ਚਾਹ ਦੇ ਕੱਪ ‘ਤੇ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਖੁਦ ਨੂੰ ਪਿਆਰ ਕਰਨ ਦੀ ਅਪੀਲ ਕਰਦਿਆਂ ਇਸ ਦੇ ਫਾਇਦੇ ਗਿਣਾਏ ਸਨ, “ਸਭ ਤੋਂ ਉਤਮ ਹੈ ਖੁਦ ਨਾਲ ਪਿਆਰ ਕਰਨਾ; ਖੁਦ ਨੂੰ ਕੀਤਾ ਪਿਆਰ ਕਦੇ ਪੁਰਾਣਾ ਨਹੀਂ ਹੁੰਦਾ।

ਖੁਦ ਨੂੰ ਪਿਆਰ ਕੀਤਿਆਂ ਹੀ ਪਤਾ ਲੱਗਦਾ ਕਿ ਬਾਹਰੀ ਦਿੱਖ ਨੂੰ ਸਾਫ-ਸੁਥਰੀ ਅਤੇ ਆਕਰਸ਼ਕ ਬਣਾਉਣ ਦੇ ਨਾਲ-ਨਾਲ, ਅੰਦਰ ਨੂੰ ਰੁਸ਼ਨਾਉਣ ਲਈ ਚਿਰਾਗ ਜਗਾਉਣ ਦੀ ਵੀ ਲੋੜ ਹੁੰਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਚਾਹ ਦੇ ਕੱਪ ਦੇ ਬਾਹਨੇ ਰਲ-ਮਿਲ ਬੈਠ ਕੇ ਦਿਲ ਦੀਆਂ ਗੱਲਾਂ ਕਰਦਿਆਂ ਜਿ਼ੰਦਗੀ ਦਾ ਲੁਤਫ ਮਾਣਨ ਦੀ ਨਸੀਹਤ ਕੀਤੀ ਹੈ; ਕਿਉਂਕਿ ਚਾਹ ਦੀ ਮਿਠਾਸ ਦੂਰ ਕਰਦੀ ਹੈ ਸਮਾਜਿਕ ਰਿਸ਼ਤਿਆਂ ਵਿਚਲੀ ਕੁੜੱਤਣ, ਆਪਸੀ ਸਬੰਧਾਂ ਵਿਚਲੀ ਖਿੱਚੋਤਾਣ, ਬੋਲਾਂ ਵਿਚ ਪਨਪੀ ਰੁਸਵਾਈ, ਰੰਜਿਸ਼, ਰੋਸੇ ਅਤੇ ਰੋਣੇ। ਉਹ ਆਖਦੇ ਹਨ, “ਚਾਹ ਦੇ ਕੱਪ ਲਈ ਜਦ ਅਸੀਂ ਆਪਣੇ ਪਿਆਰੇ ਨੂੰ ਸੱਦਾ ਦਿੰਦੇ ਤਾਂ ਸਾਡੇ ਮਨ ਵਿਚ ਬਹੁਤ ਕੁਝ ਹੁੰਦਾ, ਜੋ ਅਸੀਂ ਮੋਹਵੰਤਿਆਂ ਨਾਲ ਹੀ ਸਾਝਾਂ ਕਰਨਾ ਲੋਚਦੇ।…ਚਾਹ ਦਾ ਕੱਪ ਰੁੱਸਿਆਂ ਨੂੰ ਮਨਾਉਣ ਦਾ ਵੀ ਆਹਲਾ ਮੌਕਾ ਹੁੰਦਾ, ਕਿਉਂਕਿ ਚਾਹ ਦੇ ਬਹਾਨੇ ਅਸੀਂ ਮਨ ਵਿਚ ਪੈਦਾ ਹੋਈਆਂ ਗਲਤਫਹਿਮੀਆਂ, ਚਿਤਵੇ ਹੋਏ ਖਦਸ਼ੇ ਅਤੇ ਨਕਾਰਾਤਮਕ ਭਾਵਨਾਵਾਂ ਨੂੰ ਮੋਹਵੰਤਿਆਂ ਨਾਲ ਸਾਂਝਾ ਕਰਕੇ, ਤੌਖਲਿਆਂ ਨੂੰ ਦੂਰ ਕਰ ਸਕਦੇ।”

ਡਾ. ਗੁਰਬਖਸ਼ ਸਿੰਘ ਭੰਡਾਲ

ਚਾਹ ਦਾ ਕੱਪ, ਸਿਰਫ ਚਾਹ ਦਾ ਕੱਪ ਹੀ ਨਹੀਂ ਹੁੰਦਾ। ਬਹੁਤ ਕੁਝ ਏ ਚਾਹ ਦਾ ਕੱਪ। ਇਸ ਨਾਲ ਜੁੜੀਆਂ ਯਾਦਾਂ, ਮਿਲਣੀਆਂ, ਸਾਂਝਾਂ, ਯਾਦਗਾਰੀ ਪਲ ਅਤੇ ਮਿੱਤਰ-ਮੰਡਲੀ ਦੀਆਂ ਝੱਲ-ਵਲੱਲੀਆਂ।
ਚਾਹ ਦਾ ਕੱਪ ਸਿਰਫ ਉਬਲਦਾ ਪਾਣੀ, ਚਾਹ-ਪੱਤੀ ਜਾਂ ਖੰਡ ਦੇ ਮਿਸ਼ਰਣ ਵਿਚੋਂ ਉਬਲਦੇ ਪਾਣੀ ਨਾਲ ਬਣਿਆ ਗਰਮ ਤਰਲ ਪਦਾਰਥ ਹੀ ਨਹੀਂ ਹੁੰਦਾ। ਇਸ ਦੀ ਤਾਸੀਰ, ਤੱਤਾਪਣ, ਤਹਿਜ਼ੀਬ ਅਤੇ ਤਤਪਰਤਾ ਵਿਚੋਂ ਵੀ ਬਹੁਤ ਕੁਝ ਪੜ੍ਹਿਆ, ਪਰਖਿਆ ਅਤੇ ਪਛਾਣਿਆ ਜਾ ਸਕਦਾ।
ਚਾਹ ਦੇ ਪੁਣਨ ਵਾਂਗ, ਚਾਹ ਦੇ ਕੱਪ ਦੀਆਂ ਮਿਲ-ਬੈਠਣੀਆਂ ਨਾਲ ਦੂਰ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਗਲਤ-ਫਹਿਮੀਆਂ, ਸ਼ੱਕ-ਸ਼ੁਬੇ ਜਾਂ ਭਰਮਈ-ਧਾਰਨਾਵਾਂ।
ਚਾਹ ਦੇ ਕੱਪ ਵਿਚ ਚਾਹ ਪੱਤੀਆਂ ਆਪਣਾ ਰੰਗ ਛੱਡਦੀਆਂ ਤਾਂ ਪਤਾ ਲੱਗਦਾ ਕਿ ਚਾਹ ਦੇ ਕੱਪ ‘ਤੇ ਇਕੱਠੇ ਹੋਣ ਵਾਲਿਆਂ ਦੀ ਗੁਫਤਗੂ ਵਿਚਲੀ ਰੰਗਤ ਕਿਹੜੀ ਹੈ? ਕਿਹੜੇ ਰੂਪ ਵਿਚ ਉਹ ਇਸ ਨੂੰ ਆਪਣਿਆਂ ਨਾਲ ਸਾਂਝਾ ਕਰਦੇ?
ਚਾਹ ਦੇ ਕੱਪ ‘ਤੇ ਰਲ-ਮਿਲ ਬੈਠਾ ਪਰਿਵਾਰ, ਇਕ ਸੰਯੋਗ ਹੈ ਜਿ਼ੰਦਗੀ ਦੇ ਲੁਤਫ ਨੂੰ ਮਾਣਨ ਦਾ। ਆਪੋ-ਆਪਣੀਆਂ ਬੀਤੀਆਂ ਨੂੰ ਸਾਂਝੇ ਕਰਨ, ਭਵਿੱਖੀ ਯੋਜਨਾਵਾਂ ਨੂੰ ਅੰਤਿਮ ਛੂਹਾਂ ਦੇਣ ਅਤੇ ਸੁਪਨ-ਉਡਾਣ ਭਰਨ ਲਈ ਤਿਆਰੀ ਕਰਨਾ। ਇਸ ਦੌਰਾਨ ਬੱਚਿਆਂ ਨੂੰ ਮਿਲਦੀ ਹੈ ਮਾਪਿਆਂ ਦੀ ਸੇਧ, ਸਿਆਣਪ ਅਤੇ ਅਕਲਾਂ। ਉਨ੍ਹਾਂ ਦੀ ਰਹਿਨੁਮਾਈ ਵਿਚ ਜਿ਼ੰਦਗੀ ਨੂੰ ਨਵੇਂ ਅਰਥ ਦੇਣ ਦਾ ਚਾਅ ਤੇ ਉਮਾਹ।
ਚਾਹ ਦੇ ਕੱਪ ਲਈ ਜਦ ਅਸੀਂ ਆਪਣੇ ਪਿਆਰੇ ਨੂੰ ਸੱਦਾ ਦਿੰਦੇ ਤਾਂ ਸਾਡੇ ਮਨ ਵਿਚ ਬਹੁਤ ਕੁਝ ਹੁੰਦਾ, ਜੋ ਅਸੀਂ ਮੋਹਵੰਤਿਆਂ ਨਾਲ ਹੀ ਸਾਝਾਂ ਕਰਨਾ ਲੋਚਦੇ। ਦਿਲ ਦੀਆਂ ਗੱਲਾਂ ਮਿੱਤਰਾਂ ਨਾਲ ਸਾਂਝੇ ਕਰਦੇ। ਇਸ ਨਾਲ ਮਿਲਦਾ ਇਕ ਸਕੂਨ ਤੇ ਹੁੰਦਾ ਸੰਤੁਸ਼ਟੀ ਦਾ ਅਹਿਸਾਸ। ਜੇ ਮਨ ਦਾ ਬੋਝ ਢੋਂਦਾ ਵਿਅਕਤੀ ਮਨ ਦਾ ਭਾਰ ਹਲਕਾ ਨਾ ਕਰੇ ਤਾਂ ਉਹ ਕੁੱਬਾ ਹੋ ਜਾਂਦਾ।
ਚਾਹ ਦੇ ਕੱਪ ‘ਤੇ ਜਦ ਅਸੀਂ ਬਚਪਨੀ ਸੰਗੀ ਨੂੰ ਮਿਲਦੇ ਤਾਂ ਕੱਪ ਦੇ ਆਲੇ-ਦੁਆਲੇ ਤਿਤਲੀਆਂ ਵਾਂਗ ਮੰਡਰਾਉਂਦੀਆਂ ਬਚਪਨੀ ਯਾਦਾਂ, ਆਲੀਆਂ-ਭੋਲੀਆਂ ਸ਼ਰਾਰਤਾਂ, ਮਾਸੂਮ ਪਲਾਂ ਦੀ ਯਾਦ, ਮਾਸੂਮੀਅਤ ਦਾ ਪ੍ਰਤੱਖ ਝਲਕਾਰਾ, ਮਨ ਦੀ ਪਾਕੀਜ਼ਗੀ ਤੇ ਅਪਣੱਤ ਨਾਲ ਭਰੇ ਦਿਨਾਂ ਦਾ ਦੀਦਾਰ ਅਤੇ ਸਾਰਿਆਂ ਕੋਲੋਂ ਮਿਲਦਾ ਲਾਡ-ਦੁਲਾਰ। ਨਿੱਕੀਆਂ ਨਿੱਕੀਆਂ ਸ਼ਰਾਰਤਾਂ, ਫੱਟੀਆਂ ਨਾਲ ਲੜਾਈ, ਛੱਪੜ ‘ਤੇ ਫੱਟੀ ਨੂੰ ਪੋਚਦਿਆਂ, ਪਾਣੀ ਦੇ ਛੱਰਾਟਿਆਂ ਨਾਲ ਖੁਦ ਨੂੰ ਭਿਓਣਾ ਅਤੇ ਆਲੇ-ਦੁਆਲੇ ਬੈਠਿਆਂ ਨੂੰ ਵੀ ਭਿਓਣਾ। ਕਦੇ ਨਹੀਂ ਪਰਤਦੇ ਉਹ ਦਿਨ; ਪਰ ਉਨ੍ਹਾਂ ਦਿਨਾਂ ਨੂੰ ਚਾਹ ਦੇ ਕੱਪ ‘ਤੇ ਪੁਰਾਣੇ ਸੰਗੀ ਸਾਥੀਆਂ ਨਾਲ ਸਾਂਝਾ ਤਾਂ ਕੀਤਾ ਜਾ ਸਕਦਾ। ਬਹੁਤ ਘੱਟ ਮੌਕਾ ਮਿਲਦਾ ਏ ਜੀਵਨ ਦੇ ਵੱਖ-ਵੱਖ ਖੇਤਰਾਂ/ਖਿੱਤਿਆਂ ਵਿਚ ਖਿੰਡੇ ਹੋਏ ਪੁਰਾਣੇ ਹਮਜੋਲੀਆਂ ਨੂੰ ਮਿਲਣ ਦਾ। ਜੇ ਅਜਿਹਾ ਸਬੱਬ ਮਿਲੇ ਤਾਂ ਚਾਹ ਦੀ ਕੱਪ ਦੀ ਸੰਗਤੀ ਨੂੰ ਕਦੇ ਨਾ ਗਵਾਉਣਾ।
ਚਾਹ ਦੇ ਕੱਪ ‘ਤੇ ਸਾਹਾਂ ਦੇ ਸੌਦੇ ਹੁੰਦੇ। ਪਹਿਲੀ ਮਿਲਣੀ ਦੌਰਾਨ ਚਾਹ ਦੇ ਕੱਪ ਵਿਚੋਂ ਉਠੀਆਂ ਲਪਟਾਂ ਵਿਚ ਦਿਸ ਰਹੇ ਚਿਹਰੇ ਦੀ ਸੰਧੂਰੀ ਰੰਗਤ ਨੂੰ ਜੀਵਨ ਦੇ ਨਾਮ ਕਰਨਾ। ਕਦੇ ਹੱਥਾਂ ਨੂੰ ਛੂਹਣਾ, ਕਦੇ ਬੋਲਾਂ ‘ਤੇ ਪਸਰੀ ਚੁੱਪ ਵਿਚੋਂ ਸ਼ਬਦਾਂ ਨੂੰ ਤਲਾਸ਼ਣਾ। ਕਦੇ ਇਸ਼ਾਰਿਆਂ ਵਿਚੋਂ ਬਹੁਤ ਕੁਝ ਛੁਪਿਆ ਭਾਲਣਾ। ਕਦੇ ਦਿਲ ਦੀ ਧੜਕਣ ਵਿਚ ਧੜਕਣਾ। ਨੈਣਾਂ ਦੇ ਸੰਦਲੀ ਸੁਪਨਿਆਂ ਨੂੰ ਇਕ ਦੂਜੇ ਦੇ ਨਾਮ ਕਰ, ਜਿ਼ੰਦਗੀ ਨੂੰ ਨਵੀਂ ਪਰਵਾਜ਼ ਦੇਣ ਦਾ ਆਲਮ।
ਚਾਹ ਦਾ ਕੱਪ ਕਦੇ ਕਦਾਈਂ ਜਦ ਕੋਈ ‘ਕੱਲਾ ਪੀਂਦਾ ਤਾਂ ਉਹ ਖੁਦ ਦੇ ਰੂਬਰੂ ਹੁੰਦਾ। ਆਪਣੀ ਜਾਮਾ-ਤਲਾਸ਼ੀ ਕਰਦਾ, ਜੀਵਨ ਦੀਆਂ ਬੁਲੰਦੀਆਂ ਨੂੰ ਹਾਸਲ ਬਣਾਉਂਦਾ। ਜੀਵਨ ਦੀ ਸੁੰਦਰਤਾ ਨੂੰ ਹੋਰ ਸੁੰਦਰ ਤੇ ਹੁਸੀਨ ਬਣਾਉਣ ਦੀ ਤਫਸੀਲ ਮਨ ਦੀਆਂ ਬਰੂਹਾਂ ‘ਤੇ ਉਕਰਦਾ। ਚਾਹ ਦੇ ਕੱਪ ਨਾਲ ਖੁਦ ਦੀ ਗੁਫਤਗੂ ਸਭ ਤੋਂ ਜਿ਼ਆਦਾ ਸਾਰਥਿਕ, ਸਦੀਵ ਅਤੇ ਸੰਵੇਦਨਾ ਭਰਪੂਰ, ਕਿਉਂਕਿ ਬੰਦਾ ਖੁਦ ਤੋਂ ਕੁਝ ਨਹੀਂ ਲੁਕੋ ਸਕਦਾ। ਆਪਣੀ ਪਾਰਦਰਸ਼ਤਾ ਵਿਚੋਂ ਬਹੁਤ ਕੁਝ ਪ੍ਰਾਪਤ ਕਰਦਾ।
ਚਾਹ ਦੇ ਕੱਪ ਵਿਚੋਂ ਚਾਹਨਾ, ਚਾਹਤ, ਚੰਗੇਰਾਪਣ, ਚੰਗਿਆਈ ਤੇ ਚਾਨਣੀ ਜਦ ਕਿਸੇ ਮਸਤਕ ਨੂੰ ਆਪਣਾ ਰੈਣ-ਬਸੇਰਾ ਬਣਾਉਂਦੀ ਤਾਂ ਮਨ ਦੀ ਬਸਤੀ ਵਿਚ ਉਜਿਆਰਾ ਹੁੰਦਾ।
ਚਾਹ ਦਾ ਕੱਪ ਇਕ ਅਜਿਹਾ ਮੌਕਾ ਹੁੰਦਾ, ਜਦ ਅਹਿਦਨਾਮਿਆਂ, ਫੈਸਲਿਆਂ, ਸਬੰਧਾਂ, ਨਵੀਆਂ ਭਾਈਵਾਲੀਆਂ, ਨਵੇਂ ਪ੍ਰਾਜੈਕਟਾਂ, ਨਵੀਂਆਂ ਸਥਾਪਤੀਆਂ, ਨਵੀਂਆਂ ਪਹਿਲਕਦਮੀਆਂ ਅਤੇ ਨਵੀਂ ਸ਼ੁਰੂਆਤ ਨੂੰ ਪਰ ਤੋਲਣ ਦਾ ਮੌਕਾ ਮਿਲਦਾ। ਅੰਬਰ ਵਰਗੀ ਉਚਾਈ ਅਤੇ ਸਮੁੰਦਰ ਵਰਗੀ ਵਿਸ਼ਾਲਤਾ ਨੂੰ ਆਪਣੇ ਨਾਮ ਕਰਨ ਵਾਲੇ ਲੋਕ ਹੀ ਚਾਹ ਦੇ ਕੱਪ ਦੀਆਂ ਸਿਫਤ-ਸਲਾਹਾਂ ਵਿਚੋਂ ਸੁਗਮ-ਸੰਦੇਸ਼ ਦਾ ਆਗਮਨ ਹੁੰਦੇ।
ਚਾਹ ਦਾ ਕੱਪ ਬਜੁਰਗਾਂ ਨਾਲ ਕੁਝ ਪਲ ਬਿਤਾਉਣ ਦੀ ਚਾਹਨਾ। ਉਨ੍ਹਾਂ ਦੀ ਜਿ਼ੰਦਗੀ ਦੇ ਵਰਕਿਆਂ ਵਿਚ ਉਗੇ ਚਿਰਾਗਾਂ ਨੂੰ ਸੰਨਵੀਂ ਸੋਚ-ਧਰਾਤਲ ਦੇ ਨਾਮ ਕਰਨ ਅਤੇ ਇਸ ਦੀ ਰੌਸ਼ਨੀ ਵਿਚ ਜਿ਼ੰਦਗੀ ਨੂੰ ਨਵੀਂ ਤਰਕੀਬ ਦੇਣ ਦਾ ਸਾਧਨ। ਜਿ਼ੰਦਗੀ ਦੀ ਕਿਤਾਬ ਬਣੇ ਇਨ੍ਹਾਂ ਬਜੁਰਗਾਂ ਦੀ ਛਤਰ-ਛਾਇਆ ਹੇਠ ਪਲਰਦੇ ਬੱਚਿਆਂ ਨੂੰ ਪਰਿਵਾਰਕ ਕਦਰਾਂ-ਕੀਮਤਾਂ ਅਤੇ ਜੀਵਨ ਮੁੱਲਾਂ ਦਾ ਮੁਲੰਕਣ ਕਰਨ ਅਤੇ ਇਸ ਨੂੰ ਆਪਣੀ ਜੀਵਨ-ਸ਼ੈਲੀ ਦਾ ਅੰਗ ਬਣਾਉਣ ਦਾ ਮੌਕਾ ਮਿਲਦਾ। ਕਦੇ ਵੀ ਬਜੁਰਗਾਂ ਨਾਲ ਚਾਹ ਦਾ ਕੱਪ ਪੀਣ ਦਾ ਮੌਕਾ ਮਿਲੇ ਤਾਂ ਇਸ ਦਾ ਵੱਧ ਤੋਂ ਵੱਧ ਲਾਹਾ ਲੈਣਾ, ਕਿਉਂਕਿ ਜਦ ਬਜੁਰਗ ਸਦਾ ਲਈ ਤੁਰ ਜਾਂਦੇ ਨੇ, ਤਾਂ ਕਿਸੇ ਨੇ ਨਹੀਂ ਦੇਣੀਆਂ ਉਨ੍ਹਾਂ ਵਰਗੀਆਂ ਸੁਮੱਤਾਂ।
