ਕਰੋਨਾ ਨਾਲ ਹੁੰਦੀਆਂ ਮੌਤਾਂ ਦਾ ਸੱਚ ਦਬਾਉਣ ਦੀਆਂ ਕੋਸਿ਼ਸ਼ਾਂ

ਜਤਿੰਦਰ ਪਨੂੰ
ਰੂਸ ਵਿਚ ਚੱਲਦੇ ਸੋਵੀਅਤ ਯੂਨੀਅਨ ਦੇ ਅੰਤਲੇ ਦਿਨਾਂ ਵਿਚ ਉੱਭਰੇ ਆਗੂ ਮਿਖਾਈਲ ਗੋਰਬਾਚੇਵ ਨੂੰ ਮੈਂ ਕਦੀ ਨੇਕ ਬੰਦਾ ਨਹੀਂ ਸੀ ਮੰਨਿਆ, ਅੱਜ ਵੀ ਨਹੀਂ ਮੰਨ ਸਕਦਾ; ਇਹ ਮੇਰੀ ਨਿੱਜੀ ਸੋਚ ਹੈ, ਪਰ ਉਸ ਦੀ ਇੱਕ ਗੱਲ ਮੈਂ ਸਦਾ ਠੀਕ ਮੰਨਦਾ ਰਿਹਾ ਹਾਂ। ਉਹ ਕਹਿੰਦਾ ਹੁੰਦਾ ਸੀ ਕਿ ਆਪਣੇ ਘਰ ਦਾ ਕੂੜਾ ਲੋਕਾਂ ਦੀ ਨਜ਼ਰ ਪੈਣ ਤੋਂ ਬਚਾਉਣ ਲਈ ਜਦੋਂ ਕੋਈ ਬੰਦਾ ਉਸ ਨੂੰ ਦਰੀ ਹੇਠ ਲੁਕਾਉਂਦਾ ਰਹੇਗਾ ਤਾਂ ਇੱਕ ਦਿਨ ਦਰੀ ਹੇਠ ਦੱਬਿਆ ਕੂੜਾ ਏਨੀ ਸੜ੍ਹਿਆਂਦ ਛੱਡੇਗਾ ਕਿ ਉਸ ਦੇ ਗਵਾਂਢੀ ਤੰਗ ਹੋ ਜਾਣਗੇ ਤੇ ਲੁਕਾਇਆ ਹੋਇਆ ਸਾਰਾ ਸੱਚ ਦੁਨੀਆਂ ਸਾਹਮਣੇ ਆ ਜਾਵੇਗਾ।

ਕਰੋਨਾ ਵਾਇਰਸ ਕਾਰਨ ਭਾਰਤ ਦੀ ਜੋ ਹਾਲਤ ਹੈ, ਉਸ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਅਤੇ ਉਸ ਦੇ ਪੱਖ ਵਾਲੀਆਂ ਰਾਜ ਸਰਕਾਰਾਂ ਹੀ ਨਹੀਂ ਲੁਕਾ ਰਹੀਆਂ, ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਇਹੋ ਕੁਝ ਹੁੰਦਾ ਦਿੱਸਦਾ ਹੈ। ਇਹ ਚਾਲਾਕੀ ਕਰਨ ਤੋਂ ਸ਼ਾਇਦ ਹੀ ਕੋਈ ਰਾਜ ਬਚਿਆ ਰਿਹਾ ਹੋਵੇ, ਬਾਕੀ ਸਭ ਥਾਂ ਹਾਕਮ ਆਪੋ-ਆਪਣੇ ਰਾਜ ਨੂੰ ‘ਮਹਾਮਾਰੀ ਤੋਂ ਬਚਾ ਲਿਆ’ ਦੱਸਣ ਤੇ ਰਾਜਾਂ ਦੇ ਅਫਸਰ ਆਪੋ ਆਪਣੀ ਸਰਕਾਰ ਦਾ ਵਫਾਦਾਰ ਬਣਨ ਦੀ ਕੋਸਿ਼ਸ਼ ਵਿਚ ਕਰੋਨਾ ਦਾ ਕੌੜਾ ਸੱਚ ਦਰੀ ਹੇਠ ਦੱਬਣ ਵਾਸਤੇ ਸਿਰ ਪਰਨੇ ਹੋਏ ਦਿਖਾਈ ਦਿੰਦੇ ਹਨ। ਪੰਜਾਬ ਵੀ ਇਸ ਤੋਂ ਬਚਿਆ ਨਹੀਂ ਰਿਹਾ।
ਸੰਸਾਰ ਭਰ ਵਿਚ ਭਾਰਤ ਸਰਕਾਰ ਅਤੇ ਇਸ ਦੇ ‘ਪ੍ਰਧਾਨ ਸੇਵਕ’ ਕਹਾਉਣ ਵਾਲੇ, ਪਰ ਰਾਜਿਆਂ ਤੋਂ ਅੱਗੇ ਵਧ ਕੇ ‘ਇਲਾਹੀ ਦੂਤ’ ਜਾਂ ‘ਯੁੱਗ ਪੁਰਸ਼’ ਬਣਨ ਦੇ ਚਾਹਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਗੱਲੋਂ ਨਿੰਦਾ ਹੁੰਦੀ ਹੈ ਕਿ ਚੋਣਾਂ ਜਿੱਤਣ ਦੇ ਚੱਕਰ ਵਿਚ ਮਰਦੇ ਲੋਕਾਂ ਦੀ ਚਿੰਤਾ ਕਰਨੀ ਭੁੱਲ ਗਿਆ ਸੀ। ਇਹ ਨਿੰਦਾ ਸਿਰਫ ਉਨ੍ਹਾਂ ਮੌਤਾਂ ਅਤੇ ਕੇਸਾਂ ਦੀ ਗਿਣਤੀ ਨਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਤਸਦੀਕ ਭਾਰਤ ਸਰਕਾਰ ਤੇ ਇਸ ਦੀਆਂ ਰਾਜ ਸਰਕਾਰਾਂ ਕਰਨ ਨੂੰ ਤਿਆਰ ਹਨ, ਅਸਲ ਸਥਿਤੀ ਪਤਾ ਲੱਗਦੀ ਹੈ ਤਾਂ ਦੰਦ ਜੁੜੇ ਰਹਿ ਜਾਂਦੇ ਹਨ। ਇਸ ਹਫਤੇ ਇੱਕ ਦਿਨ ਇੰਗਲੈਂਡ ਦੇ ਇੱਕ ਸੰਸਾਰ ਪ੍ਰਸਿੱਧ ਮੀਡੀਆ ਚੈਨਲ ਨੇ ਗੁਜਰਾਤ ਦੀ ਕਹਾਣੀ ਪੇਸ਼ ਕੀਤੀ, ਜਿਹੜੀ ਗੁਜਰਾਤ ਰਾਜ ਦੇ ਇੱਕ ਅਖਬਾਰ ਦੇ ਸੰਪਾਦਕ ਤੇ ਉਸ ਦੇ ਪੱਤਰਕਾਰਾਂ ਨੇ ਸਾਹਮਣੇ ਲਿਆਂਦੀ ਸੀ। ਉਨ੍ਹਾਂ ਨੇ ਸਰਕਾਰੀ ਅੰਕੜੇ ਪਾਸੇ ਰੱਖ ਕੇ ਸ਼ਮਸ਼ਾਨਘਾਟਾਂ ਵਿਚ ਸਾੜੀਆਂ ਗਈਆਂ ਲਾਸ਼ਾਂ ਦੇ ਅੰਕੜੇ ਪੜ੍ਹੇ ਅਤੇ ਦੱਸਿਆ ਸੀ ਕਿ ਜਿੰਨੇ ਲੋਕ ਗੁਜਰਾਤ ਦੀ ਸਰਕਾਰ ਮਰੇ ਦੱਸਦੀ ਹੈ, ਉਸ ਤੋਂ ਕਈ ਗੁਣਾਂ ਵੱਧ ਲੋਕਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਫਿਰ ਇੰਗਲੈਂਡ ਦੇ ਉਸ ਮੀਡੀਆ ਚੈਨਲ ਨੇ ਆਪਣੇ ਪੱਤਰਕਾਰਾਂ ਰਾਹੀਂ ਪਤਾ ਕਰਾਇਆ ਤੇ ਹੈਰਾਨੀ ਵਾਲਾ ਸੱਚ ਦੁਨੀਆਂ ਸਾਹਮਣੇ ਰੱਖਿਆ ਸੀ। ਅਸੀਂ ਭਾਰਤ ਵਿਚ ਬੈਠੇ ਹੋਏ ਲੋਕ ਵੀ ਉਹ ਸੱਚ ਪੂਰਾ ਨਹੀਂ ਸਾਂ ਜਾਣਦੇ ਅਤੇ ਪੜ੍ਹ ਕੇ ਹੱਕੇ-ਬੱਕੇ ਰਹਿ ਗਏ ਸਾਂ, ਪਰ ਇਸ ਦੇ ਸਿਰਫ ਦੋ ਦਿਨ ਬਾਅਦ ਭਾਰਤ ਦੇ ਇੱਕ ਕੌਮੀ ਅਖਬਾਰ ਨੇ ਹੋਰ ਵੀ ਕੁਸੈਲੀ ਤਸਵੀਰ ਸਭ ਦੇ ਸਾਹਮਣੇ ਰੱਖ ਦਿੱਤੀ ਹੈ।
ਹਿੰਦੀ ਭਾਸ਼ਾ ਦੇ ਸਿਖਰਲੇ ਤਿੰਨ ਅਖਬਾਰਾਂ ਵਿਚੋਂ ਇੱਕ ਦੀ ਖਬਰ ਕਹਿੰਦੀ ਹੈ ਕਿ ਗੁਜਰਾਤ ਵਿਚ ਬੀਤੇ 71 ਦਿਨਾਂ ਵਿਚ ਇੱਕ ਲੱਖ ਤੇਈ ਹਜ਼ਾਰ ਅੱਠ ਸੌ ਚੁਹੱਤਰ ਲੋਕਾਂ ਦੀ ਮੌਤ ਹੋਈ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕੀਤੇ ਜਾਣ ਪਿੱਛੋਂ ਰਾਜ ਸਰਕਾਰ ਨੇ ਇਨ੍ਹਾਂ 71 ਦਿਨਾਂ ਵਿਚ ਬਤਾਲੀ ਸੌ ਅਠਾਰਾਂ ਮੌਤਾਂ ਕਰੋਨਾ ਦੀਆਂ ਮੰਨੀਆਂ ਹਨ। ਬਾਕੀ ਮੌਤਾਂ ਬਾਰੇ ਏਨਾ ਲਿਖ ਦਿੱਤਾ ਕਿ ‘ਮੌਤ ਦਾ ਕਾਰਨ: ਬਿਮਾਰੀ’, ਪਰ ਬਿਮਾਰੀ ਦਾ ਨਾਂ ਨਹੀਂ ਲਿਖਿਆ। ਹਾਲਤ ਇਥੋਂ ਪਤਾ ਲੱਗਦੀ ਹੈ ਕਿ ਬੀਤੇ ਮਾਰਚ ਵਿਚ ਗੁਜਰਾਤ ਵਿਚ ਕੁੱਲ 26,026 ਲੋਕਾਂ ਦੀ ਮੌਤ ਹੋਈ ਅਤੇ ਫਿਰ ਅਪਰੈਲ ਵਿਚ ਮੌਤਾਂ ਦੀ ਲੜੀ ਲੱਗ ਕੇ 57,796 ਲੋਕ ਮੌਤ ਦੀ ਝੋਲੀ ਪੈ ਗਏ। ਅਪਰੈਲ ਮਹੀਨੇ ਦੀ ਇਸ ਗਿਣਤੀ ਦੇ ਬਾਅਦ ਮਈ ਦੇ ਪਹਿਲੇ ਸਿਰਫ ਦਸ ਦਿਨਾਂ ਵਿਚ ਉਸ ਰਾਜ ਵਿਚ 40,051 ਮੌਤਾਂ ਹੋ ਗਈਆਂ ਹਨ, ਜਿਸ ਦਾ ਅਰਥ ਹੈ ਕਿ ਮਈ ਦੇ ਮੁੱਕਣ ਤੱਕ ਇਹੋ ਰਫਤਾਰ ਰਹੀ ਤਾਂ ਉਸ ਰਾਜ ਵਿਚ ਇੱਕ ਲੱਖ ਤੋਂ ਵੱਧ ਮੌਤਾਂ ਹੋਣਗੀਆਂ।
ਇਸ ਗਿਣਤੀ ਦਾ ਮੁਕਾਬਲਾ ਪਿਛਲੇ ਸਾਲ ਨਾਲ ਕਰੀਏ ਤਾਂ ਅਪਰੈਲ 2020 ਵਿਚ ਉਥੇ 21,591 ਮੌਤਾਂ ਹੋਈਆਂ ਸਨ, ਮੌਜੂਦਾ ਸਾਲ ਉਸੇ ਅਪਰੈਲ ਵਿਚ 57,796 ਹੋ ਗਈਆਂ। ਮਈ 2020 ਦੇ ਸਾਰੇ ਮਹੀਨੇ ਵਿਚ 13,125 ਮੌਤਾਂ ਹੋਈਆਂ ਸਨ, ਇਸ ਵਾਰ ਉਸੇ ਮਈ ਦੇ ਦਸ ਦਿਨਾਂ ਵਿਚ ਮੌਤਾਂ ਦੀ ਗਿਣਤੀ 40,051 ਤੱਕ ਜਾ ਪਹੁੰਚੀ ਹੈ। ਸਰਕਾਰ ਦੇ ਅਧਿਕਾਰੀਆਂ ਨੇ ਰਿਕਾਰਡ ਵਿਚ ਮੌਤਾਂ ਦਾ ਕਾਰਨ ਕਰੋਨਾ ਨਹੀਂ ਲਿਖਿਆ ਤਾਂ ਨਾ ਸਹੀ, ਪਰ ਮਰਨ ਵਾਲਿਆਂ ਦੀ ਗਿਣਤੀ ਏਨੀ ਵਧ ਕਿਉਂ ਗਈ, ਇਹ ਗੱਲ ਜਾਣਨ ਦੀ ਕੋਸਿ਼ਸ਼ ਕਿਸੇ ਨੇ ਕਿਉਂ ਨਾ ਕੀਤੀ, ਇਸ ਬਾਰੇ ਸਭ ਚੁੱਪ ਵੱਟੀ ਬੈਠੇ ਹਨ।
ਲੋਕ ਕਹਿੰਦੇ ਹਨ ਕਿ ਇਸ ਕਹਿਰ ਦੌਰਾਨ ਆਈ. ਪੀ. ਐਲ ਕ੍ਰਿਕਟ ਦੇ ਕਾਰਨ ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਮਾਣ ਹਾਸਲ ਕਰਨ ਵਾਲੇ ਅਹਿਮਦਾਬਾਦ ਵਿਚ ਕਰੋਨਾ ਦੇ ਕੇਸ ਵਧ ਗਏ ਸਨ, ਪਰ ਰਾਜ ਸਰਕਾਰ ਮੁਤਾਬਕ ਉਸ ਸ਼ਹਿਰ ਵਿਚ 71 ਦਿਨ ਵਿਚ 13,593 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ ਕਰੋਨਾ ਨਾਲ ਸਿਰਫ 2126 ਮਰੇ ਹਨ। ਬਾਕੀ ਲੋਕ ਕਿਹੜੇ ਰੋਗ ਨਾਲ ਮਰ ਗਏ, ਕੋਈ ਦੱਸਣ ਵਾਲਾ ਨਹੀਂ। ਇਸ ਸੱਚ ਦਾ ਸਾਹਮਣਾ ਕਰਨਾ ਕਿਸੇ ਲਈ ਵੀ ਔਖਾ ਹੈ। ਰਾਜ ਸਰਕਾਰ ਅੱਗੋਂ ਕੇਂਦਰੀ ਹਾਕਮਾਂ ਕੋਲ ਪੇਸ਼ ਕਰਨ ਲਈ ਅੰਕੜਿਆਂ ਦੀ ਜਾਦੂਗਰੀ ਕਰਨ ਰੁੱਝੀ ਹੋਈ ਹੈ, ਪਰ ਅਸਲੀ ਕੰਮ ਘੱਟ ਹੋ ਰਿਹਾ ਹੈ।
