ਲਹੂ-ਲੁਹਾਣ ਕੋਲੰਬੀਆ

ਦੱਖਣੀ ਅਮਰੀਕਾ ਦੇ ਅਹਿਮ ਮੁਲਕ ਕੋਲੰਬੀਆ ਦੀਆਂ ਹਾਲੀਆ ਘਟਨਾਵਾਂ ਨੇ ਸੰਸਾਰ ਭਰ ਦਾ ਧਿਆਨ ਖਿੱਚਿਆ ਹੈ। ਅਸਲ ਵਿਚ ਇਸ ਖਿੱਤੇ ਵਿਚ ਅਮਰੀਕਾ ਆਪਣੇ ਹਿਤਾਂ ਮੁਤਾਬਿਕ ਵਾਹਵਾ ਸਰਗਰਮੀ ਦਿਖਾ ਰਿਹਾ ਹੈ। ‘ਪੰਜਾਬ ਟਾਈਮਜ਼’ ਨਾਲ ਚਿਰਾਂ ਤੋਂ ਜੁੜੇ ਲਿਖਾਰੀ ਪਰਮਜੀਤ ਰੋਡੇ ਨੇ ਇਨ੍ਹਾਂ ਤਾਜ਼ਾ ਘਟਨਾਵਾਂ ਦੀ ਪੁਣ-ਛਾਣ ਕਰਦਾ ਇਹ ਲੇਖ ਉਚੇਚਾ ਭੇਜਿਆ ਹੈ।

ਪਰਮਜੀਤ ਰੋਡੇ
ਫੋਨ: 737-274-2370
ਦੱਖਣੀ ਅਮਰੀਕਾ ਮਹਾਂਦੀਪ ਦਾ ਦੇਸ਼ ਕੋਲੰਬੀਆ ਪਿਛਲੇ ਦੋ ਹਫਤਿਆਂ ਤੋਂ ਪੁਲਿਸ ਜ਼ੁਲਮ ਅਤੇ ਤਿੱਖੇ ਲੋਕ ਸੰਘਰਸ਼ ਦਾ ਅਖਾੜਾ ਬਣਿਆ ਰਿਹਾ। 28 ਅਪਰੈਲ ਨੂੰ ਪੁਲਿਸ ਦੀ ਅੰਧਾਧੁੰਦ ਗੋਲੀਬਾਰੀ ਦੌਰਾਨ 26 ਲੋਕ ਮਾਰੇ ਗਏ, ਹਜ਼ਾਰ ਤੋਂ ਵੱਧ ਜ਼ਖਮੀ ਹੋਏ ਅਤੇ 89 ਲੋਕ ਲਾਪਤਾ ਦੱਸੇ ਜਾਂਦੇ ਹਨ। ਕੈਲੀ ਨਾਮ ਦੇ ਸ਼ਹਿਰ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਸ਼ਹਿਰ ਦੀਆਂ ਸਿਰਫ ਸੜਕਾਂ ਹੀ ਲਹੂ-ਲੁਹਾਣ ਨਹੀਂ ਹੋਈਆਂ, ਸ਼ਹਿਰ ਦੀਆਂ ਕੰਧਾਂ ‘ਤੇ ਵੀ ਖੂਨ ਦੇ ਧੱਬੇ ਦੇਖੇ ਜਾ ਸਕਦੇ ਹਨ।
ਇਸ ਘਟਨਾਕ੍ਰਮ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਸਰਕਾਰ ਨੇ ਜਨਤਾ ‘ਤੇ ਵੱਡੇ ਟੈਕਸ ਲਾਉਣ ਦਾ ਐਲਾਨ ਕੀਤਾ ਹੋਇਆ ਸੀ ਜਿਸ ਦੇ ਵਿਰੋਧ ਵਿਚ ਮਜ਼ਦੂਰ ਟਰੇਡ ਯੂਨੀਅਨ ਨੇ ਦੇਸ਼ ਪੱਧਰ ‘ਤੇ ਹੜਤਾਲ ਅਤੇ ਮੁਜ਼ਾਹਰਿਆਂ ਦਾ ਸੱਦਾ ਦੇ ਦਿੱਤਾ। ਸੱਦੇ ਦੇ ਹੱਕ ਵਿਚ ਹੋਰ ਸਮਾਜਕ ਜਥੇਬੰਦੀਆਂ ਵੀ ਆ ਗਈਆਂ। ਮੁਜ਼ਾਹਰਾਕਾਰੀਆਂ ਦੇ ਯਾਦ ਚੇਤੇ ਵੀ ਨਹੀਂ ਸੀ ਕਿ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਸਿੱਧੀਆਂ ਗੋਲੀਆਂ ਨਾਲ ਨਿਵਾਜੇਗੀ। ਅਚਾਨਕ ਹੋਈ ਗੋਲੀਬਾਰੀ ਨਾਲ ਹਾਲਾਤ ਇਸ ਕਦਰ ਵਿਗੜ ਗਏ ਕਿ ਮੱਚੀ ਹਾਹਾਕਾਰ ਅਤੇ ਭਗਦੜ ਦੌਰਾਨ ਰੋਹ ਵਿਚ ਆਏ ਲੋਕਾਂ ਦੇ ਹੱਥ ਜਿਵੇਂ ਕਿਵੇਂ ਜੋ ਵੀ ਆਇਆ; ਪੱਥਰਾਂ, ਸੋਟਿਆਂ, ਚਾਕੂਆਂ ਆਦਿ ਨਾਲ ਪੁਲਿਸ ਖਿਲਾਫ ਟੱਕਰ ਲੈਣੀ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਉਨ੍ਹਾਂ ਦੇ 580 ਸਾਥੀ ਜ਼ਖਮੀ ਹੋਏ ਹਨ ਅਤੇ ਲੋਕਾਂ ਨੇ 25 ਥਾਣਿਆਂ ‘ਤੇ ਹਮਲੇ ਕੀਤੇ।
ਹਾਲਾਤ ਵਿਗੜਦੇ ਦੇਖ ਰਾਸ਼ਟਰਪਤੀ ਨੇ ਟੈਕਸ ਲਾਉਣ ਦੀ ਤਜਵੀਜ਼ ਅਤੇ ਐਲਾਨ ਵਾਪਸ ਲੈ ਲਿਆ। ਇਹ ਭਾਵੇਂ ਮੁਜ਼ਾਹਰਾਕਾਰੀਆਂ ਦੀ ਵੱਡੀ ਜਿੱਤ ਹੈ ਪਰ ਲੋਕ ਫਿਰ ਵੀ ਘਰਾਂ ਨੂੰ ਵਾਪਸ ਨਹੀਂ ਗਏ। ਪਹਿਲੇ ਦਿਨ ਇਹ ਸੰਘਰਸ਼ ਗਿਣਤੀ ਦੇ ਵੱਡੇ ਸ਼ਹਿਰਾਂ ਤੱਕ ਸੀਮਤ ਸੀ ਪਰ ਇਸ ਨੇ 247 ਸ਼ਹਿਰਾਂ ਅਤੇ ਕਸਬਿਆਂ ਨੂੰ ਕਲਾਵੇ ਵਿਚ ਲੈ ਲਿਆ। ਆਖਿਰ ਸਰਕਾਰ ਨੇ ਕੈਲੀ ਸ਼ਹਿਰ ਨੂੰ ਫੌਜ ਦੇ ਹਵਾਲੇ ਕਰ ਦਿੱਤਾ।
ਰਾਸ਼ਟਰਪਤੀ ਈਵਾਨ ਡੂਕੀਊ ਨੇ ਕਿਹਾ ਕਿ ਖੂਨੀ ਝੜਪਾਂ ਦਾ ਕਾਰਨ ਮੁਜ਼ਾਹਰਾਕਾਰੀਆਂ ਵਿਚ ਘੁਸ ਚੁੱਕੇ ਸ਼ਹਿਰੀ ਅਤਿਵਾਦੀ ਹਨ; ਬਿਲਕੁਲ ਉਸੇ ਤਰ੍ਹਾਂ ਜਿਵੇਂ ਮੋਦੀ ਸਰਕਾਰ ਆਪਣੇ ਜਬਰ ਅਤੇ ਧੱਕੇ ਨੂੰ ਵਾਜਿਬ ਠਹਿਰਾਉਣ ਲਈ ‘ਸ਼ਹਿਰੀ ਨਕਸਲ’ ਦਾ ਅਲਾਪ ਕਰਦੀ ਹੈ ਪਰ ਹਿਊਮਨ ਰਾਈਟਸ ਗਰੁਪਾਂ ਅਤੇ ਸਮੁੱਚੀ ਹਾਲਤ ਦੀ ਭਰਪੂਰ ਜਾਣਕਾਰੀ ਰੱਖਣ ਵਾਲਿਆਂ ਨੇ ਦੱਸਿਆ ਕਿ ਪੁਲਿਸ ਦੇ ਗੋਲੀ ਚਲਾਉਣ ਤੋਂ ਪਹਿਲਾਂ ਹਾਲਤ ਬਿਲਕੁਲ ਸ਼ਾਂਤ ਸਨ। ਲਾਤੀਨੀ ਅਮਰੀਕਾ ਦੇ ਵਾਸ਼ਿੰਗਟਨ ਆਫਿਸ (ਡਬਲਿਊ.ਓ.ਐਲ.ਏ.) ਦੇ ਡਾਇਰੈਕਟਰ ਐਡਿਮ ਇਸਾਕਸਨ ਨੇ ਦੱਸਿਆ ਕਿ ਮੁਜ਼ਾਹਰਾਕਾਰੀ 100 ਫੀਸਦੀ ਸ਼ਾਂਤ ਸਨ। ਲਾਤੀਨੀ ਅਮਰੀਕਾ ਦੇ ਮਸ਼ਹੂਰ ਸੰਗੀਤ ਸਟਾਰ ਨੇ ਇੰਸਟਾਗ੍ਰਾਮ ਨੇ ਪੋਸਟ ਪਾਈ ਕਿ “ਸਾਡੀ ਮਦਦ ਕਰੋ, ਹਾਲਾਤ ਬਿਲਕੁਲ ਕਾਬੂ ਤੋਂ ਬਾਹਰ ਹਨ। ਮਹਾਂਦੀਪ ਦੀ ਮਸ਼ਹੂਰ ਪੌਪ ਸਟਾਰ ਸ਼ਕੀਰਾ ਜਿਹੜੀ ਕੋਲੰਬੀਅਨ ਹੈ, ਨੇ ਪੋਸਟ ਪਾਈ ਕਿ ਸਾਨੂੰ ਇਹ ਮਨਜ਼ੂਰ ਨਹੀਂ ਕਿ ਕੋਈ ਮਾਂ ਆਪਣਾ ਇਕੋ-ਇਕ ਪੁੱਤ ਗੁਆ ਬੈਠੇ।
ਕੋਲੰਬੀਆ ਇਸ ਵਕਤ ਦੇਸੀ ਵਿਦੇਸ਼ੀ ਕਰਜ਼ੇ ਦੇ ਬੋਝ ਥੱਲੇ ਹੈ। ਪੰਜ ਕੋਰੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਗਰੀਬੀ-ਅਮੀਰੀ ਦਾ ਪਾੜਾ ਬਹੁਤ ਵੱਡਾ ਹੈ। ਭ੍ਰਿਸ਼ਟਾਚਾਰ ਦੀ ਕੋਈ ਸੀਮਾ ਨਹੀ, ਮਹਿੰਗਾਈ ਸਿਖਰਾਂ ‘ਤੇ ਹੈ। ਬੇਰੁਜ਼ਗਾਰੀ ਘਟਣ ਦੀ ਬਜਾਇ ਤੇਜ਼ੀ ਨਾਲ ਵਧ ਰਹੀ ਹੈ। 2020 ਦੇ ਅੰਕੜਿਆਂ ਮੁਤਾਬਕ 50 ਫੀਸਦੀ ਜਨਤਾ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੀ ਹੈ। ਪੁਲਿਸ ਜਬਰ ਬੇਤਹਾਸ਼ਾ ਹੈ। ਲੋਕਾਂ ਦੀ ਖਰੀਦ ਸ਼ਕਤੀ ਘੱਟ ਹੋਣ ਕਰ ਕੇ ਘਰੇਲੂ ਮੰਡੀ ਵਿਕਸਤ ਨਹੀਂ ਹੋਈ। ਇਸ ਲਈ ਆਰਥਕਤਾ ਮੁੱਖ ਤੌਰ ‘ਤੇ ਬਰਾਮਦ-ਮੁਖੀ ਹੈ। ਆਰਥਕਤਾ ਦੇ ਮੁੱਖ ਖੇਤਰ ਤੇਲ, ਮਾਈਨਿੰਗ, ਖੇਤੀ ਅਤੇ ਮੈਨੂਫੈਕਚਰਿੰਗ ਹਨ। ਖੇਤੀ ਬਹੁਤ ਪਛੜੀ ਹੋਈ ਹੈ। ਵਿਦੇਸ਼ੀ ਮੁਦਰਾ ਕਮਾਉਣ ਦਾ ਸੋਮਾ ਤੇਲ ਅਤੇ ਇਲੈਕਟ੍ਰੌਨਿਕ ਦੇ ਸਮਾਨ ਦੀ ਬਰਾਮਦ ਹੀ ਹੈ। ਸਰਕਾਰੀ ਨੀਤੀਆਂ ਅਤੇ ਕੋਵਿਡ ਦੀ ਮਾਰ ਨੇ ਦੇਸ਼ ਨੂੰ ਆਰਥਕ ਤਬਾਹੀ ਦੀ ਕੰਢੇ ‘ਤੇ ਲਿਆ ਖੜ੍ਹਾ ਕੀਤਾ ਹੈ।
ਇਸ ਸੰਕਟ ਵਿਚੋਂ ਬਾਹਰ ਨਿਕਲਣ ਲਈ ਲੋਕ ਅਤੇ ਦੇਸ ਪੱਖੀ ਕੌਮੀ ਨੀਤੀਆਂ ਅਪਣਾਉਣ ਦੀ ਬਜਾਇ ਸਰਕਾਰ ਨੇ ਥੋਕ ਵਿਚ ਟੈਕਸ ਲਾਉਣ ਦਾ ਸੌਖਾ ਰਾਹ ਚੁਣ ਲਿਆ। ਇਸ ਦਾ ਜੋ ਸਿੱਟਾ ਨਿਕਲਿਆ, ਸਭ ਦੇ ਸਾਹਮਣੇ ਹੈ। ਟੈਕਸ ਦੇਣ ਤੋਂ ਅਸਮਰਥ ਲੋਕਾਂ ਕੋਲ ਵਿਰੋਧ ਵਿਚ ਸੜਕਾਂ ‘ਤੇ ਨਿਕਲਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਸਰਕਾਰ ਵਿਰੁਧ ਮੌਜੂਦਾ ਲੋਕ ਉਭਾਰ ਦਾ ਫੌਰੀ ਕਾਰਨ ਭਾਵੇਂ ਟੈਕਸ ਵਾਧੇ ਦਾ ਐਲਾਨ ਬਣਿਆ ਹੈ ਪਰ ਅਸਲ ਵਿਚ ਲੋਕ ਸਮੁੱਚੀਆਂ ਨੀਤੀਆਂ ਤੋਂ ਆਕੀ ਅਤੇ ਨਾਬਰ ਹੋਣ ਦੇ ਮੂਡ ਵਿਚ ਸਨ; ਇਸੇ ਲਈ ਟੈਕਸ ਵਾਧਾ ਵਾਪਸ ਲੈਣ ਦੇ ਬਾਵਜੂਦ ਹੜਤਾਲਾਂ ਮੁਜ਼ਾਹਰੇ ਉਸੇ ਤਰ੍ਹਾਂ ਜਾਰੀ ਰਹੇ।
ਅਮਰੀਕਾ ਅਤੇ ਯੂਰਪੀ ਯੂਨੀਅਨ ਨੇ ਕੋਲੰਬੀਅਨ ਸਰਕਾਰ ਨੂੰ ਕਿਹਾ ਕਿ ਉਹ ਅੰਦੋਲਨਕਾਰੀਆਂ ਪ੍ਰਤੀ ਨਰਮੀ ਵਰਤੇ ਅਤੇ ਗੱਲਬਾਤ ਦਾ ਰਾਹ ਅਖਤਿਆਰ ਕਰੇ। ਸਰਕਾਰ ਦੀ ਵਿਰੋਧੀ ਧਿਰ ਦੇ ਲੀਡਰਾਂ ਨਾਲ ਗੱਲਬਾਤ ਹੋਈ ਹੈ, ਉਨ੍ਹਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਗਰੀਬੀ, ਬੇਰੁਜ਼ਗਾਰੀ ਅਤੇ ਵਧ ਰਹੀ ਪੁਲਿਸ ਦਹਿਸ਼ਤ ਨੂੰ ਨਜਿੱਠੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸ਼ਾਂਤੀ ਬਹਾਲ ਲਈ ਸਿਵਲ ਸੁਸਾਇਟੀ ਪ੍ਰੋਟੈਸਟ ਆਰਗਨਾਈਜਰਾਂ ਨਾਲ ਗੱਲਬਾਤ ਕਰੇ। ਹੋਰ ਮੰਗਾਂ ਤੋਂ ਇਲਾਵਾ ਲੋਕਾਂ ਦੀ ਇਕ ਜ਼ੋਰਦਾਰ ਮੰਗ ਇਹ ਵੀ ਹੈ ਕਿ ਜ਼ਾਲਮ ਦੰਗਾ-ਪੁਲਿਸ ਨੂੰ ਖਤਮ ਕੀਤਾ ਜਾਵੇ ਪਰ ਸਰਕਾਰ ਨੇ ਅਜਿਹਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਹੈ।
ਅਮਰੀਕਾ ਅਤੇ ਯੂਰਪੀ ਯੂਨੀਅਨ ਦੀ ਕੋਲੰਬੀਆ ਦੀਆਂ ਘਟਨਾਵਾਂ ਪ੍ਰਤੀ ਫਿਕਰਮੰਦੀ ਅਤੇ ਲਗਾਓ ਦੇ ਆਪਣੇ ਤਿੰਨ ਮੁੱਖ ਕਾਰਨ ਹਨ। ਪਹਿਲਾ, ਅਮਰੀਕਾ ਕੋਲੰਬੀਆ ਅਤੇ ਆਪਣੇ ਪ੍ਰਭਾਵ ਵਾਲੇ ਇਸ ਖਿੱਤੇ ਦੀਆਂ ਹੋਰ ਸਰਕਾਰਾਂ ਨੂੰ ਦੁਨੀਆ ਦੇ ਸਹੀ ਚੱਲਦੇ ਲੋਕਤੰਤਰ ਦੇ ਤੌਰ ‘ਤੇ ਉਭਾਰਦਾ ਰਿਹਾ ਹੈ। ਕੋਲੰਬੀਆ ਦੀਆਂ ਮੌਜੂਦਾ ਘਟਨਾਵਾਂ ਨੇ ਇਸ ਅਖੌਤੀ ਲੋਕਤੰਤਰ ਦਾ ਥੋਥ ਤਾਂ ਜ਼ਾਹਰ ਕੀਤਾ ਹੀ ਹੈ, ਇਸ ਦਾ ਤਾਂ ਸਮੁੱਚੇ ਖਿੱਤੇ ਵਿਚ ਹੀ ਨਾਂਹਪੱਖੀ ਪ੍ਰਭਾਵ ਪੈਣ ਦਾ ਖਤਰਾ ਖੜ੍ਹਾ ਹੋ ਗਿਆ ਹੈ; ਕਿਉਂਕਿ ਇਸ ਖਿੱਤੇ ਦੇ ਅਮਰੀਕੀ ਪ੍ਰਭਾਵ ਵਾਲੇ ਬਾਕੀ ਮੁਲਕਾਂ ਦੇ ਲੋਕਾਂ ਦੇ ਮਸਲੇ ਵੀ ਕੰਲੋਬੀਅਨ ਲੋਕਾਂ ਨਾਲ ਮਿਲਦੇ ਜੁਲਦੇ ਅਤੇ ਸਾਂਝੇ ਹਨ, ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨੇੜ ਭਵਿੱਖ ਵਿਚ ‘ਅਰਬ ਸਪਰਿੰਗ’ ਵਰਗੀ ਲਹਿਰ ਜਨਮ ਲੈ ਲਵੇ।
ਦੂਜਾ, ਲੰਬੇ ਸਮੇਂ ਤੋਂ ਅਮਰੀਕਾ ਅਤੇ ਵੈਨੇਜ਼ੂਏਲਾ ਦੀ ਸਰਕਾਰ ਦੇ ਸਿੰਗ ਫਸੇ ਹੋਏ ਹਨ। ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਵੈਨੇਜ਼ੂਏਲਾ ਦੀ ਮੌਜੂਦਾ ਸਰਕਾਰ ਨੂੰ ਡੇਗ ਕੇ ਆਪਣੇ ਪੱਖੀ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ; ਬੇਸ਼ਕ ਇਸ ਨੂੰ ਸਫਲਤਾ ਤਾਂ ਨਹੀਂ ਮਿਲੀ ਪਰ ਕਸ਼ਿਸ਼ਾਂ ਜਾਰੀ ਹਨ। ਕੋਲੰਬੀਆ ਦੀ ਮੌਜੂਦਾ ਸਰਕਾਰ ਇਸ ਮਾਮਲੇ ਵਿਚ ਅਮਰੀਕਾ ਦਾ ਸਭ ਤੋਂ ਭਰੋਸੇਮੰਦ ਅਤੇ ਸਾਰਥਕ ਸੰਗੀ ਹੈ। ਕੋਲੰਬੀਆ ਨਾਲ ਵੈਨੇਜ਼ੁਏਲਾ ਦਾ ਬਾਰਡਰ ਲਗਦਾ ਹੋਣ ਕਰ ਕੇ ਅਮਰੀਕਾ ਵੈਨੇਜ਼ੂਏਲਾ ਖਿਲਾਫ ਕੋਲੰਬੀਆ ਨੂੰ ਆਧਾਰ ਇਲਾਕੇ ਦੇ ਤੌਰ ‘ਤੇ ਵਰਤਦਾ ਆ ਰਿਹਾ ਹੈ। ਇਸ ਲਈ ਕੋਲੰਬੀਆ ਸਰਕਾਰ ਦੀ ਕਮਜ਼ੋਰੀ ਅਤੇ ਘਟੀ ਲੋਕਪ੍ਰਿਯਤਾ ਅਮਰੀਕਾ ਲਈ ਸਮੱਸਿਆਵਾਂ ਖੜ੍ਹੀਆਂ ਕਰ ਸਕਦੀ ਹੈ।
ਤੀਜਾ, ਤਾਜ਼ਾ ਹਿੰਸਕ ਘਟਨਾਵਾਂ ਦਾ ਕੇਂਦਰ ਬਣਿਆ ਸ਼ਹਿਰ ਕੈਲੀ ਅਤੇ ਉਸ ਦੇ ਆਲੇ-ਦੁਆਲੇ ਦਾ ਇਲਾਕਾ ਸੁਰੱਖਿਆ ਪੱਖੋਂ ਕਾਫੀ ਸੰਵੇਦਨਸ਼ੀਲ ਸਮਝਿਆ ਜਾਂਦਾ ਹੈ। ਇਹ ਉਹ ਇਲਾਕਾ ਹੈ ਜਿਥੇ ਕਾਫੀ ਵੱਡੀ ਗਿਣਤੀ ਕਿਸਾਨਾਂ, ਆਦਿਵਾਸੀਆਂ ਅਤੇ ਐਫਰੋ-ਲਾਤੀਨੀ ਲੋਕਾਂ ਦੀ ਹੈ। ਇਹ ਉਹ ਲੋਕ ਹਨ ਜਿਨ੍ਹਾਂ ਵਿਚ ਸਮਾਜਵਾਦੀ ਵਿਚਾਰਧਾਰਾ ਦੀਆਂ ਧਾਰਨੀ, ਗੈਰ ਕਾਨੂੰਨੀ ਗੁਰੀਲਾ ਜੱਥੇਬੰਦੀਆਂ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਚੁੱਕਾ ਹੈ। ਜੇ ਗਰੀਬੀ ਅਤੇ ਸਰਕਾਰੀ ਜਬਰ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਹੋਰ ਵੱਧ ਲੋਕਾਂ ਦਾ ਗੁਰੀਲਿਆਂ ਦੇ ਹਮਾਇਤੀ ਖੇਮੇ ਵੱਲ ਧਕਿਆ ਜਾਣਾ ਤੈਅ ਹੈ।
ਯਾਦ ਰਹੇ ਕਿ ‘ਫਾਰਕ’ ਨਾਮ ਦੀ ਸੋਸ਼ਲਿਸਟ ਜਥੇਬੰਦੀ ਨੇ ਕੋਲੰਬੀਆ ਦੀ ਸਰਕਾਰ ਖਿਲਾਖ 1964 ਤੋਂ 2017 ਤੱਕ 53 ਸਾਲ ਲੰਮੀ ਹਥਿਆਰਬੰਦ ਗੁਰੀਲਾ ਲੜਾਈ ਲੜੀ ਸੀ। ਅਮਰੀਕਾ ਨੇ ਕੋਲੰਬੀਅਨ ਫੌਜ ਲਈ ਲਗਾਤਾਰ ਆਧੁਨਿਕ ਹਥਿਆਰ ਅਤੇ ਫੌਜੀ ਮਾਹਰ ਭੇਜੇ ਸਨ, ਫਿਰ ਵੀ ‘ਫਾਰਕ’ ਨੂੰ ਹਰਾਇਆ ਨਹੀਂ ਸੀ ਜਾ ਸਕਿਆ। ਆਖਰ 2016 ਵਿਚ ਇਕ ਸਮਝੌਤਾ ਹੋਇਆ ਜਿਸ ਤਹਿਤ ‘ਫਾਰਕ’ ਆਪਣੀ ਗੁਰੀਲਾ ਫੌਜ ਭੰਗ ਕਰ ਕੇ ਮੁੱਖ ਧਾਰਾ ਵਿਚ ਚਲੀ ਗਈ। ‘ਫਾਰਕ’ ਦੀਆਂ ਕੁਝ ਫਾਕਾਂ ਅਤੇ ਕੁਝ ਛੋਟੇ ਗੁਰੀਲਾ ਗਰੁੱਪ ਇਸ ਬਾਰੇ ਸਹਿਮਤ ਨਾ ਹੋਏ ਅਤੇ ਸਮਝੌਤੇ ਤੋਂ ਬਾਹਰ ਰਹੇ। ਲੋਕਾਂ ਨੇ ਸਰਕਾਰ ਅਤੇ ‘ਫਾਰਕ’ ਦੇ ਸਮਝੌਤੇ ‘ਤੇ ਇਕ ਵਾਰ ਤਾਂ ਖੁਸ਼ੀਆਂ ਮਨਾਈਆਂ ਸਨ ਪਰ 4 ਸਾਲਾਂ ਦੇ ਅਰਸੇ ਦੌਰਾਨ ਲੋਕਾਂ ਦਾ ਸਰਕਾਰ ਅਤੇ ਸਮਝੌਤੇ ਤੋਂ ਮੋਹਭੰਗ ਹੋ ਗਿਆ। ਸਮਝੌਤੇ ਤੋਂ ਬਾਹਰ ਰਹੇ ਗੁਰੀਲਿਆਂ ਨੇ ਮੁੜ ਪੈਰ ਜਮਾ ਲਏ। ਸਰਕਾਰੀ ਏਜੰਸੀਆਂ ਮੁਤਾਬਕ ਅਜਿਹੇ 25 ਗਰੁੱਪ ਹਨ ਜਿਹੜੇ ਦੇਸ਼ ਭਰ ਵਿਚ ਸਰਗਰਮ ਹਨ। ਇਨ੍ਹਾਂ ਕੋਲ ਕੁੱਲ ਮਿਲਾ ਕੇ 2500-2600 ਤੱਕ ਲੜਾਕੇ ਹਨ ਅਤੇ 1700-1800 ਪਾਰਟ ਟਾਈਮ ਮੈਂਬਰ ਹਨ ਜਿਹੜੇ ਵੱਖ-ਵੱਖ ਸ਼ਹਿਰਾਂ ਵਿਚ ਰਹਿੰਦਿਆਂ ਇਨ੍ਹਾਂ ਗਰੁਪਾਂ ਦੀ ਗੁਪਤ ਹਮਾਇਤ ਕਰਦੇ ਹਨ।
ਇਥੇ ਇਕ ਹੋਰ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ। ਦੁਨੀਆ ਦਾ ਸਭ ਤੋਂ ਵੱਡਾ, 2124 ਕਰੋੜ ਵਰਗ ਮੀਲ ਵਿਚ ਫੈਲਿਆ ਐਮਾਜ਼ੋਨ ਨਾਮ ਦਾ ਸੰਘਣਾ ਜੰਗਲ ਇਸੇ ਮਹਾਂਦੀਪ ਵਿਚ ਪੈਂਦਾ ਹੈ ਜਿਸ ਦੇ ਆਲੇ-ਦੁਆਲੇ ਕੋਲੰਬੀਆ ਸਮੇਤ ਕਿੰਨੇ ਹੀ ਦੇਸ਼- ਵੈਨੇਜ਼ੂਏਲਾ, ਕੋਲੰਬੀਆ, ਇਕਵਾਡੋਰ, ਪੀਰੂ, ਬੋਲੀਵੀਆ, ਬ੍ਰਾਜ਼ੀਲ, ਗਈਆਨਾ, ਸੂਰੀਨਾਮ ਵਗੈਰਾ ਵਸੇ ਹੋਏ ਹਨ। ਐਮਾਜ਼ੋਨ ਮਹਾਂ ਜੰਗਲ ਸਾਡੀ ਧਰਤੀ ਦੇ ਵਾਤਾਵਰਨ ਨੂੰ ਨਿਰਧਾਰਤ ਕਰਨ ਵਾਲਾ ਉਭਰਵਾਂ ਚੈਂਪੀਅਨ ਤਾਂ ਹੈ ਹੀ, ਇਹ ਇਸ ਦੇ ਬਸ਼ਿੰਦੇ ਆਦਿਵਾਸੀਆਂ ਦੀ ਜਿੰਦਜਾਨ ਅਤੇ ਉਨ੍ਹਾਂ ਦਾ ਪਾਲਣਹਾਰ ਵੀ ਹੈ। ਦਰਖਤ ਕੱਟਣ ਅਤੇ ਮਾਈਨਿੰਗ ਦੀਆਂ ਪਾਬੰਦੀਆਂ ਦੇ ਬਾਵਜੂਦ ਬਹੁਕੌਮੀ ਕਾਰਪੋਰੇਸ਼ਨਾਂ ਕਾਨੂੰਨ ਜਾਂ ਗੈਰ ਕਾਨੂੰਨੀ ਢੰਗਾਂ ਨਾਲ ਜੰਗਲ ਕੱਟਦੀਆਂ ਅਤੇ ਮੁੱਢ-ਕਦੀਮ ਤੋਂ ਰਹਿ ਰਹੇ ਆਦਿਵਾਸੀਆਂ ਦਾ ਉਜਾੜਾ ਕਰਦੀਆਂ ਹਨ। ਇਸੇ ਕਰ ਕੇ ਆਦਿਵਾਸੀਆਂ ਦਾ ਇਨ੍ਹਾਂ ਨਾਲ ਦੁਸ਼ਮਣਾਨਾ ਵਿਰੋਧ ਅਤੇ ਟੱਕਰ ਹੈ। ਇਕੋ-ਇਕ ਸਿਆਸੀ ਸਮਾਜੀ ਧਿਰ ਜਿਹੜੀ ਇਨ੍ਹਾਂ ਆਦਿਵਾਸੀਆਂ ਦੀ ਮਦਦ ਲਈ ਨਿੱਤਰੀ, ਉਹ ਸੋਸ਼ਲਿਸਟ ਗੁਰੀਲਾ ਗਰੁੱਪ ਹਨ; ਉਸੇ ਤਰ੍ਹਾਂ ਜਿਵੇਂ ਭਾਰਤ ਵਿਚ ਬਸਤਰ ਦੇ ਆਦਿਵਾਸੀਆਂ ਦੇ ਹੱਕ ਵਿਚ ਮਾਓਵਾਦੀ ਬਹੁੜੇ ਹਨ। ਇਉਂ ਕੋਲੰਬੀਆ ਵਿਚ ਖਾਸ ਕਰਕੇ ਅਤੇ ਸਾਰੇ ਖਿੱਤੇ ਵਿਚ ਆਮ ਕਰ ਕੇ ਕਾਰਪੋਰੇਟ ਜਗਤ ਦੇ ਖਿਲਾਫ ਖਿੰਡਵੀਂ ਪਰ ਸੰਜੀਦਾ ਲਹਿਰ ਉਸਰ ਰਹੀ ਹੈ। ਸੰਭਵ ਹੈ, ਆਉਂਦੇ ਸਮੇਂ ਦੌਰਾਨ ਇਸ ਦਾ ਚੰਗਾ ਨਿੱਗਰ ਉਭਾਰ ਬਣ ਜਾਵੇ।