ਚਾਹ ਦਾ ਕੱਪ ਰੁੱਸਿਆਂ ਨੂੰ ਮਨਾਉਣ ਦਾ ਵੀ ਆਹਲਾ ਮੌਕਾ ਹੁੰਦਾ, ਕਿਉਂਕਿ ਚਾਹ ਦੇ ਬਹਾਨੇ ਅਸੀਂ ਮਨ ਵਿਚ ਪੈਦਾ ਹੋਈਆਂ ਗਲਤਫਹਿਮੀਆਂ, ਚਿਤਵੇ ਹੋਏ ਖਦਸ਼ੇ ਅਤੇ ਨਕਾਰਾਤਮਕ ਭਾਵਨਾਵਾਂ ਨੂੰ ਮੋਹਵੰਤਿਆਂ ਨਾਲ ਸਾਂਝਾ ਕਰਕੇ, ਤੌਖਲਿਆਂ ਨੂੰ ਦੂਰ ਕਰ ਸਕਦੇ। ਸਿਰਫ ਚਾਹ-ਮਿਲਣੀ ਨਾਲ ਰਾਈ ਦਾ ਪਹਾੜ ਵੀ ਖਤਮ ਹੋ ਜਾਂਦਾ। ਕਈ ਵਾਰ ਬੰਦਾ ਅਰਥਾਂ ਦਾ ਅਨਰਥ ਕਰਦਿਆਂ, ਰਿਸ਼ਤਿਆਂ ਤੋਂ ਬਹੁਤ ਦੂਰ ਹੋ ਜਾਂਦਾ। ਇਨ੍ਹਾਂ ਦੂਰੀਆਂ ਨੂੰ ਮੇਟਣਾ, ਚਾਹ ਦੇ ਕੱਪ ਦੀ ਅਹਿਮੀਅਤ ਦਾ ਕਮਾਲ ਹੁੰਦਾ।
ਚਾਹ ਦੇ ਕੱਪ ਲਈ ਜਦ ਕਿਸੇ ਨੂੰ ਸੱਦਿਆ ਜਾਂਦਾ ਤਾਂ ਚਾਹ ਦੇ ਕੱਪ ਦੀ ਪੇਸ਼ਕਾਰੀ, ਉਚੇਚੀ ਪ੍ਰਾਹੁਣਚਾਰੀ ਜਾਂ ਉਚੇਚ, ਇਸ ਗੱਲ ਦਾ ਸੂਚਕ ਹੁੰਦਾ ਕਿ ਮਹਿਮਾਨ ਕਿੰਨਾ ਖਾਸ ਹੈ? ਮਹਿਮਾਨ-ਨਿਵਾਜੀ ਵਿਚੋਂ ਕੀ ਕਿਆਸਿਆ ਅਤੇ ਪ੍ਰਾਪਤ ਕੀਤਾ ਜਾ ਸਕਦਾ?
ਚਾਹ ਦੇ ਕੱਪ ‘ਤੇ ਬੈਠਕ ਨੂੰ ਆਰਥਿਕ ਪ੍ਰਾਪਤੀ ਤੀਕ ਸੀਮਤ ਰੱਖਣਾ, ਚਾਹ ਦਾ ਨਿਰਾਦਰ। ਚਾਹ ਦਾ ਕੱਪ ਤਾਂ ਮਨ ਦੀ ਤ੍ਰਿਪਤੀ, ਰੂਹ ਦਾ ਸੁਖਨ, ਭਾਵਨਾਵਾਂ ਨੂੰ ਮਿਲੀ ਰਾਹਤ, ਮਨ ‘ਚ ਬੈਠੀ ਚਾਹਤ ਦਾ ਪ੍ਰਗਟਾਅ। ਬੇਫਿਕਰੀ ਦੇ ਆਲਮ ਵਿਚ ਕੁਝ ਪਲ ਆਪਣਿਆਂ ਸੰਗ ਬਿਤਾਉਣ ਦਾ ਹੁਲਾਸ ਅਤੇ ਨਿਰਾਸ਼ਾ ਤੇ ਉਦਾਸੀ ਨੂੰ ਅਲਵਿਦਾ।
ਚਾਹ ਦੇ ਕੱਪ ਦੀ ਸਾਂਝ ਹਾਸੇ-ਠੱਠੇ, ਚੁਗਲੀਆਂ, ਘਨੋਚਾਂ ਕੱਢਣ ਅਤੇ ਸਿ਼ਕਾਇਤਾਂ ਲਾਉਣ ਲਈ ਸਭ ਤੋਂ ਜਿ਼ਆਦਾ ਸਾਜ਼ਗਾਰ। ਗਮਾਂ, ਫਿਕਰਾਂ ਅਤੇ ਚਿੰਤਾਵਾਂ ਨੂੰ ਠਹਾਕਿਆਂ ਨਾਲ ਰਫਾ-ਦਫਾ ਕਰਨ ਦੀ ਜੁਗਤੀ। ਜਿੰ਼ਦਗੀ ਨੂੰ ਆਪਣੇ ਰੰਗ ਵਿਚ ਰੰਗਣ ਤੇ ਮਾਣਨ ਦਾ ਰੂਹ-ਏ-ਅੰਦਾਜ਼।
ਚਾਹ ਦੀਆਂ ਚੁਸਕੀਆਂ ਨਾਲ ਖੁੱਲ੍ਹ ਜਾਂਦੇ ਨੇ ਮਨ ਦੇ ਕਪਾਟ। ਕਲਾਮਈ ਬਿਰਤੀਆਂ ਨੂੰ ਮਿਲਦੀ ਪਰਵਾਜ਼। ਬੁਰਸ਼ ਨਾਲ ਨਿਵੇਕਲੇ ਨਕਸ਼ ਉਕਰਨ ਦੀ ਪ੍ਰੇਰਨਾ। ਪੌਣਾਂ ‘ਚ ਨਿੱਖਰਦੇ ਸੁਪਨਿਆਂ ਦੇ ਸਿਰਨਾਵੇਂ ਅਤੇ ਤਾਰਿਆਂ ਨੂੰ ਪਕੜਨ ਦੀ ਚਾਹਨਾ ਮਨ ਵਿਚ ਪੈਦਾ ਹੁੰਦੀ। ਇਹ ਚੁਸਕੀਆਂ ਹੀ ਚੰਗਿਆੜੀ ਬਣ ਕੇ ਰੌਸ਼ਨੀ ਪੈਦਾ ਕਰਦੀਆਂ ਅਤੇ ਰਾਹਾਂ ਨੂੰ ਮੰਜਿ਼ਲ ਪ੍ਰਤੱਖ ਝਲਕਦੀ।
ਚਾਹ ਦੀ ਮਿਠਾਸ ਦੂਰ ਕਰਦੀ ਹੈ ਸਮਾਜਿਕ ਰਿਸ਼ਤਿਆਂ ਵਿਚਲੀ ਕੁੜੱਤਣ, ਆਪਸੀ ਸਬੰਧਾਂ ਵਿਚਲੀ ਖਿੱਚੋਤਾਣ, ਬੋਲਾਂ ਵਿਚ ਪਨਪੀ ਰੁਸਵਾਈ, ਰੰਜਿਸ਼, ਰੋਸੇ ਅਤੇ ਰੋਣੇ। ਇਸ ਦੀ ਮਿਠਾਸ ਨੂੰ ਅੰਤਰੀਵ ਵਿਚ ਜੀਰਨਾ ਅਤੇ ਜੀਵਨੀ ਕੁੜੱਤਣ ਦੇ ਨਾਮ ਮਿੱਠਬੋਲਤਾ ਕਰਨਾ, ਜੀਵਨ ਦਾ ਉਤਮ ਸੰਦੇਸ਼।
