ਪੈਰਿਸ ਵਾਤਾਵਰਨ ਸਮਝੌਤਾ-ਸਰਲ ਪਛਾਣ

ਇੰਜ. ਈਸ਼ਰ ਸਿੰਘ
ਫੋਨ: 647-640-2014
ਵਿਸ਼ਵ-ਵਿਆਪੀ ਵਾਤਾਵਰਨ ਵਿਚ ਹੋ ਰਹੇ ਹਾਨੀਕਾਰਕ ਪਰਿਵਰਤਨ ਨੂੰ ਠੱਲ੍ਹ ਪਾਉਣ ਵਾਸਤੇ, 195 ਮੈਂਬਰ-ਦੇਸ਼ਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨਤ ‘ਪੈਰਿਸ ਵਾਤਾਵਰਨ ਸਮਝੌਤਾ, ਸੰਯੁਕਤ ਰਾਸ਼ਟਰ ਦਾ ਇੱਕ ਇਤਿਹਾਸਕ ਸਮਝੌਤਾ ਹੈ, ਜੋ 2016 ਤੋਂ ਲਾਗੂ ਹੋਇਆ ਹੈ। ਇਸ ਦੇ ਨਾਂ ਤੋਂ ਲਗਦਾ ਹੈ ਕਿ ਸ਼ਾਇਦ ਇਸ ਨਾਲ ਸਾਡਾ ਕੋਈ ਸਬੰਧ ਨਹੀਂ, ਪਰ ਇਹ ਭੁਲੇਖਾ ਹੈ। ਇਸ ਦਾ ਸਬੰਧ ਸਾਡੇ ਸਭ ਦੇ ਵਰਤਮਾਨ ਅਤੇ ਭਵਿੱਖ ਨਾਲ ਹੈ; ਨਾ-ਸਿਰਫ ਸਾਡੇ ਨਾਲ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ।

ਇਹ ਸਮਝੌਤਾ ਉਸ ਖਿਲਵਾੜ ਦੇ ਗਲਤ ਨਤੀਜਿਆਂ ਨੂੰ ਦਰੁਸਤ ਕਰਨ ਦਾ ਇੱਕ ਸਰਬਪੱਖੀ ਉਪਰਾਲਾ ਹੈ, ਜੋ ਆਪਾਂ ਸਮੂਹਕ ਤੌਰ `ਤੇ ਧਰਤੀ ਦੇ ਵਾਤਾਵਰਨ, ਬਨਸਪਤੀ, ਪੌਣ-ਪਾਣੀ, ਵਾਯੂ-ਮੰਡਲ ਅਤੇ ਇਸ ਦੇ ਕੁਦਰਤੀ ਵਸੀਲਿਆਂ ਨਾਲ ਕਰ ਰਹੇ ਹਾਂ। ਆਪਾਂ ਇਸ ਦੀ ਮਹੱਤਤਾ ਅੱਜ ਦੇ ਪੰਜਾਬ ਦੇ ਇਨ੍ਹਾਂ ਵਸੀਲਿਆਂ ਦੀ ਤੁਲਨਾ, ਅੱਜ ਤੋਂ ਛੇ-ਸੱਤ ਦਹਾਕਿਆਂ ਤੋਂ ਪਹਿਲਾਂ ਦੇ ਪੰਜਾਬ ਦੇ ਵਸੀਲਿਆਂ ਨਾਲ ਕਰ ਕੇ ਸਮਝ ਸਕਦੇ ਹਾਂ। ਜੋ ਕੁਝ ਪੰਜਾਬ ਵਿਚ ਹੋਇਆ ਅਤੇ ਹੋ ਰਿਹਾ ਹੈ, ਓਹੀ ਪੂਰੇ ਸੰਸਾਰ ਵਿਚ ਹੋਇਆ ਤੇ ਹੋ ਰਿਹਾ ਹੈ।
ਵੱਡੇ ਪੱਧਰ ਉਤੇ ਇਸ ਦੀ ਮਹੱਤਤਾ ਇਸ ਤੱਥ ਤੋਂ ਸਮਝੀ ਜਾ ਸਕਦੀ ਹੈ ਕਿ ਇਸ ਸਾਲ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਜੋਅ ਬਾਇਡਨ ਨੇ ਆਪਣੇ ਪੂਰਵ-ਵਰਤੀ ਰਾਸ਼ਟਰਪਤੀ ਦੇ ਅਮਰੀਕਾ ਨੂੰ ਯੂ. ਐਨ. ਓ. ਦੇ ਇਸ ਸਮਝੌਤੇ ਵਿਚੋਂ ਬਾਹਰ ਕਰਨ ਦੇ ਹੁਕਮ ਨੂੰ ਰੱਦ ਕਰ ਕੇ, ਆਪਣੇ ਦੇਸ਼ ਨੂੰ ਮੁੜ ਇਸ ਵਿਚ ਦਾਖਲ ਕਰਨ ਦੇ ਕਾਰਜਕਾਰੀ ਹੁਕਮ ਕੀਤੇ ਸਨ। ਇਹ ਸਾਰੇ ਸੰਸਾਰ ਵਾਸਤੇ ਬਹੁਤ ਸੁਖਦਾਇਕ ਖਬਰ ਸੀ, ਕਿਉਂਕਿ ਅਮਰੀਕਾ ਇਸ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਸੀ ਅਤੇ ਮੁੜ ਫਿਰ ਇਸ ਨੇ ਅਗਵਾਈ ਕਰਨ ਦਾ ਭਰੋਸਾ ਦਿਵਾਇਆ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਹੁਕਮ ਉਤੇ ਅਗਲੀ ਕਾਰਵਾਈ ਕਰਦਿਆਂ 22-23 ਅਪਰੈਲ ਨੂੰ 40 ਦੇਸ਼ਾਂ ਦੇ ਮੁਖੀਆਂ ਦੀ ਇੱਕ ਉਚ-ਪੱਧਰੀ ਮੀਟਿੰਗ ਕੀਤੀ, ਜਿਸ ਵਿਚ ਰੂਸ, ਚੀਨ, ਭਾਰਤ, ਬ੍ਰਾਜ਼ੀਲ, ਯੂ. ਕੇ. ਅਤੇ ਕੈਨੇਡਾ ਵਰਗੇ ਸਭ ਵੱਡੇ ਦੇਸ਼ਾਂ ਨੇ ਹਿੱਸਾ ਲਿਆ। ਇਹ ਸੰਸਾਰ ਦੇ ਲੀਡਰਾਂ ਦੀ ਸਭ ਤੋਂ ਵੱਡੀ ਵਰਚੂਅਲ ਮੀਟਿੰਗ ਸੀ ਅਤੇ ਇਸ ਵਿਚ ਇਸ ਸਮਝੌਤੇ ਉਤੇ ਹੁਣ ਤੱਕ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਗਈ ਅਤੇ 2050 ਤੱਕ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਾਸਤੇ ਅਹਿਮ ਫੈਸਲੇ ਕੀਤੇ ਗਏ। ਵਾਤਾਵਰਨ ਵਿਚ ਪੈ ਰਹੇ ਵਿਗਾੜ ਨੂੰ ਠੀਕ ਕਰਨ ਦੇ ਕੰਮ ਦੀ ਗੰਭੀਰਤਾ ਦਾ ਸਭ ਤੋਂ ਵੱਡਾ ਸਬੂਤ ਸੰਯੁਕਤ ਰਾਸ਼ਟਰ ਵਲੋਂ ਇਸ ਨੂੰ ਵਿਚਾਰ-ਅਧੀਨ ਸਮਝੌਤੇ ਰਾਹੀਂ ਆਪਣੀ ਨਿਗਰਾਨੀ ਹੇਠ ਲੈਣਾ ਹੈ।
ਇਹ ਓਹੀ ਸਮਝੌਤਾ ਹੈ, ਜਿਸ ਦੀ ਪਾਲਣਾ ਵਿਚ ਕੁਤਾਹੀ ਕਰਨ ਵਾਸਤੇ ਯੂ. ਐਨ. ਦੀ 2019 ਦੀ ਨਿਊ ਯਾਰਕ ਵਿਚ ਹੋਈ ਇੱਕ ਮੀਟਿੰਗ ਵਿਚ ਸਵੀਡਨ ਦੀ 16 ਸਾਲਾ ਬੱਚੀ ਗਰੈਟਾ ਥਨਬਰਗ ਨੇ ਵੱਡੇ ਲੀਡਰਾਂ ਨੂੰ ਉਨ੍ਹਾਂ ਦੇ ਮੂੰਹ `ਤੇ ਇਹ ਸਖਤ ਸ਼ਬਦ ਕਹੇ ਸਨ, “ਤੁਸੀਂ ਆਪਣੇ ਝੂਠੇ ਵਾਅਦਿਆਂ ਨਾਲ ਮੇਰੇ ਸੁਫਨਿਆਂ ਅਤੇ ਮੇਰੇ ਬਚਪਨ ਨਾਲ ਖਿਲਵਾੜ ਕੀਤਾ ਹੈ। ਲੋਕ ਤੜਫ ਰਹੇ ਹਨ, ਮਰ ਰਹੇ ਹਨ। ਅਸੀਂ ਇੱਕ ਪਰਲੋ ਦੇ ਮੁਹਾਣ `ਤੇ ਖੜ੍ਹੇ ਹਾਂ, ਪਰ ਤੁਸੀਂ ਸਿਰਫ ਧਨ-ਦੌਲਤ ਅਤੇ ਫੋਕੀ ਆਰਥਿਕ ਤਰੱਕੀ ਦੀਆਂ ਗੱਲਾਂ ਕਰਦੇ ਹੋ। ਤੁਹਾਡੀ ਇਹ ਸਭ ਕਰਨ ਦੀ ਹਿੰਮਤ ਕਿਵੇਂ ਪਈ?” ਆਪਣੀ ਇਸ ਦਲੇਰੀ ਸਦਕਾ ਸੰਸਾਰ-ਪ੍ਰਸਿੱਧ ਇਹ ਬੱਚੀ ਤਿੰਨ ਸਾਲਾਂ ਵਿਚ ਤਿੰਨ ਵਾਰ ਨੋਬਲ ਇਨਾਮ ਵਾਸਤੇ ਨਾਮਜ਼ਦ ਹੋ ਚੁਕੀ ਹੈ।
ਇਹ ਸਮਝੌਤਾ ਹੈ ਕੀ? ਇਹ ਵਾਤਾਵਰਨ ਪਰਿਵਰਤਨ ਬਾਰੇ ਕਾਨੂੰਨੀ ਤੌਰ `ਤੇ ਲਾਜ਼ਮੀ ਮੰਨਣਯੋਗ ਵਿਸ਼ਵ-ਵਿਆਪੀ ਸੰਧੀ (਼ੲਗਅਲਲੇ-ਬਨਿਦਨਿਗ ੀਨਟੲਰਨਅਟੋਿਨਅਲ ਠਰੲਅਟੇ) ਹੈ। ਇਸ ਦਾ ਟੀਚਾ ਇਸ ਸਦੀ ਦੇ ਅਖੀਰ ਤੱਕ ਧਰਤੀ ਦੇ ਤਾਪਮਾਨ ਵਿਚ ਹੋ ਰਹੇ ਵਾਧੇ ਨੂੰ ਪੂਰਬ-ਉਦਯੋਗਿਕ ਪੱਧਰ ਦੇ ਤਾਪਮਾਨ ਤੋਂ 1.5 ਡਿਗਰੀ ਸੈਂਟੀਗ੍ਰੇਡ ਤੱਕ ਸੀਮਤ ਰੱਖਣਾ ਹੈ ਅਤੇ ਕਿਸੇ ਵੀ ਹਾਲਤ ਵਿਚ 2 ਡਿਗਰੀ ਤੋਂ ਨਾ ਵਧਣ ਦੇਣਾ ਹੈ। ਇਸ ਪਰਿਭਾਸ਼ਾ ਦੇ ਭਾਵ ਇੰਨੇ ਵਿਸਤ੍ਰਿਤ ਹਨ ਕਿ ਇਸ ਟੀਚੇ ਦੀ ਪ੍ਰਾਪਤੀ ਵਾਸਤੇ ਹਰ ਇਨਸਾਨ ਨੂੰ ਆਪਣੇ ਜੀਵਨ ਨੂੰ ਸੰਜਮ ਵਿਚ ਲਿਆਉਣਾ ਪਵੇਗਾ। ਸੰਸਾਰ ਦੇ ਹਰ ਸੰਗਠਨ ਅਤੇ ਹਰ ਦੇਸ਼ ਨੂੰ ਪੂਰੀ ਸੁਹਿਰਦਤਾ ਅਤੇ ਇੱਕ-ਸੁਰਤਾ ਨਾਲ ਸੰਯੁਕਤ ਰਾਸ਼ਟਰ ਵਲੋਂ ਬਣਾਈਆਂ ਸਕੀਮਾਂ ਦੀ ਪਾਲਣਾ ਕਰਨੀ ਪਵੇਗੀ। ਇਥੋਂ ਤੱਕ ਕਿ ਸੰਸਾਰ ਪੱਧਰ ਉਤੇ ਮਨੁੱਖੀ-ਬਰਾਬਰੀ ਅਤੇ ਸਮੁੱਚੇ ਵਾਤਾਵਰਨ ਦੀ ਸਵੈ-ਨਿਰਭਰਤਾ ਨੂੰ ਵੀ ਇਸ ਪ੍ਰੋਗਰਾਮ ਨਾਲ ਜੋੜਨਾ ਪਵੇਗਾ। ਆਸ਼ਾਜਨਕ ਗੱਲ ਇਹ ਹੈ ਕਿ ਸੰਯੁਕਤ ਰਾਸ਼ਟਰ ਨੇ ਪਹਿਲਾਂ ਹੀ ‘ਸਵੈ-ਨਿਰਭਰ ਵਿਕਾਸ ਟੀਚੇ’ (ੰੁਸਟਅਨਿਅਬਲੲ ਧੲਵੲਲੋਪਮੲਨਟ ਘੋਅਲਸ) ਨਾਂ ਦਾ 17-ਨੁਕਾਤੀ ਅਤੇ ਇੰਨਾ ਹੀ ਅਹਿਮ ਇੱਕ ਹੋਰ ਪ੍ਰਾਜੈਕਟ 2015 ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੇ ਟੀਚਿਆਂ ਦੀ ਪ੍ਰਾਪਤੀ ਵੀ ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਰੋਕਣ ਵਿਚ ਬਹੁਤ ਮਦਦਗਾਰ ਹੋਵੇਗੀ।
ਇਹ ਸਭ ਗੁੰਝਲਦਾਰ ਮਸਲੇ ਹਨ, ਪਰ ਆਪਣੇ ਵਾਸਤੇ ਇੰਨਾ ਸਮਝ ਲੈਣਾ ਹੀ ਕਾਫੀ ਹੈ ਕਿ ਅਜੋਕੀਆਂ (ੰੋਦੲਰਨ) ਮਨੁੱਖੀ ਕਾਰਵਾਈਆਂ ਕਰ ਕੇ ਧਰਤੀ ਦਾ ਤਾਪਮਾਨ ਤੇਜੀ ਨਾਲ ਵਧ ਰਿਹਾ ਹੈ। ਇਸ ਪ੍ਰਕਿਰਿਆ ਦੀ ਸਰਲ ਵਿਆਖਿਆ ਇਹ ਹੈ ਕਿ ਸਾਡੀ ਧਰਤੀ ਦੇ ਆਲੇ-ਦੁਆਲੇ ਦੇ ਵਾਯੂ-ਮੰਡਲ ਵਿਚ ਦੋ ਗੈਸਾਂ-ਨਾਈਟਰੋਜਨ ਅਤੇ ਆਕਸੀਜਨ ਸਭ ਤੋਂ ਵੱਧ ਹਨ, ਪਰ ਇਨ੍ਹਾਂ ਤੋਂ ਇਲਾਵਾ ਬਹੁਤ ਥੋੜ੍ਹੀ ਮਾਤਰਾ ਵਿਚ ਹੋਰ ਵੀ ਹਨ, ਜਿਨ੍ਹਾਂ ਵਿਚੋਂ ਇੱਕ ਕਾਰਬਨ ਡਾਈਆਕਸਾਈਡ ਹੈ। ਇਹ ਸੂਰਜ ਦੀ ਗਰਮੀ ਨਾਲ ਮਿਲ ਕੇ ਸਾਰੀ ਬਨਸਪਤੀ ਦੀ ਉਤਪਤੀ ਅਤੇ ਇਸ ਨੂੰ ਜੀਵਤ ਰੱਖਣ ਵਿਚ ਓਨੀ ਹੀ ਅਹਿਮ ਹੈ, ਜਿੰਨੀ ਕਿ ਇਨਸਾਨਾਂ ਅਤੇ ਹੋਰ ਪ੍ਰਾਣੀਆਂ ਵਾਸਤੇ ਆਕਸੀਜਨ ਹੈ। ਕੁਦਰਤ ਨੇ ਆਪਣੀ ਬਣਤ ਅਨੁਸਾਰ ਇਸ ਦੀ ਮਾਤਰਾ ਦੀ ਹੱਦ ਨਿਯਤ ਕੀਤੀ ਹੋਈ ਹੈ; ਜੇ ਇਸ ਦੀ ਮਾਤਰਾ ਵਧਦੀ ਹੈ ਤਾਂ ਸਾਡੀ ਧਰਤੀ ਦਾ ਤਾਪਮਾਨ ਵੀ ਵਧ ਜਾਂਦਾ ਹੈ। ਭਾਵੇਂ ਜਿ਼ਆਦਾ ਨੁਕਸਾਨ ਇਹ ਗੈਸ ਹੀ ਕਰਦੀ ਹੈ, ਪਰ ਹੋਰ ਕਈ ਗੈਸਾਂ ਵੀ ਇਸ ਨੁਕਸਾਨ ਵਿਚ ਵਾਧਾ ਕਰਦੀਆਂ ਹਨ ਜਿਵੇਂ ਕਿ ਮੀਥੇਨ, ਨਾਈਟਰਸ ਆਕਸਾਈਡ ਅਤੇ ਪਾਣੀ ਦੇ ਬੁਖਾਰਾਤ ਆਦਿ। ਇਨ੍ਹਾਂ ਸਾਰੀਆਂ ਗੈਸਾਂ ਨੂੰ ‘ਗ੍ਰੀਨ-ਹਾਊਸ ਗੈਸਾਂ’ ਕਿਹਾ ਜਾਂਦਾ ਹੈ, ਕਿਉਂਕਿ ਇਹ ਧਰਤੀ ਦੀ ਫਾਲਤੂ ਗਰਮੀ ਨੂੰ ਪੁਲਾੜ ਵਿਚ ਜਾਣ ਤੋਂ ਉਸੇ ਤਰ੍ਹਾਂ ਰੋਕਦੀਆਂ ਹਨ, ਜਿਵੇਂ ਕਿ ਖੇਤ ਵਿਚ ਬਣਿਆ ਹੋਇਆ ਗ੍ਰੀਨ-ਹਾਊਸ ਆਪਣੇ ਅੰਦਰ ਦਾਖਲ ਹੋਈ ਗਰਮੀ ਨੂੰ ਬਾਹਰ ਜਾਣ ਤੋਂ ਰੋਕਦਾ ਹੈ।
ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਵਾਯੂ-ਮੰਡਲ ਵਿਚ ਸੰਤੁਲਨ ਬਣਿਆ ਹੋਇਆ ਸੀ ਅਰਥਾਤ ਜਿੰਨੀਆਂ ਕੁ ਗ੍ਰੀਨ-ਹਾਊਸ ਗੈਸਾਂ ਬਣਦੀਆਂ ਸਨ, ਓਨੀਆਂ ਨੂੰ ਜਜ਼ਬ ਕਰਨ ਦੀ ਧਰਤੀ ਦੀ ਸਮਰੱਥਾ ਸੀ, ਕਿਉਂਕਿ ਜੰਗਲ ਬਹੁਤ ਸਨ, ਆਬਾਦੀ ਘੱਟ ਸੀ ਅਤੇ ਅਜੋਕੀ ਕਿਸਮ ਦੀਆਂ ਮਨੁੱਖੀ ਵਿਕਾਸ (ਤਥਾ-ਕਥਿਤ) ਦੀਆਂ ਕਾਰਵਾਈਆਂ ਅਜੇ ਸ਼ੁਰੂ ਨਹੀਂ ਸਨ ਹੋਈਆਂ; ਪਰ 19ਵੀਂ ਸਦੀ ਦੇ ਸ਼ੁਰੂ ਵਿਚ ਪੱਥਰ ਦੇ ਕੋਲੇ ਦੀ ਵਰਤੋਂ ਵਿਚ ਬੇ-ਥਾਹ ਵਾਧਾ ਹੋਇਆ ਅਤੇ ਫਿਰ ਵੀਹਵੀਂ ਸਦੀ ਦੇ ਸ਼ੁਰੂ ਵਿਚ ਪੈਟਰੋਲ, ਡੀਜ਼ਲ ਅਤੇ ਕੁਦਰਤੀ ਗੈਸ ਦੀ ਖਪਤ ਵਿਚ ਇਸ ਤੋਂ ਵੀ ਜ਼ਿਆਦਾ ਅਤੇ ਵੱਧ ਤੇਜੀ ਨਾਲ ਵਾਧਾ ਹੋਇਆ। ਕੋਲੇ ਸਣੇ ਇਨ੍ਹਾਂ ਸਭ ਨੂੰ ਫੌਸਿਲ ਫਿਊਲਜ਼ (ਾਂੋਸਸਲਿ ਾਂੁੲਲਸ) ਕਿਹਾ ਜਾਂਦਾ ਹੈ ਅਤੇ ਇਨ੍ਹਾਂ ਵਿਚ ਕਾਰਬਨ ਦੀ ਮਾਤਰਾ ਬਹੁਤ ਹੁੰਦੀ ਹੈ। ਇਸੇ ਕਰ ਕੇ ਜਦ ਇਨ੍ਹਾਂ ਨੂੰ ਵਰਤਿਆ ਜਾਂਦਾ ਹੈ ਤਾਂ ਇਹ ਬਹੁਤ ਜਿ਼ਆਦਾ ਕਾਰਬਨ ਡਾਈਆਕਸਾਈਡ ਪੈਦਾ ਕਰਦੀਆਂ ਹਨ। ਇਸ ਦੇ ਨਾਲ-ਨਾਲ ਆਬਾਦੀ ਵਿਚ ਵੀ ਤੇਜੀ ਨਾਲ ਵਾਧਾ ਹੋਇਆ, ਹਰਿਆਵਲ ਘਟੀ ਅਤੇ ਫੌਸਿਲ ਫਿਊਲਜ਼ ਵਰਤਣ ਵਾਲੀਆਂ ਹੋਰ ਕਾਰਵਾਈਆਂ ਵੀ ਵਿਕਸਿਤ ਹੋਈਆਂ। ਅੱਜ ਸੰਸਾਰ ਦੀਆਂ ਊਰਜਾ ਦੀਆਂ 80% ਜ਼ਰੂਰਤਾਂ ਫੌਸਿਲ ਫਿਊਲਜ਼ ਰਾਹੀਂ ਹੀ ਪੂਰੀਆਂ ਹੋ ਰਹੀਆਂ ਹਨ। ਇਨ੍ਹਾਂ ਕਾਰਵਾਈਆਂ ਕਰ ਕੇ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਕਾਰਬਨ ਡਾਈਆਕਸਾਈਡ ਸਣੇ ਸਾਰੀਆਂ ਗ੍ਰੀਨ-ਹਾਊਸ ਗੈਸਾਂ ਦੀ ਉਪਜ ਵਿਚ ਇਕੱਲਾ ਵਾਧਾ ਹੀ ਨਹੀਂ ਹੋਇਆ, ਸਗੋਂ ਇਸ ਵਾਧੇ ਵਿਚ ਤੇਜੀ ਵੀ ਆਈ।
ਬਿਲ ਗੇਟਸ ਨੇ ਆਪਣੀ ਤਾਜ਼ਾ ਛਪੀ ਕਿਤਾਬ ‘੍ਹੋੱ ਠੋ ੳਵੋਦਿ ੳ ਛਲਮਿਅਟੲ ਧਸਿਅਸਟੲਰ’ ਵਿਚ ਸਾਡੀਆਂ ਵਿਕਾਸ-ਕਾਰਵਾਈਆਂ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਅਤੇ ਹਰ ਕਾਰਵਾਈ ਕਰ ਕੇ ਪੈਦਾ ਹੋਈਆਂ ਗ੍ਰੀਨ-ਹਾਊਸ ਗੈਸਾਂ ਦਾ ਹਿੱਸਾ ਇਸ ਤਰ੍ਹਾਂ ਦੱਸਿਆ ਹੈ:
-ਬਿਜਲੀ ਦੀ ਪੈਦਾਵਾਰ 27%
-ਨਵੀਂਆਂ ਚੀਜ਼ਾਂ ਜਿਵੇਂ ਕਿ ਸੀਮਿੰਟ ਅਤੇ ਸਟੀਲ ਆਦਿ ਦੀ ਪੈਦਾਵਾਰ 31%
-ਖੇਤੀਬਾੜੀ ਦੀਆਂ ਵਸਤਾਂ ਦੀ ਪੈਦਾਵਾਰ 19%
-ਆਵਾਜਾਈ ਅਤੇ ਢੋਅ-ਢੁਆਈ ਦੇ ਸਾਧਨ 16%
-ਠੰਡਾ ਅਤੇ ਗਰਮ ਕਰਨ ਦੇ ਸਾਧਨ 7%
ਇਹ ਸਭ ਸਾਡੀ ਅਜੋਕੀ ਆਧੁਨਿਕ ਜੀਵਨ-ਸ਼ੈਲੀ ਦੀਆਂ ਜ਼ਰੂਰੀ ਕਾਰਵਾਈਆਂ ਹਨ ਅਤੇ ਵਿਕਾਸਸ਼ੀਲ ਦੇਸ਼ਾਂ ਵਲੋਂ ਹੋਰ ਵਿਕਾਸ ਕਰਨ ਕਰ ਕੇ, ਆਉਣ ਵਾਲੇ ਸਮੇਂ ਵਿਚ ਇਨ੍ਹਾਂ ਵਿਚ ਹੋਰ ਵੀ ਵਾਧਾ ਹੋਵੇਗਾ, ਜਿਸ ਕਰ ਕੇ ਗ੍ਰੀਨ-ਹਾਊਸ ਗੈਸਾਂ ਵਿਚ ਵੀ ਵਾਧਾ ਹੋਵੇਗਾ। ਜੇ ਇਨ੍ਹਾਂ ਗੈਸਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤਾਂ ਧਰਤੀ ਦੇ ਤਾਪਮਾਨ ਦਾ ਵਾਧਾ 4 ਡਿਗਰੀ ਤੱਕ ਹੋ ਜਾਵੇਗਾ, ਜਿਸ ਦੇ ਬਹੁਤ ਭਿਆਨਕ ਨਤੀਜੇ ਹੋਣਗੇ। ਅਜੇ ਤੱਕ ਇਹ ਵਾਧਾ ਸਿਰਫ ਇੱਕ ਡਿਗਰੀ ਹੋਇਆ ਹੈ, ਪਰ ਇਸ ਨਾਲ ਹੀ ਬਹੁਤ ਨੁਕਸਾਨ ਹੋ ਰਿਹਾ ਹੈ, ਜਿਸ ਦੇ ਨਮੂਨੇ ਅੱਜ ਸਾਨੂੰ ਦੇਖਣ ਨੂੰ ਮਿਲ ਰਹੇ ਹਨ। ਜਿਵੇਂ ਕਿ ਜੰਗਲਾਂ ਦੀਆਂ ਹੋਰ ਭਿਆਨਕ ਅੱਗਾਂ, ਬਹੁਤੇ ਤੇ ਜਿ਼ਆਦਾ ਮਾਰੂ ਹੜ੍ਹ ਅਤੇ ਸੋਕੇ, ਸਮੁੰਦਰਾਂ ਦੇ ਪੱਧਰਾਂ ਵਿਚ ਵਾਧਾ, ਗਰਮੀ ਵਿਚ ਵਾਧਾ ਤੇ ਮਹਾਮਾਰੀਆਂ।
ਮਾਹਿਰ ਇਨ੍ਹਾਂ ਆਫਤਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰਭਾਵਾਂ ਦਾ ਜਿ਼ਕਰ ਕਰਦਿਆਂ ਹੋਰ ਬੀਮਾਰੀਆਂ, ਮਨੁੱਖੀ ਪਲਾਇਨ, ਰਾਜ-ਪਲਟੇ, ਅਤਿਵਾਦ ਵਿਚ ਵਾਧੇ ਬਾਰੇ ਖਬਰਦਾਰ ਕਰਦੇ ਹਨ। ਕਹਿਣ ਨੂੰ ਇਹ ਕੁਦਰਤੀ ਆਫਤਾਂ ਲਗਦੀਆਂ ਹਨ, ਪਰ ਇਨ੍ਹਾਂ ਦਾ ਇੱਕ ਵੱਡਾ ਕਾਰਨ ਸਾਡੇ ਵਲੋਂ ਕੁਦਰਤੀ ਸਾਧਨਾਂ ਨੂੰ ਸਿਰਫ ਜ਼ਰੂਰਤਾਂ ਵਾਸਤੇ ਵਰਤਣ ਦੀ ਥਾਂ ਮੌਜ-ਮਸਤੀਆਂ ਅਤੇ ਮਨ-ਪਰਚਾਵਿਆਂ ਵਾਸਤੇ ਵਰਤ ਕੇ ਇਨ੍ਹਾਂ ਦਾ ਦੁਰ-ਉਪਯੋਗ ਕਰਨਾ ਹੈ। ਨਿਰਸੰਦੇਹ ਸੰਸਾਰ ਦੇ ਅਮੀਰ ਵਿਅਕਤੀ ਅਤੇ ਅਮੀਰ ਦੇਸ਼ ਤਾਪਮਾਨ ਦੇ ਵਾਧੇ ਵਾਸਤੇ ਵੱਧ ਜਿ਼ੰਮੇਵਾਰ ਹਨ।
ਬਿਲ ਗੇਟਸ ਦਸਦੇ ਹਨ ਕਿ ਸਾਡਾ ਅੱਜ ਦਾ ਕੋਈ ਵੀ ਸਿਸਟਮ-ਰਾਜਨੀਤਿਕ, ਰਾਜ-ਪ੍ਰਬੰਧ, ਮੈਨੇਜਮੈਂਟ, ਆਰਥਿਕ ਜਾਂ ਸਮਾਜਿਕ- ਇਸ ਸਮੱਸਿਆ ਨੂੰ ਨਜਿੱਠਣ ਦੇ ਸਮਰੱਥ ਨਹੀਂ। ਇਨ੍ਹਾਂ ਸਭ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਇਨ੍ਹਾਂ ਸਭ ਵਿਚ ਸੁਧਾਰਾਂ ਦੀ ਅਤਿਅੰਤ ਲੋੜ ਹੈ ਤਾਂ ਕਿ ਇਹ ਭੂਤ ਅਤੇ ਵਰਤਮਾਨ ਨੂੰ ਸਮਝਦਿਆਂ ਭਵਿੱਖ-ਦਰਸ਼ੀ ਬਣ ਸਕਣ। ਉਹ ਇਥੋਂ ਤੱਕ ਕਹਿੰਦੇ ਹਨ ਕਿ ਸਾਡੀ ਅੱਜ ਦੀ ਸਾਇੰਸ ਅਤੇ ਤਕਨਾਲੋਜੀ ਵੀ ਇਸ ਵਿਆਪਕ ਸਮੱਸਿਆ ਦੇ ਹੱਲ ਕਰਨ ਦੇ ਸਮਰੱਥ ਨਹੀਂ। ਇਸ ਦੇ ਵੱਖ ਵੱਖ ਖੇਤਰਾਂ ਵਿਚ ਹੋਰ ਖੋਜਾਂ ਅਤੇ ਵਿਕਾਸ ਦੀ ਫੌਰੀ ਲੋੜ ਹੈ। ਉਹ ਇਹ ਗਿਲਾ ਵੀ ਕਰਦੇ ਹਨ ਕਿ ਸਾਡੇ ਰਾਜਨੀਤਿਕ ਆਗੂ ਆਪਣੇ ਹੋਰ ਰੁਝੇਵਿਆਂ ਕਰ ਕੇ ਇਸ ਸਮੱਸਿਆ ਪ੍ਰਤੀ ਓਨੇ ਗੰਭੀਰ ਨਹੀਂ, ਜਿੰਨੀ ਕਿ ਇਸ ਸਮੱਸਿਆ ਦੀ ਜਾਣਕਾਰੀ ਰੱਖਣ ਵਾਲੀ ਜਨਤਾ, ਜਨਤਕ ਜਥੇਬੰਦੀਆਂ ਅਤੇ ਹੋਰ ਗੈਰ-ਸਰਕਾਰੀ ਸੰਸਥਾਵਾਂ ਹਨ। ਉਹ ਇਹ ਖਦਸ਼ਾ ਵੀ ਪ੍ਰਗਟਾਉਂਦੇ ਹਨ ਕਿ ਜ਼ਿੰਮੇਵਾਰ ਹਸਤੀਆਂ ਇਸ ਨੂੰ ਉਸੇ ਤਰ੍ਹਾਂ ਅਣ-ਗੌਲਿਆ ਕਰ ਰਹੀਆਂ ਹਨ, ਜਿਵੇਂ ਮਾਹਿਰਾਂ ਵਲੋਂ ਪਿਛਲੇ ਪੰਜ-ਸੱਤ ਸਾਲ ਤੋਂ ਕਿਸੇ ਮਹਾਮਾਰੀ ਬਾਰੇ ਦਿੱਤੀਆਂ ਚਿਤਾਵਨੀਆਂ ਨੂੰ ਕੀਤਾ ਗਿਆ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਖੁਦਗਰਜ਼ਾਂ ਵਲੋਂ ਇਸ ਗੰਭੀਰ ਮਸਲੇ ਨੂੰ ਜਾਣ-ਬੁੱਝ ਕੇ ਛੁਟਿਆਇਆ ਜਾਂਦਾ ਹੈ; ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਿਸਾਲ ਆਪਾਂ ਸਭ ਨੂੰ ਪਤਾ ਹੈ ਕਿ ਉਸ ਨੇ ਇਸ ਨੂੰ ਇੱਕ ਛਲ (ਓਣਪੲਨਸਵਿੲ ੍ਹੋਅਣ) ਕਿਹਾ ਸੀ। ਲੇਖ ਦੇ ਸ਼ੁਰੂ ਵਿਚ ਟਰੰਪ ਵਲੋਂ ਅਮਰੀਕਾ ਨੂੰ ਪੈਰਿਸ ਸਮਝੌਤੇ ਵਿਚੋਂ ਬਾਹਰ ਕਰਨ ਦੀ ਗੱਲ ਕੀਤੀ ਗਈ ਹੈ। ਇਹ ਸਭ ਗੱਲਾਂ ਉਹ ਲੋਕ ਕਰਦੇ ਹਨ, ਜੋ ਧਨ-ਦੌਲਤ ਕਰ ਕੇ ਇਸ ਸਮੱਸਿਆ ਵਿਚ ਵਾਧਾ ਕਰ ਰਹੇ ਹਨ। ਮਨੁੱਖ ਦੀ ਜਿਸ ਮਾਨਵ-ਜਾਤੀ ਨਾਲ ਅਸੀਂ ਸਬੰਧ ਰਖਦੇ ਹਾਂ, ਉਸ ਨੂੰ ਹੋਮੋ ਸੇਪੀਅਨਜ਼ (੍ਹੋਮੋ ੰਅਪਇਨਸ) ਅਰਥਾਤ ‘ਬੁੱਧੀਮਾਨ ਮਨੁੱਖ’ ਕਿਹਾ ਜਾਂਦਾ ਹੈ, ਕਿਉਂਕਿ ਇਹ ਨਾਂ ਅਸੀਂ ਆਪ ਰੱਖਿਆ ਹੈ, ਪਰ ਮਹਾਪੁਰਖਾਂ ਨੇ ਇਸ ਨੂੰ ਮੂਰਖ ਅਤੇ ਅੰਨ੍ਹਾ ਆਮ ਹੀ ਕਿਹਾ ਹੈ। ਇਸ ਸੱਚਾਈ ਦੇ ਹੋਰ ਵੀ ਬਹੁਤ ਸਬੂਤ ਹਨ, ਪਰ ਧਰਤੀ ਨੂੰ ਹਰ ਪੱਖ ਤੋਂ ਪ੍ਰਦੂਸ਼ਿਤ ਕਰਨਾ ਵੱਡੇ ਸਬੂਤਾਂ ਵਿਚੋਂ ਇੱਕ ਹੈ। ਇੱਕ ਤਰੀਕੇ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਗਹਿਣੇ ਰੱਖ ਕੇ ਮੌਜ-ਮਸਤੀਆਂ ਅਤੇ ਮਨ-ਪਰਚਾਵੇ ਕਰ ਰਹੇ ਹਾਂ। ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਸਾਡਾ ਅੱਜ ਦਾ ਸਾਰਾ ਵਿਕਾਸ ਡੁੱਬ ਰਹੇ ਟਾਈਟੈਨਿਕ ਜਹਾਜ਼ ਦੇ ਡੈੱਕ ਉਤੇ ਪਏ ਮੇਜ-ਕੁਰਸੀਆਂ ਦੀ ਸਫਾਈ ਅਤੇ ਸਜਾਵਟ ਕਰਨ ਵਰਗਾ ਸਾਬਿਤ ਹੋਵੇਗਾ।
