ਬੇਅਦਬੀ ਕਾਂਡ: ਨਵੀਂ ਜਾਂਚ ਟੀਮ ਵੱਲੋਂ ਛੇ ਡੇਰਾ ਪ੍ਰੇਮੀ ਗ੍ਰਿਫਤਾਰ

ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਡੀ.ਆਈ.ਜੀ. ਐਸ.ਪੀ.ਐਸ ਪਰਮਾਰ ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰਨ ਅਤੇ ਇਸ ਸਬੰਧੀ ਇਤਰਾਜਯੋਗ ਪੋਸਟਰ ਲਾਉਣ ਦੇ ਦੋਸ਼ ਵਿਚ ਛੇ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਵਿਸ਼ੇਸ਼ ਜਾਂਚ ਟੀਮ ਨੇ ਇਕ ਮਹੀਨੇ ਦੀ ਪੜਤਾਲ ਮਗਰੋਂ ਬੇਅਦਬੀ ਕਾਂਡ ਵਿਚ ਛੇ ਵਿਅਕਤੀਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਾਰੇ ਵਿਅਕਤੀ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਅਣਪਛਾਤੇ ਵਿਅਕਤੀਆਂ ਨੇ 12 ਅਕਤੂਬਰ 2015 ਦੀ ਰਾਤ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਖਿਲਾਰ ਦਿੱਤੇ ਸਨ ਤੇ ਇਸ ਤੋਂ ਪਹਿਲਾਂ 24 ਸਤੰਬਰ, 2015 ਨੂੰ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਏ ਗਏ ਸਨ ਅਤੇ ਦਾਅਵਾ ਕੀਤਾ ਗਿਆ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਵਿਚ ਪਹਿਲੀ ਜੂਨ ਨੂੰ ਚੋਰੀ ਹੋਇਆ ਸਰੂਪ ਉਨ੍ਹਾਂ ਦੇ ਕਬਜ਼ੇ ਵਿਚ ਹੈ। ਹੁਣ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਬਰਗਾੜੀ ਵਿਚ ਬੇਅਦਬੀ ਦੇ ਦੋਵੇਂ ਮਾਮਲੇ ਸੁਲਝਾ ਲਏ ਗਏ ਹਨ। ਇਸ ਮਾਮਲੇ ਦੀ ਪੜਤਾਲ ਪਹਿਲਾਂ ਡੀ.ਆਈ.ਜੀ. ਰਣਬੀਰ ਸਿੰਘ ਖਟੜਾ ਕਰ ਰਹੇ ਸਨ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮਗਰੋਂ 4 ਜਨਵਰੀ ਨੂੰ ਪੰਜਾਬ ਸਰਕਾਰ ਨੇ ਨਵੀਂ ਜਾਂਚ ਟੀਮ ਗਠਿਤ ਕਰ ਦਿੱਤੀ ਸੀ ਅਤੇ ਐੱਸ.ਪੀ.ਐੱਸ ਪਰਮਾਰ ਨੂੰ ਨਵੀਂ ਜਾਂਚ ਟੀਮ ਦਾ ਮੁਖੀ ਥਾਪਿਆ ਗਿਆ ਸੀ।
ਬੇਅਦਬੀ ਕਾਂਡ ਦੇ ਦੋ ਮਾਮਲੇ ਹੱਲ ਹੋਣ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਕੋਟਕਪੂਰਾ ਗੋਲੀ ਕਾਂਡ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਏ ਫੈਸਲੇ ਨੇ ਪੰਜਾਬ ਸਰਕਾਰ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਸਨ।
____________________________________
ਸਬੂਤ ਮਿਟਾਉਣ ਵਾਲਿਆਂ ਖਿਲਾਫ ਸਬੂਤਾਂ ਦੀ ਘਾਟ ਨਹੀਂ: ਭਗਵੰਤ
ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਨਸਾਫ ਮੰਗ ਰਹੇ ਸਿੱਖਾਂ ‘ਤੇ ਗੋਲੀ ਚਲਾਉਣ ਦੇ ਮਾਮਲਿਆਂ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੀ ਵਰਤੋਂ ਕਰਕੇ ਸਬੂਤ ਮਿਟਾਉਣ ਵਾਲਿਆਂ ਖਿਲਾਫ ਸਬੂਤਾਂ ਦੀ ਘਾਟ ਨਹੀਂ ਹੈ। ਮਾਨ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਵੱਲੋਂ ਉਪ ਮੁੱਖ ਮੰਤਰੀ ਰਹਿੰਦਿਆਂ ਦੋ ਸਾਲ ਬਰਗਾੜੀ ਅਤੇ ਬਹਿਬਲ ਕਲਾਂ-ਕੋਟਕਪੂਰਾ ਘਟਨਾਵਾਂ ਦੇ ਸਬੂਤ ਮਿਟਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਪਰ ਦੋਸ਼ੀਆਂ ਦੇ ਕੱਪੜਿਆਂ ‘ਤੇ ਦਾਗ ਲੱਗੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਈ ਜਾਂਚ ਕਮੇਟੀਆਂ ਵੱਲੋਂ ਸੁਖਬੀਰ ਬਾਦਲ ਅਤੇ ਅਕਾਲੀ ਸਰਕਾਰ ਖਿਲਾਫ ਬਹੁਤ ਸਾਰੇ ਸਬੂਤ ਪੇਸ਼ ਕੀਤੇ ਜਾ ਚੁੱਕੇ ਹਨ।