ਚਾਹ ਦੀਆਂ ਪੱਤੀਆਂ ਦੇ ਕੌੜੇਪਣ ਵਿਚ ਬਹੁਤ ਮਿੱਠੀਆਂ ਲੱਗਦੀਆਂ ਨੇ ਮਾਂ-ਬਾਪ ਦੀਆਂ ਨਸੀਹਤਾਂ, ਬਜੁਰਗਾਂ ਦੀਆਂ ਸਲਾਹੁਤਾਂ, ਟੀਚਰਾਂ ਦੀਆਂ ਝਿੜਕਾਂ, ਭੈਣਾਂ-ਭਰਾਵਾਂ ਦੀ ਨਿਗਰਾਨੀ ਅਤੇ ਸਿਖਿਆ। ਇਸ ਵਿਚ ਹੀ ਖੁਰਦੀਆਂ ਨੇ ਖਰਵੇਪਣ ਦੀਆਂ ਖਰਵੀਆਂ ਯਾਦਾਂ।
ਕਦੇ ਸੋਚਦਾ ਹਾਂ ਕਿ ਮੈਂ ਚਾਹ ਨਹੀਂ ਪੀਂਦਾ, ਸਗੋਂ ਚਾਹ ਮੈਨੂੰ ਪੀਂਦੀ, ਕਿਉਂਕਿ ਚਾਹ ਤਾਂ ਨਾ-ਚਾਹੁੰਦਿਆਂ ਜਾਮਾ-ਤਲਾਸ਼ੀ ਕਰਦੀ ਆ। ਚਾਹ ਦੇ ਕੱਪ ਦੀ ਚੋਟ ਨਾਲ ਦੂਰ ਹੁੰਦੀ ਹੈ ਅਵੱਗਿਆ, ਅੰਦੇਸ਼ਾ, ਅਧੂਰਾਪਣ ਅਤੇ ਆਲਸ।
ਢਾਬੇ ‘ਤੇ ਚਾਹ ਪੀਂਦਿਆਂ ਕਦੇ ਚਾਹ ਦੇ ਕੱਪ ਧੋਂਦੇ ਮੁੰਡੂ ਵੱਲ ਦੇਖਣਾ, ਜਿਸ ਦੇ ਨੈਣਾਂ ਵਿਚ ਸੁਪਨਿਆਂ ਦਾ ਮਾਤਮ, ਜਿਸ ਦੇ ਕਦਮਾਂ ਵਿਚ ਸਫਰ ਦਾ ਸਰਾਪ, ਜਿਸ ਦੇ ਢਿੱਡ ਵਿਚ ਭੁੱਖ ਦਾ ਵਾਸ, ਜਿਸ ਦੇ ਮੱਥੇ ਤੋਂ ਪੂੰਝ ਦਿੱਤੀਆਂ ਗਈਆਂ ਕਿਸਮਤ ਰੇਖਾਵਾਂ, ਜਿਸ ਦੀ ਮਾਨਸਿਕ ਪਰਵਾਜ਼ ਦੇ ਕੁਤਰੇ ਪਰ ਉਸ ਦੀ ਬੇਬਸੀ ਦੀ ਗਵਾਹੀ, ਜਿਸ ਦੀ ਮਾਸੂਮੀਅਤ ਨੂੰ ਨਿਗਲ ਗਈ ਏ ਮੁਥਾਜੀ ਤੇ ਮੁਹਤਾਜੀ, ਬਸਤੇ ਨੂੰ ਮਿਲ ਗਈ ਏ ਜਲਾਵਤਨੀ, ਜਿਸ ਦੀਆਂ ਰੀਝਾਂ ਦਾ ਸਿਵਾ ਦੇਖਣ ਤੋਂ ਬੇਧਿਆਨ ਏ ਜੱਗ ਸਾਰਾ, ਜਿਸ ਦੀਆਂ ਆਸਾਂ ਕੰਗਾਲੀ ਨੇ ਕਰ ਦਿੱਤੀਆਂ ਨੇ ਵਿਧਵਾ, ਜਿਸ ਦੇ ਹਿੱਸੇ ਦਾ ਅੰਬਰ ਵੀ ਅਗਵਾ ਹੋ ਗਿਆ ਅਤੇ ਤਨ ਦੇ ਲੰਗਾਰਾਂ ਵਿਚੋਂ ਝਾਤੀਆਂ ਮਾਰਦੀ ਏ ਉਸ ਦੀ ਗਰੀਬੀ, ਜ਼ਹਾਲਤ ਅਤੇ ਜਜ਼ਬਾਤ ਦੀ ਕਬਰ। ਚਾਹ ਪੀਣ ਦੀ ਥਾਂ ਚਾਹ ਦੇ ਕੱਪ ਧੋਣ ਦਾ ਸਫਰ ਜਦ ਕਿਸੇ ਦੇ ਮੱਥੇ `ਤੇ ਉਕਰਿਆ ਜਾਵੇ ਤਾਂ ਚਾਹ ਦੇ ਜੂਠੇ ਕੱਪ, ਜਜ਼ਬਿਆਂ ਨੂੰ ਜੰਦਰੇ ਮਾਰ ਕੇ ਪਤਾ ਨਹੀਂ ਕਿਧਰ ਨੂੰ ਤੁਰ ਜਾਂਦੇ? ਕਦੇ ਅਰਮਾਨਾਂ ਦੀ ਹੋਈ ਲੁੱਟ ਨੂੰ ਦੇਖਣ ਲਈ, ਉਸ ਦੇ ਦੀਦਿਆਂ ਵਿਚ ਝਾਕਣ ਦੀ ਜ਼ੁਅਰਤ ਕਰਨਾ।
ਸੱਜਣ ਨੂੰ ਚਾਹ ਦੇ ਕੱਪ ਲਈ ਹਾਕ ਮਾਰਨਾ, ਨਿਰਾ ਚਾਹ ਪੀਣਾ ਨਹੀਂ, ਸਗੋਂ ਅਜਿਹੀਆਂ ਯਾਦਾਂ ਸਾਂਝੀਆਂ ਕਰਨਾ ਹੁੰਦਾ, ਜੋ ਚਾਹ ਦੀਆਂ ਪੱਤੀਆਂ ਤੋਂ ਜਿ਼ਆਦਾ ਕੁਸੈਲੀਆਂ ਅਤੇ ਚਾਹ ਵਿਚਲੀ ਖੰਡ ਨਾਲੋਂ ਜਿ਼ਆਦਾ ਮਿਠਾਸ ਭਰਪੂਰ ਹੁੰਦੀਆਂ। ਦਿਲ ਵਿਚ ਦੱਬੀਆਂ ਰੀਝਾਂ ਦਾ ਬੇਪਰਦ ਕਰਨਾ ਵੀ ਹੁੰਦਾ।
ਚਾਹ ਦਾ ਕੱਪ ਇਕ ਦੂਜੇ ਨੂੰ ਹੋਰ ਨਜ਼ਦੀਕ ਲਿਆਉਣ ਦਾ ਬਹਾਨਾ, ਦਿਲ ਦੀ ਝਾਤ ਮਰਵਾਉਣ ਦੀ ਰੀਝ ਅਤੇ ਅਪਣੱਤ ਪਾਲਣ ਦੀ ਲੋਚਾ।
ਚਾਹ ਦੇ ਕੱਪ ਤੇ ਅਧੂਰੇ ਸੁਪਨਿਆਂ ਦੀ ਗਾਥਾ ਸੁਣਾ ਕੇ, ਇਸ ਦੀ ਪੂਰਨਤਾ ਵੰਨੀਂ ਪੁਲਾਂਘ ਪੁੱਟਣ ਦਾ ਉਦਮ ਵੀ ਹੁੰਦਾ।
ਚਾਹ ਦੇ ਕੱਪ ਵਿਚਲੀ ਗਰਮਾਹਟ ਨਾਲ ਪਿਘਲ ਜਾਂਦੇ ਨੇ ਯੱਖ ਪਲ, ਕੋਸੇ ਕੋਸੇ ਹੋ ਜਾਂਦੇ ਠਰੇ ਜਜ਼ਬਾਤ। ਪਿੱਘਲ ਜਾਂਦਾ ਉਮੀਦ, ਆਸ ਤੇ ਉਡੀਕ ਦੇ ਪਿੰਡੇ ‘ਤੇ ਪਿਆ ਕੋਰਾ। ਹੋਠਾਂ `ਤੇ ਪਸਰੀ ਹੋਈ ਚੁੱਪ ਹੋ ਜਾਂਦੀ ਤਰਲ। ਚੁੱਪ ਵੀ ਬੋਲਣ ਲੱਗਦੀ। ਕਦੇ ਚਾਹ ਪੀਂਦਿਆਂ ਮਨ-ਪਸੰਦ ਗਾਣਾ ਗਾਉਂਦੇ, ਮਿੱਤਰਾਂ ਨੂੰ ਫੋਨ ਮਿਲਾਉਂਦੇ ਜਾਂ ਬੀਤੀਆਂ ਯਾਦਾਂ ਵਿਚ ਖੋਏ ਹੋਇਆਂ ਨੂੰ ਦੇਖਣਾ, ਤੁਹਾਨੂੰ ਆਪਣੇ ਹੁਸੀਨ ਤੇ ਪੁਰ-ਸਕੂਨ ਪਲਾਂ ਦੀ ਯਾਦ ਜਰੂਰ ਆਵੇਗੀ।
ਲੰਗਰ ਵਿਚ ਚਾਹ ਪੀਂਦਿਆਂ, ਅਵਚੇਤਨ ਵਿਚ ਆ ਜਾਂਦਾ ਏ ਲੰਗਰ ਪ੍ਰਥਾ ਦਾ ਅਰੰਭ, ਮਹਾਨਤਾ ਅਤੇ ਭੁੱਖਿਆ ਲਈ ਚਾਰੇ-ਪਹਿਰ ਖਾਣੇ ਦਾ ਸਬੱਬ। ਨਾਲ ਹੀ ਫਿਕਰਮੰਦ ਹੋ ਜਾਂਦਾ ਮਨ ਜਦ ਧਾਰਮਿਕ ਵਲਗਣਾਂ, ਕਠੋਰਤਾ, ਕੱਟੜਤਾ ਤੇ ਨਿਘਾਰ ਕਾਰਨ ਪੜ੍ਹਿਆ ਜਾਂਦਾ ਏ ਮਾਨਵਤਾ ਦਾ ਮਰਸੀਆ।
ਚਾਹ ਲਈ ਹਾਕ, ਕਿਸੇ ਦੇ ਮਨ ਦੀ ਦੱਬਵੀਂ ਰੀਝ। ਇਸ ਨੂੰ ਕਦੇ ਮਨ੍ਹਾਂ ਨਹੀਂ ਕਰਨਾ। ਚਾਹ ਪੀਣ ਲਈ ਸਮਾਂ ਜਰੂਰ ਕੱਢਣਾ, ਕਿਉਂਕਿ ਤੁਹਾਡੀ ਅਪਣੱਤ ਹੀ ਉਸ ਦਾ ਹਾਸਲ। ਹੋ ਸਕਦਾ ਏ ਉਹ ਕੁਝ ਅਜਿਹਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੋਵੇ, ਜੋ ਕਿਸੇ ਹੋਰ ਨਾਲ ਨਹੀਂ। ਜਦ ਅਜਿਹੇ ਮੌਕਿਆਂ ਨੂੰ ਗਵਾ ਦਿੰਦੇ ਹਾਂ ਤਾਂ ਬਹੁਤ ਨਿਰਾਸ਼ਾ ਹੁੰਦੀ; ਤੇ ਵਿਅਕਤੀ ਨਿਰਾਸ਼ਾ ਦੇ ਆਲਮ ਵਿਚ ਆਪਣੀ ਅਰਥੀ ਨੂੰ ਮੋਢੇ `ਤੇ ਢੋਣ ਲੱਗ ਪੈਂਦਾ। ਇਸ ਤੋਂ ਪਹਿਲਾਂ ਕਿ ਕਿਸੇ ਨੂੰ ਆਪਣਾ ਸਿਵਾ ਸੇਕਣ ਲਈ ਮਜਬੂਰ ਹੋਣਾ ਪਵੇ, ਚਾਹ ਦੇ ਕੱਪ ਲਈ ਦਿੱਤੇ ਸੱਦੇ ਨੂੰ ਜਰੂਰ ਪ੍ਰਵਾਨ ਕਰਨਾ।
ਚਾਹ ਦਾ ਕੱਪ, ਜਿੰ਼ਦਗੀ ਦਾ ਸੂਚਕ। ਇਸ ਨੂੰ ਕਿਵੇਂ ਬਣਾਉਂਦੇ ਹੋ? ਕਿਵੇਂ ਪੇਸ਼ ਕਰਦੇ ਹੋ? ਕਿਹੜੇ ਮਿੱਤਰਾਂ ਸੰਗ ਇਸ ਦੀ ਲਜ਼ੀਜ਼ਤਾ ਨੂੰ ਮਾਣਦੇ ਹੋ? ਇਹ ਹੀ ਸੁੰਦਰ ਜਿੰ਼ਦਗੀ ਦਾ ਰਾਜ਼, ਸੁਖਨ ਅੰਦਾਜ਼, ਮਨ-ਪਰਵਾਜ਼ ਅਤੇ ਨਵਾਂ ਆਗਾਜ਼।
ਚਾਹ ਦੇ ਕੱਪ ‘ਤੇ ਜੰਗਬੰਦੀ, ਐਲਾਨਾਮੇ, ਹੱਦਾਂ-ਸਰਹੱਦਾਂ ਦੀਆਂ ਉਲਝਣਾਂ ਸਮੇਤ ਹਰ ਮਸਲੇ ਦਾ ਹੱਲ। ਜਿਨ੍ਹਾਂ ਮਸਲਿਆਂ ਦਾ ਹੱਲ ਯੁੱਧ ਨਾ ਕਰ ਸਕੇ, ਉਨ੍ਹਾਂ ਦਾ ਹੱਲ ਚਾਹ ਦੇ ਕੱਪ ‘ਤੇ ਹੁੰਦਾ, ਇਤਿਹਾਸ ਨੇ ਦੇਖਿਆ।
