇਗੀ।