ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਨਿੱਕੇ ਹੁੰਦਿਆਂ ਮਾਂ ਨੇ ਇਕ ਰਾਜੇ ਦੀ ਕਹਾਣੀ ਸੁਣਾਈ ਸੀ, ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਅੱਜ ਅਤੀਤ ਨੂੰ ਵਰਤਮਾਨ ਵਿਚ ਸਾਹਮਣੇ ਪ੍ਰਤੱਖ ਖੜ੍ਹਾ ਦੇਖ ਕੇ ਉਹ ਗੱਲ ਵੀ ਯਾਦ ਆਈ ਕਿ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ ਤਾਂ ਕਿ ਅਸੀਂ ਕਿਤੇ ਗਫਲਤਾ ਦੀ ਨੀਂਦ ਵਿਚ ਸੌਂ ਨਾ ਜਾਈਏ।

ਮਾਂ ਨੇ ਕਹਾਣੀ ਸੁਣਾਈ ਸੀ ਕਿ ਕਿਸੇ ਦੇਸ `ਤੇ ਇਕ ਰਾਜਾ ਰਾਜ ਕਰਦਾ ਸੀ, ਪਰਜਾ ਵੀ ਆਪਣੇ ਰਾਜੇ `ਤੇ ਅੰਨਾ ਵਿਸ਼ਵਾਸ ਕਰਦੀ ਅਤੇ ਉਹਦਾ ਹਰ ਹੁਕਮ ਮੰਨਦੀ। ਰਾਜ ਵਿਚ ਕਈ ਵਾਰੀ ਛੋਟੇ-ਵੱਡੇ ਜ਼ੁਲਮ ਅਤੇ ਅੱਤਿਆਚਾਰ ਵੀ ਵੇਖਣ-ਸੁਣਨ ਨੂੰ ਮਿਲਦੇ, ਪਰ ਗੱਲ ਆਈ-ਗਈ ਹੋ ਠੰਢੀ ਪੈ ਜਾਂਦੀ; ਬੇਚਾਰੀ ਪਰਜਾ ਹੋਰ ਕਰ ਵੀ ਕੀ ਸਕਦੀ ਸੀ! ਹੌਲੀ ਹੌਲੀ ਰਾਜੇ ਦੇ ਮਨ ਵਿਚ ਸ਼ੈਤਾਨੀਅਤ ਪਨਪਣੀ ਸ਼ੁਰੂ ਹੋ ਗਈ ਤਾਂ ਰਾਜ ਵਿਚ ਜ਼ੁਲਮ ਵਧਣ ਲੱਗੇ, ਜਦ ਰਾਜਾ ਸ਼ੈਤਾਨ ਹੋ ਗਿਆ ਤਾਂ ਉਸ ਦੇ ਵਜ਼ੀਰ ਸਾਥੀ ਰਾਜੇ ਤੋਂ ਵੀ ਕਈ ਕਦਮ ਅੱਗੇ ਹੋ ਕੇ ਲੱਗੇ ਤਾਂਡਵ ਨਾਚ ਕਰਨ। ਸ਼ੱਰੇਆਮ ਜਨਤਾ `ਤੇ ਅੱਤਿਆਚਾਰ ਹੋਣ ਲੱਗ ਪਏ; ਮਾਂਵਾਂ, ਭੈਣਾਂ, ਧੀਆਂ ਦੀਆਂ ਦਿਨੇ-ਦਿਹਾੜੇ ਇੱਜ਼ਤਾਂ ਲੁੱਟੀਆਂ ਜਾਣ ਲੱਗੀਆਂ; ਗਰੀਬ ਜਨਤਾ ਕੋਲੋਂ ਪਹਿਲਾ ਨਾਲੋਂ ਕਈ ਗੁਣਾਂ ਜਿ਼ਆਦਾ ਕਰ (ਟੈਕਸ) ਵਸੂਲ ਹੋਣ ਲੱਗ ਪਿਆ। ਜੇ ਕੋਈ ਗਰੀਬ ਕਰ ਨਾ ਚੁਕਾ ਸਕਦਾ ਤਾਂ ਚੁਰਾਹੇ ਵਿਚ ਬੰਨ ਕੇ ਉਸ ਦੀ ਮਾਰ-ਕੁਟਾਈ ਕੀਤੀ ਜਾਂਦੀ। ਮੁਲਕ ਵਿਚ ਥਾਂ ਥਾਂ ਹਾਹਾਕਾਰ ਮੱਚਣ ਲੱਗ ਪਈ, ਜਿਸ ਨਾਲ ਹੌਲੀ ਹੌਲੀ ਜਨਤਾ ਵਿਚੋਂ ਬਗਾਵਤ ਦੀ ਆਵਾਜ਼ ਵੀ ਉਠਣ ਲੱਗ ਪਈ, ਪਰ ਰਾਜੇ ਨੂੰ ਕੋਈ ਫਰਕ ਨਾ ਪੈਣ ਵਾਲਾ ਸੀ। ਰੱਬ ਦੀ ਮਰਜ਼ੀ ਰਾਜੇ ਦਾ ਇਕ ਵਜ਼ੀਰ ਬੜੇ ਚੰਗੇ ਸੁਭਾਅ ਵਾਲਾ ਸੀ, ਜੋ ਸਮੇਂ ਸਮੇਂ ਰਾਜੇ ਨੂੰ ਦੱਸਦਾ ਰਹਿੰਦਾ ਕਿ ਪਰਜਾ ਬਹੁਤ ਦੁਖੀ ਹੈ ਅਤੇ ਜ਼ੁਲਮਾਂ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ; ਪਰਜਾ ਵਿਚੋਂ ਤੇਰੇ ਖਿਲਾਫ ਆਵਾਜ਼ਾਂ ਉਠਣੀਆਂ ਜ਼ੋਰ ਫੜ ਰਹੀਆ ਹਨ, ਇਸ ਜ਼ੁਲਮ `ਤੇ ਰੋਕ ਲਾਈ ਜਾਵੇ।
ਸ਼ੈਤਾਨ ਰਾਜੇ ਨੇ ਉਸ ਚੰਗੇ ਵਜ਼ੀਰ ਨੂੰ ਕਿਹਾ, ਤੂੰ ਪਰਜਾ ਦੇ ਦੁੱਖ ਮੈਨੂੰ ਦੱਸ ਕੇ ਬਹੁਤ ਚੰਗਾ ਕੀਤਾ ਹੈ, ਮੈਂ ਇਸ `ਤੇ ਅਮਲ ਕਰਾਂਗਾ। ਚੰਗਾ ਵਜ਼ੀਰ ਬਹੁਤ ਖੁਸ਼ ਹੋਇਆ ਕਿ ਹੁਣ ਪਰਜਾ ਸੁਖੀ ਹੋ ਜਾਵੇਗੀ। ਉਧਰ ਰਾਜੇ ਨੇ ਆਪਣੇ ਕੁਝ ਬੇਈਮਾਨ ਅਹਿਲਕਾਰਾਂ ਨੂੰ ਬੁਲਾ ਕੇ ਕੋਈ ਗੁਪਤ ਹੁਕਮ ਦਿੱਤਾ ਤੇ ਅਰਾਮ ਨਾਲ ਬੈਠ ਗਿਆ। ਜ਼ੁਲਮ ਵੀ ਲਗਾਤਾਰ ਵਧ ਰਹੇ ਸਨ ਅਤੇ ਪਰਜਾ ਵੀ ਆਪ ਮੁਹਾਰੀ ਹੋ ਬਗਾਵਤ `ਤੇ ਉਤਰ ਰਹੀ ਸੀ, ਪਰ ਰਾਜਾ ਨਿਸ਼ਚਿੰਤ ਬੈਠਾ ਸੀ।
ਅਚਾਨਕ ਹੀ ਰਾਜ ਵਿਚ ਹਫੜਾ-ਦਫੜੀ ਮੱਚ ਗਈ ਅਤੇ ਲੋਕ ਮਰਨ ਲੱਗ ਪਏ। ਹੌਲੀ ਹੌਲੀ ਸਾਰੇ ਰਾਜ ਵਿਚ ਮੌਤਾਂ ਦੀ ਗਿਣਤੀ ਅਸਮਾਨ ਨੂੰ ਛੋਹਣ ਲੱਗੀ। ਹਰ ਕੋਈ ਤ੍ਰਾਹ ਤ੍ਰਾਹ ਕਰ ਰਿਹਾ ਸੀ, ਪਰਜਾ ਤੜਪ ਰਹੀ ਸੀ, ਕੋਈ ਪੁੱਛਣ ਅਤੇ ਬਚਾਉਣ ਵਾਲਾ ਨਹੀਂ ਸੀ। ਸਾਰੀ ਪਰਜਾ ਇਸ ਨੂੰ ਰੱਬ ਦਾ ਭਾਣਾ ਮੰਨ ਰਹੀ ਸੀ। ਇਹ ਦੇਖ ਉਹ ਚੰਗਾ ਵਜੀਰ ਰਾਜੇ ਕੋਲ ਪੁਕਾਰ ਕਰਨ ਆਇਆ ਕਿ ਰੱਬੀ ਕਹਿਰ ਟੁੱਟ ਪਿਆ ਹੈ, ਪਰਜਾ ਮਰ ਰਹੀ ਹੈ ਅਤੇ ਪਰਜਾ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ। ਹੁਕਮ ਦਿਓ ਕਿ ਪੜਤਾਲ ਕੀਤੀ ਜਾਵੇ, ਇਹ ਸਭ ਕਿਉਂ ਅਤੇ ਕਿਵੇਂ ਹੋ ਰਿਹਾ ਹੈ ਤਾਂ ਜੋ ਪਰਜਾ ਨੂੰ ਬਚਾਇਆ ਜਾ ਸਕੇ।
ਰਾਜਾ ਬੋਲਿਆ, ਮੈਨੂੰ ਵੀ ਆਪਣੀ ਪਰਜਾ ਦਾ ਬਹੁਤ ਫਿਕਰ ਹੈ, ਪਰ ਮੈਨੂੰ ਸੋਚਣ ਲਈ ਕੁਝ ਸਮਾਂ ਦੇਹ, ਮੈਂ ਤੈਨੂੰ ਆਪੇ ਬੁਲਾ ਕੇ ਦੱਸਾਂਗਾ। ਪੰਜ-ਸੱਤ ਦਿਨ ਗੁਜ਼ਰ ਗਏ ਤਾਂ ਮੰਤਰੀ ਆਪੇ ਹੀ ਆ ਗਿਆ ਤੇ ਲੱਗਾ ਪਿੱਟਣ ਕਿ ਦੇਸ਼ ਵਿਚ ਤਾਂ ਲਾਸ਼ਾਂ ਹੀ ਲਾਸ਼ਾਂ ਪਈਆਂ ਰੁਲਦੀਆਂ ਹਨ, ਕੋਈ ਉਪਾਉ ਕਰੋ। ਰਾਜਾ ਮੀਸਣਾ ਜਿਹਾ ਮੂੰਹ ਬਣਾ ਕੇ ਬੋਲਿਆ, ਤੂੰ ਕੱਲ੍ਹ ਆ ਜਾ, ਮੈਂ ਇਲਾਜ ਲੱਭ ਲਿਆ ਹੈ।
ਜਦ ਦੂਜੇ ਦਿਨ ਮੰਤਰੀ ਆਇਆ ਤਾਂ ਰਾਜਾ ਕਹਿਣ ਲੱਗਾ, ਮੈਂ ਹੁਕਮ ਜਾਰੀ ਕਰ ਰਿਹਾ ਹਾਂ, ਤੁਸੀਂ ਪੜਤਾਲ ਕਰਾਓ ਕਿ ਇਹ ਬੀਮਾਰੀ ਸ਼ੁਰੂ ਕਿਵੇਂ ਹੋਈ ਹੈ? ਪੜਤਾਲ ਕਰਦਿਆਂ ਬਹੁਤ ਦਿਨ ਲੰਘ ਗਏ ਅਤੇ ਇਕ ਦਿਨ ਪਤਾ ਚੱਲਿਆ ਕਿ ਰਾਜ ਦੇ ਸਾਰੇ ਖੂਹਾਂ ਦਾ ਪਾਣੀ ਜ਼ਹਿਰ ਬਣ ਚੁਕਾ ਹੈ, ਜਿਸ ਨਾਲ ਪਰਜਾ ਧੜਾ ਧੜ ਮਰ ਰਹੀ ਹੈ। ਰਾਜਾ ਬੋਲਿਆ, ਇਹ ਤਾਂ ਰੱਬੀ ਕਹਿਰ ਹੈ, ਪਰ ਜਾਉ ਪਾਣੀ ਨੂੰ ਸਾਫ ਕਰਨ ਦੀ ਕੋਸਿ਼ਸ਼ ਕਰੋ ਤੇ ਜਿੰਨੇ ਕੁ ਲੋਕ ਬਚਦੇ ਹਨ, ਬਚਾ ਲਵੋ। ਚੰਗੇ ਵਜ਼ੀਰ ਦੇ ਅੰਦਰ ਚਾਨਣ ਹੋਇਆ ਅਤੇ ਉਹ ਸਭ ਜਾਣ ਗਿਆ ਕਿ ਇਹ ਪਾਣੀ ਵਿਚ ਜ਼ਹਿਰ ਰੱਬ ਨੇ ਨਹੀਂ, ਰਾਜੇ ਨੇ ਪਰਜਾ ਦੀ ਬਗਾਵਤ ਨੂੰ ਖਤਮ ਕਰਨ ਲਈ ਮਿਲਾਇਆ ਹੈ।
ਰਾਜ ਦੀ ਅੱਧੀ ਪਰਜਾ ਮਰ ਚੁਕੀ ਸੀ, ਉਧਰ ਪਾਣੀ ਸਾਫ ਕੀਤਾ ਜਾ ਰਿਹਾ ਸੀ, ਪਰ ਰਾਜਾ ਆਪਣੀ ਕਾਮਯਾਬੀ `ਤੇ ਮੁਸਕਰਾ ਰਿਹਾ ਸੀ।
ਅੱਜ ਡੇਡ ਸਾਲ ਤੋਂ ਵੀ ਉਪਰ ਦਾ ਸਮਾਂ ਹੋ ਚੁਕਾ ਹੈ, ਵਿਸ਼ਵ ਵਿਚ ਭਿਆਨਕ ਮਹਾਮਾਰੀ ਦਾ ਭਿਆਨਕ ਦੌਰ ਚੱਲ ਰਿਹਾ ਹੈ। ਕਿਸ ਨੇ ਇਹ ਭਿਆਨਕ ਖੇਡ ਖੇਡੀ ਹੈ, ਸਭ ਨੂੰ ਪਤਾ ਹੈ। ਅਮਰੀਕਾ-ਕੈਨੇਡਾ ਅਤੇ ਯੂਰਪ ਦੇ ਮੁਲਕਾਂ ਵਿਚ ਉਹ ਬਰਬਾਦੀ ਹੋਈ ਕਿ ਸੰਸਾਰ ਹਿੱਲ ਗਿਆ। ਭਾਰਤ ਵਿਚ ਵੀ ਇਸ ਮਹਾਮਾਰੀ ਨੇ ਪਹੁੰਚ ਕੀਤੀ, ਪਰ ਉਥੋਂ ਦੇ ਧਰਮੀ ਰਾਜੇ ਨੇ ਮੋਮਬੱਤੀਆਂ ਬਾਲ ਕੇ ਅਤੇ ਥਾਲੀਆਂ ਵਜਾ ਕੇ ਕਰੋਨੇ ਨੂੰ ਐਸਾ ਡਰਾਇਆ ਕਿ ਜਨਤਾ ਬਾਗੋ ਬਾਗ ਹੋ ਗਈ। ਉਧਰ ਜਦ ਸਾਰਾ ਸੰਸਾਰ ਕਰੋਨਾ ਨਾਲ ਜੂਝ ਰਿਹਾ ਸੀ ਤਾਂ ਰਾਜੇ ਨੇ ਵੀ ਖੁੱਲ੍ਹ ਖੇਡਣ ਦਾ ਮਨ ਬਣਾ ਲਿਆ। ਉਹਨੇ ਆਪਣਾ ਅਸਲੀ ਰੂਪ ਦਿਖਾਉਣ ਦੀ ਠਾਣ ਲਈ ਅਤੇ ਪੂੰਜੀਪਤੀਆਂ ਨਾਲ ਮਿਲ ਕੇ ਸਮੁੱਚੇ ਮੁਲਕ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰ ਮੁਕਾਉਣ ਲਈ ਤਿੰਨ ਕਾਲੇ ਬਿੱਲ ਪਾਸ ਕਰਕੇ ਤਹਿਲਕਾ ਮਚਾ ਦਿੱਤਾ। ਇਨ੍ਹਾਂ ਬਿਲਾਂ ਦੇ ਖਿਲਾਫ ਪੰਜਾਬ ਤੋਂ ਆਵਾਜ਼ ਉਠੀ ਅਤੇ ਦੇਖਦੇ ਹੀ ਦੇਖਦੇ ਪੂਰੇ ਮੁਲਕ ਭਰ ਵਿਚੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਆਪਣੇ ਹੱਕ ਲੈਣ ਲਈ ਦਿੱਲੀ ਨੂੰ ਘੇਰਾ ਪਾ ਕੇ ਬੈਠ ਗਏ। ਅੱਗੇ ਜੋ ਹੋਇਆ ਅਤੇ ਹੋ ਰਿਹਾ ਹੈ, ਉਹ ਸਾਰੀ ਦੁਨੀਆਂ ਜਾਣਦੀ ਹੈ।
ਕਿਸਾਨਾਂ ਨੂੰ ਖਦੇੜਨ ਲਈ ਮੋਦੀ ‘ਕਰੋਨਾ ਕਰੋਨਾ’ ਦੀ ਦੁਹਾਈ ਵੀ ਪਾਉਣ ਲੱਗ ਪਿਆ। ਕਿਸਾਨਾਂ ਨੂੰ ਮਾਤ ਦੇਣ ਲਈ ਉਸ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਸਹਾਰਾ ਲਿਆ। ਇਕ ਪੰਥ ਤਿੰਨ ਕਾਜ: ਬੰਗਾਲ ਵਿਚ ਭਾਜਪਾ ਰਾਜ ਦੀ ਸਥਾਪਨਾ, ਮਮਤਾ ਬੈਨਰਜੀ ਦਾ ਸਦਾ ਲਈ ਖਾਤਮਾ ਅਤੇ ਕਿਸਾਨ ਮੋਰਚੇ ਨੂੰ ਮਾਤ ਦੇਣੀ। ਇਸ ਲਈ ਉਹਨੇ ਅਪਣੀ ਸਾਰੀ ਸਿਆਸਤ ਨੂੰ ਦਾਅ `ਤੇ ਲਾ ਕੇ ਕੰਮ ਕੀਤਾ, ਜਿਸ ਵਿਚ ਉਸ ਦੇ ਗੁੰਡਾ ਰਾਜ ਦੇ ਅਧਿਕਾਰੀਆਂ ਨੇ ਪੂਰਾ ਪੂਰਾ ਸਾਥ ਦਿੱਤਾ। ਉਧਰ ਕਰੋਨਾ ਦਾ ਪ੍ਰਚਾਰ ਹੋ ਰਿਹਾ ਸੀ, ਲਾਕਡਾਊਨ ਲੱਗ ਰਹੇ ਸਨ ਅਤੇ ਦੂਜੇ ਪਾਸੇ ਮੋਦੀ ਦੀਆਂ ਰੈਲੀਆਂ ਤੇ ਰੋਡ ਸ਼ੋਅ ਪੂਰੇ ਜੋਬਨ `ਤੇ ਸਨ। ਲੱਖਾਂ ਲੋਕ ਮੋਦੀ ਦੀਆਂ ਰੈਲੀਆਂ ਵਿਚ ਬਿਨਾ ਮਾਸਕ, ਬਿਨਾ ਸਮਾਜਿਕ ਦੂਰੀ ਦੇ ਜੈ-ਜੈਕਾਰ ਕਰ ਰਹੇ ਸਨ।