ਚਾਹ ਦੇ ਕੱਪ `ਤੇ ਵਿਦਵਾਨਾਂ, ਸੰਤਾਂ, ਮਹਾਤਮਾ, ਗਿਆਨੀਆਂ, ਸਿਆਣਿਆਂ ਨਾਲ ਰਚਾਏ ਸੰਵਾਦ ਵਿਚੋਂ ਉਹ ਕੁਝ ਪ੍ਰਾਪਤ ਹੋ ਜਾਂਦਾ, ਜਿਹੜਾ ਕਿਤਾਬਾਂ ਦੇ ਗੱਡੇ ਪੜ੍ਹ ਕੇ ਵੀ ਪ੍ਰਾਪਤ ਨਹੀਂ ਹੁੰਦਾ। ਕਦੇ ਕਦਾਈਂ ਸਿਆਣਿਆਂ ਦੀ ਸੁਹਬਤ ਅਤੇ ਸੰਗਤ ਮਾਣਨ ਲਈ ਚਾਹ ਦਾ ਬਹਾਨਾ ਜਰੂਰ ਬਣਾਓ।
ਲਾਅਨ ਜਾਂ ਟੈਰਸ ‘ਤੇ ਬਹਿ ਕੇ ਚਾਹ ਦਾ ਕੱਪ ਪੀਣਾ। ਕੁਦਰਤ ਨੂੰ ਨਿਹਾਰਨਾ ਤੇ ਇਸ ਦੀਆਂ ਰਹਿਮਤਾਂ ਦਾ ਸ਼ੁਕਰਾਨਾ ਕਰਨਾ। ਅੰਬਰ ਵਿਚ ਤਾਰਿਆਂ ਦੀਆਂ ਖਿੱਤੀਆਂ ਦੇ ਅਕਾਰ ਕਿਆਸਣੇ। ਤਿੱਤਰਖੰਭੀਆਂ ਦੀ ਤੋਰ ਨੂੰ ਵਾਚਣਾ। ਪੰਛੀਆਂ ਦੀ ਰਾਗਣੀ ਦਾ ਅਨੰਦ ਮਾਣਨਾ। ਬੋਟਾਂ ਦੇ ਲਾਡਾਂ ਨੂੰ ਦੇਖਣਾ। ਬਿਰਖਾਂ, ਫੁੱਲਾਂ ਅਤੇ ਫਲਾਂ ਦੇ ਰੰਗਾਂ ਵਰਗਾ ਬਣਨ ਦੀ ਚਾਹਨਾ ਮਨ ਵਿਚ ਪੈਦਾ ਕਰਨੀ। ਤਿੱਤਲੀਆਂ ਅਤੇ ਭੌਰਿਆਂ ਦੀ ਇਕ ਫੁੱਲ ਤੋਂ ਦੂਜੇ ਫੁੱਲ ਤੀਕ ਭਰੀ ਉਡਾਣ ਦੇਖਣਾ। ਫੁੱਲ ਸੰਗ ਫੁੱਲ ਬਣਨ ਦਾ ਚਾਅ ਮਨ ਵਿਚ ਪੈਦਾ ਕਰਨਾ। ਪੱਤਿਆਂ ਵਿਚ ਸਰਸਰਾਉਂਦੀ ਹਵਾ ਨਾਲ ਗੀਤ ਗਾਉਣ ਦਾ ਰਿਆਜ਼ ਵੀ ਕਰਨਾ। ਦਰਅਸਲ ਚਾਹ ਦਾ ਕੱਪ ਆਪੇ ਤੋਂ ਕਾਇਨਾਤ ਅਤੇ ਫਿਰ ਕਾਇਨਾਤ ਤੋਂ ਆਪੇ ਵੱਲ ਮੁੜਨ ਦੀ ਯਾਤਰਾ ਨੂੰ ਕੁਝ ਪਲਾਂ ਵਿਚ ਤਹਿ ਕਰਨ ਦਾ ਸਫਰਨਾਮਾ ਏ।
ਕਦੇ ਕਦੇ ਚਾਹ ਦਾ ਕੱਪ ਠੰਢਾ ਹੀ ਹੋ ਜਾਂਦਾ, ਜਦ ਅਸੀਂ ਆਪਣੀਆਂ ਸੋਚਾਂ ਵਿਚ ਗਵਾਚ ਜਾਂਦੇ। ਆਪਣਿਆਂ ਦੀ ਬੇਗਾਨਗੀ, ਤੁਹਮਤਬਾਜ਼ੀ, ਬੇਵਫਾਈ, ਨਫਰਤ ਜਾਂ ਕਪਟ ਦਾ ਸਿ਼ਕਾਰ ਹੁੰਦੇ। ਅੰਤਰੀਵ ਯਾਤਰਾ `ਤੇ ਤੁਰਦਿਆਂ ਕੋਈ ਸਿਰਾ ਨਾ ਥਿਆਉਂਦਾ। ਦਰਦਾਂ ਤੇ ਗਮਾਂ ਦੀ ਤਰਤੀਬ ਵਿਚ ਗੁਆਚਦੇ। ਮਰੇ ਸੁਪਨਿਆਂ ਦੀ ਰਾਖ ਫਰੋਲਦੇ। ਬੀਤੇ ਦੀਆਂ ਸੱਟਾਂ ਵਿਚ ਚਸਕ ਉਠਦੀ। ਜਖਮਾਂ ਦੇ ਨਿਸ਼ਾਨ ਨਜ਼ਰੀਂ ਪੈਂਦੇ ਜਾਂ ਆਪਣਿਆਂ ਦੀ ਬੇਰੁਖੀ ਵਿਚੋਂ ਉਪਜੀ ਨਿਰਾਸ਼ਾ, ਉਦਾਸੀ ਵਿਚ ਬਦਲ, ਜਿਉਂਦੇ ਜਾਗਦੇ ਵਿਅਕਤੀ ਨੂੰ ਹਤਾਸ਼ ਕਰ ਜਾਂਦੇ। ਫਿਰ ਅਸੀਂ ਠੰਢੀ ਚਾਹ ਨੂੰ ਫੂਕਾਂ ਮਾਰਦਿਆਂ, ਚਾਹ ਦੀ ਬੇਰੁਹਮਤੀ ਕਰਦੇ।
ਚਾਹ ਦਾ ਕੱਪ ਤਾਜਾ ਤੇ ਤੱਤਾ, ਤਾਜ਼ਗੀ ਦਾ ਪ੍ਰਤੀਕ। ਇਸ ਦੇ ਸੁੜ੍ਹਾਕਿਆਂ ਵਿਚੋਂ ਸੁਣਦਾ ਜੀਵਨ ਦਾ ਗੀਤ। ਮਿਠਾਸ ਦੀ ਚਿਪਚਿਪਾਹਟ ਵਿਚੋਂ ਪਨਪਦੀ ਮਿਲਾਪ ਦੀ ਰੀਤ ਅਤੇ ਆਖਰੀ ਘੁੱਟ ਨਾਲ ਹਥੇਲੀ ਤੋਂ ਮਿੱਟ ਜਾਂਦੀ ਫਿਕਰਾਂ ਦੀ ਲੀਕ।