ਗੋਆ ਵਿਚ ਨਰਿੰਦਰ ਮੋਦੀ ਦੀ ਆਪਣੀ ਪਾਰਟੀ ਦੀ ਸਰਕਾਰ ਹੈ, ਜਿਸ ਵਿਚ ਆਕਸੀਜਨ ਦੀ ਸਪਲਾਈ ਰੁਕਣ ਨਾਲ 11 ਮਈ ਨੂੰ 26 ਲੋਕ ਮਰ ਗਏ, 12 ਮਈ ਨੂੰ ਹੋਰ 20 ਮੌਤਾਂ ਹੋਣ ਦੀ ਖਬਰ ਮਿਲੀ ਅਤੇ 13 ਮਈ ਨੂੰ 15 ਮਰੀਜ਼ਾਂ ਦੀ ਮੌਤ ਹੋ ਗਈ। ਚੌਦਾਂ ਮਈ ਦੇ ਦਿਨ 13 ਜਣੇ ਹੋਰ ਪ੍ਰਾਣ ਤਿਆਗ ਗਏ। ਆਕਸੀਜਨ ਦਾ ਇਹ ਨੁਕਸ ਚਾਰ ਦਿਨ ਠੀਕ ਨਹੀਂ ਹੋ ਸਕਿਆ ਤਾਂ ਜਿ਼ੰਮੇਵਾਰੀ ਕਿਸ ਦੀ ਹੈ? ਕੋਈ ਇਸ ਦਾ ਜਵਾਬ ਨਹੀਂ ਦੇਵੇਗਾ।
ਕਰਨਾਟਕਾ `ਚ ਸਰਕਾਰ ਭਾਜਪਾ ਦੀ ਹੈ। ਉਥੇ ਆਕਸੀਜਨ ਸਪਲਾਈ ਪੂਰੀ ਨਾ ਮਿਲ ਸਕੀ ਤਾਂ ਉਸ ਨੇ ਕੇਂਦਰ ਦੀ ਆਪਣੀ ਪਾਰਟੀ ਦੀ ਸਰਕਾਰ ਦੀ ਘੇਸਲ ਵੇਖ ਕੇ ਹਾਈ ਕੋਰਟ ਨੂੰ ਅਰਜ਼ੀ ਦੇ ਦਿੱਤੀ। ਹਾਈ ਕੋਰਟ ਨੇ ਕੇਂਦਰ ਦੇ ਹਾਕਮਾਂ ਨੂੰ ਝਾੜ ਪਾਈ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਕਰਨਾਟਕਾ ਦੀ ਭਾਜਪਾ ਸਰਕਾਰ ਦੀ ਬਾਂਹ ਫੜਨ ਤੇ ਹਾਈ ਕੋਰਟ ਦਾ ਹੁਕਮ ਮੰਨਣ ਦੀ ਥਾਂ ਇਸ ਦੇ ਵਿਰੁੱਧ ਸੁਪਰੀਮ ਕੋਰਟ ਵਿਚ ਅਰਜ਼ੀ ਪਾ ਦਿੱਤੀ। ਅੱਗੋਂ ਸੁਪਰੀਮ ਕੋਰਟ ਦੇ ਜੱਜਾਂ ਨੇ ਝਾੜ ਪਾਈ ਕਿ ਸਾਨੂੰ ਆਪਣੇ ਖਿਲਾਫ ਹੋਰ ਸਖਤੀ ਕਰਨ ਲਈ ਮਜਬੂਰ ਨਾ ਕਰੋ, ਕਰਨਾਟਕ ਦੀ ਹਾਈ ਕੋਰਟ ਦਾ ਹੁਕਮ ਮੰਨ ਕੇ ਉਸ ਰਾਜ ਦੀ ਸਰਕਾਰ ਦੀ ਮਦਦ ਕਰੋ; ਫਿਰ ਕੇਂਦਰ ਸਰਕਾਰ ਥੋੜ੍ਹਾ ਕੁ ਹਿੱਲੀ। ਦਿੱਲੀ ਸਰਕਾਰ ਨਾਲ ਉਸ ਦੇ ਮੋਦੀ ਸਾਹਿਬ ਦੇ ਸਿਆਸੀ ਮੱਤਭੇਦ ਹੋਣ ਕਰ ਕੇ ਕੇਸ ਅਦਾਲਤ ਤੱਕ ਗਿਆ, ਪੰਜਾਬ ਨਾਲ ਵੀ ਮੱਤਭੇਦ ਹਨ, ਪਰ ਕਰਨਾਟਕ ਵਿਚ ਜੇ ਉਸ ਦੀ ਆਪਣੀ ਸਰਕਾਰ ਦੀ ਮਦਦ ਵੀ ਮੋਦੀ ਸਰਕਾਰ ਨਾ ਕਰੇ ਤਾਂ ਸੰਸਾਰ ਵਿਚ ਭੰਡੀ ਹੋਵੇਗੀ ਹੀ।
ਜਿਸ ਅਖਬਾਰ ਨੇ ਗੁਜਰਾਤ ਦਾ ਸੱਚ ਸਾਹਮਣੇ ਲਿਆਂਦਾ ਹੈ, ਉਸ ਨੇ ਆਪਣੀ ਟੀਮ ਲਾ ਕੇ ਉੱਤਰ ਪ੍ਰਦੇਸ਼ ਵਿਚ ਜੋ ਕੁਝ ਹੁੰਦਾ ਸੁਣੀਂਦਾ ਸੀ, ਉਸ ਸੱਚ ਤੋਂ ਵੀ ਪਰਦਾ ਚੁੱਕਿਆ ਹੈ। ਇਨ੍ਹਾਂ ਪੱਤਰਕਾਰਾਂ ਨੂੰ ਕਨੌਜ ਦੇ ਮਹਾਦੇਵੀ ਗੰਗਾ ਘਾਟ ਵਿਚ ਸਾਢੇ ਤਿੰਨ ਸੌ ਲਾਸ਼ਾਂ ਦੱਬੀਆਂ ਹੋਈਆਂ ਪਤਾ ਲੱਗੀਆਂ। ਕਾਨਪੁਰ ਦੇ ਸ਼ੇਰੇਸ਼ਵਰ ਘਾਟ ਉੱਤੇ ਘੁੰਮਦਿਆਂ ਕਰੀਬ ਚਾਰ ਸੌ ਲਾਸ਼ਾਂ ਦੱਬੀਆਂ ਵੇਖੀਆਂ ਅਤੇ ਉਨ੍ਹਾਂ ਨੂੰ ਪੁੱਟ-ਪੁੱਟ ਕੇ ਕੁੱਤੇ ਖਾਂਦੇ ਦਿੱਸ ਪਏ ਤਾਂ ਪੁਲਿਸ ਆ ਗਈ ਅਤੇ ਛੇਤੀ-ਛੇਤੀ ਲਾਸ਼ਾਂ ਨੂੰ ਢਕਣ ਲਈ ਮਿੱਟੀ ਪਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਵਾਰ-ਵਾਰ ਬਦਨਾਮੀ ਦਾ ਕਾਰਨ ਬਣਨ ਵਾਲੇ ਉਨਾਵ ਹਲਕੇ ਵਿਚ ਪੱਤਰਕਾਰਾਂ ਨੂੰ ਨੌਂ ਸੌ ਲਾਸ਼ਾਂ ਦੱਬੀਆਂ ਹੋਣ ਦਾ ਪਤਾ ਲੱਗਾ ਤਾਂ ਪੱਤਰਕਾਰਾਂ ਦੀ ਟੀਮ ਪਹੁੰਚਦੇ ਸਾਰ ਪ੍ਰਸ਼ਾਸਨ ਵੱਲੋਂ ਆਏ ਅਧਿਕਾਰੀਆਂ ਨੇ ਲਾਸ਼ਾਂ ਉੱਤੇ ਰੇਤ ਅਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਫਤਹਿਪੁਰ ਵਿਚ ਵੀਹ ਲਾਸ਼ਾਂ ਮਿਲੀਆਂ ਤਾਂ ਫਤਹਿਪੁਰ ਅਤੇ ਉਨਾਵ-ਦੋਹਾਂ ਥਾਂਵਾਂ ਦੇ ਅਧਿਕਾਰੀ ਇਸ ਨੂੰ ਇੱਕ ਦੂਸਰੇ ਦੇ ਖੇਤਰ ਦਾ ਮਾਮਲਾ ਦੱਸਣ ਤੇ ਗਲੋਂ-ਗਲਾਵਾਂ ਲਾਹੁਣ ਲੱਗ ਪਏ।
ਬਿਹਾਰ ਦੇ ਬਕਸਰ ਜਿਲੇ ਅਤੇ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਗਾਜ਼ੀਪੁਰ ਦੇ ਕਰੀਬ ਗੰਗਾ ਨਦੀ ਕੰਢੇ ਲਾਸ਼ਾਂ ਮਿਲਣ ਦਾ ਰੌਲਾ ਪਿਆ ਸੀ, ਜਿਲਾ ਮੈਜਿਸਟਰੇਟ ਨੇ ਚਾਲੀ ਕੁ ਲਾਸ਼ਾਂ ਦੱਸੀਆਂ ਸਨ, ਦੱਬਣ ਵਾਲੇ ਮਜ਼ਦੂਰਾਂ ਨੇ 71 ਦੱਸੀਆਂ, ਪਰ ਪੱਤਰਕਾਰਾਂ ਦੀ ਟੀਮ ਨੂੰ ਦੋ ਸੌ ਲਾਸ਼ਾਂ ਦੇ ਸਬੂਤ ਮਿਲੇ ਅਤੇ ਅਜੇ ਹੋਰ ਲਾਸ਼ਾਂ ਹੋਣ ਦੀ ਚਰਚਾ ਚੱਲ ਰਹੀ ਹੈ। ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਲਾਸ਼ਾਂ ਢਕ ਕੇ ਹਰ ਜਿਲੇ ਦੇ ਅਫਸਰ ਖੁਦ ਮੁੱਖ ਮੰਤਰੀ ਅਤੇ ਰਾਜ ਸਰਕਾਰ ਦੇ ਕੋਲ ‘ਬੀਬਾ ਰਾਣਾ’ ਬਣੇ ਰਹਿਣ ਦੇ ਚੱਕਰ ਵਿਚ ਅਣਮਨੁੱਖੀ ਵਿਹਾਰ ਏਦਾਂ ਦਾ ਕਰਦੇ ਹਨ ਕਿ ਉਨ੍ਹਾਂ ਦੇ ਮਨਾਂ ਉੱਤੇ ਕਿਸੇ ਤਰ੍ਹਾਂ ਦੀ ਚਿੰਤਾ ਦੀ ਕੋਈ ਲਕੀਰ ਤੱਕ ਦਿਖਾਈ ਨਹੀਂ ਦਿੰਦੀ।
ਗੱਲ ਗੁਜਰਾਤ ਜਾਂ ਉੱਤਰ ਪ੍ਰਦੇਸ਼ ਦੀ ਨਹੀਂ, ਸਾਰੇ ਭਾਰਤ ਦੀ ਹੈ, ਪਰ ਅਸੀਂ ਇਨ੍ਹਾਂ ਦੋਂਹ ਰਾਜਾਂ ਦਾ ਜਿ਼ਕਰ ਇਸ ਕਰ ਕੇ ਕੀਤਾ ਹੈ ਕਿ ਦੇਸ਼ ਦਾ ‘ਪ੍ਰਧਾਨ ਸੇਵਕ’ ਅਖਵਾਉਣ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਸਿਆਸੀ ਪੜੁੱਲ ਤੋਂ ਛਾਲ ਮਾਰ ਕੇ ਦਿੱਲੀ ਪੁੱਜਾ ਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਹਲਕੇ ਦਾ ਪ੍ਰਤੀਨਿਧ ਹੈ। ਅਸੀਂ ਇਸ ਵਕਤ ਬਾਕੀ ਰਾਜਾਂ ਦੀ ਗੱਲ ਨਹੀਂ ਛੇੜ ਰਹੇ ਤਾਂ ਇਸ ਦਾ ਮਤਲਬ ਨਹੀਂ ਕਿ ਉਥੇ ਹਾਲਤ ਚੰਗੀ ਹੈ! ਸੱਚ ਇਹ ਹੈ ਕਿ ਰਾਜ ਕਿਸੇ ਵੀ ਪਾਰਟੀ ਦਾ ਹੋਵੇ, ਬਹੁਤੇ ਥਾਂ ਆਮ ਇਨਸਾਨ ਦੀ ਬਦਨਸੀਬੀ ਇੱਕੋ ਜਿਹੀ ਹੈ, ਜਿਸ ਵਿਚ ਪੰਜਾਬ ਵੀ ਸ਼ਾਮਲ ਹੈ। ਇਸ ਦੇ ਅੰਕੜੇ ਵੀ ਸਰਕਾਰੀ ਹੋਰ ਤੇ ਹਕੀਕੀ ਹੋਰ ਮਿਲਦੇ ਹਨ। ਜਦੋਂ ਧੁਰ ਉਤਲੀ ਛਤਰੀ ਦੀ ਮਿਹਰ ਵਾਲੇ ਰਾਜਾਂ ਦੇ ਹਾਕਮ ਕਰੋਨਾ ਵਾਇਰਸ ਦੇ ਕੇਸ ਅਤੇ ਮੌਤਾਂ ਘਟਾ ਕੇ ਦੱਸਦੇ ਹੋਣ, ਦੂਸਰੇ ਰਾਜਾਂ ਦੇ ਹਰ ਹਾਕਮ ਨੂੰ ਵੀ ਆਪਣਾ ਅਕਸ ਕਾਇਮ ਰੱਖਣ ਲਈ ਸੱਚਾਈ ਲੁਕਾਉਣ ਤੇ ਕੌੜੀਆਂ ਹਕੀਕਤਾਂ ਦਾ ਕੂੜਾ ਦਰੀ ਹੇਠ ਦੱਬ ਦੇਣ ਦਾ ਫਾਰਮੂਲਾ ਚੰਗਾ ਲੱਗਣ ਲੱਗਦਾ ਹੈ। ਇਸ ਦਾ ਨਤੀਜਾ ਸਾਡੇ ਸਾਹਮਣੇ ਹੈ। ਭਾਰਤ ਆਪਣੀ ਬਦਕਿਸਮਤੀ ਨੂੰ ਹੰਢਾ ਰਿਹਾ ਹੈ, ਹਾਕਮ ਰਾਜ-ਸੁਖ ਮਾਣ ਰਹੇ ਹਨ ਅਤੇ ਲੋਕ ਉਨ੍ਹਾਂ ਦਾ ਕੀਤਾ ਭੁਗਤ ਰਹੇ ਹਨ। ਦਰੀ ਹੇਠ ਸੱਚਾਈ ਨੂੰ ਦਬਾਉਣ ਅਤੇ ਸੱਚਾਈ ਵੀ ਕਰੋਨਾ ਨਾਲ ਮਰਦੇ ਲੋਕਾਂ ਦੀਆਂ ਲਾਸ਼ਾਂ ਵਾਲੀ ਹੋਵੇ, ਉਸ ਨੂੰ ਲੁਕਾਉਣ ਦੇ ਬਾਅਦ ਇਸ ਦੇਸ਼ ਦੇ ਹਾਕਮਾਂ ਦੀ ਇਹ ਚੁਸਤ-ਚਲਾਕੀ ਇਸ ਦੇਸ਼ ਨੂੰ ਜਿਹੋ ਜਿਹੀ ਜਿੱਲ੍ਹਣ ਵਿਚ ਫਸਾ ਦੇਵੇਗੀ, ਉਸ ਵਿਚੋਂ ਫਿਰ ਕਦੀ ਨਿਕਲਿਆ ਨਹੀਂ ਜਾਣਾ।