ਨਵੀਂ ਪੀੜ੍ਹੀ ਦੇ ਹੱਥ ਜਗਦੀ ਮਸ਼ਾਲ ਦੇ ਕੇ ਤੁਰ ਗਿਆ ਸਾਥੀ

ਨਿਰੰਜਣ ਬੋਹਾ
ਫੋਨ: 91-89682-82700
ਆਖਿਰ ਉਹੀ ਹੋਇਆ, ਜਿਸ ਦਾ ਡਰ ਮੇਰੇ ਮਨ ਵਿਚ ਪਿਛਲੇ ਡੇਢ ਕੁ ਮਹੀਨੇ ਤੋਂ ਬੈਠਿਆ ਹੋਇਆ ਸੀ। ਐਤਵਾਰ ਵਾਲੇ ਦਿਨ ਸਵੇਰੇ ਹੀ ਜਦੋਂ ਵੱ੍ਹਟਸਐਪ `ਤੇ ਸੰਦੀਪ ਦਾਖਾ ਦਾ ਮੈਸੇਜ ਵੇਖਿਆ ਤਾਂ ਮਨ ਦਹਿਲ ਜਿਹਾ ਗਿਆ। ਲੋਕ ਸ਼ਾਇਰ ਮਹਿੰਦਰ ਸਾਥੀ ਦੇ ਬਿਮਾਰ ਹੋਣ ਤੇ ਸੰਦੀਪ ਵਲੋਂ ਉਸ ਨੂੰ ਆਪਣੇ ਕੋਲ ਲੈ ਜਾਣ ਦੀਆਂ ਗੱਲਾਂ ਰਾਤੀਂ ਪਰਿਵਾਰ ਵਿਚ ਹੋਈਆਂ ਸਨ ਕਿ ਸਵੇਰੇ ਹੀ ਉਸ ਦੇ ਇਸ ਰੰਗਲੀ ਦੁਨੀਆਂ ਤੋਂ ਤੁਰ ਜਾਣ ਦਾ ਸੁਨੇਹਾ ਆ ਗਿਆ। “ਮਸ਼ਾਲਾਂ ਬਾਲ ਕੇ ਚੱਲਣਾ…ਜਦੋਂ ਤੱਕ ਰਾਤ ਬਾਕੀ ਹੈ” ਵਰਗੇ ਇਨਕਲਾਬੀ ਰਾਸ਼ਟਰੀ ਗਾਣੇ ਲਿਖਣ ਵਾਲੇ ਇਸ ਅਣਖੀਲੇ ਲੇਖਕ ਨਾਲ ਡੇਢ ਮਹਿਨੇ ਪਹਿਲਾਂ ਹੋਈ ਮੁਲਾਕਾਤ ਸਮੇਂ ਹੀ ਇਸ ਗੱਲ ਦਾ ਅਹਿਸਾਸ ਤਾਂ ਹੋ ਗਿਆ ਸੀ ਕਿ

ਉਹ ਸਾਡੇ ਕੋਲੋਂ ਵਿਦਾ ਹੋਣ ਲਈ ਮਾਨਸਿਕ ਰੂਪ ਵਿਚ ਤਿਆਰੀ ਕਰ ਰਿਹਾ ਹੈ, ਪਰ ਇਹ ਨਹੀਂ ਸੋਚਿਆ ਕਿ ਉਹ ਐਨੀ ਛੇਤੀ ਤੁਰ ਜਾਵੇਗਾ। ਭਾਵੇਂ ਉਹ ਆਪਣੇ ਅੰਤਿਮ ਸਵਾਸਾਂ ਤੱਕ ਮਾਰਕਸਵਾਦੀ ਫਲਸਫੇ ਨਾਲ ਆਪਣੀ ਪ੍ਰਤੀਬੱਧਤਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੀ ਰਿਹਾ ਹੈ, ਪਰ ਮੇਰੀ ਮੋਗਾ ਫੇਰੀ ਸਮੇਂ ਮੈਨੂੰ ਉਸ ਦੀ ਆਵਾਜ਼ ਵਿਚੋ ਪਹਿਲਾਂ ਵਾਲੀ ਗੜਕ ਵਿਖਾਈ ਨਹੀਂ ਸੀ ਦਿੱਤੀ।
“ਬੋਹੇ ਯਾਰ ਹੁਣ ਤਾਂ ਮੈਨੂੰ ਇਕੱਲ ਨੇ ਹੀ ਖਾ ਜਾਣਾ ਹੈ, ਉਚਾਟ ਜਿਹਾ ਰਹਿਣ ਲੱਗ ਪਿਆ ਹੈ ਮਨ…।” ਸਾਥੀ ਦੇ ਇਨ੍ਹਾਂ ਬੋਲਾਂ ਨੂੰ ਮੈਂ ਉਸ ਦੇ ਸਾਹਮਣੇ ਤਾਂ ਹੱਸ ਕੇ ਟਾਲ ਦਿੱਤਾ ਸੀ, ਪਰ ਅੰਦਰੋਂ ਮੈਂ ਪੂਰੀ ਤਰ੍ਹਾਂ ਝੰਜੋੜਿਆ ਗਿਆ ਸਾਂ। ਸੱਚ-ਮੁੱਚ ਉਹ ਜ਼ਿੰਦਗੀ ਦੇ ਆਖਰੀ ਸਾਲਾਂ ਵਿਚ ਇਕੱਲਾ ਪੈ ਗਿਆ ਸੀ। ਪਤਨੀ ਗੰਭੀਰ ਬਿਮਾਰੀ ਦੀ ਹਾਲਤ ਵਿਚ ਬੇਟੀ ਕੋਲ ਇਲਾਜ ਕਰਵਾ ਰਹੀ ਸੀ ਤੇ ਇਸ ਵੇਲੇ ਉਹ 86 ਸਾਲ ਦੀ ਉਮਰ ਵਿਚ ਆਪਣੇ ਘਰ ਵਿਚ ਆਪਣੇ ਨਾਲ ਹੀ ਗੱਲਾਂ ਕਰਕੇ ਵਕਤ ਗੁਜ਼ਾਰ ਰਿਹਾ ਸੀ। ਰਾਤ-ਬਰਾਤੇ ਕੋਈ ਦੁੱਖ ਤਕਲੀਫ ਹੋ ਜਾਵੇ ਤਾਂ ਕੀ ਕਰੇਗਾ ਬੰਦਾ! ਭਾਵੇਂ ਨਵੇਂ ਗਜ਼ਲਕਾਰ ਆਪਣੇ ਸ਼ੇਅਰਾਂ ਵਿਚ ਸੋਧ-ਸੁਧਾਈ ਲਈ ਉਸ ਕੋਲੋ ਆਉਂਦੇ-ਜਾਂਦੇ ਰਹਿੰਦੇ ਤੇ ਉਸ ਦੀ ਸੇਵਾ ਸੰਭਾਲ ਕਰਕੇ ਉਸ ਨੂੰ ਕੁਝ ਸਮੇਂ ਲਈ ਇਕੱਲ ਦੇ ਅਹਿਸਾਸ ਤੋਂ ਮੁਕਤ ਕਰਾਉਣ ਦੀ ਕੋਸ਼ਿਸ਼ ਵੀ ਕਰਦੇ, ਪਰ ਜਦੋਂ ਉਹ ਚਲੇ ਜਾਂਦੇ ਤਾਂ ਉਹ ਤੇ ਉਸ ਦੀ ਤਨਹਾਈ ਫਿਰ ਇਕ ਦੂਜੇ ਦੇ ਗਲ ਲੱਗ ਕੇ ਢਾਰਸ ਦੇਣ ਲੱਗਦੇ।
ਬੱਸ ਗਿਣਤੀ ਦੇ ਲੇਖਕ ਹੀ ਨੇ, ਜੋ ਉਸ ਵਾਂਗ ਸਾਰੀ ਉਮਰ ਵਿਚਾਰਧਾਰਕ ਪ੍ਰਤੀਬੱਧਤਾ ਨਿਭਾਉਣ ਵਿਚ ਸਫਲ ਹੁੰਦੇ ਨੇ। ਤਿੰਨ ਕੁ ਸਾਲ ਪਹਿਲਾਂ ਉਸ ਦਾ ਫੋਨ ਆਇਆ ਤਾਂ ਉਸ ਹੱਸਦਿਆਂ ਦੱਸਿਆ ਸੀ, “ਇਸ ਤੋਂ ਵੱਧ ਆਪਣੇ ਖੱਬੇ ਪੱਖੀ ਹੋਣ ਦਾ ਕੀ ਸਬੂਤ ਹੋ ਸਕਦੈ ਕਿ ਮੇਰੇ ਸੱਜੇ ਕੰਨ ਨੇ ਸੁਣਨਾ ਹੀ ਬੰਦ ਕਰ ਦਿੱਤਾ ਹੈ ਤੇ ਹੁਣ ਸਿਰਫ ਮੇਰਾ ਖੱਬਾ ਕੰਨ ਹੀ ਸੁਣਦਾ ਹੈ। ਡੇਢ ਮਹੀਨਾ ਪਹਿਲੋਂ ਆਖਰੀ ਵਾਰ ਉਸ ਨੂੰ ਮਿਲਣ ਗਿਆ ਤਾਂ ਉਸ ਦਾ ਖੱਬਾ ਕੰਨ ਵੀ ਜੁਆਬ ਦਿੰਦਾ ਲੱਗਦਾ ਸੀ ਤੇ ਉਸ ਨੂੰ ਗੱਲ ਸਮਝਾਉਣ ਲਈ ਮੈਨੂੰ ਉੱਚੀ ਤੇ ਹਰ ਸ਼ਬਦ ਨੂੰ ਟਿਕਾ ਕੇ ਬੋਲਣਾ ਪੈ ਰਿਹਾ ਸੀ। ਉੱਚਾ ਸੁਣਨ ਦੇ ਰੋਗ ਨੇ ਵੀ ਉਸ ਨੂੰ ਇਕੱਲਿਆਂ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਹਿਲਾਂ ਉਹ ਸਾਹਿਤਕ ਮੀਟਿੰਗਾਂ ਤੇ ਸਮਾਗਮਾਂ `ਤੇ ਚਲਾ ਜਾਂਦਾ ਸੀ, ਪਰ ਹੁਣ ਉਸ ਦੇ ਉੱਚਾ ਸੁਣਨ ਦੀ ਬਿਮਾਰੀ ਕਈ ਵਾਰ ਉਸ ਨੂੰ ਮਜ਼ਾਕ ਦਾ ਪਾਤਰ ਬਣਾ ਦਿੰਦੀ ਸੀ, ਇਸ ਲਈ ਉਸ ਨੇ ਘਰ ਤੋਂ ਬਾਹਰ ਜਾਣਾ ਵੀ ਲਗਭਗ ਛੱਡ ਦਿੱਤਾ।
ਉਸ ਕੋਲ ਆਪਣੀ ਇਕੱਲ ਦੂਰ ਕਰਨ ਲਈ ਸਿਰਫ ਕਿਤਾਬਾਂ ਦਾ ਸਾਥ ਰਹਿ ਗਿਆ। ਉਸ ਨੂੰ ਪਤਾ ਸੀ ਕਿ ਉਸ ਤੋਂ ਬਾਅਦ ਉਸ ਦੀਆਂ ਕਿਤਾਬਾਂ ਦੀ ਕਿਸੇ ਨੇ ਸੰਭਾਲ ਨਹੀਂ ਕਰਨੀ, ਇਸ ਲਈ ਉਸ ਨੇ ਕੁਝ ਚੋਣਵੀਆਂ ਕਿਤਾਬਾਂ ਆਪਣੇ ਪੜ੍ਹਣ ਲਈ ਰੱਖ ਕੇ ਬਾਕੀ ਦੀਆਂ ਦੋਸਤਾਂ ਨੂੰ ਵੰਡ ਦਿੱਤੀਆਂ। ਜਿਹੜਾ ਵੀ ਲੇਖਕ ਉਸ ਨੂੰ ਮਿਲਣ ਆਉਂਦਾ, ਆਪਣੇ ਤੁਰ ਜਾਣ ਦੀ ਤਿਆਰੀ ਦੇ ਸੰਕੇਤ ਵਜੋਂ ਉਹ ਉਸ ਨੂੰ ਉਸ ਦੇ ਪਸੰਦ ਦੀਆਂ ਕਿਤਾਬਾਂ ਲੈ ਕੇ ਜਾਣ ਦੀ ਗੱਲ ਆਖਦਾ। ਉਸ ਦੀ ਸਾਰੀ ਉਮਰ ਦੀ ਕਮਾਈ ਤੇ ਜਾਇਦਾਦ ਤਾਂ ਇਹੀ ਕਿਤਾਬਾਂ ਹੀ ਸਨ ਤੇ ਆਪਣੇ ਜਾਣ ਤੋਂ ਪਹਿਲਾਂ ਉਹ ਆਪਣੀ ਇਸ ਕਮਾਈ ਨੂੰ ਕਦਰਦਾਨ ਹੱਥਾਂ ਵਿਚ ਸੌਂਪਣਾ ਚਾਹੁੰਦਾ ਸੀ। ਇਕੱਲ ਦਾ ਅਹਿਸਾਸ ਹਢਾਉਂਦਿਆਂ ਕਈ ਵਾਰ ਕਿਤਾਬਾਂ ਵੀ ਉਸ ਨੂੰ ਢਾਰਸ ਦੇਣ ਤੋਂ ਇਨਕਾਰੀ ਹੋ ਜਾਂਦੀਆਂ। ਸਿਰਫ ਵਕਤ ਕਟੀ ਲਈ ਕਿਤਾਬਾਂ ਦਾ ਪਾਠ ਵੀ ਕਈ ਵਾਰ ਅਕਾਊ ਜਿਹਾ ਕਾਰਜ ਬਣ ਜਾਂਦਾ ਹੈ। ਉਸ ਨਾਲ ਹੋਈ ਆਖਰੀ ਮੁਲਾਕਾਤ ਵੇਲੇ ਦੇ ਇਹ ਬੋਲ ਮੈਨੂੰ ਕਦੇ ਨਹੀਂ ਭੁੱਲਣਗੇ, “ਕਿਤਾਬਾਂ ਦੇ ਪਾਠ ਵਿਚੋਂ ਵੀ ਉਸ ਵੇਲੇ ਵਧੇਰੇ ਰਸ ਆਉਂਦਾ ਹੈ, ਜਦੋਂ ਬੰਦੇ ਨੂੰ ਆਪਣੇ ਭਵਿੱਖ ਦੇ ਹੋਰ ਚੰਗੇ ਹੋਣ ਦੀ ਆਸ ਹੋਵੇ…ਕਿਤਾਬਾਂ ਵੀ ਕੋਈ ਕਿੰਨਾ ਕੁ ਚਿਰ ਪੜ੍ਹ ਸਕਦਾ ਹੈ।” ਜੁਆਨੀ ਵੇਲੇ ਦੀ ਫੋਟੋ ਨੂੰ ਆਪਣੇ ਹੱਥ ਵਿਚ ਫੜ ਕੇ ਆਪਣੇ ਅਤੀਤ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਸੀ ਉਹ, ਪਰ ਵਰਤਮਾਨ ਦਾ ਯਥਾਰਥ ਉਸ ਨੂੰ ਫਿਰ ਅਹਿਸਾਸ ਕਰਾਉਣ ਲੱਗਦਾ ਸੀ ਕਿ ਉਹ ਇਕੱਲਾ ਹੈ ਤੇ ਇਹ ਇਕੱਲ ਹੁਣ ਅੰਤਲੇ ਸਾਹਾਂ ਤੱਕ ਤੋੜ ਉਸ ਨੂੰ ਭੋਗਣੀ ਹੀ ਪਵੇਗੀ।
ਮੋਗਾ ਤੋਂ ਵਾਪਸੀ `ਤੇ ਮੈਂ ਆਪਣੀ ਫੇਸਬੁੱਕ `ਤੇ ‘ਸਾਥੀ ਉਦਾਸ ਤੇ ਇਕੱਲਾ ਹੈ’ ਲਿਖ ਕੇ ਪੋਸਟ ਵੀ ਪਾਈ ਤੇ ਇਸ ਸਿਰਲੇਖ ਹੇਠ ਇਕ ਪੰਜਾਬੀ ਅਖਬਾਰ ਵਿਚ ਲੇਖ ਵੀ ਛਪਵਾਇਆ। ਲੇਖ ਪੜ੍ਹ ਕੇ ਸੰਦੀਪ ਦਾਖੇ ਦਾ ਫੋਨ ਆਇਆ ਕਿ ਮੈਂ ਸਾਥੀ ਹੁਰਾਂ ਆਪਣੇ ਬਾਪ ਤੋਂ ਵੀ ਵੱਧ ਕਦਰ ਕਰਦਾ ਹਾਂ। ਮੈਂ ਉਨ੍ਹਾਂ ਨੂੰ ਕਈ ਵਾਰ ਮੇਰੇ ਕੋਲ ਕੀਰਤਪੁਰ ਆ ਕੇ ਰਹਿਣ ਦੀ ਬੇਨਤੀ ਕਰ ਚੁਕਾਂ, ਪਰ ਉਹ ਟਾਲ ਮਟੋਲ ਕਰ ਦਿੰਦੇ ਹਨ। ਤੁਸੀਂ ਉਨ੍ਹਾਂ ਨੂੰ ਮਨਾ ਕੇ ਵੇਖੋ, ਮੈਂ ਉਨ੍ਹਾਂ ਨੂੰ ਲੈਣ ਲਈ ਕਾਰ ਭੇਜ ਦਿੰਦਾ ਹਾਂ। ਮੈਂ ਸਾਥੀ ਨਾਲ ਗੱਲ ਕੀਤੀ ਤੇ ਉਹ ਮੰਨ ਵੀ ਗਿਆ। ਕਹਾਣੀਕਾਰ ਅਤਰਜੀਤ ਨੇ ਵੀ ਮੈਨੂੰ ਕਿਹਾ ਕਿ ਜੇ ਉਹ ਬਠਿੰਡੇ ਆ ਸਕਦੇ ਹਨ ਤਾਂ ਮੈਂ ਉਨ੍ਹਾਂ ਦੀ ਸੇਵਾ ਸੰਭਾਲ ਵਿਚ ਕੋਈ ਕਸਰ ਬਾਕੀ ਨਹੀਂ ਰੱਖਾਂਗਾ; ਪਰ ਉਸ ਦਾ ਮਨ ਉਸ ਨਾਲ ਰੂਹ ਤੋਂ ਜੁੜੇ ਮੂੰਹ ਬੋਲੇ ਬੇਟੇ ਸੰਦੀਪ ਕੋਲ ਜਾਣ ਦਾ ਹੀ ਸੀ।
ਸੰਦੀਪ ਦੇ ਨਾਲ ਨਾਲ ਸ਼ਲਾਘਾ ਕਰਨੀ ਬਣਦੀ ਹੈ, ਅਫਸਰ ਲੇਖਕ ਗੁਰਮੀਤ ਕੜਿਆਲਵੀ, ਅਮਰ ਸੂਫੀ, ਰਣਜੀਤ ਸਰਾਂਵਾਲੀ, ਧਾਮੀ ਗਿੱਲ, ਮੁਰੀਦ ਸੰਧੂ, ਗੁਰਪ੍ਰੀਤ ਸਿੰਘ ਤੇ ਮੋਗੇ ਦੇ ਹੋਰ ਲੇਖਕਾਂ ਦੀ, ਜੋ ਆਪਣੇ ਵਿਚਾਰਧਾਰਕ ਸਾਥੀ ਦੇ ਸਾਹਾਂ ਦੀ ਡੋਰ ਨੂੰ ਲੰਮਾ ਖਿਚਣ ਲਈ ਉਸ ਦੇ ਆਖਰੀ ਸਾਹ ਤਕ ਲੜਦੇ ਰਹੇ। ਉਸ ਦੇ ਲੇਖਕ ਦੋਸਤਾਂ ਨੇ ਨਾ ਪੈਸੇ ਦੀ ਪ੍ਰਵਾਹ ਕੀਤੀ ਤੇ ਨਾ ਕਰੋਨਾ ਮਹਾਮਾਰੀ ਦੀ, ਸਗੋਂ ਜੀਅ ਜਾਨ ਨਾਲ ਉਸ ਦੀ ਸੰਭਾਲ ਵਿਚ ਜੁਟੇ ਰਹੇ। ਸੰਦੀਪ ਦਾਖਾ ਨਾਲ ਖੂਨ ਦਾ ਰਿਸ਼ਤਾ ਨਾ ਹੋਣ `ਤੇ ਵੀ ਉਸ ਨੇ ਇਸ ਵਿਚਾਰਧਾਰਕ ਰਿਸ਼ਤੇ ਨੂੰ ਉਸ ਸ਼ਿੱਦਤ ਨਾਲ ਨਿਭਾਇਆ, ਜੋ ਸ਼ਾਇਦ ਖੂਨ ਦੇ ਰਿਸ਼ਤੇ ਵਾਲਾ ਸਕਾ ਪੁੱਤਰ ਵੀ ਨਾ ਨਿਭਾਅ ਸਕੇ।
ਸਾਥੀ ਨੇ ਆਪਣੀ ਜ਼ਿੰਦਗੀ ਵਿਚ ਮਾੜੇ ਤੋਂ ਮਾੜੇ ਸਮੇਂ ਵੇਖੇ ਸਨ। ਕਿਸੇ ਸਮੇਂ ਉਸ ਦੀਆਂ ਫੌਲਾਦੀ ਬਾਹਾਂ ਨੇ ਕਾਰਖਾਨਿਆਂ ਵਿਚ ਕਰੜੀ ਮੁਸ਼ੱਕਤ ਕੀਤੀ ਸੀ ਤੇ ਕੁਇੰਟਲਾਂ ਦੇ ਕੁਇੰਟਲ ਲੋਹਾ ਆਪਣੇ ਫੌਲਾਦੀ ਹੱਥਾਂ ਨਾਲ ਕੁੱਟਿਆ ਸੀ। ਉਹ ਲੋਕਾਂ ਲਈ ਜੇਲ੍ਹਾਂ ਵਿਚ ਹੀ ਗਿਆ ਹੈ ਤੇ ਪੁਲਿਸ ਦੇ ਅਣ-ਮਨੁੱਖੀ ਤਸੀਹੇ ਵੀ ਸਹਿਣ ਕੀਤੇ, ਪਰ ਸਾਰੀ ਜ਼ਿੰਦਗੀ ਨਾ ਤਾਂ ਉਹ ਆਪਣੇ ਅਸੂਲਾਂ ਤੋਂ ਥਿੜਕਿਆ ਤੇ ਨਾ ਹੀ ਕਦੇ ਲਚਕਦਾਰ ਨੀਤੀ ਅਪਨਾਈ। ਆਪਣੇ ਲੋਕ ਪੱਖੀ ਅਕੀਦਿਆਂ ਤੋਂ। ਥਿੜਕਿਆ ਤਾਂ ਉਹ ਆਪਣੀ ਉਮਰ ਦੇ ਆਖਰੀ ਸਾਲਾਂ ਵਿਚ ਵੀ ਨਹੀਂ ਸੀ, ਪਰ ਆਪਣੇ ਅੰਤਲੇ ਦਿਨਾਂ ਵਿਚ ਉਹ ਉਦਾਸ ਤੇ ਨਿਰਾਸ਼ ਜ਼ਰੂਰ ਸੀ ਕਿ ਸਾਰੀ ਉਮਰ ਦੀ ਲੋਕ ਘਾਲਣਾ ਦੇ ਬਦਲੇ ਉਸ ਦੀ ਆਖਰੀ ਉਮਰ ਦੇ ਹਿੱਸੇ ਇਕੱਲ ਤੇ ਉਦਾਸੀ ਹੀ ਆਈ ਹੈ। ਉਸ ਦੇ ਕਮਰੇ ਦੀ ਕੰਧ `ਤੇ ਟੰਗੇ ਸਨਮਾਨ ਪੱਤਰ ਉਸ ਦੇ ਆਖਰੀ ਦਿਨਾਂ ਵਿਚ ਉਸ ਨੂੰ ਹੌਸਲਾ ਨਹੀਂ ਦਿੰਦੇ ਸਨ, ਸਗੋਂ ਇਹ ਸੋਚ ਕੇ ਉਹ ਹੋਰ ਵੀ ਉਦਾਸ ਹੋ ਜਾਂਦਾ ਸੀ ਕਿ ਮੇਰੇ ਤੁਰ ਜਾਣ ਤੋਂ ਬਾਅਦ ਇਹ ਕਾਗਜ਼ ਦੇ ਟੁਕੜੇ ਹੀ ਬਣ ਜਾਣਗੇ।
ਸਾਥੀ ਨਾਲ ਮੇਰਾ ਵਾਹ ਵਾਸਤਾ ਘੱਟੋ ਘੱਟ ਚਾਰ ਦਹਾਕੇ ਪੁਰਾਣਾ ਹੈ। ਮੇਰਾ ਵੱਡਾ ਭਰਾ ਮੋਗੇ ਰਹਿੰਦਾ ਹੈ। ਅਜਿਹਾ ਕਦੇ ਵੀ ਨਹੀਂ ਹੋਇਆ ਕਿ ਮੈਂ ਮੋਗੇ ਆਪਣੇ ਭਰਾ ਨੂੰ ਮਿਲਣ ਗਿਆ ਹੋਵਾਂ ਤੇ ਸਾਥੀ ਨੂੰ ਨਾ ਮਿਲ ਕੇ ਆਇਆ ਹੋਵਾਂ। ਮੈਂ ਜਦੋਂ ਵੀ ਉਸ ਨੂੰ ਮਿਲਣ ਗਿਆ, ਹਰ ਵਾਰ ਨਵੀਂ ਸਾਹਿਤਕ ਊਰਜਾ ਲੈ ਕੇ ਪਰਤਿਆ। ਸਾਥੀ ਜਦੋਂ ਵੀ ਮਿਲਿਆ, ਚੜ੍ਹਦੀ ਕਲਾ ਵਿਚ ਮਿਲਿਆ ਤੇ ਹਰ ਵਾਰ ਮੈਂ ਉਸ ਦੇ ਮੂੰਹੋਂ ਲੋਕ ਸੰਘਰਸ਼ਾਂ ਦੀ ਮਸ਼ਾਲ ਬਲਦੀ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਸ਼ੇਅਰ ਸੁਣ ਕੇ ਆਇਆ ਸਾਂ। ਚਾਰ ਕੁ ਸਾਲ ਪਹਿਲਾਂ ਉਸ ਨੇ ਆਪਣੀ ਨਵੀਂ ਕਿਤਾਬ ਮੈਨੂੰ ਦਿੰਦਿਆਂ ਸਖਤ ਤਾਈਦ ਕੀਤੀ ਕਿ ਇਸ ਬਾਰੇ ਜ਼ਰੂਰ ਲਿਖਾਂ। ਮੈਥੋਂ ਘੌਲ ਹੋ ਗਈ ਤਾਂ ਉਸ ਅਗਲੀ ਵਾਰ ਮੈਨੂੰ ਮਿਲਣ ਗਏ ਨੂੰ ਗੋਡੇ ਜਿੱਡਾ ਉਲਾਂਭਾ ਦਿੱਤਾ ਸੀ, “ਤੂੰ ਹੁਣ ਬੁਰਜੂਆ ਜਮਾਤ ਵਿਚ ਪੈਰ ਧਰਨ ਲੱਗ ਪਿਐਂ। ਇਸ ਲਈ ਲੋਕ ਪੱਖੀ ਸ਼ਾਇਰੀ ਦੀ ਮੇਰੀ ਕਿਤਾਬ ਬਾਰੇ ਤੂੰ ਇਕ ਅੱਖਰ ਵੀ ਨਹੀਂ ਲਿਖਿਆ।”
ਮੋਗੇ ਦੀ ਨਵੀਂ ਫੇਰੀ ਸਮੇਂ ਉਸ ਨੂੰ ਮਿਲਣ ਗਿਆ ਤਾਂ ਪਹਿਲੀ ਵਾਰ ਹੋਇਆ ਕਿ ਉਸ ਮੇਰਾ ਮੋਢਾ ਫੜ੍ਹ ਕੇ ਮੈਨੂੰ ਇਹ ਨਹੀਂ ਕਿਹਾ ਕਿ ਬੋਹੇ ਯਾਰ ਮੇਰੀ ਨਵੀਂ ਗਜ਼ਲ ਸੁਣ ਕੇ ਜਾਈਂ। ਅੱਗੇ ਉਹ ਮੇਰੇ ਵਾਪਸ ਜਾਣ ਵੇਲੇ ਮੈਨੂੰ ਗਲੀ ਦੇ ਮੋੜ ਤੱਕ ਛੱਡਣ ਜ਼ਰੂਰ ਜਾਂਦਾ ਸੀ, ਪਰ ਇਸ ਵਾਰ ਉਸ ਇਹ ਉਚੇਚ ਵੀ ਨਹੀਂ ਸੀ ਕੀਤਾ। ਇਕ ਸਿਰਜਕ ਮਨੁੱਖ ਨੂੰ ਉਦਾਸੀ ਤੇ ਇਕੱਲ ਵਿਚ ਘਿਰੇ ਵੇਖ ਕੇ ਮੈਂ ਵੀ ਉਦਾਸ ਹੋ ਕੇ ਹੀ ਘਰ ਪਰਤਿਆ ਸਾਂ। ਵੀਹ ਕੁ ਸਾਲ ਪਹਿਲਾਂ ਮੈਂ ਸਾਥੀ ਦੇ ਜੁਝਾਰੂ ਜਜ਼ਬੇ ਤੋਂ ਪ੍ਰਭਾਵਿਤ ਜੋ ਕੇ ਇਕ ਕਹਾਣੀ ਲਿਖੀ ਸੀ ‘ਨਵੇਂ ਦਿਸਹੱਦੇ’, ਪਰ ਇਸ ਵਾਰ ਪਰਤਦਿਆਂ ਉਹ ਦਿਸਹੱਦੇ ਮੈਨੂੰ ਹਨੇਰੇ ਵਿਚ ਗੁੰਮਦੇ ਜਾਪ ਰਹੇ ਸਨ ਤੇ ਮੇਰੇ ਮਨ ਵਿਚ ਉਸ ਦੇ ਛੇਤੀ ਤੁਰ ਜਾਣ ਦਾ ਡਰ ਬੈਠ ਗਿਆ ਸੀ।
ਪਿਛਲੇ ਦਿਨੀਂ ਭਾਸ਼ਾ ਵਿਭਾਗ ਨੇ ਥੋਕ `ਚ ਸ਼੍ਰੋਮਣੀ ਸਾਹਿਤਕਾਰਾਂ ਦਾ ਐਲਾਨ ਕੀਤਾ, ਪਰ ਸਾਰੀ ਉਮਰ ਲੋਕਾਂ ਲਈ ਲਿਖਣ ਵਾਲੇ ਲੇਖਕ ਨੂੰ ਪਤਾ ਨਹੀਂ ਵਿਭਾਗ ਕਿਉਂ ਭੁੱਲ ਗਿਆ। ਲੱਗਦੈ ਉਸ ਦੀ ਲੋਕ ਪ੍ਰਤੀਬੱਧਤਾ ਹੀ ਉਸ ਦੇ ਆੜੇ ਆ ਗਈ। ਭਾਵੇਂ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸਰਕਾਰ ਨੇ ਉਸ ਦੇ ਇਲਾਜ਼ `ਤੇ ਆਉਣ ਵਾਲਾ ਸਾਰਾ ਖਰਚਾ ਦੇਣ ਦਾ ਐਲਾਨ ਕੀਤਾ ਸੀ, ਪਰ ਜਿਸ ਅਣਖੀਲੇ ਲੋਕ ਸ਼ਾਇਰ ਨੇ ਸਾਰੀ ਉਮਰ ਸੱਤਾ ਦੀ ਅੱਖ ਵਿਚ ਅੱਖ ਪਾ ਕੇ ਗੱਲ ਕੀਤੀ ਸੀ, ਉਸ ਜਾਂਦੀ ਵਾਰ ਵੀ ਸਰਕਾਰ ਦਾ ਅਹਿਸਾਨ ਨਹੀਂ ਲਿਆ ਤੇ ਇਹ ਐਲਾਨ ਹੋਣ ਤੋਂ ਕੁਝ ਘੰਟੇ ਬਾਅਦ ਹੀ ਆਪਣੀ ਅਣਖੀਲੀ ਤੋਰ ਸਮੇਤ ਸੱਜੇ ਹੱਥ ਦਾ ਮੁੱਕਾ ਤਾਣੀ ਤੁਰ ਗਿਆ। ਅਮੋਲਕ ਸਿੰਘ ਤੇ ਉਸ ਦੀ ਸੋਚ ਦੇ ਹੋਰ ਸਾਥੀ ਆਗੂਆਂ ਵਲੋਂ ਫੇਸਬੁੱਕ `ਤੇ ਪਾਈ ਉਸ ਦੀ ਵੈਂਟੀਲੇਟਰ ਤੇ ਮੁੱਕਾ ਤਾਣੀ ਪਏ ਦੀ ਫੋਟੋ ਸਾਰੀ ਦੁਨੀਆਂ ਨੂੰ ਦੱਸ ਰਹੀ ਹੈ ਕਿ ਆਹ ਹੁੰਦੇ ਨੇ ਲੋਕ ਸ਼ਾਇਰ। ਆਪਣੇ ਜਾਣ ਤੋਂ ਪਹਿਲਾਂ ਉਹ ਆਪਣੀ ਇਸ ਗੱਲ ਰਾਹੀਂ ਲੋਕ ਸੰਗਰਾਮੀਆਂ ਨੂੰ ਸੰਦੇਸ਼ ਦੇ ਕੇ ਗਿਆ ਸੀ ਕਿ ਮੇਰੇ ਜਾਣ ਤੋਂ ਬਾਅਦ ਵੀ ਮਸ਼ਾਲਾਂ ਬਾਲ ਕੇ ਹੀ ਰੱਖਣੀਆ ਹਨ। ਜਾਂਦੇ ਹੋਏ ਇਹ ਸਤੁੰਸ਼ਟੀ ਉਸ ਨੂੰ ਜ਼ਰੂਰ ਸੀ ਕਿ ਉਸ ਤੋਂ ਬਾਅਦ ਦੀ ਪੀੜ੍ਹੀ ਹੱਕ ਇਨਸਾਫ ਦੀ ਮਸ਼ਾਲ ਨੂੰ ਬੁਝਣ ਨਹੀਂ ਦੇਵੇਗੀ।