ਚਾਹ ਦਾ ਕੱਪ ਚੁੰਝ-ਚਰਚਾ, ਚਮਚਾਗਿਰੀ, ਚੁਗਲੀ ਕਰਨ, ਚੋਭਾਂ ਲਾਉਣ, ਚਸਕੇ ਲੈਣ ਲਈ ਵੀ ਹੁੰਦਾ; ਪਰ ਇਹ ਨਿਰਾ ਅਕਾਰਥ। ਲੋੜ ਹੈ ਚਾਹ ਦੇ ਕੱਪ ਤੋਂ ਚਾਅ ਦੀ ਚੰਗੇਰ ਦਾ ਸਫਰ ਕੀਤਾ ਜਾਵੇ।
ਕਈ ਵਾਰ ਚਾਹ ਦੀ ਮਿਠਾਸ ਵਿਚੋਂ ਕੜਵਾਹਟ ਆਉਂਦੀ। ਇਸ ਨੂੰ ਜਲਦੀ ਖਤਮ ਕਰਨ ਦੀ ਕਾਹਲ ਅਤੇ ਇਸ ਤੋਂ ਛੁਟਕਾਰਾ ਪਾਉਣ ਦੀ ਤਮੰਨਾ ਹੁੰਦੀ, ਪਰ ਚਾਹ ਦੇ ਨਿੱਕੇ-ਨਿੱਕੇ ਘੁੱਟਾਂ ਨਾਲ ਹੁਸੀਨ ਪਲਾਂ ਨੂੰ ਯਾਦਗਾਰੀ ਅਤੇ ਜਿ਼ਕਰਯੋਗ ਬਣਾਉਣਾ ਹੀ ਜੀਵਨ ਦਾ ਸਭ ਤੋਂ ਸੁਗਮ ਤੇ ਸੁੰਦਰ ਸੰਦੇਸ਼।
ਕੀ ਕਦੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ, ਜਦ ਚਾਹ ਦਾ ਕੱਪ ਲੈ ਕੇ ਬਹਾਨੇ ਨਾਲ ਛੱਤ `ਤੇ ਚੜ੍ਹਨਾ। ਦੂਰ ਕੋਠੇ `ਤੇ ਵਾਲ ਸੁਕਾਉਂਦੀ ਹੁਸੀਨਾ ਨੂੰ ਦੇਖਣਾ, ਅੱਖੀਆਂ ਮਿਲਾਉਣਾ, ਨਜ਼ਰਾਂ ਨਜ਼ਰਾਂ ਵਿਚ ਇਕ ਦੂਜੇ ਨੂੰ ਸੁਨੇਹੇ ਭੇਜਣੇ ਅਤੇ ਜਵਾਬ ਮਿਲਣੇ। ਅੰਗੜਾਈਆਂ ਭਰਦੇ ਚਾਵਾਂ ਨੂੰ ਬੇਮੁਹਾਰਾ ਕਰਨ ਦੀ ਥਾਂ ਕਾਬੂ ਵਿਚ ਰੱਖਦਿਆਂ, ਇਹਨੂੰ ਬੇਲਗਾਮ ਕਰਨ ਦੀ ਤਮੰਨਾ ਪਾਲਣਾ ਅਤੇ ਚਾਹ ਪੀਤੇ ਬਗੈਰ ਹੀ ਚਾਹ ਦਾ ਠੰਢਾ ਕੱਪ ਲੈ ਕੇ ਹੇਠਾਂ ਉਤਰਨਾ। ਫਿਰ ਸੱਜਣ ਨੂੰ ਮਿਲਣ ਲਈ ਚਾਹ ਦਾ ਕੱਪ ਓਟੇ `ਤੇ ਧਰ, ਬਾਹਰ ਨੂੰ ਨਿਕਲ ਜਾਣਾ। ਚਾਹ ਦੇ ਕੱਪ ਨਾਲ ਜੁੜੇ ਅਜਿਹੇ ਪਲਾਂ ਨੂੰ ਜੀਵਨ ਦੀ ਪੁਸਤਕ ਵਿਚੋਂ ਕਿਵੇਂ ਨਜ਼ਰ-ਅੰਦਾਜ਼ ਕਰ ਸਕਦੇ ਹੋ?
ਅਗਲੀ ਵਾਰ ਜਦ ਤੁਸੀਂ ਆਪਣੇ ਬਜੁਰਗ ਮਾਂ-ਪਿਉ/ਦਾਦਾ-ਦਾਦੀ/ਨਾਨਾ-ਨਾਨੀ ਨੂੰ ਚਾਹ ਦਾ ਕੱਪ ਦੇਣ ਜਾਓ ਅਤੇ ਬਜੁਰਗ ਬੈਠਣ ਲਈ ਕਹੇ ਤਾਂ ਕਿਹਾ ਜਰੂਰ ਮੰਨਣਾ। ਬਜੁਰਗਾਂ ਦੇ ਮਨ ਵਿਚ ਹੁੰਦਾ ਹੈ ਚੁੱਪ ਨੂੰ ਤੋੜਨਾ, ਜੀਵਨ ਦੀ ਢਲਦੀ ਸ਼ਾਮੇ ਸੁਰਖ-ਸਵੇਰਿਆਂ ਦੀ ਬਾਤ ਪਾਉਣੀ। ਨਵੀਂ ਨਸਲ ਨੂੰ ਜੀਵਨ-ਜੁਗਤਾਂ ਸਮਝਾਉਣੀਆਂ। ਸਲਾਹੁਤਾਂ, ਸਮਝੌਤੀਆਂ, ਸਲਾਹਾਂ ਅਤੇ ਸਿਆਣਪਾਂ ਨਾਲ ਨੌਜਵਾਨ ਮਨ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ। ਜੀਵਨ-ਬੁਲੰਦੀਆਂ ਨੂੰ ਹਾਸਲ ਕਰਨ ਲਈ ਪ੍ਰੇਰਤ ਕਰਨਾ। ਬੁਢਾਪੇ ਵਿਚ ਬਚਪਨੇ ਦੀ ਨਿਸ਼ਾਨਦੇਹੀ ਕਰਨੀ। ਤੁਹਾਡੀ ਨਾਂਹ ਕਾਰਨ, ਬਜੁਰਗਾਂ ਦੇ ਮਨਾਂ ਵਿਚ ਦੱਬੀਆਂ ਰੀਝਾਂ ਦਫਨ ਹੋ ਜਾਣਗੀਆਂ। ਪਤਾ ਨਹੀਂ ਉਹ ਕਦੋਂ ਉਡਾਰੀ ਮਾਰ ਜਾਣ ਅਤੇ ਫਿਰ ਪੱਲੇ ਵਿਚ ਰਹਿ ਜਾਵੇਗਾ ਉਮਰ ਭਰ ਦਾ ਪਛਤਾਵਾ। ਆਸ ਹੈ ਕਿ ਹਰ ਵਾਰ ਬਜੁਰਗਾਂ ਨਾਲ ਚਾਹ ਦੇ ਕੱਪ ‘ਤੇ ਤੁਸੀਂ ਕੁਝ ਪਲ ਜਰੂਰ ਬਿਤਾਉਗੇ।