ਵਾਤਾਵਰਨ ਨੂੰ ਇਸ ਦੇ ਕੁਦਰਤੀ ਰੂਪ ਵਿਚ ਰੱਖ ਕੇ ਧਰਤੀ ਨੂੰ ਰਹਿਣਯੋਗ ਬਣਾ ਕੇ ਰੱਖਣ ਦਾ ਕੰਮ ਮਨੁੱਖਤਾ ਦੇ ਇਤਿਹਾਸ ਦਾ ਹਿੱਸਾ ਰਿਹਾ ਹੈ। ਅਧਿਆਤਮਵਾਦੀ ਮਹਾਪੁਰਖਾਂ ਨੇ ਇਸ ਗੱਲ ਉਤੇ ਬਹੁਤ ਜ਼ੋਰ ਦਿੱਤਾ ਹੈ। ਗੁਰਬਾਣੀ ਇਸ ਗੱਲ ਦੀ ਬਹੁਤ ਵਧੀਆ ਵਿਗਿਆਨਕ ਅਤੇ ਆਧੁਨਿਕ ਮਿਸਾਲ ਹੈ ਅਤੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਵਾਕ ਇਸ ਦੀ ਵੱਡੀ ਗਵਾਹੀ ਭਰਦਾ ਹੈ। ਭਾਰਤ ਦੀ ‘ਚਿਪਕੋ ਲਹਿਰ’ ਸੰਸਾਰ ਦੇ ਵਾਤਾਵਰਣ-ਸੰਭਾਲ ਦੇ ਅਜੋਕੇ ਇਤਿਹਾਸ ਵਿਚ ਖਾਸ ਥਾਂ ਰੱਖਦੀ ਹੈ। ਇਹ ਸ਼ਾਂਤੀਪੂਰਨ ਲਹਿਰ ਭਾਰਤ ਦੇ ਹਿਮਾਲਿਆ ਖੇਤਰ ਵਿਚ 1970ਵਿਆਂ ਵਿਚ ਚੱਲੀ ਸੀ, ਜਿਸ ਵਿਚ ਪ੍ਰਦਰਸ਼ਨਕਾਰੀ ਕਿਸੇ ਰੁੱਖ ਦੀ ਨਾਜਾਇਜ਼ ਕਟਾਈ ਵਕਤ ਉਸ ਨਾਲ ਜੱਫਾ ਪਾ ਕੇ ਖੜ੍ਹ ਜਾਂਦੇ ਸਨ ਅਤੇ ਜਿਉਂਦੇ-ਜੀਅ ਉਸ ਨੂੰ ਕੱਟਣ ਨਹੀਂ ਸਨ ਦਿੰਦੇ। ਪਹਿਲਾਂ ਇਸ ਤਰ੍ਹਾਂ ਦੀਆਂ ਸਭ ਕੋਸ਼ਿਸ਼ਾਂ ਸਥਾਨਕ ਪੱਧਰ ਜਾਂ ਆਪੋ-ਆਪਣੇ ਦੇਸ਼ਾਂ ਤੱਕ ਸੀਮਤ ਸਨ, ਪਰ ਸਾਇੰਸ, ਖਾਸ ਕਰ ਕੇ ਕੰਪਿਊਟਰ ਦੀ ਤਰੱਕੀ ਨਾਲ ਇਸ ਲਹਿਰ ਨੇ ਨਵਾਂ ਸਰੂਪ ਧਾਰਨ ਕੀਤਾ ਹੈ। ਅੱਜ ਇਹ ਵਿਸ਼ਵ-ਵਿਆਪੀ ਵੀ ਹੋ ਗਈ ਹੈ ਅਤੇ ਇਸ ਨੇ ਵਾਤਾਵਰਨ ਅਤੇ ਧਰਤੀ ਦੇ ਹੋਰ ਕੁਦਰਤੀ ਵਸੀਲਿਆਂ ਦੀ ਸੰਭਾਲ ਨਾਲ ਸਬੰਧਿਤ ਹਰ ਖੇਤਰ ਨੂੰ ਆਪਣੇ ਘੇਰੇ ਵਿਚ ਲਿਆ ਹੈ।
ਇਨ੍ਹਾਂ ਸਭ ਗੱਲਾਂ `ਤੇ ਵਿਚਾਰ ਕਰ ਕੇ ਲਗਦਾ ਹੈ ਕਿ ਪੈਰਿਸ ਸਮਝੌਤਾ ਸੰਯੁਕਤ ਰਾਸ਼ਟਰ ਅਤੇ ਸੰਸਾਰ ਦੇ ਲੀਡਰਾਂ ਵਲੋਂ ਬਹੁਤ ਪਛੜ ਕੇ ਲਿਆ ਗਿਆ ਸਹੀ ਫੈਸਲਾ ਹੈ, ਪਰ ਇਸ ਦੀ ਸਾਰਥਿਕਤਾ ਇਸ ਗੱਲ ਵਿਚ ਹੈ ਕਿ ਉਹ ‘ਮਾਤਾ ਧਰਤੁ’ ਅਤੇ ਵਸੂਦੈਵਾ ਕੁਟੰਬਕਮ (ਠਹੲ ੱੋਰਲਦ ਸਿ ੌਨੲ ਾਅਮਲਿੇ) ਦੇ ਆਦਰਸ਼ਾਂ ਨੂੰ ਮੰਨਦਿਆਂ ਸੁਹਿਰਦਤਾ ਅਤੇ ਦ੍ਰਿੜਤਾ ਨਾਲ ਇਸ ਨੂੰ ਮਿੱਥੇ ਟੀਚਿਆਂ ਅਨੁਸਾਰ ਲਾਗੂ ਕਰਨ। ਵਿਅਕਤੀਗਤ ਤੌਰ `ਤੇ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਸਾਰੇ ਸੰਜਮ ਵਿਚ ਰਹਿਣ ਅਤੇ ਕਿਰਸ ਕਰਨ ਦਾ ਪ੍ਰਣ ਕਰੀਏ ਤਾਂ ਕਿ ਧਰਤੀ ਮਾਤਾ ਦੀਆਂ ਨਿਆਮਤਾਂ ਦਾ ਹਮੇਸ਼ਾ ਸਦ-ਉਪਯੋਗ ਹੀ ਕਰੀਏ।