ਰੱਬ ਦੀ ਮਿਹਰ ਹੋਈ ਕਿ ਮਮਤਾ ਬੈਨਰਜੀ ਪੂਰੀ ਸ਼ਾਨੋ-ਸ਼ੌਕਤ ਨਾਲ ਜਿੱਤੀ ਅਤੇ ਮੋਦੀ ਚਾਰੇ ਖਾਨੇ ਚਿੱਤ ਹੋਇਆ।
ਨਾਲ ਹੀ ਮੋਦੀ ਦੇ ਸਾਧ ਮੁੱਖ ਮੰਤਰੀ ਨੇ ਕੁੰਭ ਮੇਲੇ ਵਿਚ ਲੱਖਾਂ ਨੰਗ-ਧੜੰਗੇ ਇਕੱਠੇ ਕਰਕੇ ਸਰੀਰ ਧੋਣ ਦਾ ਡਰਾਮਾ ਕੀਤਾ ਅਤੇ ਕਰੋਨੇ ਨੂੰ ਮੁਲਕ ਦੇ ਆਵਾਮ ਨਾਲ ਖਿਲਵਾੜ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਅੱਜ ਦੇਸ਼ ਭਰ ਦੇ ਨਿਰਦੋਸ਼ ਲੋਕ ਮੌਤ ਨਾਲ ਲੜਾਈ ਲੜ ਰਹੇ ਹਨ। ਕਰੋਨਾ ਪੂਰੇ ਦੇਸ ਨੂੰ ਲਲਕਾਰ ਰਿਹਾ ਹੈ ਕਿ ਮੋਦੀ ਨੂੰ ਆਖੋ ਥਾਲੀਆਂ ਵਜਾਵੇ, ਪਰ ਮੋਦੀ ਮੀਸਣਾ ਬਣ ਆਸਾ ਰਾਮ ਤੇ ਸਿਰਸਾ ਸਾਧ ਵਾਂਗ ਦੁਨੀਆਂ ਨੂੰ ਰਾਹ ਤੋਂ ਭਟਕਾ ਰਿਹਾ ਹੈ। ਦੇਸ ਵਿਚੋਂ ਵੈਕਸੀਨ ਗਾਇਬ ਹੈ, ਦੇਸ ਵਿਚੋਂ ਆਕਸੀਜਨ ਗਾਇਬ ਹੈ। ਆਕਸੀਜਨ ਅਤੇ ਵੈਕਸੀਨ ਬਲੈਕ ਵਿਚ ਧੜਾ ਧੜ ਵਿਕ ਰਹੀ ਹੈ, ਪਰ ਮੋਦੀ ਦਾ ਮੂੰਹ ਬੰਦ ਹੈ। ਦੇਸ਼ ਦੇ ਅੰਨਦਾਤਾ `ਤੇ ਹੋਏ ਜ਼ੁਲਮ ਅਤੇ ਹੋ ਰਹੀਆਂ ਲੱਖਾਂ ਮੌਤਾਂ ਦਾ ਕਾਤਲ ਮੋਦੀ ਹੈ, ਜਿਸ ਦਾ ਹਿਸਾਬ ਉਸ ਨੂੰ ਦੇਣਾ ਪੈਣਾ ਹੈ, ਉਸ ਦੇ ਰਾਜ ਭਾਗ ਦਾ ਸਮਾਂ ਸਮਾਪਤੀ ਵੱਲ ਵਧ ਰਿਹਾ ਹੈ ਅਤੇ ਇਹ ਹੋ ਰਹੀਆਂ ਅਣਗਿਣਤ ਮੌਤਾਂ ਇਸ ਨੂੰ ਵੀ ਮਾਰ ਜਾਣਗੀਆਂ।
ਇਤਿਹਾਸ ਦਾ ਇਕ ਕਾਲਾ ਪੰਨਾ ਹੋਰ ਲਿਖਿਆ ਜਾਵੇਗਾ ਜਾਲਮ ਮੋਦੀ,
ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ॥